ਉਹ ਪਠਾਨ ਦੇਸ਼ਭਗਤ ਜਿਸ ਦੇ ਅੰਤਿਮ ਸੰਸਕਾਰ ਲਈ ਰਾਜੀਵ ਗਾਂਧੀ ਅਤੇ ਜ਼ਿਆ ਉਲ ਹੱਕ ਦੋਵੇਂ ਸ਼ਾਮਲ ਹੋਏ - ਵਿਵੇਚਨਾ

ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ ਨੇ 1930 ਦੇ ਦਹਾਕੇ ਵਿੱਚ ਸੇਵਾਗ੍ਰਾਮ ਵਿੱਚ ਗਾਂਧੀ ਨਾਲ ਕਾਫ਼ੀ ਸਮਾਂ ਬਿਤਾਇਆ।

ਤਸਵੀਰ ਸਰੋਤ, Universal Images Group via Getty Images

ਤਸਵੀਰ ਕੈਪਸ਼ਨ, ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ ਨੇ 1930 ਦੇ ਦਹਾਕੇ ਵਿੱਚ ਸੇਵਾਗ੍ਰਾਮ ਵਿੱਚ ਗਾਂਧੀ ਨਾਲ ਕਾਫ਼ੀ ਸਮਾਂ ਬਿਤਾਇਆ।
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਹਿੰਦੀ

ਉਨ੍ਹਾਂ ਨੂੰ ਖ਼ਾਨ ਸਾਬ ਜਾਂ ਬਾਦਸ਼ਾਹ ਖ਼ਾਨ ਕਿਹਾ ਜਾਂਦਾ ਸੀ। ਕਈ ਲੋਕ ਉਨ੍ਹਾਂ ਨੂੰ ਫਰੰਟੀਅਰ ਗਾਂਧੀ ਜਾਂ ਸੀਮਾਂਤ ਗਾਂਧੀ ਵੀ ਕਹਿੰਦੇ ਸਨ।

ਛੇ ਫੁੱਟ ਚਾਰ ਇੰਚ ਦਾ ਕੱਦ। ਸਿੱਧੀ ਕਮਰ, ਦਿਆਲੂ ਅੱਖਾਂ ਅਤੇ ਅਹਿੰਸਾ ਦਾ ਪੁਜਾਰੀ, ਇਹ ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ ਸੀ। ਆਜ਼ਾਦੀ ਦੀ ਲੜਾਈ ਦੌਰਾਨ ਮਹਾਤਮਾ ਗਾਂਧੀ ਤੋਂ ਪ੍ਰੇਰਿਤ ਹੋ ਕੇ ਬਾਦਸ਼ਾਹ ਖ਼ਾਨ ਨੇ ਉੱਤਰੀ ਪੱਛਮੀ ਸਰਹੱਦੀ ਸੂਬੇ ਵਿੱਚ ਇੱਕ ਅਹਿੰਸਕ ਅੰਦੋਲਨ ਦੀ ਅਗਵਾਈ ਕੀਤੀ ਸੀ।

ਆਮ ਤੌਰ 'ਤੇ ਪਠਾਨਾਂ ਨੂੰ ਅਹਿੰਸਾ ਨਾਲ ਜੋੜ ਕੇ ਨਹੀਂ ਵੇਖਿਆ ਜਾਂਦਾ, ਪਰ ਬਾਦਸ਼ਾਹ ਖ਼ਾਨ ਦੇ ਖੁਦਾਈ ਖਿ਼ਦਮਤਗਾਰਾਂ ਨੇ ਅਹਿੰਸਾ ਦਾ ਰਾਹ ਚੁਣਿਆ।

1930 ਦੇ ਦਹਾਕੇ ਵਿੱਚ, ਉਨ੍ਹਾਂ ਨੇ ਸੇਵਾਗ੍ਰਾਮ ਵਿੱਚ ਗਾਂਧੀ ਨਾਲ ਕਾਫ਼ੀ ਸਮਾਂ ਬਿਤਾਇਆ। ਉਹ ਰਾਬਿੰਦਰਨਾਥ ਟੈਗੋਰ ਨੂੰ ਮਿਲਣ ਲਈ ਸ਼ਾਂਤੀ ਨਿਕੇਤਨ ਵੀ ਗਏ ਸਨ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜੇਲ੍ਹਾਂ ਵਿਚ ਬਿਤਾਏ 27 ਸਾਲ

ਮਸ਼ਹੂਰ ਰਾਜਨਾਇਕ ਨਟਵਰ ਸਿੰਘ ਆਪਣੀ ਕਿਤਾਬ 'ਵਾਕਿੰਗ ਵਿਦ ਲਾਏੰਜ਼, ਟੇਲਸ ਫਰਾਮ ਡਿਪਲੋਮੈਟਿਕ ਪਾਸਟ' ਵਿਚ ਲਿਖਦੇ ਹਨ, ''ਕਾਂਗਰਸ ਦੇ ਪੰਜ ਲੋਕਾਂ ਮਹਾਤਮਾ ਗਾਂਧੀ, ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ, ਜੈ ਪ੍ਰਕਾਸ਼ ਨਰਾਇਣ, ਰਾਮ ਮਨੋਹਰ ਲੋਹੀਆ ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਭਾਰਤ ਦੀ ਵੰਡ ਦਾ ਵਿਰੋਧ ਕੀਤਾ ਸੀ।"

"31 ਮਈ ਤੋਂ 2 ਜੂਨ 1947 ਦਰਮਿਆਨ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਪਾਕਿਸਤਾਨ ਨੂੰ ਸਵੀਕਾਰ ਕਰਨ ਦਾ ਅਹਿਮ ਫ਼ੈਸਲਾ ਲਿਆ ਗਿਆ ਸੀ। ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ।"

ਨਾ ਸਿਰਫ਼ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਕਈ ਸਾਲ ਜੇਲ੍ਹ ਵਿੱਚ ਰੱਖਿਆ, ਸਗੋਂ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਸਰਕਾਰ ਵੀ ਉਨ੍ਹਾਂ ਨੂੰ ਜੇਲ੍ਹ ਵਿੱਚ ਰੱਖਣ ਤੋਂ ਪਿੱਛੇ ਨਹੀਂ ਰਹੀ।

ਮਹਾਤਮਾ ਗਾਂਧੀ ਅਤੇ ਖਾਨ ਅਬਦੁਲ ਗਫਾਰ ਨੇ ਭਾਰਤ ਦੀ ਵੰਡ ਦਾ ਵਿਰੋਧ ਕੀਤਾ

ਤਸਵੀਰ ਸਰੋਤ, Universal Images Group via Getty Images

ਤਸਵੀਰ ਕੈਪਸ਼ਨ, ਮਹਾਤਮਾ ਗਾਂਧੀ ਅਤੇ ਖਾਨ ਅਬਦੁਲ ਗਫਾਰ ਨੇ ਭਾਰਤ ਦੀ ਵੰਡ ਦਾ ਵਿਰੋਧ ਕੀਤਾ

ਨੈਲਸਨ ਮੰਡੇਲਾ ਵਾਂਗ ਬਾਦਸ਼ਾਹ ਖ਼ਾਨ ਨੇ ਵੀ ਆਪਣੀ ਜ਼ਿੰਦਗੀ ਦੇ 27 ਸਾਲ ਜੇਲ੍ਹ ਵਿੱਚ ਗੁਜ਼ਾਰੇ।

ਦਸੰਬਰ 1921 ਵਿੱਚ ਬਾਦਸ਼ਾਹ ਖ਼ਾਨ ਨੂੰ ਪੇਸ਼ਾਵਰ ਜੇਲ੍ਹ ਵਿੱਚ ਰੱਖਿਆ ਗਿਆ ਸੀ। ਆਪਣੇ ਲੰਬੇ ਕੱਦ ਦੇ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਬਾਦਸ਼ਾਹ ਖ਼ਾਨ ਆਪਣੀ ਸਵੈ-ਜੀਵਨੀ 'ਮਾਈ ਲਾਈਫ਼ ਐਂਡ ਸਟ੍ਰਗਲ' ਵਿੱਚ ਲਿਖਦੇ ਹਨ, "ਜਦੋਂ ਮੈਂ ਜੇਲ੍ਹ ਦੇ ਕੱਪੜੇ ਪਾਏ ਤਾਂ ਪਜਾਮਾ ਸਿਰਫ਼ ਮੇਰੇ ਖੁਚਾਂ ਤੱਕ ਆਇਆ ਸੀ ਅਤੇ ਕਮੀਜ਼ ਮੇਰੀ ਨਾਭੀ ਤੱਕ ਵੀ ਨਹੀਂ ਪਹੁੰਚ ਸਕੀ ਸੀ। ਜਦੋਂ ਮੈਂ ਨਮਾਜ਼ ਪੜਨ ਲਈ ਬੈਠਦਾ ਸੀ ਤਾਂ ਤੰਗ ਹੋਣ ਕਾਰਨ ਮੇਰਾ ਪਜਾਮਾ ਅਕਸਰ ਫਟ ਜਾਂਦਾ ਸੀ, ਮੇਰੀ ਕੋਠੜੀ ਉੱਤਰ ਵੱਲ ਸੀ।"

"ਇਸ ਕਰਕੇ ਉਥੇ ਕਦੇ ਧੁੱਪ ਵੀ ਨਹੀਂ ਪਹੁੰਚਦੀ ਸੀ। ਰਾਤ ਦੇ ਹਰ ਤਿੰਨ ਘੰਟੇ ਵਿੱਚ ਸੰਤਰੀ ਬਦਲਦੇ ਸਨ ਅਤੇ ਹਰ ਵਾਰ ਅਜਿਹਾ ਹੋਣ 'ਤੇ ਬਹੁਤ ਰੌਲਾ ਪੈਂਦਾ ਸੀ।"

ਕਿੱਸਾਖਵਾਨੀ ਬਜ਼ਾਰ ਦੀ ਗੋਲੀਬਾਰੀ

ਰਾਜਨਇਕ ਨਟਵਰ ਸਿੰਘ ਨੇ ‘ਵਾਕਿੰਗ ਵਿਦ ਲਾਇਨਜ਼, ਟੇਲਜ਼ ਫਰਾਮ ਡਿਪਲੋਮੈਟਿਕ ਪਾਸਟ’ ਨਾਂ ਦੀ ਪੁਸਤਕ ਲਿਖੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਨਇਕ ਨਟਵਰ ਸਿੰਘ ਨੇ 'ਵਾਕਿੰਗ ਵਿਦ ਲਾਇਨਜ਼, ਟੇਲਜ਼ ਫਰਾਮ ਡਿਪਲੋਮੈਟਿਕ ਪਾਸਟ' ਨਾਂ ਦੀ ਪੁਸਤਕ ਲਿਖੀ ਹੈ

ਜਦੋਂ ਗਾਂਧੀ ਨੇ ਸਾਲ 1930 ਵਿੱਚ ਨਮਕ ਸੱਤਿਆਗ੍ਰਹਿ ਕੀਤਾ ਸੀ ਤਾਂ ਇਸ ਦਾ ਵੱਡਾ ਅਸਰ ਸਰਹੱਦੀ ਸੂਬੇ ਵਿੱਚ ਵੀ ਦੇਖਣ ਨੂੰ ਮਿਲਿਆ ਸੀ। 23 ਅਪ੍ਰੈਲ 1930 ਨੂੰ ਬ੍ਰਿਟਿਸ਼ ਸਰਕਾਰ ਨੇ ਪੇਸ਼ਾਵਰ ਜਾਂਦੇ ਸਮੇਂ ਅਬਦੁਲ ਗ਼ੱਫ਼ਾਰ ਖ਼ਾਨ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ।

ਇਹ ਖ਼ਬਰ ਸੁਣਦਿਆਂ ਹੀ ਹਜ਼ਾਰਾਂ ਲੋਕਾਂ ਨੇ ਚਾਰਸੱਦਾ ਜੇਲ੍ਹ ਨੂੰ ਘੇਰ ਲਿਆ ਜਿੱਥੇ ਗਫ਼ਾਰ ਖ਼ਾਨ ਨੂੰ ਰੱਖਿਆ ਗਿਆ ਸੀ। ਪੂਰਾ ਪੇਸ਼ਾਵਰ ਸ਼ਹਿਰ ਸੜਕਾਂ 'ਤੇ ਆ ਗਿਆ।

ਰਾਜਮੋਹਨ ਗਾਂਧੀ ਬਾਦਸ਼ਾਹ ਖ਼ਾਨ ਦੀ ਜੀਵਨੀ 'ਗ਼ੱਫ਼ਾਰ ਖਾਨ, ਨਾਨ ਵਾਇਲਟ ਬਾਦਸ਼ਾਹ ਆਫ਼ ਦਾ ਪਖਤੂਨਸ' ਵਿੱਚ ਲਿਖਦੇ ਹਨ, "ਉਸ ਦਿਨ ਪੇਸ਼ਾਵਰ ਦੇ ਕਿੱਸਾਖਵਾਨੀ ਬਜ਼ਾਰ ਅਤੇ ਸਰਹੱਦੀ ਸੂਬੇ ਵਿੱਚ ਬ੍ਰਿਟਿਸ਼ ਪੁਲਿਸ ਦੀਆਂ ਗੋਲੀਆਂ ਨਾਲ ਲਗਭਗ 250 ਪਠਾਨ ਮਾਰੇ ਗਏ ਸਨ, ਇਸ ਦੇ ਬਾਵਜੂਦ ਆਮ ਤੌਰ 'ਤੇ ਗਰਮ-ਖੂਨ ਵਾਲੇ ਪਠਾਨਾਂ ਨੇ ਕੋਈ ਜਵਾਬੀ ਹਿੰਸਕ ਕਾਰਵਾਈ ਨਹੀਂ ਕੀਤੀ, ਇੱਥੋਂ ਤੱਕ ਕਿ ਫੌਜ ਦੀ ਗੜ੍ਹਵਾਲ ਰਾਈਫਲਜ਼ ਦੇ ਸਿਪਾਹੀਆਂ ਨੇ ਵੀ ਪਠਾਨਾਂ ਦੀ ਨਿਹੱਥੇ ਭੀੜ 'ਤੇ ਗੋਲੀ ਚਲਾਉਣ ਤੋਂ ਇਨਕਾਰ ਕਰ ਦਿੱਤਾ ਸੀ।"

ਆਜ਼ਾਦੀ ਦੇ ਦਸ ਮਹੀਨਿਆਂ ਦੇ ਅੰਦਰ ਪਾਕਿਸਤਾਨ ਦੀ ਜੇਲ੍ਹ ਵਿੱਚ

ਮਹਾਤਮਾ ਗਾਂਧੀ ਨੇ 1930 ਵਿੱਚ ਨਮਕ ਸੱਤਿਆਗ੍ਰਹਿ ਕੀਤਾ ਸੀ

ਤਸਵੀਰ ਸਰੋਤ, Universal Images Group via Getty Images

ਤਸਵੀਰ ਕੈਪਸ਼ਨ, ਮਹਾਤਮਾ ਗਾਂਧੀ ਨੇ 1930 ਵਿੱਚ ਨਮਕ ਸੱਤਿਆਗ੍ਰਹਿ ਕੀਤਾ ਸੀ

23 ਫਰਵਰੀ 1948 ਨੂੰ ਬਾਦਸ਼ਾਹ ਖ਼ਾਨ ਨੇ ਪਾਕਿਸਤਾਨ ਦੀ ਸੰਵਿਧਾਨ ਸਭਾ ਦੇ ਸੈਸ਼ਨ ਵਿੱਚ ਹਿੱਸਾ ਲਿਆ ਅਤੇ ਨਵੇਂ ਦੇਸ਼ ਅਤੇ ਝੰਡੇ ਪ੍ਰਤੀ ਆਪਣੀ ਵਫ਼ਾਦਾਰੀ ਦੀ ਸਹੁੰ ਚੁੱਕੀ।

ਪਾਕਿਸਤਾਨ ਦੇ ਸੰਸਥਾਪਕ ਅਤੇ ਸੰਵਿਧਾਨ ਸਭਾ ਦੇ ਮੁਖੀ ਮੁਹੰਮਦ ਅਲੀ ਜਿਨਾਹ ਨੇ ਉਨ੍ਹਾਂ ਨੂੰ ਚਾਹ ਲਈ ਸੱਦਾ ਦਿੱਤਾ। ਇਸ ਮੌਕੇ ਉੱਤੇ ਉਨ੍ਹਾਂ ਨੇ ਗਫਾਰ ਖ਼ਾਨ ਨੂੰ ਜੱਫੀ ਪਾ ਕੇ ਕਿਹਾ- ਅੱਜ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੇਰਾ ਪਾਕਿਸਤਾਨ ਬਣਾਉਣ ਦਾ ਸੁਪਨਾ ਪੂਰਾ ਹੋ ਗਿਆ ਹੈ।

5 ਮਾਰਚ 1948 ਨੂੰ ਅਬਦੁਲ ਗ਼ੱਫ਼ਾਰ ਖ਼ਾਨ ਨੇ ਪਹਿਲੀ ਵਾਰ ਪਾਕਿਸਤਾਨ ਦੀ ਸੰਸਦ ਵਿੱਚ ਭਾਸ਼ਣ ਦਿੱਤਾ। ਉਨ੍ਹਾਂ ਨੇ ਮੰਨਿਆ ਕਿ 'ਮੈਂ ਭਾਰਤੀ ਉਪ ਮਹਾਂਦੀਪ ਦੀ ਵੰਡ ਦਾ ਵਿਰੋਧ ਕੀਤਾ ਸੀ।' ਉਨ੍ਹਾਂ ਨੇ ਵੰਡ ਦੌਰਾਨ ਹੋਏ ਕਤਲੇਆਮ ਵੱਲ ਸੰਸਦ ਮੈਂਬਰਾਂ ਦਾ ਧਿਆਨ ਦਿਵਾਇਆ ਪਰ ਨਾਲ ਇਹ ਵੀ ਕਿਹਾ ਕਿ ਹੁਣ ਜਦੋਂ ਵੰਡ ਹੋ ਹੀ ਗਈ ਹੈ ਤਾਂ ਹੁਣ ਲੜਾਈ ਦੀ ਕੋਈ ਗੁੰਜਾਇਸ਼ ਨਹੀਂ ਬਣਦੀ ਹੈ।

ਬਾਦਸ਼ਾਹ ਖ਼ਾਨ ਅਤੇ ਪਾਕਿਸਤਾਨੀ ਸਰਕਾਰ ਵਿਚਕਾਰ ਸੁਲ੍ਹਾ ਬਹੁਤੀ ਦੇਰ ਤੱਕ ਨਾ ਰਹਿ ਸਕੀ। ਬ੍ਰਿਟਿਸ਼ ਸਰਕਾਰ ਦੇ ਜਾਣ ਦੇ ਦਸ ਮਹੀਨਿਆਂ ਦੇ ਅੰਦਰ ਹੀ ਬਾਦਸ਼ਾਹ ਖ਼ਾਨ ਨੂੰ ਦੇਸ਼ਧ੍ਰੋਹ ਦੇ ਇਲਜ਼ਾਮ ਵਿਚ ਤਿੰਨ ਸਾਲ ਲਈ ਪੱਛਮੀ ਪੰਜਾਬ ਦੀ ਮਾਨਟਗੋਮਰੀ ਜੇਲ੍ਹ ਵਿਚ ਭੇਜ ਦਿੱਤਾ ਗਿਆ ਸੀ।

ਅਪ੍ਰੈਲ 1961 ਵਿਚ ਪਾਕਿਸਤਾਨ ਦੇ ਫੌਜੀ ਸ਼ਾਸਕ ਅਯੂਬ ਖ਼ਾਨ ਨੇ ਉਨ੍ਹਾਂ ਨੂੰ ਫਿਰ ਗ੍ਰਿਫਤਾਰ ਕਰਕੇ ਸਿੰਧ ਦੀ ਜੇਲ੍ਹ ਵਿੱਚ ਭੇਜ ਦਿੱਤਾ।

1961 ਤੱਕ, ਬਾਦਸ਼ਾਹ ਖ਼ਾਨ ਪਾਕਿਸਤਾਨ ਦੀ ਸਰਕਾਰ ਲਈ ਇੱਕ 'ਦੇਸ਼ਦ੍ਰੋਹੀ', 'ਅਫ਼ਗਾਨ ਏਜੰਟ' ਅਤੇ ਖ਼ਤਰਨਾਕ ਵਿਅਕਤੀ ਹੋ ਗਏ ਸੀ। ਹਾਲਾਤ ਅਜਿਹੇ ਬਣ ਗਏ ਕਿ ਉਨ੍ਹਾਂ ਨੂੰ ਪਾਕਿਸਤਾਨ ਛੱਡ ਕੇ ਅਫਗਾਨਿਸਤਾਨ ਵਿਚ ਸ਼ਰਨ ਲੈਣੀ ਪਈ ਸੀ।

1948 ਵਿੱਚ ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ ਨੇ ਪਾਕਿਸਤਾਨ ਦੇ ਝੰਡੇ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1948 ਵਿੱਚ ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ ਨੇ ਪਾਕਿਸਤਾਨ ਦੇ ਝੰਡੇ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕੀ।

ਕਾਬੁਲ ਵਿੱਚ ਇੰਦਰਾ ਗਾਂਧੀ ਨਾਲ ਮੁਲਾਕਾਤ

1969 ਵਿੱਚ, ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਅਫਗਾਨਿਸਤਾਨ ਦੇ ਦੌਰੇ ਉੱਤੇ ਗਏ ਸਨ, ਤਾਂ ਭਾਰਤੀ ਰਾਜਦੂਤ ਅਸ਼ੋਕ ਮਹਿਤਾ ਨੇ ਇੰਦਰਾ ਗਾਂਧੀ ਦੇ ਸਨਮਾਨ ਵਿੱਚ ਦਿੱਤੀ ਗਈ ਦਾਵਤ ਵਿੱਚ ਬਾਦਸ਼ਾਹ ਖ਼ਾਨ ਨੂੰ ਸੱਦਾ ਦਿੱਤਾ।

ਨਟਵਰ ਸਿੰਘ ਆਪਣੀ ਕਿਤਾਬ 'ਵਾਕਿੰਗ ਵਿਦ ਲਾਇਨਜ਼' ਵਿੱਚ ਲਿਖਦੇ ਹਨ, "ਇੰਦਰਾ ਗਾਂਧੀ ਪੂਰੇ 22 ਸਾਲਾਂ ਬਾਅਦ ਅਬਦੁਲ ਗ਼ੱਫ਼ਾਰ ਖ਼ਾਨ ਨੂੰ ਮਿਲੇ ਸਨ। ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਰਾਜੀਵ ਗਾਂਧੀ ਅਤੇ ਨੂੰਹ ਸੋਨੀਆ ਨੂੰ ਖ਼ਾਨ ਨਾਲ ਮਿਲਾਇਆ। ਫਰੰਟੀਅਰ ਗਾਂਧੀ ਨੇ ਰਾਜੀਵ ਗਾਂਧੀ ਨੂੰ ਜੱਫੀ ਪਾਉਂਦਿਆਂ ਕਿਹਾ ਕਿ ਜਦੋਂ ਉਹ ਦੋ ਸਾਲ ਦੇ ਸਨ ਤਾਂ, ਉਨ੍ਹਾਂ ਨੇ ਆਪਣੀ ਗੋਦੀ ਵਿੱਚ ਖਿਡਾਇਆ।"

ਨਟਵਰ ਸਿੰਘ ਲਿਖਦੇ ਹਨ, "ਅਗਲੇ ਦਿਨ ਮੈਂ ਉਸ ਘਰ ਵਿੱਚ ਗਿਆ ਜਿੱਥੇ ਬਾਦਸ਼ਾਹ ਖ਼ਾਨ ਠਹਿਰੇ ਹੋਏ ਸਨ। ਉਹ ਫਰਸ਼ 'ਤੇ ਬੈਠ ਕੇ ਖਾਣਾ ਖਾ ਰਹੇ ਸੀ। ਮੈਂ ਬਾਦਸ਼ਾਹ ਖ਼ਾਨ ਨੂੰ ਕਿਹਾ ਕਿ ਇੰਦਰਾ ਗਾਂਧੀ ਤੁਹਾਡੀ ਸਹੂਲਤ ਅਨੁਸਾਰ ਤੁਹਾਡੇ ਘਰ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਨ। ਉਨ੍ਹਾਂ ਨੇ ਮੈਨੂੰ ਕਿਹਾ, "ਇੰਦਰਾ ਗਾਂਧੀ ਇੱਥੇ ਨਹੀਂ ਆਉਣਗੇ। ਮੈਂ ਖੁਦ ਉਨ੍ਹਾਂ ਨੂੰ ਮਿਲਣ ਲਈ ਜਾਵਾਂਗਾ।"

ਇਹ ਤੈਅ ਹੋਇਆ ਕਿ ਉਹ ਅਗਲੇ ਦਿਨ ਚਾਰ ਵਜੇ ਇੰਦਰਾ ਗਾਂਧੀ ਨੂੰ ਮਿਲਣ ਲਈ ਸਟੇਟ ਹਾਊਸ ਪਹੁੰਚਣਗੇ।

ਨਟਵਰ ਸਿੰਘ ਨੇ ਲਿਖਿਆ, "ਮੈਂ ਉਨ੍ਹਾਂ ਨੂੰ ਪੋਰਚ 'ਤੇ ਰਿਸਿਵ ਕਰਨਾ ਸੀ, ਪਰ ਮੈਂਨੂੰ ਉੱਥੇ ਪਹੁੰਚਣ 'ਚ ਕੁਝ ਸਕਿੰਟਾਂ ਦੀ ਦੇਰ ਹੋ ਗਈ ਸੀ।"

ਉਨ੍ਹਾਂ ਨੇ ਮੈਨੂੰ ਝਿੜਕਿਆ ਅਤੇ ਕਿਹਾ, "ਤੁਹਾਨੂੰ ਸਮੇਂ 'ਤੇ ਆਉਣਾ ਚਾਹੀਦਾ ਸੀ।"

"ਉਨ੍ਹਾਂ ਦੀ ਸਮੇਂ ਦੀ ਪਾਬੰਧਤਾ ਨੇ ਮੇਰੇ 'ਤੇ ਡੂੰਘਾ ਪ੍ਰਭਾਵ ਛੱਡਿਆ। ਉਸੇ ਮੁਲਾਕਾਤ ਵਿੱਚ ਅਬਦੁਲ ਗ਼ੱਫ਼ਾਰ ਖ਼ਾਨ ਨੇ ਗਾਂਧੀ ਸ਼ਤਾਬਦੀ ਸਮਾਰੋਹ ਲਈ ਭਾਰਤ ਆਉਣ ਲਈ ਹਾਮੀ ਭਰ ਦਿੱਤੀ ਸੀ।"

ਇੰਦਰਾ ਗਾਂਧੀ ਨੇ 1969 ਵਿੱਚ ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ ਨਾਲ ਮੁਲਾਕਾਤ ਕੀਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਦਰਾ ਗਾਂਧੀ ਨੇ 1969 ਵਿੱਚ ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ ਨਾਲ ਮੁਲਾਕਾਤ ਕੀਤੀ

ਕੱਪੜਿਆਂ ਦੀ ਗਠੜੀ ਲੈ ਕੇ ਭਾਰਤ ਪਹੁੰਚੇ

ਬਾਦਸ਼ਾਹ ਖ਼ਾਨ ਪੂਰੇ 22 ਸਾਲਾਂ ਬਾਅਦ ਭਾਰਤ ਆ ਰਹੇ ਸਨ। ਉਹ ਆਪਣੇ ਪਾਕਿਸਤਾਨੀ ਪਾਸਪੋਰਟ 'ਤੇ ਭਾਰਤ ਆਏ ਸਨ।

ਉਨ੍ਹਾਂ ਦੇ ਪਾਸਪੋਰਟ ਦੀ ਮਿਆਦ ਖ਼ਤਮ ਹੋ ਚੁੱਕੀ ਸੀ ਪਰ ਕਾਬੁਲ ਸਥਿਤ ਪਾਕਿਸਤਾਨੀ ਦੂਤਾਵਾਸ ਨੇ ਇਸ 'ਤੇ ਐਕਸਟੈਸ਼ਨ ਦੀ ਮੋਹਰ ਲਗਾ ਦਿੱਤੀ ਸੀ।

ਉਨ੍ਹਾਂ ਦਾ ਸਵਾਗਤ ਕਰਨ ਲਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਜੈ ਪ੍ਰਕਾਸ਼ ਨਾਰਾਇਣ ਹਵਾਈ ਅੱਡੇ 'ਤੇ ਪਹੁੰਚੇ ਸਨ।

ਬਾਦਸ਼ਾਹ ਖ਼ਾਨ ਦੇ ਭਤੀਜੇ ਮੁਹੰਮਦ ਯੂਨਸ ਆਪਣੀ ਸਵੈ-ਜੀਵਨੀ 'ਪਰਸਨਸ, ਪੇਸ਼ਨਸ ਐਂਡ ਪਾਲੀਟਿਕਸ' ਵਿੱਚ ਲਿਖਦੇ ਹਨ, "ਜਦੋਂ ਬਾਦਸ਼ਾਹ ਖ਼ਾਨ ਆਪਣੇ ਹੱਥਾਂ ਵਿੱਚ ਕੱਪੜਿਆਂ ਦਾ ਗਠੜੀ ਲੈ ਕੇ ਹੇਠਾਂ ਆਏ ਤਾਂ ਇੰਦਰਾ ਗਾਂਧੀ ਨੇ ਉਨ੍ਹਾਂ ਦੇ ਹੱਥਾਂ ਤੋਂ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਗਠੜੀ ਨੂੰ ਦੇਣ ਤੋੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਤੁਸੀਂ ਵੈਸੇ ਹੀ ਬਹੁਤ ਬੜਾ ਬੋਝ ਚੱਕ ਕੇ ਚੱਲ ਰਹੇ ਹੋ, ਮੈਨੂੰ ਆਪਣਾ ਹਿੱਸਾ ਚੱਕਣ ਦਿਓ। ਬਾਦਸ਼ਾਹ ਖ਼ਾਨ ਭਾਰਤ ਵਿੱਚ ਜਿੱਥੇ-ਜਿੱਥੇ ਗਏ ਲੋਕਾਂ ਦੀ ਬੜੀ ਭੀੜ ਉਨ੍ਹਾਂ ਨੂੰ ਸੁਣਨ ਲਈ ਇੱਕਠੀ ਹੋਈ।"

ਨਟਵਰ ਸਿੰਘ ਨੇ ਵੀ ਬਾਦਸ਼ਾਹ ਖ਼ਾਨ ਦੇ ਦਿੱਲੀ ਆਉਣ ਦਾ ਦਿਲਚਸਪ ਵਰਣਨ ਕੀਤਾ ਹੈ।

ਉਹ ਲਿਖਦੇ ਹਨ, "ਬਾਦਸ਼ਾਹ ਖ਼ਾਨ ਨੂੰ ਹਵਾਈ ਅੱਡੇ ਤੋਂ ਇੱਕ ਖੁੱਲ੍ਹੀ ਕਾਰ ਵਿੱਚ ਸ਼ਹਿਰ ਲਿਆਂਦਾ ਜਾਣਾ ਸੀ ਅਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਨਾਲ ਬੈਠਣਾ ਸੀ। ਜੈ ਪ੍ਰਕਾਸ਼ ਨਰਾਇਣ ਨੇ ਵੀ ਉਸ ਕਾਰ ਵਿੱਚ ਬੈਠਣ ਦੀ ਕੋਸ਼ਿਸ਼ ਕੀਤੀ ਸੀ ਪਰ ਇੰਦਰਾ ਗਾਂਧੀ ਨਹੀਂ ਚਾਹੁੰਦੀ ਸੀ ਕਿ ਉਹ ਕਾਰ ਵਿੱਚ ਬੈਠਣ। ਜਦੋਂ ਇੰਦਰਾ ਦੇ ਸੁਰੱਖਿਆ ਅਧਿਕਾਰੀ ਨੇ ਜੇਪੀ ਨੂੰ ਕਾਰ ਵਿੱਚ ਬੈਠਣ ਤੋਂ ਰੋਕਿਆ, ਤਾਂ ਆਮ ਤੌਰ 'ਤੇ ਸ਼ਾਂਤ ਰਹਿਣ ਵਾਲੇ ਜੇਪੀ ਨਰਾਜ਼ ਹੋ ਗਏ ਸਨ, ਇਸ ਡਰੋਂ ਕਿ ਕਿਤੇ ਕੋਈ ਹੰਗਾਮਾ ਨਾ ਹੋ ਜਾਵੇ, ਇੰਦਰਾ ਨੇ ਸੁਰੱਖਿਆ ਅਧਿਕਾਰੀ ਨੂੰ ਕਿਹਾ ਕਿ ਜੇਪੀ ਨੂੰ ਕਾਰ ਵਿੱਚ ਆਉਣ ਦਿਓ।"

ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ ਨੇ 8 ਦਸੰਬਰ 1969 ਨੂੰ ਅਹਿਮਦਾਬਾਦ, ਗੁਜਰਾਤ ਵਿੱਚ ਦੰਗਾ ਪੀੜਤਾਂ ਨਾਲ ਮੁਲਾਕਾਤ ਕੀਤੀ

ਤਸਵੀਰ ਸਰੋਤ, Shukdev Bhachech/Dipam Bhachech/Getty Images

ਤਸਵੀਰ ਕੈਪਸ਼ਨ, ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ ਨੇ 8 ਦਸੰਬਰ 1969 ਨੂੰ ਅਹਿਮਦਾਬਾਦ, ਗੁਜਰਾਤ ਵਿੱਚ ਦੰਗਾ ਪੀੜਤਾਂ ਨਾਲ ਮੁਲਾਕਾਤ ਕੀਤੀ

ਬਾਦਸ਼ਾਹ ਖ਼ਾਨ ਦੀ ਸ਼ਿਕਾਇਤ, ਭਾਰਤ ਨੇ ਗਾਂਧੀ ਨੂੰ ਭੁੱਲਾ ਦਿੱਤਾ

ਬਾਦਸ਼ਾਹ ਖ਼ਾਨ ਦੇ ਭਾਰਤ ਵਿੱਚ ਆਉਣ ਤੋਂ ਇੱਕ-ਦੋ ਦਿਨ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਫਿਰਕੂ ਦੰਗੇ ਸ਼ੁਰੂ ਹੋ ਗਏ। ਇਨ੍ਹਾਂ ਦੰਗਿਆਂ ਨੂੰ ਰੋਕਣ ਲਈ ਬਾਦਸ਼ਾਹ ਖ਼ਾਨ ਨੇ ਤਿੰਨ ਦਿਨਾਂ ਦੇ ਵਰਤ ਦਾ ਐਲਾਨ ਕੀਤਾ। ਇਹ ਸੁਣਦੇ ਹੀ ਦੰਗੇ ਰੁਕ ਗਏ। 24 ਨਵੰਬਰ 1969 ਨੂੰ ਉਨ੍ਹਾਂ ਨੇ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕੀਤਾ ਸੀ।

ਪਾਰਲੀਮੈਂਟ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਗਾਂਧੀ ਨੂੰ ਉਸੇ ਤਰ੍ਹਾਂ ਭੁੱਲ ਰਹੇ ਹੋ ਜਿਸ ਤਰ੍ਹਾਂ ਤੁਸੀਂ ਗੌਤਮ ਬੁੱਧ ਨੂੰ ਭੁੱਲਾ ਦਿੱਤਾ ਸੀ ।

ਕੁਝ ਦਿਨਾਂ ਬਾਅਦ, ਜਦੋਂ ਉਹ ਇੰਦਰਾ ਗਾਂਧੀ ਨੂੰ ਮਿਲੇ ਤਾਂ ਉਨ੍ਹਾਂ ਨੇ ਬਿਨਾਂ ਕਿਸੇ ਝਿਜਕ ਦੇ ਕਿਹਾ, "ਤੁਹਾਡੇ ਪਿਤਾ ਅਤੇ ਪਟੇਲ ਨੇ ਮੈਨੂੰ ਅਤੇ ਪਠਾਨਾਂ ਨੂੰ ਬਘਿਆੜਾਂ ਦੇ ਸਾਹਮਣੇ ਸੁੱਟ ਦਿੱਤਾ ਸੀ।"

ਰਾਜਮੋਹਨ ਗਾਂਧੀ ਲਿਖਦੇ ਹਨ, "ਇੰਦਰਾ ਗਾਂਧੀ ਦੀ ਇਸ ਗੱਲ ਲਈ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਉਨ੍ਹਾਂ ਨੇ ਬਾਦਸ਼ਾਹ ਖ਼ਾਨ ਦੀ ਇਸ ਗੱਲ 'ਤੇ ਕੋਈ ਬੁਰਾ ਨਹੀਂ ਮੰਨਿਆ ਅਤੇ ਕਾਬੁਲ ਵਿੱਚ ਤਾਇਨਾਤ ਹਰ ਭਾਰਤੀ ਰਾਜਦੂਤ ਨੂੰ ਬਾਦਸ਼ਾਹ ਖ਼ਾਨ ਦੀਆਂ ਲੋੜਾਂ ਦਾ ਖ਼ਿਆਲ ਰੱਖਣ ਦੀ ਸਲਾਹ ਦਿੱਤੀ।"

ਜਦੋਂ ਦੰਗੇ ਸ਼ੁਰੂ ਹੋਏ ਤਾਂ ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ ਨੇ ਤਿੰਨ ਦਿਨਾਂ ਦੇ ਵਰਤ ਦਾ ਐਲਾਨ ਕੀਤਾ ਸੀ

ਤਸਵੀਰ ਸਰੋਤ, Universal Images Group via Getty Images

ਤਸਵੀਰ ਕੈਪਸ਼ਨ, ਜਦੋਂ ਦੰਗੇ ਸ਼ੁਰੂ ਹੋਏ ਤਾਂ ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ ਨੇ ਤਿੰਨ ਦਿਨਾਂ ਦੇ ਵਰਤ ਦਾ ਐਲਾਨ ਕੀਤਾ ਸੀ

ਅਫਗਾਨਿਸਤਾਨ ਵਿੱਚ ਜਲਾਵਤਨੀ

ਸੱਤਰਵਿਆਂ ਦੇ ਸ਼ੁਰੂ ਵਿੱਚ ਅਫਗਾਨਿਸਤਾਨ ਦੀ ਸਰਕਾਰ ਨੇ ਉਨ੍ਹਾਂ ਨੂੰ ਜਲਾਲਾਬਾਦ ਵਿੱਚ ਰਹਿਣ ਲਈ ਇੱਕ ਘਰ ਦਿੱਤਾ ਸੀ।

ਬਾਦਸ਼ਾਹ ਖ਼ਾਨ ਉਸ ਘਰ ਵਿੱਚ ਬਿਸਤਰੇ ਦੀ ਬਜਾਏ ਮੰਜੇ ਦੀ ਵਰਤੋਂ ਕਰਦੇ ਸਨ। ਉਹ ਆਪਣੇ ਬੈੱਡਰੂਮ ਵਿੱਚ ਸੌਣ ਦੀ ਬਜਾਏ ਸਰਦੀਆਂ ਵਿੱਚ ਵੀ ਪਹਿਲੀ ਮੰਜ਼ਿਲ ਉੱਤੇ ਵਰਾਂਡੇ ਵਿੱਚ ਸੌਂਦੇ ਸਨ।।

ਜਦੋਂ ਪ੍ਰਸਿੱਧ ਲੇਖਕ ਵੇਦ ਮਹਿਤਾ ਉਨ੍ਹਾਂ ਨੂੰ ਮਿਲਣ ਗਏ ਤਾਂ ਉਨ੍ਹਾਂ ਨੇ ਸ਼ਿਕਾਇਤ ਭਰੇ ਲਹਿਜੇ ਵਿੱਚ ਉਨ੍ਹਾਂ ਨੂੰ ਕਿਹਾ, "ਭਾਰਤ ਵਿੱਚ ਗਾਂਧੀਵਾਦ ਖਤਮ ਹੋ ਚੁੱਕਾ ਹੈ। ਉੱਥੇ ਗਾਂਧੀ ਨੂੰ ਭੁਲਾ ਦਿੱਤਾ ਗਿਆ ਹੈ। ਤੁਹਾਡੀ ਸਰਕਾਰ ਉਹ ਸਭ ਕੁਝ ਕਰ ਰਹੀ ਹੈ ਜਿਸਦਾ ਗਾਂਧੀ ਨੇ ਵਿਰੋਧ ਕੀਤਾ ਸੀ।"

ਅਫਗਾਨਿਸਤਾਨ ਵਿੱਚ ਸੋਵੀਅਤ ਦਖਲ ਦਾ ਵਿਰੋਧ

ਬਾਦਸ਼ਾਹ ਖ਼ਾਨ ਨੇ ਸ਼ੁਰੂ ਵਿੱਚ ਅਫਗਾਨਿਸਤਾਨ ਵਿੱਚ ਸੋਵੀਅਤ ਦਖਲ ਦੀ ਹਮਾਇਤ ਕੀਤੀ ਸੀ, ਪਰ ਜਦੋਂ ਉਹ 1981 ਵਿੱਚ ਇਲਾਜ ਲਈ ਭਾਰਤ ਆਏ ਸਨ, ਉਸ ਸਮੇਂ ਤੱਕ ਉਹ ਅਫਗਾਨਿਸਤਾਨ ਵਿੱਚ ਸੋਵੀਅਤ ਦੀ ਮੌਜੂਦਗੀ ਦੇ ਖਿਲਾਫ਼ ਹੋ ਗਏ ਸਨ।

ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਵੀਅਤ ਨੇਤਾ ਲਿਓਨਿਦ ਬ੍ਰੇਜ਼ਨੇਵ ਨਾਲ ਮੁਲਾਕਾਤ ਤਹਿ ਕਰਨ ਲਈ ਬੇਨਤੀ ਕੀਤੀ ਸੀ।

ਭਾਰਤ ਦੇ ਸਾਬਕਾ ਸੁਰੱਖਿਆ ਸਲਾਹਕਾਰ ਜੇਅਨ ਦੀਕਸ਼ਿਤ ਆਪਣੀ ਕਿਤਾਬ 'ਐਨ ਅਫਗਾਨ ਡਾਇਰੀ' ਵਿੱਚ ਲਿਖਦੇ ਹਨ, "ਬਾਦਸ਼ਾਹ ਖ਼ਾਨ ਬ੍ਰੇਜ਼ਨੇਵ ਨੂੰ ਮਿਲਕੇੇ ਉਨ੍ਹਾਂ ਨੂੰ ਅਫਗਾਨਿਸਤਾਨ ਤੋਂ ਸੋਵੀਅਤ ਫੌਜਾਂ ਨੂੰ ਹਟਾਉਣ ਦੀ ਬੇਨਤੀ ਕਰਨਾ ਚਾਹੁੰਦੇ ਸੀ। ਇੰਦਰਾ ਗਾਂਧੀ ਇਹ ਕੋਸ਼ਿਸ਼ ਕਰਨ ਵਿੱਚ ਝਿਜਕ ਰਹੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਸੋਵੀਅਤ ਉਨ੍ਹਾਂ ਦੀ ਤਰਫ਼ੋਂ ਆਈ ਇਸ ਬੇਨਤੀ ਨੂੰ ਪਸੰਦ ਨਹੀਂ ਕਰਨਗੇ। ਦੂਜੇ ਪਾਸੇ, ਉਹ ਇਹ ਵੀ ਮੰਨਦੇ ਸਨ ਕਿ ਅਫਗਾਨਿਸਤਾਨ ਵਿੱਚ ਸੋਵੀਅਤ ਸੰਘ ਦੀ ਮੌਜੂਦਗੀ ਭਾਰਤ ਦੇ ਹਿੱਤਾਂ ਦੇ ਵਿਰੁੱਧ ਨਹੀਂ ਹੈ।

ਪਰ ਇੰਦਰਾ ਗਾਂਧੀ ਬਾਦਸ਼ਾਹ ਖ਼ਾਨ ਦੇ ਦਬਾਅ ਨੂੰ ਜ਼ਿਆਦਾ ਦੇਰ ਤੱਕ ਨਜ਼ਰਅੰਦਾਜ਼ ਨਹੀਂ ਕਰ ਸਕੀ।

ਜੇਅਨ ਦੀਕਸ਼ਿਤ ਲਿਖਦੇ ਹਨ, ''ਇੰਦਰਾ ਗਾਂਧੀ ਨੇ ਬਾਦਸ਼ਾਹ ਖ਼ਾਨ ਦਾ ਸੰਦੇਸ਼ ਸੋਵੀਅਤ ਰਾਜਦੂਤ ਵੋਰੋਨਤਸੋਵ ਅਤੇ ਭਾਰਤ ਦੌਰੇ 'ਤੇ ਆਏ ਸੋਵੀਅਤ ਉਪ-ਰਾਸ਼ਟਰਪਤੀ ਵੇਜ਼ਿਲੀ ਕੁਜ਼ਨੇਤਸੋਵ ਤੱਕ ਪਹੁੰਚਾਇਆ ਅਤੇ ਜਦੋਂ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਦੋਸਤ ਭਾਰਤ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਅਫਗਾਨਿਸਤਾਨ ਵਿੱਚ ਸੋਵੀਅਤ ਫੌਜ ਨੂੰ ਹਟਾਉਣ ਲਈ ਕਰ ਕੀ ਰਹੇ ਹਨ?"

ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ ਨੇ ਅਫਗਾਨਿਸਤਾਨ ਵਿੱਚ ਸੋਵੀਅਤ ਦਖਲ ਦਾ ਵਿਰੋਧ ਕੀਤਾ ਸੀ

ਤਸਵੀਰ ਸਰੋਤ, DERRICK CEYRAC/AFP via Getty Image

ਤਸਵੀਰ ਕੈਪਸ਼ਨ, ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ ਨੇ ਅਫਗਾਨਿਸਤਾਨ ਵਿੱਚ ਸੋਵੀਅਤ ਦਖਲ ਦਾ ਵਿਰੋਧ ਕੀਤਾ ਸੀ

ਰਾਜੀਵ ਗਾਂਧੀ ਅਤੇ ਜ਼ਿਆ ਉਲ ਹੱਕ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ

ਸਾਲ 1987 ਵਿੱਚ, ਅਬਦੁਲ ਗ਼ੱਫ਼ਾਰ ਖ਼ਾਨਇੱਕ ਵਾਰ ਫਿਰ ਭਾਰਤ ਆਏ, ਜਿੱਥੇ ਉਨ੍ਹਾਂ ਨੂੰ ਭਾਰਤ ਦਾ ਸਰਬਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਦਿੱਤਾ ਗਿਆ।

ਬਾਦਸ਼ਾਹ ਖ਼ਾਨ ਨੇ 98 ਸਾਲ ਦੀ ਉਮਰ ਵਿੱਚ 20 ਜਨਵਰੀ 1988 ਨੂੰ ਸਵੇਰੇ 6:55 ਤੇ ਆਖ਼ਰੀ ਸਾਹ ਲਏ।

ਉਨ੍ਹਾਂ ਦੀ ਆਖਰੀ ਇੱਛਾ ਸੀ ਕਿ ਉਨ੍ਹਾਂ ਨੂੰ ਅਫਗਾਨਿਸਤਾਨ ਵਿੱਖੇ ਜਲਾਲਾਬਾਦ ਵਿੱਚ ਉਨ੍ਹਾਂ ਦੇ ਘਰ ਦੇ ਵਿਹੜੇ ਵਿੱਚ ਦਫ਼ਨਾਇਆ ਜਾਵੇ।

ਫਰੰਟੀਅਰ ਗਾਂਧੀ ਦੇ ਲਗਭਗ 20 ਹਜ਼ਾਰ ਪ੍ਰਸ਼ੰਸਕ ਅਤੇ ਸਮਰਥਕ ਪਾਕਿਸਤਾਨ ਦੇ ਉਤਮਨਜ਼ਈ ਤੋਂ ਉਨ੍ਹਾਂ ਦੇ ਜਨਾਜੇ ਦੇ ਨਾਲ ਬਿਨਾਂ ਕਿਸੇ ਪਾਕਿਸਤਾਨੀ ਪਾਸਪੋਰਟ ਜਾਂ ਅਫਗਾਨ ਵੀਜ਼ੇ ਦੇ ਡੂਰੰਡ ਲਾਈਨ ਨੂੰ ਪਾਰ ਕਰਦੇ ਹੋਏ ਅਫਗਾਨਿਸਤਾਨ ਵਿੱਚ ਦਾਖਲ ਹੋਏ।

ਉਨ੍ਹਾਂ ਦੇ ਨਾਲ ਕਾਰਾਂ, ਟਰੱਕਾਂ ਅਤੇ ਬੱਸਾਂ ਦਾ ਲੰਬਾ ਕਾਫਲਾ ਗਿਆ ਸੀ। ਜਲਾਲਾਬਾਦ ਵਿੱਚ ਇਸ ਜਲੂਸ ਵਿੱਚ ਕਈ ਹੋਰ ਹਜ਼ਾਰ ਲੋਕ ਸ਼ਾਮਲ ਹੋ ਗਏ।

ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਜ਼ਿਆ-ਉਲ-ਹੱਕ ਅਤੇ ਭਾਰਤੀ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੋਵੇਂ ਮੌਜੂਦ ਸਨ।

ਇਹ ਵੀ ਪੜ੍ਹੋ:

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)