You’re viewing a text-only version of this website that uses less data. View the main version of the website including all images and videos.
ਅਮਰੀਕਾ ਵਿੱਚ ਪੰਜਾਬੀ ਮਰਦਾਂ ਤੇ ਮੈਕਸੀਕਨ ਔਰਤਾਂ ਦੇ ਮੇਲ ਨਾਲ ਕਿਵੇਂ ਵੱਖਰਾ ਭਾਈਚਾਰਾ ਪੈਦਾ ਹੋਇਆ ਸੀ
- ਲੇਖਕ, ਲੇਈਰੇ ਸੇਲਜ਼
- ਰੋਲ, ਬੀਬੀਸੀ ਪੱਤਰਕਾਰ
“ਉਹ ਮੇਰੇ ਛੇ-ਸੱਤ ਜਮਾਤੀ ਸਨ, ਜਿਨ੍ਹਾਂ ਨੇ ਮੇਰੇ ਆਖਰੀ ਨਾਮ ਦੇ ਨਾਲ ਇੱਕ ਗੰਦੀ ਜਿਹੀ ਧੁਨ ਬਣਾਈ ਸੀ, ਜਿਸ ਨੂੰ ਉਹ ਗਾ ਰਹੇ ਸਨ ਜਦਕਿ ਮੈਂ ਉਨ੍ਹਾਂ ਨੂੰ ਕੂਹਣੀ ਨਾਲ ਪਿਛਾਂਹ ਧੱਕਣ ਦੀ ਕੋਸ਼ਿਸ਼ ਕਰ ਰਹੀ ਸੀ।”
ਐਮਿਲੀਆ ਸਿੰਘ ਨੇਟਰਵਾਲਾ ਹੁਣ 89 ਸਾਲ ਦੇ ਹਨ, ਲੇਕਿਨ ਹੁਣ ਵੀ ਉਨ੍ਹਾਂ ਨੂੰ ਆਪਣੇ ਸਕੂਲ ਦੇ ਦਿਨਾਂ ਦੀ ਉਹ ਦਰਦਨਾਕ ਯਾਦ ਨਹੀਂ ਭੁੱਲਦੀ। ਉਹ ਉਦੋਂ ਅਮਰੀਕਾ ਦੇ ਦੱਖਣ-ਪੱਛਮ ਵਿੱਚ ਐਰੀਜ਼ੋਨਾ ਦੇ ਫਿਨਿਕਸ ਦੇ ਇੱਕ ਸਕੂਲ ਵਿੱਚ ਤੀਜੀ ਜਮਾਤ ਦੇ ਵਿਦਿਆਰਥੀ ਸਨ।
ਕੈਲੀਫੋਰਨੀਆ ਵਿੱਚ ਪੂਰਬੀ ਲਾਸ ਐਂਜਲਸ ਦੇ ਵਿੱਚ ਆਪਣੇ ਘਰ ਵਿੱਚ ਬੈਠੇ ਉਨ੍ਹਾਂ ਨੇ ਬੀਬੀਸੀ ਮੁੰਡੋ ਨੂੰ ਦੱਸਿਆ, “ਇਹ ਚੀਜ਼ਾਂ ਹਮੇਸ਼ਾ ਤੁਹਾਡੇ ਅੰਦਰ ਰਹਿੰਦੀਆਂ ਹਨ।”
“ਮੇਰੇ ਕੋਈ ਮੈਕਸੀਕਨ ਦੋਸਤ ਨਹੀਂ ਸਨ। ਉਨ੍ਹਾਂ ਨੇ ਮੈਨੂੰ ਕਦੇ ਨਹੀਂ ਅਪਣਾਇਆ।”
ਇਹ ਦੱਸ ਕੇ ਉਹ ਸਪਸ਼ਟ ਕਰਨਾ ਚਾਹੁੰਦੇ ਸਨ ਕਿ ਉਹ ਨਾ ਸਿਰਫ਼ ਗੋਰੇ ਲੋਕਾਂ ਵਿੱਚ ਵੱਖਰੇ ਨਹੀਂ ਸਨ ਸਗੋਂ, ਘੱਟ ਗਿਣਤੀ ਮੈਕਸੀਕਨ ਲੋਕਾਂ ਵਿੱਚ ਅਲਹਿਦਗੀ ਹੰਢਾ ਰਹੇ ਸਨ।
ਉਨ੍ਹਾਂ ਨੂੰ ਦੂਜੇ ਵਿਦਿਆਰਥੀਆਂ ਤੋਂ ਨਿਖੜੇਨ ਵਾਲਾ ਉਨ੍ਹਾਂ ਦਾ ਇਕੱਲਾ ਨਾਮ ਹੀ ਨਹੀਂ ਸੀ। ਸਗੋਂ ਉਨ੍ਹਾਂ ਦੇ ਪਿਤਾ ਜੀਵਨ ਸਿੰਘ ਦੀ ਭਾਸ਼ਾ, ਜੋ ਕਿ ਮੂਲ ਰੂਪ ਵਿੱਚ ਪੰਜਾਬ ਤੋਂ ਸਨ।
ਉਨ੍ਹਾਂ ਦੀਆਂ ਦਾਲਾਂ, ਪਰੌਂਠੇ ਵੀ ਉਨ੍ਹਾਂ ਦੀ ਮਾਂ ਉਨ੍ਹੇ ਹੀ ਪਿਆਰ ਨਾਲ ਬਣਾਉਂਦੇ ਸਨ, ਜਿੰਨੇ ਪਿਆਰ ਨਾਲ ਉਹ ਮੈਕਸੀਕਨ ਖਾਣਾ ਬਣਾਉਂਦੇ ਸਨ। ਉਨ੍ਹਾਂ ਦੀ ਮਾਂ ਰੋਸਾ ਦਾ ਜਨਮ ਮੈਕਸੀਕੋ ਦੇ ਸੂਬੇ ਚਿਹੁਆਹੁਆ ਵਿੱਚ ਹੋਇਆ ਸੀ।
ਰੋਸਾ ਇੱਕ ਕੈਥੋਲਿਕ ਇਸਾਈ ਸਨ, ਜੋ ਐਮਿਲੀਆ ਸਮੇਤ ਆਪਣੇ ਪੰਜਾਂ ਬੱਚਿਆਂ ਨੂੰ ਹਰ ਐਤਵਾਰ ਸੰਗਤ ਵਿੱਚ ਲੈ ਕੇ ਜਾਂਦੇ ਸਨ। ਜਦਕਿ ਉਨ੍ਹਾਂ ਦੇ ਪਿਤਾ ਕਾਰ ਵਿੱਚ ਉਡੀਕ ਕਰਦੇ ਸਨ। ਇਸ ਤੋਂ ਇਲਾਵਾ ਪਰਿਵਾਰ ਹਰ ਸਾਲ ਪੰਜ ਘੰਟੇ ਦਾ ਸਫਰ ਤੈਅ ਕਰਕੇ, ਕੈਲੀਫੋਰਨੀਆ ਦੀ ਇੰਪੀਰੀਅਲ ਘਾਟੀ ਵਿੱਚ ਐਲ ਸੈਂਟਰੋ ਦੇ ਗੁਰਦੁਆਰੇ ਵੀ ਜਾਇਆ ਕਰਦਾ ਸੀ।
ਇਹ ਪੰਜਾਬੀ-ਮੈਕਸੀਕਨ ਸਨ। ਇਸ ਭਾਈਚਾਰੇ ਦਾ ਵਿਕਾਸ ਖਾਸ ਕਰਕੇ ਕੈਲੀਫੋਰਨੀਆ ਦੇ ਖੇਤੀਬਾੜੀ ਪ੍ਰਧਾਨ ਇਲਾਕਿਆਂ ਵਿੱਚ ਪਿਛਲੀ ਸਦੀ ਦੇ ਸ਼ੁਰੂਆਤੀ ਦਹਾਕਿਆਂ ਦੌਰਾਨ ਹੋਇਆ।
ਪੰਜਾਬ ਤੋਂ ਸੈਨ ਫ੍ਰਾਂਸਿਸਕੋ
ਉਨੀਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਸ਼ੁਰੂਆਤੀ ਅਰਸੇ ਦੌਰਾਨ ਬਹੁਤ ਸਾਰੇ ਪੰਜਾਬੀ ਅਮਰੀਕਾ ਦੇ ਪੱਛਮੀ ਤਟ ਉੱਤੇ ਪਹੁੰਚੇ ਅਤੇ 1947 ਤੱਕ ਪਹੁੰਚਦੇ ਰਹੇ।
ਉਦੋਂ ਪੰਜਾਬ ਅੰਗਰੇਜ਼ੀ ਰਾਜ ਵਿੱਚ ਇੱਕ ਸੂਬਾ ਸੀ ਜੋ 1947 ਦੀ ਭਾਰਤ-ਪਾਕ ਵੰਡ ਦੌਰਾਨ ਦੋਵਾਂ ਮੁਲਕਾਂ ਵਿੱਚ ਵੰਡਿਆ ਗਿਆ।
ਪੰਜਾਬੀ, ਅਮਰੀਕਾ ਪਹੁੰਚਣ ਵਾਲੇ ਪਹਿਲੇ ਪਰਵਾਸੀ ਨਹੀਂ ਸਨ ਸਗੋਂ ਉਹ ਤਾਂ ਚੀਨੀਆਂ, ਜਪਾਨੀਆਂ, ਕੋਰੀਅਨਾਂ ਅਤੇ ਫਿਲੀਪੀਨੀਆਂ ਦੇ ਮਗਰ-ਮਗਰ ਇੱਥੇ ਆਏ ਸਨ।
ਇਸ ਪਰਵਾਸ ਨੇ ਕੈਲੀਫੋਰਨੀਆਂ ਨੂੰ ਵੱਡੀ ਗਿਣਤੀ ਵਿੱਚ ਸਸਤਾ ਮਜ਼ਦੂਰ ਤਬਕਾ ਪ੍ਰਦਾਨ ਕੀਤਾ।
ਇਹ ਗੱਲ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਮਾਨਵ ਵਿਗਿਆਨ ਦੇ ਰਿਟਾਇਰਡ ਪ੍ਰੋਫੈਸਰ ਕੇਰਨ ਲਿਓਨਾਰਡ ਨੇ ਆਪਣੀ ਕਿਤਾਬ “ਮੇਕਿੰਗ ਐਥਿਨਿਕ ਚੁਆਇਸਿਸ: ਕੈਲੀਫੋਰਨੀਆਜ਼ ਪੰਜਾਬੀ ਮੈਕਸੀਕਨ ਅਮਰੀਕਨ” ਵਿੱਚ ਸਮਝਾਈ ਹੈ।
ਹੱਥੀ ਕੰਮ ਕਰਨ ਦੇ ਸ਼ੁਕੀਨ ਅਤੇ ਮਾਹਰ ਪੰਜਾਬੀ ਜਲਦੀ ਹੀ ਕੈਲੀਫੋਰਨੀਆ ਦੀ ਪੇਂਡੂ ਵਸੋਂ ਵਿੱਚ ਘੁਲਮਿਲ ਗਏ।
ਪੰਜਾਬੀ ਮੁੱਖ ਤੌਰ ਉੱਥੇ ਸੈਨ ਡਿਆਗੋ ਦੇ ਪੂਰਬ ਵਿੱਚ ਮੈਕਸੀਕੋ ਦੀ ਸਰਹੱਦ ਨਾਲ ਲਗਦੀ ਕੈਲੀਫੋਰਨੀਆ ਦੀ ਇੰਪੀਰੀਅਲ ਘਾਟੀ ਵਿੱਚ ਅਬਾਦ ਹੋਏ।
ਇਹ ਘਾਟੀ ਕਦੇ ਰੇਗਿਸਤਾਨ ਹੁੰਦੀ ਸੀ ਲੇਕਿਨ ਕੌਲਰੇਡੋ ਨਦੀ ਵੱਲੋਂ ਮੋੜੇ ਗਏ ਪਾਣੀ ਅਤੇ ਪੰਜਾਬੀ ਮਜ਼ਦੂਰਾਂ ਦੀ ਮਿਹਨਤ ਨੇ ਜਲਦੀ ਹੀ ਇਸ ਨੂੰ ਉਪਜਾਊ ਭੂਮੀ ਵਿੱਚ ਬਦਲ ਦਿੱਤਾ।
ਇੱਥੋਂ ਕੁਝ ਪੰਜਾਬੀ ਗੁਆਂਢੀ ਐਰੀਜ਼ੋਨਾ, ਨਿਊ ਮੈਕਸੀਕੋ, ਉਤਾਹ ਜਾਂ ਟੈਕਸਸ ਵੱਲ ਚਲੇ ਗਏ ਜਿੱਥੇ ਐਮਿਲੀਆ ਦੇ ਪਿਤਾ ਰਹਿੰਦੇ ਸਨ। ਐਮਲੀਆ ਦੇ ਪਿਤਾ ਜੀਵਨ ਸਿੰਘ 1906 ਵਿੱਚ ਆਪਣੇ ਭਰਾ ਨਾਲ ਸੈਨ ਫ੍ਰਾਂਸਿਸਕੋ ਆ ਕੇ ਵਸੇ ਸਨ।
ਹਾਲਾਂਕਿ ਇਨ੍ਹਾਂ ਨਵੇਂ ਪਰਵਾਸੀਆਂ ਨੂੰ ਬਹੁਤ ਸਾਰੇ ਕੌਸ਼ਲ ਜਾਣਦੇ ਹੋਣ ਦੇ ਬਾਵਜੂਦ ਹਰ ਥਾਂ ਇਨ੍ਹਾਂ ਨੂੰ ਖੁੱਲ੍ਹੇ ਦਿਲ ਨਾਲ ਅਪਣਾਇਆ ਨਹੀਂ ਗਿਆ।
ਸਾਲ 1909 ਵਿੱਚ ਫੈਡਰਲ ਇਮੀਗ੍ਰੇਸਨ ਕਮਿਸ਼ਨ ਦੇ ਇੱਕ ਸੂਪਰਵਾਈਜ਼ਰ ਨੇ ਇਸ ਭਾਈਚਾਰੇ ਦਾ ਏਸ਼ੀਆ ਤੋਂ ਆਏ ਲੋਕਾਂ ਵਿੱਚੋਂ ਸਭ ਤੋਂ ਘੱਟ ਚਾਹੇ ਜਾਂਦੇ ਭਾਈਚਾਰ ਵਜੋਂ ਉਲੇਖ ਕੀਤਾ।
1910 ਦੇ ਹੌਲਟਵਿਲੇ ਟ੍ਰਿਬਿਊਨ ਦੀ ਇੱਕ ਸੁਰਖੀ ਇਸ ਤਰ੍ਹਾਂ ਸੀ—ਹਿੰਦੂ ਅਤੇ ਉਨ੍ਹਾਂ ਦੀਆਂ ਆਦਤਾਂ ਅਤੇ ਕਿਉਂ ਉਨ੍ਹਾਂ ਦੇ ਕੈਲੀਫੋਨੀਆਂ ਉਤਰਨ ਉੱਤੇ ਫੌਰੀ ਪਾਬੰਦੀ ਲਾ ਦੇਣੀ ਚਾਹੀਦੀ ਹੈ।
ਹਿੰਦੂ ਸ਼ਬਦ ਇਨ੍ਹਾਂ ਪੰਜਾਬੀਆਂ ਦੇ ਧਰਮ ਬਾਰੇ ਨਹੀਂ ਸੀ ਕਿਉਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਸਿੱਖ ਸਨ, ਸਗੋਂ ਹਿੰਦੁਸਤਾਨ ਉਪ ਮਹਾਂਦੀਪ ਦਾ ਲਖਾਇਕ ਸੀ। ਜਿਸ ਵਿੱਚ ਉਸ ਸਮੇਂ ਅਜੋਕਾ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀ ਲੰਕਾ, ਮਾਲਦੀਵਸ, ਭੂਟਾਨ ਅਤੇ ਨੇਪਾਲ ਸ਼ਾਮਲ ਸਨ।
ਇਹੀ ਸੁਨੇਹਾ ਇੱਕ ਦਹਾਕੇ ਬਾਅਦ ਕੈਲੀਫੋਰਨੀਆ ਸਟੇਟ ਕੰਟਰੋਲ ਬੋਰਡ ਵਿੱਚ ਇੱਕ ਵਾਰ ਫਿਰ ਗੂੰਜਿਆ। ਕਿ ਉਨ੍ਹਾਂ ਵਿੱਚ ਨਿੱਜੀ ਸਾਫ-ਸਫਾਈ ਦੀਆਂ ਆਦਤਾਂ ਦੀ ਕਮੀ, ਉਨ੍ਹਾਂ ਸਿਧਾਂਤਾਂ ਅਤੇ ਸਿੱਖਿਆਵਾਂ ਦੀ ਕੱਟੜ ਪਾਲਣਾ ਜੋ ਅਮਰੀਕੀ ਸੱਭਿਆਚਾਰ ਵਿੱਚ ਬੇਹੱਦ ਨਾ ਪਸੰਦ ਕੀਤੀਆਂ ਜਾਂਦੀਆਂ ਹਨ।
ਇਸ ਦੇਸ ਵਿੱਚ ਆਉਣ ਤੋਂ ਤੁਰੰਤ ਮਗਰੋਂ ਮੇਰੇ ਪਿਤਾ ਨੇ ਆਪਣੀ ਦਾੜ੍ਹੀ ਸ਼ੇਵ ਕਰਵਾ ਦਿੱਤੀ, ਲੰਬੇ ਕੇਸ ਕਟਵਾ ਦਿੱਤੇ ਅਤੇ ਪੱਗ ਲਾਹ ਦਿੱਤੀ। ਇਹ ਉਹ ਫੈਸਲਾ ਸੀ ਜੋ ਟਕਰਾਅ ਤੋਂ ਬਚਣ ਲਈ ਉਸ ਸਮੇਂ ਬਹੁਤ ਸਾਰੇ ਸਿੱਖਾਂ ਨੇ ਲਿਆ ਸੀ। ਹਾਲਾਂਕਿ ਉਨ੍ਹਾਂ ਦੇ ਭਰਾ ਨੇ ਅਜਿਹਾ ਨਹੀਂ ਕੀਤਾ ਅਤੇ ਸਾਰੀ ਉਮਰ ਸਿੱਖ ਬਣ ਕੇ ਰਹੇ।
ਲੇਕਿਨ ਵਿਤਕਰਾ ਸਿਰਫ਼ ਜਬਾਨੀ-ਕਲਾਮੀ ਹੀ ਨਹੀਂ ਸੀ। ਉਨ੍ਹਾਂ ਨੂੰ ਜਨਤਕ ਥਾਵਾਂ ਉੱਤੇ ਵੀ ਅਲਹਿਦਗੀ ਸਹਿਣ ਕਰਨੀ ਪਈ, ਜਿਵੇਂ ਕਿ ਸਕੂਲ, ਰੈਸਤਰਾਂ, ਹੋਟਲ, ਥਿਏਟਰ ਅਤੇ ਮਿਊਂਸਿਪੈਲਿਟੀ ਦੇ ਤੈਰਾਕੀ- ਤਲਾਬ। ਕਨੂੰਨ ਦੀਆਂ ਬੰਦਿਸ਼ਾਂ ਕਾਰਨ ਉਨ੍ਹਾਂ ਲਈ ਅਜ਼ਾਦੀ ਨਾਲ ਘੁੰਮਣਾ-ਫਿਰਨਾ ਵੀ ਸੀਮਤ ਸੀ।
ਸਾਲ 1913 ਦੇ ਏਲੀਅਨ ਲੈਂਡ ਐਕਟ ਵਿੱਚ ਅਜਿਹੀ ਹੀ ਸਥਿਤੀ ਸੀ। ਇਸ ਐਕਟ ਮੁਤਾਬਕ, ਚੀਨੀ, ਜਪਾਨੀ, ਕੋਰੀਅਨ ਅਤੇ ਪੰਜਾਬ ਤੋਂ ਆਉਣ ਵਾਲੇ ਪ੍ਰਵਾਸੀ ਨਾ ਤਾਂ ਨਾਗਰਿਕਤਾ ਲੈਣ ਦੀ ਇੱਛਾ ਰੱਖ ਸਕਦੇ ਸਨ, ਨਾ ਹੀ ਪੱਟੇ ਉੱਤੇ ਜ਼ਮੀਨ ਲੈ ਸਕਦੇ ਸਨ।
ਇਸ ਨਿਯਮ ਦਾ ਤੋੜ ਕਈ ਲੋਕਾਂ ਨੇ ਐਸੋਸਿਏਸ਼ਨਾਂ ਬਣਾ ਕੇ ਜਾਂ ਹੋਰ ਤਰੀਕਿਆਂ ਨਾਲ ਕੱਢ ਲਿਆ ਸੀ।
ਸਾਲ 1917 ਦੇ ਇਮੀਗ੍ਰੇਸ਼ਨ ਐਕਟ ਨੇ ਏਸ਼ੀਆ ਅਤੇ ਪੈਸਿਫਿਕ ਤੋਂ ਆਉਣ ਵਾਲਿਆਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਸਨ।
ਇੱਥੇ ਰਹਿ ਰਹੇ ਪ੍ਰਵਾਸੀ ਜਿਨ੍ਹਾਂ ਨੂੰ ਉਮੀਦ ਸੀ ਕਿ ਕਦੇ ਨਾ ਕਦੇ ਉਹ ਆਪਣੇ ਪਰਿਵਾਰਾਂ ਅਤੇ ਬੱਚਿਆਂ ਨੂੰ ਇੱਥੇ ਲਿਆ ਸਕਣਗੇ। ਉਹ ਖਤਮ ਹੋ ਗਈ।
ਹੁਣ ਉਨ੍ਹਾਂ ਕੋਲ ਦੋ ਰਸਤੇ ਸਨ— ਇੱਥੇ ਰਹਿਣ ਅਤੇ ਕਦੇ-ਕਦਾਈਂ ਵਤਨ ਜਾ ਕੇ ਆਪਣੇ ਪਰਿਵਾਰਾਂ ਨੂੰ ਮਿਲਣ। ਇਸ ਵਿੱਚ ਖ਼ਤਰਾ ਸੀ ਕਿ ਸ਼ਾਇਦ ਉਹ ਕਦੇ ਵੀ ਵਾਪਸ ਨਾ ਆ ਸਕਣ। ਦੂਜਾ ਰਸਤਾ ਇਹ ਸੀ ਕਿ ਉਹ ਕਦੇ ਵੀ ਵਾਪਸ ਨਾ ਜਾਣ।
ਕੁਝ ਲੋਕਾਂ ਨੇ ਵਾਪਸ ਜਾਣ ਦਾ ਰਾਹ ਚੁਣਿਆ ਤਾਂ ਕੁਝ ਨੇ ਇਸ ਨਵੀਂ ਧਰਤੀ ਉੱਤੇ ਹੀ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਦਾ ਫੈਸਲਾ ਕੀਤਾ।
ਅੰਤਰ-ਨਸਲੀ ਵਿਆਹ
ਅਮਰੀਕਾ ਵਿੱਚ 1967 ਤੱਕ ਅੰਤਰ-ਨਸਲੀ ਵਿਆਹ ਕਨੂੰਨੀ ਨਹੀਂ ਸਨ ਜਦੋਂ ਤੱਕ ਸੁਪਰੀਮ ਕੋਰਟ ਨੇ ਅਜਿਹੇ ਵਿਆਹਾਂ ਨੂੰ ਅਵੈਧ ਕਰਾਰ ਦੇਣ ਵਾਲੇ ਕਨੂੰਨਾਂ ਨੂੰ ਗੈਰ-ਸੰਵਿਧਾਨਕ ਕਰਾਰ ਨਹੀਂ ਦੇ ਦਿੱਤਾ।
ਇਨ੍ਹਾਂ ਕਨੂੰਨਾਂ ਦਾ ਮੰਤਵ ਦੋ ਨਸਲਾਂ ਦੇ ਲੋਕਾਂ ਦੇ ਵਿਆਹਾਂ ਅਤੇ ਉਨ੍ਹਾਂ ਦਰਮਿਆਨ ਬਣਨ ਵਾਲੇ ਜਿਣਸੀ ਸੰਬੰਧਾਂ ਨੂੰ ਰੋਕਣਾ ਸੀ ਤਾਂ ਜੋ ਕਿਸੇ ਭਾਈਚਾਰੇ ਵਿਸ਼ੇਸ ਨੂੰ ਸਥਾਨਕ ਭਾਈਚਾਰੇ ਵਿੱਚ ਘੁਲਣ-ਮਿਲਣ ਤੋਂ ਰੋਕਿਆ ਜਾ ਸਕੇ। ਸ਼ੁਰੂ ਵਿੱਚ ਇਕ ਗੋਰਿਆਂ ਅਤੇ ਸਿਆਹਫਾਮ ਅਮਰੀਕੀਆਂ ਦੇ ਸੰਬੰਧ ਵਿੱਚ ਲਾਗੂ ਕੀਤੇ ਗਏ ਸਨ।
ਇਸ ਲਈ ਇਨ੍ਹਾਂ ਪਰਵਾਸੀਆਂ ਦੇ ਸਥਾਨਕ ਗੋਰੀਆਂ ਔਰਤਾਂ ਨਾਲ ਵਿਆਹ ਦੇ ਰਸਤੇ ਤਾਂ ਬੰਦ ਹੋ ਗਏ ਲੇਕਿਨ ਇਨ੍ਹਾਂ ਨੇ ਮੈਕਸੀਕੋ ਤੋਂ ਆਉਣ ਵਾਲੀਆਂ ਉਨ੍ਹਾਂ ਔਰਤਾਂ ਨਾਲ ਵਿਆਹ ਕਰਵਾਏ ਜੋ ਇਨ੍ਹਾਂ ਵਾਂਗ ਹੀ ਇੱਥੇ ਖੇਤਾਂ ਵਿੱਚ ਮਜ਼ਦੂਰ ਬਣ ਕੇ ਕੰਮ ਕਰਨ ਆਈਆਂ ਸਨ।
ਯੂਨੀਵਰਸਿਟੀ ਆਫ ਪੈਨਸਿਲਵੇਨੀਆ ਵਿੱਚ ਇਤਿਹਾਸ ਦੇ ਪ੍ਰੋਪੈਸਰ ਹਰਦੀਪ ਢਿੱਲੋਂ ਨੇ ਇਨ੍ਹਾਂ ਭਾਈਚਾਰਿਆਂ ਦਾ ਅਧਿਐਨ ਕੀਤਾ ਹੈ। ਉਹ ਦੱਸਦੇ ਹਨ, “ਸਰਹੱਦੀ ਖੇਤਰ ਦੇ ਏਸ਼ੀਆਈ ਅਤੇ ਮੈਕਸੀਕਨ ਭਾਈਚਾਰਿਆਂ ਦੇ ਮਿਲਣ ਉੱਤੇ ਤਤਕਾਲੀ ਸਮਾਜਿਕ ਤਾਣੇ-ਬਾਣੇ ਅਤੇ ਸਿਆਸੀ ਆਰਥਿਕਤਾ ਦਾ ਅਸਰ ਪਿਆ।”
ਮਾਹਰ ਮੁਤਾਬਕ ਪੰਜਾਬੀ ਲੋਕ ਪੇਂਡੂ ਖੇਤਰਾਂ ਵਿੱਚ ਆ ਕੇ ਵਸੇ ਜਿੱਥੇ ਮੈਕਸੀਕਨ ਔਰਤਾਂ ਪਹਿਲਾਂ ਤੋਂ ਹੀ ਮੌਜੂਦ ਸਨ।
ਲੇਕਿਨ 1910-1920 ਦੀ ਮੈਕਸੀਕਨ ਕ੍ਰਾਂਤੀ ਕਾਰਨ ਹੋਰ ਜ਼ਿਆਦਾ ਪਰਿਵਾਰ ਮੈਕਸੀਕੋ ਤੋਂ ਅਮਰੀਕਾ ਵਿੱਚ ਆ ਕੇ ਵਸੇ।
ਕੁਝ ਮੈਕਸੀਕਨ ਔਰਤਾਂ ਆਪਣੇ ਪਿਤਾ ਜਾਂ ਭਰਾਵਾਂ ਦੇ ਜ਼ਰੀਏ ਏਸ਼ੀਅਨ ਪੁਰਸ਼ਾਂ ਦੇ ਸੰਪਰਕ ਵਿੱਚ ਆਈਆਂ, ਜੋ ਉਨ੍ਹਾਂ ਦੇ ਨਾਲ ਖੇਤਾਂ ਵਿੱਚ ਕੰਮ ਕਰਦੇ ਸਨ। ਦੂਜੇ ਮਾਮਲਿਆਂ ਇਹ ਔਰਤਾਂ ਇਨ੍ਹਾਂ ਪੁਰਸ਼ਾਂ ਦੇ ਨਾਲ ਕੰਮ ਕਰਨ ਕਰਕੇ ਸਿੱਧੀਆਂ ਸੰਪਰਕ ਵਿੱਚ ਆਈਆਂ। ਇਨ੍ਹਾਂ ਭਾਈਚਾਰਿਆਂ ਦਾ ਸਥਾਨਕ ਕਰਿਆਨੇ ਦੀਆਂ ਦੁਕਾਨਾਂ ਉੱਤੇ ਜਾਂ ਰੇਲਵੇ ਸਟੇਸ਼ਨਾਂ ਉੱਤੇ ਵੀ ਆਹਮੋ-ਸਾਹਮਣਾ ਹੋ ਜਾਂਦਾ ਸੀ।
ਅਜਿਹੀ ਸਥਿਤੀ ਵਿੱਚ ਐਮਿਲੀਆ ਦੇ ਮਾਤਾ-ਪਿਤਾ ਰੋਸਾ ਅਤੇ ਜੀਵਨ ਸਿੰਘ ਦੀ ਮੁਲਾਕਾਤ ਹੋਈ। ਐਮਿਲੀਆ ਦੀ ਮਾਂ ਟੈਕਸਸ ਵਿੱਚ ਆਪਣੇ ਕਜ਼ਨਸ ਨੂੰ ਮਿਲਣ ਜਾਂਦੇ ਸਨ। ਹਾਲਾਂਕਿ ਉਸ ਸਮੇਂ ਤੱਕ ਅਮਰੀਕਾ ਅਤੇ ਕੈਨੇਡਾ ਦੇ ਦਰਮਿਆਨ ਕੋਈ ਸਪਸ਼ਟ ਸਰਹੱਦ ਨਹੀਂ ਸੀ।
ਆਪਣੇ ਮਾਤਾ-ਪਿਤਾ ਦੀ ਮੁਲਾਕਾਤ ਬਾਰੇ ਐਮਿਲੀਆ ਕੋਲ ਜ਼ਿਆਦਾ ਜਾਣਕਾਰੀ ਨਹੀਂ ਹੈ। ਉਹ ਦੱਸਦੇ ਹਨ, “ਜਦੋਂ ਵੀ ਅਸੀਂ ਪੁੱਛਣਾ ਤਾਂ ਉਨ੍ਹਾਂ ਨੇ ਕਹਿਣਾ ਤੁਸੀਂ ਜਾਣ ਕੇ ਕੀ ਲੈਣਾ ਹੈ?” ਉਹ ਸਿਰਫ ਜਾਣਦੇ ਹਨ ਕਿ ਜਦੋਂ ਉਨ੍ਹਾਂ ਨੇ ਵਿਆਹ ਦਾ ਫੈਸਲਾ ਲਿਆ ਅਤੇ ਸਥਾਨਕ ਪੁਜਾਰੀ ਕੋਲ ਗਏ ਤਾਂ ਉਸ ਨੇ ਮਨ੍ਹਾਂ ਕਰ ਦਿੱਤਾ।
ਫਿਰ ਉਹ ਦੂਜੇ ਕਸਬੇ ਵਿੱਚ ਉਸ ਤੋਂ ਛੋਟੇ ਚਰਚ ਵਿੱਚ ਗਏ। ਇੱਥੇ ਵੀ ਉਹੀ ਨਤੀਜਾ ਸੀ। ਫਿਰ ਉਨ੍ਹਾਂ ਨੇ ਅਦਾਲਤ ਵਿੱਚ ਜਾ ਕੇ ਵਿਆਹ ਕਰਵਾ ਲਿਆ।
ਇਸ ਤਰ੍ਹਾਂ ਉਨ੍ਹਾਂ ਨੇ ਕਦੇ ਵੀ ਚਰਚ ਵਿੱਚ ਵਿਆਹ ਨਹੀਂ ਕਰਵਾਇਆ।
ਇਤਿਹਾਸਕਾਰ ਢਿੱਲੋਂ ਦੱਸਦੇ ਹਨ, ਅਮਰੀਕੀ ਕਨੂੰਨ ਵਿੱਚ ਮੈਕਸੀਕਨ ਔਰਤਾਂ ਨੂੰ ਤਾਂ ਗੋਰੀਆਂ ਸਮਝਿਆ ਜਾਂਦਾ ਸੀ ਲੇਕਿਨ ਦੱਖਣ-ਏਸ਼ੀਆਈ ਪੁਰਸ਼ਾਂ ਨੂੰ ਨਹੀਂ।
ਕਈ ਜੋੜਿਆਂ ਨੂੰ ਤਾਂ ਕਈ ਕਾਊਂਟੀਆਂ ਪਾਰ ਕਰਕੇ ਕਿਸੇ ਅਜਿਹੀ ਥਾਂ ਦੀ ਭਾਲ ਕਰਨੀ ਪੈਂਦੀ ਸੀ ਜੋ ਉਨ੍ਹਾਂ ਨੂੰ ਵਿਆਹ ਦਾ ਸਰਟੀਫਿਕੇਟ ਜਾਰੀ ਕਰ ਦੇਵੇ।
ਢਿੱਲੋਂ ਕਹਿੰਦੇ ਹਨ ਕਿ ਇਨ੍ਹਾਂ ਜੋੜਿਆਂ ਨੇ ਉਸ ਸਮੇਂ ਦੇ ਅਮਰੀਕੀ ਕਾਨੂੰਨ ਵੱਲੋਂ ਤੈਅ ਨਸਲੀ ਸੀਮਾਵਾਂ ਨੂੰ ਚੁਣੌਤੀ ਦਿੱਤੀ।
ਕੇਰਨ ਲਿਓਨਾਰਡ ਮੁਤਾਬਕ 1940 ਦੇ ਦਹਾਕੇ ਤੱਕ ਕੈਲੀਫੋਰਨੀਆ ਵਿੱਚ ਇਸ ਤਰ੍ਹਾਂ ਦੇ ਸਿਰਫ 400 ਹੀ ਵਿਆਹ ਹੋਏ ਸਨ।
ਢਿੱਲੋਂ ਮੈਕਸੀਕਨ ਔਰਤਾਂ ਉੱਤੇ ਪੈਣ ਵਾਲੇ ਇੱਕ ਹੋਰ ਅਸਰ ਵੱਲ ਧਿਆਨ ਦਿਵਾਉਂਦੇ ਹਨ, ਜਿਸਦੀ ਜ਼ਿਆਦਾ ਚਰਚਾ ਨਹੀਂ ਹੁੰਦੀ। ਉਹ ਹੈ ਕਿ ਉਹ ਔਰਤਾਂ ਪਰਵਾਸੀਆਂ ਨਾਲ ਵਿਆਹ ਕਰਵਾ ਕੇ ਆਪਣੀ ਨਾਗਰਿਕਤਾ ਖ਼ਤਰੇ ਵਿੱਚ ਪਾ ਰਹੀਆਂ ਸਨ।
ਜ਼ਿਕਰਯੋਗ ਹੈ ਕਿ 1930 ਦੇ ਦਹਾਕੇ ਵਿੱਚ ਅਮਰੀਕਾ ਨੇ ਔਰਤਾਂ ਨੂੰ ਉਨ੍ਹਾਂ ਦਾ ਵਿਆਹ ਕਿਤੇ ਵੀ ਹੋਇਆ ਹੋਵੇ, ਔਰਤਾਂ ਨੂੰ ਕੌਮੀਅਤ ਦਾ ਹੱਕ ਦਿੱਤਾ।
ਇਨ੍ਹਾਂ ਵਿਆਹਾਂ ਦੇ ਇਨ੍ਹਾਂ ਔਰਤਾਂ ਲਈ ਸਿੱਟੇ ਗੰਭੀਰ ਸਨ। ਕਈ ਤਾਂ ਸਰਹੱਦ ਪਾਰ ਕਰਕੇ ਆਪਣੇ ਪੇਕੇ ਪਰਿਵਾਰ ਨੂੰ ਮਿਲਣੋਂ ਵੀ ਰਹਿ ਗਈਆਂ। ਡਰ ਸੀ ਕਿ ਉਨ੍ਹਾਂ ਨੂੰ ਵਾਪਸੀ ਉੱਤੇ ਅਮਰੀਕਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਦੂਜੀਆਂ ਔਰਤਾਂ ਉੱਤੇ ਆਪਣੇ ਨਾਗਰਿਕ ਹੱਕ ਜਿਵੇਂ ਕਿ ਵੋਟਿੰਗ ਆਦਿ ਵਰਤਣ ਤੋਂ ਰੋਕ ਲਗਾ ਦਿੱਤੀ ਗਈ।
ਖੂਨ ਦੇ ਰਿਸ਼ਤੇ
ਸਥਿਤੀ ਭਾਵੇਂ ਕੈਸੀ ਵੀ ਸੀ, ਪੰਜਾਬੀ-ਮੈਕਸੀਕਨ ਭਾਈਚਾਰਾ, ਆਪਸ ਵਿੱਚ ਬਣੇ ਖੂਨ ਦੇ ਰਿਸ਼ਤਿਆਂ ਕਾਰਨ ਬੇਹੱਦ ਮਜ਼ਬੂਤ ਸੀ।
ਪ੍ਰੋਫੈਸਰ ਲਿਓਨਾਰਡ ਇਸ ਸਥਿਤੀ ਨੂੰ ਐਲਵਰੇਜ਼ ਪਰਿਵਾਰ ਦੀ ਮਿਸਾਲ ਨਾਲ ਸਪਸ਼ਟ ਕਰਦੇ ਹਨ।
ਸ਼੍ਰੀਮਤੀ ਐਲਵਰੇਜ਼ ਆਪਣੀਆਂ ਤਿੰਨ ਧੀਆਂ— ਐਨਟੋਨੀਆ, ਐਨਾ ਅਨੀਤਾ ਅਤੇ ਈਸਟਰ ਅਤੇ ਇੱਕ ਪੁੱਤਰ ਜੀਸਸ ਦੇ ਨਾਲ 1916 ਵਿੱਚ ਮੈਕਸੀਕੋ ਦੇ ਐਲ ਪਾਸੋ ਤੋਂ ਕੈਲੀਫੋਰਨੀਆ ਆਏ ਸਨ।
ਉਹ ਹੌਟਵਿਲੇ ਵਿੱਚ ਵਸ ਗਏ ਅਤੇ ਦੋ ਪੰਜਾਬੀਆਂ — ਸ਼ੇਰ ਸਿੰਘ (36) ਅਤੇ ਗੋਪਾਲ ਸਿੰਘ (37), ਜਿਨ੍ਹਾਂ ਨੇ ਇਹ ਖੇਤ ਲੀਜ਼ ਉੱਤੇ ਲਿਆ ਸੀ, ਨਾਲ ਕਪਾਹ ਚੁਗਣ ਲੱਗੇ। ਇਨ੍ਹਾਂ ਨਾਲ ਐਲਵਰੇਜ਼ ਦੀਆਂ ਦੋ ਧੀਆਂ ਐਨਟੋਨੀਆ (21) ਅਤੇ ਐਨਾ ਅਨੀਤਾ (18) ਨੇ ਕ੍ਰਮਵਾਰ ਵਿਆਹ ਕਰਵਾ ਲਿਆ।
ਜਲਦੀ ਹੀ ਚੌਥੀ ਭੈਣ ਵੈਲਨੀਟੀਨਾ ਵੀ ਉਸੇ ਖੇਤ ਵਿੱਚ ਪਹੁੰਚੀ। ਉਹ ਉਮਰ ਵਿੱਚ ਕੁਝ ਵੱਡੀ ਸੀ ਅਤੇ ਆਪਣੇ ਨਾਲ 14 ਸਾਲ ਦੀ ਇੱਕ ਧੀ ਅਲਜੈਂਡਰੀਨਾ ਵੀ ਲਿਆਈ ਸੀ। ਇੱਕ ਸਾਲ ਦੇ ਅੰਦਰ ਹੀ ਉਨਾਂ ਨੇ ਰੁਲੀਆ ਸਿੰਘ ਅਤੇ ਰੁਲੀਆ ਸਿੰਘ ਦੇ ਇੱਕ ਦੋਸਤ ਜਿਸ ਨੇ ਅਮਰੀਕੀ ਨਾਮ ਐਲਬਰਟ ਜੋਅ ਧਾਰਨ ਕਰ ਲਿਆ ਸੀ, ਨਾਲ ਵਿਆਹ ਕਰਵਾ ਲਿਆ। ਇੱਕ ਭੈਣ ਈਸਟਰ ਜੋ ਅਜੇ ਅਣਵਿਆਹੀ ਸੀ ਨੇ ਹਰਨਾਮ ਸਿੰਘ ਸਿੱਧੂ ਨਾਲ ਵਿਆਹ ਕਰਵਾ ਲਿਆ।
ਐਮਿਲੀਆ ਦੀ ਮਾਂ ਰੋਸਾ ਨੇ ਜਦੋਂ ਇੱਕ ਵਾਰ ਮੈਕਸੀਕੋ ਛੱਡ ਦਿੱਤਾ ਤਾਂ ਮੁੜ ਪਿੱਛੇ ਮੁੜ ਕੇ ਨਹੀਂ ਦੇਖਿਆ।
ਲੇਕਿਨ ਐਮਿਲੀਆ ਨੂੰ ਯਾਦ ਹੈ ਕਿ ਉਹ ਆਪਣੇ ਪਰਿਵਾਰ ਵਰਗੇ ਹੋਰ ਅੰਤਰ-ਨਸਲੀ ਪਰਿਵਾਰਾਂ ਨਾਲ ਮਿਲਦੇ ਸਨ। ਜਿੱਥੇ ਉਨ੍ਹਾਂ ਦੇ ਸਾਥੀ ਅਤੇ ਮੂੰਬੋਲੇ ਰਿਸ਼ਤੇਦਾਰ ਸਨ। ਹੁਣ ਉਹ ਕਾਸਾ ਗਰੇਨਡੇ ਵਿੱਚ ਜੋ ਕਿ ਫਿਨਿਕਸ ਤੋਂ ਦੱਖਣ ਵੱਲ 80 ਕਿੱਲੋਮੀਟਰ ਦੂਰ ਕਾਸਾ ਗਰੇਨਡੇ ਮਿਊਂਸਿਪੈਲਿਟੀ ਵਿੱਚ ਰਹਿੰਦੇ ਹੋਏ, ਆਪਣੀ ਟੈਕਸਸ ਵਿੱਚ ਰਿਹਾਇਸ਼ ਨਾਲੋਂ ਜ਼ਿਆਦਾ ਮਿਲਦੇ ਹਨ।
ਉਨ੍ਹਾਂ ਸ਼ਾਮਾਂ ਦੀਆਂ ਕੁਝ ਤਸਵੀਰਾਂ ਦਿਖਾ ਕੇ ਐਮਿਲੀਆ ਦੱਸਦੇ ਹਨ ਕਿ ਪੰਜਾਬੀ ਮਰਦਾਂ ਨੂੰ ਨੱਚਣਾ ਪਸੰਦ ਸੀ। ਉਹ ਸਾਲ ਵਿੱਚ ਦੋ ਜਾਂ ਤਿੰਨ ਵਾਰ ਆਉਂਦੇ ਸਨ, ਮੇਰੀ ਮਾਂ ਉਨ੍ਹਾਂ ਲਈ ਮੈਕਸੀਕਨ ਸੰਗੀਤ ਵਜਾਉਂਦੀ ਸੀ।
ਘਰ ਤੋਂ ਬਾਹਰ ਸਕੂਲ ਵਿੱਚ, ਦੁਕਾਨਾਂ ਵਿੱਚ ਜਾਂ ਕੰਮ ਦੀਆਂ ਥਾਵਾਂ ਉੱਤੇ ਅੰਗਰੇਜ਼ੀ ਦਾ ਹੀ ਦਬਦਬਾ ਸੀ ਪਰ ਘਰ ਦੇ ਅੰਦਰ ਸਪੈਨਿਸ਼ ਹੀ ਬੋਲੀ ਜਾਂਦੀ ਸੀ। ਉਨ੍ਹਾਂ ਦੇ ਪਿਤਾ ਵੀ ਟੁੱਟੀ-ਫੁੱਟੀ ਸਪੇਨੀ ਬੋਲਦੇ ਸਨ ਜਿਨ੍ਹਾਂ ਤੋਂ ਐਮਿਲੀਆ ਨੇ ਪੰਜਾਬੀ ਦੇ ਮੁਸ਼ਕਿਲ ਨਾਲ ਹੀ ਕੁਝ ਸ਼ਬਦ ਸਿੱਖੇ ਸਨ।
ਆਪਣੇ ਚੇਤੇ ਉੱਤੇ ਜ਼ੋਰ ਪਾ ਕੇ ਉਹ “ਸਤ ਸ਼੍ਰੀ ਅਕਾਲ” ਕਹਿੰਦੇ ਹਨ ਅਤੇ ਅਭਿਆਸ ਦੀ ਕਮੀ ਅਤੇ ਆਪਣੇ ਕਮਜ਼ੋਰ ਚੇਤੇ ਨੂੰ ਪੰਜਾਬੀ ਦੇ ਹੋਰ ਸ਼ਬਦ ਭੁੱਲ ਜਾਣ ਲਈ ਜ਼ਿੰਮੇਵਾਰ ਮੰਨਦੇ ਹਨ।
“ਮੇਰੀ ਮਾਂ ਸਾਡੇ ਲਈ ਮੂੰਗੀ ਦੀ ਦਾਲ ਹਮੇਸ਼ਾ ਬਣਾ ਕੇ ਰੱਖਦੇ ਸਨ। ਅਸੀਂ ਹਰ ਦਾਲ-ਸਬਜ਼ੀ ਨਾਲ ਚੌਲ ਖਾਂਦੇ ਸੀ। ਗੈਰ-ਸਪੈਨਿਸ਼ ਤਰੀਕੇ ਨਾਲ ਸਾਡੀ ਮਾਂ ਪਰੌਂਠੇ ਬਣਾਉਂਦੀ ਸੀ।”
“ਇਹ ਚੀਜ਼ਾਂ ਮੇਰੀ ਮਾਂ ਨੂੰ ਮੇਰੇ ਪਿਤਾ ਨੇ ਬਣਾਉਣੀਆਂ ਸਿਖਾਈਆਂ ਸਨ। ਲੇਕਿਨ ਕ੍ਰਿਸਮਿਸ ਵਰਗੇ ਤਿਉਹਾਰਾਂ ਦੇ ਮੌਕੇ ਉੱਤੇ ਸਾਡੇ ਘਰ ਸੈਕਸੀਕਨ ਪਕਵਾਨ ਹੀ ਬਣਦੇ ਸਨ।”
ਪੇਚੀਦਾ ਇਤਿਹਾਸ
ਢਿੱਲੋਂ ਸੁਚੇਤ ਕਰਦੇ ਹਨ ਕਿ ਅਕਸਰ ਉਨ੍ਹਾਂ ਦੀਆਂ ਸਾਂਝਾਂ ਨੂੰ ਦਰਸਾਉਣ ਲਈ ਇੱਕੋ-ਜਿਹੇ ਖਾਣੇ ਦੀ ਮਿਸਾਲ ਦਿੱਤੀ ਜਾਂਦੀ ਹੈ। ਕੁਝ ਲੋਕ ਰੋਟੀ ਅਤੇ ਇੱਕ ਸਪੈਨਿਸ਼ ਬਰੈਡ ਦੀ ਉਦਾਹਰਣ ਦਿੰਦੇ ਹਨ।
ਉਨ੍ਹਾਂ ਮੁਤਾਬਕ, “ਪੰਜਾਬੀ ਅਤੇ ਮੈਕਸੀਕਨ ਖਾਣੇ ਦੀ ਸਮਾਨਤਾ ਹੀ ਉਨ੍ਹਾਂ ਦੇ ਦਿਲੀ ਰਿਸ਼ਤਿਆਂ ਦਾ ਅਧਾਰ ਸੀ। ਲੇਕਿਨ ਪਰਵਾਸੀਆਂ ਦੀਆਂ ਹੋਰ ਇੰਟਰਵਿਊਜ਼ ਅਤੇ ਕਹਾਣੀਆਂ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ, ਉਨ੍ਹਾਂ ਦੀਆਂ ਜ਼ਿੰਦਗੀਆਂ ਅਤੇ ਫੈਸਲਾ ਲੈਣ ਦੇ ਤਰੀਕੇ ਇਸ ਤੋਂ ਕਿਤੇ ਜ਼ਿਆਦਾ ਪੇਚੀਦਾ ਸੀ।“
ਇਨ੍ਹਾਂ ਫੈਸਲਿਆਂ ਦਾ ਅਸਰ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਉੱਤੇ ਵੀ ਪਿਆ। ਢਿੱਲੋਂ ਦੱਸਦੇ ਹਨ ਕਿ ਪੰਜਾਬੀ- ਮੈਕਸੀਕਨ ਲੋਕ ਅੰਤਰ-ਨਸਲੀ ਪਰਵਾਸੀ ਸਨ ਅਤੇ ਉਨ੍ਹਾਂ ਨੂੰ ਮਿਲੇ-ਜੁਲੇ ਪਰਿਵਾਰਾਂ ਦਾ ਦਰਜਾ ਹਾਸਲ ਸੀ।
ਜਿੱਥੇ ਮੈਕਸੀਕਨ-ਪੰਜਾਬੀ ਜੋੜੇ ਅਮਰੀਕੀ ਨਾਗਰਿਕ ਨਹੀਂ ਬਣ ਸਕਦੇ ਸਨ ਪਰ ਉਨ੍ਹਾਂ ਦੇ ਬੱਚੇ ਬਣ ਸਕਦੇ ਸਨ। “ਉਨ੍ਹਾਂ ਦੇ ਮਾਪਿਆਂ ਦੀਆਂ ਸਮਾਜਿਕ-ਆਰਥਿਤ ਸੀਮਾਵਾਂ ਨੇ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ।”
ਜਦੋਂ ਤੱਕ ਇਨ੍ਹਾਂ ਜੋੜਿਆਂ ਦੇ ਬੱਚੇ ਆਪਣੀ ਉਮਰ ਦੇ ਤੀਹਵਿਆਂ ਵਿੱਚ ਦਾਖਲ ਹੋਏ ਕੈਲੀਫੋਰਨੀਆ ਨੇ ਅੰਤਰ-ਨਸਲੀ ਵਿਆਹਾਂ ਨੂੰ ਰੋਕਣ ਵਾਲਾ ਕਨੂੰਨ ਖਤਮ ਕਰ ਦਿੱਤਾ ਸੀ।
ਸਾਲ 1946 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਹੈਰੀ ਐੱਸ ਟਰੂਮੈਨ ਨੇ ਲੂਸ-ਕੈਲਰ ਐਕਟ ਉੱਤ ਦਸਤਖ਼ਤ ਕੀਤੇ। ਜਿਸ ਨੇ ਭਾਰਤੀਆਂ, ਫਿਲੀਪੀਨਜ਼ ਨੂੰ ਅਮਰੀਕੀ ਨਾਗਰਿਕ ਬਣਨ ਅਤੇ ਇੱਥੇ ਘਰ ਅਤੇ ਖੇਤ ਖ਼ਰੀਦਣ ਦੀ ਅਜ਼ਾਦੀ ਦਿੱਤੀ।
ਧਰਤੀ ਦੇ ਦੂਜੇ ਹਿੱਸੇ ਵਿੱਚ ਲਗਭਗ ਇੱਕ ਸਦੀ ਦੇ ਬਸਤੀਵਾਦੀ ਰਾਜ ਤੋਂ ਬਾਅਦ ਬ੍ਰਿਟੇਨ ਨੇ 1947 ਵਿੱਚ ਭਾਰਤ ਨੂੰ ਅਜ਼ਾਦ ਕਰ ਦਿੱਤਾ। ਇਸਦੇ ਨਾਲ ਹੀ ਇਸ ਨੂੰ ਅਜੋਕੇ ਭਾਰਤ ਅਤੇ ਪਾਕਿਸਤਾਨ ਵਿੱਚ ਵੰਡ ਦਿੱਤਾ ਗਿਆ।
ਵੰਡ ਤੋਂ ਬਾਅਦ ਫੈਲੀ ਫਿਰਕੂ ਹਿੰਸਾ ਵਿੱਚ ਲਗਭਗ ਦਸ ਲੱਖ ਲੋਕਾਂ ਦੀ ਜਾਨ ਗਈ ਅਤੇ ਲਗਭਗ ਡੇਢ ਕਰੋੜ ਲੋਕਾਂ ਦਾ ਉਜਾੜਾ ਹੋਇਆ।
ਇਸ ਪ੍ਰਸੰਗ ਵਿੱਚ ਨਵੇਂ ਪਰਵਾਸੀਆਂ ਨੇ ਅੰਤਰ-ਨਸਲੀ ਵਿਆਹਾਂ ਤੋਂ ਗੁਰੇਜ਼ ਕੀਤਾ ਅਤੇ ਆਪਸ ਵਿੱਚ ਹੀ ਵਿਆਹ ਕੀਤੇ।
ਇਸ ਤਰ੍ਹਾਂ ਜਿਵੇਂ-ਜਿਵੇਂ ਨਵੀਂ ਪੀੜ੍ਹੀ ਅਮਰੀਕੀ ਸੱਭਿਆਚਾਰ ਨਾਲ ਇੱਕ-ਮਿੱਕ ਹੋਣੀ ਸ਼ੁਰੂ ਹੋਈ ਤਾਂ ਇਹ ਭਾਈਚਾਰਾ ਵੀ ਗੁੰਮਨਾਮੀ ਵਿੱਚ ਚਲਿਆ ਗਿਆ। ਜਦੋ ਤੱਕ ਕਿ ਖੋਜੀਆਂ ਨੇ ਉਨ੍ਹਾਂ ਦੇ ਅਤੀਤ ਨੂੰ ਮੁੜ ਉਜਾਗਰ ਨਹੀਂ ਕਰ ਦਿੱਤਾ।
ਹਾਲ ਹੀ ਵਿੱਚ ਪ੍ਰੋਫੈਸਰ ਢਿੱਲੋਂ ਨੇ ਇਸ ਪਾਸੇ ਕੰਮ ਕੀਤਾ ਹੈ। ਐਮਿਲੀਆ ਦੱਸਦੇ ਹਨ, “ਮੈਂ ਆਪਣੀ ਵਿਰਾਸਤ ਦੀ ਅਮੀਰੀ ਦੀ ਕਦਰ ਕਰਦਾ ਹਾਂ।”
ਐਮਿਲੀਆ ਜਾਣਦੇ ਅਤੇ ਸਮਝਦੇ ਹਨ ਕਿ ਉਹ ਜ਼ਿੰਦਾ ਇਤਿਹਾਸ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ