You’re viewing a text-only version of this website that uses less data. View the main version of the website including all images and videos.
‘ਪ੍ਰੈਸ ਦੀ ਅਜ਼ਾਦੀ ਦੇ ਵਿਰੋਧੀਆਂ’ ਦੀ ਸੂਚੀ ਵਿੱਚ ਮੋਦੀ, ਪ੍ਰਿੰਸ ਸਲਮਾਨ ਤੇ ਸ਼ੇਖ ਹਸੀਨਾ ਵਰਗੇ 37 ਆਗੂ ਸ਼ਾਮਿਲ ਹੋਏ
ਰਿਪੋਰਟਰਜ਼ ਵਿਦਾਉਟ ਬਾਰਡਰਜ਼ ਨੇ ਪੰਜ ਸਾਲ ਬਾਅਦ ਜਾਰੀ ਕੀਤੀ ਆਪਣੀ 'ਗੈਲਰੀ ਆਫ਼ ਗ੍ਰਿਮ ਪੋਟ੍ਰੇਟ' 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਹੈ।
ਦੁਨੀਆਂ ਭਰ ਵਿੱਚ ਪ੍ਰੈੱਸ ਦੀ ਆਜ਼ਾਦੀ ਅਤੇ ਪੱਤਰਕਾਰਾਂ ਦੇ ਅਧਿਕਾਰਾਂ ਦੇ ਲਈ ਕੰਮ ਕਰਨ ਵਾਲੀ ਸੰਸਥਾ ਰਿਪੋਰਟਰਜ਼ ਵਿਦਾਉਟ ਬਾਰਡਰਜ਼ ਨੇ ਅਜਿਹੇ 37 ਮੁਲਕਾਂ ਦੀ ਅਗਵਾਈ ਕਰ ਰਹੇ ਅਤੇ ਸ਼ਾਸਨ ਨੂੰ ਸੰਭਾਲ ਰਹੇ ਲੋਕਾਂ ਦੇ ਨਾਮ ਛਾਪੇ ਹਨ, ਜੋ ਇਸ ਸੰਸਥਾ ਮੁਤਾਬਕ 'ਪ੍ਰੈੱਸ ਦੀ ਆਜ਼ਾਦੀ ਉੱਤੇ ਲਗਾਤਾਰ ਹਮਲੇ ਕਰ ਰਹੇ ਹਨ।'
ਭਾਰਤ 'ਚ ਸੱਤਾ ਉੱਤੇ ਕਾਬਜ਼ ਪਾਰਟੀ ਭਾਜਪਾ ਦੇ ਆਗੂ ਅਤੇ ਮੰਤਰੀ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੂੰ 'ਪੱਖਪਾਤੀ' ਅਤੇ 'ਬਿਨਾਂ ਤੱਥਾਂ ਦੀ ਜਾਂਚ ਕੀਤੇ ਬਗੈਰ ਬਣੀ ਰਾਇ ਤੋਂ ਪ੍ਰੇਰਿਤ' ਦੱਸਦੇ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜਿੱਥੇ ਪ੍ਰੈੱਸ ਨੂੰ ਆਲੋਚਨਾ ਕਰਨ ਦੀ ਪੂਰੀ ਆਜ਼ਾਦੀ ਹੈ।
ਇਸ ਰਿਪੋਰਟ 'ਤੇ ਭਾਰਤ ਸਰਕਾਰ ਵੱਲੋਂ ਅਜੇ ਕੋਈ ਵੀ ਪ੍ਰਤੀਕ੍ਰਿਆ ਨਹੀਂ ਆਈ ਹੈ, ਜਿਵੇਂ ਹੀ ਪ੍ਰਤੀਕ੍ਰਿਆ ਆਉਂਦੀ ਹੈ ਅਸੀਂ ਸ਼ਾਮਲ ਕਰਾਂਗੇ।
ਇਹ ਵੀ ਪੜ੍ਹੋ:
ਇਸ ਰਿਪੋਰਟ ਨੂੰ ਸੰਸਥਾ ਨੇ 'ਗੈਲਰੀ ਆਫ਼ ਗ੍ਰਿਮ ਪੋਟ੍ਰੇਟ’ ਸ਼ਬਦ ਦਾ ਇਸਤੇਮਾਲ ਕੀਤਾ ਹੈ ਜਿਸ ਦਾ ਮਤਲਬ ਹੈ ਨਿਰਾਸ਼ਾ ਵਧਾਉਣ ਵਾਲੇ ਚਿਹਰਿਆਂ ਦੀ ਗੈਲਰੀ। ਇਸ ਗੈਲਰੀ ਵਿੱਚ 37 ਚਿਹਰਿਆਂ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਵੀ ਸ਼ਾਮਲ ਹੈ।
ਇਹ ਅਕਸਰ ਦੇਖਿਆ ਗਿਆ ਹੈ ਕਿ ਪੱਤਰਕਾਰਾਂ ਦੇ ਸੰਗਠਨ ਅਤੇ ਵਿਰੋਧੀ ਧਿਰਾਂ ਵੱਲੋਂ ਅਜਿਹੇ ਇਲਜ਼ਾਮ ਲਗਾਤਾਰ ਲਗਦੇ ਰਹੇ ਹਨ ਕਿ ਮੀਡੀਆ 'ਤੇ ਮੋਦੀ ਸਰਕਾਰ ਆਪਣਾ ਸ਼ਿਕੰਜਾ ਕਸਦੀ ਜਾ ਰਹੀ ਹੈ।
ਕੀ ਹੈ RSF ਤੇ ਕੀ ਕੰਮ ਕਰਦੀ ਹੈ
ਆਰਐਸਫ਼ ਹਰ ਸਾਲ ਪ੍ਰੈੱਸ ਫ਼੍ਰੀਡਮ ਇੰਡੈਕਸ ਜਾਰੀ ਕਰਦਾ ਹੈ ਜਿਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮੀਡੀਆ ਦੀ ਆਜ਼ਾਦੀ ਨੂੰ ਮਾਪਣ ਦਾ ਇੱਕ ਪੈਮਾਨਾ ਸਮਝਿਆ ਜਾਂਦਾ ਹੈ। ਇਸ ਇੰਡੈਕਸ ਵਿੱਚ ਭਾਰਤ 180 ਦੇਸ਼ਾਂ ਵਿੱਚੋਂ 142ਵੇਂ ਨੰਬਰ ਉੱਤੇ ਹੈ।
ਭਾਰਤ ਇਸ ਇੰਡੈਕਸ 'ਚ ਲੰਘੇ ਚਾਰ ਸਾਲਾਂ ਵਿੱਚ ਲਗਾਤਾਰ ਹੇਠਾਂ ਆ ਰਿਹਾ ਹੈ, ਉਹ ਸਾਲ 2017 'ਚ 136ਵੇਂ, ਸਾਲ 2018 'ਚ 138ਵੇਂ, ਸਾਲ 2019 'ਚ 140ਵੇਂ ਅਤੇ ਪਿਛਲੇ ਸਾਲ 2020 ਵਿੱਚ 142ਵੇਂ ਨੰਬਰ ਉੱਤੇ ਪਹੁੰਚ ਗਿਆ।
ਪੈਰਿਸ ਸਥਿਤ ਰਿਪੋਰਟਰਜ਼ ਸਾਂ ਫ੍ਰਾਂਤੀਏ (RSF) ਯਾਨੀ ਰਿਪੋਰਟਰਜ਼ ਵਿਦਾਉਟ ਬਾਰਡਰਜ਼ ਇੱਕ ਗੈਰ-ਮੁਨਾਫ਼ੇ ਵਾਲੀ ਸੰਸਥਾ ਹੈ ਜੋ ਦੁਨੀਆਂ ਭਰ ਦੇ ਪੱਤਰਕਾਰਾਂ ਅਤੇ ਪੱਤਰਕਾਰਤਾ ਉੱਤੇ ਹੋਣ ਵਾਲੇ ਹਮਲਿਆਂ ਦਾ ਦਸਤਾਵੇਜ਼ਕਰਨ ਕਰਨ ਅਤੇ ਉਨ੍ਹਾਂ ਖ਼ਿਲਾਫ਼ ਆਵਾਜ਼ ਚੁੱਕਣ ਦਾ ਕੰਮ ਕਰਦੀ ਹੈ।
ਪ੍ਰੈੱਸ ਫ਼੍ਰੀਡਮ ਇੰਡੈਕਸ ਵਿੱਚ ਨੌਰਵੇ, ਫਿਨਲੈਂਡ, ਡੇਨਮਾਰਕ ਅਤੇ ਨਿਊਜ਼ੀਲੈਂਡ ਵਰਗੇ ਮੁਲਕ ਅਕਸਰ ਕਾਫ਼ੀ ਉੱਤੇ ਹੁੰਦੇ ਹਨ ਜਦਕਿ ਅਫ਼ਰੀਕਾ ਦੇ ਕਈ ਦੇਸ਼ ਜਿੱਥੇ ਲੋਕਤੰਤਰ ਨਹੀਂ ਹੈ, ਉਹ ਸਭ ਤੋਂ ਹੇਠਾਂ ਹੁੰਦੇ ਹਨ ਜਿਵੇਂ ਗਿਨੀ ਅਤੇ ਇਰੀਟ੍ਰਿਆ।
RSF ਸੰਯੁਕਤ ਰਾਸ਼ਟਰ, ਯੂਨੈਸਕੋ, ਯੂਰਪ ਦੀ ਕੌਂਸਲ ਅਤੇ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਆਫ ਫ੍ਰਾਂਸੋਫੋਨੀ (OIF) ਨਾਲ ਸਲਾਹਕਾਰ ਵਜੋਂ ਵੀ ਕੰਮਰ ਕਰਨ ਵਾਲੀ ਸੰਸਥਾ ਹੈ।
ਇਸ ਸੰਸਥਾ ਦੇ 10 ਬਿਊਰੋ ਹਨ ਜਿਨ੍ਹਾਂ ਵਿੱਚ ਬਰਸਲਜ਼, ਵਾਸ਼ਿੰਗਟਨ, ਬਰਲਿਨ, ਟੁਨਿਸ, ਰੀਓ ਡੇ ਜਿਨੇਰੀਓ ਅਤੇ ਸਟੌਕਹੋਮ ਸ਼ਾਮਲ ਹਨ। ਇਸ ਸੰਸਥਾ ਦੇ ਪ੍ਰਤੀਨਿਧੀ 130 ਮੁਲਕਾਂ ਵਿੱਚ ਹਨ ਜੋ ਸੰਸਥਾ ਨੂੰ ਸਮਰਥਨ ਜੁਟਾਉਣ, ਸਰਕਾਰਾਂ ਨੂੰ ਚੁਣੌਤੀ ਦੇਣ ਅਤੇ ਦੋਵਾਂ ਉੱਤੇ ਪ੍ਰਭਾਵ ਪਾਉਣ ਲਈ ਯੋਗਦਾਨ ਦਿੰਦੇ ਹਨ।
ਦੱਖਣੀ ਫਰਾਂਸ ਦੇ ਸ਼ਹਿਰ ਮੋਂਟਪੇਲੀਅਰ ਵਿੱਚ 1985 'ਚ ਚਾਰ ਪੱਤਰਕਾਰਾਂ ਵੱਲੋਂ ਸਥਾਪਤ ਕੀਤੀ ਗਈ ਸੰਸਥਾ RSF ਇਸ ਵੇਲੇ ਦੁਨੀਆਂ ਦੀ ਪ੍ਰਮੁੱਖ ਗੈਰ-ਸਰਕਾਰੀ ਸਸੰਥਾ ਹੈ ਜੋ ਪ੍ਰੈੱਸ ਦੀ ਆਜ਼ਾਦੀ ਦੀ ਰੱਖਿਆ ਅਤੇ ਪ੍ਰਚਾਰ ਵਿੱਚ ਮੋਹਰੀ ਹੈ। 1995 ਵਿੱਚ ਫਰਾਂਸ ਵਿੱਚ ਰਜਿਸਟਰਡ ਹੋਈ RSF ਇੱਕ ਨੋਨ-ਪ੍ਰੋਫਿਟ ਸੰਸਥਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕੀ ਕਹਿੰਦੀ ਹੈ 'ਰਿਪੋਰਟਰਜ਼ ਵਿਦਾਉਟ ਬਾਰਡਰਜ਼' ਦੀ ਰਿਪੋਰਟ?
ਰਿਪੋਰਟਰਜ਼ ਵਿਦਾਉਟ ਬਾਰਡਰਜ਼ ਨੂੰ RSF ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਫ੍ਰਾਂਸੀਸੀ 'ਚ ਇਸ ਦਾ ਨਾਮ ਰਿਪੋਰਟਰਜ਼ ਸਾਂ ਫ੍ਰਾਂਤੀਏ ਹੈ।
RSF ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ''ਪ੍ਰੈੱਸ ਦੀ ਆਜ਼ਾਦੀ ਦੇ ਇਨ੍ਹਾਂ ਹਮਲਾਵਰਾਂ'' ਵਿੱਚੋਂ ਕੁਝ ਤਾਂ ਦੋ ਦਹਾਕਿਆਂ ਤੋਂ ਆਪਣੇ ਹਿਸਾਬ ਨਾਲ ਚੱਲ ਰਹੇ ਹਨ, ਪਰ ਕੁਝ ਨਵੇਂ ਚਿਹਰੇ ਇਸ ਗੈਲਰੀ ਵਿੱਚ ਸ਼ਾਮਲ ਹੋਏ ਹਨ।
ਪਹਿਲੀ ਵਾਰ ਸ਼ਾਮਲ ਹੋਣ ਵਾਲਿਆਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਦੋ ਔਰਤਾਂ ਅਤੇ ਇੱਕ ਯੂਰਪੀ ਚਿਹਰਾ ਵੀ ਸ਼ਾਮਲ ਹੈ। ਇਸ ਨੂੰ 2021 ਦੀ ‘ਗੈਲਰੀ ਆਫ਼ ਗ੍ਰਿਮ ਪੋਟ੍ਰੇਟ’ ਕਿਹਾ ਗਿਆ ਹੈ, ਪਿਛਲੀ ਵਾਰ ਅਜਿਹੀ ਗੈਲਰੀ ਸੰਸਥਾ ਨੇ ਪੰਜ ਸਾਲ ਪਹਿਲਾਂ 2016 ਵਿੱਚ ਪ੍ਰਕਾਸ਼ਿਤ ਕੀਤੀ ਸੀ।
ਇਸ ਵਾਰ ਦੀ ਗੈਲਰੀ ਵਿੱਚ ਤਕਰੀਬਨ 50 ਫੀਸਦੀ (17) ਚਿਹਰੇ ਪਹਿਲੀ ਵਾਰ ਸ਼ਾਮਲ ਕੀਤੇ ਗਏ ਹਨ।
ਸੰਸਥਾ ਦਾ ਕਹਿਣਾ ਹੈ ਇਸ ਗੈਲਰੀ ਵਿੱਚ ਉਨ੍ਹਾਂ ਸ਼ਾਸਨ ਮੁਖੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਸੈਂਸਰਸ਼ਿਪ ਵਾਲੇ ਤੌਰ-ਤਰੀਕੇ ਅਪਣਾਉਂਦੇ ਹਨ, ਮਨ ਮਰਜ਼ੀ ਨਾਲ ਪੱਤਰਕਾਰਾਂ ਨੂੰ ਜੇਲ੍ਹਾਂ ਵਿੱਚ ਡੱਕਦੇ ਹਨ, ਉਨ੍ਹਾਂ ਖ਼ਿਲਾਫ਼ ਹਮਲਿਆਂ ਨੂੰ ਹੁੰਗਾਰਾ ਦਿੰਦੇ ਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਸਾਰਾ ਅਕਸਰ ਲੁਕੇ-ਛਿਪੇ ਤਰੀਕੇ ਨਾਲ ਹੁੰਦਾ ਹੈ ਅਤੇ ਇਨ੍ਹਾਂ ਦਾ ਉਦੇਸ਼ ਪ੍ਰੈੱਸ ਦੀ ਆਜ਼ਾਦੀ ਨੂੰ ਕੁਚਲਨਾ ਹੁੰਦਾ ਹੈ।
ਆਰਐਸਐਫ਼ ਨੇ ਇੱਕ ਪ੍ਰੈੱਸ ਫ੍ਰੀਡਮ ਨਕਸ਼ਾ ਜਾਰੀ ਕੀਤਾ ਹੈ, ਇਸ 'ਚ ਰੰਗਾਂ ਰਾਹੀਂ ਦੱਸਿਆ ਗਿਆ ਹੈ ਕਿ ਕਿਸ ਦੇਸ਼ ਨੂੰ ਕਿਸ ਕੈਟੇਗਰੀ ਵਿੱਚ ਰੱਖਿਆ ਗਿਆ ਹੈ, ਜਿਹੜੇ ਦੇਸ਼ਾਂ ਨੂੰ ਲਾਲ ਰੰਗ ਵਿੱਚ ਦਿਖਾਇਆ ਗਿਆ ਹੈ ਉੱਥੇ ਪ੍ਰੈੱਸ ਆਜ਼ਾਦੀ ਦੇ 'ਮਾੜੇ' ਹਾਲਾਤ ਹਨ, ਜਿਹੜੇ ਮੁਲਕਾਂ ਨੂੰ ਕਾਲੇ ਰੰਗ ਵਿੱਚ ਦਿਖਾਇਆ ਗਿਆ ਹੈ ਉੱਥੇ ਹਾਲਾਤ 'ਬਹੁਤ ਜ਼ਿਆਦਾ ਮਾੜੇ' ਹਨ।
ਇਸ ਨਕਸ਼ੇ ਵਿੱਚ ਭਾਰਤ ਨੂੰ ਲਾਲ ਰੰਗ 'ਚ ਦਿਖਾਇਆ ਗਿਆ ਹੈ ਜਦਕਿ ਈਰਾਨ ਅਤੇ ਸਾਊਦੀ ਅਰਬ ਵਰਗੇ ਮੁਲਕਾਂ ਨੂੰ ਕਾਲੇ ਰੰਗ 'ਚ, ਯਾਨੀ ਇਸ ਮੁਤਾਬਕ ਭਾਰਤ ਦੀ ਹਾਲਤ ਮਾੜੀ ਹੈ।
ਗ਼ੌਰ ਕਰਨ ਦੀ ਗੱਲ ਇਹ ਵੀ ਹੈ ਕਿ 'ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਕਰਨ ਵਾਲੇ' ਇੱਕ ਤਿਹਾਈ ਆਗੂ (13) ਏਸ਼ੀਆ ਤੋਂ ਹਨ, ਇਨ੍ਹਾਂ ਸਾਰਿਆਂ ਦੀ ਉਮਰ ਔਸਤਨ 65-66 ਸਾਲ ਹੈ।
ਇਹ ਵੀ ਪੜ੍ਹੋ:
ਆਰਐਸਐਫ਼ ਦੇ ਮੁੱਖ ਸਕੱਤਰ ਕ੍ਰਿਸਟੋਫ਼ ਡੇਲਾਰੇ ਦਾ ਕਹਿਣਾ ਹੈ, ''ਪ੍ਰੈੱਸ ਦੀ ਆਜ਼ਾਦੀ ਉੱਤੇ ਹਮਲਾ ਕਰਨ ਵਾਲਿਆਂ ਦੀ ਲਿਸਟ 'ਚ 37 ਨੇਤਾ ਸ਼ਾਮਲ ਹਨ ਪਰ ਕੋਈ ਇਹ ਨਹੀਂ ਕਹਿ ਸਕਦਾ ਕਿ ਸਿਰਫ਼ ਇੰਨੇ ਹੀ ਨੇਤਾ ਹਨ ਜੋ ਅਜਿਹਾ ਕਰ ਰਹੇ ਹਨ।''
ਉਹ ਕਹਿੰਦੇ ਹਨ, ''ਇਨ੍ਹਾਂ ਵਿੱਚੋਂ ਹਰ ਨੇਤਾ ਦਾ ਆਪਣਾ ਵੱਖਰਾ ਸਟਾਈਲ ਹੈ, ਕੁਝ ਆਪਣੇ ਬਿਨਾਂ ਤਰਕ ਵਾਲੇ ਹੁਕਮਾਂ ਨਾਲ ਆਤੰਕ ਫ਼ੈਲਾਉਂਦੇ ਹਨ, ਕੁਝ ਦਮਨਕਾਰੀ ਕਾਨੂੰਨਾਂ ਦੀ ਰਣਨੀਤੀ ਦੇ ਤੌਰ 'ਤੇ ਇਸਤੇਮਾਲ ਕਰਦੇ ਹਨ।''
ਲਿਸਟ 'ਚ ਸ਼ਾਮਲ ਨਵੇਂ ਚਿਹਰੇ
ਇਸ ਲਿਸਟ ਵਿੱਚ ਸ਼ਾਮਲ ਨਵੇਂ ਨਾਵਾਂ ਵਿੱਚ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਕਾਫ਼ੀ ਅਹਿਮ ਹਨ ਜਿਨ੍ਹਾਂ ਦੇ ਕੋਲ ਦੇਸ਼ ਦੇ ਸਾਰੇ ਅਧਿਕਾਰ ਕੇਂਦਰਿਤ ਹਨ ਅਤੇ ਉਹ ਪ੍ਰੈੱਸ ਦੀ ਆਜ਼ਾਦੀ ਨੂੰ ''ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ।''
ਆਰਐਸਐਫ਼ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਊਦੀ ਹਕੂਮਤ ''ਜਸੂਸੀ, ਧਮਕੀ, ਜੇਲ੍ਹ ਅਤੇ ਕਤਲ ਤੱਕ ਹਰ ਤਰ੍ਹਾਂ ਦੇ ਹਥਕੰਡੇ ਅਪਣਾਉਂਦੀ ਹੈ।'' ਇਸ ਰਿਪੋਰਟ 'ਚ ਸਾਊਦੀ ਪੱਤਰਕਾਰ ਜਮਾਲ ਖਾਸ਼ੋਜੀ ਦੇ ਕਤਲ ਨੂੰ ਇੱਕ ਮਿਸਾਲ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ।
ਇਸ ਲਿਸਟ ਵਿੱਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਜ਼ੈਰ ਬੋਲਸੇਨਾਰੋ ਵੀ ਸ਼ਾਮਲ ਹਨ ਜਿਨ੍ਹਾਂ ਨੇ ਮਹਾਂਮਾਰੀ ਦੌਰਾਨ ''ਪੱਤਰਕਾਰਾਂ ਦੇ ਖ਼ਿਲਾਫ਼ ਜ਼ਹਿਰੀਲੇ ਭਾਸ਼ਣ ਦਿੱਤੇ।''
ਲਿਸਟ 'ਚ ਇੱਕੋ ਇੱਕ ਯੂਰੋਪੀ ਨੇਤਾ ਹਨ, ਹੰਗਰੀ ਦੇ ਵਿਕਟੋਰ ਓਬਾਰਨ ਜੋ ਖ਼ੁਦ ਨੂੰ ਉਦਾਰਵਾਦੀ ਲੋਕਤੰਤਰ ਦਾ ਚੈਂਪੀਅਨ ਦੱਸਦੇ ਹਨ ਪਰ ਸਾਲ 2010 'ਚ ਸੱਤਾ ਵਿੱਚ ਆਉਣ ਤੋਂ ਬਾਅਦ ਲਗਾਤਾਰ ''ਉਹ ਮੀਡੀਆ ਦੀ ਆਜ਼ਾਦੀ ਅਤੇ ਵਿਭਿੰਨਤਾ ਨੂੰ ਖ਼ਤਮ ਕਰਨ ਵਿੱਚ ਲੱਗੇ ਹਨ।''
ਇਸ ਸੂਚੀ ਦੀਆਂ ਦੋਵੇਂ ਔਰਤਾਂ ਏਸ਼ੀਆਈ ਦੇਸ਼ਾਂ ਤੋਂ ਹਨ, ਪਹਿਲੀ ਹਨ ਕੈਰੀ ਲੈਮ ਜੋ ਹਾਂਗਕਾਂਗ 'ਤੇ ਚੀਨ ਦੇ ਹੁਕਮਾਂ ਤਹਿਤ ਰਾਜ ਕਰ ਰਹੇ ਹਨ।
ਦੂਜਾ ਨਾਮ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦਾ ਹੈ ਜੋ ਸਾਲ 2009 ਤੋਂ ਪ੍ਰਧਾਨ ਮੰਤਰੀ ਹਨ, ਉਨ੍ਹਾਂ ਦੇ ਸ਼ਾਸਨ ਵਿੱਚ ਪਿਛਲੇ ਤਿੰਨ ਸਾਲਾਂ 'ਚ 70 ਤੋਂ ਜ਼ਿਆਦਾ ਪੱਤਰਕਾਰਾਂ ਅਤੇ ਬਲੌਗਰਾਂ ਉੱਤੇ ਆਪਰਾਧਿਕ ਮੁਕੱਦਮੇ ਚਲਾਏ ਗਏ ਹਨ।
'ਪੁਰਾਣੇ ਹਮਲਾਵਰਾਂ' ਦੀ ਸੂਚੀ
RSF ਨੇ ਇਹ ਸੂਚੀ 20 ਸਾਲ ਪਹਿਲਾਂ ਬਣਾਉਣੀ ਸ਼ੁਰੂ ਕੀਤੀ ਸੀ ਅਤੇ ਕੁਝ ਅਜਿਹੇ ਨੇਤਾ ਹਨ ਜੋ ਇਸ ਸੂਚੀ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਕਾਇਮ ਹਨ। ਸੀਰੀਆ ਦੇ ਬਸ਼ਰ ਅਲ ਅਸਦ, ਈਰਾਨ ਦੇ ਸਰਬਉੱਚ ਨੇਤਾ ਖ਼ਾਮਨੇਈ, ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅਤੇ ਬੇਲਾਰੂਸ ਦੇ ਲੁਕਾਸ਼ੇਂਕੋ।
ਅਫ਼ਰੀਕੀ ਦੇਸ਼ਾਂ ਦੇ ਤਿੰਨ ਨੇਤਾ ਵੀ ਇਸ ਸੂਚੀ 'ਚ ਸ਼ਾਮਲ ਹਨ, ਇਨ੍ਹਾਂ ਵਿੱਚੋਂ ਕਈ ਦੇਸ਼ ਵਰਲਡ ਪ੍ਰੈੱਸ ਫ਼੍ਰੀਡਮ ਇੰਡੈਕਸ ਵਿੱਚ ਸਭ ਤੋਂ ਹੇਠਾਂ ਹਨ।
ਆਰਐਸਐਫ਼ ਨੇ ਇਸ ਲਿਸਟ ਵਿੱਚ ਸ਼ਾਮਲ ਨੇਤਾਵਾਂ ਦੀ ਇੱਕ ਪੂਰੀ ਫ਼ਾਈਲ ਤਿਆਰ ਕੀਤੀ ਹੈ ਜਿਸ 'ਚ ਉਨ੍ਹਾਂ ਦੇ ਪ੍ਰੈੱਸ ਉੱਤੇ ਹਮਲਿਆਂ ਦੇ ਤਰੀਕਿਆਂ ਨੂੰ ਦਰਜ ਕੀਤਾ ਗਿਆ ਹੈ, ਇੰਨਾਂ 'ਚ ਦੱਸਿਆ ਗਿਆ ਹੈ ਕਿ ਉਹ ਕਿਸ ਤਰ੍ਹਾਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਕਿਸ ਤਰ੍ਹਾਂ ਉਨ੍ਹਾਂ ਨੂੰ ਸੈਂਸਰ ਕਰਦੇ ਹਨ।
ਇੰਨਾਂ ਫਾਈਲਾਂ ਵਿੱਤ ਉਨ੍ਹਾਂ ਦਾ ਪੱਖ ਵੀ ਰੱਖਿਆ ਗਿਆ ਹੈ ਜਿਸ 'ਚ ਉਹ ਇੰਨਾਂ ਕਦਮਾਂ ਨੂੰ ਸਹੀ ਠਹਿਰਾਉਂਦੇ ਹਨ।
ਇਹ ਵੀ ਪੜ੍ਹੋ: