ਮੁਸਲਮਾਨ ਦਾ ਖੇਤ ’ਚ ਕਤਲ, ਪੁਲਿਸ ਨੇ ਰੋਡ ਰੇਜ ਦਾ ਕੇਸ ਬਣਾਇਆ :ਗ੍ਰਾਊਂਡ ਰਿਪੋਰਟ

- ਲੇਖਕ, ਫੈਸਲ ਮੁਹੰਮਦ ਅਲੀ
- ਰੋਲ, ਬੀਬੀਸੀ ਪੱਤਰਕਾਰ
ਮਿੱਟੀ 'ਤੇ ਪਏ ਸੁਰਖ ਰੰਗ ਦੇ ਧੱਬਿਆਂ ਤੋਂ ਸਾਫ਼ ਹੈ ਕਿ ਇੱਥੇ ਕਿਸੇ ਦਾ ਖ਼ੂਨ ਡੁੱਲ੍ਹਿਆ ਹੈ। ਇਹ ਵੀ ਪੱਕਾ ਹੈ ਕਿ ਭੀੜ ਨੇ ਇੱਕ ਹੋਰ ਆਦਮੀ ਨੂੰ ਮਾਰਿਆ ਹੈ ਅਤੇ ਮਰਨ ਵਾਲਾ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਹੈ।
ਇਹ ਘਟਨਾ ਪਿੰਡ ਉੱਤਰ ਪ੍ਰਦੇਸ਼ ਦੇ ਮਦਾਪੁਰ ਦੀ ਹੈ ਜਿੱਥੋਂ ਦੇ ਵਾਸੀਆਂ ਦਾ ਕਹਿਣਾ ਹੈ ਕਿ ਮੁਹੰਮਦ ਕਾਸਿਮ ਨੂੰ ਗਾਂ ਚੋਰੀ ਕਰਕੇ ਕੇ ਕੱਟਣ ਦੇ ਨਾਂ 'ਤੇ ਮਾਰਿਆ ਗਿਆ ਹੈ।
ਪੁਲਿਸ ਦੀ ਐੱਫਆਈਆਰ ਵਿੱਚ ਰੋਡ ਰੇਜ ਦਾ ਮਾਮਲਾ ਦਰਜ ਹੈ।
ਭੀੜ ਨੇ 60 ਸਾਲਾਂ ਦੇ ਬਜ਼ੁਰਗ ਸਮੀਉਦੀਨ ਨੂੰ ਵੀ ਬੇਰਹਿਮੀ ਨਾਲ ਕੁੱਟਿਆ। ਪਿਛਲੇ ਦੋ ਦਿਨਾਂ ਤੋਂ ਉਹ ਹਸਪਤਾਲ ਵਿੱਚ ਭਰਤੀ ਹਨ।
ਇਹ ਘਟਨਾ ਦਿੱਲੀ ਤੋਂ ਕਰੀਬ 65 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੀ ਹੈ।
ਪੁਰਾਣਾ ਝਗੜਾ
ਮੁਹੰਮਦ ਵਕੀਲ ਖੇਤੀ ਤੇ ਪਸ਼ੂ ਪਾਲਣ ਕਰਨ ਵਾਲੇ ਸਮੀਉਦੀਨ ਦੇ ਭਤੀਜੇ ਹਨ। ਉਨ੍ਹਾਂ ਕਿਹਾ, ''ਉਸ ਦਿਨ ਚਾਚਾ ਆਪਣੇ ਖੇਤ ਤੋਂ ਪਸ਼ੂਆਂ ਲਈ ਚਾਰਾ ਲੈਣ ਗਏ ਸੀ। ਕਾਸਿਮ ਉੱਥੋਂ ਗੁਜ਼ਰ ਰਿਹਾ ਸੀ ਅਤੇ ਜਾਣ ਪਛਾਣ ਹੋਣ ਕਰਕੇ ਸਮੀਉਦੀਨ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਖੇਤਾਂ ਵਿੱਚ ਆ ਗਿਆ।''
ਰਾਜਪੂਤ ਆਬਾਦੀ ਵਾਲੇ ਪਿੰਡ ਬਝੈੜਾ ਖੁਰਦ ਤੋਂ ਅਕਸਰ ਰਾਜਪੂਤ ਗਊਆਂ ਚਾਰਨ ਲਈ ਇੱਥੇ ਆਉਂਦੇ ਹਨ।
ਮੁਸਲਮਾਨ ਆਬਾਦੀ ਵਾਲੇ ਪਿੰਡ ਮਦਾਪੁਰ ਮੁਸਤਫਾਬਾਦ ਦੇ ਲੋਕਾਂ ਦਾ ਕਹਿਣਾ ਹੈ ਕਿ ਗਊਆਂ ਨੂੰ ਜਾਣਬੁੱਝ ਕੇ ਚਾਰਨ ਲਈ ਇੱਥੇ ਛੱਡ ਦਿੱਤਾ ਜਾਂਦਾ ਹੈ। ਬਾਅਦ ਵਿੱਚ ਉਨ੍ਹਾਂ 'ਤੇ ਇਲਜ਼ਾਮ ਲਗਾਏ ਜਾਂਦੇ ਹਨ ਕਿ ਉਹ ਗਊਆਂ ਅਤੇ ਵੱਛਿਆਂ ਨੂੰ ਮਾਰ ਕੇ ਖਾ ਗਏ।

ਸਮੀਉਦੀਨ ਦੇ ਭਰਾ ਪਿਆਰੇ ਮੁਹੰਮਦ ਨੇ ਕਿਹਾ, ''ਜਦ ਕਿਸਾਨ ਦੇ ਖੇਤ ਵਿੱਚ ਨੁਕਸਾਨ ਹੋਵੇਗਾ ਤਾਂ ਉਹ ਇਨ੍ਹਾਂ ਨੂੰ ਭਜਾਉਣਗੇ ਜਾਂ ਘੇਰਨਗੇ। ਇਹ ਲੋਕ ਕਹਿਣ ਲੱਗੇ ਕਿ ਅਸੀਂ ਪਸ਼ੂਆਂ ਨੂੰ ਆਪਣੇ ਖੇਤਾਂ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ।''
ਸਮੀਉਦੀਨ ਦੇ ਭਤੀਜੇ ਮੁਤਾਬਕ ਮੱਝ ਪਹਿਲਾਂ ਤੋਂ ਹੀ ਮੌਜੂਦ ਸੀ ਤੇ ਨਾਲ ਹੀ ਜਾਨਵਰਾਂ ਦਾ ਧੰਦਾ ਕਰਨ ਵਾਲਾ ਕਾਸਿਮ ਵੀ ਸੀ।
ਨੇੜਲੇ ਖੇਤਾਂ ਵਿੱਚ ਦੋ ਹੋਰ ਲੋਕ ਕੰਮ ਕਰ ਰਹੇ ਸੀ, ਪਰ ਭੀੜ ਨੂੰ ਆਉਂਦੇ ਵੇਖ ਉਹ ਉੱਥੋਂ ਭੱਜ ਗਏ, ਕਾਸਿਮ ਤੇ ਸਮੀਉਦੀਨ ਨੂੰ ਭੀੜ ਨੇ ਫੜ ਲਿਆ।
ਲਾਲ ਰੰਗ ਦੀ ਟੁੱਟੀ ਹੋਈ ਚੱਪਲ
ਪਿੰਡ ਮਦਾਪੁਰ ਮੁਸਤਫਾਬਾਦ ਤੋਂ ਰਾਜਪੂਤਾਂ ਦਾ ਪਿੰਡ ਬਝੈੜਾ ਖੁਰਦ ਬਿਲਕੁਲ ਲਾਗੇ ਹੈ। ਪਿੰਡ ਵਿੱਚ ਮੰਦਿਰ, ਮਸਜਿਦ, ਦੁਕਾਨ, ਮਕਾਨ, ਖੇਤ, ਸਭ ਨੇੜੇ ਹੀ ਹਨ।
ਮੁਹੰਮਦ ਵਕੀਲ ਨੇ ਉਹ ਥਾਂ ਵਿਖਾਈ ਜਿੱਥੇ ਭੀੜ ਨੇ ਕਾਸਿਮ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ। ਟਾਹਲੀ, ਪੋਪਲਰ ਅਤੇ ਜਾਮੁਨ ਦੇ ਦਰੱਖਤਾਂ ਵਿਚਾਲੇ ਖੇਤ ਦੀ ਮਿੱਟੀ 'ਤੇ ਅਜੇ ਵੀ ਖੂਨ ਦੇ ਛਿੱਟੇ ਹਨ।
ਨਾਲ ਹੀ ਇੱਕ ਲਾਲ ਰੰਗ ਦੀ ਟੁੱਟੀ ਹੋਈ ਚੱਪਲ ਪਈ ਹੈ ਜੋ ਸ਼ਾਇਦ ਭੱਜਣ ਵੇਲੇ ਜਾਂ ਫੇਰ ਕਿਸੇ ਦੇ ਪੈਰ ਹੇਠਾਂ ਦੱਬ ਕੇ ਟੁੱਟ ਗਈ ਹੈ। ਇਹ ਨਹੀਂ ਪਤਾ ਕਿ ਇਹ ਚੱਪਲ ਸਮੀਉਦੀਨ ਦੀ ਹੈ ਜਾਂ ਕਾਸਿਮ ਦੀ।

ਪੁਲਿਸ ਨੇ ਬਝੈੜਾ ਖੁਰਦ ਦੇ ਦੋ ਵਿਅਕਤੀਆਂ ਨੂੰ ਕਤਲ, ਕਤਲ ਦੇ ਇਰਾਦੇ ਤੋਂ ਹਮਲਾ ਅਤੇ ਹਥਿਆਰਾਂ ਨਾਲ ਦੰਗਾ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਹੈ।
ਪੁਲਿਸ ਕਮਿਸ਼ਨਰ ਸੰਕਲਪ ਸ਼ਰਮਾ ਮੁਤਾਬਕ ਇਨ੍ਹਾਂ ਦੋਹਾਂ ਨੇ ਹੀ ਭੀੜ ਨੂੰ ਭੜਕਾਇਆ ਸੀ।
ਮੱਝ ਖਰੀਦਣ ਚੱਲੇ ਸੀ
ਬਝੈੜਾ ਖੁਰਦ ਅਤੇ ਮਦਾਪੁਰ ਮੁਸਤਫਾਬਾਦ ਤੋਂ ਦੂਰ ਸ਼ਹਿਰ ਪਿਲਖੁਆ ਦੇ ਮੁਹੱਲੇ ਸਿੱਦੀਕਪੁਰਾ ਵਿੱਚ ਕਾਸਿਮ ਦਾ ਘਰ ਹੈ। ਉਹ ਦੋ ਮੰਜ਼ਿਲੇ ਮਕਾਨ ਵਿੱਚ ਕਿਰਾਏ ਦੇ ਇੱਕ ਕਮਰੇ ਵਿੱਚ ਰਹਿੰਦੇ ਸੀ।
ਪਸ਼ੂਆਂ ਨੂੰ ਵੇਚਣ ਦਾ ਧੰਦਾ ਕਰਨ ਵਾਲੇ ਕਾਸਿਮ ਦੇ ਭਰਾ ਮੁਹੰਮਦ ਨਦੀਮ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਉਸਦੇ ਭਰਾ ਨੂੰ ਮਾਰ ਕੇ 100 ਨੰਬਰ ਦੀ ਜਿਪਸੀ ਵਿੱਚ ਰੱਖਿਆ ਗਿਆ ਹੈ।
ਉਹ ਜਦ ਹਸਪਤਾਲ ਪਹੁੰਚੇ ਤਾਂ ਕਾਸਿਮ ਦੀ ਮੌਤ ਹੋ ਚੁੱਕੀ ਸੀ।

ਕਾਸਿਮ ਦੇ ਭਰਾ ਨੇ ਦੱਸਿਆ, ''ਉਹ ਘਰੋਂ 60-70 ਹਜ਼ਾਰ ਰੁਪਏ ਲੈ ਕੇ ਨਿਕਲੇ ਸਨ, ਕਿਸੇ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਮੱਝਾਂ ਚੰਗੀ ਕੀਮਤ 'ਤੇ ਮਿਲ ਜਾਣਗੀਆਂ।''
ਪੋਸਟਮਾਰਟਮ ਤੋਂ ਬਾਅਦ ਰਾਤ ਨੂੰ ਢਾਈ ਵਜੇ ਕਾਸਿਮ ਦੇ ਪਰਿਵਾਰ ਨੂੰ ਉਸਦੀ ਲਾਸ਼ ਦਿੱਤੀ ਗਈ।
ਮੰਗਲਵਾਰ ਸਵੇਰੇ ਕਾਸਿਮ ਨੂੰ ਦਫਨਾਇਆ ਗਿਆ ਪਰ ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਐੱਫਆਈਆਰ ਦਰਜ ਨਹੀਂ ਕਰਾਉਣ ਦਿੱਤੀ ਜਾ ਰਹੀ ਹੈ।
ਮੁਹੰਮਦ ਸਲੀਮ ਨੇ ਕਿਹਾ, ''ਪੁਲਿਸ ਕਹਿ ਰਹੀ ਹੈ ਕਿ ਇਸ ਕੇਸ ਵਿੱਚ ਉਹ ਦੋ ਮੁਕੱਦਮੇ ਦਰਜ ਨਹੀਂ ਕਰੇਗੀ।''
ਸਲੀਮ ਨੂੰ ਡਰ ਹੈ ਕਿ ਹਮਲੇ ਵਿੱਚ ਜ਼ਖ਼ਮੀ ਹੋਈ ਸਮੀਉਦੀਨ ਅਤੇ ਦੂਜੀ ਪਾਰਟੀ ਵਿਚਾਲੇ ਸਮਝੌਤਾ ਹੋ ਗਿਆ ਤਾਂ ਉਹ ਕਿਸੇ ਪਾਸੇ ਦੇ ਨਹੀਂ ਰਹਿਣਗੇ।
ਕਾਸਿਮ ਦੇ ਭਰਾ ਸਲੀਮ ਨੇ ਦੱਸਿਆ, ''ਪੁਲਿਸ ਨੇ ਮੈਨੂੰ ਭਰੋਸਾ ਦੁਆਇਆ ਹੈ ਕਿ ਉਹ ਇਸ ਮਾਮਲੇ ਵਿੱਚ ਮੈਨੂੰ ਮੁੱਖ ਗਵਾਹ ਬਣਾਏਗੀ।''

18 ਜੂਨ ਨੂੰ ਯਾਸੀਨ ਨਾਂ ਦੇ ਇੱਕ ਸ਼ਖਸ ਨੇ ਐੱਫਆਈਆਰ ਦਰਜ ਕਰਾਈ ਹੈ। ਇਹ ਐੱਫਆਈਆਰ ਅਣਪਛਾਤੇ ਲੋਕਾਂ ਖਿਲਾਫ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕਿਸੇ ਮੋਟਰਸਾਈਕਲ ਸਵਾਰ ਨੇ ਉਨ੍ਹਾਂ ਦੇ ਭਰਾ ਸਮੀਉਦੀਨ ਨੂੰ ਟੱਕਰ ਮਾਰੀ।
ਉਨ੍ਹਾਂ ਦੇ ਭਰਾ ਦੇ ਵਿਰੋਧ ਕਰਨ 'ਤੇ 25 ਤੋਂ 30 ਲੋਕ ਉੱਥੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਕਾਸਿਮ ਅਤੇ ਸਮੀਉਦੀਨ ਨੂੰ ਡੰਡਿਆਂ ਨਾਲ ਕੁੱਟਿਆ।
10 ਜੂਨ ਨੂੰ ਹਿੰਦੀ ਦੇ ਅਖਬਾਰ 'ਅਮਰ ਉਜਾਲਾ' ਨੇ ਵੀ ਇਹ ਖਬਰ ਛਾਪੀ। ਅਖਬਾਰ ਵਿੱਚ ਗਾਂ 'ਤੇ ਵੱਛੇ ਦੀ ਤਸਵੀਰ ਹੈ ਜਿਸ ਵਿੱਚ ਪੁਲਿਸ ਵਾਲੇ ਵੀ ਦਿਖਾਈ ਦੇ ਰਹੇ ਹਨ। ਅਖਬਾਰ ਮੁਤਾਬਕ ਮੌਕੇ ਤੋਂ ਦੋ ਗਊਆਂ ਅਤੇ ਇੱਕ ਵੱਛਾ ਮਿਲਿਆ ਹੈ।

ਤਸਵੀਰ ਸਰੋਤ, AMAR UJALA
ਨਾ ਗਾਂ ਮਿਲੀ ਤੇ ਨਾ ਕੋਈ ਹਥਿਆਰ
ਸੋਸ਼ਲ ਮੀਡੀਆ 'ਤੇ ਵੀ ਇਸ ਘਟਨਾ ਨਾਲ ਜੁੜਿਆ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਬੁਰੀ ਤਰ੍ਹਾਂ ਜ਼ਖਮੀ ਕਾਸਿਮ ਨੂੰ ਲੋਕ ਘੇਰ ਕੇ ਖੜੇ ਹਨ।ਵੀਡੀਓ ਵਿੱਚ ਗੱਲਾਂ ਹੋ ਰਹੀਆਂ ਸਨ ਕਿ, 'ਦੋ ਮਿੰਟ ਹੋਰ ਨਾ ਆਉਂਦੇ ਤਾਂ ਗਾਂ ਵੱਢੀ ਹੋਈ ਮਿਲਦੀ', 'ਤਿੰਨ ਗਊਆਂ ਬੰਨ੍ਹ ਕੇ ਰੱਖੀਆਂ ਹੋਈਆਂ ਹਨ।'
ਬਝੈੜਾ ਖੁਰਦ ਦੇ ਰਹਿਣ ਵਾਲੇ ਰਾਮ ਕੁਮਾਰ ਕਸ਼ਯਪ ਨੇ ਦੱਸਿਆ, ''ਕੁਝ ਔਰਤਾਂ ਚਾਰਾ ਲੈਣ ਲਈ ਖੇਤਾਂ ਵਿੱਚ ਗਈਆਂ ਸਨ। ਉਨ੍ਹਾਂ ਦੱਸਿਆ ਕਿ ਚਾਰ ਆਦਮੀ ਗਊਆਂ ਨੂੰ ਲੈ ਕੇ ਜਾ ਰਹੇ ਸਨ, ਇੱਧਰੋਂ ਲੋਕ ਗਏ ਤਾਂ ਉਨ੍ਹਾਂ ਫਾਇਰਿੰਗ ਸ਼ੁਰੂ ਕਰ ਦਿੱਤੀ। ਦੋ ਭੱਜ ਗਏ ਅਤੇ ਦੋ ਘੇਰੇ ਵਿੱਚ ਆ ਗਏ।''
ਪਰ ਪੁਲਿਸ ਦਾ ਕਹਿਣਾ ਹੈ ਕਿ ਉਸਨੂੰ ਘਟਨਾ ਦੀ ਥਾਂ ਤੋਂ ਨਾ ਕੋਈ ਗਾਂ ਮਿਲੀ ਅਤੇ ਨਾ ਹੀ ਗਾਂ ਨੂੰ ਕੱਟਣ ਵਾਲੇ ਹਥਿਆਰ।
ਪੇਸ਼ੇ ਤੋਂ ਟਰੱਕ ਡਰਾਈਵਰ ਮੁਹੰਮਦ ਯਾਸੀਨ ਆਪਣੇ ਜ਼ਖਮੀ ਭਰਾ ਸਮੀਉਦੀਨ ਨਾਲ ਹਾਪੁੜ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਡੇਰਾ ਲਾ ਕੇ ਬੈਠੇ ਹਨ।
ਐਫਆਈਆਰ ਦਰਜ ਕਰਾਉਣ ਵਾਲੇ ਮੁਹੰਮਦ ਯਾਸੀਨ ਨੇ ਕਿਹਾ, ''ਮੈਂ ਤਾਂ ਪਰਤ ਆਇਆ ਸੀ, ਪਿੰਡ ਦੇ ਹੋਰ ਲੋਕ ਵੀ ਥਾਣੇ ਹਨ। ਜਿਵੇਂ ਜਿਵੇਂ ਉਹ ਲੋਕ ਬੋਲਦੇ ਗਏ, ਓਵੇਂ ਹੀ ਲਿਖਤੀ ਮੇਰੇ ਸਾਈਨ ਹੋ ਗਏ।''
ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਪਿੰਡ ਦੇ ਹਿੰਦੂ ਅਤੇ ਮੁਸਲਮਾਨ ਦੋਵੇਂ ਘਟਨਾ ਨੂੰ ਗਾਂ ਨਾਲ ਜੁੜਿਆ ਦੱਸ ਰਹੇ ਹਨ ਜਦਕਿ ਐੱਫਆਈਆਰ ਵਿੱਚ ਗਾਂ ਦਾ ਜ਼ਿਕਰ ਹੀ ਨਹੀਂ ਹੈ।












