ਇਸ ਸਾਲ ਦੇ ਆਖ਼ਰੀ ਚੰਨ ਗ੍ਰਹਿਣ ਦੀਆਂ ਤਸਵੀਰਾਂ ਵਿੱਚ ਦੇਖੋ ਕਿੱਥੇ ਕਿਵੇਂ ਆਇਆ ਨਜ਼ਰ

ਇਸ ਸਾਲ ਦਾ ਆਖਰੀ ਚੰਨ ਗ੍ਰਹਿਣ ਕਈ ਦੇਸ਼ਾਂ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਇਸ ਸਾਲ ਚੰਨ ਗ੍ਰਹਿਣ 17 ਤੇ 18 ਸਤੰਬਰ ਦੇ ਵਿਚਾਲੇ ਲੱਗਿਆ ਹੈ।

ਇਸ ਚੰਨ ਗ੍ਰਹਿਣ ਦੀ ਖਾਸ ਗੱਲ ਇਹ ਹੈ ਕਿ ਇਹ ਪੂਰਨਮਾਸ਼ੀ ਦੇ ਦਿਨ ਲੱਗੇਗਾ।

ਇਸ ਨੂੰ ਸੁਪਰਮੂਨ ਵੀ ਕਹਿੰਦੇ ਹਨ। ਸੁਪਰਮੂਨ ਉਹ ਖਗੋਲੀ ਘਟਨਾ ਹੈ ਜਿਸ ਦੌਰਾਨ ਚੰਦਰਮਾ ਧਰਤੀ ਦੇ ਸਭ ਤੋਂ ਨੇੜੇ ਹੁੰਦਾ ਹੈ ਅਤੇ 14 ਫ਼ੀਸਦ ਜ਼ਿਆਦਾ ਚਮਕੀਲਾ ਵੀ ਹੁੰਦਾ ਹੈ। ਇਸ ਨੂੰ ਪੇਰਿਗੀ ਮੂਨ ਵੀ ਕਹਿੰਦੇ ਹਨ।

ਸਤੰਬਰ ਦੀ ਪੂਰਨਮਾਸ਼ੀ ਨੂੰ ਉੱਤਰੀ ਗੋਲਿਸਫਾਇਰ ਵਿੱਚ ਪਤਝੜ ਦੀਆਂ ਫਸਲਾਂ ਦੇ ਨਾਲ ਜੁੜੇ ਹੋਣ ਕਾਰਨ ਹਾਰਵੈਸਟ ਮੂਨ ਵੀ ਕਿਹਾ ਜਾਂਦਾ ਹੈ।

ਇਸ ਵਾਰ ਦਾ ਚੰਨ ਗ੍ਰਹਿਣ ਪਿਨੰਮਰਬਲ ਚੰਨ ਗ੍ਰਹਿਣ ਹੋਵੇਗਾ। ਅਸਲ ਵਿੱਚ ਚੰਨ ਗ੍ਰਹਿਣ ਤਿੰਨ ਤਰ੍ਹਾਂ ਦੇ ਹੁੰਦੇ ਹਨ।

ਪੂਰਨ ਚੰਦਰ ਗ੍ਰਹਿਣ, ਅੰਸ਼ਕ ਚੰਦਰ ਗ੍ਰਹਿਣ ਅਤੇ ਪਿਨੰਮਰਬਲ ਚੰਦਰ ਗ੍ਰਹਿਣ। ਪੂਰਨ ਚੰਦਰ ਗ੍ਰਹਿਣ ਵਿੱਚ ਚੰਦਰਮਾ ਪੂਰੀ ਤਰ੍ਹਾਂ ਧਰਤੀ ਦੇ ਪਰਛਾਵੇਂ ਨਾਲ ਢੱਕਿਆ ਜਾਂਦਾ ਹੈ।

ਸੂਰਜ ਦੀ ਉਲਟ ਦਿਸ਼ਾ ਵਿੱਚ ਕੋਣ ਦੇ ਰੂਪ ਵਿੱਚ ਪੈਣ ਵਾਲੀ ਕਿਸੇ ਗ੍ਰਹਿ ਜਾਂ ਉਪਗ੍ਰਹਿ ਦੀ ਛਾਂ ਨੂੰ ਪਰਛਾਵਾਂ ਕਹਿੰਦੇ ਹਨ।

ਅੰਸ਼ਕ ਗ੍ਰਹਿਣ ਵਿੱਚ ਚੰਦਰਮਾ ਦਾ ਇੱਕ ਹਿੱਸਾ ਹੀ ਧਰਤੀ ਦੇ ਪਰਛਾਵੇ ਹੇਠਾਂ ਹੁੰਦਾ ਹੈ।

ਜਦੋਂਕਿ ਪਿਨੰਮਰਬਲ ਚੰਨ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰਨ ਧਰਤੀ ਦੇ ਅਜਿਹੇ ਪਰਛਾਵੇਂ ਤੋਂ ਲੰਘਦਾ ਹੈ ਜੋ ਬਹੁਤ ਜ਼ਿਆਦਾ ਧੁੰਦਲਾ ਹੁੰਦਾ ਹੈ। ਪਿਨੰਮਰਬਲ ਚੰਨ ਗ੍ਰਹਿਣ ਵਿੱਚ ਚੰਨ ਦੇ ਆਕਾਰ ਵਿੱਚ ਕੋਈ ਤਬਦੀਲੀ ਨਜ਼ਰ ਨਹੀਂ ਆਉਂਦੀ।

ਅਮਰੀਕੀ ਸਪੇਸ ਏਜੰਸੀ ਨਾਸਾ ਮੁਤਾਬਕ ਭਾਰਤ ਵਿੱਚ ਇਹ ਚੰਨ ਗ੍ਰਹਿਣ ਬੁੱਧਵਾਰ, 18 ਸਤੰਬਰ ਦੀ ਸਵੇਰ 6.11 ਵਜੇ ਸ਼ੁਰੂ ਹੋਵੇਗਾ। ਸਵੇਰੇ 7.42 ਵਜੇ ਚੰਦਰਮਾ ਅੰਸ਼ਿਕ ਰੂਪ ਵਿੱਚ ਢੱਕਣਾ ਸ਼ੁਰੂ ਹੋਵੇਗਾ, ਜੋ ਕਿ ਸਵੇਰੇ 8.45 ਵਜੇ ਤੱਕ ਚੱਲੇਗਾ।

8.14 ਵਜੇ ਚੰਨ ਗ੍ਰਹਿਣ ਆਪਣੇ ਜ਼ੋਰ ’ਤੇ ਹੋਵੇਗਾ। ਇਹ ਚੰਨ ਗ੍ਰਹਿਣ ਸਵੇਰੇ 10.17 ਵਜੇ ਸਮਾਪਤ ਹੋਵੇਗਾ।

ਅਮਰੀਕਾ ਵਿੱਚ ਇਹ ਚੰਨ ਗ੍ਰਹਿਣ ਮੰਗਲਵਾਰ 17 ਸਤੰਬਰ ਦੀ ਸ਼ਾਮ ਨੂੰ ਲੱਗਿਆ।

ਕਿੱਥੇ-ਕਿੱਥੇ ਆਇਆ ਨਜ਼ਰ

ਭਾਰਤ ਦੇ ਲੋਕ ਇਸ ਚੰਨ ਗ੍ਰਹਿਣ ਨੂੰ ਨਹੀਂ ਦੇਖ ਸਕਣਗੇ। ਸਵੇਰੇ ਸੂਰਜ ਦੀ ਵਧਦੀ ਰੌਸ਼ਨੀ ਦੇ ਨਾਲ ਇਹ ਚੰਨ ਗ੍ਰਹਿਣ ਨਜ਼ਰ ਨਹੀਂ ਆਇਆ।

ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੀ ਗੱਲ ਕਰੀਏ ਤਾਂ ਇਹ ਚੰਨ ਗ੍ਰਹਿਣ ਦੁਨੀਆ ਦੇ ਕਈ ਦੇਸ਼ਾਂ ਵਿੱਚ ਦੇਖਿਆ ਗਿਆ, ਜਿਨ੍ਹਾਂ ਵਿੱਚ ਉਤਰੀ ਅਮਰੀਕਾ, ਯੂਰਪ, ਅਫਰੀਕਾ ਅਤੇ ਦੱਖਣੀ ਅਮਰੀਕਾ ਦੇ ਕੁਝ ਹਿੱਸੇ ਸ਼ਾਮਲ ਹਨ।

ਚੰਦਰਮਾ ਗ੍ਰਹਿਣ ਦੀਆਂ ਕਿਸਮਾਂ

ਚੰਦਰ ਗ੍ਰਹਿਣ ਦੀਆਂ ਤਿੰਨ ਕਿਸਮਾਂ ਹਨ।

ਪੂਰਨ ਚੰਦਰਮਾ ਗ੍ਰਹਿਣ

ਅੰਸ਼ਕ ਚੰਦਰਮਾ ਗ੍ਰਹਿਣ

ਪਿਨੰਮਰਬਲ ਚੰਦਰ ਗ੍ਰਹਿਣ

ਪੂਰਨ ਚੰਦਰਮਾ ਗ੍ਰਹਿਣ

ਨਾਸਾ ਦੇ ਅਨੁਸਾਰ, ਪੂਰਨ ਚੰਦਰ ਗ੍ਰਹਿਣ ਦੇ ਦੌਰਾਨ ਚੰਦਰਮਾ ਅਤੇ ਸੂਰਜ ਧਰਤੀ ਦੇ ਬਿਲਕੁਲ ਉਲਟ ਪਾਸੇ ਹੁੰਦੇ ਹਨ।

ਨਾਸਾ ਕਹਿੰਦਾ ਹੈ, "ਹਾਲਾਂਕਿ ਚੰਦਰਮਾ ਧਰਤੀ ਦੇ ਪਰਛਾਵੇਂ ਹੇਠਾਂ ਹੈ ਅਤੇ ਸੂਰਜ ਦੀ ਰੌਸ਼ਨੀ ਦਾ ਕੁਝ ਹਿੱਸਾ ਹੀ ਚੰਦਰਮਾ ਤੱਕ ਪਹੁੰਚਦਾ ਹੈ।"

ਇਹ ਸੂਰਜ ਦੀ ਰੌਸ਼ਨੀ ਧਰਤੀ ਦੇ ਵਾਯੂਮੰਡਲ ਵਿਚੋਂ ਲੰਘਦੀ ਹੈ ਜੋ ਕਿ ਜ਼ਿਆਦਾਤਰ ਨੀਲੀ ਰੋਸ਼ਨੀ ਨੂੰ ਛਣ ਲੈਂਦੀ (ਫਿਲਟਰ ਕਰਦੀ) ਹੈ।

ਇਸੇ ਲਈ, ਇਸ ਵਰਤਾਰੇ ਦੇ ਦੌਰਾਨ, ਚੰਦਰਮਾ ਲਾਲ ਦਿਖਦਾ ਹੈ ਅਤੇ ਉਸਨੂੰ "ਬਲੱਡ ਮੂਨ" ਵੀ ਕਿਹਾ ਜਾਂਦਾ ਹੈ।

ਅੰਸ਼ਕ ਚੰਦਰ ਗ੍ਰਹਿਣ

ਅੰਸ਼ਕ ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਦਾ ਸਿਰਫ਼ ਇਕ ਹਿੱਸਾ ਧਰਤੀ ਦੇ ਪਰਛਾਵੇਂ ਹੇਠਾਂ ਹੁੰਦਾ ਹੈ।

ਗ੍ਰਹਿਣ ਦੀ ਗਹਿਰਾਈ 'ਤੇ ਨਿਰਭਰ ਕਰਦਿਆਂ, ਚੰਦਰਮਾ ਦੀ ਸਤਹ ਦੇ ਪਰਛਾਵੇਂ ਵਾਲੇ ਹਿੱਸੇ 'ਤੇ, ਇੱਕ ਗੂੜਾ ਲਾਲ, ਧੁੰਦਲਾ ਜਾਂ ਸਲੇਟੀ ਰੰਗ ਦਿਖਾਈ ਦੇ ਸਕਦਾ ਹੈ।

ਇਹ ਇਸ ਹਿੱਸੇ ਅਤੇ ਚੰਦਰਮਾ ਦੇ ਦੂਜੇ ਚਮਕਦਾਰ ਹਿੱਸੇ ਦੇ ਅੰਤਰ ਦੇ ਕਾਰਨ ਹੈ ਜੋ ਪਰਛਾਵੇਂ ਤੋਂ ਬਾਹਰ ਰਹਿੰਦਾ ਹੈ।

ਨਾਸਾ ਦੇ ਅਨੁਸਾਰ, ਜਦੋਂ ਕਿ ਪੂਰਨ ਚੰਦਰ ਗ੍ਰਹਿਣ ਇਕ ਦੁਰਲੱਭ ਵਰਤਾਰਾ ਹੈ, ਅੰਸ਼ਕ ਤੌਰ 'ਤੇ ਇਹ ਗ੍ਰਹਿਣ ਸਾਲ ਵਿੱਚ ਘੱਟੋ ਘੱਟ ਦੋ ਵਾਰ ਲੱਗਦਾ ਹੈ।

ਪਿਨੰਮਰਬਲ ਚੰਦਰ ਗ੍ਰਹਿਣ

ਇਹ ਉਦੋਂ ਹੁੰਦਾ ਹੈ ਜਦੋਂ ਚੰਨ ਧਰਤੀ ਦੇ ਅਜਿਹੇ ਪਰਛਾਵੇਂ ਤੋਂ ਲੰਘਦਾ ਹੈ ਜੋ ਬਹੁਤ ਜ਼ਿਆਦਾ ਧੁੰਦਲਾ ਹੁੰਦਾ ਹੈ।

ਇਸ ਲਈ, ਇਹ ਗ੍ਰਹਿਣ ਇੰਨੇ ਸੂਖਮ ਹੁੰਦੇ ਹਨ ਕਿ ਉਨ੍ਹਾਂ ਨੂੰ ਵੇਖਣਾ ਚੰਦ ਦੇ ਉਸ ਹਿੱਸੇ 'ਤੇ ਨਿਰਭਰ ਕਰਦਾ ਹੈ ਜੋ ਹਲਕੇ ਧੁੰਦਲੇ ਪਰਛਾਵੇਂ ਵਾਲੇ ਖੇਤਰ ਵਿੱਚ ਦਾਖਲ ਹੁੰਦੀ ਹੈ।

ਇਹ ਜਿੰਨਾ ਛੋਟਾ ਹੁੰਦਾ ਹੈ, ਉਨ੍ਹਾਂ ਹੀ ਇਸ ਨੂੰ ਵੇਖਣਾ ਮੁਸ਼ਕਲ ਹੁੰਦਾ ਹੈ।

ਇਸ ਕਾਰਨ ਕਰਕੇ, ਇਹ ਗ੍ਰਹਿਣ ਅਕਸਰ ਵਿਗਿਆਨੀਆਂ ਤੋਂ ਇਲਾਵਾ ਕਿਸੇ ਹੋਰ ਲਈ ਅਹਿਮ ਨਹੀਂ ਹੁੰਦਾ।

ਇਸ ਤੋਂ ਇਲਾਵਾ ਅਕਸਰ ਬਲੱਡ ਮੂਨ, ਸੁਪਰਮੂਨ ਵਰਗੇ ਸ਼ਬਦ ਵੀ ਚਰਚਾ ਦਾ ਵਿਸ਼ਾ ਬਣਦੇ ਹਨ। ਅਸੀਂ ਇਨ੍ਹਾਂ ਬਾਰੇ ਵੀ ਜਾਣਕਾਰੀ ਸਾਂਝੀ ਕਰ ਰਹੇ ਹਾਂ।

ਬਲੱਡ ਮੂਨ

ਚੰਦਰਮਾ ਗ੍ਰਹਿਣ ਦੌਰਾਨ ਧਰਤੀ ਦੇ ਪਰਛਾਵੇਂ ਕਾਰਨ ਚੰਨ ਕਾਲਾ ਦਿਖਾਈ ਦਿੰਦਾ ਹੈ। ਪਰ ਕੁਝ ਸੈਕੰਡ ਲਈ ਚੰਦਰਮਾ ਪੂਰੀ ਤਰ੍ਹਾਂ ਨਾਲ ਲਾਲ ਵੀ ਦਿਖਾਈ ਦਿੰਦਾ ਹੈ। ਇਸੇ ਕਾਰਨ ਇਸ ਨੂੰ ਬਲੱਡ ਮੂਨ ਵੀ ਕਹਿੰਦੇ ਹਨ।

ਇਸ ਸਦੀ ਦਾ ਸਭ ਤੋਂ ਵੱਡਾ ਚੰਦਰ ਗ੍ਰਹਿਣ 27 ਜੁਲਾਈ 2018 ਨੂੰ ਦੇਖਿਆ ਗਿਆ ਸੀ। ਨਾਸਾ ਮੁਤਾਬਕ ਇਹ 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਸੀ।

ਸੁਪਰਮੂਨ

ਜਦੋਂ ਚੰਦਰਮਾ ਧਰਤੀ ਦੇ ਨੇੜੇ ਆਕਾਸ਼ ਵਿੱਚ ਵੱਡਾ ਅਤੇ ਚਮਕਦਾ ਦਿਖਾਈ ਦਿੰਦਾ ਹੈ ਤਾਂ ਇਹ ਸੁਪਰਮੂਨ ਕਹਾਉਂਦਾ ਹੈ।

ਦਸੰਬਰ ਦਾ ਪੂਰਾ ਚੰਨ ਰਵਾਇਤੀ ਤੌਰ ’ਤੇ ਠੰਢੇ ਚੰਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

"ਸੁਪਰ" ਦਾ ਅਰਥ ਹੈ ਕਿ ਇਹ ਅਸਮਾਨ ਵਿੱਚ ਵੱਡਾ ਦਿਖਾਈ ਦੇਵੇਗਾ।

'ਸੁਪਰਮੂਨ' ਉਹ ਹੁੰਦਾ ਹੈ ਜਦੋਂ ਚੰਦ ਧਰਤੀ ਦੇ ਸਭ ਤੋਂ ਨਜ਼ਦੀਕ ਬਿੰਦੂ 'ਤੇ (ਜਾਂ 90 ਪ੍ਰਤੀਸ਼ਤ ਦੇ ਅੰਦਰ) ਹੁੰਦਾ ਹੈ ਕਿਉਂਕਿ ਇਹ ਸਾਡੇ ਆਲੇ ਦੁਆਲੇ ਦੇ ਅੰਡਾਕਾਰ ਦਾ ਚੱਕਰ ਲਗਾਉਂਦਾ ਹੈ।

ਦੂਜੇ ਸ਼ਬਦਾਂ ਵਿੱਚ ਚੰਨ ਇੱਕ ਪੂਰੇ ਚੱਕਰ ਵਿੱਚ ਧਰਤੀ ਦੇ ਚੱਕਰ ਨਹੀਂ ਲਗਾਉਂਦਾ। ਕਈ ਵਾਰ ਇਹ ਥੋੜ੍ਹਾ ਨੇੜੇ ਹੁੰਦਾ ਹੈ ਅਤੇ ਕਈ ਵਾਰੀ ਦੂਰ।

ਸੁਪਰ ਪਿੰਕ ਮੂਨ

ਅਮਰੀਕੀ ਕਬੀਲਿਆਂ ਸਣੇ ਬਹੁਤ ਸਾਰੇ ਸਭਿਆਚਾਰਾਂ ਵਿੱਚ ਲੋਕਾਂ ਨੇ ਸਮੇਂ ਦੀ ਜਾਣਕਾਰੀ ਰੱਖਣ ਲਈ ਪੂਰਨਮਾਸ਼ੀ ਦੇ ਚੰਦ ਦੇ ਨਾਮ ਰੱਖੇ।

ਇਸ ਲਈ ਹਾਲਾਂਕਿ ਅਪ੍ਰੈਲ ਦੇ ਪੂਰਨਮਾਸ਼ੀ ਦੇ ਚੰਦਰਮਾ ਨੂੰ ਪਿੰਕ ਮੂਨ ਵਜੋਂ ਜਾਣਿਆ ਜਾਂਦਾ ਹੈ ਪਰ ਅਸਲ ਵਿੱਚ ਇਹ ਗੁਲਾਬੀ ਨਹੀਂ ਹੁੰਦਾ।

ਇਸ ਦਾ ਨਾਮ ਗੁਲਾਬੀ ਫੁੱਲਾਂ ਦੇ ਨਾਮ 'ਤੇ ਰੱਖਿਆ ਗਿਆ ਹੈ ਜਿਸ ਨੂੰ 'ਵਾਈਲਡ ਗਰਾਊਂਡ ਫਲੋਕਸ' ਕਿਹਾ ਜਾਂਦਾ ਹੈ।

ਇਹ ਬਸੰਤ ਦੀ ਸ਼ੁਰੂਆਤ ਵਿੱਚ ਖਿੜਦਾ ਹੈ ਅਤੇ ਸਾਰੇ ਯੂਐੱਨ ਅਤੇ ਕੈਨੇਡਾ ਵਿੱਚ ਦਿਖਾਈ ਦਿੰਦਾ ਹੈ।

ਇਸ ਨੂੰ ਦੁਨੀਆਂ ਦੇ ਦੂਜੇ ਹਿੱਸਿਆਂ ਵਿੱਚ 'ਸਪਰਾਊਟਿੰਗ ਗਰਾਸ ਮੂਨ', 'ਐੱਗ ਮੂਨ' ਅਤੇ 'ਫਿਸ਼ ਮੂਨ' ਵੀ ਕਿਹਾ ਜਾਂਦਾ ਹੈ।

ਇਸੇ ਤਰ੍ਹਾਂ ਜੁਲਾਈ ਜੇ ਪੂਰਨਮਾਸ਼ੀ ਦੇ ਚੰਦ ਨੂੰ ਬੱਕ ਮੂਨ ਆਖਿਆ ਜਾਂਦਾ ਹੈ।ਦਰਅਸਲ ਅਮਰੀਕਾ ਵਿੱਚ ਪਾਏ ਜਾਂਦੇ ਬੱਕ ਹਿਰਨ ਦੀ ਇਸ ਸਮੇਂ ਦੌਰਾਨ ਨਵੇਂ ਸਿੰਗ ਨਿਕਲਦੇ ਹਨ।

ਚੰਨ ਗ੍ਰਹਿਣ ਕਿਵੇਂ ਦੇਖਿਆ ਜਾਵੇ

ਸੂਰਜ ਗ੍ਰਹਿਣ ਦੇ ਉਲਟ ਚੰਨ ਗ੍ਰਹਿਣ ਦੇਖਣਾ ਪੂਰੀ ਤਰ੍ਹਾਂ ਸੁਰੱਖਿਅਤ ਹੁੰਦਾ ਹੈ ਅਤੇ ਇਸ ਨੂੰ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ।

ਚੰਨ ਗ੍ਰਹਿਣ ਦੇਖਣ ਲਈ ਕਿਸੇ ਨੂੰ ਕੋਈ ਖਾਸ ਕਿਸਮ ਦੇ ਯੰਤਰ ਜਾਂ ਚਸ਼ਮੇ ਦੀ ਲੋੜ ਨਹੀਂ ਪੈਂਦੀ।

ਭਾਵੇਂ ਕਿ ਦੂਰਬੀਨ ਨਾਲ ਇਸ ਦਾ ਨਜਾਰਾ ਹੋਰ ਬਿਹਤਰ ਦੇਖਿਆ ਜਾ ਸਕਦਾ ਹੈ। ਕਈ ਮੀਡੀਆ ਅਦਾਰੇ ਇਸ ਦਾ ਵੱਖ ਵੱਖ ਤਰੀਕਿਆਂ ਨਾਲ ਪ੍ਰਸਾਰਣ ਕਰਦੇ ਹਨ

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)