ਸਿੱਖੀ 'ਚ ਸੇਵਾ ਦੇ ਸਕੰਲਪ ਦਾ ਸਰੋਤ ਕੀ ਹੈ : 40 ਸਾਲ ਤੋਂ ਮਸਜਿਦ ਵਿਚ ਜੋੜਿਆਂ ਦੀ ਸੇਵਾ ਕਰਨ ਵਾਲਾ ਸਿੱਖ - ਨਜ਼ਰੀਆ

ਤਕਰਬੀਨ 500 ਸਾਲ ਪਹਿਲਾਂ ਸ਼ੁਰੂ ਹੋਏ ਅਤੇ ਭਾਰਤ ਦੇ ਪੰਜਾਬ ਸੂਬੇ ਵਿਚ ਮੁੱਖ ਤੌਰ ਉੱਤੇ ਕੇਂਦਰਿਤ ਸਿੱਖ ਧਰਮ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।

ਲੇਖਿਕਾ ਜਸਰੀਨ ਮਿਆਲ ਖੰਨਾ ਨੇ ਸਿੱਖ ਭਾਈਚਾਰੇ ਵਿੱਚ ਸੇਵਾ ਭਾਵਨਾ ਦੀ ਪਰੰਪਰਾ ਉੱਪਰ ਲਿਖਿਆ ਹੈ।

ਕਿਸੇ ਵੀ ਕੁਦਰਤੀ ਆਫ਼ਤ ਜਾਂ ਤਬਾਹੀ ਵਾਲੀ ਜਗ੍ਹਾ ਬਾਰੇ ਸੋਚੋ ਅਤੇ ਤੁਹਾਨੂੰ ਸਿੱਖ ਉੱਥੇ ਸੇਵਾ ਕਰਦੇ ਮਿਲ ਜਾਣਗੇ।

ਭਾਵੇਂ ਉਹ ਦੰਗਾ ਪੀੜਿਤਾਂ ਦੀ ਮਦਦ ਹੋਵੇ, ਭੁਚਾਲ ਤੋਂ ਬਾਅਦ ਟੁੱਟੇ ਘਰਾਂ ਨੂੰ ਮੁੜ ਬਣਾਉਣਾ ਹੋਵੇ ਜਾਂ ਪਰਵਾਸੀਆਂ ਲਈ ਖਾਣ ਪੀਣ ਦੀ ਸਹੂਲਤ ਮੁਹੱਈਆ ਕਰਵਾਉਣਾ ਹੋਵੇ, ਸਿੱਖ ਤੁਹਾਨੂੰ ਮਦਦ ਲਈ ਅੱਗੇ ਆਉਂਦੇ ਨਜ਼ਰ ਆਉਣਗੇ।

ਮੌਜੂਦਾ ਕੋਰੋਨਾਕਾਲ ਦੌਰਾਨ ਭਾਰਤ ਹੀ ਨਹੀਂ ਦੁਨੀਆਂ ਦੇ ਕਈ ਹਿੱਸਿਆਂ ਵਿਚ ਸਿੱਖਾਂ ਨੂੰ ਸੇਵਾ ਤੇ ਲੋਕਾਂ ਦੀ ਮਦਦ ਕਰਨ ਦੀਆਂ ਤਸਵੀਰਾਂ ਆਮ ਵਾਇਰਲ ਹੋਈਆਂ ਹਨ।

ਇਹ ਵੀ ਪੜ੍ਹੋ :

ਹਮੇਸ਼ਾ ਮਦਦ ਲਈ ਹੱਥ ਵਧਾਉਣ ਵਾਲੀ ਕੌਮ

ਮਿਆਂਮਾਰ ਵਿੱਚ ਰੋਹਿੰਗਿਆ ਦੀ ਮਦਦ ਕਰਨ ਤੋਂ ਲੈ ਕੇ ਪੈਰਿਸ ਵਿੱਚ ਹੋਏ ਅੱਤਵਾਦੀ ਹਮਲੇ, ਭਾਰਤ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਲੈ ਕੇ ਅਮਰੀਕਾ ਵਿੱਚ ਜਾਰਜ ਫਲਾਇਡ ਦੇ ਕਤਲ ਖ਼ਿਲਾਫ਼ ਪ੍ਰਦਰਸ਼ਨ ਹੋਵੇ, ਦੁਨੀਆਂ ਭਰ ਵਿੱਚ ਕੁੱਲ ਤਿੰਨ ਕਰੋੜ ਦੀ ਆਬਾਦੀ ਵਾਲੇ ਸਿੱਖ ਧਰਮ ਦੇ ਨੁਮਾਇੰਦੇ ਹਰ ਜਗ੍ਹਾ ਮਦਦ ਲਈ ਮੌਜੂਦ ਹੁੰਦੇ ਹਨ।

ਦੁਖੀ ਅਤੇ ਪ੍ਰੇਸ਼ਾਨ ਕਰਨ ਵਾਲੇ ਹਾਲਾਤ ਵਿੱਚ ਉਹ ਅਜਨਬੀ ਲੋਕਾਂ ਦੀ ਮਦਦ ਤੋਂ ਪਿੱਛੇ ਨਹੀਂ ਹਟਦੇ।

ਮਹਾਮਾਰੀ ਦੌਰਾਨ ਮਦਦ ਮੁਹੱਈਆ ਕਰਵਾ ਕੇ ਉਨ੍ਹਾਂ ਨੇ ਨਵੀਂਆਂ ਉਚਾਈਆਂ ਛੂਹੀਆਂ ਹਨ।

ਮਹਾਰਾਸ਼ਟਰ ਵਿਖੇ ਗੁਰਦੁਆਰੇ ਨੇ ਪਿਛਲੇ ਸਾਲ 10 ਹਫਤਿਆਂ ਵਿੱਚ ਦੋ ਕਰੋੜ ਲੋਕਾਂ ਲਈ ਲੰਗਰ ਦੀ ਸੇਵਾ ਕੀਤੀ ਹੈ।

ਜਦੋਂ ਭਾਰਤ ਆਕਸੀਜਨ ਦੀ ਕਮੀ ਨਾਲ ਜੂਝ ਰਿਹਾ ਸੀ ਤਾਂ ਗੈਰ-ਸਰਕਾਰੀ ਸਿੱਖ ਸੰਸਥਾਵਾਂ ਨੇ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੇ ਲੰਗਰ ਲਗਾਏ ਹਨ।

ਲੰਗਰ ਪ੍ਰਥਾ ਸਿੱਖ ਧਰਮ ਦਾ ਇੱਕ ਅਨਿੱਖੜਵੀਂ ਤੇ ਸ਼ਾਨਾਮੱਤੀ ਰਵਾਇਤ ਹੈ।

ਕਿਰਤ ਅਤੇ ਭਗਤੀ ਦਾ ਸੰਗਮ

ਤਕਰੀਬਨ ਸਾਰੇ ਧਰਮ ਦੂਜਿਆਂ ਦੀ ਮਦਦ ਕਰਨ ਅਤੇ ਚੰਗੇ ਕੰਮ ਕਰਨ ਦੀ ਨਸੀਹਤ ਦਿੰਦੇ ਹਨ ਪਰ ਕਿਸ ਤਰ੍ਹਾਂ ਸਿੱਖ ਧਰਮ ਦੇ ਲੋਕ ਸਿਰਫ਼ ਨਸੀਹਤਾਂ ਤੋਂ ਅੱਗੇ ਵੱਧ ਕੇ ਇਹ ਸਾਰੇ ਕੰਮ ਬਾਖ਼ੂਬੀ ਕਰ ਰਹੇ ਹਨ?

ਆਖਿਰ ਕਿਸ ਤਰ੍ਹਾਂ ਸਿੱਖ ਦੁਨੀਆਂ ਦੇ ਚੰਗੇ ਬਸ਼ਿੰਦੇ ਬਣ ਕੇ ਉੱਭਰੇ ਹਨ?

ਇਸ ਨੂੰ ਸਮਝਣ ਲਈ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਤੱਕ ਜਾਣਾ ਪਵੇਗਾ। ਗੁਰੂ ਨਾਨਕ ਨੇ ਸੇਵਾ ਨੂੰ ਕਿਰਤ ਅਤੇ ਭਗਤੀ ਦੇ ਬਰਾਬਰ ਮਹੱਤਤਾ ਦਿੱਤੀ ਹੈ।

ਜਦੋਂ ਸਿੱਖ ਗੁਰਦੁਆਰੇ ਜਾਂਦੇ ਹਨ ਤਾਂ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਵਿੱਚ ਅਰਦਾਸ ਅਤੇ ਸ਼ੁਕਰਾਨਾ ਕਰਨ ਦੇ ਨਾਲ- ਨਾਲ ਸੇਵਾ ਵੀ ਕਰਦੇ ਹਨ।

ਇਹ ਸੇਵਾ ਗੁਰਦੁਆਰੇ ਵਿੱਚ ਲੰਗਰ ਪਕਾਉਣ ਤੇ ਵਰਤਾਉਣ ਦੀ ਹੋ ਸਕਦੀ ਹੈ, ਸ਼ਰਧਾਲੂਆਂ ਦੀਆਂ ਜੁੱਤੀਆਂ ਸਾਫ਼ ਕਰਨ ਦੀ ਹੋ ਸਕਦੀ ਹੈ ਜਾਂ ਫਿਰ ਗੁਰਦੁਆਰੇ ਦੀ ਸਾਫ਼ ਸਫ਼ਾਈ ਦੇ ਰੂਪ ਵਿੱਚ ਹੋ ਸਕਦੀ ਹੈ।

ਗੁਰਦੁਆਰੇ ਸਿਰਫ਼ ਭਗਤੀ ਦਾ ਅਸਥਾਨ ਨਹੀਂ ਹੈ। ਇਹ ਲੰਗਰ ਦੀ ਰਸੋਈ ਹਨ, ਬੇਘਰ ਲਈ ਆਸਰਾ ਹਨ। ਜਦੋਂ ਘਰ ਨਹੀਂ ਹੁੰਦਾ ਤਾਂ ਗੁਰਦੁਆਰਾ ਘਰ ਦੀ ਜਗ੍ਹਾ ਆਸਰਾ ਬਣਦਾ ਹੈ।

ਗੁਰੂ ਨਾਨਕ ਦੇ ਸੁਝਾਏ ਸਿੱਖੀ ਦੇ ਮੂਲ ਵਿਚਾਰਾਂ ਕਰਕੇ ਸੇਵਾ ਸਿੱਖਾਂ ਦੇ ਡੀਐੱਨਏ ਦਾ ਹੀ ਇੱਕ ਹਿੱਸਾ ਬਣ ਗਿਆ ਹੈ।

ਸ਼ਾਇਦ ਇਹੀ ਕਾਰਨ ਹੈ ਕਿ ਬਲਜਿੰਦਰ ਸਿੰਘ, ਜੋ ਸਬਜ਼ੀਆਂ ਵੇਚਣ ਦਾ ਕੰਮ ਕਰਦੇ ਹਨ, ਪਿਛਲੇ ਚਾਲੀ ਸਾਲਾਂ ਤੋਂ ਹਰ ਸ਼ੁੱਕਰਵਾਰ ਪੰਜਾਬ ਦੀ ਸਥਾਨਕ ਮਸਜਿਦ ਵਿਖੇ ਜਾ ਕੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੇ ਜੁੱਤੀਆਂ ਸਾਫ਼ ਕਰਦੇ ਹਨ।

ਉਹ ਕਹਿੰਦੇ ਹਨ, "ਮੇਰੇ ਵਾਸਤੇ ਮਨੁੱਖਤਾ ਕਿਸੇ ਵੀ ਧਰਮ ਤੋਂ ਉੱਪਰ ਹੈ।"

ਕਈ ਅਧਿਐਨ ਇਹ ਕਹਿੰਦੇ ਹਨ ਕਿ ਆਪਣੀਆਂ ਪ੍ਰੇਸ਼ਾਨੀਆਂ ਤੋਂ ਧਿਆਨ ਹਟਾ ਕੇ ਜੇਕਰ ਦੂਜਿਆਂ ਦੀ ਮਦਦ ਬਾਰੇ ਸੋਚਿਆ ਜਾਵੇ ਤਾਂ ਇਹ ਸਾਡੀ ਦਿਮਾਗੀ ਸਿਹਤ ਨੂੰ ਵਧੀਆ ਰੱਖਣ ਲਈ ਮਦਦਗਾਰ ਸਾਬਤ ਹੁੰਦੀ ਹੈ।

ਇਸ ਦੇ ਕਈ ਫਾਇਦੇ ਦੱਸੇ ਗਏ ਹਨ ਜਿਵੇਂ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ, ਮੌਤ ਦੀ ਦਰ ਘੱਟ ਰਹਿੰਦੀ ਹੈ, ਮੂਡ ਵਧੀਆ ਰਹਿੰਦਾ ਹੈ ਅਤੇ ਇਨਸਾਨ ਖੁਸ਼ ਰਹਿੰਦਾ ਹੈ।

ਹੱਥੀਂ ਕੰਮ ਕਰਨ ਵਿੱਚ ਆਨੰਦ ਅਤੇ ਆਪਣੇ ਤਰ੍ਹਾਂ ਦੀ ਸ਼ਕਤੀ ਹੈ। ਪਸ਼ਮੀਨਾ ਬੁਨਣ ਵਾਲੇ ਕਾਰੀਗਰ ਜਾਂ ਜਪਾਨ ਵਿੱਚ ਮੇਕਅੱਪ ਬ੍ਰਸ਼ ਬਣਾਉਣ ਵਾਲੇ ਕਾਰੀਗਰ ਨੂੰ ਇਸ ਬਾਰੇ ਪੁੱਛਿਆ ਜਾਵੇ ਉਨ੍ਹਾਂ ਲਈ ਇਹ ਇੱਕ ਤਰ੍ਹਾਂ ਦੀ ਭਗਤੀ ਹੀ ਹੈ।

97 ਸਾਲਾ ਨਿਸ਼ਰਤ ਕੌਰ ਮਠਾਰੂ ਮਹਾਮਾਰੀ ਦੌਰਾਨ ਸਾਊਥ ਹਾਲ, ਲੰਡਨ ਵਿਖੇ ਬੇਘਰ ਲੋਕਾਂ ਲਈ ਖਾਣਾ ਪਕਾਉਂਦੇ ਰਹੇ ਹਨ।

ਨਿਸ਼ਰਤ ਕੌਰ ਦੀ ਉਮਰ ਹੁਣ ਆਰਾਮ ਕਰਨ ਦੀ ਹੈ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਜਦੋਂ ਤੱਕ ਤੁਹਾਡੇ ਹੱਥ ਪੈਰ ਚਲਦੇ ਹਨ ਤੁਹਾਨੂੰ ਦੂਜਿਆਂ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ।

ਕੰਮ ਆਪਣੇ ਆਪ ਵਿੱਚ ਇੱਕ ਮਲ੍ਹਮ ਹੈ, ਇੱਕ ਤਰ੍ਹਾਂ ਨਾਲ ਧਿਆਨ ਹੈ, ਜਿਸ ਲਈ ਤੁਹਾਨੂੰ ਆਪਣੇ ਮਨ ਨੂੰ ਸਥਿਰ ਕਰਨ ਦੀ ਜ਼ਰੂਰਤ ਨਹੀਂ ਪੈਂਦੀ।

ਇਹ ਵੀ ਪੜ੍ਹੋ :

ਦੁਖੀ ਜਾਂ ਪਰੇਸ਼ਾਨ ਹੋਣ ਦੀ ਬਜਾਏ ਲੋਕਾਂ ਦੀ ਮਦਦ ਕਰਦੇ ਹਨ ਅਤੇ ਇਸੇ ਵਿਚੋਂ ਖੁਸ਼ੀ ਹਾਸਿਲ ਕਰਦੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

'ਚੜ੍ਹਦੀ ਕਲਾ' ਅਤੇ 'ਸਰਬੱਤ ਦਾ ਭਲਾ'

ਸਿੱਖ ਹਰ ਰੋਜ਼ ਦੋ ਚੀਜ਼ਾਂ ਲਈ ਅਰਦਾਸ ਕਰਦੇ ਹਨ।ਪਹਿਲੀ ਹੈ "ਸਰਬੱਤ ਦਾ ਭਲਾ"। ਸਭ ਦਾ ਭਲਾ ਅਤੇ ਇਸ ਕਰ ਕੇ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਸਾਰੇ ਲੋਕ ਅਹਿਮ ਹਨ। ਇਹੀ ਸੇਵਾ ਦਾ ਮੂਲ ਸਿਧਾਂਤ ਅਤੇ ਜੜ੍ਹ ਹੈ ਜਿਸ ਕਰਕੇ ਗੁਰਦੁਆਰੇ ਹਮੇਸ਼ਾ ਸਾਰਿਆਂ ਲਈ ਖੁੱਲ੍ਹੇ ਰਹਿੰਦੇ ਹਨ।

ਦੂਜਾ ਹੈ ਹਮੇਸ਼ਾ ਸਾਕਾਰਾਤਮਕ ਸੋਚ ਰੱਖਣਾ। ਇਸੇ ਕਰਕੇ ਉਹ ਇਸ ਨੂੰ "ਚੜ੍ਹਦੀ ਕਲਾ" ਕਹਿੰਦੇ ਹਨ।

ਸਿੱਖ ਹਮੇਸ਼ਾ ਇਹ ਦੋ ਗੱਲਾਂ ਆਪਣੀ ਜ਼ਿੰਦਗੀ ਵਿੱਚ ਯਾਦ ਰੱਖਦੇ ਹਨ। ਚਾਹੇ ਫੇਰ ਉਹ ਵਿਆਹ ਸ਼ਾਦੀ ਵਰਗਾ ਕੋਈ ਖ਼ੁਸ਼ੀ ਦਾ ਮੌਕਾ ਹੋਵੇ।

ਜਦੋਂ ਉਹ ਗੁਰਦੁਆਰੇ ਜਾਂਦੇ ਹਨ ਜਾਂ ਫਿਰ ਜਦੋਂ ਜ਼ਿੰਦਗੀ ਵਿਚ ਔਕੜਾਂ ਦਾ ਸਾਹਮਣਾ ਕਰਦੇ ਹਨ, ਇਨ੍ਹਾਂ ਨੂੰ ਹਮੇਸ਼ਾ ਯਾਦ ਰੱਖਦੇ ਹਨ।

ਸੇਵਾ ਦਾ ਮਕਸਦ ਜ਼ਿੰਦਗੀ ਵਿੱਚ ਇੱਕ ਉਦੇਸ਼ ਭਰਪੂਰ ਖੁਸ਼ੀ ਹਾਸਿਲ ਕਰਨਾ ਹੈ।

ਮਨੋਵਿਗਿਆਨਕ ਮੰਨਦੇ ਹਨ ਕਿ ਜ਼ਿੰਦਗੀ ਵਿੱਚ ਦੋ ਤਰ੍ਹਾਂ ਦੀਆਂ ਖ਼ੁਸ਼ੀਆਂ ਦੀ ਜ਼ਰੂਰਤ ਰਹਿੰਦੀ ਹੈ।

ਇੱਕ ਤਰ੍ਹਾਂ ਦੀ ਖੁਸ਼ੀ ਸਾਨੂੰ ਦੁਨਿਆਵੀ ਪਦਾਰਥਾਂ ਨਾਲ ਮਿਲਦੀ ਹੈ, ਜਿਵੇਂ ਕੋਈ ਸਾਡੀ ਤਾਰੀਫ਼ ਕਰੇ ਅਸੀਂ ਕੁਝ ਚੰਗਾ ਖਰੀਦੀਏ, ਘੁੰਮੀਏ-ਫਿਰੀਏ ਆਦਿ।

ਦੂਜੀ ਤਰ੍ਹਾਂ ਦੀ ਖ਼ੁਸ਼ੀ ਕੁਝ ਨਵਾਂ ਸਿੱਖ ਕੇ, ਲੋਕਾਂ ਦੀ ਮਦਦ ਕਰਕੇ ਅਤੇ ਆਪਣੇ ਪਰਿਵਾਰ ਅਤੇ ਨਜ਼ਦੀਕੀ ਲੋਕਾਂ ਨਾਲ ਸਮਾਂ ਬਤੀਤ ਕਰਕੇ ਮਿਲਦੀ ਹੈ।

ਪਹਿਲੀ ਤਰ੍ਹਾਂ ਦੀ ਖ਼ੁਸ਼ੀ ਨੂੰ ਹੇਡੋਨਿਸਟਿਕ ਕਿਹਾ ਜਾਂਦਾ ਹੈ ਅਤੇ ਦੂਜੀ ਤਰ੍ਹਾਂ ਦੀ ਖ਼ੁਸ਼ੀ ਨੂੰ ਯੂਡੇਮੋਨਿਕ ਕਿਹਾ ਜਾਂਦਾ ਹੈ ਜੋ ਇਕ ਗ੍ਰੀਕ ਸ਼ਬਦ ਹੈ। ਸਿੱਖ ਲੋਕ ਇਨ੍ਹਾਂ ਦੋਵਾਂ ਨੂੰ ਇੱਕ ਕਰਨ ਦੇ ਮਾਹਿਰ ਹਨ।

ਕੀ ਇਸ ਦਾ ਅਰਥ ਹੈ ਕਿ ਸਾਰੇ ਸਿੱਖ ਖ਼ੁਸ਼ ਰਹਿੰਦੇ ਹਨ ਅਤੇ ਖ਼ੁਸ਼ੀਆਂ ਵੰਡਦੇ ਹਨ

ਬਿਲਕੁਲ ਨਹੀਂ।

ਸਿੱਖ ਕੌਮ ਨੇ ਵੀ ਵਧੀਕੀਆਂ, ਧੱਕਾ, ਜ਼ੁਲਮ ਦੇਖਿਆ ਹੈ। ਇਹ ਸਭ ਵੀ ਓਨੇ ਹੀ ਵਿਆਪਕ ਮੌਜੂਦ ਹਨ, ਜਿੰਨੇ ਸਿੱਖ ਧਰਮ ਵਿੱਚ ਉਨ੍ਹਾਂ ਦੇ ਗੁਣ ਹਨ।

ਉਦਾਹਰਣ ਵਜੋਂ ਪੰਜਾਬ ਓਪਾਈਡ ਡਿਪੈਂਡੈਂਸ ਸਰਵੇ 2015 ਅਨੁਸਾਰ ਪੰਜਾਬ ਵਿੱਚ ਨਸ਼ੇ ਅਤੇ ਨਸ਼ੇ ਨਾਲ ਸਬੰਧਤ ਜੁਰਮ ਦੇਸ ਦੇ ਬਾਕੀ ਸੂਬਿਆਂ ਨਾਲੋਂ ਕਿਤੇ ਵੱਧ ਹਨ।

ਸਿੱਖ ਵੀ ਬਾਕੀ ਇਨਸਾਨਾਂ ਵਰਗੇ ਹੀ ਹਨ ਅਤੇ ਉਨ੍ਹਾਂ ਵਿੱਚ ਵੀ ਸਾਰਿਆਂ ਵਾਂਗ ਕਮੀਆਂ ਹਨ।

ਮੇਰਾ ਇੱਥੇ ਮਕਸਦ ਇਸ ਇਹ ਸਾਬਿਤ ਕਰਨਾ ਨਹੀਂ ਹੈ ਕਿ ਉਹ ਬਾਕੀ ਸਾਰਿਆਂ ਨਾਲੋਂ ਬਿਹਤਰ ਹਨ। ਉਹ ਨਹੀਂ ਹਨ।

ਪਰ ਉਨ੍ਹਾਂ ਦੀਆਂ ਧਾਰਮਿਕ ਪ੍ਰਵਿਰਤੀਆਂ ਅਤੇ ਨਿਯਮਾਂ ਕਰਕੇ ਉਹ ਬਾਕੀਆਂ ਨਾਲੋਂ ਜ਼ਿਆਦਾ ਮਾਤਰਾ ਵਿੱਚ ਚੰਗਾ ਕੰਮ ਕਰ ਰਹੇ ਹਨ।

ਸਿੱਖ ਧਰਮ ਵਿੱਚ ਕਿਸੇ ਲਈ ਚੰਗਾ ਕਰਨਾ ਇੱਕ ਉਤਸਵ ਵਾਂਗ ਹੈ ਨਾ ਕਿ ਜ਼ਬਰਦਸਤੀ ਥੋਪਿਆ ਗਿਆ ਕੋਈ ਫਰਜ਼।

ਨੋਵਾ ਸਕੌਟੀਆ ਵਿਚ ਰਹਿਣ ਵਾਲੇ ਹਸਮੀਤ ਸਿੰਘ ਚੰਡੋਕ ਨੂੰ ਲੋਕ ਗ਼ਲਤ ਜਾਣਕਾਰੀ ਹੋਣ ਕਾਰਨ ਮੁਸਲਮਾਨ ਸਮਝਦੇ ਸਨ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਭੰਗੜੇ ਦੇ ਵੀਡੀਓ ਬਣਾਕੇ ਵਾਇਰਲ ਕਰਨੇ ਸ਼ੁਰੂ ਕਰ ਦਿੱਤੇ।

ਗੁੱਸਾ ਤੇ ਨਰਾਜ਼ ਹੋਣ ਦੀ ਬਜਾਇ ਉਨ੍ਹਾ ਦੂਜਿਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਦੂਜਿਆਂ ਦੀ ਮਦਦ ਕਰਨ ਵਿਚ ਹੀ ਉਨ੍ਹਾਂ ਆਪਣੀ ਖੁਸ਼ੀ ਭਾਲ ਲਈ ।

ਅੱਜ ਇਸੇ ਲਈ ਸ਼ਾਇਦ ਭਾਰਤ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਕਿਸਾਨ ਅੰਦੋਲਨ ਵਿੱਚ ਮੌਜੂਦ ਸਿੱਖ ਪੁਲਿਸ ਨੂੰ ਵੀ ਲੰਗਰ ਛਕਾਉਂਦੇ ਹਨ।

ਬਾਹਰੋਂ ਭਾਵੇਂ ਸੇਵਾ ਦੇ ਇਹ ਕਾਰਜ ਨਿਸਵਾਰਥ ਨਜ਼ਰ ਆਉਂਦੇ ਹਨ ਪਰ ਅੰਦਰੋਂ ਸੇਵਾ ਕਰਨ ਵਾਲੇ ਨੂੰ ਬਹੁਤ ਸਕੂਨ ਅਤੇ ਖ਼ੁਸ਼ੀ ਦਿੰਦੇ ਹਨ।ਜ਼ਿੰਦਗੀ ਵਿੱਚ ਖ਼ੁਸ਼ ਰਹਿਣ ਦਾ ਇਹ ਸਿੱਧਾ ਸਾਦਾ ਪਰ ਅਸਾਧਾਰਨ ਨੁਸਖਾ ਹੈ।

ਜਸਰੀਨ ਮਿਆਲ ਖੰਨਾ''ਸੇਵਾ: ਸਿੱਖ ਸੀਕ੍ਰੇਟ ਆਨ ਹਾਓ ਟੂ ਬੀ ਗੁੱਡ ਇਨ ਰੀਅਲ ਵਰਲਡ''ਦੀ ਲੇਖਿਕਾ ਹੈ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)