ਐੱਮ ਪੌਕਸ: ਕਈ ਮੁਲਕਾਂ ਨੂੰ ਆਪਣੀ ਲਪੇਟ ਵਿੱਚ ਲੈਣ ਵਾਲੀ ਬਿਮਾਰੀ ਕੀ ਹੈ, ਕੀ ਹਨ ਇਸਦੇ ਲੱਛਣ ਤੇ ਇਲਾਜ

ਐਮਪੌਕਸ, ਛੂਤ ਦੀ ਘਾਤਕ ਬਿਮਾਰੀ ਹੈ ਜਿਸ ਨੂੰ ਮੰਕੀ ਪੌਕਸ ਕਿਹਾ ਜਾਂਦਾ ਸੀ। ਇਸ ਬਿਮਾਰੀ ਕਾਰਨ ਅਫ਼ਰੀਕੀ ਮਹਾਂਦੀਪ ਜਨਤਕ ਸਿਹਤ ਐਮਰਜੈਂਸੀ ਐਲਾਨ ਦਿੱਤੀ ਗਈ ਹੈ।

ਅਫਰੀਕਾ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਅਫਰੀਕਾ ਸੀਡੀਸੀ) ਦੇ ਵਿਗਿਆਨੀ ਕਹਿੰਦੇ ਹਨ ਕਿ ਉਹ ਦੇ ਫੈਲਣ ਦੀ ਗਤੀ ਤੋਂ ਚਿੰਤਤ ਹਨ।

ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਕਾਂਗੋ ਗਣਰਾਜ ਵਿੱਚ 13,700 ਤੋਂ ਵੱਧ ਮਾਮਲੇ ਅਤੇ 450 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਵਾਇਰਸ, ਜੋ ਪੂਰੇ ਸਰੀਰ ਵਿੱਚ ਜ਼ਖ਼ਮਾਂ ਦਾ ਕਾਰਨ ਬਣ ਸਕਦਾ ਹੈ, ਬੁਰੂੰਡੀ, ਮੱਧ ਅਫ਼ਰੀਕੀ ਗਣਰਾਜ, ਕੀਨੀਆ ਅਤੇ ਰਵਾਂਡਾ ਸਮੇਤ ਹੋਰ ਅਫ਼ਰੀਕੀ ਦੇਸ਼ਾਂ ਵਿੱਚ ਫੈਲ ਗਿਆ ਹੈ।

ਮੰਕੀ ਪੌਕਸ ਕਿੰਨਾ ਆਮ ਹੈ

ਮੰਕੀ ਪੌਕਸ ਤੋਂ ਐੱਮਪੌਕਸ ਨਾਮ ਦੀ ਬੀਮਾਰੀ ਹੁੰਦੀ ਹੈ। ਇਹ ਛੋਟੀ ਚੇਚਕ ਦੇ ਵਾਇਰਸ ਤੋਂ ਜ਼ਿਆਦਾ ਗੰਭੀਰ ਹੈ।

ਪਹਿਲਾਂ ਇਹ ਵਾਇਰਸ ਪਸ਼ੂਆਂ ਤੋਂ ਮਨੁੱਖਾਂ ਵਿੱਚ ਆਇਆ ਸੀ ਪਰ ਹੁਣ ਇਹ ਮਨੁੱਖਾਂ ਤੋਂ ਮਨੁੱਖਾਂ ਵਿੱਚ ਵੀ ਫੈਲ ਜਾਂਦਾ ਹੈ।

ਇਹ ਅਫ਼ਰੀਕਾ ਦੇ ਟਰੌਪੀਕਲ ਰੇਨ ਫਾਰੈਸਟ ਦੇ ਪੇਂਡੂ ਇਲਾਕਿਆਂ ਜਿਵੇਂ ਕਿ ਲੋਕਤੰਤਰੀ ਗਣਰਾਜ ਕਾਂਗੋ ਵਿੱਚ ਵਧੇਰੇ ਆਮ ਹੈ।

ਇਨ੍ਹਾਂ ਖੇਤਰਾਂ ਵਿੱਚ ਇਸ ਦੇ ਹਰ ਸਾਲ ਹਜ਼ਾਰਾਂ ਮਾਮਲੇ ਆਉਂਦੇ ਹਨ ਅਤੇ ਸੈਂਕੜੇ ਲੋਕਾਂ ਦੀ ਜਾਨ ਜਾਂਦੀ ਹੈ।

ਇਸ ਵਾਇਰਸ ਨਾਲ 15 ਸਾਲ ਤੋਂ ਛੋਟੀ ਉਮਰ ਦੇ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ।

ਇਸ ਵਾਇਰਸ ਦੇ ਦੋ ਮੁੱਖ ਸਟਰੇਨ ਘੁੰਮ ਰਹੇ ਹਨ।

ਕਲੇਡ-1 ਕੇਂਦਰੀ ਅਫ਼ਰੀਕਾ ਦੀ ਖੇਤਰੀ ਬੀਮਾਰੀ ਹੈ ਜਦਕਿ ਕਲੇਡ-1ਬੀ ਨਵਾਂ ਹੈ। ਇਸਦੀ ਲਾਗਸ਼ੀਲਤਾ ਜ਼ਿਆਦਾ ਹੈ, ਜੋ ਕਿ ਨਵੇਂ ਆਊਟਬ੍ਰੇਕ ਵਿੱਚ ਸ਼ਾਮਲ ਹੈ।

ਅਫ਼ਰੀਕਾ ਦੇ ਸੈਂਟਰ ਫਾਰ ਡਿਜ਼ੀਜ ਕੰਟਰੋਲ ਮੁਤਾਬਕ ਜੁਲਾਈ ਦੇ ਖ਼ਤਮ ਹੋਣ ਤੱਕ ਮੰਕੀ ਪੌਕਸ ਦੇ 14,500 ਮਾਮਲੇ ਸਨ ਅਤੇ 450 ਜਾਨਾਂ ਗਈਆਂ ਸਨ।

ਇਹ 2023 ਦੇ ਇਸੇ ਅਰਸੇ ਦੇ ਮੁਕਾਬਲੇ 160 ਫਸਦੀ ਦਾ ਵਾਧਾ ਹੈ।

ਲਗਭਗ 96 ਫਸਦੀ ਮਾਮਲੇ ਲੋਕਤੰਤਰੀ ਗਣਰਾਜ ਕਾਂਗੋ, ਵਿੱਚ ਹੁੰਦੇ ਹਨ ਪਰ ਬੀਮਾਰੀ ਗੁਆਂਢੀ ਦੇਸਾਂ ਬੁਰੂੰਡੀ, ਕੀਨੀਆ. ਰਵਾਂਡਾ ਅਤੇ ਯੁਗਾਂਡਾ ਵਿੱਚ ਵੀ ਫੈਲੀ ਹੈ।

ਮੰਕੀ ਪੌਕਸ ਦਾ ਇੱਕ ਘੱਟ ਖ਼ਤਰਨਾਕ ਸਟਰੇਨ ਕਲੇਡ-II ਹੈ, ਜੋਂ ਪੱਛਮੀ ਅਫ਼ਰੀਕਾ ਵਿੱਚ ਮਿਲਦਾ ਹੈ ਅਤੇ 2022 ਵਿੱਚ ਆਲਮੀ ਆਊਟ ਬ੍ਰੇਕ ਦਾ ਕਾਰਨ ਬਣਿਆ ਸੀ।

ਇਹ ਵਾਇਰਸ 100 ਦੇਸਾਂ ਵਿੱਚ ਫੈਲਿਆ ਸੀ, ਜਿਨ੍ਹਾਂ ਵਿੱਚ ਯੂਰਪ ਅਤੇ ਏਸ਼ੀਆਈ ਦੇਸ ਵੀ ਸ਼ਾਮਲ ਸਨ, ਜਿੱਥੇ ਆਮ ਕਰਕੇ ਇਹ ਵਾਇਰਸ ਨਹੀਂ ਦੇਖਿਆ ਜਾਂਦਾ।ਪਰ ਟੀਕਾਕਰਨ ਰਾਹੀਂ ਇਸ ਨੂੰ ਕਾਬੂ ਕਰ ਲਿਆ ਗਿਆ ਸੀ।

ਕਾਂਗੇ ਵਿੱਚ ਟੀਕਾਕਰਨ ਤੱਕ ਪਹੁੰਚ ਮੁਸ਼ਕਿਲ ਹੈ ਅਤੇ ਸਿਹਤ ਅਧਿਕਾਰੀ ਇਸ ਦੇ ਫੈਲਣ ਤੋਂ ਚਿੰਤਤ ਹਨ।

ਮੰਕੀ ਪੌਕਸ ਕੀ ਲੱਛਣ ਹਨ

ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ, ਸਿਰ ਦਰਦ, ਸੋਜਿਸ਼, ਕਮਰ ਦਰਦ ਅਤੇ ਮਾਂਸਪੇਸ਼ੀਆਂ ਦਾ ਦਰਦ ਸ਼ਾਮਲ ਹਨ।

ਇੱਕ ਵਾਰ ਬੁਖਾਰ ਹੋ ਜਾਣ ਉੱਤੇ, ਲਾਲ ਨਿਸ਼ਾਨ ਬਣ ਜਾਂਦੇ ਹਨ। ਜ਼ਿਆਦਾਤਰ ਇਹ ਚਿਹਰੇ ਤੋਂ ਸ਼ੁਰੂ ਹੁੰਦੇ ਹਨ ਅਤੇ ਫਿਰ ਸਰੀਰ ਦੇ ਹੋਰ ਹਿੱਸਿਆਂ ਵਿੱਚ ਫੈਲ ਜਾਂਦੇ ਹਨ। ਜਿਵੇਂ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ।

ਇਹ ਨਿਸ਼ਾਨ ਬਹੁਤ ਦਰਦਨਾਕ ਹੋ ਸਕਦੇ ਹਨ। ਇਨ੍ਹਾਂ ਦਾ ਰੂਪ ਬਦਲਦਾ ਰਹਿੰਦਾ ਹੈ ਅਤੇ ਆਖਰ ਝੜ ਜਾਂਦੇ ਹਨ ਅਤੇ ਆਪਣੇ ਪਿੱਛੇ ਨਿਸ਼ਾਨ ਛੱਡ ਜਾਂਦੇ ਹਨ।

ਆਮ ਕਰ ਕੇ ਲਾਗ 14 ਤੋਂ 21 ਦਿਨ ਰਹਿੰਦੀ ਹੈ ਅਤੇ ਆਪਣੇ-ਆਪ ਹੀ ਖਤਮ ਹੋ ਜਾਂਦੀ ਹੈ।

ਗੰਭੀਰ ਮਾਮਲਿਆਂ ਵਿੱਚ ਖਾਸ ਕਰਕੇ ਚਿਹਰੇ, ਅੱਖਾਂ ਅਤੇ ਜਨਣ ਅੰਗਾਂ ਦੇ ਉੱਤੇ ਹਮਲਾ ਹੁੰਦਾ।

ਇਹ ਕਿਵੇਂ ਫੈਲਦਾ ਹੈ?

ਐੱਮਪੌਕਸ ਮਨੁੱਖ ਤੋਂ ਅੱਗੇ ਹੋਰ ਮਨੁੱਖਾਂ ਵਿੱਚ, ਨਜ਼ਦੀਕੀ ਸੰਪਰਕ ਜ਼ਰੀਏ ਫੈਲਦਾ ਹੈ। ਜਿਵੇਂ ਕਿ— ਸਰੀਰਕ ਸੰਬੰਧ, ਚਮੜੀ ਤੋਂ ਚਮੜੀ ਦਾ ਸੰਪਰਕ ਅਤੇ ਨੇੜੇ ਸਾਹ ਲੈਣ ਕਾਰਨ।

ਵਾਇਰਸ ਜ਼ਖਮਾਂ ਦੇ ਰਸਤੇ, ਸਾਹ ਨਲੀ, ਅੱਖਾਂ, ਨੱਕ ਜਾਂ ਮੂੰਹ ਦੇ ਰਾਹੀਂ ਸਰੀਰ ਦੇ ਅੰਦਰ ਦਾਖਲ ਹੋ ਸਕਦਾ ਹੈ।

ਇਹ ਵਾਇਰਸ ਦੁਆਰਾ ਦੂਸ਼ਿਤ ਕੀਤੀਆਂ ਗਈਆਂ ਵਸਤੂਆਂ ਨੂੰ ਛੂਹਣ ਨਾਲ ਵੀ ਫੈਲ ਸਕਦਾ ਹੈ। ਜਿਵੇਂ ਕਿ ਚਾਦਰਾਂ, ਤੌਲੀਏ ਆਦਿ।

ਪ੍ਰਭਾਵਿਤ ਪਸ਼ੂਆਂ ਨੂੰ ਛੁਹਣਾ ਜਿਵੇਂ ਕਿ ਬਾਂਦਰ, ਚੂਹੇ ਅਤੇ ਕਾਟੋ ਆਦਿ ਇਸ ਦੇ ਹੋਰ ਰਸਤੇ ਹੋ ਸਕਦੇ ਹਨ।

ਸਾਲ 2022 ਵਿੱਚ ਇਹ ਵਾਇਰਸ ਜ਼ਿਆਦਾਤਰ ਜਿਸਮਾਨੀ ਸੰਬੰਧਾਂ ਕਾਰਨ ਫੈਲਿਆ ਸੀ।

ਲੋਕਤੰਤਰੀ ਗਣਰਾਜ ਕਾਂਗੋ ਵਿੱਚ ਫੈਲ ਰਿਹਾ ਮੌਜੂਦਾ ਆਊਟ ਬ੍ਰੇਕ ਵੀ ਜਿਨਸੀ ਸੰਬੰਧਾਂ ਕਾਰਨ ਫੈਲ ਰਹੀ ਹੈ, ਲੇਕਿਨ ਹੋਰ ਭਾਈਚਾਰਿਆਂ ਵਿੱਚ ਵੀ ਦੇਖਿਆ ਗਿਆ ਹੈ।

ਕਿਸ ਨੂੰ ਸਭ ਤੋਂ ਜ਼ਿਆਦਾ ਖ਼ਤਰਾ ਹੈ?

ਜ਼ਿਆਦਾਤਕਰ ਮਾਮਲਿਆਂ ਵਿੱਚ ਇਹ ਵਾਇਰਸ ਉਨ੍ਹਾਂ ਪੁਰਸ਼ਾਂ ਵਿੱਚ ਮਿਲਦਾ ਹੈ ਜੋ ਦੂਜੇ ਪੁਰਸ਼ਾਂ ਨਾਲ ਸਹਿਵਾਸ ਕਰਦੇ ਹਨ।

ਪਰ ਜੋ ਲੋਕ ਕਈ ਜਾਂ ਨਵੇਂ ਪਾਰਟਨਰਾਂ ਦੇ ਨਾਲ ਜਿਨਸੀ ਤੌਰ ਉੱਤੇ ਸਰਗਰਮ ਰਹਿੰਦੇ ਹਨ, ਉਨ੍ਹਾਂ ਨੂੰ ਵੀ ਇਸਦਾ ਖ਼ਤਰਾ ਰਹਿੰਦਾ ਹੈ।

ਇਸ ਤੋਂ ਇਲਾਵਾ ਜਿਹੜੇ ਵਿਅਕਤੀ ਵਿੱਚ ਲੱਛਣ ਹੋਣ ਉਸ ਦੇ ਨੇੜੇ ਆਉਣ ਨਾਲ ਵੀ ਇਸਦੀ ਲਾਗ ਲੱਗ ਸਕਦੀ ਹੈ। ਇਸ ਤਰ੍ਹਾਂ ਸਹਿਤ ਕਾਮੇ ਅਤੇ ਪਰਿਵਾਰਕ ਮੈਂਬਰਾਂ ਨੂੰ ਇਸਦੀ ਲਾਗ ਹੋ ਸਕਦੀ ਹੈ।

ਮੰਕੀ ਪੌਕਸ ਦੇ ਮਰੀਜ਼ਾਂ ਨੂੰ ਜਦੋਂ ਤੱਕ ਅੰਗੂਰ ਪੂਰੀ ਤਰ੍ਹਾਂ ਲਹਿ ਨਾ ਜਾਣ ਦੂਜਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ।

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ, ਠੀਕ ਹੋਣ ਤੋਂ 12 ਹਫ਼ਤਿਆਂ ਦੇ ਦੌਰਾਨ ਸਾਵਧਾਨੀ ਵਜੋਂ ਜਿਨਸੀ ਸੰਬੰਧਾਂ ਦੌਰਾਨ ਕੰਡੋਮ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਸ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ?

ਮੰਕੀ ਪੌਕਸ ਦਾ ਇਲਾਜ ਛੋਟੀ ਚੇਚਕ ਵਾਲੇ ਇਲਾਜ ਨਾਲ ਹੀ ਕੀਤਾ ਜਾ ਸਕਦਾ ਹੈ ਲੇਕਿਨ ਇਹ ਕਿੰਨਾ ਕਾਰਗਰ ਹੈ, ਇਸ ਬਾਰੇ ਜ਼ਿਆਦਾ ਖੋਜ ਉਪਲੱਬਧ ਨਹੀਂ ਹੈ।

ਲਾਗ ਨੂੰ ਕੰਟਰੋਲ ਕਰਕੇ ਮੰਕੀ ਪੌਕਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ, ਇਸ ਦਾ ਸਭ ਤੋਂ ਵਧੀਆ ਤਰੀਕਾ ਟੀਕਾਕਰਨ ਹੈ।

ਇਸ ਦੇ ਤਿੰਨ ਟੀਕੇ ਮੌਜੂਦ ਹਨ ਪਰ ਇਹ ਸਿਰਫ਼ ਉਨ੍ਹਾਂ ਲੋਕਾਂ ਦੇ ਹੀ ਲਾਏ ਜਾਂਦੇ ਹਨ ਜਿਨ੍ਹਾਂ ਨੂੰ ਲਾਗ ਲੱਗ ਜਾਵੇ।

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਦਵਾਈ ਨਿਰਮਾਤਾ ਕੰਪਨੀਆਂ ਨੂੰ ਮੰਕੀ ਪੌਕਸ ਦਾ ਟੀਕਾ ਐਮਰਜੈਂਸੀ ਹਾਲਾਤ ਵਿੱਚ ਵਿਕਸਿਤ ਕਰਨ ਦਾ ਕੰਮ ਅੱਗੇ ਵਧਾਉਣਾ ਚਾਹੀਦਾ ਹੈ, ਤਾਂ ਜੋ ਜਿਹੜੇ ਦੇਸਾਂ ਵਿੱਚ ਇਸ ਦੇ ਟੀਕੇ ਨੂੰ ਰਸਮੀ ਮਾਨਤਾ ਨਹੀਂ ਹੈ, ਉੱਥੇ ਲਾਇਆ ਜਾ ਸਕੇ।

ਹੁਣ ਅਫ਼ਰੀਕਾ ਦੇ ਸੈਂਟਰ ਫਾਰ ਡਿਜ਼ਜ਼ ਕੰਟਰੋਲ ਨੇ ਪੂਰੇ ਅਫ਼ਰੀਕੀ ਉਪ ਮਹਾਂਦੀਪ ਵਿੱਚ ਸਿਹਤ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ, ਤਾਂ ਜੋ ਮੈਡੀਕਲ ਸਪਲਾਈਜ਼ ਅਤੇ ਮਦਦ ਦੇ ਮਾਮਲੇ ਵਿੱਚ ਜ਼ਿਆਦਾ ਸਹਿਯੋਗ ਵਧਾਇਆ ਜਾ ਸਕੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER , WhatsApp ਅਤੇ YouTube 'ਤੇ ਜੁੜੋ।)