ਪਰਾਲੀ ਦੀ ਅੱਗ ਤੋਂ ਮੁਕਤ ਹੋਇਆ ਸਾਰਾ ਪਿੰਡ, ਇੱਕ ਕਿਸਾਨ ਦੀ ਹਿੰਮਤ ਨੇ ਕਿਵੇਂ ਬਦਲੀ ਪਿੰਡ ਦੀ ਤਸਵੀਰ

    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਅੱਜ ਤੋਂ 10 ਵਰ੍ਹੇ ਪਹਿਲਾਂ 55 ਸਾਲਾ ਸੁਖਜੀਤ ਸਿੰਘ ਦੀਵਾਲਾ ਪਿੰਡ ਦਾ ਇਕਲੌਤਾ ਅਜਿਹਾ ਕਿਸਾਨ ਸੀ ਜਿਸ ਨੇ ਪਰਾਲੀ ਨੂੰ ਅੱਗ ਨਾ ਲਾਉਣ ਦਾ ਅਹਿਦ ਲਿਆ ਸੀ।

ਉਨ੍ਹਾਂ ਦੀ ਇਕਲੌਤੀ ਕੋਸ਼ਿਸ਼ ਨੇ ਹੌਲੀ-ਹੌਲੀ ਸਾਰੇ ਪਿੰਡ ਨੂੰ ਪ੍ਰੇਰਿਤ ਕੀਤਾ। ਹੁਣ ਪਿਛਲੇ ਛੇ ਸਾਲਾਂ ਤੋਂ ਇਸ ਪਿੰਡ ਦਾ ਕੋਈ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾ ਰਿਹਾ ਹੈ।

ਦੀਵਾਲਾ ਲੁਧਿਆਣਾ ਜ਼ਿਲ੍ਹੇ ਦੀ ਸਮਰਾਲਾ ਤਹਿਸੀਲ ਵਿੱਚ ਵਸਿਆ ਇੱਕ ਛੋਟਾ ਜਿਹਾ ਪਿੰਡ ਹੈ।

ਇਸ ਪਿੰਡ ਵਿੱਚ 600 ਏਕੜ ਜ਼ਮੀਨ ਵਿੱਚ ਹਰ ਸਾਲ ਝੋਨੇ ਦੀ ਖੇਤੀ ਹੁੰਦੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਸ ਨੂੰ ‘ਪਰਾਲੀ ਦੀ ਅੱਗ ਤੋਂ ਮੁਕਤ’ ਪਿੰਡ ਐਲਾਨਿਆ ਹੋਇਆ ਹੈ।

ਪਿੰਡ ਪਰਾਲੀ ਦੀ ਅੱਗ ਤੋਂ ਮੁਕਤ ਕਿਵੇਂ ਹੋਇਆ

ਪਿੰਡ ਵਾਸੀਆਂ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅਧਿਕਾਰੀਆਂ ਅਨੁਸਾਰ ਸੁਖਜੀਤ ਸਿੰਘ ਨੇ ਲਗਾਤਾਰ ਚਾਰ ਸਾਲ ਬਿਨਾਂ ਪਰਾਲੀ ਨੂੰ ਅੱਗ ਲਾਏ ਖੇਤੀ ਕੀਤੀ।

ਇਸ ਮਗਰੋਂ ਪੀਏਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਵੱਲੋਂ ਸਾਲ 2018 ਵਿੱਚ ਸੁਖਜੀਤ ਸਿੰਘ ਦੇ ਖੇਤਾਂ, ਨਾਲ ਲੱਗਦੇ ਅਤੇ ਹੋਰਨਾਂ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਦਾ ਨਿਰੀਖਣ ਕੀਤਾ ਗਿਆ।

ਇਸ ਨਿਰੀਖਣ ਦੇ ਨਤੀਜਿਆਂ ਤੋਂ ਸਾਹਮਣੇ ਆਇਆ ਕਿ ਸੁਖਦੀਪ ਸਿੰਘ ਦੇ ਖੇਤਾਂ ਵਿੱਚ ਬਾਕੀ ਖੇਤਾਂ ਦੇ ਮੁਕਾਬਲੇ ਆਰਗੈਨਿਕ ਕਾਰਬਨ ਦੀ ਮਾਤਰਾ 20% ਵੱਧ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਅਨੁਸਾਰ ਇਸ ਦਾ ਮਤਲਬ ਇਹ ਹੈ ਕਿ ਸੁਖਦੀਪ ਸਿੰਘ ਦੀ ਜ਼ਮੀਨ ਹੋਰਨਾਂ ਕਿਸਾਨਾਂ ਦੀ ਜ਼ਮੀਨ ਨਾਲੋਂ ਵੱਧ ਉਪਜਾਊ ਹੈ।

ਇਸ ਨਤੀਜੇ ਦਾ ਪ੍ਰਭਾਵ ਪਿੰਡ ਦੇ ਸਾਰੇ ਕਿਸਾਨਾਂ ਉੱਤੇ ਪਿਆ। ਇਸੇ ਦੌਰਾਨ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਇਸ ਪਿੰਡ ਨੂੰ ʻਪਰਾਲੀ ਦੀ ਅੱਗ ਤੋਂ ਮੁਕਤʼ ਕਰਨ ਲਈ ਗੋਦ ਲੈ ਲਿਆ।

ਇਸ ਤੋਂ ਇਲਾਵਾ ਪਿੰਡ ਕੋਲ ਝੋਨੇ ਦੀ ਪਰਾਲੀ ਜਾਂ ਝੋਨੇ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਸਾਰੇ ਖੇਤੀਬਾੜੀ ਸੰਦ ਮੌਜੂਦ ਹਨ।

ਪਿੰਡ ਵਿੱਚ ʻਦੀ ਦੀਵਾਲਾ ਕੋ-ਆਪਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਲਿਮੀਟਿਡʼ ਨਾਮ ਦੀ ਕੋ-ਆਪਰੇਟਿਵ ਸੁਸਾਇਟੀ ਵੀ ਹੈ, ਜਿਸ ਵੱਲੋਂ ਪਿੰਡ ਵਾਸੀਆਂ ਅਤੇ ਆਸ ਪਾਸ ਦੇ ਹੋਰਨਾਂ ਪਿੰਡਾਂ ਨੂੰ ਵੀ ਪਰਾਲੀ ਦੇ ਪ੍ਰਬੰਧਨ ਵਾਸਤੇ ਖੇਤੀਬਾੜੀ ਸੰਦ ਮਾਮੂਲੀ ਕਿਰਾਏ ਉੱਤੇ ਦਿੱਤੇ ਜਾਂਦੇ ਹਨ।

ਇੱਥੇ ਝੋਨੇ ਦੀ ਪਰਾਲੀ ਦਾ ਪ੍ਰਬੰਧ ‘ਸਾੜੇ ਬਗ਼ੈਰ’ ਕਿਵੇਂ ਕੀਤਾ ਜਾਂਦਾ ਹੈ?

ਇਸ ਪਿੰਡ ਵਿੱਚ ਝੋਨੇ ਦੀ ਪਰਾਲੀ ਦੇ ਪ੍ਰਬੰਧ ਲਈ ਵੱਡੇ ਤੌਰ ਉੱਤੇ ਇਨ-ਸੀਟੂ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ ਪਿੰਡ ਦੇ ਕੁਝ ਕਿਸਾਨ ਐਕਸ-ਸੀਟੂ ਵਿਧੀ ਦੀ ਵਰਤੋਂ ਵੀ ਕਰਦੇ ਹਨ ਪਰ ਬਹੁਤੇ ਕਿਸਾਨ ਇਸ ਵਿਧੀ ਦਾ ਸਮਰਥਨ ਨਹੀਂ ਕਰਦੇ।

ਮਾਹਰਾਂ ਮੁਤਾਬਕ ਪਰਾਲੀ ਦਾ ਪ੍ਰਬੰਧ ਕਰਨ ਲਈ ਦੋ ਮੁੱਖ ਵਿਧੀਆਂ ਹਨ, ਇਨ-ਸੀਟੂ ਅਤੇ ਐਕਸ-ਸੀਟੂ।

ਇਨ-ਸੀਟੂ ਵਿਧੀ ਰਾਹੀਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਂਦਾ ਹੈ ਜਾਂ ਅਗਲੀ ਫ਼ਸਲ ਦੀ ਬਿਜਾਈ ਦੌਰਾਨ ਬਰਕਰਾਰ ਰੱਖਿਆ ਜਾਂਦਾ ਹੈ।

ਇਸ ਵਿਧੀ ਦੀ ਵਰਤੋਂ ਨਾਲ ਇੱਕ ਤਾਂ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ ਦੂਜੇ ਪਾਸੇ ਮਿੱਟੀ ਦੇ ਪੌਸ਼ਟਿਕ ਤੱਤਾਂ ਅਤੇ ਸੂਖਮ ਜੀਵਾਂ, ਜਿਨ੍ਹਾਂ ਨੂੰ ਮਿੱਤਰ ਕੀੜੇ ਵੀ ਕਿਹਾ ਜਾਂਦਾ ਹੈ, ਦਾ ਨੁਕਸਾਨ ਨਹੀਂ ਹੁੰਦਾ।

ਐਕਸ-ਸੀਟੂ ਵਿਧੀ ਵਿੱਚ ਪਰਾਲੀ ਨੂੰ ਜਮੀਨ ਉਪਰੋਂ ਹਟਾ ਦਿੱਤਾ ਜਾਂਦਾ ਹੈ ਅਤੇ ਮਗਰੋਂ ਇਸ ਪਰਾਲੀ ਨੂੰ ਵੱਖ ਵੱਖ ਉਦੇਸ਼ਾਂ ਲਈ ਵਰਤਿਆ ਜਾ ਸਕਦਾ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਕਿਸਾਨਾਂ ਨੇ ਇਕੱਠੇ ਹੋ ਕੇ ਪਰਾਲੀ ਦੇ ਇਨ-ਸੀਟੂ ਵਿਧੀ ਰਾਹੀਂ ਪ੍ਰਬੰਧਨ ਲਈ ਸਬਸਿਡੀ ਉੱਤੇ ਸਾਂਝੇ ਖੇਤੀਬਾੜੀ ਸੰਦ ਖ਼ਰੀਦ ਲਏ ਸਨ।

ਇਨ੍ਹਾਂ ਕਿਸਾਨਾਂ ਵੱਲੋਂ ਇਹ ਸੰਦ ਪਿੰਡ ਦੇ ਹੋਰਨਾਂ ਕਿਸਾਨਾਂ ਨੂੰ ਵੀ ਦਿੱਤੇ ਜਾਂਦੇ ਹਨ। ਪਿੰਡ ਦੀ ਕੋ-ਆਪਰੇਟਵ ਸੋਸਾਇਟੀ ਕੋਲ ਵੀ ਅਜਿਹੇ ਸੰਧ ਮੌਜੂਦ ਹਨ। ਇਸ ਤੋਂ ਇਲਾਵਾ ਜਦੋਂ ਕ੍ਰਿਸ਼ੀ ਵਿਗਿਆਨ ਕੇਂਦਰ ਨੇ 2018 ਵਿੱਚ ਇਸ ਪਿੰਡ ਨੂੰ ਗੋਦ ਲਿਆ ਸੀ ਤਾਂ ਉਸ ਵੱਲੋਂ ਵੀ ਪਿੰਡ ਵਾਸੀਆਂ ਨੂੰ ਖੇਤੀਬਾੜੀ ਦੇ ਸੰਦ ਮੁਹੱਈਆ ਕਰਵਾਏ ਗਏ ਸਨ।

ਪਿੰਡ ਨੂੰ ਗੋਦ ਲੈਣ ਮਗਰੋਂ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਇੱਥੋਂ ਦੇ ਕਿਸਾਨਾਂ ਨੂੰ ਪਰਾਲੀ ਨੂੰ ਬਗ਼ੈਰ ਅੱਗ ਲਾਏ ਪ੍ਰਬੰਧਨ ਕਰਨ ਦੀ ਸਿਖਲਾਈ ਵੀ ਦਿੱਤੀ ਸੀ ਅਤੇ ਘਰ-ਘਰ ਜਾ ਕੇ ਕਿਸਾਨਾਂ ਨੂੰ ਤਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਵੀ ਕੀਤਾ ਸੀ।

ਪਰਵਿੰਦਰ ਸਿੰਘ, ਸੈਕਟਰੀ, ਸੁਸਾਇਟੀ ਕੋਲ ਪਰਾਲੀ ਦੇ ਪ੍ਰਬੰਧਨ ਲਈ ਨੌ ਤੋਂ 10 ਖੇਤੀਬਾੜੀ ਦੇ ਸੰਦ ਹਨ।

ਕਿਸਾਨ ਇਨ੍ਹਾਂ ਸੰਦਾਂ ਦੀ ਵਰਤੋਂ ਕਰ ਰਹੇ ਹਨ ਅਤੇ ਪਰਾਲੀ ਨੂੰ ਅੱਗ ਨਹੀਂ ਲਾ ਰਹੇ। ਆਸ ਪਾਸ ਦੇ ਪਿੰਡਾਂ ਦੇ ਕਿਸਾਨ ਵੀ ਕਿਰਾਏ ਉੱਤੇ ਇੰਨਾ ਖੇਤੀਬਾੜੀ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ।

ਇਸ ਤੋਂ ਇਲਾਵਾ ਜਦੋਂ ਵੀ ਕੋਈ ਸਰਕਾਰੀ ਸਕੀਮ ਆਉਂਦੀ ਹੈ ਤਾਂ ਅਸੀਂ ਕੈਂਪ ਲਗਾ ਕੇ ਲੋਕਾਂ ਨੂੰ ਜਾਣਕਾਰੀ ਦਿੰਦੇ ਹਾਂ।

ਉਨ੍ਹਾਂ ਨੇ ਦੱਸਿਆ ਕਿ ਇਸ ਏਰੀਏ ਵਿੱਚ ਜ਼ਿਆਦਾਤਰ ਆਲੂਆਂ ਦੀ ਖੇਤੀ ਹੁੰਦੀ ਹੈ। ਇਸ ਲਈ ਇੱਥੋਂ ਦੇ ਕਿਸਾਨ ਅਗੇਤਿਆਂ ਹੀ ਝੋਨੇ ਦੀ ਵਾਢੀ ਸ਼ੁਰੂ ਕਰ ਦਿੰਦੇ ਹਨ।

ਇਸ ਸਮੇਂ ਪਰਾਲੀ ਦੇ ਪ੍ਰਬੰਧਨ ਦੇ ਸਾਰੇ ਹੀ ਸੰਦ ਵੇਹਲੇ ਹੁੰਦੇ ਹਨ ਅਤੇ ਇਸ ਲਈ ਇੱਥੋਂ ਦੇ ਕਿਸਾਨ ਪਰਾਲੀ ਦੇ ਪ੍ਰਬੰਧਨ ਵਾਲੇ ਸਾਧਨਾਂ ਦੀ ਵਰਤੋਂ ਆਸਾਨੀ ਨਾਲ ਕਰ ਲੈਂਦੇ ਹਨ।

ਕਿਸਾਨ ਦੇ ਖੇਤਾਂ ਦੀ ਮਿੱਟੀ ਦੀ ਉਪਜਾਊ ਸ਼ਕਤੀ ਕਿਵੇਂ ਵਧੀ?

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਮੁਤਾਬਕ ਝੋਨੇ ਦੀ ਪਰਾਲੀ ਵਿੱਚ ਪੋਟਾਸ਼ੀਅਮ, ਫਾਸਫੋਰਸ, ਨਾਈਟ੍ਰੋਜਨ ਸਮੇਤ ਹੋਰ ਸਾਰੇ ਤੱਤ ਹੁੰਦੇ ਹਨ ਜੇ ਇੱਕ ਪੌਦੇ ਜਾਂ ਬੂਟੇ ਦੇ ਵਿਕਾਸ ਲਈ ਲੋੜੀਂਦੀ ਹੁੰਦੇ ਹਨ।

ਇਸ ਲਈ ਜਦੋਂ ਪਰਾਲੀ ਦਾ ਇਨ-ਸੀਟੂ ਵਿਧੀ ਰਾਹੀਂ ਪ੍ਰਬੰਧਨ ਕੀਤਾ ਜਾਂਦਾ ਹੈ ਤਾਂ ਜਮੀਨ ਵਿੱਚ ਆਰਗੈਨਿਕ ਕਾਰਬਨ ਦੀ ਮਾਤਰਾ ਵੱਧ ਜਾਂਦੀ ਹੈ।

ਉਨ੍ਹਾਂ ਮੁਤਾਬਕ ਜੇਕਰ ਲਗਾਤਾਰ ਅੱਠ ਸਾਲ ਇਨ-ਸੀਟੂ ਵਿਧੀ ਰਾਹੀਂ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕੀਤਾ ਜਾਵੇ ਤਾਂ ਅਗਲੇ ਸਾਲ ਤੋਂ ਝੋਨੇ ਵਿੱਚ ਯੂਰੀਆ ਦੀ ਵਰਤੋਂ 25% ਅਤੇ ਕਣਕ ਵਿੱਚ ਫਾਸਫੋਰਸ ਦੀ ਵਰਤੋਂ 50% ਘੱਟ ਕਰਨੀ ਪਵੇਗੀ, ਜਿਸ ਨਾਲ ਕਿਸਾਨ ਨੂੰ ਆਰਥਿਕ ਫਾਇਦਾ ਵੀ ਹੋਵੇਗਾ।

ਕਿਸਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਉਹ ਸਾਲ 2014 ਤੋਂ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਪਹਿਲਾਂ ਪਹਿਲਾਂ ਉਨ੍ਹਾਂ ਨੂੰ ਬਹੁਤ ਸਮੱਸਿਆ ਆਈਆਂ ਕਿਉਂਕਿ ਉਸ ਸਮੇਂ ਪਰਾਲੀ ਦੇ ਪ੍ਰਬੰਧਨ ਲਈ ਢੁਕਵੇ ਸਾਧਨ ਮੌਜੂਦ ਨਹੀਂ ਸਨ।

ਮਗਰੋਂ ਪੀਏਯੂ ਨੇ ਸਟੱਡੀ ਕੀਤੀ ਕਿ ਇੰਨੇ ਸਾਲ ਪਰਾਲੀ ਖੇਤ ਵਿੱਚ ਵਾਹੁਣ ਨਾਲ ਜ਼ਮੀਨ ਨੂੰ ਕੀ ਫਰਕ ਪੈਂਦਾ ਹੈ ਅਤੇ ਸਾਹਮਣੇ ਆਇਆ ਕਿ ਮੇਰੇ ਖੇਤਾਂ ਵਿੱਚ ਆਰਗੈਨਿਕ ਕਾਰਬਨ ਦੀ ਮਾਤਰਾ 20% ਨਾਲ ਦੇ ਖੇਤ ਨਾਲੋਂ ਵੱਧ ਮਿਲੀ।

ਸੁਖਜੀਤ ਨੇ ਅੱਗੇ ਕਿਹਾ, “ਫਿਰ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਪਰਾਲੀ ਨਹੀਂ ਸੋਨਾ ਹੈ। ਕਿਉਂਕਿ 2400- 2500 ਰੁਪਏ ਦੀ ਜਿਹੜੀ ਖਾਦ ਕਿਸਾਨ ਵਿੱਚ ਖੇਤਾਂ ਵਿੱਚ ਪਾਉਂਦੇ ਹਨ, ਉਹ ਪਰਾਲੀ ਵਿੱਚ ਮੌਜੂਦ ਹੁੰਦੀ ਹੈ। ਇਹ ਚੀਜ਼ਾਂ ਲੋਕਾਂ ਨੂੰ ਸਮਝ ਆਉਣ ਲੱਗ ਪਈਆਂ।”

ਪਿੰਡ ਦੇ ਹੋਰਨਾਂ ਕਿਸਾਨਾਂ ਦੀ ਰਾਏ ਕੀ ਹੈ?

ਕਿਸਾਨ ਦੀਦਾਰ ਸਿੰਘ ਨੇ ਦੱਸਿਆ ਕਿ ਉਹ 40 ਏਕੜ ਵਿੱਚ ਝੋਨੇ ਦੀ ਖੇਤੀ ਕਰਦੇ ਹਨ ਅਤੇ 5 ਏਕੜ ਵਿੱਚ ਉਨ੍ਹਾਂ ਝੋਨਾ ਵੱਢ ਲਿਆ ਹੈ।

ਪਿਛਲੇ 5-6 ਸਾਲਾਂ ਤੋਂ ਉਹ ਪਲਟਾਵੇ ਹੱਲ ਫੇਰਕੇ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰ ਰਹੇ ਹਨ। ਪਹਿਲਾਂ ਉਹ ਕੰਬਾਈਨ, ਜਿਸ ਵਿੱਚ ਐੱਸਐੱਮਐੱਸ (ਸਟ੍ਰੋਅ ਮੈਨੇਜਮੈਂਟ ਸਿਸਟਮ) ਲੱਗਾ ਹੁੰਦਾ ਹੈ, ਨਾਲ ਝੋਨਾ ਵੱਢਦੇ ਹਨ।

ਫਿਰ ਮਲਚਰ ਦੀ ਮਦਦ ਨਾਲ ਪਰਾਲੀ ਦੇ ਛੋਟੇ-ਛੋਟੇ ਹਿੱਸੇ ਕੀਤਾ ਜਾਂਦੇ ਹਨ। ਬਾਅਦ ਵਿੱਚ ਪਲਟਾਵੇ ਹੱਲਾਂ ਦੀ ਵਰਤੋਂ ਕਰਕੇ ਝੋਨੇ ਦੀ ਰਹਿੰਦ-ਖੁਹੰਦ ਨੂੰ ਜ਼ਮੀਨ ਵਿੱਚ ਦੱਬ ਦਿੱਤਾ ਜਾਂਦਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਪਰਾਲੀ ਨੂੰ ਜਮੀਨ ਵਿੱਚ ਰਲਾਉਣ ਨਾਲ ਆਲੂ ਦੀ ਫ਼ਸਲ ਨੂੰ ਵੀ ਫਾਇਦਾ ਹੁੰਦਾ ਹੈ।

ਗੁਰਜੰਟ ਸਿੰਘ ਨੇ ਦੱਸਿਆ ਇਹ ਉਹ ਝੋਨੇ ਦੀ ਫ਼ਸਲ ਤੋਂ ਇਲਾਵਾ ਸਬਜ਼ੀਆਂ ਵੀ ਉਗਾਉਂਦੇ ਹਨ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਉਨ੍ਹਾਂ ਨੂੰ ਅਗਾਂਹਵਧੂ ਕਿਸਾਨ ਸੁਖਜੀਤ ਸਿੰਘ ਨੇ ਜਾਗਰੂਕ ਕੀਤਾ।

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕਿਵੇਂ ਸਹਿਯੋਗ ਕੀਤਾ

ਕਰੁਨ ਸ਼ਰਮਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਮਰਾਲਾ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਤੈਨਾਤ ਹਨ।

ਜਦੋਂ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਇਸ ਪਿੰਡ ਨੂੰ ਪਰਾਲੀ ਦੀ ਅੱਗ ਤੋਂ ਮੁਕਤ ਕਰਨ ਲਈ ਗੋਦ ਲਿਆ ਗਿਆ ਸੀ ਤਾਂ ਉਹ ਇਸਦੇ ਨੋਡਲ ਅਫਸਰ ਸਨ।

ਕਰੁਣ ਸ਼ਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਹਰ ਸਾਲ ਕਰੌਪ ਰੈਸੀਡਿਊ ਮੈਨਜ਼ਮੈਂਟ ਪ੍ਰਾਜੈਕਟ ਮਿਲਦੇ ਹਨ ਜਿਸ ਤਹਿਤ ਪਿੰਡਾਂ ਨੂੰ ਪਰਾਲੀ ਤੋਂ ਮੁਕਤ ਕਰਨ ਲਈ ਗੋਦ ਲਿਆ ਜਾਣਾ ਹੁੰਦਾ ਹੈ।

ਸ਼ਰਮਾ ਨੇ ਦੱਸਿਆ ਕਿ 2018 ਵਿੱਚ ਉਨ੍ਹਾਂ ਨੇ ਦੀਵਾਲਾ ਸਮੇਤ ਤਿੰਨ ਹੋਰ ਪਿੰਡਾਂ ਨੂੰ ਗੋਦ ਲਿਆ ਸੀ। ਇਸ ਮਗਰੋਂ ਉਨ੍ਹਾਂ ਨੂੰ ਪਿੰਡ ਦੇ ਅਗਾਂਹਵਧੂ ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ ਅਤੇ ਪਿੰਡ ਵਿੱਚ ਪਰਾਲੀ ਨੂੰ ਨਾ ਸੜਨ ਬਾਰੇ ਜਾਗਰੂਕਤਾ ਕੈਂਪ ਲਗਾਏ ਗਏ।

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪਰਾਲੀ ਦੇ ਪ੍ਰਬੰਧਨ ਦੇ ਨਵੇਂ ਸਾਧਨਾਂ ਦੀ ਵਰਤੋਂ ਬਾਰੇ ਵੀ ਕਿਸਾਨਾਂ ਨੂੰ ਦੱਸਿਆ ਗਿਆ ਸੀ।

ਇਸੇ ਸਾਲ ਹੀ ਪਿੰਡ ਦੇ 80% ਕਿਸਾਨਾਂ ਨੇ ਅੱਗ ਲਾਉਣੀ ਬੰਦ ਕਰ ਦਿੱਤੀ ਸੀ। ਬਾਅਦ ਵਿੱਚ ਇਸ ਪਿੰਡ ਨੂੰ ਪਰਾਲੀ ਦੀ ਅੱਗ ਤੋਂ ਮੁਕਰ ਐਲਾਨ ਦਿੱਤਾ ਗਿਆ।

ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਰਾਲੀ ਸਾੜ੍ਹਨ ਨੂੰ ਰੋਕਣ ਸਬੰਧੀ ਇੱਕ ਟਵੀਟ ਕੀਤਾ ਹੈ।

ਇਸ ਵਿੱਚ ਉਨ੍ਹਾਂ ਨੇ ਲਿਖਿਆ, "ਸਾਡੀ ਸਰਕਾਰ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਵਚਨਬੱਧ ਹੈ...ਸਾਰੇ ਕਿਸਾਨ ਭਰਾਵਾਂ ਨੂੰ 50 ਤੋਂ 80 ਫੀਸਦੀ ਸਬਸਿਡੀ 'ਤੇ ਪਰਾਲੀ ਦੇ ਨਿਪਟਾਰੇ ਲਈ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਸਹਿਕਾਰੀ ਬੈਂਕਾਂ ਵੱਲੋਂ ਪੰਜਾਬ ਭਰ ਵਿੱਚ ਸ਼ੁਰੂ ਕੀਤੀ ਗਈ 'ਫਸਲ ਰਹਿੰਦ-ਖੂੰਹਦ ਪ੍ਰਬੰਧਨ ਲੋਨ ਸਕੀਮ'... ਇਸ ਲਾਭਕਾਰੀ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।"

ਪੰਜਾਬ ਵਿੱਚ ਪਰਾਲੀ ਸਾੜਨ ਦਾ ਮੁੱਦਾ

ਹਰ ਸਾਲ ਜਦੋਂ ਝੋਨੇ ਦੀ ਫ਼ਸਲ ਪੱਕਣ ਦੇ ਨੇੜੇ ਹੁੰਦੀ ਹੈ ਤਾਂ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਅਤੇ ਪਰਾਲੀ ਨੂੰ ਸਾੜਨ ਦੇ ਮੁੱਦਿਆਂ ਉੁੱਤੋ ਚਰਚਾ ਸ਼ੁਰੂ ਹੋ ਜਾਂਦੀ ਹੈ। ਇਹ ਚਰਚਾ ਇੰਨੀ ਭਖ ਜਾਂਦੀ ਹੈ ਕਿ ਅਗਲੇ ਘੱਟੋ-ਘੱਟ 2 ਮਹੀਨਿਆਂ ਤੱਕ ਸਿਆਸੀ ਅਤੇ ਪ੍ਰਸ਼ਾਸਨਿਕ ਗਲਿਆਰਿਆਂ ਦਾ ਕੇਂਦਰ ਬਿੰਦੂ ਬਣੀ ਰਹਿੰਦੀ ਹੈ।

ਹਾਈਕੋਰਟ, ਸੁਪਰੀਮ ਕੋਰਟ ਅਤੇ ਇਕੱਲੇ ਵਾਤਾਵਰਣ ਦੇ ਮੁੱਦਿਆਂ ਉੱਤੇ ਸੁਣਵਾਈ ਕਰਨ ਵਾਲੀਆਂ ਅਦਾਲਤਾਂ ਵੀ ਇਸ ਮੁੱਦੇ ਦੀ ਨਿਰੰਤਰ ਨਿਗਰਾਨੀ ਕਰਦੀਆਂ ਹਨ।

ਕਈ ਵਾਰ ਇਸ ਮੁੱਦੇ ਨੂੰ ਲੈਕੇ ਕੁੱਝ ਸੂਬਾ ਸਰਕਾਰਾਂ ਦਰਮਿਆਨ ਤਲਖ਼ੀ ਦਾ ਮਾਹੌਲ ਵੀ ਬਣ ਜਾਂਦਾ ਹੈ। ਮਿਸਾਲ ਵਜੋਂ ਇੰਨਾ ਦਿਨਾਂ ਦੌਰਾਨ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਦੋਸ਼ ਪੰਜਾਬ ਅਤੇ ਇਸਦੇ ਕਿਸਾਨਾਂ ਸਿਰ ਮੜ੍ਹਿਆ ਜਾਂਦਾ ਹੈ।

ਇੰਨਾ ਦਿਨਾਂ ਵਿੱਚ ਪਰਾਲੀ ਦੀ ਅੱਗ ਹਵਾ ਨੂੰ ਪ੍ਰਦੂਸ਼ਿਤ ਕਰਨ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ। ਜਿਸ ਕਰਕੇ ਪੰਜਾਬ ਦੇ ਕਿਸਾਨ ਝੋਨੇ ਦੀ ਵਢਾਈ ਤੋਂ ਲੈਕੇ ਕਣਕ ਦੀ ਬਿਜਾਈ ਤੱਕ ਨਿਸ਼ਾਨੇ ਉੱਤੇ ਹੁੰਦੇ ਹਨ।

ਹਾਲਾਂਕਿ ਕਿਸਾਨਾਂ ਵੱਲੋਂ ਵੀ ਪਰਾਲੀ ਦਾ ਨਿਪਟਾਰਾ ਅੱਗ ਤੋਂ ਬਿਨਾਂ ਹੋਰ ਢੰਗਾਂ ਨਾਲ ਕਰਨ ਵਿੱਚ ਬੇਵੱਸੀ ਜ਼ਾਹਿਰ ਕੀਤੀ ਜਾਂਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਝੋਨੇ ਦੀ ਫ਼ਸਲ ਨੂੰ ਵੱਢਣ ਤੋਂ ਲੈ ਕਣਕ ਬੀਜਣ ਤੱਕ ਟਾਈਮ ਵਿੰਢੋ ਬਹੁਤ ਛੋਟੀ ਹੁੰਦੀ ਹੈ। ਇਸ ਕਰਕੇ ਇਸ ਟਾਈਮ ਵਿੰਢੋਂ ਦੌਰਾਨ ਹੀ ਇੱਕੋ ਸਮੇਂ ਬਹੁਤ ਸਾਰੀਆਂ ਮਸ਼ੀਨਾਂ ਦੀ ਲੋੜ ਹੁੰਦੀ ਹੈ।

ਇੰਨਾਂ ਮਸ਼ੀਨਾਂ ਨੂੰ ਖਰੀਦਣਾ ਛੋਟੇ ਕਿਸਾਨਾਂ ਦੇ ਵਸੋਂ ਬਾਹਰ ਹੈ। ਇਸ ਤੋਂ ਇਲਾਵਾ ਇਹਨਾਂ ਮਸ਼ੀਨਾਂ ਨੂੰ ਚਲਾਉਣ ਲਈ ਵੱਧ ਸਮਰੱਥਾ ਵਾਲੇ ਟਰੈਕਟਰਾਂ ਦੀ ਲੋੜ ਹੁੰਦੀ ਅਤੇ ਬਹੁਤੇ ਕਿਸਾਨਾਂ ਕੋਲ ਘੱਟ ਟ ਸਮਰੱਥਾ ਵਾਲੇ ਟਰੈਕਟਰ ਹਨ। ਇਸ ਲਈ ਮਸ਼ੀਨਾਂ ਦੁਆਰਾ ਪੁਰਾਲੀ ਦਾ ਪ੍ਰਬੰਧ ਕਰਨਾ ਕਿਸਾਨਾਂ ਨੂੰ ਵੱਡਾ ਆਰਥਿਕ ਬਹੁਤ ਜਾਪਦਾ ਹੈ।

ਇਸ ਲਈ ਪੰਜਾਬ ਸਰਕਾਰ ਪਰਾਲੀ ਦੀ ਅੱਗ ਨੂੰ ਰੋਕਣ ਲਈ ਹਰ ਯੋਜਨਾਵਾਂ ਬਣਾਉਦੀ ਹੈ ਅਤੇ ਨਵੇਂ ਉਪਰਾਲੇ ਕਰਦੀ ਹੈ।

ਇਸ ਸਾਲ ਵੀ ਪੰਜਾਬ ਸਰਕਾਰ ਨੇ ਪਰਾਲੀ ਦਾ ਸਾੜੇ ਬਗ਼ੈਰ ਨਿਪਟਾਰਾ ਕਰਨ ਵਾਸਤੇ ਸਹਿਕਾਰੀ ਬੈਂਕਾਂ ਵੱਲੋਂ ਕਰਜ਼ਾ ਯੋਜਨਾ ਸ਼ੁਰੂ ਕੀਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਉੱਤੇ ਪੋਸਟ ਪਾ ਕੇ ਲਿਖਿਆ, 'ਪਰਾਲ਼ੀ ਦੇ ਨਿਬੇੜੇ ਲਈ ਕਿਸਾਨਾਂ ਨੂੰ 50 ਤੋਂ 80 ਫੀਸਦੀ ਤੱਕ ਸਬਸਿਡੀ 'ਤੇ ਮਸ਼ੀਨਰੀ ਦੇਣ ਲਈ ਸਹਿਕਾਰੀ ਬੈਂਕਾਂ ਵੱਲੋਂ ਪੰਜਾਬ ਭਰ ਵਿੱਚ 'ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਕਰਜ਼ਾ ਯੋਜਨਾ' ਸ਼ੁਰੂ ਕੀਤੀ ਗਈ ਹੈ। ਸਾਰੇ ਕਿਸਾਨਾਂ ਨੂੰ ਬੇਨਤੀ ਹੈ ਕਿ ਇਸ ਲਾਹੇਵੰਦ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।'

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)