ਪੰਜਾਬ ਸਣੇ ਭਾਰਤ ਦੇ ਪ੍ਰਮੁੱਖ ਸ਼ਹਿਰਾਂ 'ਚ ਮਹਿਲਾ ਸਿਹਤ ਕਰਮੀ ਰਾਤ ਦੀ ਡਿਊਟੀ ਦੌਰਾਨ ਕਿਹੋ ਜਿਹੇ ਹਾਲਾਤ ਦਾ ਸਾਹਮਣਾ ਕਰਦੀਆਂ

    • ਲੇਖਕ, ਬੀਬੀਸੀ ਭਾਰਤੀ ਭਾਸ਼ਾ ਸੇਵਾਵਾਂ
    • ਰੋਲ, ਦਿੱਲੀ

ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਨਾਈਟ ਸ਼ਿਫਟ ਵਿੱਚ ਕੰਮ ਕਰਦੇ ਹੋਏ ਦੂਜੇ ਸਾਲ ਦੀ ਮੈਡੀਕਲ ਵਿਦਿਆਰਥਣ ਨਾਲ ਬਲਾਤਕਾਰ ਅਤੇ ਕਤਲ ਮਗਰੋਂ ਭਾਰਤ ਦੇ ਚੋਟੀ ਦੇ ਸ਼ਹਿਰਾਂ ਵਿੱਚ ਡਾਕਟਰਾਂ ਅਤੇ ਮੈਡੀਕਲ ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।

ਦਿੱਲੀ, ਮੁੰਬਈ, ਕੋਲਕਾਤਾ ਅਤੇ ਹੋਰ ਸ਼ਹਿਰਾਂ ਦੇ ਹਸਪਤਾਲਾਂ ਦੇ ਡਾਕਟਰਾਂ ਨੇ ਕਿਹਾ ਹੈ ਕਿ ਉਹ ਬਲਾਤਕਾਰ ਅਤੇ ਕਤਲ ਕੇਸ ਦੀ ਜਾਂਚ ਪੂਰੀ ਹੋਣ ਤੱਕ ਸਿਹਤ ਸੇਵਾਵਾਂ ਨੂੰ ਬੰਦ ਰੱਖਣਗੇ।

ਉਨ੍ਹਾਂ ਨੇ ਕੰਮ ਵਾਲੀ ਥਾਂ 'ਤੇ ਸਿਹਤ ਮੁਲਾਜ਼ਮਾਂ ਖ਼ਾਸ ਤੌਰ 'ਤੇ ਔਰਤਾਂ ਦੀ ਸੁਰੱਖਿਆ ਲਈ ਪੂਰੀ ਅਤੇ ਨਿਰਪੱਖ ਜਾਂਚ ਅਤੇ ਸੰਘੀ ਕਾਨੂੰਨ ਦੀ ਮੰਗ ਕੀਤੀ ਹੈ।

ਲੈਂਸਟ ਦੀ ਇੱਕ ਰਿਪੋਰਟ ਮੁਤਾਬਕ, "2007 ਤੋਂ 2019 ਤੱਕ ਭਾਰਤ ਵਿੱਚ (ਸਿਹਤ ਸੰਭਾਲ ਕਾਮਿਆਂ) ਦੇ ਵਿਰੁੱਧ ਹਿੰਸਕ ਹਮਲਿਆਂ ਦੀਆਂ 153 ਘਟਨਾਵਾਂ ਵਾਪਰੀਆਂ, ਜੋ ਰਿਪੋਰਟ ਹੋਈਆਂ।"

ਇਸ ਰਿਪਰੋਟ ਵਿੱਚ ਲਿਖਿਆ ਗਿਆ ਹੈ, "ਵੀਏਐੱਸਸੀਡਬਲਿਯੂ (ਸਿਹਤ ਸੰਭਾਲ ਕਰਮਚਾਰੀਆਂ ਦੇ ਵਿਰੁੱਧ ਹਿੰਸਾ) ਉੱਤੇ ਚੱਲ ਰਹੀ ਨਿਗਰਾਨੀ ਮੁਤਾਬਕ ਇੰਡੀਆ ਵਿੱਚ 'ਇਨਸਕਿਓਰਿਟੀ ਇਨਸਾਈਟ' ਦੌਰਾਨ 2020 ਵਿੱਚ 225 ਅਤੇ 2021 ਵਿੱਚ 110 ਘਟਨਾਵਾਂ ਸਾਹਮਣੇ ਆਈਆਂ, ਇਨ੍ਹਾਂ ਘਟਨਾਵਾਂ ਵਿੱਚ ਜ਼ਮੀਨੀ ਪੱਧਰ ਦੇ ਮੁੱਢਲੇ ਕਾਮਿਆਂ ਤੋਂ ਲੈ ਕੇ ਹਸਪਤਾਲਾਂ ਵਿੱਚ ਜੂਨੀਅਰ ਡਾਕਟਰਾਂ ਤੱਕ ਨੂੰ ਨਿਸ਼ਾਨਾਂ ਬਣਾਇਆ ਗਿਆ।"

ਰਿਪੋਰਟ ਵਿੱਚ ਇੱਕ 2020 ਫੈਡਰਲ ਕਾਨੂੰਨ, ਮਹਾਂਮਾਰੀ ਰੋਗ (ਸੋਧ) ਦੀ ਮੌਜੂਦਗੀ ਬਾਰੇ ਦੱਸਿਆ ਗਿਆ ਹੈ, ਜੋ ਹੈੱਲਥਕੇਅਰ ਕਾਮਿਆਂ ਦੇ ਵਿਰੁੱਧ ਹਿੰਸਾ ਨੂੰ ਸਜ਼ਾ ਦਿੰਦਾ ਹੈ।

ਬੀਬੀਸੀ ਦੇ ਪੱਤਰਕਾਰਾਂ ਨੇ ਪੂਰੇ ਭਾਰਤ ਦੇ ਕੁਝ ਚੋਟੀ ਦੇ ਅਤੇ ਨਾਮਵਰ ਸਰਕਾਰੀ ਹਸਪਤਾਲਾਂ ਦਾ ਦੌਰਾ ਕੀਤਾ।

ਸਾਡੇ ਪੱਤਰਕਾਰਾਂ ਨੇ ਮਹਿਲਾ ਸਿਹਤ ਕਾਮਿਆਂ ਨਾਲ ਗੱਲਬਾਤ ਕੀਤੀ ਅਤੇ ਰਾਤ ਦੀਆਂ ਸ਼ਿਫਟਾਂ ਦੌਰਾਨ ਉਨ੍ਹਾਂ ਦੇ ਡਰ ਅਤੇ ਸੁਰੱਖਿਆ ਬਾਰੇ ਤੌਖ਼ਲਿਆਂ ਨੂੰ ਜਾਣਿਆ।

ਚੰਡੀਗੜ੍ਹ : 'ਅਸੀਂ ਨਿਆਂ ਚਾਹੁੰਦੇ ਹਾਂ'

ਸਰਬਜੀਤ ਸਿੰਘ ਧਾਲੀਵਾਲ, ਬੀਬੀਸੀ ਪੰਜਾਬੀ

ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ) ਵਿਖੇ ਰੈਜ਼ੀਡੈਂਟ ਡਾਕਟਰਾਂ ਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਜਾਣ ਤੋਂ ਬਾਅਦ ਸੇਵਾਵਾਂ ਪ੍ਰਭਾਵਿਤ ਹੋਈਆਂ।

ਮੈਂ 11 ਵਜੇ ਦੇ ਕਰੀਬ ਕੈਂਪਸ ਗਿਆ।

ਟਰੌਮਾ ਸੈਂਟਰ ਦੇ ਬਾਹਰ ਦੋ ਸੁਰੱਖਿਆ ਗਾਰਡ ਸਨ। ਉਹ ਮਰੀਜ਼ਾਂ ਅਤੇ ਮੁਲਾਕਾਤੀਆਂ ਦੇ ਵੇਰਵੇ ਅਤੇ ਆਈਡੀ ਪੁੱਛ ਰਹੇ ਸਨ।

ਮੇਨ ਗੇਟ 'ਤੇ ਚੰਡੀਗੜ੍ਹ ਪੁਲਿਸ ਦੁਆਰਾ ਚਲਾਇਆ ਜਾਂਦਾ ਹੈਲਪ ਸੈਂਟਰ ਹੈ। ਮਹਿਲਾ ਅਧਿਕਾਰੀ ਡਿਊਟੀ 'ਤੇ ਸਨ।

ਵਾਰਡ ਦੇ ਅੰਦਰ ਡਾਕਟਰ, ਨਰਸਾਂ ਅਤੇ ਪ੍ਰਾਈਵੇਟ ਸੁਰੱਖਿਆ ਗਾਰਡ ਸਨ। ਟਰੌਮਾ ਸੈਂਟਰ ਦੇ ਨੇੜੇ, ਇੱਕ ਬੈਨਰ ਲਿਖਿਆ ਹੋਇਆ ਸੀ- "ਸਾਨੂੰ ਇਨਸਾਫ ਚਾਹੀਦਾ ਹੈ।"

ਡਾਕਟਰ ਪੂਜਾ ਜੋ ਕਿ ਬੰਗਲੁਰੂ ਦੇ ਰਹਿਣ ਵਾਲੇ ਹਨ ਅਤੇ ਪੀਜੀਆਈ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੇ ਕਿਹਾ ਕਿ ਕੈਂਪਸ ਹੋਰ ਸ਼ਹਿਰਾਂ ਦੇ ਮੁਕਾਬਲੇ ਵਧੇਰੇ ਸੁਰੱਖਿਅਤ ਹੈ।

ਪਰ ਉਨ੍ਹਾਂ ਦੇ ਮਾਪੇ ਵੀ ਚਿੰਤਤ ਹਨ।

ਡਾਕਟਰ ਪੂਜਾ ਨੇ ਦਾਅਵਾ ਕੀਤਾ ਕਿ ਅਜਿਹੀਆਂ ਘਟਨਾਵਾਂ ਵਾਪਰੀਆਂ ਜਦੋਂ ਮਰੀਜ਼ ਦੇ ਪਰਿਵਾਰ ਵੱਲੋਂ ਡਾਕਟਰਾਂ 'ਤੇ ਹਮਲਾ ਕੀਤਾ ਗਿਆ,ਪਰ ਸੁਰੱਖਿਆ ਅਮਲੇ ਦੀ ਚੌਕਸੀ ਕਾਰਨ ਬਚਾਅ ਹੋਇਆ।

ਚੰਡੀਗੜ੍ਹ ਦੇ ਨਾਲ ਲੱਗਦਾ ਹੈ ਪੰਜਾਬ ਦਾ ਮੋਹਾਲੀ ਸ਼ਹਿਰ ਹੈ। ਇੱਥੇ ਡਾਕਟਰ ਗਗਨਦੀਪ ਸਿੰਘ ਸਰਕਾਰੀ ਹਸਪਤਾਲ ਵਿੱਚ ਕੰਮ ਕਰਦੇ ਹਨ ਅਤੇ ਕਹਿੰਦੇ ਹਨ ਕਿ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨਹੀਂ ਹਨ।

6 ਅਗਸਤ ਨੂੰ ਪਟਿਆਲਾ ਨੇੜੇ ਇੱਕ ਮਰੀਜ਼ ਦੇ ਪਰਿਵਾਰ ਵੱਲੋਂ ਬਾਲ ਰੋਗਾਂ ਦੇ ਮਾਹਿਰ 'ਤੇ ਹਮਲਾ ਕੀਤਾ ਗਿਆ ਸੀ।

ਡਾਕਟਰ ਗਗਨਦੀਪ ਸਿੰਘ ਕਹਿੰਦੇ ਹਨ, “ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਹਸਪਤਾਲ ਵਿੱਚ ਕੋਈ ਸੁਰੱਖਿਆ ਨਹੀਂ ਸੀ।”

ਅਥਾਰਟੀ ਦਾ ਜਵਾਬ: ਪੀਜੀਆਈ ਦੇ ਜਾਇੰਟ ਮੈਡੀਕਲ ਸੁਪਰਡੈਂਟ ਡਾਕਟਰ ਪੰਕਜ ਅਰੋੜਾ ਨੇ ਬੀਬੀਸੀ ਨੂੰ ਦੱਸਿਆ ਕਿ ਹਸਪਤਾਲ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਅਤੇ ਸੀਸੀਟੀਵੀ ਕੈਮਰੇ ਹਨ। ਡਾਕਟਰਾਂ ਦੀਆਂ ਚਿੰਤਾਵਾਂ, ਜੇ ਕੋਈ ਹਨ ਉਨ੍ਹਾਂ ਸਹੀ ਢੰਗ ਨਾਲ ਹੱਲ ਕੀਤਾ ਜਾਵੇਗਾ।

ਦਿੱਲੀ - 'ਅਸੀਂ ਅਕਸਰ ਮਰੀਜ਼ਾਂ ਦੇ ਨਾਲ ਆਏ ਸ਼ਰਾਬੀ ਲੋਕਾਂ ਨਾਲ ਨਜਿੱਠਦੇ ਹਾਂ...'

ਬੀਬੀਸੀ ਹਿੰਦੀ ਲਈ ਉਮੰਗ ਪੋਦਾਰ ਦੁਆਰਾ

ਲੋਕ ਨਾਇਕ ਹਸਪਤਾਲ, ਜੀਬੀ ਪੰਤ ਹਸਪਤਾਲ ਅਤੇ ਲੇਡੀ ਹਾਰਡਿੰਗ ਕਾਲਜ ਦਿੱਲੀ ਚੋਟੀ ਦੇ ਹਸਪਤਾਲ ਹਨ। ਇਹ ਦਿੱਲੀ ਦੇ ਕੇਂਦਰ ਵਿੱੱਚ ਸਥਿਤ ਹਨ- ਪਹਿਲੇ ਦੋ ਹਸਪਤਾਲ ਦਿੱਲੀ ਸਰਕਾਰ ਦੇ ਅਧੀਨ ਚਲਦੇ ਹਨ ਜਦੋਂ ਕਿ ਤੀਜਾ ਕੇਂਦਰ ਸਰਕਾਰ ਵੱਲੋਂ ਚਲਾਇਆ ਜਾਂਦਾ ਹੈ।

ਇੱਕ ਸੀਨੀਅਰ ਰੈਜ਼ੀਡੈਂਟ ਡਾਕਟਰ ਨੇ ਸ਼ਿਕਾਇਤ ਕਰਦਿਆਂ ਕਿਹਾ, “ਲੋਕ ਨਾਇਕ ਹਸਪਤਾਲ ਵਿੱਚ, ਦਾਖ਼ਲੇ ਵਾਲੇ ਗੇਟ 'ਤੇ ਮੈਟਲ ਡਿਟੈਕਟਰ ਸਨ, "ਪਰ ਉਹ ਕੰਮ ਨਹੀਂ ਕਰ ਰਹੇ ਹਨ। ਕੋਈ ਵੀ ਅੰਦਰ ਜਾ ਸਕਦਾ ਹੈ।”

ਤਿੰਨੋਂ ਹਸਪਤਾਲਾਂ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਪਰ ਡਾਕਟਰ ਹੋਰ ਚਾਹੁੰਦੇ ਸਨ।ਲੋਕ ਨਾਇਕ ਹਸਪਤਾਲ ਦੀ ਇੱਕ ਨਰਸ ਨੇ ਦੱਸਿਆਂ, “ਕੋਈ ਵੀ ਉਨ੍ਹਾਂ ਦੀ ਨਿਗਰਾਨੀ ਨਹੀਂ ਕਰਦਾ।”

ਡਾਕਟਰਾਂ ਅਤੇ ਨਰਸਾਂ ਨੂੰ ਮਰੀਜ਼ਾਂ ਦੇ ਪਰਿਵਾਰਾਂ ਦੀਆਂ ਧਮਕੀਆਂ ਦਾ ਡਰ ਸੀ।

ਲੋਕ ਨਾਇਕ ਹਸਪਤਾਲ ਦੀ ਇੱਕ ਨਰਸ ਨੇ ਕਿਹਾ, “ਅਸੀਂ ਅਕਸਰ ਰਾਤ ਨੂੰ ਸ਼ਰਾਬੀ ਲੋਕਾਂ ਨਾਲ ਨਜਿੱਠਦੇ ਹਾਂ।”

ਲੋਕ ਨਾਇਕ ਹਸਪਤਾਲ ਵਿੱਚ ਪਹਿਲੇ ਸਾਲ ਦੇ ਪੋਸਟ ਗ੍ਰੈਜੂਏਟ ਵਿਦਿਆਰਥੀ ਨੇ ਕਿਹਾ, “ਹਸਪਤਾਲ ਦੇ ਕੁਝ ਹਿੱਸਿਆਂ ਵਿੱਚ ਲਾਈਟਾਂ ਨਹੀਂ ਹਨ। ਬਹੁਤ ਸਾਰੇ ਹਾਜ਼ਰ ਲੋਕ ਹਸਪਤਾਲ ਦੇ ਅਹਾਤੇ ਵਿੱਚ ਫਰਸ਼ 'ਤੇ ਸੌਂਦੇ ਹਨ।”

ਤਿੰਨੇ ਹਸਪਤਾਲਾਂ ਵਿੱਚ ਰਾਤ ਵੇਲੇ ਸੁਰੱਖਿਆ ਘੱਟ ਸੀ।

ਜਦੋਂ ਮੈਂ ਇਮਾਰਤ ਵਿੱਚ ਦਾਖ਼ਲ ਹੋਇਆ ਤਾਂ ਕਿਸੇ ਨੇ ਜਾਂਚ ਨਹੀਂ ਕੀਤੀ। ਦੋ ਗਾਇਨੀਕੋਲੋਜੀ ਐਮਰਜੈਂਸੀ ਵਾਰਡਾਂ ਵਿੱਚ, ਮਹਿਲਾ ਗਾਰਡਾਂ ਮੈਨੂੰ ਇੱਥੇ ਆਉਣ ਦੇ ਕਾਰਨ ਬਾਰੇ ਪੁੱਛਿਆ, ਪਰ ਹੋਰ ਕੋਈ ਸਵਾਲ ਨਹੀਂ ਪੁੱਛਿਆ ਗਿਆ।

ਰਾਜ ਘਾਟ ਦੇ ਨੇੜੇ ਸਥਿਤ ਜੀਬੀ ਪੰਤ ਹਸਪਤਾਲ ਦੀ ਇੱਕ ਨਰਸ ਨੇ ਕਿਹਾ, “ਸਾਨੂੰ ਬਿਹਤਰ ਸੁਰੱਖਿਆ ਦੀ ਲੋੜ ਹੈ, ਸ਼ਾਇਦ ਬਾਊਂਸਰਾਂ ਦੀ ਵੀ ਜੋ ਹੰਗਾਮਾ ਕਰਨ ਵਾਲਿਆਂ ਨਾਲ ਨਜਿੱਠ ਸਕਦੇ ਹਨ।”

ਦੋ ਮਹਿਲਾ ਡਾਕਟਰਾਂ ਨੇ ਦੱਸਿਆ ਕਿ ਲੋਕ ਕਲਿਆਣ ਹਸਪਤਾਲ ਵਿੱਚ 24 ਘੰਟੇ ਚੱਲਣ ਵਾਲੀ ਕੰਟੀਨ ਹੋਣ ਦੇ ਬਾਵਜੂਦ ਉਹ ਇਸ ਵਿੱਚ ਜਾਣਾ ਸੁਰੱਖਿਅਤ ਮਹਿਸੂਸ ਨਹੀਂ ਮਹਿਸੂਸ ਕਰਦੀਆਂ।

ਇੱਕ ਸੀਨੀਅਰ ਰੈਜ਼ੀਡੈਂਟ ਡਾਕਟਰ ਨੇ ਕਿਹਾ, "ਮੈਂ ਆਮ ਤੌਰ 'ਤੇ ਔਨਲਾਈਨ ਆਰਡਰ ਕਰਦਾ ਹਾਂ।"

ਲੇਡੀ ਹਾਰਡਿੰਗ ਕਾਲਜ ਦੇ ਇੱਕ ਸੀਨੀਅਰ ਰੈਜ਼ੀਡੈਂਟ ਨੇ ਕਿਹਾ ਕਿ ਰਾਤ ਨੂੰ ਮੈਡੀਕਲ ਟੈਸਟਾਂ ਦਾ ਮਤਲਬ ਹੈ ਕਿ ਇਮਾਰਤ ਦੇ ਅੰਦਰ ਦੂਰ-ਦੁਰਾਡੇ ਦੀਆਂ ਟੈਸਟ ਲੈਬੋਰੇਟਰੀਆਂ ਤੱਕ ਜਾਣਾ।

ਲੇਡੀ ਹਾਰਡਿੰਗ ਕਾਲਜ ਦੀ ਇੱਕ ਇੰਟਰਨ ਨੇ ਅੱਗੇ ਕਿਹਾ, "ਕਈ ਵਾਰ, ਇੱਕ ਔਰਤ ਡਾਕਟਰ ਨੂੰ ਸਾਰੇ ਮਰਦ ਮਾਨਸਿਕ ਰੋਗਾਂ ਦੇ ਵਾਰਡ ਵਿੱਚ ਇੱਕ ਮਰੀਜ਼ ਦੀ ਜਾਂਚ ਕਰਨ ਲਈ ਭੇਜਿਆ ਜਾਂਦਾ ਹੈ, ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ।"

ਡਾਕਟਰਾਂ ਨੇ ਰਾਤ ਦੀਆਂ ਸ਼ਿਫਟਾਂ 'ਤੇ ਜਾਣ ਵਾਲਿਆਂ ਲਈ ਅਸਥਾਈ ਅਤੇ ਅਸੁਰੱਖਿਅਤ ਆਰਾਮ ਕਰਨ ਵਾਲੇ ਕਮਰਿਆਂ ਦੀ ਸ਼ਿਕਾਇਤ ਕੀਤੀ।

ਲੋਕ ਨਾਇਕ ਹਸਪਤਾਲ ਦੇ ਗਾਇਨੀਕੋਲੋਜੀ ਐਮਰਜੈਂਸੀ ਵਾਰਡ ਦੇ ਇੱਕ ਡਾਕਟਰ ਨੇ ਕਿਹਾ, “ਸਾਨੂੰ ਬਿਹਤਰ ਕਮਰਿਆਂ ਦੀ ਲੋੜ ਹੈ।"

ਲੇਡੀ ਹਾਰਡਿੰਗ ਕਾਲਜ ਦੀ ਇੱਕ ਇੰਟਰਨ ਨੇ ਦੱਸਿਆ ਕਿ ਕੁਝ ਵਿਭਾਗਾਂ ਵਿੱਚ ਮਰਦ ਅਤੇ ਮਹਿਲਾ ਡਾਕਟਰਾਂ ਲਈ ਸਾਂਝੇ ਆਰਾਮ ਕਮਰੇ ਸਨ।

ਅਥਾਰਟੀ ਜਵਾਬ: ਉਡੀਕ ਹੈ

ਲਖਨਊ: 'ਬਾਹਰਲੇ ਲੋਕ ਬਿਨਾਂ ਜਾਂਚ ਦੇ ਅੰਦਰ ਆ ਸਕਦੇ ਹਨ'

ਸਈਅਦ ਮੋਜ਼ੀਜ਼ ਇਮਾਮ, ਬੀਬੀਸੀ ਹਿੰਦੀ

ਮੈਂ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇਜੀਐਮਯੂ) ਕੈਂਪਸ ਦਾ ਦੌਰਾ ਕੀਤਾ, ਜਿੱਥੇ ਮੇਨ ਗੇਟ 'ਤੇ ਦੋ ਗਾਰਡ ਮੌਜੂਦ ਸਨ ਪਰ ਉੱਥੇ ਦਾਖ਼ਲੇ 'ਤੇ ਕੋਈ ਪਾਬੰਦੀ ਨਹੀਂ ਸੀ।

ਦਵਾਈ ਵਿਭਾਗ ਦੇ ਅਧੀਨ ਮਰੀਜ਼ਾਂ ਲਈ ਬਣੇ ਵਾਰਡ ਵਿੱਚ ਦੋ ਪੁਰਸ਼ ਅਤੇ ਇੱਕ ਮਹਿਲਾ ਗਾਰਡ ਮੌਜੂਦ ਸਨ।

ਸੀਨੀਅਰ ਰੈਜ਼ੀਡੈਂਟ ਡਾਕਟਰ ਨੀਤਾ ਨੇ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਡਿਊਟੀ ਡਾਕਟਰਾਂ ਨਾਲ ਦੁਰਵਿਵਹਾਰ ਕਰਨ ਦੀ ਸ਼ਿਕਾਇਤ ਕੀਤੀ।

ਉਨ੍ਹਾਂ ਕਿਹਾ, “ਅਜਿਹੀਆਂ ਸਥਿਤੀਆਂ ਵਿੱਚ, ਅਸੀਂ ਸੁਰੱਖਿਆ ਨੂੰ ਕਹਿੰਦੇ ਹਾਂ, ਹਾਲਾਂਕਿ ਉਹ ਘੱਟ ਹੀ ਦਖ਼ਲ ਦਿੰਦੇ ਹਨ। ਆਖ਼ਰਕਾਰ, ਇਹ ਅਸੀਂ ਹਾਂ, ਜੋ ਸਥਿਤੀ ਨੂੰ ਸੰਭਾਲਦੇ ਹਾਂ।”

ਹੋਸਟਲ ਦਾ ਇਲਾਕਾ ਹਨੇਰੇ ਵਾਲਾ ਸੀ।

ਐੱਮਬੀਬੀਐੱਸ ਫਾਈਨਲ ਈਅਰ ਦੀਆਂ ਵਿਦਿਆਰਥਣਾਂ ਡਾ. ਹਰਸ਼ਿਤਾ ਅਤੇ ਡਾ. ਨੀਤੂ ਨੇ ਕਿਹਾ ਕਿ ਉਹ ਅਕਸਰ ਬਾਹਰਲੇ ਲੋਕਾਂ ਨੂੰ ਘੁੰਮਦੇ ਦੇਖਦੇ ਹਨ ਜੋ ਅਸ਼ਲੀਲ ਟਿੱਪਣੀਆਂ ਕਰਦੇ ਹਨ,ਪ੍ਰਸ਼ਾਸਨ ਨੂੰ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।

ਡਾਕਟਰ ਹਰਸ਼ਿਤਾ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਵਧੇਰੇ ਗਸ਼ਤ ਸ਼ੁਰੂ ਹੋਈ ਹੈ, ਇਸ ਲਈ ਕੈਂਪਸ ਸੁਰੱਖਿਅਤ ਜਾਪਦਾ ਹੈ।

ਇੱਕ ਡਾਕਟਰ ਨੇ ਦੱਸਿਆ ਕਿ ਲੜਕੀਆਂ ਦੇ ਹੋਸਟਲ ਦੇ ਬਿਲਕੁਲ ਸਾਹਮਣੇ - ਟਰੌਮਾ ਸੈਂਟਰ ਦੇ ਬਾਹਰ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਡਾ. ਅਕਾਂਸ਼ਾ ਹੋਰ ਸੁਰੱਖਿਆ ਗਾਰਡਾਂ ਦੀ ਮੰਗ ਕਰਦੇ ਹਨ, ਉਹ ਚਾਹੁੰਦੇ ਹਨ।

ਅਥਾਰਟੀ ਦਾ ਜਵਾਬ - ਕੇਜੀਐਮਯੂ ਦੇ ਬੁਲਾਰੇ ਡਾ. ਸੁਧੀਰ ਸਿੰਘ ਨੇ ਕਿਹਾ, “ਸਾਡੇ ਕੋਲ ਕੈਂਪਸ, ਹੋਸਟਲਾਂ ਅਤੇ ਵਾਰਡਾਂ ਦੇ ਅੰਦਰ ਇੱਕ ਉਚਿਤ ਸੁਰੱਖਿਆ ਉਪਕਰਨ ਹੈ।”

“ਸਾਡੇ ਕੋਲ ਇੱਕ ਸੁਰੱਖਿਆ ਟੀਮ ਹੈ ਅਤੇ ਅਜਹਿਾ ਅਮਲਾ ਹੋਸਟਲ ਦੇ ਅੰਦਰ ਵੀ ਮੌਜੂਦ ਹੈ। ਵਾਰਡਾਂ ਵਿੱਚ ਸੁਰੱਖਿਆ ਗਾਰਡ ਹਨ। ਸਾਨੂੰ ਕੈਂਪਸ ਵਿੱਚ ਕਿਸੇ ਦੁਰਘਟਨਾ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।”

ਵਿਸ਼ਾਕਾ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਂਦੀ ਹੈ। ਵੱਖ-ਵੱਖ ਮਹੱਤਵਪੂਰਨ ਮੌਕਿਆਂ 'ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਨਿਯਮਤ ਤੌਰ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਚੇਨੱਈ: 'ਆਰਾਮ ਕਰਨ ਲਈ ਕੋਈ ਕਮਰਾ ਨਹੀਂ'

ਸ਼ਾਰਦਾ ਵੈਂਕਟਸੁਬਰਾਮਨੀਅਨ ਦੁਆਰਾ, ਬੀਬੀਸੀ ਤਮਿਲ ਲਈ

ਰਾਤ 9.30 ਵਜੇ ਚੇਨਈ ਸ਼ਹਿਰ ਦੇ ਮੱਧ ਵਿਚ ਵਲਜਾਹ ਰੋਡ 'ਤੇ ਓਮੰਡੂਰ ਸਰਕਾਰੀ ਮੈਡੀਕਲ ਕਾਲਜ ਵਿਚ, ਜਦੋਂ ਮੈਂ ਆਪਣਾ ਵਾਹਨ ਪਾਰਕ ਕਰਨ ਲਈ ਕੈਂਪਸ ਵਿਚ ਦਾਖਲ ਹੋਇਆ, ਤਾਂ ਇਕ ਸੁਰੱਖਿਆ ਗਾਰਡ ਮੇਰੀ ਪਛਾਣ ਪੁੱਛਣ ਲਈ ਅੰਦਰ ਆਇਆ।

ਦਾਖ਼ਲਾ ਬਲਾਕ ਦੇ ਕੋਲ ਧੁੰਦਲੀ ਰੌਸ਼ਨੀ ਵਾਲੀਆਂ ਖੁੱਲ੍ਹੀਆਂ ਪੌੜੀਆਂ 'ਤੇ ਮਰੀਜ਼ਾਂ ਦੇ ਰਿਸ਼ਤੇਦਾਰ ਬੈਠੇ ਸਨ।

ਦੋ ਪੁਲਿਸ ਕਰਮਚਾਰੀ ਐਮਰਜੈਂਸੀ ਦੇ ਪ੍ਰਵੇਸ਼ ਦੁਆਰ 'ਤੇ ਖੜ੍ਹੇ ਸਨ। ਐੱਸ ਅਬਰਨਾ, ਰਾਤ ਦੀ ਡਿਊਟੀ 'ਤੇ ਇਕ ਇੰਟਰਨ ਨੇ ਕਿਹਾ ਕਿ ਕੋਲਕਾਤਾ ਦੀ ਤ੍ਰਾਸਦੀ ਨੇ ਮਹਿਲਾ ਸਟਾਫ ਵਿਚ ਡਰ ਪੈਦਾ ਕਰ ਦਿੱਤਾ ਸੀ ਅਤੇ ਹਸਪਤਾਲ ਪ੍ਰਸ਼ਾਸਨ ਨੇ ਸੁਰੱਖਿਆ ਚਿੰਤਾਵਾਂ 'ਤੇ ਚਰਚਾ ਕਰਨ ਲਈ ਇਕ ਮੀਟਿੰਗ ਵੀ ਕੀਤੀ ਸੀ।

ਇੰਟਰਨਜ਼ ਨੂੰ ਸਟਾਫ ਰੂਮ ਵਰਤਣ ਲਈ ਕਿਹਾ ਗਿਆ ਸੀ ਅਤੇ ਦਰਵਾਜ਼ੇ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

ਉਨ੍ਹਾਂ ਨੂੰ ਐਮਰਜੈਂਸੀ ਅਲਾਰਮ ਭੇਜਣ ਲਈ 'ਕਵਲਨ' ਐਪ- ਇੱਕ ਸਿਟੀ ਪੁਲਿਸ ਐਪ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ ਗਈ ਸੀ, ਪਰ ਉਸਨੂੰ ਡਰ ਸੀ, "ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ"।

ਅਬਰਨਾ ਨੇ ਕਿਹਾ, ਅਸੀਂ ਡਾਕਟਰਾਂ ਦੀ ਸੁਰੱਖਿਆ ਦੀ ਮੰਗ ਲਈ ਮੋਮਬੱਤੀ ਮਾਰਚ ਵੀ ਕੀਤਾ ਹੈ।

"ਵਾਰਡਾਂ ਵਿੱਚ ਇੱਕ ਇੰਟਰਕਾਮ ਸਹੂਲਤ ਅਤੇ ਇੱਕ ਐਮਰਜੈਂਸੀ ਬਟਨ ਮਦਦਗਾਰ ਹੋਵੇਗਾ।"

ਓਮੰਡੂਰ ਮਲਟੀ ਸਪੈਸ਼ਲਿਟੀ ਹਸਪਤਾਲ, ਸੂਬੇ ਦਾ ਇੱਕ ਚੋਟੀ ਦੇ ਹਸਪਤਾਲ ਹੈ।

ਇੱਥੇ ਰਾਤ 10 ਵਜੇ ਦੇ ਕਰੀਬ ਡਿਊਟੀ 'ਤੇ ਇੱਕ ਸਟਾਫ਼ ਨਰਸ ਨੇ ਦੱਸਿਆ ਕਿ ਆਰਾਮ ਕਰਨ ਲਈ ਕਮਰੇ ਦੀ ਬਜਾਏ ਇੱਕ ਕੁਰਸੀ ਅਤੇ ਇੱਕ ਡੈਸਕ ਹੀ ਉਪਲੱਬਧ ਹੈ।

ਉਨ੍ਹਾਂ ਨੇ ਕਿਹਾ ਕਿ ਪੁਲਿਸ ਚੌਕੀ ਸਿਰਫ਼ ਕੁਝ ਮੀਟਰ ਦੀ ਦੂਰੀ 'ਤੇ ਸੀ, ਅਤੇ ਉਨ੍ਹਾਂ ਕੋਲ ਪੁਲਿਸ ਦੇ ਸੰਪਰਕ ਨੰਬਰ ਹਨ।

ਅਥਾਰਟੀ ਦਾ ਜਵਾਬ

ਓਮੰਡੂਰ ਮੈਡੀਕਲ ਕਾਲਜ ਹਸਪਤਾਲ ਦੇ ਡੀਨ ਡਾਕਟਰ ਏ ਅਰਵਿੰਦ ਨੇ ਕਿਹਾ, "ਲੈਕਚਰ ਹਾਲਾਂ ਦੇ ਦੋ ਨਿਕਾਸ ਹਨ, ਜੋ ਹੁਣ ਪਹਿਰੇ ਵਾਲੇ ਹਨ। ਕੈਂਪਸ ਵਿੱਚ ਸੀਸੀਟੀਵੀ ਕੈਮਰਿਆਂ ਦੀ ਗਿਣਤੀ ਵਧਾਈ ਜਾ ਰਹੀ ਹੈ। ਕੈਂਪਸ ਵਿੱਚ ਰਾਤ ਦੀ ਡਿਊਟੀ 'ਤੇ 20 ਕਰਮਚਾਰੀ ਹਨ। ਸਹਾਇਕ ਰੈਜ਼ੀਡੈਂਟ ਮੈਡੀਕਲ ਅਫ਼ਸਰ ਜੋ ਕੈਂਪਸ ਵਿੱਚ 24 ਘੰਟੇ ਮੌਜੂਦ ਹਨ, ਚੁੱਕੇ ਜਾਣ ਵਾਲੇ ਕਿਸੇ ਵੀ ਫੌਰੀ ਉਪਾਅ ਦੀ ਦੇਖਭਾਲ ਕਰਨਗੇ।"

ਹੈਦਰਾਬਾਦ : 'ਮੈਂ ਸੁਰੱਖਿਅਤ ਮਹਿਸੂਸ ਨਹੀਂ ਕਰਦੀ'

ਬਾਲਾ ਸਤੀਸ਼, ਬੀਬੀਸੀ ਤੇਲਗੂ

ਹੈਦਰਾਬਾਦ ਦੇ ਓਸਮਾਨੀਆ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਅਤੇ ਕੋਲਕਾਤਾ ਪੀੜਤ ਲਈ ਇਨਸਾਫ਼ ਦੀ ਮੰਗ ਕੀਤੀ।

ਮੈਂ ਸੋਮਵਾਰ ਨੂੰ 11:40 ਵਜੇ ਦੇ ਵਿਚਕਾਰ ਕੈਂਪਸ ਦਾ ਦੌਰਾ ਕੀਤਾ। 12:50 ਵਜੇ ਡਿਊਟੀ 'ਤੇ ਮੌਜੂਦ ਮਹਿਲਾ ਸਟਾਫ ਨਾਲ ਗੱਲਬਾਤ ਕੀਤੀ।

ਮੁਜ਼ਾਹਰਾ ਕਰਨ ਵਾਲੀ ਥਾਂ ਉੱਤੇ ਇੱਕ ਇੰਟਰਨ ਡਾ. ਹਰੀਨੀ ਨੇ ਕਿਹਾ, "ਅਸੀਂ ਅਸੁਰੱਖਿਅਤ ਮਹਿਸੂਸ ਕਰਦੇ ਹਾਂ। ਕੈਂਪਸ ਵਿੱਚ ਕੁਝ ਅਸੁਰੱਖਿਅਤ ਖੇਤਰ ਹਨ।” ।

ਉਹ ਦੱਸਦੇ ਹਨ, “ਜਦੋਂ ਅਸੀਂ ਰਾਤ ਦੀ ਸ਼ਿਫਟ ਵਿੱਚ ਕੰਮ ਕਰਦੇ ਹਾਂ, ਸਾਨੂੰ ਇੱਕ ਵਿਭਾਗ ਦੀ ਇਮਾਰਤ ਤੋਂ ਦੂਜੀ ਇਮਾਰਤ ਵਿੱਚ ਜਾਣ ਦੀ ਲੋੜ ਹੁੰਦੀ ਹੈ। ਉਨ੍ਹਾਂ ਇਮਾਰਤਾਂ ਅਤੇ ਉਨ੍ਹਾਂ ਦੇ ਮਾਰਗਾਂ ਵਿੱਚ, ਕੋਈ ਗਾਰਡ ਜਾਂ ਕੋਈ ਸੁਰੱਖਿਆ ਨਹੀਂ ਹੈ।”

ਹਸਪਤਾਲ ਤੋਂ ਪੀਜੀ ਹੋਸਟਲ ਵਿਚਕਾਰ ਸੜਕ ’ਤੇ ਲੋੜੀਂਦੀਆਂ ਸਟਰੀਟ ਲਾਈਟਾਂ ਨਾ ਹੋਣ ਕਾਰਨ ਨਾਰਾਜ਼ਗੀ ਪ੍ਰਗਟਾਈ ਗਈ।

ਇੱਕ ਮਹਿਲਾ ਡਾਕਟਰ ਨੇ ਮਰਦ ਅਤੇ ਮਹਿਲਾ ਡਾਕਟਰਾਂ ਲਈ ਆਰਾਮ ਕਰਨ ਲਈ ਵੱਖਰੇ ਕਮਰੇ ਨਾ ਹੋਣ ਦੀ ਸ਼ਿਕਾਇਤ ਕੀਤੀ।

ਉਨ੍ਹਾਂ ਨੇ ਕਿਹਾ, "ਮਰਦ ਅਤੇ ਔਰਤ ਡਾਕਟਰਾਂ, ਦੋਵਾਂ ਲਈ ਬਿਸਤਰੇ ਨਾਲ-ਨਾਲ ਹਨ। ਮੈਂਨੂੰ ਇਹ ਚੰਗਾ ਨਹੀਂ ਲੱਗਦਾ ਹੈ, ਅਤੇ ਮੈਂ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਇਸ ਲਈ, ਰਾਤ ਨੂੰ, ਮੈਂ ਆਪਣੇ ਹੋਸਟਲ ਨੇੜੇ ਜਾਂਦੀ ਹਾਂ।"

“ਇੱਕ ਵਾਰ, ਜਦੋਂ ਮੈਂ ਸਵੇਰੇ ਸਵੇਰੇ ਹੋਸਟਲ ਲਈ ਸਾਈਕਲ ਉੱਤੇ ਜਾ ਰਹੀ ਸੀ , ਤਾਂ ਕੁਝ ਮੁੰਡੇ ਮੇਰੇ ਪਿੱਛੇ ਆ ਗਏ। ਇਹ ਦਹਿਸ਼ਤ ਦਾ ਅਨੁਭਵ ਸੀ।''

ਅਸੀਂ ਕੈਜੂਅਲਟੀ ਵਾਰਡ ਵਿੱਚ ਪੁਲਿਸ ਨੂੰ ਦੇਖਿਆ ਅਤੇ ਹਰ ਮੇਨ ਗੇਟ 'ਤੇ ਬਹੁਤ ਸਾਰੇ ਨਿੱਜੀ ਸੁਰੱਖਿਆ ਗਾਰਡ ਤੈਨਾਤ ਸਨ।

ਅਥਾਰਟੀ ਦਾ ਜਵਾਬ- ਜਵਾਬ ਲਈ ਹਸਪਤਾਲ ਦੇ ਅਧਿਕਾਰੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ।

ਅਹਿਮਦਾਬਾਦ : 'ਡਾਕਟਰਾਂ ਦੇ ਕਮਰੇ 'ਚ ਸੀਸੀਟੀਵੀ ਕੈਮਰੇ ਨਹੀਂ ਹਨ'

ਲਕਸ਼ਮੀ ਪਟੇਲ, ਬੀਬੀਸੀ ਗੁਜਰਾਤੀ

ਮਹਿਮਾ ਰਾਮੀ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿੱਚ ਕੰਮ ਕਰਦੀ ਹੈ।

ਉਹ ਕਹਿੰਦੇ ਹਨ, “ਅਸੀਂ ਜ਼ਿਆਦਾਤਰ ਰਾਤ ਦੀਆਂ ਸ਼ਿਫਟਾਂ ਲਈ ਪੀਜੀ ਹੋਸਟਲ ਤੋਂ ਹਸਪਤਾਲ ਤੱਕ ਪੈਦਲ ਜਾਂਦੇ ਹਾਂ। ਸੜਕ 'ਤੇ ਲੋੜੀਂਦੀਆਂ ਸਟਰੀਟ ਲਾਈਟਾਂ ਨਹੀਂ ਹਨ। ਨਾਲ ਹੀ, ਸੜਕ ਵਿੱਚ ਸੁਰੱਖਿਆ ਦੀ ਘਾਟ ਹੈ।”

“ਅਸੀਂ ਹਸਪਤਾਲ ਪ੍ਰਸ਼ਾਸਨ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕਿਹਾ ਹੈ ਕਿਉਂਕਿ ਸਾਡੇ ਕੋਲ 24 ਘੰਟੇ ਦੀ ਸ਼ਿਫਟ ਹੈ,”

ਮਹਿਮਾ ਮੁਤਾਬਕ ਰਾਤ ਦੀਆਂ ਸ਼ਿਫਟਾਂ 'ਤੇ ਮਹਿਲਾ ਡਾਕਟਰ ਜ਼ਿਆਦਾਤਰ ਡਾਕਟਰਾਂ ਦੇ ਕਮਰੇ 'ਚ ਆਰਾਮ ਕਰਦੀਆਂ ਹਨ।

ਸਿਵਲ ਹਸਪਤਾਲ ਦਾ ਟਰੌਮਾ ਸੈਂਟਰ ਕੈਂਪਸ ਦੇ ਸਭ ਤੋਂ ਮਹੱਤਵਪੂਰਨ ਵਾਰਡਾਂ ਵਿੱਚੋਂ ਇੱਕ ਹੈ।

ਟਰੌਮਾ ਸੈਂਟਰ ਦੇ ਬਾਹਰ ਅੱਠ ਸੁਰੱਖਿਆ ਗਾਰਡ ਮੌਜੂਦ ਸਨ, ਪਰ ਉਹ ਰਾਤ ਨੂੰ ਵਾਰਡ ਵਿੱਚ ਆਉਣ ਵਾਲੇ ਲੋਕਾਂ ਦੀ ਜਾਂਚ ਜਾਂ ਪੁੱਛਗਿੱਛ ਨਹੀਂ ਕਰ ਰਹੇ ਸਨ।

ਮੈਂ ਵਾਰਡ ਵਿੱਚ ਦਾਖਲ ਹੋਇਆ ਅਤੇ ਜਿੱਥੋਂ ਮੈਂ ਹਸਪਤਾਲ ਦੇ ਹੋਰ ਵਾਰਡਾਂ ਵਿੱਚ ਗਿਆ, ਕੋਈ ਸਵਾਲ ਨਹੀਂ ਪੁੱਛਿਆ ਗਿਆ।

ਅਥਾਰਟੀ ਦਾ ਜਵਾਬ- ਸਿਵਲ ਹਸਪਤਾਲ ਦੇ ਵਧੀਕ ਸੁਪਰਡੈਂਟ ਡਾ. ਰਜਨੀਸ਼ ਪਟੇਲ ਨੇ ਬੀਬੀਸੀ ਨੂੰ ਦੱਸਿਆ ਕਿ ਸਾਡੇ ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਹਨ।

ਉਨ੍ਹਾਂ ਕਿਹਾ ਕਿ ਜੂਨੀਅਰ ਡਾਕਟਰਾਂ ਦੀ ਐਸੋਸੀਏਸ਼ਨ ਨੇ ਕਈ ਥਾਵਾਂ ਉੱਤੇ ਲਾਇਟ ਨਾ ਹੋਣ ਦਾ ਮੁੱਦਾ ਗਲ਼ਤ ਉਠਾਇਆ ਸੀ।

ਉਨ੍ਹਾਂ ਨੇ ਕਿਹਾ, “ਉਨ੍ਹਾਂ ਨੇ ਹੋਰ ਮੁੱਦੇ ਵੀ ਚੁੱਕੇ, ਅਸੀਂ ਉਨ੍ਹਾਂ ਮੁੱਦਿਆਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।”

ਮੁੰਬਈ - 'ਕਈ ਵਾਰ ਸਾਡੀ ਮਦਦ ਲਈ ਕੋਈ ਨਹੀਂ ਹੁੰਦਾ'

ਦੀਪਾਲੀ ਜਗਤਾਪ, ਬੀਬੀਸੀ ਮਰਾਠੀ

ਸੋਮਵਾਰ ਦੇਰ ਸ਼ਾਮ ਜੇਜੇ ਹਸਪਤਾਲ ਦੇ ਮੇਨ ਗੇਟ 'ਤੇ ਸੁਰੱਖਿਆ ਗਾਰਡ ਮੌਜੂਦ ਸਨ।

ਅਸੀਂ ਹਸਪਤਾਲ ਕੈਂਪਸ ਦੇ ਅੰਦਰ ਜਾ ਸਕਦੇ ਹਾਂ ਪਰ ਬਿਨਾਂ ਇਜਾਜ਼ਤ ਮੈਡੀਕਲ ਵਾਰਡਾਂ ਦੇ ਅੰਦਰ ਨਹੀਂ ਜਾ ਸਕਦੇ।

ਹਾਲਾਂਕਿ, ਮਹਿਲਾ ਡਾਕਟਰਾਂ ਅਤੇ ਨਰਸ ਨੇ ਕਿਹਾ ਕਿ ਉਹ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕਰਨਾ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ।

ਹਸਪਤਾਲ ਵਿੱਚ ਡਾਕਟਰ ਵਜੋਂ ਕੰਮ ਕਰਦੇ ਅਦਿਤੀ ਕਾਨਾਡੇ ਦੱਸਦੇ ਹਨ,"ਪ੍ਰਸ਼ਾਸਨ ਨੂੰ ਮੈਡੀਕਲ ਵਾਰਡਾਂ ਅਤੇ ਕੈਂਪਸ ਦੇ ਬਾਹਰ ਗਾਰਡਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ।"

“ਹਸਪਤਾਲ ਦਾ ਕੈਂਪਸ ਵੱਡਾ ਹੈ ਪਰ ਬਹੁਤ ਸਾਰੇ ਖੇਤਰ ਅਣਜਾਣ ਹਨ। ਰਾਤ ਨੂੰ ਹੋਸਟਲ ਤੋਂ ਮੈਡੀਕਲ ਵਾਰਡ ਤੱਕ ਡਿਊਟੀ 'ਤੇ ਜਾਂਦੇ ਸਮੇਂ ਮੈਨੂੰ ਡਰ ਲੱਗਦਾ ਹੈ।"

ਉਨ੍ਹਾਂ ਨੇ ਇੱਕ ਘਟਨਾ ਨੂੰ ਵੀ ਯਾਦ ਕੀਤਾ ਜਿਸ ਵਿੱਚ ਇੱਕ ਮ੍ਰਿਤਕ ਮਰੀਜ਼ ਦੇ ਰਿਸ਼ਤੇਦਾਰ ਹਮਲਾਵਰ ਹੋ ਗਏ ਸਨ ਅਤੇ ਡਿਊਟੀ 'ਤੇ ਮੌਜੂਦ ਸਟਾਫ ਨੂੰ ਸਥਿਤੀ ਨੂੰ ਸ਼ਾਂਤ ਕਰਨ ਲਈ ਕਮਰਾ ਬੰਦ ਕਰਨਾ ਪਿਆ ਸੀ।

ਉਨ੍ਹਾਂ ਨੇ ਕਿਹਾ, “ਬਹੁਤ ਸਾਰੇ ਕਮਰਿਆਂ ਅਤੇ ਗਲਿਆਰਿਆਂ ਵਿੱਚ ਸੀਸੀਟੀਵੀ ਕੈਮਰੇ ਨਹੀਂ ਹਨ। ਹਰ ਥਾਂ ਸੀਸੀਟੀਵੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਪਰੇਸ਼ਨ ਥੀਏਟਰ ਦੇ ਨੇੜੇ ਮਹਿਲਾ ਡਾਕਟਰਾਂ ਲਈ ਵੱਖਰਾ ਕਮਰਾ ਹੋਣਾ ਚਾਹੀਦਾ ਹੈ। ਸਾਡੇ ਲਈ ਕੋਈ ਵੱਖਰਾ ਕਮਰਾ ਨਹੀਂ ਹੈ।”

ਪਿਛਲੇ 26 ਸਾਲਾਂ ਤੋਂ ਨਰਸ ਵਜੋਂ ਕੰਮ ਕਰਦੇ ਹੇਮਲਤਾ ਗਜਬੇ ਨੇ ਸੁਰੱਖਿਆ ਦੀ ਘਾਟ ਦੀ ਸ਼ਿਕਾਇਤ ਕੀਤੀ ਹੈ।

ਉਨ੍ਹਾਂ ਦੱਸਿਆ, “ਜਦੋਂ ਮਰੀਜ਼ਾਂ ਦੇ ਰਿਸ਼ਤੇਦਾਰ ਮਿਲਣ ਆਉਂਦੇ ਹਨ, ਤਾਂ ਉਹ ਕਦੇ-ਕਦੇ ਅਪਸ਼ਬਦ ਬੋਲਦੇ ਹਨ, ਕਈ ਵਾਰ ਸ਼ਰਾਬੀ ਹੁੰਦੇ ਹਨ। ਬਹੁਤ ਸਾਰੇ ਲੋਕ ਰਾਜਨੀਤਿਕ ਦਬਾਅ ਪਾਉਣ ਦੀ ਕੋਸ਼ਿਸ਼ ਵੀ ਕਰਦੇ ਹਨ,

"ਕਈ ਵਾਰੀ ਕਿਸੇ ਵੀ ਮੰਦਭਾਗੀ ਘਟਨਾ ਦੀ ਸਥਿਤੀ ਵਿੱਚ ਸਾਡੀ ਮਦਦ ਕਰਨ ਲਈ ਨੇੜੇ ਤੇੜੇ ਕੋਈ ਨਹੀਂ ਹੁੰਦਾ।"

ਅਥਾਰਟੀ ਦਾ ਜਵਾਬ: ਬੀਬੀਸੀ ਨੇ ਜੇਜੇ ਹਸਪਤਾਲ ਦੇ ਡੀਨ ਡਾ ਪੱਲਵੀ ਸਪਾਲੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਜਵਾਬ ਲਈ ਉਪਲੱਬਧ ਨਹੀਂ ਹੋ ਸਕੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)