ਕੋਰੋਨਾ ਕਾਲ 'ਚ ਵਿਦੇਸ਼ ਜਾਣ ਵਾਲੇ ਪੰਜਾਬੀਆਂ ਦੇ ਮਨਾਂ 'ਚ ਕੀ ਹਨ ਸਵਾਲ ਤੇ ਉਨ੍ਹਾਂ ਦੇ ਜਵਾਬ

    • ਲੇਖਕ, ਅਰਵਿੰਦ ਢਾਬੜਾ
    • ਰੋਲ, ਬੀਬੀਸੀ ਪੱਤਰਕਾਰ

21 ਸਾਲਾ ਮਨਪ੍ਰੀਤ ਸਿੰਘ ਪੰਜਾਬ ਦੇ ਡੇਰਾ ਬੱਸੀ ਨੇੜੇ ਇੱਕ ਪਿੰਡ ਵਿਚ ਰਹਿੰਦਾ ਹੈ ਤੇ ਅਣਗਿਣਤ ਪੰਜਾਬੀਆਂ ਵਾਂਗ ਉਸ ਦਾ ਵੀ ਕੈਨੇਡਾ ਜਾਣ ਦਾ ਸੁਪਨਾ ਹੈ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ, "ਆਪਣੇ ਵਧੀਆ ਭਵਿੱਖ ਲਈ ਮੈਂ ਸਟੱਡੀ ਬੇਸ 'ਤੇ ਕੈਨੇਡਾ ਜਾਣਾ ਚਾਹੁੰਦਾ ਹਾਂ।"

ਅਜਿਹਾ ਹੀ ਸੁਪਨਾ ਪਟਿਆਲਾ ਜ਼ਿਲ੍ਹੇ ਦੇ ਕੌਰਜੀਵਾਲ ਪਿੰਡ ਦੇ ਗੁਰਪ੍ਰੀਤ ਸਿੰਘ ਦਾ ਹੈ। 21 ਸਾਲਾ ਗੁਰਪ੍ਰੀਤ ਦਾ ਕੈਨੇਡਾ ਦਾ ਵੀਜ਼ਾ ਵੀ ਲੱਗ ਗਿਆ ਹੈ ਪਰ ਉਹ ਦੱਸਦੇ ਹਨ ਕਿ ਸਮੱਸਿਆ ਇਹ ਹੈ ਕਿ 31 ਜੁਲਾਈ ਤੱਕ ਕੋਈ ਫਲਾਈਟ ਨਹੀਂ ਹੈ।

ਇਹ ਵੀ ਪੜ੍ਹੋ-

ਦਰਅਸਲ, ਅੱਜ ਕਲ ਕੋਰੋਨਾਵਾਇਰਸ ਕਾਰਨ ਹਾਲਾਤ ਅਜਿਹੇ ਹਨ ਕਿ ਸਾਰੇ ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਲੋਕਾਂ 'ਤੇ ਖ਼ਾਸ ਤੌਰ 'ਤੇ ਵਿਦਿਆਰਥੀਆ ਦੇ ਦਿਮਾਗ਼ ਵਿੱਚ ਕਈ ਪ੍ਰਸ਼ਨ ਉੱਠਦੇ ਹਨ।

ਜਿਵੇਂ ਕਿਹੜੀ ਵੈਕਸੀਨ ਲਵਾਉਣੀ ਹੈ ਤੇ ਕੀ ਵੀਜ਼ਾ ਮਿਲ ਰਿਹਾ ਹੈ? ਫਲਾਈਟ ਕਦੋਂ ਤੱਕ ਮਿਲੇਗੀ? ਲੋਕਾਂ ਦੇ ਮਨਾਂ ਵਿੱਚ ਅਜਿਹੇ ਕਈ ਸਵਾਲ ਹਨ ਜਿੰਨਾ ਦੇ ਜਵਾਬ ਦੇਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ।

ਕੀ ਵਿਦੇਸ਼ ਜਾਣ ਲਈ ਤੁਸੀਂ ਜਲਦੀ ਵੈਕਸੀਨ ਲਵਾ ਸਕਦੇ ਹੋ?

ਪਿਛਲੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਵੀਸ਼ੀਲਡ ਟੀਕੇ ਦੀ ਦੂਜੀ ਖ਼ੁਰਾਕ ਦੇ ਨਿਰਧਾਰਿਤ ਸਮੇਂ ਨੂੰ ਘਟਾਉਣ ਲਈ ਕਈ ਵਾਰ ਇਹ ਮੁੱਦਾ ਭਾਰਤ ਸਰਕਾਰ ਕੋਲ ਉਠਾਇਆ ਸੀ ਤਾਂ ਜੋ ਅੰਤਰਰਾਸ਼ਟਰੀ ਯਾਤਰੀਆਂ ਖ਼ਾਸ ਕਰ ਕੇ ਵਿਦਿਆਰਥੀਆਂ ਨੂੰ ਟੀਕਾਕਰਨ ਦੀ ਸਹੂਲਤ ਦਿੱਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਪੜ੍ਹਾਈ ਲਈ ਵੱਡੀ ਰਕਮ ਦੇਣ ਅਤੇ ਟੀਕਾਕਰਨ ਦੀ ਪੂਰੀ ਖ਼ੁਰਾਕ ਨਾ ਲੈਣ ਕਾਰਨ ਵਿਦਿਆਰਥੀ ਵਿਦੇਸ਼ ਨਹੀਂ ਜਾ ਸਕੇ।

ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਵਾਰ-ਵਾਰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਰਹੀ ਹੈ ਕਿ ਕੋਵੀਸ਼ੀਲਡ ਦੀ ਦੂਜੀ ਖ਼ੁਰਾਕ ਦੇ ਅੰਤਰਾਲ ਨੂੰ 84 ਦਿਨਾਂ ਤੋਂ ਘਟਾਇਆ ਜਾਵੇ।

ਸਿੱਧੂ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਿਫ਼ਾਰਸ਼ਾਂ ਜਾਰੀ ਕੀਤੀਆਂ ਹਨ, ਜਿਸ ਮੁਤਾਬਿਕ ਪੜ੍ਹਾਈ ਦੇ ਉਦੇਸ਼ ਲਈ ਵਿਦੇਸ਼ ਯਾਤਰਾ ਕਰਨ ਵਾਲੇ ਵਿਦਿਆਰਥੀ ਕੋਵੀਸ਼ੀਲਡ ਟੀਕਾਕਰਨ ਦੀ ਦੂਜੀ ਖ਼ੁਰਾਕ ਲਈ ਯੋਗ ਲਾਭਪਾਤਰੀ ਹੋਣਗੇ।

ਜਿਨ੍ਹਾਂ ਲਈ ਨਿਰਧਾਰਿਤ ਸਮਾਂ ਅੰਤਰਾਲ 28 ਦਿਨਾਂ ਬਾਅਦ ਪਰ 84 ਦਿਨਾਂ ਤੋਂ ਪਹਿਲਾਂ ਹੋਵੇਗਾ।

ਇਸੇ ਤਰ੍ਹਾਂ ਟੋਕਿਓ ਵਿੱਚ ਹੋਣ ਵਾਲੀਆਂ ਅੰਤਰਰਾਸ਼ਟਰੀ ਉਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਦੇਸ਼ੀ ਮੁਲਕਾਂ ਵਿੱਚ ਨੌਕਰੀ ਕਰਨ ਵਾਲੇ, ਅਥਲੀਟਾਂ, ਖਿਡਾਰੀਆਂ ਅਤੇ ਉਨ੍ਹਾਂ ਦੇ ਨਾਲ ਜਾਣ ਵਾਲੇ ਭਾਰਤ ਸਟਾਫ਼ ਦੇ ਕਰਮਚਾਰੀ ਇਸ ਟੀਕਾਕਰਨ ਲਈ ਯੋਗ ਹੋਣਗੇ।

ਉਨ੍ਹਾਂ ਸਪਸ਼ਟ ਕੀਤਾ ਕਿ ਐਸਓਪੀਜ਼ ਨੂੰ ਸਿਰਫ਼ ਕੋਵੀਸ਼ੀਲਡ ਲਈ ਵਿਸ਼ੇਸ਼ ਤੌਰ 'ਤੇ ਜਾਰੀ ਕੀਤਾ ਗਿਆ ਹੈ ਕਿਉਂਕਿ ਕੋਵੀਸ਼ੀਲਡ ਦੀਆਂ 2 ਖ਼ੁਰਾਕਾਂ ਵਿਚਕਾਰ ਸਮੇਂ ਦਾ ਅੰਤਰਾਲ 6-8 ਹਫ਼ਤਿਆਂ ਤੋਂ ਵਧਾ ਕੇ 12-16 ਹਫ਼ਤਿਆਂ ਤੱਕ ਕੀਤਾ ਗਿਆ ਸੀ।

ਕੋਵੈਕਸੀਨ ਦੀ ਮਿਆਦ 4-6 ਹਫ਼ਤਿਆਂ ਦੀ ਹੈ, ਇਸ ਲਈ ਕੋਵੈਕਸੀਨ ਦੀ ਦੂਜੀ ਖ਼ੁਰਾਕ ਲਈ ਕਿਸੇ ਵਿਸ਼ੇਸ਼ ਪ੍ਰਬੰਧ ਦੀ ਕੋਈ ਲੋੜ ਨਹੀਂ ਸੀ।

ਕੀ ਭਾਰਤ ਦੀ ਬਣੀ ਵੈਕਸੀਨ ਕੋਵੈਕਸੀਨ ਲਵਾ ਕੇ ਤੁਸੀਂ ਵਿਦੇਸ਼ ਨਹੀਂ ਜਾ ਸਕਦੇ?

ਸਿਹਤ ਵਿਭਾਗ ਦੇ ਅਫ਼ਸਰਾਂ ਨੇ ਦੱਸਿਆ ਕਿ ਕਈ ਲੋਕ ਇਸ ਤੋਂ ਬਾਅਦ ਇਸ ਜਾਣਕਾਰੀ ਲਈ ਫ਼ੋਨ ਕਰ ਰਹੇ ਹਨ ਕਿ ਕੋਵੈਕਸੀਨ ਵਾਲੇ ਲੋਕਾਂ ਦਾ ਕੀ ਹੋਏਗਾ।

ਪੰਜਾਬ ਸਿਹਤ ਵਿਭਾਗ ਦੇ ਕੋਵਿਡ ਲਈ ਨੋਡਲ ਅਫ਼ਸਰ ਡਾਕਟਰ ਰਾਜੇਸ਼ ਭਾਸਕਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਅਜੇ ਤੱਕ WHO ਨੇ ਕੋਵੈਕਸੀਨ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ ਪਰ ਲੋਕਾਂ ਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ।

ਇਸ ਵੈਕਸੀਨ ਦੀ ਪ੍ਰਵਾਨਗੀ 'ਤੇ ਵੀ ਕੰਮ ਚੱਲ ਰਿਹਾ ਹੈ ਤੇ ਉਮੀਦ ਹੈ ਕਿ ਅਗਲੇ 10-12 ਦਿਨਾਂ ਤੱਕ ਇਸ ਵੈਕਸੀਨ ਨੂੰ ਮਨਜ਼ੂਰੀ ਮਿਲ ਜਾਏਗੀ।

ਵੈਸੇ ਮਨਪ੍ਰੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਤਾਂ ਪਹਿਲਾਂ ਹੀ ਕੋਵੀਸ਼ੀਲਡ ਹੀ ਲੁਆਈ ਹੈ। ਇਵੇਂ ਹੀ ਗੁਰਪ੍ਰੀਤ ਨੇ ਇਸ ਕਰ ਕੇ ਕੋਵੀਸ਼ੀਲਡ ਲੁਆਈ ਕਿ ਇਹ ਕਈ ਦੇਸ਼ਾਂ 'ਚ ਮਿਲ ਜਾਂਦੀ ਹੈ।

ਪਾਸਪੋਰਟ ਨੂੰ ਵੈਕਸੀਨ ਨਾਲ ਕਿਵੇਂ ਲਿੰਕ ਕੀਤਾ ਜਾ ਸਕਦਾ ਹੈ?

ਇਹ ਇੱਕ ਹੋਰ ਪ੍ਰਸ਼ਨ ਹੈ ਜੋ ਬਾਹਰ ਜਾਣ ਵਾਲੇ ਵਿਦਿਆਰਥੀ ਕਰ ਰਹੇ ਹਨ।

ਭਾਰਤ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਆਂ ਮੁਤਾਬਕ ਕੋਵਿਨ ਐਪ ਤੋਂ ਟੀਕਾ ਸਰਟੀਫਿਕੇਟ ਹੁਣ ਸਿੱਖਿਆ, ਕੰਮ ਦੇ ਅਵਸਰਾਂ ਲਈ ਜਾਂ ਟੋਕਿਓ ਉਲੰਪਿਕ ਲਈ ਭਾਰਤੀ ਟੁਕੜੀ ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਯਾਤਰਾ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਪਾਸਪੋਰਟ ਨਾਲ ਜੁੜ ਜਾਣਗੇ।

ਨੋਡਲ ਅਫ਼ਸਰ ਰਾਜੇਸ਼ ਭਾਸਕਰ ਨੇ ਦੱਸਿਆ ਕਿ ਜਦੋਂ ਤੁਸੀਂ ਵੈਕਸੀਨੇਸ਼ਨ ਲਈ ਰਜਿਸਟਰ ਕਰੋਗੇ ਤਾਂ ਆਪਣੇ ਪਾਸਪੋਰਟ ਨੂੰ ਰਜਿਸਟਰ ਕਰ ਸਕਦੇ ਹੋ।

ਇਹ ਵੀ ਪੜ੍ਹੋ-

ਪਰ ਜੇਕਰ ਤੁਸੀਂ ਪਹਿਲਾਂ ਹੀ ਵੈਕਸੀਨ ਲਵਾ ਲਿਆ ਹੈ ਤਾਂ ਤੁਸੀਂ ਆਪਣਾ ਪਾਸਪੋਰਟ ਜਾ ਕੇ ਵੈਕਸੀਨ ਵਾਲੀ ਥਾਂ ਤੋਂ ਆਫ਼ ਲਾਈਨ ਇਸ ਦਾ ਸਰਟੀਫਿਕੇਟ ਲੈ ਸਕਦੇ ਹੋ। ਹਾਂ ਇਸ ਦੇ ਲਈ ਤਹਾਨੂੰ ਵਿਦੇਸ਼ ਯਾਤਰਾ ਦਾ ਸਬੂਤ ਦੇਣਾ ਪਏਗਾ।

ਕੀ ਤੁਹਾਨੂੰ ਵਿਦੇਸ਼ ਵਿੱਚ ਜਾ ਕੇ ਕੁਆਰੰਟੀਨ ਹੋਣਾ ਪਏਗਾ?

ਕੁਆਰੰਟੀਨ ਲਈ ਵੱਖ-ਵੱਖ ਦੇਸ਼ਾਂ ਲਈ ਵੱਖ-ਵੱਖ ਨਿਯਮ ਹਨ। ਮੋਹਾਲੀ ਜ਼ਿਲ੍ਹੇ ਦੇ ਇਮੀਗਰੇਸ਼ਨ ਅਧਿਕਾਰੀ ਜੇਪੀ ਸਿੰਘ ਦੱਸਦੇ ਹਨ ਕਿ ਮਿਸਾਲ ਦੇ ਤੌਰ 'ਤੇ ਕਨੈਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਕਿਸੇ ਹੋਟਲ ਵਿੱਚ ਬੁਕਿੰਗ ਕਰਾਉਣੀ ਪਏਗੀ ਜਿੱਥੇ ਉਹ ਦੋ ਹਫ਼ਤੇ ਲਈ ਕੁਆਰੰਟੀਨ ਕਰ ਸਕਣ।

ਕੈਨੇਡਾ ਜਾਣ ਦੀ ਇੱਛਾ ਰੱਖਣ ਵਾਲੇ ਮਨਪ੍ਰੀਤ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ ਵੀ ਇਸ ਦੇ ਬਾਰੇ ਪਤਾ ਕੀਤਾ ਹੈ ਕਿ ਪਹਿਲਾਂ ਇਮੀਗ੍ਰੇਸ਼ਨ ਅਫ਼ਸਰ ਤੇ ਫੇਰ ਉੱਥੇ ਪਹੁੰਚਣ 'ਤੇ ਵੀ ਤੁਹਾਨੂੰ ਦੱਸਣਾ ਪਏਗਾ ਕਿ ਤੁਸੀਂ ਕਿਹੜੀ ਜਗਾ 'ਤੇ ਕੁਆਰਨਟੀਨ ਕਰ ਰਹੇ ਹੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੀ ਵਿਦੇਸ਼ਾਂ ਲਈ ਫਲਾਇਟਾਂ ਜਾ ਰਹੀਆਂ ਹਨ?

ਕੇਂਦਰ ਸਰਕਾਰ ਨੇ ਮਈ ਦੇ ਅੰਤ ਵਿੱਚ ਅੰਤਰਰਾਸ਼ਟਰੀ ਵਪਾਰਕ ਉਡਾਣਾਂ 'ਤੇ ਪਾਬੰਦੀ 30 ਜੂਨ ਤੱਕ ਵਧਾ ਦਿੱਤੀ ਸੀ। ਨਿਰਧਾਰਿਤ ਵਿਦੇਸ਼ੀ ਉਡਾਣਾਂ 'ਤੇ ਰੋਕ 14 ਮਹੀਨੇ ਦੇ ਅੰਤਰਾਲ ਤੋਂ ਬਾਅਦ 31 ਮਈ ਨੂੰ ਖ਼ਤਮ ਹੋਣੀ ਸੀ।

ਹਾਲਾਂਕਿ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਇੱਕ ਸਰਕੁਲਰ ਵਿੱਚ ਕਿਹਾ ਕਿ ਕੋਵਿਡ ਨਾਲ ਸਬੰਧਿਤ ਪਾਬੰਦੀਆਂ ਕਾਰਗੋ ਉਪਰੇਸ਼ਨਾਂ ਅਤੇ ਡੀਜੀਸੀਏ ਦੁਆਰਾ ਵਿਸ਼ੇਸ਼ ਤੌਰ 'ਤੇ ਮਨਜ਼ੂਰ ਕੀਤੀਆਂ ਉਡਾਣਾਂ 'ਤੇ ਲਾਗੂ ਨਹੀਂ ਹੋਣਗੀਆਂ।

ਹਾਲਾਂਕਿ, ਯੋਗ ਅਥਾਰਿਟੀ ਦੁਆਰਾ ਕੇਸ ਦੇ ਆਧਾਰ 'ਤੇ 'ਚੋਣਵੇਂ ਰੂਟਾਂ' 'ਤੇ ਅੰਤਰਰਾਸ਼ਟਰੀ ਨਿਰਧਾਰਿਤ ਉਡਾਣਾਂ ਦੀ ਆਗਿਆ ਦਿੱਤੀ ਜਾ ਸਕਦੀ ਹੈ। ਗੁਰਪ੍ਰੀਤ ਦੱਸਦੇ ਹਨ ਕਿ ਉਹ ਲਗਾਤਾਰ ਫਲਾਈਟਾਂ 'ਤੇ ਨਜ਼ਰ ਰੱਖ ਰਹੇ ਹਨ ਪਰ ਅਜਿਹਾ ਲੱਗਦਾ ਹੈ ਕਿ ਸਿੱਧੀਆਂ ਫਲਾਈਟਾਂ ਲਈ ਅਜੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)