You’re viewing a text-only version of this website that uses less data. View the main version of the website including all images and videos.
ਦਿੱਲੀ ਦੇ ਫੁੱਟਪਾਥਾਂ ਉੱਤੇ ਲੋੜਵੰਦਾਂ ਲਈ 30 ਸਾਲ ਤੋਂ ਬਿਨਾਂ ਨਾਗਾ ਲੰਗਰ ਤੇ ਮੱਲ੍ਹਮ-ਪੱਟੀ ਦੀ ਸੇਵਾ ਕਰਨ ਵਾਲੇ ਇਹ ਲੋਕ ਕੌਣ ਹਨ
- ਲੇਖਕ, ਰਾਜਨ ਪਪਨੇਜਾ
- ਰੋਲ, ਬੀਬੀਸੀ ਪੱਤਰਕਾਰ
ਸਰੀਰ 'ਤੇ ਹੋਏ ਜ਼ਖ਼ਮਾਂ ਲਈ ਕੋਈ ਮੱਲ੍ਹਮ ਉਡੀਕ ਰਿਹਾ ਹੋਵੇ, ਜਾਂ ਪੂਰੇ ਦਿਨ ਦੇ ਹੱਡ ਭੰਨ੍ਹਵੇਂ ਸੰਘਰਸ਼ ਤੋਂ ਪਹਿਲਾਂ ਢਿੱਡ ਭਰਨ ਲਈ ਖਾਣਾ।
ਦਿੱਲੀ ਵਿੱਚ ਇਹ ਦੋਵੇਂ ਲੋੜਾਂ ਇੱਕੋ ਥਾਂ ਪੂਰੀਆਂ ਹੋ ਜਾਂਦੀਆਂ ਹਨ। ਉਹ ਵੀ ਰੋਜ਼ਾਨਾ ਬਿਨਾਂ ਨਾਗਾ, ਬਿਨਾਂ ਕਿਸੇ ਵੀ ਛੁੱਟੀ ਤੋਂ।
ਬੀਤੇ ਤਿੰਨ ਦਹਾਕੇ ਤੋਂ ਵੱਧ ਸਮੇਂ ਤੋਂ ਦਿੱਲੀ ਵਿੱਚ ਵਲੰਟੀਅਰਾਂ ਦਾ ਇੱਕ ਗਰੁੱਪ ਲੰਗਰ ਤਿਆਰ ਕਰਕੇ ਵੱਖ-ਵੱਖ ਥਾਂਵਾਂ ਉੱਤੇ ਵੰਡਦਾ ਹੈ।
ਜ਼ਖਮੀਆਂ ਤੇ ਹੋਰ ਲੋਕ ਜਿਨ੍ਹਾਂ ਨੂੰ ਮੁੱਢਲੇ ਇਲਾਜ ਦੀ ਲੋੜ ਹੈ, ਉਨ੍ਹਾਂ ਨੂੰ ਇਹ ਗਰੁੱਪ ਡਾਕਟਰੀ ਸਹਾਇਤਾ ਦਿੰਦਾ ਹੈ।
ਇੱਕ ਪਰਿਵਾਰ ਤੋਂ ਸ਼ੁਰੂ ਹੋਈ ਇਹ ਸੇਵਾ ਹੁਣ ਵੱਖ-ਵੱਖ ਧਰਮਾਂ ਨਾਲ ਜੁੜੇ ਕਰੀਬ 250 ਪਰਿਵਾਰਾਂ ਦੇ ਜੀਅ ਮਿਲ ਕੇ ਸਾਂਭਦੇ ਹਨ।
ਇਹ ਸੇਵਾ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਾਹਰ, ਏਮਜ਼ ਹਸਪਤਾਲ ਦੇ ਬਾਹਰ ਅਤੇ ਦਿੱਲੀ ਵਿੱਚ ਹੋਰ ਵੱਖ-ਵੱਖ ਥਾਵਾਂ ਉੱਤੇ ਹੁੰਦੀ ਹੈ।
ਪੱਛਮੀ ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਪੂਰੇ ਦਿਨ ਲੰਗਰ ਤਿਆਰ ਕੀਤਾ ਜਾਂਦਾ ਹੈ।
ਫਿਰ ਇਸ ਨੂੰ ਗੱਡੀਆਂ ਰਾਹੀਂ ਉਨ੍ਹਾਂ ਥਾਂਵਾਂ ਉੱਤੇ ਪਹੁੰਚਾਇਆ ਜਾਂਦਾ ਹੈ, ਜਿੱਥੇ ਲੋੜਵੰਦ ਲੋਕ ਮੌਜੂਦ ਹਨ।
ਇਸ ਸਮੇਂ ਕਮਲਜੀਤ ਸਿੰਘ ਪਨੇਸਰ ਇਸ ਗਰੁੱਪ ਦੀ ਅਗਵਾਈ ਕਰ ਰਹੇ ਹਨ, ਜਿਨ੍ਹਾਂ ਦਾ ਦਾਅਵਾ ਹੈ ਕਿ ਗਰੁੱਪ ਵੱਲੋਂ ਹਰ ਦਿਨ ਕਰੀਬ 3500 ਲੋਕਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ ਤੇ 500 ਦੇ ਕਰੀਬ ਲੋਕਾਂ ਨੂੰ ਡਾਕਟਰੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।
ਉਹ ਦੱਸਦੇ ਹਨ ਕਿ ਇਸ ਦੇ ਨਾਲ ਹੀ ਉਨ੍ਹਾਂ ਦਾ ਡੈਂਟਲ ਕਲੀਨਿਕ ਵੀ ਹੈ।
ਕਮਲਜੀਤ ਸਿੰਘ ਪਨੇਸਰ ਦੱਸਦੇ ਹਨ ਕਿ ਇਹ ਸੇਵਾ ਉਨ੍ਹਾਂ ਦੇ ਪਿਤਾ ਤ੍ਰਿਲੋਚਨ ਸਿੰਘ ਪਨੇਸਰ ਨੇ ਸ਼ੁਰੂ ਕੀਤੀ ਸੀ।
ਉਹ ਦੱਸਦੇ ਹਨ ਕਿ ਜਦੋਂ ਸ਼ਹਿਰ ਦੇ ਵਿੱਚ ਕੋਈ ਕੁਦਰਤੀ ਕਰੋਪੀ ਵੀ ਆਉਂਦੀ ਹੈ ਤਾਂ ਉਨ੍ਹਾਂ ਦਾ ਗਰੁੱਪ ਉੱਥੇ ਸੇਵਾ ਲਈ ਪਹੁੰਚਦਾ ਹੈ।
ਇਸ ਦੇ ਨਾਲ-ਨਾਲ ਹੀ ਇਸ ਗਰੁੱਪ ਵਲੋਂ ਗੁਰਦੁਆਰਿਆਂ ਅਤੇ ਹੋਰ ਥਾਵਾਂ ਉੱਤੇ ਲੋਕਾਂ ਦੀ ਲੋੜ ਲਈ ਓਲਡਏਜ਼ ਹੋਮ ਵੀ ਉਸਾਰਿਆ ਗਿਆ ਹੈ।
ਸੇਵਾ ਲਈ ਪੈਸੇ ਕਿੱਥੋਂ ਆਉਂਦੇ ਹਨ
ਕਮਲਜੀਤ ਸਿੰਘ ਦੱਸਦੇ ਹਨ ਕਿ ਹਰੇਕ ਪ੍ਰੋਜੈਕਟ ਨੂੰ ਛੋਟੇ-ਛੋਟੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਤੇ ਉਨ੍ਹਾਂ ਨਾਲ ਜੁੜੇ ਪਰਿਵਾਰ ਆਪ ਪੈਸੇ ਇਕੱਠੇ ਕਰਦੇ ਹਨ।
“ਅਸੀਂ ਕਿਸੇ ਕੋਲੋਂ ਪੈਸੇ ਨਹੀਂ ਮੰਗਦੇ, ਅਸੀਂ ਲੋਕਾਂ ਨੂੰ ਸਿਰਫ ਇਹੋ ਕਹਿੰਦੇ ਹਾਂ ਕਿ ਉਹ ਸੇਵਾ ਵਿੱਚ ਆਮ ਸ਼ਾਮਲ ਹੋਣ, ਇਸ ਨਾਲ ਪਾਰਦਰਸ਼ਤਾ ਵੱਧਦੀ ਹੈ ਅਤੇ ਲੋਕਾਂ ਦਾ ਵਿਸ਼ਵਾਸ ਵੀ ਵੱਧਦਾ ਹੈ।”
ਕਮਲਜੀਤ ਸਿੰਘ ਆਪ ਗਹਿਣੇ ਬਣਾਉਣ ਦੇ ਕੰਮ ਨਾਲ ਜੁੜੇ ਹੋਏ ਹਨ ਅਤੇ ਇਸ ਸੇਵਾ ਦੇ ਨਾਲ-ਨਾਲ ਆਪਣਾ ਵਪਾਰ ਵੀ ਕਰਦੇ ਹਨ।
ਉਹ ਦੱਸਦੇ ਹਨ ਕਿ ਨੋਟ-ਬੰਦੀ ਵੇਲੇ ਵੀ ਲੋਕਾਂ ਨੇ ਉਨ੍ਹਾਂ ਦਾ ਰੱਜ ਕੇ ਸਾਥ ਦਿੱਤਾ ਸੀ।
ਉਹ ਕਹਿੰਦੇ ਹਨ, “ਇੱਕ ਪਾਸੇ ਲੋਕਾਂ ਦੀ ਨੋਟ ਵਟਾਉਣ ਦੀ ਲਾਈਨ ਲੱਗੀ ਸੀ ਤੇ ਦੂਜੇ ਪਾਸੇ ਲੰਗਰ ਖਾਣ ਦੀ ਲਾਈਨ ਲੱਗੀ ਹੁੰਦੀ ਸੀ।
ਫੁੱਟਪਾਥ ’ਤੇ ਬੈਠੇ ਲੋਕਾਂ ਲਈ ਲੰਗਰ
ਕਮਲਜੀਤ ਸਿੰਘ ਦੇ ਭਰਾ ਤੇ ਫੌਜ ਵਿੱਚੋਂ ਬਤੌਰ ਬ੍ਰਿਗੇਡੀਅਰ ਰਿਟਾਇਰ ਹੋਏ ਪ੍ਰੇਮਜੀਤ ਸਿੰਘ ਪਨੇਸਰ ਕਹਿੰਦੇ ਹਨ ਕਿ ਉਹ ਇਸ ਨੂੰ ਮਾਨਵਤਾ ਦੀ ਸੇਵਾ ਸਮਝਦੇ ਹਨ।
ਉਹ ਦੱਸਦੇ ਹਨ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਇਸ ਸੇਵਾ ਨਾਲ ਜੁੜਿਆ ਹੋਇਆ ਹੈ।
ਉਹ ਦੱਸਦੇ ਹਨ, “ਲੰਗਰ, ਦਵਾਈਆਂ ਤੇ ਜਾਨਵਰਾਂ ਦੀ ਸਾਂਭ ਸੰਭਾਲ ਦੇ ਨਾਲ-ਨਾਲ ਇਨ੍ਹਾਂ ਵਲੰਟੀਅਰਾਂ ਵੱਲੋਂ ਬਜ਼ੁਰਗਾਂ ਦੇ ਰਹਿਣ ਲਈ ਇੱਕ ਬਿਰਧ ਆਸ਼ਰਮ ਵੀ ਚਲਾਇਆ ਜਾਂਦਾ ਹੈ।”
ਉਹ ਦੱਸਦੇ ਹਨ ਕਿ ਇਹ ਸੇਵਾ ਦਾ ਕਾਰਨ ਉਨ੍ਹਾਂ ਦੇ ਪਿਤਾ ਤ੍ਰਿਲੋਚਨ ਸਿੰਘ ਪਨੇਸਰ ਨੇ ਸ਼ੁਰੂ ਕੀਤੀ ਸੀ। ਪਹਿਲਾਂ ਉਹ ਗੁਰਦੁਆਰੇ ਵਿੱਚ ਝਾੜੂ ਲਾਉਣ ਦੀ ਸੇਵਾ ਕਰਦੇ ਸਨ।
ਫੇਰ ਹੌਲ਼ੀ-ਹੌਲੀ ਉਨ੍ਹਾਂ ਫੁੱਟਪਾਥਾਂ ਉੱਤੇ ਰਹਿ ਰਹੇ ਲੋਕਾਂ ਲਈ ਲੰਗਰ ਸੇਵਾ ਸ਼ੁਰੂ ਕੀਤੀ।
ਆਪਣੇ ਪਿਤਾ ਬਾਰੇ ਉਹ ਦੱਸਦੇ ਹਨ, “ਮੇਰੇ ਪਿਤਾ ਇੱਕ ਸਰਕਾਰੀ ਨੌਕਰੀ ਉੱਤੇ ਸਨ, ਉਨ੍ਹਾਂ ਨੇ ਝਾੜੂ ਲਗਾਉਣ ਤੋਂ ਸੇਵਾ ਸ਼ੁਰੂ ਕੀਤੀ ਸੀ, ਜਦੋਂ ਉਹ ਚਾਂਦਨੀ ਚੌਂਕ ਵਿੱਚ ਆਏ ਤੇ ਉਨ੍ਹਾਂ ਨੇ ਦੇਖਿਆ ਕਿ ਕਈ ਲੋਕਾਂ ਦੇ ਸੱਟਾਂ ਲੱਗੀਆਂ ਹੋਈਆਂ ਹਨ, ਜਿੱਥੋਂ ਪੱਟੀਆਂ ਦੀ ਸੇਵਾ ਸ਼ੁਰੂ ਹੋਈ।”
ਉਹ ਦੱਸਦੇ ਹਨ ਕਿ ਇਸ ਮਗਰੋਂ ਇੱਕ ਤੋਂ ਬਾਅਦ ਇੱਕ ਪਰਿਵਾਰ ਉਨ੍ਹਾਂ ਦੇ ਨਾਲ ਜੁੜਦੇ ਗਏ।
ਉਨ੍ਹਾਂ ਦੱਸਿਆ, “ਅਸੀਂ ਲੰਗਰ ਗੁਰਦੁਆਰੇ ਦੇ ਅੰਦਰ ਨਹੀਂ ਸਗੋਂ ਬਾਹਰ ਫੁੱਟਪਾਥ ਉਤੇ ਬੈਠੇ ਲੋਕਾਂ ਨੂੰ ਦਿੰਦੇ ਹਾਂ।”
ਉਨ੍ਹਾਂ ਨੇ ਦੱਸਿਆ ਕਿ ਲੰਗਰ ਲਈ ਅਨਾਜ ਉਗਾਉਣ ਲਈ ਉਨ੍ਹਾਂ ਨੇ ਜ਼ਮੀਨ ਵੀ ਠੇਕੇ ਉੱਤੇ ਲਈ ਹੋਈ ਹੈ ਤੇ ਉਨ੍ਹਾਂ ਦੀ ਗਊਸ਼ਾਲਾ ਵੀ ਹੈ, ਜਿੱਥੋਂ ਦੁੱਧ ਦਾ ਪ੍ਰਬੰਧ ਹੁੰਦਾ ਹੈ।
ਪਿਛਲੇ 26 ਸਾਲ ਤੋਂ ਇਸ ਸੇਵਾ ਨਾਲ ਜੁੜੇ ਹੋਏ ਅਸ਼ੋਕ ਲੂਥਰਾ ਕਹਿੰਦੇ ਹਨ ਕਿ ਉਨ੍ਹਾਂ ਦਾ ਦੱਖਣੀ ਦਿੱਲੀ ਵਿੱਚ ਵਪਾਰ ਹੈ।
ਉਹ ਦੱਸਦੇ ਹਨ ਕਿ ਉਹ ਹਰ ਦਿਨ ਸਵੇਰੇ ਸੇਵਾ ਵਿੱਚ ਹਿੱਸਾ ਲੈਂਦੇ ਹਨ ਕਿ ਅਤੇ ਫ਼ੇਰ ਆਪਣੇ ਵਪਾਰ ਉੱਤੇ ਧਿਆਨ ਦਿੰਦੇ ਹਨ।
'ਸੇਵਾਦਾਰ' ਡਾਕਟਰ ਤਾਹਿਰ ਹੁਸੈਨ
ਦਿੱਲੀ ਦੇ ਹੀ ਰਹਿਣ ਵਾਲੇ ਪੇਸ਼ੇ ਵਜੋਂ ਡਾਕਟਰ ਤਾਹਿਰ ਹੁਸੈਨ ਦੱਸਦੇ ਹਨ ਕਿ ਲੋੜਵੰਦਾਂ ਨੂੰ ਦਵਾਈਆਂ ਦੇਣ ਦੀ ਸੇਵਾ ਉਹ ਪਿਛਲੇ 18 ਸਾਲਾਂ ਤੋਂ ਕਰ ਰਹੇ ਹਨ।
ਉਹ ਕਹਿੰਦੇ ਹਨ, “ਜੇਕਰ ਕੋਈ ਮੈਨੂੰ 1 ਜਾਂ 2 ਲੱਖ ਰੁਪਏ ਤਨਖ਼ਾਹ ਦੇਵੇ ਤਾਂ ਵੀ ਮੈਨੂੰ ਇੰਨੀ ਸੰਤੁਸ਼ਟੀ ਨਹੀਂ ਹੋਵੇਗੀ ਜਿੰਨੀ ਇੱਥੇ ਸੇਵਾ ਕਰਕੇ ਹੁੰਦੀ ਹੈ।”
ਉਹ ਦੱਸਦੇ ਹਨ, “ਜਿਨ੍ਹਾਂ ਲੋਕਾਂ ਦੇ ਸੱਟਾਂ ਲੱਗੀਆਂ ਹੁੰਦੀਆਂ ਹਨ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ ਤੇ ਜਿਹੜੇ ਲੋਕ ਬੇਘਰ ਹੁੰਦੇ ਹਨ ਉਨ੍ਹਾਂ ਨੂੰ ਸਾਡੇ ਹਸਪਤਾਲ ਵਿੱਚ ਰੈਫ਼ਰ ਕੀਤਾ ਜਾਂਦਾ ਹੈ, ਜਿੱਥੇ ਕਰੀਬ 40 ਬੈੱਡ ਹਨ।”
ਤਾਹਿਰ ਕਹਿੰਦੇ ਹਨ ਕਿ ਜਿਹੜੇ ਲੋਕਾਂ ਨੂੰ ਵੱਡੇ ਆਪ੍ਰੇਸ਼ਨ ਦੀ ਲੋੜ ਹੁੰਦੀ ਹੈ, ਉਨ੍ਹਾਂ ਦੀ ਸਰਜਰੀ ਸਰਕਾਰੀ ਹਸਪਤਾਲ ਵਿੱਚ ਕਰਵਾਉਣ ਵਿੱਚ ਵੀ ਉਨ੍ਹਾਂ ਦਾ ਗਰੁੱਪ ਉਨ੍ਹਾਂ ਦੀ ਪੂਰੀ ਮਦਦ ਕਰਦਾ ਹੈ।
ਤਾਹਿਰ ਦੱਸਦੇ ਹਨ ਕਿ ਉਹ ਇਸ ਸੇਵਾ ਲਈ ਕੋਈ ਪੈਸੇ ਨਹੀਂ ਲੈਂਦੇ ਹਨ।
ਖਾਣਾ ਪਕਾਉਣ ਦੀ ਸੇਵਾ ਕਰਦੇ ਬਲਵਿੰਦਰ ਕੌਰ ਦੱਸਦੇ ਹਨ ਕਿ ਉਹ ਇਹ ਸੇਵਾ ਪਿਛਲੇ 26-27 ਸਾਲਾਂ ਤੋਂ ਕਰ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ