ਵਿਨੇਸ਼ ਫੋਗਾਟ ਨੂੰ ਪੰਜਾਬੀ ਖੇਡ ਜਗਤ ਦੇ ਉੱਘੇ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣੀ ਇਹ ਪੂੰਜੀ ਸਨਮਾਨ ਵਜੋਂ ਦੇਣ ਦਾ ਐਲਾਨ ਕੀਤਾ

    • ਲੇਖਕ, ਸੁਮਨਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

ਵਿਨੇਸ਼ ਫੋਗਾਟ ਨੂੰ ਓਲੰਪਿਕ ਵਿੱਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਭਾਰਤੀ ਖੇਡ ਜਗਤ ਵਿੱਚ ਇੱਕ ਮਾਯੂਸੀ ਵਾਲਾ ਦੌਰ ਛਾ ਗਿਆ ਹੈ। ਇਸ ਵਿਚਾਲੇ ਕਈ ਖੇਡ ਪ੍ਰੇਮੀ ਅੱਗੇ ਆਏ ਤੇ ਉਨ੍ਹਾਂ ਨੇ ਵਿਨੇਸ਼ ਦੀ ਹੌਸਲਾ ਅਫਜ਼ਾਈ ਕਰਨ ਦੀ ਕੋਸ਼ਿਸ਼ ਕੀਤੀ।

ਇਸ ਵਿਚਾਲੇ ਪੰਜਾਬ ਦੇ ਖੇਡ ਜਗਤ ਦੇ ਉੱਘੇ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣਾ 'ਖ਼ੇਡ ਰਤਨ ਪੁਰਸਕਾਰ’ ਵਿਨੇਸ਼ ਫ਼ੋਗਾਟ ਦੀ ਝੋਲੀ ਪਾਉਣ ਦਾ ਕੀਤਾ ਐਲਾਨ ਕੀਤਾ ਹੈ।

ਪ੍ਰਿੰਸੀਪਲ ਸਰਵਣ ਸਿੰਘ ਨੂੰ ਪੰਜਾਬੀ ਖੇਡ ਪੱਤਰਕਾਰੀ ਦੇ ਮੋਢੀ ਤੇ ਸਿਰਮੌਰ ਖੇਡ ਲੇਖਕ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਈ ਲੋਕ ਖੇਡ ਸਾਹਿਤ ਦਾ ‘ਬਾਬਾ ਬੋਹੜ’ ਵੀ ਕਹਿੰਦੇ ਹਨ।

ਦਰਅਸਲ, ਪੈਰਿਸ ਓਲੰਪਿਕਸ ਦੇ ਫਾਈਨਲ ਮੁਕਾਬਲੇ ਵਾਲੇ ਦਿਨ ਸਵੇਰੇ ਵਿਨੇਸ਼ ਫੋਗਾਟ ਨੂੰ 100 ਗ੍ਰਾਮ ਭਾਰ ਜ਼ਿਆਦਾ ਹੋਣ ਕਰ ਕੇ ਖੇਡਣ ਵਿੱਚ ਅਯੋਗ ਕਰਾਰ ਦੇ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ ਸਾਰੇ ਪਾਸੇ ਵਿਨੇਸ਼ ਫੋਗਾਟ ਲਈ ਹਮਦਰਦੀ ਦੀ ਭਾਵਨਾ ਜ਼ਾਹਿਰ ਕਰ ਰਹੇ ਸਨ। ਕਈਆਂ ਨੇ ਤਾਂ ਇਹ ਵੀ ਕਿਹਾ ਸੀ ਵਿਨੇਸ਼ ਫੋਗਾਟ ਸਿਆਸਤ ਦਾ ਸ਼ਿਕਾਰ ਹੋ ਗਈ ਹੈ।

ਇਸ ਵਿਚਾਲੇ ਕੈਨੇਡਾ ਰਹਿੰਦੇ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣੇ ‘ਖੇਡ ਰਤਨ’ ਨੂੰ ਜਿਸ ਵਿੱਚ ਸਵਾ ਦੋ ਤੋਲੇ ਦਾ ਗੋਲਡ ਮੈਡਲ ਵੀ ਸ਼ਾਮਲ ਹੈ, ਵਿਨੇਸ਼ ਫੋਗਾਟ ਨੂੰ ਦੇਣ ਦਾ ਐਲਾਨ ਕੀਤਾ ਹੈ।

ਪ੍ਰਿੰਸੀਪਲ ਸਰਵਣ ਸਿੰਘ ਨੂੰ ‘ਖੇਡ ਰਤਨ’ ਸਨਮਾਨ 5 ਮਾਰਚ 2023 ਨੂੰ ਪੰਜਾਬ ਦੀ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਹਰਬੰਸ ਸਿੰਘ ਪੁਰੇਵਾਲ ਯਾਦਗਾਰੀ ਖੇਡਾਂ ਹਕੀਮਪੁਰ ਵਿੱਚ ਦਿੱਤਾ ਗਿਆ ਸੀ। ਇਸ ਖੇਡ ਰਤਨ ਵਜੋਂ ਸਵਾ ਦੋ ਤੋਲੇ ਸ਼ੁੱਧ ਸੋਨੇ ਦਾ ਮੈਡਲ ਵੀ ਦਿੱਤਾ ਗਿਆ ਸੀ।

ਉਨ੍ਹਾਂ ਇਹ ਪੁਰਸਕਾਰ ਉਨ੍ਹਾਂ ਦੀਆਂ ਖੇਡ ਸਾਹਿਤ ਜਗਤ ਦੀਆਂ ਪ੍ਰਾਪਤੀਆਂ ਅਤੇ ਲੇਖਣੀ ਕਰ ਕੇ ਦਿੱਤਾ ਗਿਆ ਸੀ।

‘ਇਹ ਤਾਂ ਟੋਕਨ ਹੈ, ਅਸੀਂ ਉਸ ਦਾ ਵੱਧ ਤੋਂ ਵੱਧ ਸਨਮਾਨ ਕਰਾਂਗੇ’

ਬੀਬੀਸੀ ਪੰਜਾਬੀ ਨਾਲ ਫੋਨ ’ਤੇ ਗੱਲ ਕਰਦਿਆਂ ਸਰਵਣ ਸਿੰਘ ਨੇ ਦੱਸਿਆ ਕਿ ਸਾਰੇ ਖੇਡ ਪ੍ਰੇਮੀ, ਖੇਡ ਪ੍ਰੋਮਟਰਾਂ ਨੇ ਰਲ਼ ਕੇ ਤੈਅ ਕੀਤਾ ਹੈ ਕਿ ਉਹ ਵਿਨੇਸ਼ ਫੋਗਾਟ ਦਾ ਜਿਨ੍ਹਾਂ ਬਣਦਾ ਸੀ ਉਸ ਤੋਂ ਵੱਧ ਕੇ ਸਨਮਾਨ ਕਰਨਗੇ।

ਉਨ੍ਹਾਂ ਨੇ ਦੱਸਿਆ, “ਮੈਨੂੰ ਖੇਡ ਰਤਨ ਮੇਰੀਆਂ ਉਮਰ ਭਰ ਦੀਆਂ ਖੇਡ ਸੇਵਾਵਾਂ ਲਈ ਮਿਲਿਆ ਹੈ। ਜਿਸ ਨੂੰ ਮੈਂ ਉਸ ਬੱਚੀ ਨੂੰ ਦੇਣਾ ਚਾਹੁੰਦਾ ਹਾਂ ਕਿਉਂਕਿ ਅਸਲੀ ਗੋਲਡ ਮੈਡਲ ਗੰਦੀ ਸਿਆਸਤ ਦੇ ਸਿਰ ਚੜ੍ਹ ਗਿਆ। ਪਰ ਅਸੀਂ ਉਸ ਦਾ ਵੱਧ ਤੋਂ ਵੱਧ ਸਨਮਾਨ ਕਰਾਂਗੇ।”

ਉਨ੍ਹਾਂ ਨੇ ਕਿਹਾ, “ਅਜਿਹੀ ਭਲਵਾਨ ਜਿਸ ਨੇ ਕਈ ਹੋਰਨਾਂ ਕੁੜੀਆਂ ਲਈ ਸੰਘਰਸ਼ ਕੀਤਾ, ਕਈ ਸਾਲ ਕੁਸ਼ਤੀ ਦੇ ਨਾਂ ਕਰ ਦਿੱਤੇ। ਅਸੀਂ ਉਸ ਲਈ ਖੜ੍ਹੇ ਹਾਂ। ਇਹ ਤਾਂ ਸਿਰਫ਼ ਟੋਕਨ ਹੈ ਬਾਕੀ ਅਜੇ ਅਸੀਂ ਹੋਰ ਵੀ ਕੁਝ ਸੋਚ ਰਹੇ ਹਾਂ।”

ਹਾਲਾਂਕਿ, ਇੱਥੇ ਜ਼ਿਕਰਯੋਗ ਹੈ ਕਿ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕੁਸ਼ਤੀ ਨੂੰ ਅਲਵਿਦਾ ਆਖ ਦਿੱਤਾ ਹੈ।

ਪ੍ਰਿੰਸੀਪਲ ਸਰਵਣ ਸਿੰਘ ਕੌਣ ਹਨ

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਕਰ ਵਿੱਚ 8 ਜੁਲਾਈ 1940 ਨੂੰ ਜਨਮੇ ਪ੍ਰਿੰਸੀਪਲ ਸਰਵਣ ਸਿੰਘ ਖੇਡ ਜਗਤ ਦੀ ਨਾਮਵਰ ਸ਼ਖ਼ਸੀਅਤ ਹਨ। ਉਨ੍ਹਾਂ ਦੇ ਮਾਤਾ ਦਾ ਨਾਮ ਕਰਤਾਰ ਕੌਰ ਅਤੇ ਪਿਤਾ ਬਾਬੂ ਸਿੰਘ ਸੰਧੂ ਸਨ।

ਉਨ੍ਹਾਂ ਨੇ 1962 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਬੀਐੱਡ ਕੀਤੀ ਅਤੇ ਦਿੱਲੀ ਯੂਨੀਵਰਸਿਟੀ ਤੋਂ 1964 ਵਿੱਚ ਐੱਮਏ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਖੇਡਾਂ ਦਾ ਓਰੀਐਂਟੇਸ਼ਨ ਕੋਰਸ 1971 ਵਿੱਚ ਐੱਨਆਈਐੱਸ ਪਟਿਆਲਾ ਤੋਂ ਕੀਤਾ ਸੀ।

84 ਵਰ੍ਹਿਆਂ ਦੇ ਪ੍ਰਿੰਸੀਪਲ ਸਰਵਣ ਸਿੰਘ ਪਿਛਲੇ 63 ਵਰ੍ਹਿਆਂ ਤੋਂ ਖੇਡਾਂ ਅਤੇ ਖਿਡਾਰੀਆਂ ਬਾਰੇ ਲਿਖ ਰਹੇ ਹਨ। ਉਹ ਕਿਤਾਬਾਂ ਦਾ ਅਰਧ ਸੈਂਕੜਾ ਪਾਰ ਕਰ ਚੁੱਕੇ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਿਤਾਬਾਂ ਖੇਡਾਂ ਤੇ ਖਿਡਾਰੀਆਂ ਬਾਰੇ ਹੀ ਹਨ।

ਸਾਲ 2000 ਵਿੱਚ ਰਿਟਾਇਰਮੈਂਟ ਤੋਂ ਬਾਅਦ ਉਹ ਅਜੇ ਵੀ ਲਿਖ ਰਹੇ ਹਨ। ਉਨ੍ਹਾਂ ਦੇ ਦੋ ਪੁੱਤਰ ਹਨ, ਜਿਨ੍ਹਾਂ ਵਿੱਚੋਂ ਇੱਕ ਪੰਜਾਬ ਅਤੇ ਇੱਕ ਕੈਨੇਡਾ ਵਿੱਚ ਹੈ।

ਸਰਵਣ ਸਿੰਘ ਨੇ ਦੱਸਿਆ ਕਿ ਉਹ ਗਰਮੀਆਂ ਆਪਣੇ ਕੈਨੇਡਾ ਵਾਲੇ ਪੁੱਤ ਕੋਲ ਤੇ ਸਰਦੀਆਂ ਆਪਣੇ ਪੰਜਾਬ ਆ ਕੇ ਬਿਤਾਉਂਦੇ ਹਨ।

ਉਹ ਆਖਦੇ ਹਨ, “ਮੇਰੀ ਨਾਗਰਿਕਤਾ ਭਾਰਤੀ ਹੈ। ਮੈਂ ਕੈਨੇਡਾ ਦਾ ਨਹੀਂ ਹੋਇਆ।”

ਉਹ ਖ਼ੁਦ ਖਿਡਾਰੀ, ਕੋਚ, ਖੇਡ ਜੱਜ, ਖੇਡ ਪ੍ਰਬੰਧਕ, ਖੇਡ ਪ੍ਰਮੋਟਰ, ਖੇਡ ਬੁਲਾਰੇ, ਖੇਡ ਪੱਤਰਕਾਰ, ਸ਼੍ਰੋਮਣੀ ਪੰਜਾਬੀ ਲੇਖਕ, ਪੰਜਾਬੀ ਦੇ ਪ੍ਰੋਫ਼ੈਸਰ, ਅਮਰਦੀਪ ਕਾਲਜ ਮੁਕੰਦਪੁਰ ਦੇ ਪ੍ਰਿੰਸੀਪਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਰਹੇ।

ਉਹ ਆਖਦੇ ਹਨ ਕਿ 80 ਤੋਂ ਟੱਪਣ ਦੇ ਬਾਵਜੂਦ ਉਹ ਅੱਜ ਵੀ ਸਵੀਮਿੰਗ, ਦੌੜ ਅਤੇ 5-6 ਘੰਟੇ ਲਿਖਣ ਵਿੱਚ ਬਿਤਾਉਂਦੇ ਹਨ।

ਉਨ੍ਹਾਂ ਦੱਸਦੇ ਹਨ ਉਹ ਖ਼ੁਦ ਵੀ 1960ਵਿਆਂ ਵਿੱਚ ਹਾਕੀ ਖੇਡਦੇ ਰਹੇ ਹਨ ਅਤੇ ਐਥਲੀਟ ਵੀ ਰਹੇ ਹਨ।

'ਖੇਡਾਂ ਦਾ ਵਣਜਾਰਾ'

ਪਿੰਡਾਂ ਦੇ ਖੇਡ ਮੇਲਿਆਂ ਤੋਂ ਲੈ ਕੇ ਨੈਸ਼ਨਲ, ਏਸ਼ੀਆਈ, ਕਾਮਨਵੈਲਥ, ਓਲੰਪਿਕ ਖੇਡਾਂ ਤੇ ਵਿਸ਼ਵ ਕੱਪਾਂ ਬਾਰੇ ਲਿਖਦਿਆਂ ਉਨ੍ਹਾਂ ਖੇਡਾਂ ਦਾ ਇਤਿਹਾਸ ਵੀ ਲਿਖਿਆ ਹੈ।

ਉਨ੍ਹਾਂ ਨੇ ਪੰਜਾਬੀ ਖੇਡ ਸਾਹਿਤ ਦਾ ਇਤਿਹਾਸ ਚਾਰ ਜਿਲਦਾਂ 'ਸ਼ਬਦਾਂ ਦੇ ਖਿਡਾਰੀ', 'ਖੇਡ ਸਾਹਿਤ ਦੀਆਂ ਬਾਤਾਂ', 'ਖੇਡ ਸਾਹਿਤ ਦੇ ਮੋਤੀ' ਤੇ 'ਖੇਡ ਸਾਹਿਤ ਦੇ ਹੀਰੇ' ਵਿਚ ਕਲਮਬੱਧ ਕੀਤਾ ਹੈ।

ਉਨ੍ਹਾਂ ਨੇ ਪੰਜਾਬੀ ਖੇਡ ਸਾਹਿਤ ਨੂੰ ਭਾਰਤੀ ਤੇ ਕੌਮਾਂਤਰੀ ਭਾਸ਼ਾਵਾਂ ਦੇ ਮੰਚ `ਤੇ ਸਨਮਾਨਯੋਗ ਸਥਾਨ ਦਿਵਾਇਆ।

ਇਸ ਤੋਂ ਇਲਾਵਾ ਉਨ੍ਹਾਂ ਨੇ 'ਪੰਜਾਬ ਦੀਆਂ ਦੇਸੀ ਖੇਡਾਂ' ਵਿੱਚ 87 ਖੇਡਾਂ ਦਾ ਵੇਰਵਾ ਦਿੱਤਾ ਅਤੇ 'ਪੰਜਾਬ ਦੇ ਚੋਣਵੇਂ ਖਿਡਾਰੀ' ਵਿੱਚ 84 ਖਿਡਾਰੀਆਂ ਦੇ ਸ਼ਬਦ ਚਿੱਤਰ ਉਲੀਕੇ ਹਨ। ਉਹ ਅਨੇਕਾਂ ਨਵੇਂ ਪੰਜਾਬੀ ਖੇਡ ਲੇਖਕਾਂ ਦੇ ਪ੍ਰੇਰਨਾਸ੍ਰੋਤ ਹਨ।

ਉਨ੍ਹਾਂ ਨੇ ਮਿਲਖਾ ਸਿੰਘ ਦੀ ਜੀਵਨੀ ਉਡਣਾ ਸਿੱਖ ਵੀ ਲਿਖੀ ਹੈ।

ਉਨ੍ਹਾਂ ਨੂੰ ਦੇਸ਼ ਵਿਦੇਸ਼ ਦੇ ਖੇਡ ਮੇਲੇ ਕਵਰ ਕਰਦਿਆਂ ਅਨੇਕਾਂ ਮਾਣ ਸਨਮਾਨ ਮਿਲੇ। ਜਸਵੰਤ ਸਿੰਘ ਕੰਵਲ ਨੇ ਉਨ੍ਹਾਂ ਨੂੰ 'ਖੇਡਾਂ ਦਾ ਵਣਜਾਰਾ', ਡਾ. ਹਰਿਭਜਨ ਸਿੰਘ ਨੇ 'ਸ਼ਬਦਾਂ ਦਾ ਓਲੰਪੀਅਨ' ਤੇ ਵਰਿਆਮ ਸਿੰਘ ਸੰਧੂ ਨੇ 'ਪੰਜਾਬੀ ਵਾਰਤਕ ਦਾ ਉੱਚਾ ਬੁਰਜ' ਕਿਹਾ ਅਤੇ ਹੋਰ ਬਹੁਤ ਸਾਰੇ ਲੇਖਕਾਂ ਤੇ ਪਾਠਕਾਂ ਨੇ ਉਨ੍ਹਾਂ ਦੀਆਂ ਲਿਖਤਾਂ ਨੂੰ ਸਲਾਹਿਆ ਤੇ ਵਡਿਆਇਆ।

‘ਖੇਡ ਰਤਨ’ ਤੋਂ ਇਲਾਵਾ ਪ੍ਰਿੰਸੀਪਲ ਸਰਵਣ ਸਿੰਘ ਨੂੰ ਕਈ ਹੋਰ ਸਨਮਾਨਾਂ ਨਾਲ ਵੀ ਸਮੇਂ-ਸਮੇਂ ’ਤੇ ਨਿਵਾਜਿਆ ਗਿਆ ਹੈ।

ਇਨ੍ਹਾਂ ਵਿੱਚ ਖੇਡ ਸਾਹਿਤ ਦਾ ਨੈਸ਼ਨਲ ਅਵਾਰਡ, ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਸਾਹਿਤ ਅਕੈਡਮੀ ਦਾ 'ਕਰਤਾਰ ਸਿੰਘ ਧਾਲੀਵਾਲ ਐਵਾਰਡ', ਪਰਵਾਸੀ ਲੇਖਕ ਅਵਾਰਡ ਸ਼ਾਮਲ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)