ਪਿਊ ਰਿਸਰਚ: 70 ਫੀਸਦ ਸਿੱਖ ਕਹਿੰਦੇ ਹਨ ਜੋ ਭਾਰਤ ਦਾ ਸਤਿਕਾਰ ਨਹੀਂ ਕਰਦਾ ਉਹ ਸਿੱਖ ਨਹੀਂ ਹੋ ਸਕਦਾ - 5 ਅਹਿਮ ਖ਼ਬਰਾਂ

ਭਾਰਤ ਦੇ ਵੱਖ-ਵੱਖ ਧਰਮਾਂ ਬਾਰੇ ਪੀਊ ਰਿਸਰਚ ਸੈਂਟਰ ਦੇ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਸਿੱਖ ਭਾਈਚਾਰੇ ਦੇ 70 ਫੀਸਦ ਲੋਕ ਇਹ ਮੰਨਦੇ ਹਨ ਕਿ ਜੋ ਭਾਰਤ ਦਾ ਸਤਿਕਾਰ ਨਹੀਂ ਕਰਦਾ ਹੈ ਉਹ ਸੱਚਾ ਸਿੱਖ ਨਹੀਂ ਹੈ।

ਅਜਿਹੇ ਕਈ ਅੰਕੜੇ ਪਿਊ ਰਿਸਰਚ ਸੈਂਟਰ ਵੱਲੋਂ ਕੀਤੀ ਗਈ ਖੋਜ ਵਿੱਚ ਸਾਹਮਣੇ ਆਏ ਹਨ।

ਇਹ ਰਿਸਰਚ 17 ਭਾਸ਼ਾਵਾਂ ਦੇ ਕਰੀਬ 30 ਹਜ਼ਾਰ ਲੋਕਾਂ ਦੇ ਫੇਸ-ਟੂ-ਫੇਸ ਇੰਟਰਵਿਊ 'ਤੇ ਆਧਾਰਿਤ ਹੈ, ਜੋ 2019 ਦੀ ਅਖੀਰ ਵਿੱਚ ਅਤੇ 2020 ਦੀ ਸ਼ੁਰੂਆਤ (ਕੋਵਿਡ ਮਹਾਮਾਰੀ ਤੋਂ ਪਹਿਲਾਂ) ਵਿੱਚ ਕੀਤੀ ਸੀ।

ਇਹ ਵੀ ਪੜ੍ਹੋ-

ਭਾਰਤੀ ਮਰਦਮਸ਼ੁਮਾਰੀ ਮੁਤਾਬਕ ਸਿੱਖਾਂ ਦੀ ਵਧੇਰੇ ਆਬਾਦੀ ਲਗਭਗ 77 ਫੀਸਦ ਹਿੱਸਾ ਅਜੇ ਵੀ ਪੰਜਾਬ ਵਿੱਚ ਰਹਿੰਦਾ ਹੈ। 93 ਫੀਸਦ ਸਿੱਖ ਕਹਿੰਦੇ ਹਨ ਕਿ ਉਨ੍ਹਾਂ ਨੂੰ ਸੂਬੇ ਵਿੱਚ ਰਹਿਣ ਦਾ ਮਾਣ ਹੈ।

ਕਰੀਬ 95 ਫੀਸਦ ਸਿੱਖਾਂ ਨੂੰ ਭਾਰਤੀ ਹੋਣ 'ਤੇ ਮਾਣ ਹੈ ਅਤੇ 70 ਫੀਸਦ ਕਹਿੰਦੇ ਹਨ ਕਿ ਜੋ ਭਾਰਤ ਦਾ ਸਤਿਕਾਰ ਨਹੀਂ ਕਰਦਾ ਉਹ ਸਿੱਖ ਨਹੀਂ ਹੋ ਸਕਦਾ।

ਇਸ ਰਿਸਰਚ ਸਰਵੇ ਅਨੁਸਾਰ ਭਾਰਤ ਵਿੱਚ ਰਹਿੰਦੇ ਸਿੱਖਾਂ ਵਿੱਚੋਂ 76 ਫੀਸਦ (ਔਰਤਾਂ-ਮਰਦ) ਕਹਿੰਦੇ ਹਨ ਉਹ ਆਪਣੇ ਕੇਸਾਂ ਦੀ ਬੇਅਦਬੀ (ਵਾਲ ਨਾ ਕਟਵਾਉਣਾ) ਨਹੀਂ ਕਰਦੇ ਹਨ।

ਇਸ ਤੋਂ ਇਲਾਵਾ 67 ਫੀਸਦ ਲੋਕਾਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਬੱਚੇ ਵੀ ਕੇਸਾਂ ਦੀ ਬੇਅਦਬੀ ਨਾ ਕਰਨ।

ਹੋਰਨਾਂ ਭਾਰਤੀ ਨੌਜਵਾਨਾਂ ਦੀ ਤੁਲਨਾ ਵਿੱਚ 40 ਫੀਸਦ ਸਿੱਖਾਂ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਗੁਰਦੁਆਰੇ ਜਾਂਦੇ ਹਨ, ਉੱਥੇ 14 ਫੀਸਦ ਰੋਜ਼ਾਨਾ ਮੰਦਿਰ ਜਾਂਦੇ ਹਨ। ਰਿਸਰਚ ਬਾਰੇ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਪਟੌਦੀ ਮਹਾਪੰਚਾਇਤ: 'ਸ਼ਾਹੀ ਖਾਨਦਾਨ' ਤੇ ਘੱਟ ਗਿਣਤੀ ਭਾਈਚਾਰੇ ਨੂੰ ਧਮਕੀਆਂ

ਹਰਿਆਣਾ ਦੇ ਪਟੌਦੀ ਸ਼ਹਿਰ ਵਿੱਚ ਹੋਈ ਹਿੰਦੂ ਮਹਾਪੰਚਾਇਤ ਵਿੱਚ ਭਾਜਪਾ ਦੇ ਬੁਲਾਰੇ ਅਤੇ ਕਰਨੀ ਸੈਨਾ ਦੇ ਆਗੂ ਸੂਰਜ ਪਾਲ ਅਮੂ ਨੇ ਮੁਸਲਮਾਨਾਂ ਬਾਰੇ ਵਿਵਾਦਿਤ ਬਿਆਨ ਦਿੱਤਾ ਹੈ।

'ਲਵ-ਜਿਹਾਦ' ਅਤੇ ਧਰਮ ਪਰਿਵਰਤਨ ਦੇ ਮਾਮਲਿਆਂ ਦੇ ਖ਼ਿਲਾਫ਼ ਹਿੰਦੂ ਮਹਾਪੰਚਾਇਤ ਲੰਘੇ ਐਤਵਾਰ 4 ਜੁਲਾਈ ਨੂੰ ਕਰਵਾਈ ਗਈ ਸੀ। ਇਸ ਮਹਾਪੰਚਾਇਤ ਵਿੱਚ ਕਈ ਨੇੜਲੇ ਪਿੰਡਾਂ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ।

ਸੂਰਜ ਪਾਲ ਅਮੂ ਨੇ ਮਹਾਪੰਚਾਇਤ ਵਿੱਚ ਸ਼ਾਮਿਲ ਲੋਕਾਂ ਨੂੰ ਅਪੀਲ ਕੀਤੀ ਕਿ 'ਇਨ੍ਹਾਂ' (ਘੱਟ ਗਿਣਤੀ ਭਾਈਚਾਰਿਆਂ) ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇ, ਤਾਂ ਜੋ ਸਬੰਧਿਤ ਸਮੱਸਿਆਵਾਂ ਖ਼ਤਮ ਹੋ ਸਕਣ।

ਉਨ੍ਹਾਂ ਨੇ ਨੌਜਵਾਨਾਂ ਨੂੰ ਅਜਿਹੇ ਪਾਰਕਾਂ ਵਿੱਚੋਂ ਪੱਥਰ ਪੁੱਟ ਸੁੱਟਣ ਲਈ ਕਿਹਾ ਜਿੱਥੇ ਖ਼ਾਸ ਭਾਈਚਾਰੇ ਦੇ ਲੋਕਾਂ ਦੇ ਨਾਮ ਦੇਖੇ ਜਾ ਸਕਦੇ ਹਨ। ਵਿਸਥਾਰ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਸਟੇਨ ਸਵਾਮੀ ਦਾ ਦੇਹਾਂਤ: ਆਦਿਵਾਸੀ ਹੱਕਾਂ ਲਈ ਲੜਨ ਵਾਲਾ 84 ਸਾਲਾ ਬਜ਼ੁਰਗ, ਜਿਸ ਨੂੰ ਜੇਲ੍ਹ 'ਚ ਸਿਪਰ ਲਈ ਮਹੀਨਾ ਜੱਦੋਜਹਿਦ ਕਰਨੀ ਪਈ ਸੀ

ਫਾਦਰ ਸਟੇਨ ਸਵਾਮੀ ਦਾ ਦੇਹਾਂਤ ਹੋ ਗਿਆ ਹੈ। 84 ਸਾਲ ਦੇ ਸਟੇਨ ਸਵਾਮੀ ਭੀਮਾ ਕੋਰੇਗਾਂਓ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਸਨ।

ਉਨ੍ਹਾਂ 'ਤੇ ਹਿੰਸਾ ਭੜਕਾਉਣ ਦਾ ਮਾਮਲਾ ਚੱਲ ਰਿਹਾ ਸੀ।

ਮੁੰਬਈ ਦੇ ਹੋਲੀ ਫੈਮਿਲੀ ਹਸਪਤਾਲ ਦੇ ਡਾਕਟਰ ਡਿਸੂਜਾ ਨੇ ਦੱਸਿਆ, "ਸ਼ਨੀਵਾਰ ਤੜਕੇ ਸਵੇਰੇ ਸਾਢੇ 4 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਵਿੱਚ ਸੁਧਾਰ ਨਹੀਂ ਹੋਇਆ।"

ਉਨ੍ਹਾਂ ਨੇ ਦੱਸਿਆ ਕਿ ਡਾਕਟਰਾਂ ਨੇ ਸੋਮਵਾਰ ਦੁਪਹਿਰ 1.30 ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਭੀਮਾ ਕੋਰੇਗਾਂਓ ਹਿੰਸਾ ਮਾਮਲੇ ਵਿੱਚ ਸਟੇਨ ਸਵਾਮੀ ਨੂੰ ਐਨਆਈਏ ਨੇ ਰਾਂਚੀ ਤੋਂ ਪਿਛਲੇ ਸਾਲ ਹਿਰਾਸਤ ਵਿੱਚ ਲਿਆ ਸੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਜਦੋਂ ਕੈਨੇਡਾ ਦੇ ਮੂਲ ਨਿਵਾਸੀ ਬੱਚਿਆਂ ਨੂੰ ਵਿਗਿਆਨਿਕ ਅਧਿਐਨ ਲਈ 'ਪ੍ਰਯੋਗਸ਼ਾਲਾ ਦੇ ਚੂਹਿਆਂ ਵਾਂਗ ਇਸਤੇਮਾਲ ਕੀਤਾ ਗਿਆ'

ਕੈਨੇਡਾ ਦੇ ਇੱਕ ਤੋਂ ਬਾਅਦ ਇੱਕ ਰਿਹਾਇਸ਼ੀ ਸਕੂਲਾਂ ਦੀਆਂ ਸਮੂਹਿਕ ਕਬਰਾਂ ਅਤੇ ਬੱਚਿਆਂ ਦੇ ਪਿੰਜਰਾਂ ਨੇ ਉਸ ਕਹਿਰ 'ਤੇ ਰੌਸ਼ਨੀ ਪਾਈ ਹੈ।

ਇਹ ਕਹਿਰ ਬਸਤੀਵਾਦੀਆਂ ਨੇ ਉੱਥੋਂ ਦੇ ਰਿਹਾਇਸ਼ੀ ਸਕੂਲ ਸਿਸਟਮ ਜ਼ਰੀਏ ਮੂਲ ਨਿਵਾਸੀ ਬੱਚਿਆਂ ਉੱਪਰ ਢਾਹਿਆ ਸੀ।

ਕੈਨੇਡਾ ਦੇ ਕੈਮਲੂਪਸ, ਬਰੈਂਡਨ ਅਤੇ ਕਾਓਸੈਸਿਸ ਦੇ ਰਿਹਾਇਸ਼ੀ ਸਕੂਲਾਂ ਵਿੱਚ ਬੱਚਿਆਂ ਦੇ ਪਿੰਜਰ ਮਿਲੇ ਹਨ ਜਿਸ ਤੋਂ ਬਾਅਦ ਦੇਸ਼ ਵਿੱਚ ਸ਼ੋਕ ਅਤੇ ਸਦਮੇ ਦੀ ਲਹਿਰ ਹੈ।

ਕੈਨੇਡਾ ਵਿੱਚ ਬਸਤੀਵਾਦ ਅਤੇ ਪੋਸ਼ਣ ਮਾਹਰ ਹੋਣ ਦੇ ਨਾਤੇ ਮੈਂ ਆਪਣੇ ਸਹਿਕਰਮੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਉਸ ਨੁਕਸਾਨ ਨੂੰ ਤਸਲੀਮ ਕਰਨ ਜੋ ਕੈਨੇਡਾ ਦੇ ਮੂਲ ਨਿਵਾਸੀ ਬੱਚਿਆਂ ਉੱਪਰ ਕੀਤੇ ਗਏ ਕੁਪੋਸ਼ਣ ਸੰਬੰਧੀ ਅਧਿਐਨਾਂ ਨੇ ਢਾਹਿਆ ਸੀ।

ਇਸ ਤੋਂ ਵੀ ਵੱਧ ਕੇ ਇਨ੍ਹਾਂ ਅਧਿਐਨਾਂ ਦੀ ਮੂਲ ਨਿਵਾਸੀਆਂ ਦੀ ਵਿਰਾਸਤ ਉੱਪਰ ਕੀ ਛਾਪ ਪਈ ਹੈ। ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਅਫਗਾਨਿਸਤਾਨ: ਤਾਲਿਬਾਨ ਨਾਲ ਝੜਪਾਂ ਤੋਂ ਬਾਅਦ 1000 ਅਫਗਾਨ ਫੌਜੀ ਤਜਾਕਿਸਤਾਨ ਭੱਜੇ

ਤਾਲਿਬਾਨ ਲੜਾਕਿਆਂ ਨਾਲ ਝੜਪਾਂ ਹੋਣ ਤੋਂ ਬਾਅਦ 1000 ਤੋਂ ਵੀ ਵੱਧ ਅਫਗਾਨਿਸਤਾਨ ਦੇ ਫੌਜੀ ਗੁਆਂਢੀ ਮੁਲਕ ਤਜਾਕਿਸਤਾਨ ਚਲੇ ਗਏ ਹਨ।

ਤਜਾਕਿਸਤਾਨ ਬਾਰਡਰ ਦੇ ਗਾਰਡ ਵੱਲੋਂ ਆਏ ਬਿਆਨ ਮੁਤਾਬਕ, "ਅਫਗਾਨ ਸੈਨਿਕ ਆਪਣੀਆਂ ਜਾਨਾਂ ਬਚਾਉਣ ਲਈ" ਸਰਹੱਦ 'ਤੇ ਭੱਜ ਆਏ।

ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਏ ਸਮਝੌਤੇ ਤਹਿਤ ਅਮਰੀਕਾ ਤੇ ਵਿਦੇਸ਼ੀ ਫੌਜੀਆਂ ਦੀ ਨਫ਼ਰੀ ਘਟਾਈ ਜਾ ਰਹੀ ਹੈ।

ਇਸ ਦੇ ਇਵਜ਼ ਵਜੋਂ ਤਾਲਿਬਾਨ ਨੇ ਵਾਅਦਾ ਕੀਤਾ ਹੈ ਕਿ ਉਹ ਆਪਣੇ ਕਬਜ਼ੇ ਵਾਲੇ ਇਲਾਕੇ ਵਿਚ ਅਲ-ਕਾਇਦਾ ਤੇ ਦੂਜੇ ਕੱਟੜਵਾਦੀ ਸੰਗਠਨਾਂ ਨੂੰ ਸਰਗਰਮੀ ਦੀ ਇਜਾਜ਼ਤ ਨਹੀਂ ਦੇਵੇਗਾ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸਿੰਤਬਰ ਤੱਕ ਸਾਰੇ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਤਾਲਿਬਾਨ ਅਫ਼ਗਾਨਿਸਤਾਨ ਦੇ ਹੋਰ ਜ਼ਿਲ੍ਹਿਆਂ ਉੱਤੇ ਕਬਜ਼ੇ ਕਰ ਰਿਹਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)