ਭਾਰਤ ਨੇ ਚੀਨ ਨੂੰ 1-0 ਨਾਲ ਹਰਾ ਕੇ ਜਿੱਤੀ ਏਸ਼ਿਆਈ ਚੈਂਪੀਅਨ ਟਰਾਫੀ

ਏਸ਼ਿਆਈ ਚੈਂਪੀਅਨ ਟਰਾਫੀ ਦੇ ਫਾਇਨਲ ਮੁਕਾਬਲੇ ਵਿੱਚ ਭਾਰਤੀ ਹਾਕੀ ਟੀਮ ਨੇ ਚੀਨ ਨੂੰ 1-0 ਨਾਲ ਹਰਾ ਕੇ ਖਿਤਾਬ ֹ’ਤੇ ਕਬਜ਼ਾ ਕਰ ਲਿਆ ਹੈ।

ਇਸ ਮੁਕਾਬਲੇ ਵਿੱਚ ਇਕਲੌਤਾ ਗੋਲ ਜੁਗਰਾਜ ਸਿੰਘ ਨੇ ਕੀਤਾ। ਆਖਰੀ ਕੁਆਰਟਰ ਵਿੱਚ ਭਾਰਤ ਦੇ ਹਿੱਸੇ ਇਹ ਗੋਲ ਆਇਆ। ਭਾਰਤੀ ਖਿਡਾਰੀ ਇਸ ਗੋਲ ਦੀ ਲੀਡ ਨੂੰ ਆਖਰੀ ਮਿੰਟਾਂ ਤੱਕ ਬਣਾਈ ਰੱਖਣ ਵਿੱਚ ਸਫਲ ਰਹੇ।

ਇਹ ਟੂਰਨਾਮੈਂਟ ਚੀਨ ਦੇ ਮੋਕੀ ਹਾਕੀ ਟਰੇਨਿੰਗ ਬੇਸ ਵਿੱਚ ਕਰਵਾਇਆ ਗਿਆ ਸੀ।

ਇਸੇ ਟੂਰਨਾਮੈਂਟ ਵਿੱਚ ਬੀਤੇ ਸ਼ਨਿਚਰਵਾਰ ਭਾਰਤ ਨੇ ਆਪਣੇ ਲੀਗ ਮੈਚ ਦੌਰਾਨ ਪਾਕਿਸਤਾਨ ਨੂੰ 2-1 ਨਾਲ ਹਰਾਇਆ ਸੀ।

ਸੋਮਵਾਰ ਨੂੰ ਏਸ਼ੀਅਨ ਹਾਕੀ ਚੈਂਪੀਅਨਸ ਟਰਾਫ਼ੀ 2024 ਦੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤੀ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਦਿੱਤਾ ਹੈ ਅਤੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।

ਇਸ ਮੈਚ ਵਿੱਚ ਭਾਰਤ ਵੱਲੋਂ ਹਰਮਨਪ੍ਰੀਤ ਸਿੰਘ ਨੇ 2 ਗੋਲ ਕੀਤੇ ਸਨ ਜਦਕਿ ਉੱਤਮ ਸਿੰਘ ਅਤੇ ਜਰਮਨਪ੍ਰੀਤ ਸਿੰਘ ਨੇ 1-1 ਗੋਲ ਕੀਤੇ ਸਨ। ਉਧਰ ਦੱਖਣੀ ਕੋਰੀਆ ਦੀ ਟੀਮ ਵੱਲੋਂ ਯਾਂਗ ਜਿਹੁਨ ਨੇ ਇੱਕ ਗੋਲ ਕੀਤਾ ਸੀ।

ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਵਿੱਚ ਇਹ 2 ਗੋਲ ਕੀਤੇ, ਜਦਕਿ ਉੱਤਮ ਅਤੇ ਜਰਮਨਪ੍ਰੀਤ ਸਿੰਘ ਨੇ ਫੀਲਡ ਗੋਲ ਕੀਤੇ।

ਭਾਰਤ ਦੱਖਣੀ ਕੋਰੀਆ ਤੋਂ ਪਹਿਲਾਂ ਪਾਕਿਸਤਾਨ, ਚੀਨ, ਜਪਾਨ ਅਤੇ ਮਲੇਸ਼ੀਆ ਨੂੰ ਹਰਾ ਚੁਕਿਆ ਹੈ। ਇਸ ਏਸ਼ਿਆਈ ਚੈਂਪੀਅਨਸ ਟਰਾਫ਼ੀ ਵਿੱਚ ਭਾਰਤ ਹੁਣ ਤੱਕ ਇੱਕ ਵੀ ਮੈਚ ਨਹੀਂ ਹਾਰਿਆ ਹੈ।

ਨਿਊਜ਼ ਏਜੰਸੀ ਏਐੱਨਆਈ ਮੁਤਾਬਕ ਸੈਮੀਫਾਇਨਸ ਤੋਂ ਬਾਅਦ ਮੈਚ ਮਗਰੋਂ ਜਰਮਨਪ੍ਰੀਤ ਸਿੰਘ ਨੇ ਕਿਹਾ, "ਅਸੀਂ ਅੱਜ ਬਹੁਤ ਚੰਗਾ ਖੇਡਿਆ ਅਤੇ ਫਾਈਨਲ ਵਿੱਚ ਪਹੁੰਚਣ ਦੀ ਖੁਸ਼ੀ ਹੈ। ਮੈਂ ਆਪਣੇ ਰੂਮਮੇਟ ਸੁਮੀਤ ਦਾ ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਸਮਝਦਿਆਂ ਸ਼ਾਨਦਾਰ ਗੇਂਦ ਪਾਸ ਕੀਤੀ ਅਤੇ ਮੇਰੇ ਲਈ ਗੋਲ ਸੈੱਟ ਕੀਤਾ।"

ਅਖੀਰਲੇ ਲੀਗ ਮੁਕਾਬਲੇ 'ਚ ਪਾਕਿਸਤਾਨ ਨੂੰ ਹਰਾਇਆ ਸੀ

ਭਾਰਤੀ ਹਾਕੀ ਟੀਮ ਨੇ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਆਪਣੇ ਅਖੀਰਲੇ ਲੀਗ ਮੁਕਾਬਲੇ ਦੌਰਾਨ ਆਪਣੀ ਕੱਟੜ ਵਿਰੋਧੀ ਪਾਕਿਸਤਾਨ ਦੀ ਟੀਮ ਨੂੰ 2-1 ਨਾਲ ਹਰਾਇਆ।

ਭਾਰਤ ਦਾ ਸੈਮੀ-ਫਾਈਨਲ ਮੁਕਾਬਲਾ ਪੂਲ ਦੀ ਚੌਥੇ ਸਥਾਨ ਦੀ ਟੀਮ ਦੱਖਣੀ ਕੋਰੀਆ ਨਾਲ ਸੋਮਵਾਰ ਨੂੰ ਹੋਣਾ ਸੀ।

ਪੂਰੇ ਮੁਕਾਬਲੇ ਦੌਰਾਨ ਪਾਕਿਸਤਾਨ ਨੇ ਨੌਜਵਾਨਾਂ ਨਾਲ ਭਰੀ ਟੀਮ ਵੱਜੋ ਵੀ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਉਹ ਕਈ ਵਾਰ ਭਾਰਤੀ ਡਿਫੈਂਸ ਦੀ ਪਰਖ ਕਰਨ ਵਿੱਚ ਵੀ ਸਫਲ ਰਹੇ।

ਹਲਾਂਕਿ ਉਨ੍ਹਾਂ ਕੋਲ ਭਾਰਤੀ ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਦਾ ਕੋਈ ਤੋੜ ਨਹੀਂ ਸੀ। ਹਰਮਨਪ੍ਰੀਤ ਸਿੰਘ ਨੇ

ਪੈਨਲਟੀ ਕਾਰਨਰਾਂ ਵਿੱਚ ਕੀਤੇ ਦੋ ਗੋਲ ਹੀ ਭਾਰਤੀ ਟੀਮ ਨੂੰ ਜਿੱਤ ਵੱਲ ਲੈ ਗਏ ਸਨ।

ਭਾਰਤ ਦੇ ਸ਼ੁਰੂਆਤੀ ਵਿੱਚ ਹੀ ਪਛੜ ਜਾਣ ’ਤੇ ਪਾਕਿਸਤਾਨ ਟੀਮ ਉੱਚੇ ਮਨੋਬਲ ਨਾਲ ਖੇਡ ਰਹੀ ਸੀ, ਜਿਸ ਕਾਰਨ ਭਾਰਤ ਨੂੰ ਬਰਾਬਰੀ ਪਾਉਣ ਵਿੱਚ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਸੀ।

ਪਰ ਪਹਿਲੇ ਕੁਆਰਟਰ ਦੇ ਤਿੰਨ ਮਿੰਟ ਦੀ ਬਚੀ ਖੇਡ ਵਿੱਚ ਭਾਰਤੀ ਟੀਮ ਮੈਚ ਦਾ ਪਹਿਲਾ ਪੈਨਲਟੀ ਕਾਰਨਰ ਲੈਣ ਵਿੱਚ ਸਫਲ ਹੋਈ ਸੀ। ਹਰਮਨਪ੍ਰੀਤ ਸਿੰਘ ਨੇ ਤੇਜ਼ ਡਰੈਗ ਫਲਿੱਕ ਨਾਲ ਗੋਲ ਕਰ ਕੇ ਭਾਰਤ ਨੂੰ ਬਰਾਬਰੀ ਦਵਾ ਦਿੱਤੀ।

ਦੂਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਵੀ ਭਾਰਤ ਨੇ ਹਮਲਾਵਰ ਨੀਤੀ ਨੂੰ ਬਣਾਈ ਰੱਖਿਆ ਸੀ। ਤੀਜੇ ਮਿੰਟ ਵਿੱਚ ਮਿਲੇ ਦੂਜੇ ਪੈਨਲਟੀ ਕਾਰਨਰ ਨੂੰ ਹਰਮਨਪ੍ਰੀਤ ਸਿੰਘ ਨੇ ਫਿਰ ਤੋਂ ਗੋਲ ਵਿੱਚ ਤਬਦੀਲ ਕਰਕੇ ਟੀਮ ਨੂੰ 2-1 ਦੀ ਲੀਡ ਦਵਾ ਦਿੱਤੀ। ਭਾਰਤ ਇਸ ਲੀਡ ਨੂੰ ਅਖੀਰ ਤੱਕ ਬਣਾਈ ਰੱਖਣ ਵਿੱਚ ਸਫਲ ਰਿਹਾ।

ਸ੍ਰੀਜੇਸ਼ ਤੋਂ ਬਾਅਦ ਪਾਠਕ ਨੇ ਬਾਖੂਬੀ ਨਿਭਾਈ ਜ਼ਿੰਮੇਵਾਰੀ

ਪਿਛਲੇ ਕੁਝ ਸਾਲਾਂ ਵਿੱਚ ਭਾਰਤ ਨੂੰ ਮਿਲੀ ਕਾਮਯਾਬੀ ਵਿੱਚ ਗੋਲਕੀਪਰ ਸ੍ਰੀਜੇਸ਼ ਦੀ ਅਹਿਮ ਭੂਮਿਕਾ ਰਹੀ ਹੈ ਪਰ ਪੈਰਿਸ ਓਲੰਪਿਕ ਮਗਰੋਂ ਸੰਨਿਆਸ ਲੈਣ ਤੋਂ ਬਾਅਦ ਕ੍ਰਿਸ਼ਨ ਬਹਾਦਰ ਪਾਠਕ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਸੰਭਾਲਿਆ ਹੈ।

ਪਾਕਿਸਤਾਨ ਨੇ ਤੀਜੇ ਕੁਆਰਟਰ ਵਿੱਚ ਅਟੈਕ ਕਰਨ ’ਚ ਪੂਰੀ ਜਾਨ ਲਗਾ ਦਿੱਤੀ, ਜਿਸ ਨਾਲ ਭਾਰਤ ’ਤੇ ਲਗਾਤਾਰ ਖਤਰਾ ਬਣਿਆ ਰਿਹਾ ਪਰ ਪਾਠਕ ਦੀ ਤਾਰਿਫ ਕਰਨੀ ਹੋਵੇਗੀ ਕਿ ਉਨ੍ਹਾਂ ਨੇ ਬਿਹਤਰੀਨ ਬਚਾਅ ਕਰਦੇ ਹੋਏ ਭਾਰਤੀ ਟੀਮ ਦੀ ਲੀਡ ਨੂੰ ਟੁੱਟਣ ਨਹੀਂ ਦਿੱਤਾ।

ਪੈਨਲਟੀ ਕਾਰਨਰ ’ਤੇ ਸੁਫਯਾਨ ਖਾਨ ਦੀ ਡਰੈਗ ਫਲਿਕ ਨੂੰ ਪਾਠਕ ਨੇ ਬਿਹਤਰੀਨ ਢੰਗ ਨਾਲ ਰੋਕਿਆ।

ਰਿਬਾਊਂਡ ’ਤੇ ਫਿਰ ਗੋਲ ’ਤੇ ਸੇਧੇ ਗਏ ਨਿਸ਼ਾਨੇ ਨੂੰ ਪਾਠਕ ਨੇ ਪੈਡ ਨਾਲ ਬਚਾਇਆ ਅਤੇ ਤੀਜੇ ਮੌਕੇ ’ਤੇ ਗੇਂਦ ਬਾਹਰ ਜਾਣ ਨਾਲ ਭਾਰਤੀ ਖੇਮੇ ਵਿੱਚ ਜਾਨ ਆਈ।

ਇਸ ਤੋਂ ਬਾਅਦ ਪਾਕਿਸਤਾਨ ਇੱਕ ਹੋਰ ਪੈਨਲਟੀ ਕਾਰਨਰ ਲੈਣ ਵਿੱਚ ਸਫਲ ਰਿਹਾ ਪਰ ਇਸ ਵਾਰ ਚੰਗੀ ਗੱਲ ਇਹ ਰਹੀ ਕਿ ਉਨ੍ਹਾਂ ਦੇ ਮੁੱਖ ਡਰੈਗ ਫਲਿਕਰ ਸੁਫਿਯਾਨ ਖਾਨ ਯੈਲੋ ਕਾਰਡ ਦੀ ਵਜ੍ਹਾ ਕਾਰਨ ਮੈਦਾਨ ਤੋਂ ਬਾਹਰ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)