ਕੀ ਹੈ ਯੂਰਪੀ ਯੂਨੀਅਨ ਦਾ ‘ਵੈਕਸੀਨ ਪਾਸਪੋਰਟ' ਜਿਸ ਬਾਰੇ ਇਸ ਦੇ ਮੈਂਬਰ ਦੇਸਾਂ 'ਚ ਜਾਣ ਵਾਲੇ ਲੋਕਾਂ ਲਈ ਜਾਣਨਾ ਜ਼ਰੂਰੀ ਹੈ

ਯੂਰਪ ਵਿੱਚ ਰਹਿਣ ਵਾਲੇ ਅਤੇ ਯੂਰਪ ਘੁੰਮਣ ਵਾਲੇ ਲੋਕ ਹੁਣ ਇੱਕ ਪਾਸਪਰੋਟ ਨਾਲ ਨਹੀਂ ਸਗੋਂ ਦੋ ਪਾਸਪੋਰਟਾਂ ਨਾਲ ਯਾਤਰਾ ਕਰਨਗੇ।

ਜੁਲਾਈ ਦੀ ਸ਼ੁਰੂਆਤ ਤੋਂ ਯੂਰਪ ਡਿਜੀਟਲ ਕੋਵਿਡ ਸਰਟੀਫਿਕੇਟ (ਈਯੂਡੀਸੀਸੀ, ਜਿਸ ਨੂੰ ਪਹਿਲਾ ਡਿਜੀਟਲ ਗ੍ਰੀਨ ਸਰਟੀਫਿਕੇਟ ਕਿਹਾ ਜਾਂਦਾ ਸੀ) ਅਮਲ ਵਿੱਚ ਲਿਆਂਦਾ ਗਿਆ ਹੈ ਤੇ ਇਸ ਨਾਲ ਹੁਣ ਯੂਰਪ ਦੇ ਨਾਗਰਿਕ ਯੂਰਪੀ ਯੂਨੀਅਨਾਂ ਦੇ ਦੇਸ਼ਾਂ ਵਿਚਾਲੇ ਯਾਤਰਾ ਕਰ ਸਕਣਗੇ।

ਇਸ ਨੂੰ ਹੀ ਵੈਕਸੀਨ ਪਾਸਪੋਰਟ ਕਿਹਾ ਜਾ ਰਿਹਾ ਹੈ।

ਇਹ ਵੀ ਪੜ੍ਹੋ-

ਸਰਟੀਫਿਕੇਟ ਦਾ ਉਦੇਸ਼ ਯੂਰਪ ਮਹਾਂਦੀਪ ਅੰਦਰ ਆਵਾਜਾਈ ਦੀ ਉਨ੍ਹਾਂ ਲੋਕਾਂ ਨੂੰ ਇਜਾਜ਼ਤ ਦੇਣਾ ਹੈ, ਜਿਨ੍ਹਾਂ ਕੋਵਿਡ-19 ਦੇ ਟੀਕੇ ਲਗਵਾ ਲਏ ਹਨ, ਜੋ ਕੋਵਿਡ ਨੇਗੈਟਿਵ ਆਏ ਹਨ ਅਤੇ ਹਾਲ ਹੀ ਵਿੱਚ ਬਿਮਾਰੀ ਤੋਂ ਠੀਕ ਹੋਏ ਹਨ।

ਇਸ ਨੂੰ "ਯੂਰਪੀਅਨ ਵੈਕਸੀਨੇਸ਼ਨ ਪਾਸਪੋਰਟ" ਕਿਹਾ ਜਾਂਦਾ ਹੈ ਅਤੇ ਇਸ ਨੂੰ ਯੂਰਪ ਦੇ 27 ਮੈਂਬਰਾਂ ਅਤੇ ਆਈਸਲੈਂਡ, ਨੌਰਵੇ ਤੇ ਸਵਿਟਜ਼ਰਲੈਂਡ ਵਰਗੇ ਯੂਰਪੀਅਨ ਦੇਸ਼ਾਂ ਵੱਲੋਂ ਵੀ ਮਾਨਤਾ ਮਿਲਦੀ ਹੈ।

ਯੂਰਪੀਅਨ ਕਮਿਸ਼ਨ ਪ੍ਰਧਾਨ ਉਰਸੁਲਾ ਵੋਨ ਦੇਰ ਲੇਏਨ ਦੇ ਜਦੋਂ ਮਾਪਦੰਡਾਂ ਬਾਰੇ ਜਾਣਕਾਰੀ ਦਿੱਤੀ ਤਾਂ ਦੱਸਿਆ, "ਅਸੀਂ ਇਹ ਪੱਕਾ ਕਰਨਾ ਚਾਹੁੰਦੇ ਹਾ ਕਿ ਯੂਰਪੀ ਯੂਨੀਅਨ ਦੇ ਮੈਂਬਰ ਆਵਾਜਾਈ ਦੀ ਆਜ਼ਾਦੀ ਨੂੰ ਬਹਾਲ ਕਰ ਸਕਣ।"

ਹਾਲਾਂਕਿ, ਇਸ ਨੂੰ ਵਿਤਕਰੇ ਦਾ ਇੱਕ ਕਾਰਨ ਬਣਨ ਦੀ ਚਿੰਤਾ ਦੇ ਮੱਦੇਨਜ਼ਰ, ਕੁਝ ਦੇਸ਼ਾਂ ਵਿੱਚ ਵੈਕਸੀਨ ਪਾਸਪੋਰਟ ਦੀ ਪੇਸ਼ਕਸ਼ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਹੈ।

ਇਸ 'ਤੇ ਪ੍ਰਤੀਕਿਰਿਆ ਦਿੰਦਿਆਂ, ਯੂਰਪੀ ਕਮਿਸ਼ਨ ਦੇ ਅਧਿਕਾਰੀ ਨੇ ਕਿਹਾ ਕਿ ਉਹ ਕਿਸੇ ਵੀ ਅਜਿਹੇ ਨਾਗਰਿਕ ਨੂੰ ਇਸ ਨੀਤੀ ਤੋਂ ਵਾਂਝਾ ਨਹੀਂ ਰੱਖਣਾ ਚਾਹੁੰਦੇ, ਜਿਨ੍ਹਾਂ ਨੂੰ ਕਿਸੇ ਕਾਰਨ ਟੀਕਾ ਨਹੀਂ ਲਗਿਆ ਹੈ।

ਯੂਰਪੀ ਯੂਨੀਅਨ ਦਾ ਕਹਿਣਾ ਹੈ ਕਿ ਇਹ ਤਰੀਕਾ ਯੂਰਪ ਦੇ ਨਾਗਰਿਕਾਂ ਦੀ ਸਹੀ ਤਰੀਕੇ ਨਾਲ ਆਵਾਜਾਈ ਨੂੰ ਬਹਾਲ ਕਰਨ ਲਈ ਕੀਤਾ ਗਿਆ ਹੈ। ਹਾਲਾਂਕਿ, ਜਰਮਨੀ ਅਤੇ ਸਪੇਨ ਵਰਗੇ ਦੇਸ਼ਾਂ ਨੇ ਪਹਿਲਾਂ ਹੀ ਯੂਰਪ ਸੰਘ ਤੋਂ ਬਾਹਰਲੇ ਦੇਸ਼ਾਂ ਦੇ ਯਾਤਰੀਆਂ ਦੇ ਦਾਖ਼ਲੇ ਦੇ ਨਿਯਮਾਂ ਨੂੰ ਵਧੇਰੇ ਲਚੀਲਾ ਕਰ ਦਿੱਤਾ ਹੈ।

ਆਓ ਜਾਣਦੇ ਹਾਂ ਕਿ ਵੈਕਸੀਨ ਪਾਸਪੋਰਟ ਕਿਵੇਂ ਕੰਮ ਕਰਦਾ ਹੈ ਅਤੇ ਯਾਤਰੀਆਂ 'ਤੇ ਇਸ ਦਾ ਕੀ ਅਸਰ ਹੋਵੇਗਾ?

EUDCC ਕੀ ਹੈ?

ਡਿਜੀਟਲ ਸਰਟੀਫਿਕੇਟ ਦੀ ਪ੍ਰਵਾਨਗੀ ਲਈ ਧਿਆਨ ਵਿੱਚ ਰੱਖੇ ਗਏ ਮੁੱਖ ਪ੍ਰਾਵਧਾਨ ਇਹ ਹਨ-

  • ਇਹ ਯੂਰਪੀ ਸੰਘ ਦੇ ਸਾਰੇ ਨਾਗਰਿਕਾਂ ਲਈ ਉਪਲਬਧ ਹੈ
  • ਇਹ ਟੀਕਾ ਲੱਗਣ ਜਾਂ ਨੇਗੈਟਿਵ ਕੋਵਿਡ-19 ਟੈਸਟ (ਪੀਸੀਆਰ ਜਾਂ ਰੈਪਿਡ ਐਂਟੀਜਨ ਟੈਸਟ) ਜਾਂ ਹਾਲ ਹੀ ਵਿੱਚ ਇਨਫੈਕਸ਼ਨ ਤੋਂ ਠੀਕ ਹੋਣ ਦੀ (ਪਿਛਲੇ 180 ਦਿਨਾਂ 'ਚ) ਪੁਸ਼ਟੀ ਕਰਦਾ ਹੈ।
  • ਇਹ ਡਿਜੀਟਲ ਅਤੇ ਪੇਪਰ ਰੂਪ ਵਿੱਚ ਜਾਰੀ ਕੀਤਾ ਜਾਂਦਾ ਹੈ।
  • ਦੋਵਾਂ ਦੀ ਪ੍ਰਮਾਣਿਕਤਾ ਦੀ ਗਾਰੰਟੀ ਲਈ ਕਿਊਆਰ ਕੋਡ ਦਿੱਤਾ ਹੋਇਆ ਹੈ।
  • ਇਸ 'ਤੇ ਕੇਵਲ ਲੋੜੀਂਦੀ ਜਾਣਕਾਰੀ ਹੋਵੇਗੀ, ਇਸ ਤਰ੍ਹਾਂ ਵਿਅਕਤੀਗਤ ਡਾਟਾ ਸੁਰੱਖਿਅਤ ਰਹੇਗਾ।
  • ਇਹ ਅਧਿਕਾਰਤ ਭਾਸ਼ਾ ਜਾਂ ਸਟੇਟ ਦੀ ਭਾਸ਼ਾ ਜਾਂ ਅੰਗਰੇਜ਼ੀ ਵਿੱਚ ਪ੍ਰਿੰਟ ਹੋਵੇਗਾ।
  • ਇਹ ਮੁਫ਼ਤ ਜਾਰੀ ਕੀਤਾ ਜਾਵੇਗਾ।

ਕੋਈ ਵੀ ਯੂਰਪੀ ਯੂਨੀਅਨ ਦਾ ਮੈਂਬਰ ਜੋ ਟੀਕਾ ਲੱਗੇ ਯਾਤਰੀਆਂ ਨੂੰ ਖ਼ਾਸ ਤੌਰ 'ਤੇ ਪਾਬੰਦੀਆਂ ਤੋਂ ਬਚਣ (ਖਾਸ ਤੌਰ 'ਤੇ ਕੁਆਰੰਟੀਨ ਵਰਗੀਆਂ) ਲਈ ਇਜਾਜ਼ਤ ਦਿੰਦਾ ਹੈ, ਉਸ ਨੂੰ ਇਸੇ ਸ਼ਰਤਾਂ 'ਤੇ ਹੋਰ ਯੂਰਪ ਸੰਘ ਦੇ ਦੇਸਾਂ ਦੇ ਇਸ ਸਰਟੀਫਿਕੇਟ ਨੂੰ ਸਵੀਕਾਰ ਕਰਨਾ ਪਵੇਗਾ।

ਯੂਰਪੀ ਸੰਘ ਨੇ ਹੁਣ ਤੱਕ ਫਾਈਜ਼ਰ-ਬਾਓਟੈਕ, ਮੌਡਰਨਾ, ਓਕਸਫੌਰਡ-ਐਸਟਰਾਜ਼ੈਨੇਕਾ ਅਤੇ ਜੌਹਨਸਨ ਐਂਡ ਜੌਹਨਸਨ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ ਪਰ ਰੂਸ ਦੀ ਸਪੂਤਨੀਕ-ਵੀ ਤੇ ਚੀਨੀ ਵੈਕਸੀਨ ਸਿਨੋਨੈਕ ਅਤੇ ਸਿਨੋਫਾਰਸ ਨੂੰ ਮਨਜ਼ੂਰੀ ਨਹੀਂ ਮਿਲੀ ਹੈ।

ਭਾਰਤ ਵਿੱਚ ਬਣੀ, ਓਕਸਫੌਰਡ-ਐਕਸਟਰਾਜ਼ੈਨੇਕਾ ਵੈਕਸੀਨ ਦਾ ਨਿਰਮਿਤ ਟੀਕਾ, ਜਿਸ ਨੂੰ ਕੋਵੀਸ਼ੀਲਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਅਜੇ ਉਹ ਈਯੂਡੀਸੀਸੀ ਵੱਲੋਂ ਪ੍ਰਵਾਨਿਤ ਨਹੀਂ ਹੈ।

ਇਹ ਏਸ਼ੀਆ ਅਤੇ ਅਫਰੀਕਾ ਦੇ ਕਈ ਯਾਤਰੀਆਂ ਲਈ ਇੱਕ ਸੰਭਾਵਿਤ ਸਮੱਸਿਆ ਬਣ ਸਕਦੀ ਹੈ, ਜਿੱਥੇ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਨਿਰਮਿਤ ਟੀਕੇ ਦਾ ਵਿਆਪਕ ਤੌਰ 'ਤੇ ਉਪਯੋਗ ਕੀਤਾ ਗਿਆ ਹੈ।

ਪਰ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਮੈਂਬਰ ਸਟੇਟਾਂ ਕੋਲ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਵੱਲੋਂ ਪ੍ਰਵਾਨਿਤ ਹੋਰਨਾਂ ਟੀਕਿਆਂ ਲਈ ਟੀਕਾਕਰਨ ਪ੍ਰਮਾਣ ਪੱਤਰ ਸਵੀਕਾਰ ਕਰਨ ਦਾ ਬਦਲ ਹੈ, ਇਹ ਕੋਵੀਸ਼ੀਲਡ ਮਾਮਲੇ ਵਿੱਚ ਲਾਗੂ ਹੋ ਸਕਦਾ ਹੈ।

ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ 7 ਯੂਰਪੀ ਸੰਘ ਦੇਸ਼ਾਂ, ਸਪੇਨ, ਜਰਮਨੀ, ਸਲੋਵੇਨੀਆ, ਗ੍ਰੀਸ, ਆਇਰਲੈਂਡ, ਆਸਟ੍ਰੀਆ ਅਤੇ ਐਸਟੋਨੀਆ ਨਾਲ ਹੀ ਆਈਸਲੈਂਡ ਅਤੇ ਸਵਿਟਜ਼ਰਲੈਂਡ ਨੇ ਯਾਤਰੀਆਂ ਲਈ ਕੋਵੀਸ਼ੀਲਡ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਵਿਸ਼ਵ ਵਿੱਚ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਚੀਨੀ ਵੈਕਸੀਨ ਵਿਸ਼ਵ ਸਿਹਤ ਸੰਗਠਨ ਵੱਲੋਂ ਐਮਰਜੈਂਸੀ ਵਰਤੋਂ ਲਈ ਮਨਜ਼ੂਰਸ਼ੁਦਾ ਹੈ।

ਰੂਸੀ ਵੈਕਸੀਨ ਸਪੁਤਨੀਕ-ਵੀ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਅਜੇ ਮਨਜ਼ੂਰੀ ਨਹੀਂ ਮਿਲੀ ਹੈ। ਬਾਵਜੂਦ ਇਸ ਦੇ ਗ੍ਰੀਸ ਵਰਗੇ ਦੇਸ਼ ਇਸ ਨੂੰ ਆਪਣੇ ਦੇਸ ਵਿੱਚ ਦਾਖਲ ਹੋਣ ਲਈ ਮਾਨਤਾ ਦਿੱਤੀ ਹੈ।

ਇਹ ਵੀ ਪੜ੍ਹੋ-

ਕਿਸ ਨੂੰ ਮਿਲ ਸਕਦਾ ਹੈ ਸਰਟੀਫਿਕੇਟ ?

ਯੂਰਪੀ ਨਿਆਂ ਕਮਿਸ਼ਨਰ ਦਿਦੀਰ ਰੈਅਨਡਰਸ ਦਾ ਕਹਿਣਾ ਹੈ ਕਿ ਜਦੋਂ ਸਰਟੀਫਿਕੇਟ ਪੇਸ਼ ਕੀਤਾ ਗਿਆ ਤਾਂ ਉਸ ਦਾ ਉਦੇਸ਼ ਇਹ ਤੈਅ ਕਰਨਾ ਹੈ ਕਿ "ਇਸ ਗਰਮੀਆਂ ਵਿੱਚ ਸੁਰੱਖਿਅਤ ਤੌਰ 'ਤੇ ਘੱਟ ਪਾਬੰਦੀਆਂ ਨਾਲ ਯਾਤਰਾ ਕਰਨਾ ਸੰਭਵ ਹੋ ਸਕੇ।"

ਇਸ ਵੈਬਸਾਈਟ 'ਤੇ ਯੂਰਪੀ ਕਮਿਸ਼ਨ ਨੇ ਦੱਸਿਆ ਕਿ ਸਰਟੀਫਿਕੇਟ ਸਾਰੇ ਯੂਰਪੀ ਸੰਘ ਦੇ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ (ਭਾਵੇਂ ਉਨ੍ਹਾਂ ਦੀ ਨਾਗਰਿਕਤਾ ਕੋਈ ਵੀ ਹੋਵੇ) ਜਾਰੀ ਕੀਤਾ ਜਾਵੇਗਾ।

ਸਰਟੀਫਿਕੇਟ ਯੂਰਪ ਵਿੱਚ ਰਹਿਣ ਵਾਲੇ ਵਿਦੇਸ਼ੀਆਂ ਅਤੇ ਯੂਰਪ ਮੈਂਬਰ ਸਟੇਟਾਂ ਵਿੱਚ ਯਾਤਰਾ ਦੀ ਪ੍ਰਵਾਨਗੀ ਹਾਸਲ ਕਰਨ ਵਾਲਿਆਂ ਲਈ ਵੀ ਹੈ।

‘ਵੈਕਸੀਨ ਪਾਸਪੋਰਟ’ ਦੀ ਆਲੋਚਨਾ ਕਿਉਂ?

"ਵੈਕਸੀਨ ਪਾਸਪੋਰਟ" ਬਣਾਉਣ ਨੂੰ ਲੈ ਕੇ ਲੰਬੇ ਵਕਤ ਤੋਂ ਆਲੋਚਨਾ ਹੋ ਰਹੀ ਹੈ ਕਿਉਂਕਿ ਕਈਆਂ ਨੇ ਇਸ ਨੂੰ ਵਿਤਕਰੇ ਵਾਲਾ ਮੰਨਿਆ ਹੈ।

ਕਈਆਂ ਨੇ ਮੁੱਦਾ ਚੁੱਕਿਆ ਕਿ ਘੱਟ ਲੋਕ ਹੀ ਬਿਨਾਂ ਪਾਬੰਦੀਆਂ ਤੋਂ ਯਾਤਰਾ ਦਾ ਲਾਹਾ ਲੈ ਸਕਣਗੇ ਅਤੇ ਨੌਜਵਾਨ ਜਿੰਨ੍ਹਾਂ ਨੂੰ ਵੈਕਸੀਨ ਲਈ ਪਹਿਲ ਨਹੀਂ ਦਿੱਤੀ ਜਾ ਰਹੀ ਹੈ, ਉਹ ਕੁਆਰੰਟੀਨ ਸਣੇ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਗੇ।

ਇਹ ਵੀ ਸ਼ੱਕ ਜਤਾਇਆ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਇਹ ਕਿਵੇਂ ਤੈਅ ਕੀਤਾ ਜਾਵੇ ਕਿ ਉਹ ਵਿਅਕਤੀ ਵਾਇਰਸ ਨੂੰ ਫੈਲਾ ਨਹੀਂ ਸਕਦਾ ਹੈ।

ਯੂਰਪੀ ਸੰਘ ਵੱਲੋਂ ਐਲਾਨ ਦੀ ਆਸ ਵਿੱਚ ਡਬਲਿਊਐੱਚਓ ਨੇ ਕਿਹਾ ਕਿ ਉਹ ਯਾਤਰਾ ਦੀ ਸੁਰੱਖਿਆ ਲਈ "ਇੱਕ ਭਰੋਸੇਯੋਗ ਕੌਮਾਂਤਰੀ ਢਾਂਚਾ ਬਣਾਉਣ" ਲਈ ਕੰਮ ਕਰ ਰਿਹਾ ਹੈ ਅਤੇ ਟੀਕਾ ਇੱਕ ਸ਼ਰਤ ਨਹੀਂ ਹੋਣੀ ਚਾਹੀਦੀ ਹੈ।

ਯੂਰਪੀ ਸੰਘ ਦਾ ਕਹਿਣਾ ਹੈ ਕਿ ਟੀਕੇ ਲਗਵਾਏ ਅਤੇ ਬਿਨਾਂ ਟੀਕਾ ਲਗਵਾਏ ਦੋਵਾਂ ਲੋਕਾਂ ਨੂੰ ਈਯੂਡੀਸੀਸੀ ਨਾਲ ਲਾਭ ਹੋਵੇਗਾ ਕਿਉਂਕਿ ਇਸ ਵਿੱਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਕਿ ਜਿਨ੍ਹਾਂ ਦਾ ਕੋਵਿਡ-19 ਦਾ ਟੈਸਟ ਨੈਗੇਟਿਵ ਹੈ ਅਤੇ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ।

ਜਿੱਥੋਂ ਤੱਕ ਡਾਟਾ ਸੁਰੱਖਿਆ ਦਾ ਸਬੰਧ ਹੈ, ਯੂਰਪੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਣਕਾਰੀ ਲਾਜ਼ਮੀ ਤੌਰ 'ਤੇ ਸੀਮਤ ਹੋਵੇਗੀ, ਜਿਵੇਂ ਕਿ ਨਾਮ, ਜਨਮ ਤਰੀਕ, ਜਾਰੀ ਕਰਨ ਦੀ ਤਰੀਕ ਅਤੇ ਵੈਕਸੀਨ ਤੇ ਟੈਸਟ ਨਾਲ ਜੁੜੀ ਜਾਣਕਾਰੀ।

ਇਹ ਯਾਤਰਾ 'ਤੇ ਕਿਵੇਂ ਅਸਰ ਪਾਵੇਗਾ?

ਯੂਰਪੀ ਸੰਘ ਨੇ ਮੰਨਿਆ ਹੈ ਕਿ ਇਹ ਗੁੰਝਲਦਾਰ ਪ੍ਰਕਿਰਿਆ ਹੈ, ਇਸ ਲਈ ਉਸ ਨੇ ਜਾਣਕਾਰੀ ਇਕੱਠੀ ਕਰਨ ਦੀ ਜ਼ਿੰਮੇਵਾਰੀ ਵੱਖ-ਵੱਖ ਮੈਂਬਰਾਂ 'ਤੇ ਛੱਡ ਦਿੱਤੀ ਹੈ।

ਹਰੇਕ ਮੈਂਬਰ ਦੇਸ ਆਪਣੇ ਹਿਸਾਬ ਨਾਲ ਹੋਰ ਦੇਸਾਂ ਦੇ ਉਨ੍ਹਾਂ ਗੈਰ-ਜ਼ਰੂਰੀ ਯਾਤਰੀਆਂ ਨੂੰ ਇਜਾਜ਼ਤ ਦੇ ਸਕਦਾ ਹੈ ਜੋ ਤੈਅ ਕੀਤੀਆਂ ਘੱਟੋ-ਘੱਟ ਸ਼ਰਤਾਂ ਪੂਰੀਆਂ ਕਰਦੇ ਹੋਣ।

ਉਦਾਹਰਨ ਵਜੋਂ, ਸਪੇਨ ਅਤੇ ਜਰਮਨੀ ਨੇ ਉਨ੍ਹਾਂ ਸੈਲਾਨੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਹਨ ਜਿਨ੍ਹਾਂ ਘੱਟੋ-ਘੱਟ ਪਿਛਲੇ 14 ਦਿਨਾਂ ਦੌਰਾਨ ਟੀਕਾ ਲਗਵਾਇਆ ਹੈ।

ਜਰਮਨੀ ਦੇ ਕੇਸ ਵਿੱਚ ਸਵੀਕਾਰ ਕੀਤੇ ਜਾਣ ਵਾਲੇ ਟੀਕੇ: ਫਾਈਜ਼ਰ, ਐਸਟਰਾ ਜ਼ੈਨੇਕਾ, ਮੌਡਰਨਾ ਅਤੇ ਜੌਨਸੈਨ ਐਂਡ ਜੌਨਸਨ ਯੂਰਪੀ ਅਥਾਰਿਟੀ ਵੱਲੋਂ ਪ੍ਰਵਾਨਿਤ ਹਨ।

ਯੂਰਪੀ ਸੰਘ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਹਰੇਕ ਦੇਸ਼ ਨੂੰ ਇਹ ਨਿਰਧਾਰਿਤ ਕਰਨ ਦਾ ਹੱਕ ਹੈ ਕਿ ਉਸ ਦੇ ਦੇਸ਼ ਵਿੱਚ ਸੈਲਾਨੀ ਕਿਵੇਂ ਦਾਖਲਾ ਲੈਣ, ਜ਼ਿਆਦਾਤਰ ਟੈਰੇਟਰੀ ਤੀਜੇ ਦੇਸ਼ਾਂ ਵੱਲੋਂ ਡਿਜੀਟਲ ਕੋਵਿਡ ਸਰਟੀਫਿਕੇਟਾਂ ਲਈ ਇੰਤਜ਼ਾਰ ਕਰਨਗੀਆਂ।

ਉਨ੍ਹਾਂ ਨੇ ਕਿਹਾ, "ਇਹ 'ਬਰਾਬਰੀ' ਦਾ ਫ਼ੈਸਲਾ ਹੋਣ ਦੀ ਸੰਭਾਵਨਾ ਹੈ, ਜਦੋਂ ਕਮਿਸ਼ਨ ਨੂੰ ਵਿਸ਼ਵਾਸ਼ ਹੋ ਜਾਵੇਗਾ ਕਿ ਤੀਜੇ ਦੇਸ਼ ਨੇ ਯੂਰਪ ਪ੍ਰਕਿਰਿਆ ਦੇ ਮਾਨਕਾਂ ਅਤੇ ਸਿਸਟਮ ਮੁਤਾਬਕ ਸਰਟੀਫਿਕੇਟ ਜਾਰੀ ਕਰ ਦਿੱਤੇ ਹਨ ਤਾਂ ਉਨ੍ਹਾਂ ਦੀ ਮਨਜ਼ੂਰੀ ਲਈ ਫ਼ੈਸਲਾ ਲਿਆ ਜਾ ਸਕਦਾ ਹੈ।"

ਇਸ ਦਾ ਮਤਲਬ ਹੈ ਯੂਰਪ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਮਹਾਂਦੀਪ ਤੋਂ ਬਾਹਰਲੇ ਦੇਸ਼ਾਂ ਦੇ ਸਰਟੀਫਿਕੇਟ ਯੂਰਪ ਸੰਘ ਦੇ ਕੋਵਿਡ ਸਰਟੀਫਿਕੇਟ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਹੋਣ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਨ੍ਹਾਂ ਨੇ ਇਹ ਵੀ ਸਿਫ਼ਾਰਿਸ਼ ਕੀਤੀ ਹੈ ਕਿ ਲੋਕ ਯਾਤਰਾ ਤੋਂ ਪਹਿਲਾਂ ਅੰਬੈਸੀ ਅਤੇ ਵਣਿਜ ਦੂਤਾਵਾਸਾਂ ਤੋਂ ਜਾਂਚ ਕਰਨ।

ਬੁਲਾਰੇ ਨੇ ਕਿਹਾ ਹੈ ਕਿ ਇਸੇ ਵਿਚਾਲੇ ਉਨ੍ਹਾਂ ਯੂਰਪੀ ਨਾਗਰਿਕਾਂ ਦੇ ਮਾਮਲੇ ਵਿੱਚ ਜੋ ਦੂਜੇ ਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਜਿਨ੍ਹਾਂ ਨੂੰ ਟੀਕਾ ਲਗ ਗਿਆ ਹੈ, ਉਹ ਸਰਟੀਫਿਕੇਟ ਲੈਣ ਲਈ ਸਮਰੱਥ ਹੋਣਗੇ।

ਬੁਲਾਰੇ ਨੇ ਸਮਝਾਇਆ, "ਗ਼ੈਰ-ਯੂਰਪੀ ਸੰਘ ਦੇ ਦੇਸ਼ ਵਿੱਚ ਰਹਿਣ ਵਾਲੇ ਯੂਰਪੀ ਸੰਘ ਦੇ ਨਾਗਰਿਕ, ਜਿਨ੍ਹਾਂ ਨੂੰ ਟੀਕਾ ਲੱਗ ਗਿਆ ਹੈ, ਉਹ ਡਿਜੀਟਲ ਸਰਟੀਫਿਕੇਟ ਲਈ ਅਪਲਾਈ ਕਰ ਸਕਦੇ ਹਨ।''

"ਉਨ੍ਹਾਂ ਨੂੰ ਈਯੂਡੀਸੀਸੀ ਤਾਂ ਹੀ ਜਾਰੀ ਹੋਵੇਗਾ ਜਦੋਂ ਉਹ ਭਰੋਸੇਯੋਗ ਟੀਕਾਕਰਨ ਦਾ ਸਬੂਤ ਦੇਣਗੇ ਅਤੇ ਜੇ ਸਿਹਤ ਪ੍ਰਣਾਲੀ ਇਸ ਦੀ ਆਗਿਆ ਦਿੰਦੀ ਹੋਵੇਗੀ।"

ਉਨ੍ਹਾਂ ਨੇ ਕਿਹਾ, "ਵਧੇਰੇ ਜਾਣਕਾਰੀ ਲਈ ਨਾਗਰਿਕ, ਮੈਂਬਰ ਸਟੇਟ ਕੋਲ ਜਾ ਸਕਦੇ ਹਨ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)