ਫੈਟੀ ਲਿਵਰ: ਸ਼ਰਾਬ ਨਾ ਪੀਣ ਵਾਲੇ ਦਾ ਵੀ ਕਿਵੇਂ ਹੋ ਸਕਦਾ ਹੈ ਲਿਵਰ ਖ਼ਰਾਬ, ਜਾਣੋ ਇਸ ਦੇ ਕਾਰਨ, ਲੱਛਣ ਅਤੇ ਬਚਾਅ ਦੇ ਤਰੀਕੇ

    • ਲੇਖਕ, ਡਿੰਕਲ ਪੋਪਲੀ
    • ਰੋਲ, ਬੀਬੀਸੀ ਪੱਤਰਕਾਰ

“ਪਰ ਅਸੀਂ ਤਾਂ ਕਦੀ ਸ਼ਰਾਬ ਦਾ ਸੇਵਨ ਨਹੀਂ ਕੀਤਾ”

ਇਹ ਸਭ ਤੋਂ ਆਮ ਪ੍ਰਤੀਕਿਰਿਆ ਹੁੰਦੀ ਹੈ, ਜਦੋਂ ਡਾਕਟਰ ਮਰੀਜ਼ਾਂ ਨੂੰ ਉਨ੍ਹਾਂ ਦੇ 'ਨਾਨ-ਅਲਕੋਹਲਿਕ ਫੈਟੀ ਲਿਵਰ ਡਿਜ਼ੀਜ਼' (ਨੈਫਲਡ) ਬਾਰੇ ਦੱਸਦੇ ਹਨ।

ਆਮ ਤੌਰ ’ਤੇ ਜਿਗਰ ਦੇ ਰੋਗਾਂ ਨੂੰ ਸ਼ਰਾਬ ਦੇ ਸੇਵਨ ਨਾਲ ਜੋੜਿਆ ਜਾਂਦਾ ਰਿਹਾ ਹੈ।

ਠੀਕ ਵੀ ਹੈ, ਕਿਉਂਕਿ ਇੱਕ ਸਮਾਂ ਸੀ ਜਦੋਂ ਜਿਗਰ 'ਚ ਚਰਬੀ ਦਾ ਵੱਧ ਜਾਣਾ ਜਾਂ ਉਸ ਦੇ ਸੰਬੰਧੀ ਕੋਈ ਵੀ ਬਿਮਾਰੀ ਬਹੁਤੀ ਵਾਰ ਜ਼ਿਆਦਾ ਸ਼ਰਾਬ ਪੀਣ ਕਰਕੇ ਹੁੰਦੇ ਸੀ।

ਪਰ ਸਾਡੀ ਅੱਜ ਦੀ ਭੱਜ-ਦੌੜ ਵਾਲੀ ਜੀਵਨਸ਼ੈਲੀ, ਜਿਸ ਵਿੱਚ ਨਾ ਖਾਣ ਦਾ ਸਮਾਂ ਤੈਅ ਹੁੰਦਾ ਨਾ ਸੌਣ ਦਾ, ਸ਼ਰਾਬ ਤੋਂ ਵੱਧ ਘਾਤਕ ਸਿੱਧ ਹੁੰਦੀ ਦਿਖਦੀ ਹੈ। ਸੈਰ ਅਤੇ ਵਰਜਿਸ਼ ਤਾਂ ਦੂਰ ਦੀ ਗੱਲ ਹੈ, ਹੁਣ ਤੇ ਕੱਪੜਿਆਂ ਤੋਂ ਕਰਿਆਨੇ ਤੱਕ ਦਾ ਸਭ ਸਮਾਨ ਦਰਵਾਜ਼ੇ 'ਤੇ ਮੰਗਵਾਉਣ ਦੀ ਆਦਤ ਪੱਕੀ ਹੋ ਗਈ ਹੈ।

ਪਰ ਇਸ ਅਰਾਮ ਤੇ ਭਰਮ ਹੇਠਾਂ ਪਲ ਰਹੀ ਹੈ ਇੱਕ ਬਿਮਾਰੀ, ਜਿਸਦੇ ਲੱਛਣ ਪਹਿਲਾਂ ਤਾਂ ਨਜ਼ਰ ਨਹੀਂ ਆਉਂਦੇ ਅਤੇ ਜਦੋਂ ਆਉਂਦੇ ਹਨ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।

ਨੈਫਲਡ ਨਾ ਸਿਰਫ਼ ਜਿਗਰ ਬਲਕਿ ਪਾਚਕ ਸਿਹਤ, ਦਿਲ ਦੀ ਸਿਹਤ, ਅਤੇ ਕੈਂਸਰ ਹੋਣ ਦੇ ਜੋਖ਼ਮ ਨਾਲ ਨੇੜਿਓਂ ਜੁੜਿਆ ਹੋਇਆ ਹੈ।

ਇਸ ਵਿਗਾੜ ਨੂੰ ਹਾਲ ਹੀ ਵਿੱਚ ਉਚਿਤ ਤੌਰ 'ਤੇ ਮੁੜ ਵਰਗੀਕ੍ਰਿਤ ਕੀਤਾ ਗਿਆ ਹੈ ਅਤੇ ਇਸ ਨੂੰ 'ਮੈਟਾਬੋਲਿਕ ਡਿਸਫੰਕਸ਼ਨ-ਐਸੋਸੀਏਟਿਡ ਸਟੈਟੋਟਿਕ ਲਿਵਰ ਡਿਜ਼ੀਜ਼' (ਮੈਸਲਡ ) ਵਜੋਂ ਵੀ ਜਾਣਿਆ ਜਾਂਦਾ ਹੈ।

ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ (ਪੀਜੀਐੱਮਆਰਆਈ), ਦੁਆਰਾ ਕਰਵਾਏ ਗਏ ਇੱਕ ਤਾਜ਼ਾ ਅਧਿਐਨ ਦੇ ਅਨੁਸਾਰ, ਉੱਤਰੀ ਭਾਰਤ ਵਿੱਚ ਹਰ ਦੋ ਵਿੱਚੋਂ ਇੱਕ ਵਿਅਕਤੀ ਨੂੰ ਨੈਫਲਡ/ਮੈਸਲਡ ਹੋਣ ਦੀ ਸੰਭਾਵਨਾ ਹੈ।

ਅੱਗੇ ਹੁਣ ਇਸ ਰਿਪੋਰਟ ਵਿੱਚ ਸਮਝਦੇ ਹਾਂ ਆਖ਼ਰ ਕਿੰਨਾ ਘਾਤਕ ਹੁੰਦਾ ਹੈ, ਨੈਫਲਡ/ਮੈਸਲਡ, ਇਸਦੇ ਲੱਛਣ, ਮੁੱਖ ਕਾਰਨ ਖ਼ਤਰਾ ਅਤੇ ਇਸ ਤੋਂ ਬਚਣ ਤੇ ਕੀ ਤਰੀਕੇ ਹਨ।

ਕੀ ਹੁੰਦਾ ਹੈ ਨੈਫਲਡ/ਮੈਸਲਡ?

ਜਿਗਰ ਸਾਡੇ ਅੰਦਰੂਨੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ।

ਪੀਜੀਆਈ ਚੰਡੀਗੜ੍ਹ ਦੇ ਗੈਸਟ੍ਰੋਐਂਟਰੌਲੋਜੀ ਵਿਭਾਗ ਦੇ ਅਸਸਿਟੈਂਟ ਪ੍ਰੋਫੈਸਰ ਡਾ. ਅਨੁਪਮ ਕੁਮਾਰ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ, “ਜਿਗਰ ਸਰੀਰ ਵਿੱਚ ਇੱਕ ਛੱਲੀ ਦੇ ਰੂਪ ਵਿੱਚ ਕੰਮ ਕਰਦਿਆਂ, ਅਮੋਨੀਆ ਨੂੰ ਹਟਾ ਕੇ ਖ਼ੂਨ ਨੂੰ ਸਾਫ਼ ਕਰਦਾ ਹੈ, ਪਾਚਨ ਲਈ ਬਾਇਲ ਐਸਿਡ, ਜ਼ਰੂਰੀ ਲਿਪਿਡ ਅਤੇ ਪਾਚਕ ਬਣਾਉਂਦਾ ਹੈ।"

ਉਹ ਅੱਗੇ ਦੱਸਦੇ ਹਨ, “ਪਰ ਬਦਲਦੇ ਖਾਣ-ਪੀਣ, ਰਹਿਣ-ਸਹਿਣ ਦੇ ਤੌਰ ਤਰੀਕਿਆਂ ਕਰਕੇ ਮੋਟਾਪਾ, ਸ਼ੂਗਰ, ਬਲੱਡ ਪ੍ਰੈਸ਼ਰ, ਆਦਿ ਵਰਗੇ ਜੀਵਨਸ਼ੈਲੀ ਨਾਲ ਜੁੜੇ ਰੋਗ ਤੇਜ਼ੀ ਨਾਲ ਵੱਧ ਰਹੇ ਹਨ।"

"ਇਹਨਾਂ ਬਿਮਾਰੀਆਂ ਵਿੱਚੋਂ ਹੀ ਇੱਕ ਹੈ ਚਰਬੀ ਵਾਲਾ ਜਿਗਰ। ਜੇਕਰ ਜਿਗਰ ਵਿੱਚ 5 ਫੀਸਦ ਤੋਂ ਵੱਧ ਚਰਬੀ ਹੈ ਤਾਂ ਇਸ ਨੂੰ ਚਰਬੀ ਵਾਲਾ ਜਿਗਰ (ਫੈਟੀ ਲਿਵਰ) ਮੰਨਿਆ ਜਾਂਦਾ ਹੈ।"

ਡਾ. ਅਨੁਪਮ ਅੱਗੇ ਦੱਸਦੇ ਹਨ ਕਿ ਸਰਲ ਸ਼ਬਦਾਂ ਵਿੱਚ, ਜਿਹੜੇ ਲੋਕ ਸ਼ਰਾਬ ਦਾ ਬਹੁਤ ਘੱਟ ਜਾਂ ਬਿਲਕੁਲ ਵੀ ਸੇਵਨ ਨਾ ਕਰਨ ਦੇ ਬਾਵਜੂਦ ਜਿਗਰ ਦੀ ਸਮਸਿਆਵਾਂ ਨਾਲ ਜੂਝਦੇ ਹਨ, ਨੈਫਲਡ/ਮੈਸਲਡ ਸ਼੍ਰੇਣੀ ਵਿੱਚ ਆਉਂਦੇ ਹਨ।

ਇਹ ਚਿੰਤਾ ਦਾ ਵਿਸ਼ਾ ਇਸ ਲਈ ਹੈ ਕਿਉਂਕਿ ਇਹ ਸਥਿਤੀ ਹੁਣ ਦੇਸ ਵਿੱਚ ਜਿਗਰ ਦੀ ਬਿਮਾਰੀ ਦਾ ਸਭ ਤੋਂ ਆਮ ਕਾਰਨ ਹੈ, ਜੋ ਆਬਾਦੀ ਦੇ ਇੱਕ ਤਿਹਾਈ ਤੋਂ ਵੱਧ ਹਿੱਸੇ ਨੂੰ ਪ੍ਰਭਾਵਿਤ ਕਰਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਸਥਿਤੀ ਹੋਰ ਵੀ ਚਿੰਤਾਜਨਕ ਹੁੰਦੀ ਜਾ ਰਹੀ ਹੈ ਕਿਉਂਕਿ ਇਹ ਬੱਚਿਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ, ਜਿਸ ਵਿੱਚ 10 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਕੇਸ ਦਰਜ ਕੀਤੇ ਗਏ ਹਨ।

ਕਿਵੇਂ ਅਤੇ ਕਿਉਂ ਜਨਮ ਲੈਂਦੀ ਹੈ ਨੈਫਲਡ/ਮੈਸਲਡ ਦੀ ਸਥਿਤੀ

ਮਾਹਰਾਂ ਦੇ ਅਨੁਸਾਰ ਜੈਨੇਟਿਕ ਕਾਰਕਾਂ ਤੋਂ ਇਲਾਵਾ, ਜੀਵਨਸ਼ੈਲੀ ਅਤੇ ਖੁਰਾਕ ਵਿੱਚ ਤਬਦੀਲੀਆਂ ਚਰਬੀ ਵਾਲੇ ਜਿਗਰ ਦੇ ਆਮ ਕਾਰਨ ਹਨ।

ਮੋਟਾਪਾ, ਕਮਰ ਦਾ ਵਧਿਆ ਘੇਰਾ, ਡਾਇਬੀਟੀਜ਼, ਡਿਸਲਿਪੀਡਮੀਆ (ਲਿਪੋਪ੍ਰੋਟੀਨ ਦੇ ਮੈਟਾਬੋਲਿਜ਼ਮ ਦਾ ਇੱਕ ਵਿਕਾਰ, ਜਿਸ ਵਿੱਚ ਲਿਪੋਪ੍ਰੋਟੀਨ ਦਾ ਵੱਧ ਉਤਪਾਦਨ ਜਾਂ ਕਮੀ ਸ਼ਾਮਲ ਹੈ।) ਜਾਂ ਹਾਈਪਰਟੈਨਸ਼ਨ ਵਰਗੀਆਂ ਕੋਮੋਰਬਿਡੀਟੀਜ਼ ਵਾਲੇ ਵਿਅਕਤੀਆਂ ਨੂੰ ਵਧੇਰੇ ਜੋਖ਼ਮ ਹੁੰਦਾ ਹੈ।

ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦਿੱਲੀ ਦੇ ਗੈਸਟ੍ਰੋਐਂਟਰੌਲੋਜੀ ਵਿਭਾਗ ਦੇ ਮਾਹਰ ਡਾ. ਸ਼ਾਲੀਮਾਰ ਨੇ ਦੱਸਿਆ, "ਸ਼ਹਿਰੀ ਖੇਤਰਾਂ ਵਿੱਚ ਇਸਦਾ ਖ਼ਤਰਾ ਵੱਧ ਹੈ। ਇਸਦੇ ਪਿਛੇ ਪ੍ਰਮੁੱਖ ਕਾਰਨ ਜੀਵਨ ਸ਼ੈਲੀ ਵਿੱਚ ਸਰੀਰਕ ਗਤੀਵਿਧੀਆਂ ਦੀ ਘਾਟ ਹੈ। ਜੋ ਇਸ ਨੂੰ ਹੋਰ ਵੀ ਵਿਗਾੜਦਾ ਹੈ, ਉਹ ਹੈ ਸ਼ਹਿਰੀ ਖੇਤਰਾਂ ਵਿੱਚ ਜੰਕ ਫੂਡ ਦੀ ਜ਼ਿਆਦਾ ਖਪਤ।"

"ਭੋਜਨ, ਜਿਸ ਵਿੱਚ ਕਾਰਬੋਹਾਈਰੇਟਸ ਦੀ ਮਾਤਰਾ ਵਧੇਰੇ ਹੁੰਦੀ ਹੈ, ਜਿਸ ਨੂੰ ਪ੍ਰੋਸੈਸ ਕਰਕੇ ਅਤੇ ਡੱਬਾਬੰਦ ਕੀਤਾ ਜਾਂਦਾ ਹੈ, ਉਹ ਜਿਗਰ ਲਈ ਹਜ਼ਮ ਕਰਨਾ ਬਹੁਤ ਔਖਾ ਹੁੰਦਾ ਹੈ। ਸਿੱਟੇ ਵਜੋਂ ਇਹ ਆਮ ਤੌਰ 'ਤੇ ਜਿਗਰ ਅਤੇ ਜੀਵਨ ਸ਼ੈਲੀ ਦੇ ਵਿਕਾਰ ਪੈਦਾ ਕਰਦਾ ਹੈ। ਕਸਰਤ ਨਾ ਕਰਨਾ ਜਾਂ ਰੁਟੀਨ ਦਾ ਸੈੱਟ ਨਾ ਹੋਣਾ ਵੀ ਇਸ ਵਿੱਚ ਵਾਧਾ ਕਰਦਾ ਹੈ।"

ਨੈਫਲਡ/ਮੈਸਲਡ ਦੇ ਲੱਛਣ

ਬਦਕਿਸਮਤੀ ਨਾਲ ਮਾਹਰਾਂ ਮੁਤਾਬਕ, ਸ਼ੁਰੁਆਤ 'ਚ ਨੈਫਲਡ/ਮੈਸਲਡ ਦੇ ਕੋਈ ਖ਼ਾਸ ਲੱਛਣ ਸਾਹਮਣੇ ਨਹੀਂ ਆਉਂਦੇ, ਜ਼ਿਆਦਾਤਰ ਜਦੋਂ ਤੱਕ ਲੱਛਣ ਨਜ਼ਰ ਆਉਂਦੇ ਹਨ ਤਾਂ ਬਹੁਤ ਦੇਰ ਹੋ ਚੁਕੀ ਹੁੰਦੀ ਹੈ।

ਡਾ. ਸ਼ਾਲੀਮਾਰ ਦੱਸਦੇ ਨੇ ਕਿ ਆਮ ਤੌਰ ʼਤੇ ਮਰੀਜ਼ ਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਜਿਗਰ ਦੀ ਕੋਈ ਸਮਸਿਆ ਹੈ।

ਇਸ ਬਿਮਾਰੀ ਬਾਰੇ ਜ਼ਿਆਦਾਤਰ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਮਰੀਜ਼ ਖੂਨ ਦੀ ਜਾਂਚ ਜਾਂ ਹੋਰ ਕਾਰਨਾਂ ਕਰਕੇ ਅਲਟਰਾਸਾਊਂਡ ਕਰਵਾਉਂਦੇ ਹਨ।

ਉਹ ਕਹਿੰਦੇ ਹਨ, "ਸਾਡੇ ਦੁਆਰਾ ਕਰਵਾਏ ਗਏ ਇੱਕ ਤਾਜ਼ਾ ਅਧਿਐਨ ਦੇ ਅਨੁਸਾਰ, ਲਗਭਗ 38 ਫੀਸਦ ਭਾਰਤੀ ਫੈਟੀ ਲਿਵਰ ਤੋਂ ਪ੍ਰਭਾਵਿਤ ਹਨ। ਸਾਡੇ ਦੇਸ਼ ਵਿੱਚ, ਡਾਇਬੀਟੀਜ਼ ਬਹੁਤ ਵੱਡੇ ਪੈਮਾਨੇ ʼਤੇ ਪ੍ਰਚਲਿਤ ਹੈ ਅਤੇ ਅਕਸਰ ਪਾਚਕ ਰੋਗਾਂ ਦਾ ਕਾਰਨ ਬਣਦੀ ਹੈ।"

“ਇਹਨਾਂ ਅੰਕੜਿਆਂ ਦੇ ਬਾਵਜੂਦ, ਸਾਡੇ ਲੋਕ ਰੁਟੀਨ ਚੈੱਕ-ਅੱਪ ਨਹੀਂ ਕਰਵਾਉਂਦੇ। ਨਤੀਜੇ ਵਜੋਂ, ਬਹੁਤ ਸਾਰੇ ਮਰੀਜ਼ਾਂ ਨੂੰ ਖੂਨ ਦੀ ਜਾਂਚ ਜਾਂ ਹੋਰ ਕਾਰਨਾਂ ਕਰਕੇ ਕੀਤੇ ਗਏ ਅਲਟਰਾਸਾਊਂਡ ਦੁਆਰਾ ਹੀ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਜਿਗਰ ਦਾ ਵੀ ਕੋਈ ਰੋਗ ਹੈ।"

"ਆਮ ਤੌਰ 'ਤੇ ਲੋਕ ਉਦੋਂ ਹੀ ਡਾਕਟਰੀ ਦੀ ਸਹਾਇਤਾ ਲਈ ਜਾਂਦੇ ਹਨ ਜਦੋਂ ਜਿਗਰ ਡੇਮੇਜ਼ ਦੇ ਸੰਕੇਤ ਦਿਖਾਉਂਦਾ ਹੈ ਪਰ ਅਕਸਰ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।"

ਅਡਵਾਂਸਡ ਸਟੇਜ ਦੇ ਲੱਛਣਾਂ ਵਿੱਚ ਸ਼ਾਮਲ ਹੈ ਉਲਟੀ ਜਾਂ ਮੱਲ 'ਚ ਖੂਨ ਆਉਣਾ, ਬਿਨਾਂ ਕਾਰਨ ਮਰੀਜ਼ ਦਾ ਬੇਹੋਸ਼ ਹੋਣਾ, ਪੇਟ ਵਿੱਚ ਪਾਣੀ ਭਰ ਜਾਣਾ, ਪੀਲੀਏ ਦਾ ਲੰਬੇ ਸਮੇਂ ਤੱਕ ਨਾਂ ਹਟਣਾ ਆਦਿ।

ਪਰ ਮਾਹਿਰ ਦੀ ਸਲਾਹ ਮੁਤਾਬਕ ਜੇ ਤੁਸੀਂ ਨਵੇਂ ਲੱਛਣਾਂ ਦਾ ਅਨੁਭਵ ਕਰਦੇ ਹੋ ਜਿਵੇਂ ਕਿ ਲਿਪਿਡ, ਭਾਰ, ਜਾਂ ਸ਼ੂਗਰ ਦੇ ਪੱਧਰ ਵਿੱਚ ਵਾਧਾ ਹੋਣਾ, ਤਾਂ ਡਾਕਟਰ ਨਾਲ ਸਲਾਹ ਕਰਨਾ ਮਹੱਤਵਪੂਰਨ ਹੈ।

ਨੈਫਲਡ /ਮੈਸਲਡ ਦਾ ਖ਼ਤਰਾ

ਜੇਕਰ ਸਮੇਂ ਸਿਰ ਜਾਂਚ ਨਾ ਕੀਤੀ ਜਾਵੇ ਤਾਂ ਫੈਟੀ ਲੀਵਰ ਯਾਨਿ ਚਰਬੀ ਵਾਲੇ ਜਿਗਰ ਦਾ ਰੋਗ ਜਾਨਲੇਵਾ ਹੋ ਸਕਦਾ ਹੈ।

ਇਹ ਨਾ ਸਿਰਫ਼ ਪੇਟ ਵਿੱਚ ਪਾਣੀ ਇਕੱਠਾ ਹੋਣ ਦਾ ਕਾਰਨ ਬਣਦਾ ਹੈ, ਬਲਕਿ ਫਾਈਬਰੋਸਿਸ, ਸਿਰੋਸਿਸ ਅਤੇ ਇੱਥੋਂ ਤੱਕ ਕਿ ਕੈਂਸਰ ਵਰਗੀਆਂ ਪੇਚੀਦਗੀਆਂ ਵੱਲ ਵੀ ਵਧ ਸਕਦਾ ਹੈ।

ਹਾਲਾਂਕਿ ਆਮ ਤੌਰ 'ਤੇ ਇਹ ਵਿਗਾੜ ਹੌਲੀ ਹੀ ਹੁੰਦਾ ਹੈ ਅਤੇ ਇਸ ਵਿੱਚ ਕਈ ਸਾਲ ਲੱਗ ਸਕਦੇ ਹਨ, ਪਰ ਇਸ ਸਥਿਤੀ ਦਾ ਪ੍ਰਚਲਨ ਇਹ ਦਰਸਾਉਂਦਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਜਿਗਰ ਸੰਬੰਧਿਤ ਪੇਚੀਦਗੀਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਵੇਗਾ।

ਇਹ ਇੱਕ ਵੱਡੀ ਚਿੰਤਾ ਹੈ, ਖ਼ਾਸ ਤੌਰ 'ਤੇ ਉਨ੍ਹਾਂ ਲਈ ਜਿਨ੍ਹਾਂ ਨੂੰ ਡਾਇਬੀਟੀਜ਼, ਮੋਟਾਪਾ ਅਤੇ ਹਾਈਪਰਟੈਨਸ਼ਨ ਵਰਗੀਆਂ ਪੇਚੀਦਗੀਆਂ ਹਨ।

ਖ਼ਤਰੇ ਜਿਗਰ ਦੇ ਨੁਕਸਾਨ ਤੋਂ ਪਰੇ ਹੁੰਦੇ ਹਨ। ਫੈਟੀ ਲਿਵਰ ਵੀ ਦਿਲ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।

ਜਿਗਰ ਲਿਪਿਡ ਪੈਦਾ ਕਰਦਾ ਹੈ। ਉਹ ਹਰ ਚੀਜ਼ ਦੀ ਪ੍ਰਕਿਰਿਆ ਕਰਦਾ ਹੈ ਜੋ ਅਸੀਂ ਖਾਂਦੇ ਹਾਂ ਅਤੇ ਵਾਧੂ ਊਰਜਾ ਨੂੰ ਚਰਬੀ ਦੇ ਰੂਪ ਵਿੱਚ ਸਟੋਰ ਕਰਦਾ ਹੈ ਜਿਸ ਨਾਲ ਲਿਪਿਡ ਉਤਪਾਦਨ ਗੜਬੜਾ ਜਾਂਦਾ ਹੈ।

ਲਿਪਿਡ ਉਤਪਾਦਨ ਵਿੱਚ ਵਿਘਨ ਦਿਲ ਦੇ ਦੌਰੇ ਦੇ ਜੋਖ਼ਮ ਨੂੰ ਵਧਾ ਸਕਦਾ ਹੈ, ਸੰਭਾਵੀ ਤੌਰ 'ਤੇ ਕੋਰੋਨਰੀ ਆਰਟਰੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ।

ਨੈਫਲਡ/ਮੈਸਲਡ ਤੋਂ ਬਚਾਅ ਅਤੇ ਪਰਹੇਜ਼

ਚਰਬੀ ਵਾਲੇ ਜਿਗਰ ਦੀ ਬਿਮਾਰੀ ਤੋਂ ਬਚਣ ਲਈ, ਵਾਧੂ ਕੈਲੋਰੀਆਂ ਦੀ ਖ਼ਪਤ ਨੂੰ ਘਟਾਉਣਾ, ਕਸਰਤ ਦੇ ਨਿਯਮ ਦੀ ਪਾਲਣਾ ਕਰਨਾ ਅਤੇ ਬਾਹਰੀ ਖੇਡਾਂ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ।

ਜੰਕ ਫੂਡ ਤੋਂ ਪਰਹੇਜ਼ ਕਰੋ ਅਤੇ ਹਰੀਆਂ ਸਬਜ਼ੀਆਂ, ਫਲਾਂ ਨਾਲ ਖੁਰਾਕ ਸੰਤੁਲਿਤ ਬਣਾਈ ਰੱਖਣਾ ਵੀ ਬਹੁਤ ਅਹਿਮ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਸ਼ਰਾਬ ਦੀ ਕੋਈ ਵੀ ਮਾਤਰਾ ਸੇਵਨ ਲਈ ਸੁਰੱਖਿਅਤ ਨਹੀਂ ਹੈ, ਇਸ ਲਈ ਇਸ ਤੋਂ ਬਚਣਾ ਚਾਹੀਦਾ ਹੈ।

ਨਿਯਮਤ ਮੈਡੀਕਲ ਜਾਂਚ ਮਹੱਤਵਪੂਰਨ ਹੈ, ਖ਼ਾਸ ਤੌਰ 'ਤੇ ਜੇ ਕਿਸੇ ਨੂੰ ਮੋਟਾਪਾ, ਸ਼ੂਗਰ, ਹਾਈਪਰਟੈਨਸ਼ਨ ਜਾਂ ਜਿਗਰ ਦੀਆਂ ਪੇਚੀਦਗੀਆਂ ਦਾ ਪਰਿਵਾਰਕ ਇਤਿਹਾਸ ਹੋਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)