1924 ਦੀ ਪੈਰਿਸ ਓਲੰਪਿਕਸ: ਪੰਜਾਬ ਦੇ ਪਹਿਲੇ ਓਲੰਪੀਅਨ ਦਲੀਪ ਸਿੰਘ ਜਦੋਂ ਦੂਜੇ ਵਿਸ਼ਵ ਯੁੱਧ ਦੌਰਾਨ ਕੁਝ ਮਹੀਨਿਆਂ ਲਈ ਲਾਪਤਾ ਹੋ ਗਏ

ਦਲੀਪ ਸਿੰਘ
    • ਲੇਖਕ, ਸੌਰਭ ਦੁੱਗਲ
    • ਰੋਲ, ਸੀਨੀਅਰ ਖੇਡ ਪੱਤਰਕਾਰ

ਬ੍ਰਿਗੇਡੀਅਰ ਦਲੀਪ ਸਿੰਘ ਗਰੇਵਾਲ ਦੀਆਂ ਛੋਟੀਆਂ-ਛੋਟੀਆਂ ਪੋਤੀਆਂ ਜਦੋਂ ਉਨ੍ਹਾਂ ਦੀਆਂ ਲੱਤਾਂ ਉੱਤੇ ਪਏ ਨਿਸ਼ਾਨ ਦਿਖਾਉਂਦੀਆਂ ਸਨ ਤਾਂ ਉਹ ਆਪਣੀਆਂ ਪੋਤੀਆਂ ਨੂੰ ਬੜੇ ਮਾਣ ਨਾਲ ਕਹਿੰਦੇ ਹੁੰਦੇ ਸਨ ਕਿ “ਉਨ੍ਹਾਂ ਦੀਆਂ ਲੱਤਾਂ ’ਤੇ ਇਤਿਹਾਸ ਲਿਖਿਆ ਹੈ”।

ਇਹ ਬਿਲਕੁਲ ਸੱਚ ਸੀ। ਉਨ੍ਹਾਂ ਦੀਆਂ ਲੱਤਾਂ ਇਤਿਹਾਸ ਨੂੰ ਦਰਸਾਉਂਦੀਆਂ ਸਨ। ਇਨ੍ਹਾਂ ਲੱਤਾਂ ਨੇ ਭਾਰਤੀ ਖੇਡਾਂ ਅਤੇ ਫੌਜ ਵਿੱਚ ਇਤਿਹਾਸ ਰਚਿਆ ਹੈ।

ਮਰਹੂਮ ਦਲੀਪ ਸਿੰਘ ਨੂੰ ਦੋ ਓਲੰਪਿਕ ਖੇਡਾਂ (1924 ਅਤੇ 1928) ਵਿੱਚ ਭਾਰਤ ਦੀ ਨੁਮਾਇੰਦਗੀ ਕਰਨ, ਸ਼ੁਰੂਆਤੀ ਏਸ਼ੀਅਨ ਖੇਡਾਂ ਦੀ ਮਿਸ਼ਾਲ ਜਗਾਉਣ, ਓਲੰਪੀਅਨਾਂ ਨੂੰ ਤਿਆਰ ਕਰਨ ਅਤੇ ਹੋਰ ਬਹੁਤ ਸਾਰੀਆਂ ਪਹਿਲੀਆਂ ਉਪਲੱਬਧੀਆਂ ਹਾਸਲ ਕਰਨ ਦਾ ਮਾਣ ਪ੍ਰਾਪਤ ਸੀ।

ਦੂਜੇ ਵਿਸ਼ਵ ਯੁੱਧ ਵਿੱਚ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਲਈ ਉਨ੍ਹਾਂ ਨੂੰ ਐੱਮਬੀਈ (ਬਰਤਾਨਵੀ ਸਾਮਰਾਜ ਦਾ ਸਭ ਤੋਂ ਉੱਤਮ ਸਨਮਾਨ) ਨਾਲ ਸਨਮਾਨਿਤ ਕੀਤਾ ਗਿਆ ਸੀ।

ਦਲੀਪ ਸਿੰਘ ਦੀ ਦੂਜੀ ਪੋਤੀ ਹਰੀਨਾ ਗਿੱਲ (61) ਯਾਦ ਕਰਦਿਆਂ ਦੱਸਦੇ ਹਨ, ‘‘ਦੂਜੇ ਵਿਸ਼ਵ ਯੁੱਧ ਦੌਰਾਨ ਸਾਡੇ ਦਾਦਾ ਜੀ, ਜੋ ਉਸ ਸਮੇਂ ਮੇਜਰ ਦਲੀਪ ਸਿੰਘ ਸਨ, ਉਨ੍ਹਾਂ ਦੀਆਂ ਲੱਤਾਂ ਵਿੱਚ ਛੱਰੇ ਲੱਗ ਗਏ ਸਨ।”

“ਉਦੋਂ ਅਸੀਂ ਬੱਚੇ ਹੋਣ ਦੇ ਨਾਤੇ ਉਨ੍ਹਾਂ ਤੋਂ ਪੁੱਛਦੇ ਸੀ, ਉਹ ਇਨ੍ਹਾਂ ਨੂੰ ਲੱਤਾਂ ਵਿੱਚੋਂ ਕਢਵਾ ਕਿਉਂ ਨਹੀਂ ਲੈਂਦੇ, ਤਾਂ ਉਹ ਸਾਨੂੰ ਦੱਸਦੇ ਸਨ ਕਿ ਉਨ੍ਹਾਂ ਦੀਆਂ ਲੱਤਾਂ ’ਤੇ ਇਤਿਹਾਸ ਲਿਖਿਆ ਹੋਇਆ ਹੈ ਅਤੇ ਉਹ ਇਸ ਨੂੰ ਮਿਟਾਉਣਾ ਨਹੀਂ ਚਾਹੁੰਦੇ।’’

‘‘ਇਸ ਤੋਂ ਇਲਾਵਾ, ਉਨ੍ਹਾਂ ਦਾ ਮੰਨਣਾ ਸੀ ਕਿ ਇੱਕ ਐਥਲੀਟ ਹੋਣਾ ਉਨ੍ਹਾਂ ਦੀਆਂ ਲੱਤਾਂ ਨੂੰ ਮਜ਼ਬੂਤ ਬਣਾਉਂਦਾ ਹੈ, ਇਸ ਲਈ ਇਨ੍ਹਾਂ ਛੱਰਿਆਂ ਨਾਲ ਉਨ੍ਹਾਂ ਨੂੰ ਦਰਦ ਨਹੀਂ ਹੁੰਦਾ।’’

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਹਰੀਨਾ ਅੱਗੇ ਦੱਸਦੇ ਹਨ, “ਸਾਡੇ ਬਾਬਾ ਜੀ (ਦਲੀਪ ਸਿੰਘ) ਨੇ 100 ਸਾਲ ਪਹਿਲਾਂ ਓਲੰਪਿਕ ਵਿੱਚ ਹਿੱਸਾ ਲਿਆ ਸੀ, ਜੋ ਸਾਡੇ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ।’’

ਉਹ ਅਜਿਹਾ ਸਮਾਂ ਸੀ ਜਦੋਂ ਸਿਰਫ਼ ਮੁੱਠੀ ਭਰ ਲੋਕਾਂ ਨੂੰ ਹੀ ਵਿਸ਼ਵ ਪੱਧਰ ’ਤੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਦਾ ਸੀ ਅਤੇ ਉਦੋਂ ਵਿਦੇਸ਼ ਯਾਤਰਾ ਕਰਨਾ ਇੱਕ ਦੁਰਲੱਭ ਗੱਲ ਸੀ।

‘‘ਅਸੀਂ ਪੈਰਿਸ ਅਤੇ ਐਮਸਟਰਡਮ ਖੇਡਾਂ ਦੀਆਂ ਕਹਾਣੀਆਂ ਸੁਣਦੇ ਹੋਏ ਵੱਡੇ ਹੋਏ ਹਾਂ। ਸਾਡੇ ਪਰਿਵਾਰ ਵਿੱਚ ਜਦੋਂ ਵੀ ਅਸੀਂ ਆਪਣੇ ਦਾਦਾ ਜੀ ਜਾਂ ਪਿਤਾ ਜੀ, ਹਾਕੀ ਓਲੰਪਿਕ ਸੋਨ ਤਗ਼ਮਾ ਜੇਤੂ ਬਾਲਕ੍ਰਿਸ਼ਨ ਸਿੰਘ ਨਾਲ ਗੱਲਬਾਤ ਕਰਦੇ ਸੀ, ਤਾਂ ਚਰਚਾ ਖੇਡਾਂ ਦੇ ਆਲੇ ਦੁਆਲੇ ਹੀ ਘੁੰਮਦੀ ਸੀ।’’

ਦਲੀਪ ਸਿੰਘ ਆਲ-ਰਾਊਂਡਰ ਖਿਡਾਰੀ ਸਨ, ਜਿਨ੍ਹਾਂ ਨੇ ਐਥਲੈਟਿਕਸ ਵਿੱਚ ਓਲੰਪਿਕ ਵਿੱਚ ਹਿੱਸਾ ਲਿਆ, ਪਟਿਆਲਾ ਟਾਈਗਰਜ਼ ਲਈ ਹਾਕੀ ਖੇਡੀ, ਜੋ ਉਸ ਸਮੇਂ ਸਰਕਟ ਵਿੱਚ ਕਾਫ਼ੀ ਪ੍ਰਸਿੱਧ ਟੀਮ ਸੀ।

ਉਨ੍ਹਾਂ ਨੇ ਕ੍ਰਿਕਟ ਵੀ ਖੇਡੀ।

1927 ਵਿੱਚ ਲਾਹੌਰ ਵਿੱਚ ਚਾਰ ਸਾਲ ਬਾਅਦ ਹੋਣ ਵਾਲੇ ਟੂਰਨਾਮੈਂਟ ਵਿੱਚ ਸਿੱਖਾਂ ਦੀ ਨੁਮਾਇੰਦਗੀ ਕੀਤੀ। ਇਹ ਬਸਤੀਵਾਦੀ ਕਾਲ ਦੌਰਾਨ ਖੇਡਿਆ ਜਾਣ ਵਾਲਾ ਇੱਕ ਟੂਰਨਾਮੈਂਟ ਸੀ ਜਿੱਥੇ ਭਾਈਚਾਰਿਆਂ/ਧਰਮਾਂ ਦੇ ਆਧਾਰ 'ਤੇ ਟੀਮਾਂ ਬਣਾਈਆਂ ਜਾਂਦੀਆਂ ਸਨ।

ਦਲੀਪ
ਤਸਵੀਰ ਕੈਪਸ਼ਨ, ਦਲੀਪ ਸਿੰਘ ਦੀ ਓਲੰਪਿਕ ਮੌਕੇ ਦੀ ਤਸਵੀਰ

1924 ਦੀ ਪੈਰਿਸ ਓਲੰਪਿਕ

ਬਾਲਕ੍ਰਿਸ਼ਨ ਸਿੰਘ
ਤਸਵੀਰ ਕੈਪਸ਼ਨ, ਰਾਸ਼ਟਰਪਤੀ ਸਨਮਾਨ ਹਾਸਿਲ ਕਰਦੇ ਹੋਏ ਓਲੰਪੀਅਨ ਬਾਲਕ੍ਰਿਸ਼ਨ

27 ਅਪ੍ਰੈਲ, 1899 ਨੂੰ ਲੁਧਿਆਣਾ ਦੇ ਪਿੰਡ ਦੋਲੋਂ ਖੁਰਦ ਵਿੱਚ ਪੈਦਾ ਹੋਏ ਦਲੀਪ ਸਿੰਘ ਪਹਿਲੀ ਪਟਿਆਲਾ ਇਨਫੈਂਟਰੀ (ਪਟਿਆਲਾ ਸਟੇਟ ਫੋਰਸਿਜ਼) ਵਿੱਚ ਭਰਤੀ ਹੋਏ ਅਤੇ ਓਲੰਪਿਕ ਵਿੱਚ ਭਾਗ ਲੈਣ ਵਾਲੇ ਪੰਜਾਬ ਦੇ ਪਹਿਲੇ ਖਿਡਾਰੀ ਬਣੇ।

ਉਨ੍ਹਾਂ ਨੇ 1924 ਦੇ ਪੈਰਿਸ ਓਲੰਪਿਕ ਵਿੱਚ ਲੰਮੀ ਛਾਲ ਮੁਕਾਬਲੇ ਵਿੱਚ ਬ੍ਰਿਟਿਸ਼ ਸ਼ਾਸਨ ਅਧੀਨ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਸੱਤ ਮੈਂਬਰੀ ਐਥਲੈਟਿਕਸ ਟੀਮ ਦੇ ਕਪਤਾਨ ਵੀ ਰਹੇ।

ਪੈਰਿਸ ਵਿੱਚ ਭਾਰਤੀ ਦਲ ਵਿੱਚ 14 ਮੈਂਬਰ ਸ਼ਾਮਲ ਸਨ, ਜਿਨ੍ਹਾਂ ਵਿੱਚ ਸੱਤ ਟੈਨਿਸ ਦੇ ਖਿਡਾਰੀ ਵੀ ਸ਼ਾਮਲ ਸਨ।

ਹਾਲਾਂਕਿ ਭਾਰਤੀ ਐਥਲੀਟ ਪੈਰਿਸ ਵਿੱਚ ਕੋਈ ਖ਼ਾਸ ਪ੍ਰਭਾਵ ਨਹੀਂ ਪਾ ਸਕੇ, ਪਰ ਲੰਬੀ ਛਾਲ ਮਾਰਨ ਵਾਲੇ ਦਲੀਪ ਸਿੰਘ ਦਾ ਪ੍ਰਦਰਸ਼ਨ ਚੰਗਾ ਰਿਹਾ। ਉਹ ਟੌਪ-6 ਵਿੱਚ ਜਗ੍ਹਾ ਬਣਾਉਣ ਤੋਂ ਤਿੰਨ ਚੌਥਾਈ ਇੰਚ ਤੋਂ ਖੁੰਝ ਗਏ।

1924 ਦੀਆਂ ਓਲੰਪਿਕ ਖੇਡਾਂ ਵਿੱਚ ਅਣਵੰਡੇ ਪੰਜਾਬ (ਵੰਡ ਤੋਂ ਬਾਅਦ, ਪੂਰਬੀ ਹਿੱਸਾ ਭਾਰਤ ਕੋਲ ਰਿਹਾ ਜਦੋਂ ਕਿ ਪੱਛਮੀ ਹਿੱਸਾ ਪਾਕਿਸਤਾਨ ਵਿੱਚ ਚਲਾ ਗਿਆ) ਤੋਂ ਹਿੱਸਾ ਲੈਣ ਵਾਲੇ ਦੋ ਖਿਡਾਰੀ ਸਨ - ਦਲੀਪ ਸਿੰਘ (ਐਥਲੈਟਿਕਸ) ਅਤੇ ਮੁਹੰਮਦ ਸਲੀਮ (ਲਾਅਨ ਟੈਨਿਸ)।

ਹਾਲਾਂਕਿ, ਦਲੀਪ ਦਾ ਮੁਕਾਬਲਾ 8 ਜੁਲਾਈ ਨੂੰ ਹੋਇਆ ਅਤੇ ਮੁਹੰਮਦ ਦਾ 13 ਜੁਲਾਈ ਨੂੰ ਹੋਇਆ ਸੀ,ਇਸ ਲਈ ਦਲੀਪ ਨੂੰ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ ਪਹਿਲੇ ਓਲੰਪੀਅਨ ਹੋਣ ਦਾ ਮਾਣ ਪ੍ਰਾਪਤ ਹੋਇਆ।

1924 ਦੀਆਂ ਖੇਡਾਂ ਵਿੱਚ ਦੋ ਸਿੱਖਾਂ ਨੇ ਹਿੱਸਾ ਲਿਆ ਸੀ, ਪੰਜਾਬ ਤੋਂ ਦਲੀਪ ਸਿੰਘ ਅਤੇ ਸੰਯੁਕਤ ਪ੍ਰਾਂਤ (ਹੁਣ ਉੱਤਰ ਪ੍ਰਦੇਸ਼) ਤੋਂ ਪਾਲਾ ਸਿੰਘ ਸ਼ਾਮਲ ਸਨ।

ਸਿੱਟੇ ਵਜੋਂ, ਦਲੀਪ ਸਿੰਘ ਪੰਜਾਬ ਤੋਂ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਸਿੱਖ ਵੀ ਸਨ।

ਦਲੀਪ ਸਿੰਘ ਨੂੰ ਪੰਜਾਬ ਵੱਲੋਂ ਦੋ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਪਹਿਲੇ ਖਿਡਾਰੀ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ, ਜਦੋਂ ਉਨ੍ਹਾਂ ਨੂੰ 1928 ਦੀਆਂ ਐਮਸਟਰਡਮ ਉਲੰਪਿਕ ਖੇਡਾਂ ਲਈ ਚੁਣਿਆ ਗਿਆ।

ਰਜਿੰਦਰ ਪ੍ਰਸ਼ਾਦ ਨਾਲ ਓਲੰਪੀਅਨ ਦਲੀਪ ਸਿੰਘ
ਤਸਵੀਰ ਕੈਪਸ਼ਨ, ਮਰਹੂਮ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸ਼ਾਦ ਨਾਲ ਓਲੰਪੀਅਨ ਦਲੀਪ ਸਿੰਘ

ਪਹਿਲੀਆਂ ਏਸ਼ਿਆਈ ਖੇਡਾਂ ਦੇ ਮਸ਼ਾਲਧਾਰੀ

1948 ਵਿੱਚ ਆਜ਼ਾਦੀ ਤੋਂ ਬਾਅਦ ਪਟਿਆਲਾ ਸਟੇਟ ਫੋਰਸਿਜ਼ ਦਾ ਭਾਰਤੀ ਫੌਜ ਵਿੱਚ ਰਲੇਵਾਂ ਹੋ ਗਿਆ ਅਤੇ ਬ੍ਰਿਗੇਡੀਅਰ ਦਲੀਪ ਸਿੰਘ ਦੀ ਮੂਲ ਰੈਜੀਮੈਂਟ, ਫਸਟ ਪਟਿਆਲਾ ਨੂੰ 15 ਪੰਜਾਬ ਵਜੋਂ ਪੁਨਰਗਠਿਤ ਕੀਤਾ ਗਿਆ।

ਭਾਰਤੀ ਫੌਜ ਵਿੱਚ ਸੇਵਾ ਨਿਭਾ ਰਹੇ ਬ੍ਰਿਗੇਡੀਅਰ ਵਜੋਂ ਦਲੀਪ ਸਿੰਘ ਨੂੰ ਪਹਿਲੀਆਂ ਏਸ਼ਿਆਈ ਖੇਡਾਂ ਦੀ ਮਸ਼ਾਲ ਨੂੰ ਨਵੀਂ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਲਿਜਾਣ ਦਾ ਮਾਣ ਪ੍ਰਾਪਤ ਹੋਇਆ।

ਉਨ੍ਹਾਂ ਨੇ ਸਿੰਡਰ ਟ੍ਰੈਕ ਦਾ ਇੱਕ ਚੱਕਰ ਪੂਰਾ ਕੀਤਾ, 52 ਪੌੜੀਆਂ ਚੜ੍ਹੇ (ਜੋ ਉਸ ਸਮੇਂ ਉਨ੍ਹਾਂ ਦੀ ਉਮਰ ਨੂੰ ਦਰਸਾਉਂਦੇ ਸਨ) ਅਤੇ ਮਾਰਚ 1951 ਵਿੱਚ ਕਰਵਾਈਆਂ ਮਹਾਂਦੀਪੀ ਖੇਡਾਂ ਦੇ ਉਦਘਾਟਨੀ ਸਮਾਗਮ ਲਈ ਮਸ਼ਾਲ ਜਗਾਈ ਜੋ ਨਵੇਂ ਸੁਤੰਤਰ ਦੇਸ਼ ਦੀ ਖੇਡਾਂ ਪ੍ਰਤੀ ਵਚਨਬੱਧਤਾ ਦਾ ਐਲਾਨ ਸੀ।

ਦਲੀਪ ਸਿੰਘ ਦੀ ਸਭ ਤੋਂ ਵੱਡੀ ਪੋਤੀ 64 ਸਾਲਾ ਇੰਤੂ ਘੁੰਮਣ ਨੇ ਕਿਹਾ, “ਭਾਵੇਂ ਅਸੀਂ ਪਹਿਲੀਆਂ ਏਸ਼ੀਅਨ ਖੇਡਾਂ ਵੇਲੇ ਪੈਦਾ ਨਹੀਂ ਹੋਈਆਂ ਸੀ, ਪਰ ਸਾਡੇ ਪਿਤਾ ਮਰਹੂਮ ਬਾਲਕ੍ਰਿਸ਼ਨ ਸਿੰਘ ਦੱਸਦੇ ਸਨ ਕਿ ਜਦੋਂ ਬ੍ਰਿਗੇਡੀਅਰ ਦਲੀਪ ਸਿੰਘ ਏਸ਼ੀਅਨ ਖੇਡਾਂ ਦੀ ਮਸ਼ਾਲ ਲੈ ਕੇ ਨੈਸ਼ਨਲ ਸਟੇਡੀਅਮ ਵਿੱਚ ਦਾਖਲ ਹੋਏ ਤਾਂ ਪੂਰਾ ਸਟੇਡੀਅਮ ਤਾੜੀਆਂ ਨਾਲ ਗੂੰਜ ਉੱਠਿਆ ਅਤੇ ਦਰਸ਼ਕ ਖੜ੍ਹੇ ਹੋ ਕੇ ਉਨ੍ਹਾਂ ਦੇ ਸਵਾਗਤ ਵਿੱਚ ਤਾੜੀਆਂ ਮਾਰਨ ਲੱਗੇ।”

‘‘ਮੈਂ ਅਜੇ ਵੀ ਉਸ ਦ੍ਰਿਸ਼ ਦੀ ਕਲਪਨਾ ਕਰਦੇ ਹੋਏ ਬਹੁਤ ਖੁਸ਼ ਹੋ ਜਾਂਦੀ ਹਾਂ। ਕਿਸੇ ਐਥਲੀਟ ਲਈ ਅਜਿਹਾ ਵੱਕਾਰੀ ਸਨਮਾਨ ਪ੍ਰਾਪਤ ਕਰਨ ਕਿੰਨਾ ਰੁਮਾਂਚਕ ਪਲ ਰਿਹਾ ਹੋਵੇਗਾ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ।’’

ਇਹ ਵੀ ਪੜ੍ਹੋ-

ਭਾਰਤ ਦੇ ਪਹਿਲੇ ਓਲੰਪੀਅਨ ਪਿਓ-ਪੁੱਤ

ਬਾਲਕ੍ਰਿਸ਼ਨ ਤੇ ਉਨ੍ਹਾਂ ਪਿਤਾ ਦਲੀਪ ਸਿੰਘ
ਤਸਵੀਰ ਕੈਪਸ਼ਨ, ਰੇਡੀਓ ਉੱਤੇ ਕੁਮੈਂਟਰੀ ਸੁਣਦੇ ਹੋਏ ਬਾਲਕ੍ਰਿਸ਼ਨ ਤੇ ਉਨ੍ਹਾਂ ਪਿਤਾ ਦਲੀਪ ਸਿੰਘ

ਆਪਣੀ ਵਿਰਾਸਤ ਵਿੱਚ ਇੱਕ ਹੋਰ ਮੀਲ ਪੱਥਰ ਜੋੜਦੇ ਹੋਏ, ਦਲੀਪ ਸਿੰਘ ਅਤੇ ਉਨ੍ਹਾਂ ਦਾ ਇਕਲੌਤਾ ਪੁੱਤਰ ਬਾਲਕ੍ਰਿਸ਼ਨ ਸਿੰਘ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਭਾਰਤ ਦੇ ਪਹਿਲੀ ਪਿਓ-ਪੁੱਤ ਦੀ ਜੋੜੀ ਬਣ ਗਈ।

ਆਪਣੇ ਪਿਤਾ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਬਾਲਕ੍ਰਿਸ਼ਨ ਸਿੰਘ ਨੇ ਪੰਜਾਬ ਯੂਨੀਵਰਸਿਟੀ ਵਿੱਚ ਐਥਲੈਟਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਉਹ ਲੰਬੀ ਛਾਲ ਅਤੇ ਤੀਹਰੀ ਛਾਲ (ਟ੍ਰਿਪਲ ਜੰਪ) ਵਿੱਚ ਯੂਨੀਵਰਸਿਟੀ ਚੈਂਪੀਅਨ ਬਣੇ ਅਤੇ 1951-52 ਵਿੱਚ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਟ੍ਰਿਪਲ ਜੰਪ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। ਹਾਲਾਂਕਿ, ਉਨ੍ਹਾਂ ਨੇ ਹਾਕੀ ਵਿੱਚ ਆਪਣਾ ਓਲੰਪਿਕ ਬਲੇਜ਼ਰ ਹਾਸਲ ਕੀਤਾ।

ਬਾਲਕ੍ਰਿਸ਼ਨ ਭਾਰਤੀ ਪੁਰਸ਼ ਹਾਕੀ ਟੀਮ ਦੇ ਮੈਂਬਰ ਸਨ ਜਿਨ੍ਹਾਂ ਨੇ 1956 ਓਲੰਪਿਕ ਵਿੱਚ ਸੋਨੇ ਦਾ ਅਤੇ 1960 ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

ਦਲੀਪ ਸਿੰਘ ਨੇ 1924 ਅਤੇ 1928 ਦੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ, ਜਦੋਂ ਕਿ ਉਨ੍ਹਾਂ ਦੇ ਪੁੱਤਰ ਬਾਲਕ੍ਰਿਸ਼ਨ ਨੇ 1956 ਅਤੇ 1960 ਦੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਇਸ ਨਾਲ ਉਨ੍ਹਾਂ ਨੇ ਭਾਰਤ ਦੀ ਪਹਿਲੀ ਪਿਤਾ-ਪੁੱਤਰ ਓਲੰਪਿਕ ਵਿਰਾਸਤ ਦੀ ਸਥਾਪਨਾ ਕੀਤੀ।

ਬਾਅਦ ਵਿੱਚ ਬਾਲਕ੍ਰਿਸ਼ਨ ਨੇ ਕੋਚਿੰਗ ਵੱਲ ਰੁਖ਼ ਕਰ ਲਿਆ ਅਤੇ ਖਿਡਾਰੀ ਤੇ ਕੋਚ ਦੋਵਾਂ ਦੇ ਰੂਪ ਵਿੱਚ ਓਲੰਪਿਕ ਵਿੱਚ ਸੋਨੇ ਦਾ ਮੈਡਲ ਜਿੱਤਣ ਵਾਲੇ ਇਕਲੌਤੇ ਭਾਰਤੀ ਖਿਡਾਰੀ ਬਣ ਗਏ।

ਉਨ੍ਹਾਂ ਨੇ 1980 ਦੇ ਮਾਸਕੋ ਓਲੰਪਿਕ ਵਿੱਚ ਕੋਚ ਵਜੋਂ ਭਾਰਤੀ ਪੁਰਸ਼ ਹਾਕੀ ਟੀਮ ਨੂੰ ਸੋਨ ਤਗ਼ਮਾ ਦਿਵਾਇਆ।

ਉਨ੍ਹਾਂ ਨੇ ਆਸਟ੍ਰੇਲੀਆ ਦੀ ਹਾਕੀ ਦੇ ਹੁਨਰ ਨੂੰ ਵਧਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ। 1967 ਵਿੱਚ ਉਨ੍ਹਾਂ ਨੇ ਹਾਕੀ ਦਾ ਗਿਆਨ ਦੇਣ ਲਈ ਆਸਟ੍ਰੇਲੀਆ ਵਿੱਚ ਪੰਜ ਮਹੀਨੇ ਬਿਤਾਏ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਫਰੇਜ਼ਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨਾਲ ਮੁਲਾਕਾਤ ਦੌਰਾਨ ਬਾਲਕ੍ਰਿਸ਼ਨ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

ਬਾਲਕ੍ਰਿਸ਼ਨ ਨੇ ਭਾਰਤੀ ਮਹਿਲਾ ਹਾਕੀ ਦੇ ਵਿਕਾਸ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ 1982 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਲਈ ਲੜਕੀਆਂ ਨੂੰ ਕੋਚਿੰਗ ਦਿੱਤੀ।

ਈਨੂੰ ਤੇ
ਤਸਵੀਰ ਕੈਪਸ਼ਨ, ਓਲੰਪੀਅਨ ਦਲੀਪ ਸਿੰਘ ਦੀਆਂ ਪੋਤੀਆਂ ਇੰਤੂ ਤੇ ਹਰੀਨਾ

ਖੇਡ ਜਗਤ ਵਿੱਚ ਸ਼ਾਨ

“ਸਾਡੇ ਦਾਦਾ ਜੀ ਅਤੇ ਪਿਤਾ ਜੀ ਆਪਣੇ ਆਪ ਵਿੱਚ ਮਹਾਨ ਸਨ। ਉਨ੍ਹਾਂ ਦੀ ਵਜ੍ਹਾ ਨਾਲ ਅਸੀਂ ਹੋਰ ਖੇਡਾਂ ਦੇ ਮਹਾਨ ਖਿਡਾਰੀਆਂ ਨਾਲ ਗੱਲਬਾਤ ਕਰਦੇ ਹੋਏ ਵੱਡੇ ਹੋਏ ਹਾਂ।”

“1961 ਵਿੱਚ, ਜਦੋਂ ਪਟਿਆਲਾ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐੱਨਆਈਐੱਸ) ਦੀ ਸਥਾਪਨਾ ਕੀਤੀ ਗਈ, ਤਾਂ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਨੇ ਮੁੱਖ ਕੋਚ ਦੀ ਭੂਮਿਕਾ ਨਿਭਾਈ।”

‘‘ਮੇਰੇ ਪਿਤਾ ਬਾਲਕ੍ਰਿਸ਼ਨ ਨੇ ਉਨ੍ਹਾਂ ਦੇ ਅਧੀਨ ਆਪਣਾ ਕੋਚਿੰਗ ਡਿਪਲੋਮਾ ਪੂਰਾ ਕੀਤਾ ਅਤੇ ਬਾਅਦ ਵਿੱਚ ਫੈਕਲਟੀ ਵਜੋਂ ਐੱਨਆਈਐੱਸ ਵਿੱਚ ਸ਼ਾਮਲ ਹੋ ਗਏ। ਕਿਉਂਕਿ ਧਿਆਨ ਚੰਦ ਅਤੇ ਦਲੀਪ ਸਿੰਘ 1928 ਦੇ ਓਲੰਪਿਕ ਦਲ ਦਾ ਹਿੱਸਾ ਸਨ, ਇਸ ਲਈ ਧਿਆਨ ਚੰਦ ਦਾ ਸਾਡੇ ਦਾਦਾ ਜੀ ਨੂੰ ਮਿਲਣ ਜਾਣਾ ਇੱਕ ਰੁਟੀਨ ਬਣ ਗਈ ਸੀ।”

‘‘ਉਹ ਅਕਸਰ ਰੇਡੀਓ ’ਤੇ ਇਕੱਠੇ ਖੇਡਾਂ ਦੀ ਕੁਮੈਂਟਰੀ ਸੁਣਦੇ ਸਨ। ਅਸੀਂ ਧਿਆਨ ਚੰਦ ਦੇ ਇੰਨੇ ਕਰੀਬ ਸੀ ਕਿ ਅਸੀਂ ਉਨ੍ਹਾਂ ਨੂੰ ‘ਦਾਦਾ ਜੀ’ ਕਹਿ ਕੇ ਬੁਲਾਉਂਦੇ ਸੀ ਅਤੇ ਉਨ੍ਹਾਂ ਨੇ ਮੇਰੀ ਸਭ ਤੋਂ ਛੋਟੀ ਭੈਣ ਦਾ ਨਾਂ ਵੀ ਮੀਨੂ ਰੱਖਿਆ ਸੀ, ਜਿਸ ਦਾ ਜਨਮ 1968 ’ਚ ਹੋਇਆ ਸੀ ਅਤੇ ਉਹ ਇਸ ਸਮੇਂ ਨਿਊਜ਼ੀਲੈਂਡ ’ਚ ਰਹਿੰਦੀ ਹੈ।’’

“ਫੌਜ ਨਾਲ ਜੁੜੇ ਹੋਣ ਕਾਰਨ ਮਿਲਖਾ ਸਿੰਘ ਮੇਰੇ ਦਾਦਾ ਜੀ ਦੇ ਬਹੁਤ ਨੇੜੇ ਸਨ ਅਤੇ ਕਦੇ-ਕਦੇ ਉਹ ਮੇਰੇ ਪਿਤਾ ਜੀ ਬਾਲਕ੍ਰਿਸ਼ਨ ਨਾਲ ਸਿਖਲਾਈ ਲੈਂਦੇ ਸਨ, ਜੋ ਮਿਲਖਾ ਸਿੰਘ ਦੇ ਨਾਲ 1956 ਅਤੇ 1960 ਦੀਆ ਓਲੰਪਿਕ ਖੇਡਾਂ ਵਿੱਚ ਭਾਰਤੀ ਦਲ ਦਾ ਹਿੱਸਾ ਸਨ।

‘‘ਕਦੇ-ਕਦੇ ਮੈਨੂੰ ਦੁੱਖ ਹੁੰਦਾ ਹੈ ਕਿ ਸਾਡੇ ਬੱਚੇ ਆਪਣੇ ਪੜਨਾਨਾ ਦਲੀਪ ਸਿੰਘ ਨੂੰ ਨਹੀਂ ਮਿਲ ਸਕੇ, ਕਿਉਂਕਿ ਉਨ੍ਹਾਂ ਦਾ 12 ਮਈ 1975 ਨੂੰ ਦੇਹਾਂਤ ਹੋ ਗਿਆ ਸੀ।”

ਦਲੀਪ ਸਿੰਘ ਦੀਆਂ ਤਿੰਨ ਪੋਤੀਆਂ, ਇੰਤੂ, ਹਰੀਨਾ ਅਤੇ ਮੀਨੂ ਨੇ ਲਾਅਨ ਟੈਨਿਸ ਵਿੱਚ ਰਾਸ਼ਟਰੀ ਪੱਧਰ 'ਤੇ ਪੰਜਾਬ ਦੀ ਨੁਮਾਇੰਦਗੀ ਕੀਤੀ ਹੈ।

ਇੰਤੂ ਨੇ ਦੱਸਿਆ, “ਮੈਂ ਐਥਲੈਟਿਕਸ ਵਿੱਚ ਚੰਗੀ ਸੀ ਅਤੇ ਸਕੂਲ ਵਿੱਚ ਆਪਣੇ ਸਮੇਂ ਦੌਰਾਨ ਸਰਵੋਤਮ ਐਥਲੀਟ ਦਾ ਪੁਰਸਕਾਰ ਵੀ ਜਿੱਤਿਆ ਸੀ (ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ)। ਮੈਂ ਇੱਕ ਨਿਪੁੰਨ ਤੈਰਾਕ ਵੀ ਸੀ।”

‘‘ਹਾਲਾਂਕਿ, ਜਿਵੇਂ-ਜਿਵੇਂ ਅਸੀਂ ਵੱਡੇ ਹੋਏ, ਲਗਭਗ ਨੌਂ ਸਾਲਾਂ ਦੀ ਉਮਰ ਵਿੱਚ ਮੇਰੇ ਪਰਿਵਾਰ ਨੇ ਮੈਨੂੰ ਤੈਰਾਕੀ ਤੋਂ ਦੂਰ ਕਰ ਦਿੱਤਾ। ਅਜਿਹਾ ਲੱਗਦਾ ਹੈ ਕਿ ਮੇਰੇ ਪਿਤਾ ਜੀ ਅਤੇ ਦਾਦਾ ਜੀ ਨਹੀਂ ਚਾਹੁੰਦੇ ਸਨ ਕਿ ਸਾਡੇ ਪਰਿਵਾਰ ਦੀਆਂ ਕੁੜੀਆਂ ਐਥਲੈਟਿਕਸ ਵਿੱਚ ਅੱਗੇ ਵਧਣ, ਇਸ ਲਈ ਸਾਨੂੰ ਲਾਅਨ ਟੈਨਿਸ ਖੇਡਣ ਲਈ ਉਤਸ਼ਾਹਿਤ ਕੀਤਾ ਗਿਆ।”

ਇੰਤੂ ਨੇ ਅੱਗੇ ਕਿਹਾ, ‘‘ਅਸੀਂ ਤਿੰਨਾਂ ਨੇ ਰਾਸ਼ਟਰੀ ਪੱਧਰ 'ਤੇ ਪੰਜਾਬ ਦੀ ਨੁਮਾਇੰਦਗੀ ਕੀਤੀ ਅਤੇ ਰਾਸ਼ਟਰੀ ਮਹਿਲਾ ਖੇਡ ਮੇਲਿਆਂ ’ਚ ਸਫਲਤਾ ਹਾਸਲ ਕੀਤੀ।”

“ਪਰ ਮੈਨੂੰ ਕੁਝ ਪਛਤਾਵਾ ਹੈ; ਜੇਕਰ ਮੈਨੂੰ ਐਥਲੈਟਿਕਸ ਵਿੱਚ ਕਰੀਅਰ ਬਣਾਉਣ ਦਾ ਮੌਕਾ ਦਿੱਤਾ ਜਾਂਦਾ, ਤਾਂ ਮੈਂ ਆਪਣੇ ਦਾਦਾ ਜੀ ਦੇ ਨਕਸ਼ੇ-ਕਦਮਾਂ 'ਤੇ ਚੱਲਦੀ।’’

ਇੰਤੂ ਦਾ ਪੁੱਤ, ਬਲਪ੍ਰੀਤ ਘੁੰਮਣ ਗੋਲਫ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕਾ ਹੈ ਅਤੇ ਵਰਤਮਾਨ ਸਮੇਂ ਬਾਗਬਾਨੀ ਮਾਹਿਰ ਦੇ ਤੌਰ 'ਤੇ ਕੰਮ ਕਰਦਾ ਹੈ।

ਸ਼ੋਅਕੇਸ
ਤਸਵੀਰ ਕੈਪਸ਼ਨ, ਘਰ ਵਿੱਚ ਦਲੀਪ ਸਿੰਘ ਤੇ ਬਾਲਕ੍ਰਿਸ਼ਨ ਦੇ ਮੈਡਲ ਸੰਭਾਲੀ ਬੈਠਾ ਸ਼ੋਅਕੇਸ

ਦੂਜੇ ਵਿਸ਼ਵ ਯੁੱਧ ਦੌਰਾਨ ਲਾਪਤਾ ਹੋਏ

ਦਲੀਪ ਸਿੰਘ ਨੇ ਆਪਣੇ ਕੌਮਾਂਤਰੀ ਖੇਡ ਕਰੀਅਰ ਦੀ ਸ਼ੁਰੂਆਤ ਇੱਕ ਸੈਨਿਕ ਦੇ ਰੂਪ ਵਿੱਚ 1924 ਓਲੰਪਿਕ ਤੋਂ ਪਹਿਲਾਂ ਫਸਟ ਪਟਿਆਲਾ ਇਨਫੈਂਟਰੀ ਵਿੱਚ ਇੱਕ ਸੈਨਿਕ ਵਜੋਂ ਨੌਕਰੀ ਕਰਦਿਆਂ ਕੀਤੀ।

ਓਲੰਪਿਕ ਵਿੱਚ ਭਾਗ ਲੈਣ ਤੋਂ ਬਾਅਦ ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਫੌਜ ਲਈ ਲੜਦੇ ਹੋਏ ਫੌਜੀ ਗਤੀਵਿਧੀਆਂ ਵਿੱਚ ਆਪਣੀ ਸ਼ਮੂਲੀਅਤ ਜਾਰੀ ਰੱਖੀ।

ਦੂਜੇ ਵਿਸ਼ਵ ਯੁੱਧ ਦੌਰਾਨ ਉਹ ਮੇਜਰ ਦੇ ਅਹੁਦੇ ’ਤੇ ਸਨ ਅਤੇ ਜੂਨ 1939 ਤੋਂ ਅਪ੍ਰੈਲ 1942 ਤੱਕ ਉੱਤਰੀ ਪੱਛਮੀ ਸਰਹੱਦੀ ਸੂਬੇ, ਜੋ ਹੁਣ ਪਾਕਿਸਤਾਨ ਦਾ ਹਿੱਸਾ ਹੈ, ਵਿੱਚ ਤਾਇਨਾਤ ਸਨ।

ਇਸ ਤੋਂ ਬਾਅਦ, ਉਨ੍ਹਾਂ ਨੂੰ ਅਸਾਮ-ਬਰਮਾ ਮੋਰਚੇ ’ਤੇ ਤਾਇਨਾਤ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਤੀਬਰ ਲੜਾਈ ਦਾ ਅਨੁਭਵ ਕੀਤਾ।

6 ਅਪ੍ਰੈਲ, 1944 ਨੂੰ, ਇੱਕ ਫੌਜੀ ਮੁੱਠਭੇੜ ਦੌਰਾਨ, ਉਨ੍ਹਾਂ ਨੇ ਆਪਣੀ ਯੂਨਿਟ ਦੇ ਕਈ ਮੈਂਬਰਾਂ ਨੂੰ ਗੁਆ ਦਿੱਤਾ ਅਤੇ ਕਈ ਜ਼ਖ਼ਮੀ ਹੋ ਗਏ।

ਦੂਜੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਦੀ ਮਿਸਾਲੀ ਸੇਵਾ ਦੇ ਸਨਮਾਨ ਵਿੱਚ ਉਨ੍ਹਾਂ ਦਾ ਦੋ ਵਾਰ 'ਡਿਸਪੈਚਾਂ ਵਿੱਚ ਜ਼ਿਕਰ ਕੀਤਾ ਗਿਆ' ਅਤੇ 8 ਫਰਵਰੀ 1945 ਨੂੰ ਉਨ੍ਹਾਂ ਨੂੰ ਬ੍ਰਿਟਿਸ਼ ਸਾਮਰਾਜ ਦਾ ਸਭ ਤੋਂ ਉੱਤਮ ਸਨਮਾਨ ਪ੍ਰਦਾਨ ਕੀਤਾ ਗਿਆ।

ਕਿੰਗ ਜਾਰਜ ਛੇਵੇਂ ਦੁਆਰਾ ਮਿਲਟਰੀ ਸਨਮਾਨ ਲਈ ਉਨ੍ਹਾਂ ਦੇ ਪ੍ਰਸੰਸਾ ਪੱਤਰ ਵਿੱਚ ਲਿਖਿਆ ਗਿਆ ਹੈ, "ਮੇਜਰ ਦਲੀਪ ਸਿੰਘ ਨੂੰ ਸਨਮਾਨ ਵਜੋਂ ਬ੍ਰਿਟਿਸ਼ ਸਾਮਰਾਜ ਦੀ ਮਿਲਟਰੀ ਡਿਵੀਜ਼ਨ ਦਾ ਵਧੀਕ ਮੈਂਬਰ ਐਲਾਨਿਆ ਜਾਂਦਾ ਹੈ।’’

ਹਰੀਨਾ ਦੱਸਦੇ ਹਨ, “ਦੂਜੇ ਵਿਸ਼ਵ ਯੁੱਧ ਦੌਰਾਨ ਬਰਮਾ ਮੁਹਿੰਮ ਦੌਰਾਨ ਬ੍ਰਿਗੇਡੀਅਰ ਦਲੀਪ ਸਿੰਘ, ਜੋ ਉਸ ਸਮੇਂ ਮੇਜਰ ਸਨ, ਕੁਝ ਮਹੀਨਿਆਂ ਲਈ ਲਾਪਤਾ ਰਹੇ ਸਨ ਅਤੇ ਪਟਿਆਲਾ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਡਰ ਸੀ ਕਿ ਉਹ ਯੁੱਧ ਵਿੱਚ ਮਾਰੇ ਗਏ ਹੋਣਗੇ।”

‘‘ਜਦੋਂ ਉਹ ਆਪਣੀ ਯੂਨਿਟ ਦੇ ਨਾਲ ਸਨ, ਉਦੋਂ ਉਨ੍ਹਾਂ ’ਤੇ ਬੰਬ ਸੁੱਟੇ ਗਏ। ਹਾਲਾਂਕਿ ਉਨ੍ਹਾਂ ਦੇ ਨਾਲ ਖੜ੍ਹੇ ਇੱਕ ਸਾਥੀ ਅਫ਼ਸਰ ਦੇ ਸਿਰ ਵਿੱਚ ਛੱਰੇ ਲੱਗੇ, ਦਲੀਪ ਸਿੰਘ ਵੀ ਜ਼ਖਮੀ ਹੋ ਗਏ, ਖੁਸ਼ਕਿਸਮਤੀ ਨਾਲ ਉਨ੍ਹਾਂ ਦੀਆਂ ਲੱਤਾਂ ’ਤੇ ਛੱਰੇ ਲੱਗੇ।”

‘‘ਹੋ ਸਕਦਾ ਹੈ ਕਿ ਉਨ੍ਹਾਂ ਦੀ ਮੌਤ ਦੀ ਗਲਤ ਰਿਪੋਰਟ ਦਿੱਤੀ ਗਈ ਹੋਵੇ। ਉਹ ਖੁਸ਼ਕਿਸਮਤ ਸਨ ਕਿ ਉਨ੍ਹਾਂ ਦੀਆਂ ਸੱਟਾਂ ਘਾਤਕ ਨਹੀਂ ਸਨ, ਅਤੇ ਕੁਝ ਮਹੀਨਿਆਂ ਬਾਅਦ ਪਰਿਵਾਰ ਨੂੰ ਉਨ੍ਹਾਂ ਦੀ ਤੰਦਰੁਸਤੀ ਦੀ ਖ਼ਬਰ ਮਿਲੀ।’’

ਲਾਹੌਰ: ਸਿੱਖਿਆ ਅਤੇ ਖੇਡਾਂ ਦਾ ਕੇਂਦਰ

ਲੁਧਿਆਣਾ ਦੇ ਰਹਿਣ ਵਾਲੇ ਦਲੀਪ ਸਿੰਘ ਨੇ 1914 ਵਿੱਚ ਸ਼ਹਿਰ ਦੇ ਮਿਸ਼ਨ ਸਕੂਲ ਤੋਂ ਆਪਣੀ ਮੈਟ੍ਰਿਕ ਪੂਰੀ ਕੀਤੀ। ਉੱਚ ਸਿੱਖਿਆ ਲਈ, ਉਹ ਲਾਹੌਰ ਚਲੇ ਗਏ, ਜਿੱਥੇ ਉਨ੍ਹਾਂ ਨੇ ਬੈਚਲਰ ਆਫ ਆਰਟਸ (ਬੀ.ਏ.) ਦੀ ਡਿਗਰੀ ਹਾਸਲ ਕਰਨ ਲਈ ਫੋਰਮੈਨ ਕ੍ਰਿਸਚੀਅਨ ਕਾਲਜ ਵਿੱਚ ਦਾਖਲਾ ਲਿਆ।

ਉਨ੍ਹਾਂ ਨੇ 1920 (1918-20 ਦੇ ਬੈਚ) ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ ਵਿੱਚ ਲਾਹੌਰ ਦੇ ਲਾਅ ਕਾਲਜ ਵਿੱਚ ਦਾਖਲਾ ਲਿਆ ਜਿੱਥੇ ਉਨ੍ਹਾਂ ਨੇ 1924 ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ।

ਲਾਹੌਰ ਵਿੱਚ ਬਿਤਾਏ ਸਮੇਂ ਨੇ ਉਨ੍ਹਾਂ ਨੂੰ ਇੱਕ ਪ੍ਰਤੀਯੋਗੀ ਖੇਡ ਮੰਚ ਪ੍ਰਦਾਨ ਕੀਤਾ। ਹਾਲਾਂਕਿ ਆਲ ਇੰਡੀਆ ਇੰਟਰ-ਯੂਨੀਵਰਸਿਟੀ ਟੂਰਨਾਮੈਂਟ ਅਜੇ ਸ਼ੁਰੂ ਨਹੀਂ ਹੋਇਆ ਸੀ, ਪਰ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਅੰਤਰ-ਕਾਲਜ ਮੁਕਾਬਲਿਆਂ ਵਿੱਚ ਐਥਲੈਟਿਕਸ ਦੇ ਖੇਤਰ ਵਿੱਚ ਆਪਣਾ ਦਬਦਬਾ ਬਣਾਇਆ।

ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਦੌਰਾਨ, ਪੰਜਾਬ ਯੂਨੀਵਰਸਿਟੀ ਖੇਡਾਂ ਦੇ ਇੱਕ ਕੇਂਦਰ ਵਜੋਂ ਕੰਮ ਕਰਦੀ ਸੀ, ਅਤੇ ਦਲੀਪ ਸਿੰਘ 100 ਗਜ਼, 200 ਗਜ਼, 440 ਗਜ਼ ਲੰਬੀ ਛਾਲ ਅਤੇ 120 ਗਜ਼ ਦੀ ਅੜਿਕਾ ਦੌੜ ਵਰਗੇ ਖੇਡ ਮੁਕਾਬਲਿਆਂ ਵਿੱਚ ਨਿਰਵਿਵਾਦ ਚੈਂਪੀਅਨ ਵਜੋਂ ਉੱਭਰੇ, ਜਿਸ ਨਾਲ ਉਨ੍ਹਾਂ ਦੇ ਕਾਲਜ ਨੂੰ ਰਿਲੇਅ ਦੌੜ ਵਿੱਚ ਜਿੱਤ ਮਿਲੀ।

ਇਸ ਤੋਂ ਇਲਾਵਾ, ਉਨ੍ਹਾਂ ਨੇ ਕਾਲਜ ਕ੍ਰਿਕਟ ਟੀਮ ਦੀ ਕਪਤਾਨੀ ਵੀ ਕੀਤੀ।

ਪੰਜਾਬ ਯੂਨੀਵਰਸਿਟੀ ਦੇ ਇੱਕ ਹੋਰ ਵਿਦਿਆਰਥੀ ਮੁਹੰਮਦ ਸਲੀਮ (ਲਾਅਨ ਟੈਨਿਸ) ਜੋ ਸਰਕਾਰੀ ਕਾਲਜ, ਲਾਹੌਰ ਵਿੱਚ ਪੜ੍ਹਦੇ ਸਨ, ਨਾਲ ਦਲੀਪ ਸਿੰਘ ਨੇ 1924 ਦੀਆਂ ਪੈਰਿਸ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ।

ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਪੈਰਿਸ ਵਿੱਚ ਪ੍ਰੋਗਰਾਮਾਂ ਦੀ ਸਮਾਂ-ਸਾਰਣੀ ਦੇ ਕਾਰਨ, ਦਲੀਪ ਸਿੰਘ ਦਾ ਲੰਬੀ ਛਾਲ ਦਾ ਮੁਕਾਬਲਾ ਸਭ ਤੋਂ ਪਹਿਲਾਂ ਹੋਇਆ, ਜਿਸ ਨਾਲ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਤੋਂ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਖਿਡਾਰੀ ਹੋਣ ਦਾ ਮਾਣ ਪ੍ਰਾਪਤ ਹੋਇਆ।

ਹਰੀਨਾ ਦੱਸਦੇ ਹਨ, “ਮੇਰੇ ਦਾਦਾ ਜੀ ਪਟਿਆਲਾ ਆਰਮੀ ਵਿੱਚ ਭਰਤੀ ਹੋਏ, ਇਸ ਲਈ ਉਹ ਪਟਿਆਲੇ ਚਲੇ ਗਏ। ਹਾਲਾਂਕਿ, ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਵਿੱਚ ਲਾਹੌਰ ਸਿੱਖਿਆ ਅਤੇ ਖੇਡਾਂ ਦਾ ਕੇਂਦਰ ਸੀ, ਇਸ ਲਈ ਉਨ੍ਹਾਂ ਨੇ ਸਾਡੇ ਪਿਤਾ ਬਾਲਕ੍ਰਿਸ਼ਨ ਨੂੰ 1947 ਦੇ ਸ਼ੁਰੂ ਵਿੱਚ ਪੜ੍ਹਾਈ ਲਈ ਲਾਹੌਰ ਭੇਜਿਆ।

‘‘ਹਾਲਾਂਕਿ, ਕੁਝ ਮਹੀਨਿਆਂ ਬਾਅਦ ਭਾਰਤ ਨੂੰ ਆਜ਼ਾਦੀ ਮਿਲ ਕਈ ਅਤੇ ਵੰਡ ਦੇ ਕਾਰਨ ਲਾਹੌਰ ਨਵੇਂ ਬਣੇ ਪਾਕਿਸਤਾਨ ਦਾ ਹਿੱਸਾ ਬਣ ਗਿਆ।”

‘‘ਵੰਡ ਦੌਰਾਨ ਦਲੀਪ ਸਿੰਘ, ਜੋ ਉਸ ਸਮੇਂ ਕਰਨਲ ਸਨ, ਸਰਹੱਦ 'ਤੇ ਤਾਇਨਾਤ ਸਨ। ਲਾਹੌਰ ਵਿੱਚ ਪੁਲਿਸ ਦੇ ਇੰਸਪੈਕਟਰ ਜਨਰਲ ਵਜੋਂ ਕੰਮ ਕਰਨ ਵਾਲੇ ਇੱਕ ਦੋਸਤ ਦੀ ਬਦੌਲਤ ਬਾਲਕ੍ਰਿਸ਼ਨ ਲਾਹੌਰ ਤੋਂ ਭਾਰਤ ਲਈ ਆਖਰੀ ਰੇਲਗੱਡੀ ਵਿੱਚ ਸਵਾਰ ਹੋਣ ਵਿੱਚ ਕਾਮਯਾਬ ਰਹੇ।’’

ਇੰਤੂ ਦੱਸਦੇ ਹਨ, “ਮੇਰੇ ਪਿਤਾ ਜੀ ਨੂੰ ਲਾਹੌਰ ਦੇ ਐੱਫਸੀ ਕਾਲਜ ਵਿੱਚ ਭੇਜਣ ਤੋਂ ਪਹਿਲਾਂ, ਦਲੀਪ ਸਿੰਘ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਕਾਲਜ ਵਿੱਚ ਵੀ ਉਸ ਤਰ੍ਹਾਂ ਦਾ ਸਨਮਾਨ ਹਾਸਲ ਕਰਨ ਜਿਵੇਂ ਕਿ ਉਨ੍ਹਾਂ ਨੇ ਖੇਡਾਂ ਜ਼ਰੀਏ ਕੀਤਾ ਹੈ। ਬਦਕਿਸਮਤੀ ਨਾਲ ਵੰਡ ਦੇ ਕਾਰਨ ਬਾਲਕ੍ਰਿਸ਼ਨ ਐੱਫਸੀ ਕਾਲਜ ਵਿੱਚ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਸਕੇ।

ਉਹ ਅੱਗੇ ਦੱਸਦੇ ਹਨ, ‘‘ਫਿਰ ਵੀ ਉਹ ਆਪਣੇ ਪਿਤਾ ਦੀਆਂ ਇੱਛਾਵਾਂ 'ਤੇ ਖਰਾ ਉਤਰੇ ਅਤੇ ਨਾ ਸਿਰਫ਼ ਮਹਿੰਦਰਾ ਕਾਲਜ ਪਟਿਆਲਾ ਵਿੱਚ ਆਪਣਾ ਨਾਮ ਕਮਾਇਆ ਬਲਕਿ, ਆਪਣੇ ਪਿਤਾ ਦਲੀਪ ਸਿੰਘ ਵਾਂਗ, ਦੇਸ਼ ਦਾ ਮਾਣ ਵੀ ਵਧਾਇਆ।”

ਇੰਤੂ ਤੇ ਹਰੀਨਾ
ਤਸਵੀਰ ਕੈਪਸ਼ਨ, ਸੌਰਭ ਦੁੱਗਲ ਨੂੰ ਆਪਣੇ ਦਾਦਾ ਦੀਆਂ ਤਸਵੀਰਾਂ ਦਿਖਾਉਂਦੀਆਂ ਹੋਈਆਂ ਇੰਤੂ ਤੇ ਹਰੀਨਾ

ਲੋਕਾਂ ਦਾ ਭਰੋਸਾ

ਦਲੀਪ ਸਿੰਘ ਦੀ ਨੂੰਹ ਅਤੇ ਮਰਹੂਮ ਬਾਲਕ੍ਰਿਸ਼ਨ ਦੀ ਪਤਨੀ ਬਲਜਿੰਦਰ ਕੌਰ ਦੱਸਦੇ ਸਨ, “ਇੱਕ ਖਿਡਾਰੀ ਅਤੇ ਫੌਜੀ ਹੋਣ ਦੇ ਨਾਤੇ ਬਾਬਾ ਜੀ (ਦਲੀਪ ਸਿੰਘ) ਦਾ ਬਹੁਤ ਸਤਿਕਾਰ ਸੀ ਅਤੇ ਲੋਕ ਉਨ੍ਹਾਂ ਉੱਤੇ ਪੂਰਾ ਭਰੋਸਾ ਕਰਦੇ ਸਨ।

‘‘ਵੰਡ ਦੌਰਾਨ ਸਰਹੱਦ 'ਤੇ ਤਾਇਨਾਤ ਰਹਿੰਦੇ ਹੋਏ, ਉਨ੍ਹਾਂ ਨੇ ਪਾਕਿਸਤਾਨ ਵੱਲ ਜਾਣ ਵਾਲੇ ਲੋਕਾਂ, ਖਾਸ ਕਰਕੇ ਔਰਤਾਂ ਅਤੇ ਬੱਚਿਆਂ ਦੇ ਸੁਰੱਖਿਅਤ ਰਸਤੇ ਨੂੰ ਯਕੀਨੀ ਬਣਾਇਆ। ਉਨ੍ਹਾਂ ਨੇ ਆਪਣੇ ਖੇਤਰ ਦੇ ਕਈ ਮੁਸਲਮਾਨ ਪਰਿਵਾਰਾਂ ਨੂੰ ਸੁਰੱਖਿਅਤ ਢੰਗ ਨਾਲ ਸਰਹੱਦ ਪਾਰ ਕਰਨ ਵਿੱਚ ਸਹਾਇਤਾ ਕੀਤੀ।’’

“ਮੈਂ ਬਚਪਨ ਵਿੱਚ ਹੀ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ, ਇਸ ਲਈ ਦਲੀਪ ਸਿੰਘ ਮੇਰੇ ਲਈ ਪਿਤਾ ਸਮਾਨ ਸਨ, ਅਤੇ ਸਾਡਾ ਰਿਸ਼ਤਾ ਸਹੁਰੇ ਅਤੇ ਨੂੰਹ ਵਰਗਾ ਨਹੀਂ ਸੀ; ਇਹ ਇੱਕ ਪਿਤਾ ਅਤੇ ਧੀ ਦੇ ਰਿਸ਼ਤੇ ਵਰਗਾ ਸੀ।”

‘‘ਸੇਂਟ ਬੇਡਜ਼ ਕਾਲਜ ਵਿੱਚ ਪੜ੍ਹਦਿਆਂ ਬਾਲਕ੍ਰਿਸ਼ਨ ਨਾਲ ਮੇਰੀ ਮੰਗਣੀ ਹੋ ਗਈ ਅਤੇ ਇੱਕ ਸਾਲ ਬਾਅਦ ਮੇਰਾ ਵਿਆਹ ਹੋ ਗਿਆ। ਉਸ ਦੌਰਾਨ ਬਾਬਾ ਜੀ (ਦਲੀਪ ਸਿੰਘ) ਮੈਨੂੰ ਬਾਲਕ੍ਰਿਸ਼ਨ ਦੀਆਂ ਹਾਕੀ ਪ੍ਰਾਪਤੀਆਂ ਅਤੇ ਖੇਡ ਪ੍ਰਤੀ ਉਨ੍ਹਾਂ ਦੇ ਜਨੂੰਨ ਬਾਰੇ ਜਾਣਕਾਰੀ ਦਿੰਦੇ ਹੋਏ ਚਿੱਠੀਆਂ ਲਿਖਦੇ ਸਨ।”

‘‘ਇਹ ਉਨ੍ਹਾਂ ਦਾ ਤਰੀਕਾ ਸੀ ਜਿਸ ਨਾਲ ਮੈਂ ਵਿਆਹ ਤੋਂ ਬਾਅਦ ਬਾਲਕ੍ਰਿਸ਼ਨ ਨੂੰ ਹਾਕੀ ਖੇਡ ਵਿੱਚ ਅੱਗੇ ਵਧਣ ਵਿੱਚ ਮਦਦ ਕਰਨ ਲਈ ਤਿਆਰ ਹੋ ਗਈ। ਸਾਡੇ ਵਿਆਹ ਤੋਂ ਚਾਰ ਦਿਨ ਬਾਅਦ, ਬਾਲਕ੍ਰਿਸ਼ਨ 1958 ਦੀਆਂ ਏਸ਼ੀਅਨ ਖੇਡਾਂ ਵਿੱਚ ਗਏ ਅਤੇ ਬਾਅਦ ਵਿੱਚ ਉਨ੍ਹਾਂ ਨੇ 1960 ਦੀਆਂ ਰੋਮ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।’’

ਬਲਜਿੰਦਰ ਕੌਰ ਨੇ ਅੱਗੇ ਕਿਹਾ, ‘‘ਬਾਬਾ ਜੀ ਦੇ ਮਾਰਗਦਰਸ਼ਨ ਕਾਰਨ ਹੀ ਮੈਂ ਹਾਕੀ ਪ੍ਰਤੀ ਬਾਲਕ੍ਰਿਸ਼ਨ ਦੇ ਪ੍ਰੇਮ ਅਤੇ ਜਨੂੰਨ ਨੂੰ ਪ੍ਰੋਤਸਾਹਨ ਦੇਣ ਵਿੱਚ ਪੂਰੇ ਦਿਲ ਨਾਲ ਉਨ੍ਹਾਂ ਦਾ ਸਹਿਯੋਗ ਦੇ ਸਕੀ। ਇੱਥੋਂ ਤੱਕ ਕਿ ਉਨ੍ਹਾਂ ਦੇ ਕੋਚਿੰਗ ਕਰੀਅਰ ਦੌਰਾਨ ਵੀ ਜਦੋਂ ਉਨ੍ਹਾਂ ਨੂੰ ਕੋਚਿੰਗ ਕਾਰਜਾਂ ਲਈ ਅਕਸਰ ਮਹੀਨਿਆਂ ਤੱਕ ਘਰ ਤੋਂ ਬਾਹਰ ਰਹਿਣਾ ਪੈਂਦਾ ਸੀ।’’

“1980 ਦੇ ਓਲੰਪਿਕ ਦੌਰਾਨ, ਬਾਲਕ੍ਰਿਸ਼ਨ ਪੰਜ ਮਹੀਨਿਆਂ ਲਈ ਘਰ ਤੋਂ ਦੂਰ ਸਨ। ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ, ਉਨ੍ਹਾਂ ਨੂੰ ਮੈਨੂੰ ਹੋਏ ਗੰਭੀਰ ਨਿਮੋਨੀਆ ਬਾਰੇ ਪਤਾ ਲੱਗਾ।”

“ਉਨ੍ਹਾਂ ਨੇ ਘਰ ਰਹਿਣ ਦਾ ਫੈਸਲਾ ਕੀਤਾ, ਅਤੇ ਮੈਂ ਉਨ੍ਹਾਂ ਨੂੰ ਕਿਹਾ, ‘ਇਹ ਹਾਕੀ ਲਈ ਮੇਰੀ ਕੁਰਬਾਨੀ ਹੈ। ਤੁਸੀਂ ਜਾਓ ਅਤੇ ਟੀਮ ਨੂੰ ਜਿੱਤਾਓ। ਜੇ ਮੈਂ ਖੁਸ਼ਕਿਸਮਤ ਰਹੀ, ਤਾਂ ਮੈਂ ਬਚ ਜਾਵਾਂਗੀ, ਨਹੀਂ ਤਾਂ ਮੈਂ ਮਰ ਜਾਵਾਂਗੀ।' ਜਦੋਂ ਜੇਤੂ ਟੀਮ ਵਾਪਸ ਆਈ ਤਾਂ ਮੈਂ ਏਅਰਪੋਰਟ 'ਤੇ ਉਨ੍ਹਾਂ ਦਾ ਸਵਾਗਤ ਕਰਨ ਗਈ।’’

ਓਲੰਪਿਕ ਦਾ ਦੁਆਰ: ਪਟਿਆਲਾ ਆਰਮੀ

ਪਹਿਲੀ ਪਟਿਆਲਾ ਇਨਫੈਂਟਰੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਦਲੀਪ ਸਿੰਘ ਨੇ ਪਟਿਆਲਾ ਦੇ ਸਾਬਕਾ ਸ਼ਾਸਕ ਮਹਾਰਾਜਾ ਭੁਪਿੰਦਰ ਸਿੰਘ ਨਾਲ ਨਜ਼ਦੀਕੀ ਸਬੰਧ ਬਣਾ ਲਏ, ਜਿਸ ਦੇ ਪ੍ਰਭਾਵ ਨੇ ਉਨ੍ਹਾਂ ਨੂੰ ਖੇਡਾਂ ਦੇ ਇੱਕ ਨਵੇਂ ਖੇਤਰ ਤੋਂ ਜਾਣੂ ਕਰਾਇਆ।

ਪਟਿਆਲਾ ਆਰਮੀ ਵਿੱਚ ਦਲੀਪ ਸਿੰਘ ਨੇ ਇੱਕ ਆਲ-ਰਾਉਂਡ ਐਥਲੀਟ ਵਜੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ, ਐਥਲੈਟਿਕਸ ਮੁਕਾਬਲਿਆਂ ਵਿੱਚ ਆਪਣਾ ਦਬਦਬਾ ਬਣਾਇਆ ਅਤੇ ਹਾਕੀ ਵਿੱਚ ਪਟਿਆਲਾ ਟਾਈਗਰਜ਼ ਲਈ ਸੈਂਟਰ-ਹਾਫ ਵਜੋਂ ਸੇਵਾ ਕੀਤੀ।

ਜਿਵੇਂ-ਜਿਵੇਂ ਹਾਕੀ ਪੰਜਾਬ ਵਿੱਚ ਹਰਮਨਪਿਆਰੀ ਹੁੰਦੀ ਗਈ, ਦਲੀਪ ਸਿੰਘ ਦੀ ਇਸ ਖੇਡ ਵਿੱਚ ਦਿਲਚਸਪੀ ਵਧਦੀ ਗਈ। ਹਾਲਾਂਕਿ, 1924 ਦੇ ਓਲੰਪਿਕ ਵਿੱਚ ਹਾਕੀ ਨੂੰ ਸ਼ਾਮਲ ਨਹੀਂ ਕੀਤਾ ਗਿਆ, ਪਰ ਮਹਾਰਾਜਾ ਭੁਪਿੰਦਰ ਸਿੰਘ ਦੇ ਕਹਿਣ 'ਤੇ ਉਨ੍ਹਾਂ ਨੇ ਐਥਲੈਟਿਕਸ 'ਤੇ ਆਪਣਾ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਿਆ।

1924 ਦੇ ਸ਼ੁਰੂ ਵਿੱਚ ਨਵੀਂ ਦਿੱਲੀ ਵਿੱਚ ਕਰਵਾਈ ਗਈ ਰਾਸ਼ਟਰੀ ਚੈਂਪੀਅਨਸ਼ਿਪ ਜਿਸ ਨੂੰ ਉਦੋਂ ਆਲ-ਇੰਡੀਆ ਐਥਲੈਟਿਕਸ ਮੀਟ ਵਜੋਂ ਜਾਣਿਆ ਜਾਂਦਾ ਸੀ, ਵਿੱਚ ਸੋਨ ਤਗ਼ਮਾ ਜਿੱਤਣ ਨਾਲ ਉਨ੍ਹਾਂ ਨੂੰ 1924 ਦੀਆਂ ਪੈਰਿਸ ਖੇਡਾਂ ਲਈ ਸੱਤ ਮੈਂਬਰੀ ਐਥਲੈਟਿਕਸ ਟੀਮ ਵਿੱਚ ਜਗ੍ਹਾ ਮਿਲੀ, ਜਿਸ ਨਾਲ ਉਹ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ ਪਹਿਲੇ ਅਥਲੀਟ ਬਣ ਗਏ।

ਇਸ ਸਮੇਂ ਦੌਰਾਨ ਖੇਡਾਂ ਲਈ ਸਰਕਾਰੀ ਸਹਾਇਤਾ ਬਹੁਤ ਘੱਟ ਸੀ ਅਤੇ ਫੰਡਿੰਗ ਵੱਡੇ ਪੱਧਰ 'ਤੇ ਰਿਆਸਤਾਂ ਦੇ ਯੋਗਦਾਨ ਅਤੇ ਜਨਤਕ ਦਾਨ 'ਤੇ ਨਿਰਭਰ ਕਰਦੀ ਸੀ, ਜਿਸ ਨੇ ਭਾਰਤੀ ਦਲ ਲਈ ਹਰ ਚਾਰ ਸਾਲ ਵਿੱਚ ਇੱਕ ਬਾਰ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਦਾ ਰਾਹ ਪੱਧਰਾ ਕੀਤਾ।

ਆਲ-ਇੰਡੀਆ ਓਲੰਪਿਕ ਸੰਘ ਨੇ ਭਾਰਤੀ ਓਲੰਪਿਕ ਦਲ ਦੀ ਸਹਾਇਤਾ ਲਈ ਆਪਣੀਆਂ ਸਹਿਯੋਗੀ ਇਕਾਈਆਂ ਰਾਹੀਂ ਜਨਤਾ ਨੂੰ ਵਿੱਤੀ ਸਹਾਇਤਾ ਲਈ ਅਪੀਲ ਕੀਤੀ।

ਪੰਜਾਬ ਓਲੰਪਿਕ ਐਸੋਸੀਏਸ਼ਨ ਨੇ ਇਸ ਵਿੱਚ ਮੋਹਰੀ ਭੂਮਿਕਾ ਨਿਭਾਈ ਅਤੇ ਰਾਜ ਦੇ 47 ਸਕੂਲਾਂ ਦੇ ਵਿਦਿਆਰਥੀਆਂ ਦੁਆਰਾ ਦਿੱਤੇ ਗਏ ਦਾਨ ਤੋਂ ਇਕੱਠੇ ਕੀਤੇ 1100 ਰੁਪਏ ਤੋਂ ਵੱਧ ਦਾ ਯੋਗਦਾਨ ਦਿੱਤਾ, ਜਿਸ ਵਿੱਚ ਹੋਰ ਰਾਜ ਇਕਾਈਆਂ ਦਾ ਵੀ ਯੋਗਦਾਨ ਸੀ।

ਦੇਸ਼ ਵਿੱਚ ਖੇਡਾਂ ਦੇ ਪ੍ਰਮੁੱਖ ਸਮਰਥਕ ਅਤੇ 1928 ਤੋਂ 1938 ਤੱਕ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਰਹੇ ਮਹਾਰਾਜਾ ਭੁਪਿੰਦਰ ਸਿੰਘ ਨੇ ਦਲੀਪ ਸਿੰਘ ਦੇ ਓਲੰਪਿਕ ਦੇ ਸਫ਼ਰ ਨੂੰ ਫੰਡ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਮਹਾਰਾਜਾ ਭੁਪਿੰਦਰ ਸਿੰਘ ਦੇ ਪੋਤੇ ਅਤੇ ਪੰਜ ਵਾਰ ਦੇ ਓਲੰਪੀਅਨ ਰਣਧੀਰ ਸਿੰਘ ਨੇ ਕਿਹਾ, “ਪਟਿਆਲਾ ਵਿੱਚ ਖੇਡਾਂ ਨੂੰ ਪ੍ਰੋਤਸਾਹਨ ਦੇਣ ਦੀ ਅਮੀਰ ਵਿਰਾਸਤ ਹੈ ਅਤੇ ਕਿਉਂਕਿ ਦਲੀਪ ਸਿੰਘ ਪਟਿਆਲਾ ਫੌਜ ਦਾ ਹਿੱਸਾ ਸਨ, ਇਸ ਲਈ ਮਹਾਰਾਜਾ ਭੁਪਿੰਦਰ ਸਿੰਘ ਨੇ ਉਨ੍ਹਾਂ ਦੀ ਪੈਰਿਸ ਦੀ ਯਾਤਰਾ ਦਾ ਖਰਚ ਉਠਾਇਆ ਸੀ।’’

“ਮੈਨੂੰ ਪਹਿਲੀਆਂ ਏਸ਼ਿਆਈ ਖੇਡਾਂ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ, ਜਿੱਥੇ ਦਲੀਪ ਸਿੰਘ ਨੇ ਖੇਡਾਂ ਦੀ ਮਸ਼ਲ ਜਗਾਈ। ਪੂਰੇ ਸਟੇਡੀਅਮ ਵਿੱਚ ਮੌਜੂਦ ਖੇਡ ਪ੍ਰਸ਼ੰਸਕ ਖੜ੍ਹੇ ਹੋ ਕੇ ਤਾੜੀਆਂ ਵਜਾ ਰਹੇ ਸਨ। ਉਹ ਅਸਲੀ ਲੈਜੰਡ ਸਨ, ਅਤੇ ਮੈਨੂੰ ਉਨ੍ਹਾਂ ਨੂੰ ਕਈ ਵਾਰ ਮਿਲਣ ਦਾ ਮਾਣ ਮਿਲਿਆ। ਉਹ ਨਾ ਸਿਰਫ਼ ਕਮਾਲ ਦੇ ਐਥਲੀਟ ਸਨ, ਸਗੋਂ ਉਹ ਇੱਕ ਵਧੀਆ ਇਨਸਾਨ ਵੀ ਸਨ।”

ਵਿਰਾਸਤ ਬਰਕਰਾਰ

ਆਪਣੇ ਓਲੰਪਿਕ ਕਰੀਅਰ ਤੋਂ ਬਾਅਦ ਪਟਿਆਲਾ ਆਰਮੀ ਵਿੱਚ ਇੱਕ ਅਧਿਕਾਰੀ ਵਜੋਂ ਦਲੀਪ ਸਿੰਘ ਨੇ ਪਟਿਆਲਾ ਦੇ ਐਥਲੀਟਾਂ ਨੂੰ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਲਈ।

ਉਨ੍ਹਾਂ ਦੀ ਰਹਿਨੁਮਾਈ ਹੇਠ ਪਟਿਆਲਾ ਦੇ ਐਥਲੀਟਾਂ ਨੇ 1948 ਤੱਕ ਲਗਾਤਾਰ 15 ਸਾਲ ਤੱਕ ਕੌਮੀ ਚੈਂਪੀਅਨਸ਼ਿਪ ਹਾਸਲ ਕੀਤੀ।

ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਐਥਲੀਟ ਨਿਰੰਜਨ ਸਿੰਘ ਅਤੇ ਰੌਣਕ ਸਿੰਘ ਨੇ 1936 ਦੇ ਬਰਲਿਨ ਓਲੰਪਿਕ ਵਿੱਚ ਪਟਿਆਲਾ ਦੀ ਨੁਮਾਇੰਦਗੀ ਕੀਤੀ, ਜਦੋਂ ਕਿ ਸਾਧੂ ਸਿੰਘ, ਛੋਟਾ ਸਿੰਘ ਅਤੇ ਸੋਮ ਨਾਥ ਨੇ 1948 ਦੇ ਲੰਡਨ ਓਲੰਪਿਕ ਵਿੱਚ ਭਾਗ ਲਿਆ।

ਆਜ਼ਾਦੀ ਤੋਂ ਬਾਅਦ ਜਦੋਂ ਪਟਿਆਲਾ ਆਰਮੀ ਦਾ ਭਾਰਤੀ ਫੌਜ ਵਿੱਚ ਰਲੇਵਾਂ ਹੋਇਆ ਤਾਂ ਬ੍ਰਿਗੇਡੀਅਰ ਦਲੀਪ ਸਿੰਘ ਨੇ ਟੀਮ ਦੇ ਕੋਚ-ਕਮ-ਪ੍ਰਬੰਧਕ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ 1949 ਵਿੱਚ ਰਾਸ਼ਟਰੀ ਖਿਤਾਬ ਜਿੱਤਿਆ।

ਉਨ੍ਹਾਂ ਨੇ ਸ਼ੁਰੂਆਤੀ ਏਸ਼ੀਅਨ ਖੇਡਾਂ ਦੌਰਾਨ ਸੈਨਾ ਦੇ ਐਥਲੀਟਾਂ ਨੂੰ ਸਿਖਲਾਈ ਦਿੱਤੀ, ਜਿੱਥੇ ਉਨ੍ਹਾਂ ਨੇ ਚਾਰ ਸੋਨੇ, ਛੇ ਚਾਂਦੀ ਅਤੇ ਛੇ ਕਾਂਸੀ ਦੇ ਤਗ਼ਮੇ ਜਿੱਤੇ।

1954 ਵਿੱਚ ਫਿਲੀਪੀਨਜ਼ ਵਿੱਚ ਹੋਈਆਂ ਦੂਜੀਆਂ ਏਸ਼ੀਅਨ ਖੇਡਾਂ ਦੌਰਾਨ ਬ੍ਰਿਗੇਡੀਅਰ ਦਲੀਪ ਸਿੰਘ ਭਾਰਤੀ ਦਲ ਦੇ ਮੈਨੇਜਰ ਸਨ।

22 ਮੈਂਬਰੀ ਭਾਰਤੀ ਐਥਲੈਟਿਕ ਦਲ ਵਿੱਚੋਂ 19 ਫੌਜੀ ਸੇਵਾਵਾਂ ਵਿੱਚੋਂ ਸਨ, ਜਿਨ੍ਹਾਂ ਨੇ ਪੰਜ ਸੋਨੇ, ਤਿੰਨ ਚਾਂਦੀ ਅਤੇ ਪੰਜ ਕਾਂਸੀ ਦੇ ਤਗ਼ਮੇ ਜਿੱਤੇ।

ਬ੍ਰਿਗੇਡੀਅਰ ਦਲੀਪ ਸਿੰਘ ਨੇ ਸੈਨਾ ਦੇ ਅੰਦਰ ਖੇਡਾਂ, ਖ਼ਾਸ ਤੌਰ 'ਤੇ ਐਥਲੈਟਿਕਸ ਲਈ ਇੱਕ ਮਜ਼ਬੂਤ ਆਧਾਰ ਸਥਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਦਲੀਪ ਸਿੰਘ 1951 ਵਿੱਚ ਭਾਰਤੀ ਫੌਜ ਵਿੱਚੋਂ ਬ੍ਰਿਗੇਡੀਅਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਆਪਣੀ ਸੇਵਾਮੁਕਤੀ ਤੋਂ ਬਾਅਦ ਉਹ ਪਟਿਆਲਾ ਸਪੋਰਟਸ ਨਾਲ ਪ੍ਰਸ਼ਾਸਕ ਦੇ ਤੌਰ ’ਤੇ ਜੁੜ ਗਏ, ਜਿੱਥੇ ਉਨ੍ਹਾਂ ਦੀ ਤਾਇਨਾਤੀ ਯਾਦਵਿੰਦਰਾ ਸਟੇਡੀਅਮ ਵਿੱਚ ਸੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਪਟਿਆਲਾ ਓਲੰਪਿਕ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਵਜੋਂ ਵੀ ਸੇਵਾ ਨਿਭਾਈ।

1956 ਵਿੱਚ ਪਟਿਆਲਾ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਦੌਰਾਨ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਉਨ੍ਹਾਂ ਦੇ ਨਾਂ ’ਤੇ ਖੇਡ ਪਿੰਡ ਦਾ ਨਾਂ 'ਦਲੀਪ ਨਗਰ' ਰੱਖਿਆ ਗਿਆ।

ਭਵਿੱਖ ਦੀਆਂ ਪੀੜ੍ਹੀਆਂ ਨੂੰ ਓਲੰਪਿਕ ਦੀ ਸ਼ਾਨ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਨ ਲਈ ਪਰਿਵਾਰ ਨੇ ਦਲੀਪ ਸਿੰਘ ਅਤੇ ਬਾਲਕ੍ਰਿਸ਼ਨ ਨਾਲ ਸਬੰਧਿਤ ਬਲੇਜ਼ਰ, ਮੈਡਲ, ਹਾਕੀ ਸਟਿਕਸ, ਤਸਵੀਰਾਂ ਅਤੇ 1951 ਦੀਆਂ ਏਸ਼ੀਅਨ ਖੇਡਾਂ ਦੀ ਮਸ਼ਾਲ ਐੱਨਆਈਐੱਸ ਪਟਿਆਲਾ ਦੇ ਰਾਸ਼ਟਰੀ ਖੇਡ ਅਜਾਇਬ ਘਰ ਨੂੰ ਦਾਨ ਕਰ ਦਿੱਤੀਆਂ ਹਨ।

ਹਰੀਨਾ ਨੇ ਕਿਹਾ, ‘‘ਮੈਂ ਰਾਸ਼ਟਰੀ ਖੇਡ ਅਜਾਇਬ ਘਰ ਦੇ ਨਵੀਨੀਕਰਨ ਬਾਰੇ ਸੁਣਿਆ ਹੈ, ਅਤੇ ਮੈਨੂੰ ਭਰੋਸਾ ਹੈ ਕਿ ਅਧਿਕਾਰੀ ਉਨ੍ਹਾਂ ਨਾਲ ਸਬੰਧਿਤ ਚੀਜ਼ਾਂ ਦੀ ਸਹੀ ਦੇਖਭਾਲ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਹੀ ਢੰਗ ਨਾਲ ਪ੍ਰਦਰਸ਼ਿਤ ਕਰ ਰਹੇ ਹਨ।”

“ਇਹ ਵਸਤੂਆਂ ਸਾਡੇ ਪਰਿਵਾਰ ਦੀ ਵਿਰਾਸਤ ਨੂੰ ਦਰਸਾਉਂਦੀਆਂ ਹਨ ਅਤੇ ਜੇਕਰ ਇਹ ਕਿਸੇ ਨੂੰ ਇਨ੍ਹਾਂ ਮਹਾਨ ਹਸਤੀਆਂ ਦੇ ਨਕਸ਼ੇ-ਕਦਮਾਂ 'ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ, ਤਾਂ ਇਹ ਉਨ੍ਹਾਂ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ।’’

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)