ਰਾਜਸਥਾਨ: ਮੁਸਲਮਾਨ ਮਜ਼ਦੂਰ ਦੇ ਕਤਲ ਦਾ ਵੀਡੀਓ ਵਾਇਰਲ- ਮੁਲਜ਼ਮ ਗ੍ਰਿਫ਼ਤਾਰ

ਤਸਵੀਰ ਸਰੋਤ, VIDEO GRAB
- ਲੇਖਕ, ਨਾਰਾਇਣ ਬਾਰੇਠ
- ਰੋਲ, ਬੀਬੀਸੀ ਹਿੰਦੀ ਲਈ
ਰਾਜਸਥਾਨ ਵਿੱਚ ਇੱਕ ਕਤਲ ਦਾ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਸ਼ੰਭੂਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਦੇਪੁਰ ਦੇ ਆਈ ਜੀ ਆਨੰਦ ਸ਼੍ਰੀਵਾਸਤਵ ਨੇ ਦੱਸਿਆ ਕਿ, "ਮੁਲਜ਼ਮ ਨੂੰ ਅੱਜ ਸਵੇਰੇ ਗ੍ਰਿਫ਼ਤਾਰ ਕੀਤਾ ਗਿਆ ਹੈ।"
ਸ਼ੰਭੂਲਾਲ ਨੇ ਸੋਸ਼ਲ ਮੀਡੀਆ 'ਤੇ ਇਸ ਵੀਡੀਓ ਦੇ ਇਲਾਵਾ ਦੋ ਹੋਰ ਵੀਡੀਓ ਸਾਂਝੇ ਕੀਤੇ ਹਨ। ਇੱਕ ਵਿੱਚ ਉਹ ਇੱਕ ਮੰਦਿਰ ਦੇ ਬਾਹਰ ਖੜ੍ਹ ਕੇ ਕਤਲ ਦੀ ਜਿੰਮੇਵਾਰੀ ਲੈ ਰਿਹਾ ਹੈ। ਦੂਜੇ ਵਿੱਚ ਉਹ ਭਗਵੇਂ ਝੰਡੇ ਸਾਹਮਣੇ ਬੈਠ ਕੇ ਲਵ ਜਿਹਾਦ ਤੇ ਇਸਲਾਮਿਕ ਜਿਹਾਦ ਦੇ ਖਿਲਾਫ਼ ਭਾਸ਼ਣ ਦੇ ਰਿਹਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਤੇ ਮ੍ਰਿਤਕ ਮੋਹੰਮਦ ਅਫ਼ਰਾਜ਼ੁਲ ਵਿਚਾਲੇ ਕਿਸੇ ਝਗੜੇ ਦੀ ਹਾਲੇ ਕੋਈ ਪੁਸ਼ਟੀ ਨਹੀਂ ਹੋਈ ਹੈ।
ਪੱਛਮ ਬੰਗਾਲ ਦੇ ਮੋਹੰਮਦ ਅਫ਼ਰਾਜ਼ੁਲ ਪਿਛਲੇ 12 ਸਾਲਾਂ ਤੋਂ ਸ਼ਹਿਰ ਵਿੱਚ ਰਹਿ ਕੇ ਮਜ਼ਦੂਰੀ ਕਰ ਰਹੇ ਸਨ।
ਆਨੰਦ ਸ਼੍ਰੀਵਾਸਤਵ ਨੇ ਦੱਸਿਆ ਕਿ, "ਹੁਣ ਤੱਕ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਮੁਲਜ਼ਮ ਸ਼ੰਭੂਲਾਲ ਦੇ ਪਰਿਵਾਰ ਵਿੱਚ ਕਿਸੇ ਨੇ ਅੰਤਰ ਜਾਤੀ ਜਾਂ ਅੰਤਰ ਧਰਮ ਵਿਆਹ ਨਹੀਂ ਕੀਤਾ।"
ਉਨ੍ਹਾਂ ਨੇ ਦੱਸਿਆ, "ਮੁਲਜ਼ਮ ਨੇ ਵੀਡੀਓ ਵਿੱਚ ਨਫ਼ਰਤ ਫੈਲਾਉਣ ਵਾਲੀ ਭਾਸ਼ਾ ਵਰਤੀ ਹੈ। ਅਸੀਂ ਅਪੀਲ ਕਰਦੇ ਹਾਂ ਕਿ ਲੋਕ ਇਸ ਨੂੰ ਸਾਂਝੀ ਨਾ ਕਰਨ।"
ਘਟਨਾ ਦੀ ਸੰਵੇਦਨਸ਼ੀਲਤਾ ਨੂੰ ਵੇਖਦਿਆਂ ਪੁਲਿਸ ਨੇ ਆਸ ਪਾਸ ਦੇ ਇਲਾਕਿਆਂ ਵਿੱਚ ਇੰਟਰਨੈਟ ਸੇਵਾਵਾਂ ਰੋਕ ਦਿੱਤੀਆਂ ਹਨ ਤੇ ਸੁਰੱਖਿਆ ਬਲ ਲਾ ਦਿੱਤੇ ਹਨ।
ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਪ੍ਰਤੀਕਿਰਿਆ ਨੂੰ ਵੇਖਦੇ ਹੋਏ ਦੋਹਾਂ ਭਾਈਚਾਰਿਆਂ ਦੇ ਲੋਕਾਂ ਦੀ ਬੈਠਕ ਬੁਲਾ ਕੇ ਹਰ ਸੰਭਵ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ।

ਤਸਵੀਰ ਸਰੋਤ, VIDEO GRAB
ਵੀਡੀਓ ਵਿੱਚ ਦਿਖ ਰਿਹਾ ਹੈ ਕਿ ਇੱਕ ਵਿਅਕਤੀ ਨੂੰ ਦੂਜਾ ਬੰਦਾ ਤੇਜ ਧਾਰ ਨਾਲ ਕੁੱਟਦਾ ਹੈ ਤੇ ਫ਼ੇਰ ਅੱਗ ਲਾ ਦਿੱਤੀ ਜਾਂਦੀ ਹੈ।
ਮੁਲਜ਼ਮ ਨੇ ਵੀਡੀਓ ਵਿੱਚ ਕਿਹਾ ਹੈ, "ਇਹ ਤਾਂ ਤੁਹਾਡੀ ਹਾਲਤ ਹੋ ਗਈ। ਲਵ ਜਿਹਾਦ ਕਰਦੇ ਹੋ ਸਾਡੇ ਦੇਸ ਵਿੱਚ। ਇਹ ਤੁਹਾਡੇ ਹਰ ਜਿਹਾਦੀ ਦੀ ਹਾਲਤ ਹੋਵੇਗੀ। ਲਵ ਜਿਹਦ ਬੰਦ ਕਰ ਦਿਓ।"
ਵੀਡੀਓ ਸਾਂਝੀ ਨਾ ਕਰਨ ਦੀ ਅਪੀਲ
ਉਦੇਪੁਰ ਦੇ ਆਈ ਜੀ ਆਨੰਦ ਸ਼੍ਰੀਵਾਸਤਵ ਨੇ ਆਮ ਲੋਕਾਂ ਤੇ ਮੀਡੀਆ ਸੰਸਥਾਵਾਂ ਨੂੰ ਵੀਡੀਓ ਸਾਂਝੀ ਨਾ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ,"ਇਹ ਭੜਕਾਊ ਵੀਡੀਓ ਸਾਂਝੀ ਕਰਨ ਤੋਂ ਬਚੋ ਤੇ ਸਮਾਜਿਕ ਭਾਈਚਾਰਾ ਬਣਾਈ ਰੱਖੋ। ਅਸੀਂ ਵੇਖਿਆ ਹੈ ਕਿ ਕੁੱਝ ਚੈਨਲ ਵੀ ਇਹ ਵੀਡੀਓ ਦਿਖਾ ਰਹੇ ਹਨ। ਮੀਡੀਆ ਦੇ ਲੋਕ ਸਮਝਦਾਰ ਹਨ ਤੇ ਉਨ੍ਹਾਂ ਨੂੰ ਜਿਮੇਂਵਾਰੀ ਦਿਖਾਉਣੀ ਚਾਹੀਦੀ ਹੈ।"
ਆਨੰਦ ਸ਼੍ਰੀਵਾਸਤਵ ਮੁਤਾਬਕ, "ਮੁਲਜ਼ਮ ਖਿਲਾਫ਼ ਪੁਲਿਸ ਨੇ ਕਤਲ ਦੀਆਂ ਧਾਰਾਵਾਂ ਲਾ ਕੇ ਮੁਕਦਮਾ ਦਰਜ ਕੀਤਾ ਹੈ ਤੇ ਹੋਰ ਕਨੂੰਨਾਂ ਤਹਿਤ ਮੁਕਦਮਾ ਦਰਜ ਕਰਨ 'ਤੇ ਵਿਚਾਰ ਕੀਤਾ ਜਾ ਸਕਦਾ ਹੈ।"
ਇਸ ਮਗਰੋਂ ਰਾਜਸਥਾਨ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਹੁਕਮ ਦੇ ਦਿੱਤੇ ਹਨ।
ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ, "ਜਿਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਉਹ ਦਿਲ ਤੋੜਨ ਵਾਲੀ ਹੈ। ਜਿਸ ਤਰ੍ਹਾਂ ਮਾਰਿਆ ਗਿਆ ਹੈ ਉਹ ਦੇਖ ਕੇ ਕੋਈ ਵੀ ਚੌਂਕ ਜਾਵੇ।"
ਮਮਤਾ ਬੈਨਰਜੀ ਵੱਲੋਂ ਕਤਲ ਦੀ ਨਿੰਦਾ
ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਰਾਹੀਂ ਇਸ ਕਤਲ ਦੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਦੁੱਖ ਦੀ ਗੱਲ ਹੈ ਕਿ ਲੋਕ ਐਨੇ ਅਣਮਨੁੱਖੀ ਕਿਵੇਂ ਹੋ ਸਕਦੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਮਨੁੱਖੀ ਅਧਿਕਾਰ ਕਮਿਸ਼ਨ ਦੀ ਨਾਰਾਜ਼ਗੀ
ਸੂਬੇ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਮੁੱਚੇ ਮਾਮਲੇ ਦੀ ਨਿੰਦਾ ਕੀਤੀ ਹੈ।
ਆਯੋਗ ਦੇ ਮੁਖੀ ਜਸਟਿਸ ਪ੍ਰਕਾਸ਼ ਟਾਟੀਆ ਨੇ ਕਿਹਾ, "ਇਨਸਾਨ ਨੂੰ ਸਿਰਜਣਹਾਰ ਦੀ ਸ਼੍ਰੋਮਣੀ ਰਚਨਾ ਮੰਨਿਆ ਜਾਂਦਾ ਹੈ ਪਰ ਇਹ ਘਟਨਾ ਦੇਖ ਕੇ ਤਾਂ ਪਸ਼ੂ ਵੀ ਕਹਿ ਰਹੇ ਹੋਣਗੇ ਕਿ ਇਨਸਾਨ ਨਾਲੋਂ ਤਾਂ ਅਸੀਂ ਹੀ ਬਿਹਤਰ ਹਾਂ।"
ਉਨ੍ਹਾਂ ਬੀਬੀਸੀ ਨੂੰ ਕਿਹਾ ਕਿ, "ਇਸ ਘਟਨਾ ਤੋਂ ਮੈਂ ਹਿੱਲ ਗਿਆ ਹਾਂ, ਅੱਜ ਅਸੀਂ ਸ਼ਰਮਿੰਦਾ ਹਾਂ।"
ਕਮਿਸ਼ਨ ਨੇ ਰਾਜਸਮੰਦ ਪੁਲਿਸ ਨੂੰ ਪੁਖ਼ਤਾ ਤਫ਼ਤੀਸ਼ ਦੇ ਹੁਕਮ ਦਿੱਤੇ ਹਨ ਤੇ ਰਿਪੋਰਟ ਮੰਗੀ ਹੈ।
ਟਾਟੀਆ ਨੇ ਕਿਹਾ, "ਅਸੀਂ ਮਾਮਲਾ ਦਰਜ ਕਰਕੇ ਰਿਪੋਰਟ ਮੰਗੀ ਹੈ। ਇਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।"
ਆਯੋਗ ਮੁਤਾਬਕ ਇਹ ਕਤਲ ਨਹੀਂ ਬਲਕਿ ਇਨਸਾਨੀਅਤ ਦੀ ਮੌਤ ਹੈ। ਪਸ਼ੂ ਵੀ ਸੋਚਦੇ ਹੋਣਗੇ ਕਿ ਅਜਿਹਾ ਘਿਨਾਉਣਾ ਕੰਮ ਤਾਂ ਇਨਸਾਨ ਹੀ ਕਰ ਸਕਦੇ ਹਨ।
ਮਜ਼ਦੂਰ ਸੰਗਠਨਾਂ ਦੀ ਵੱਖਰੀ ਜਾਂਚ
ਪੀਪਲਜ਼ ਯੂਨੀਅਨ ਸਿਵਿਲ ਲਿਬਰਟੀਜ਼ ਅਤੇ ਅਰੁਣ ਰਾਏ ਦੀ ਅਗਵਾਈ ਵਾਲੇ ਮਜ਼ਦੂਰ ਕਿਸਾਨ ਸ਼ਕਤੀ ਸੰਗਠਨ ਨੇ ਮਾਮਲੇ ਦੀ ਜਾਂਚ ਲਈ ਟੀਮ ਭੇਜਣ ਦੀ ਗੱਲ ਕੀਤੀ ਹੈ।
ਸੰਗਠਨਾਂ ਨੇ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਮਨੁੱਖੀ ਅਧਿਕਾਰ ਸੰਗਠਨ ਪੀਯੂਸੀਐੱਲ ਦੀ ਪ੍ਰਧਾਨ ਕਵਿਤਾ ਸ਼੍ਰੀਵਾਸਤਵ ਨੇ ਬੀਬੀਸੀ ਨੂੰ ਕਿਹਾ, "ਹੁਣ ਬਹੁਤ ਹੋ ਗਿਆ। ਪਿਛਲੇ ਨੌਂ ਮਹੀਨਿਆਂ ਵਿੱਚ ਇਹ ਚੌਥਾ ਕਤਲ ਹੈ। ਇਸ ਤੋਂ ਪਹਿਲਾਂ, ਪਹਿਲੂ ਖ਼ਾਨ, ਜਫ਼ਰ ਖ਼ਾਨ ਅਤੇ ਹੁਣ ਮੋਹੰਮਦ ਅਫ਼ਰਾਜ਼ੁਲ ਨੂੰ ਬੇਰਹਿਮੀਂ ਨਾਲ ਮਾਰ ਦਿੱਤਾ ਗਿਆ ਹੈ। ਇਸ ਲਈ ਉਹ ਦਿਨ ਚੁਣਿਆ ਗਿਆ ਜਦੋਂ ਬਾਬਰੀ ਮਸਜਿਦ ਦੀ ਬਰਸੀ ਸੀ।"
ਕਵਿਤਾ ਸ਼੍ਰੀਵਾਸਤਵ ਨੇ ਕਿਹਾ, "ਸਾਡੀ ਟੀਮ ਮੌਕੇ ਉੱਤੇ ਪਹੁੰਚ ਰਹੀ ਹੈ। ਘਟਨਾ ਵਿੱਚ ਮਰਨ ਵਾਲਾ ਬੰਗਾਲ ਦੇ ਮਾਲਦਾ ਤੋਂ ਸੀ ਅਤੇ ਮਜ਼ਦੂਰੀ ਕਰ ਕੇ ਪਰਿਵਾਰ ਪਾਲ ਰਿਹਾ ਸੀ।"












