ਨਰਿੰਦਰ ਮੋਦੀ ਬਾਰੇ ਵਿਵਾਦਿਤ ਪੋਸਟਰ ਦਾ ਕੀ ਹੈ ਪੂਰਾ ਮਾਮਲਾ ਜਿਸ ਬਾਰੇ ਬਰਤਾਨਵੀ ਸੰਸਦ ਵਿੱਚ ਬਹਿਸ ਹੋਈ

ਬਰਤਾਨਵੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ਵਿੱਚ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਵਿਰੋਧੀ ਧਿਰ ਦੇ ਆਗੂ ਕੀਰ ਸਟਰਮਰ ਦਰਮਿਆਨ ਜ਼ਿਮਨੀ ਚੋਣਾਂ ਲਈ ਛਪੇ ਪੋਸਟਰਾਂ ਬਾਰੇ ਤਿੱਖੀ ਬਹਿਸ ਹੋਈ ਹੈ।

ਇਸ ਪਰਚੇ ਨੂੰ ਯੂਕੇ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਨੇ ‘ਫੁੱਟਪਾਊ’ ਅਤੇ ‘ਭਾਰਤ ਵਿਰੋਧੀ’ ਦੱਸਿਆ ਹੈ।

ਸਦਨ ਵਿੱਚ ਪ੍ਰਧਾਨ ਮੰਤਰੀ ਤੋਂ ਪੁੱਛੇ ਜਾਣ ਵਾਲੇ ਪ੍ਰਸ਼ਨ ਕਾਲ (ਪੀਐੱਮਕਿਊ) ਦੌਰਾਨ ਨਸਲਵਾਦ ਦਾ ਮੁੱਦਾ ਕਾਫ਼ੀ ਗ਼ਰਮਾਇਆ ਰਿਹਾ।

ਬੌਰਿਸ ਜੌਹਨਸਨ ਨੇ ਉਸ ਪੋਸਟਰ ਨੂੰ ਹੱਥ ਵਿੱਚ ਫੜਿਆ ਹੋਇਆ ਸੀ, ਜਿਸ ਉੱਪਰ ਉਨ੍ਹਾਂ ਨੂੰ ਸਾਲ 2019 ਦੇ ਜੀ-7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਹੱਥ ਮਿਲਾਉਂਦੇ ਦਿਖਾਇਆ ਗਿਆ ਹੈ।

ਇਹ ਵੀ ਪੜ੍ਹੋ:

ਪੋਸਟਰ ਵਿੱਚ ਕੀ ਲਿਖਿਆ ਸੀ

ਪੋਸਟਰ ਦੇ ਕੈਪਸ਼ਨ ਵਿੱਚ ਲਿਖਿਆ ਸੀ 'ਟੋਰੀ ਸਾਂਸਦ (ਬ੍ਰਿਟੇਨ ਦੇ ਕੰਜ਼ਰਵੇਟਿਵ ਸੰਸਦ ਮੈਂਬਰਾਂ ਲਈ ਵਰਤੀ ਜਾਣ ਵਾਲੀ ਭਾਸ਼ਾ) ਦਾ ਖ਼ਤਰਾ ਨਾ ਮੋਲ ਲਓ, ਉਹ ਤੁਹਾਡੇ ਪੱਖ ਵਿੱਚ ਨਹੀਂ ਹੈ।'

ਉਨ੍ਹਾਂ ਨੇ ਲੇਬਰ ਪਾਰਟੀ ਦੇ ਆਗੂ ਤੋਂ ਮੰਗ ਕੀਤੀ ਕਿ "ਉਹ ਪਰਚੇ ਨੂੰ ਵਾਪਸ ਲੈਣ ਜਿਸ ਦੀ ਵਰਤੋਂ ਹਾਲ ਹੀ ਵਿੱਚ ਉੱਤਰੀ ਇੰਗਲੈਂਡ ਦੇ ਬੈਟਲੇ ਐਂਡ ਸਪੇਨ ਸੀਟ 'ਤੇ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਕੀਤੀ ਗਈ ਸੀ।"

ਇਸ ਸੀਟ ਉੱਪਰ ਵਿਰੋਧੀ ਧਿਰ ਦੀ ਜਿੱਤ ਹੋਈ ਸੀ।

ਜੌਹਨਸਨ ਨੇ ਕਿਹਾ, "ਕੀ ਹੁਣ ਮੈਂ ਉਨ੍ਹਾਂ ਨੂੰ ਕਹਿ ਸਕਦਾ ਹਾਂ ਕਿ ਉਹ ਇਸ ਪਰਚੇ ਨੂੰ ਵਾਪਸ ਲੈਣ ਜੋ ਮੇਰੇ ਹੱਥ ਵਿੱਚ ਹੈ ਅਤੇ ਜਿਸ ਨੂੰ ਲੇਬਰ ਪਾਰਟੀ ਵੱਲੋਂ ਬੈਟਸੇ ਐਂਡ ਸਪੇਨ ਜ਼ਿਮਨੀ ਚੋਣਾਂ ਦੌਰਾਨ ਛਾਪਿਆ ਗਿਆ ਸੀ ਅਤੇ ਖ਼ੁਦ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੇ ਉਸ ਦੀ ਨਸਲਵਾਦੀ ਕਹਿੰਦੇ ਹੋਏ ਨਿੰਦਾ ਕੀਤੀ ਸੀ।"

ਮਾਮਲਾ ਕਿੱਥੋਂ ਸ਼ੁਰੂ ਹੋਇਆ

ਜੂਨ ਦੇ ਆਖ਼ਰੀ ਹਫ਼ਤੇ ਵਿੱਚ ਖ਼ਬਰਾਂ ਆਈਆਂ ਸਨ ਕਿ ਉੱਤਰੀ ਇੰਗਲੈਂਡ ਵਿੱਚ ਜ਼ਿਮਨੀ ਚੋਣਾਂ ਦੌਰਾਨ ਲੇਬਰ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰ ਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਲੇਬਰ ਪਾਰਟੀ ਦੀ ਪ੍ਰਚਾਰ ਸਮਗੱਰੀ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਅਤੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨਾਲ ਇੱਕ ਤਸਵੀਰ ਵਿੱਚ ਨਜ਼ਰ ਆ ਰਹੇ ਸਨ।

ਇਹ ਇੱਕ ਪੋਸਟਰ ਸੀ ਜਿਸ ਉੱਪਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਚ ਕੇ ਰਹਿਣ ਦੀ ਗੱਲ ਲਿਖੀ ਗਈ ਸੀ।

ਉਸ ਸਮੇਂ ਲੇਬਰ ਪਾਰਟੀ ਦੀ ਦਲੀਲ ਸੀ, "ਜੇ ਉੱਥੋਂ ਦੇ ਲੋਕਾਂ ਨੇ ਦੂਜੀ ਪਾਰਟੀ ਨੂੰ ਵੋਟ ਦਿੱਤਾ ਤਾਂ ਅਜਿਹੀ ਤਸਵੀਰ ਦਿਖਣ ਦਾ ਖ਼ਤਰਾ ਹੈ, ਹਾਲਾਂਕਿ ਲੇਬਰ ਪਾਰਟੀ ਇਸ ਮਾਮਲੇ ਵਿੱਚ ਸਪਸ਼ਟ ਹੈ।"

ਇਸ ਪ੍ਰਚਾਰ ਸਮਗੱਰੀ ਦੇ ਵਾਇਰਲ ਹੋਣ ਤੋਂ ਬਾਅਦ ਪ੍ਰਵਾਸੀ ਭਾਰਤੀ ਸਮੂਹਾਂ ਨੇ ਯੂਕੇ ਦੀ ਵਿਰੋਧੀ ਧਿਰ ਲੇਬਰ ਪਾਰਟੀ ਨੂੰ ਫੁੱਟਪਾਊ ਅਤੇ ਭਾਰਤ ਵਿਰੋਧੀ ਕਿਹਾ ਸੀ।

ਇਸ ਪੋਸਟਰ ਦੇ ਸਾਹਮਣੇ ਆਉਣ ਤੋਂ ਬਾਅਦ, ਲੋਕਾਂ ਨੇ ਸਵਾਲ ਚੁੱਕਿਆ ਸੀ ਕਿ, ਕੀ ਲੇਬਰ ਪਾਰਟੀ ਦੇ ਆਗੂ ਕੀਰ ਸਟਰਮਰ ਨੂੰ ਭਾਰਤੀ ਪ੍ਰਧਾਨ ਮੰਤਰੀ ਨਾਲ ਹੱਥ ਮਿਲਾਉਂਦੇ ਨਹੀਂ ਦੇਖਿਆ ਜਾਵੇਗਾ।

ਉਸ ਸਮੇਂ ਭਾਰਤੀ ਭਾਈਚਾਰੇ ਦੇ ਸੰਗਠਨ ਕੰਜ਼ਰਵੇਟਿਵ ਫਰੈਂਡਸ ਆਫ਼ ਇੰਡੀਆ ਨੇ ਸਵਾਲ ਕੀਤਾ ਸੀ, “ਕੀ ਲੇਬਰ ਪਾਰਟੀ ਦਾ ਕੋਈ ਪ੍ਰਧਾਨ ਮੰਤਰੀ ਜਾਂ ਸਿਆਸਤਦਾਨ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਨਾਲ ਕੋਈ ਰਿਸ਼ਤਾ ਰੱਖਣ ਤੋਂ ਇਨਕਾਰ ਕਰੇਗਾ? ਕੀ ਯੂਕੇ ਵਿੱਚ ਭਾਰਤੀ ਭਾਈਚਾਰੇ ਦੇ 15 ਲੱਖ ਤੋਂ ਵਧੇਰੇ ਮੈਂਬਰਾਂ ਦੇ ਲਈ ਤੁਹਾਡਾ ਇਹੀ ਸੰਦੇਸ਼ ਹੈ?”

ਇਹ ਵੀ ਪੜ੍ਹੋ:

ਇਸ ਪ੍ਰਚਾਰ ਸਮਗੱਰੀ ਬਾਰੇ ਲੇਬਰ ਪਾਰਟੀ ਦੇ ਆਗੂਆਂ ਵਿੱਚ ਵੀ ਗੁੱਸੇ ਦੀ ਲਹਿਰ ਦੇਖਣ ਨੂੰ ਮਿਲੀ ਸੀ।

ਲੇਬਰ ਫਰੈਂਡਸ ਆਫ਼ ਇੰਡੀਆ ਨੇ ਇਸ ਪੋਸਟਰ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਸੀ।

ਐੱਲਐੱਫ਼ਆਈ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਬਦਕਿਸਮਤੀ ਹੈ ਕਿ ਲੇਬਰ ਪਾਰਟੀ ਨੇ ਆਪਣੇ ਲੀਫ਼ਲੈਟ ਉੱਪਰ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਯੂਕੇ ਦੇ ਨਜ਼ਦੀਕੀ ਮਿੱਤਰਾਂ ਵਿੱਚੋਂ ਇੱਕ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦੀ 2019 ਦੇ ਜੀ-7 ਸੰਮੇਲਨ ਦੀ ਇੱਕ ਤਸਵੀਰ ਦੀ ਵਰਤੋਂ ਕੀਤੀ।

ਹੋਰ ਵੀ ਇਤਰਾਜ਼ ਹੋਇਆ

ਓਵਰਸੀਜ਼ ਫਰੈਂਡਸ ਆਫ਼ ਬੀਜੇਪੀ ਸਮੂਹ ਨੇ ਵੀ ਲੇਬਰ ਪਾਰਟੀ ਦੇ ਆਗੂ ਕੀਰ ਸਟਰਮਰ ਦੇ ਖ਼ਿਲਾਫ਼ ਸ਼ਿਕਾਇਤੀ ਪੱਤਰ ਜਾਰੀ ਕਰ ਕੇ ਆਪਣਾ ਰੋਸ ਜ਼ਾਹਰ ਕੀਤਾ ਸੀ ਅਤੇ ਉਨ੍ਹਾਂ ਉੱਪਰ 'ਵੋਟ ਬੈਂਕ ਦੀ ਸਿਆਸਤ' ਕਰਨ ਦਾ ਇਲਜ਼ਾਮ ਲਾਇਆ ਸੀ।

ਯੂਕੇ ਵਿੱਚ ਰਹਿਣ ਵਾਲੇ ਅਤੇ ਉੱਦਮੀ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਪ੍ਰਚਾਰ ਦਲ ਦੇ ਸਾਬਕਾ ਮੈਂਬਰ ਪ੍ਰੋਫ਼ੈੱਸਰ ਮਨੋਜ ਲਡਾਵਾ ਨੇ ਟਵੀਟ ਕੀਤਾ, "ਇਹ ਬਹੁਤ ਹੀ ਨਿਰਾਸ਼ਾਜਨਕ ਅਤੇ ਪ੍ਰੇਸ਼ਾਨ ਕਰਨ ਵਾਲਾ ਹੈ ਕਿ ਲੇਬਰ ਪਾਰਟੀ ਦੇ ਆਗੂ ਕੀਰ ਸਟਰਮਰ ਨੇ ਲੇਬਰ ਪਾਰਟੀ ਵੱਲੋਂ ਹਾਲ ਹੀ ਵਿੱਚ ਹੋਈਆਂ ਬੈਟਲੇ ਐਂਡ ਸਪੇਨ ਜ਼ਿਮਨੀ ਚੋਣਾਂ ਦੌਰਾਨ ਛਪਵਾਏ ਗਏ 'ਨਸਲਵਾਦੀ ਅਤੇ ਭਾਰਤ ਵਿਰੋਧੀ' ਪੋਸਟਰ ਦੀ ਨਿੰਦਾ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਮੁੱਦਾ ਪ੍ਰਧਾਨ ਮੰਤਰੀ ਜੌਹਨਸਨ ਦੇ ਪੀਐੱਮਕਿਊ ਦੌਰਾਨ ਚੁੱਕਿਆ ਗਿਆ ਸੀ।"

ਦੋਹਾਂ ਪਾਰਟੀਆਂ ਵਿੱਚ ਟਕਰਾਅ

ਹਾਲਾਂਕਿ, ਲੇਬਰ ਪਾਰਟੀ ਦੇ ਆਗੂ ਇੰਗਲੈਂਡ ਨੂੰ ਫੁੱਟਬਾਲ ਖਿਡਾਰੀਆਂ ਵੱਲੋਂ ਮੈਦਾਨ ਵਿੱਚ ਝੱਲੇ ਜਾਣ ਵਾਲੇ ਨਸਲਵਾਦੀ ਬਦਸਲੂਕੀ ਦੇ ਪ੍ਰਸੰਗ ਵਿੱਚ ਕੰਜ਼ਰਵੇਟਿਵ ਪਾਰਟੀ ਵੱਲੋਂ ਵਿਰੋਧ ਨਾ ਕੀਤੇ ਜਾਣ ਦੀ ਟਿੱਪਣੀ ਉੱਪਰ ਅੜੇ ਦਿਖਾਈ ਦਿੱਤੇ।

ਉਨ੍ਹਾਂ ਨੇ ਕਿਹਾ, "ਇਹ ਬਹੁਤ ਸੌਖਾ ਹੈ, ਪ੍ਰਧਾਨ ਮੰਤਰੀ ਨਸਲਵਾਦ ਦੇ ਖ਼ਿਲਾਫ਼ ਇੰਗਲੈਂਡ ਦੇ ਖਿਡਾਰੀਆਂ ਦੇ ਨਾਲ ਖੜ੍ਹੇ ਰਹਿਣ ਜਾਂ ਉਹ ਆਪਣੇ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੇ ਰਿਕਾਰਡ ਦਾ ਬਚਾਅ ਕਰ ਸਕਦੇ ਹਨ। ਪਰ ਉਹ ਦੋਵੇਂ ਗੱਲਾਂ ਨਹੀਂ ਕਰ ਸਕਦੇ। ਕੀ ਉਹ ਸਦਨ ਵਿੱਚ ਕਹਿ ਸਕਦੇ ਹਨ ਕਿ ਉਨ੍ਹਾਂ ਦੀ ਆਲੋਚਨਾ ਕਰਨ ਵਿੱਚ ਨਾਕਾਮ ਰਹਿਣ ਬਾਰੇ ਦੁੱਖ ਪ੍ਰਗਟ ਕਰਦੇ ਹਨ, ਜਿਨ੍ਹਾਂ ਨੇ ਨਸਲਵਾਦ ਦੇ ਨਾਲ ਖੜ੍ਹੇ ਹੋਣ ਤੇ ਇੰਗਲੈਂਡ ਦੇ ਖਿਡਾਰੀਆਂ ਦਾ ਨਿਰਾਦਰ ਕੀਤਾ ਗਿਆ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪਿਛਲੇ ਮਹੀਨੇ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਲੇਬਰ ਫਰੈਂਡਸ ਆਫ਼ ਇੰਡੀਆ ਸਮੂਹ ਨੇ ਫੌਰੀ ਤੌਰ 'ਤੇ ਇਸ ਪਰਚੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਸੀ।

ਭਾਰਤੀ ਮੂਲ ਦੇ ਸੰਸਦ ਮੈਂਬਰ ਨਿਵੇਂਦੂ ਮਿਸ਼ਰ ਨੇ ਟਵੀਟ ਰਾਹੀਂ ਇਸ ਦਾ ਵਿਰੋਧ ਕੀਤਾ ਸੀ।

ਉਨ੍ਹਾਂ ਨੇ ਲਿਖਿਆ ਸੀ, "ਨਸਲਵਾਦ ਜ਼ਿੰਦਾ ਹੈ ਅਤੇ ਉਹ ਵੀ ਲੇਬਰ ਪਾਰਟੀ ਦੇ ਅੰਦਰ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)