ਕੋਰੋਨਾਵਾਇਰਸ: ਨਵੇਂ ਵੇਰੀਏਂਟ XBB.1.5 ਨੇ ਵਧਾਈ ਚਿੰਤਾ, ਕੀ ਹਨ ਇਸਦੇ ਲੱਛਣ ਤੇ ਇਹ ਕਿੰਨਾ ਖ਼ਤਰਨਾਕ

ਨਵੇਂ ਸਾਲ 2023 ਦੇ ਆਗਾਜ਼ ਦੇ ਨਾਲ ਹੀ ਕੋਰੋਨਾਵਾਇਰਸ ਬਾਰੇ ਕੁਝ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਨੂੰ ਲੈ ਕੇ ਫ਼ਿਕਰ ਦੇਖੀ ਜਾ ਰਹੀ ਹੈ।

ਕੋਰੋਨਾਵਾਇਰਸ ਦਾ ਹੁਣ ਇੱਕ ਨਵਾਂ ਸਬ-ਵੇਰੀਏਂਟ XBB.1.5 ਖ਼ਾਸ ਤੌਰ ਉੱਤੇ ਅਮਰੀਕਾ ਵਿੱਚ ਚਿੰਤਾਵਾਂ ਵਧਾ ਰਿਹਾ ਹੈ, ਜਿੱਥੇ ਇਹ ਵੇਰੀਏਂਟ ਤੇਜ਼ੀ ਨਾਲ ਫ਼ੈਲ ਰਿਹਾ ਹੈ।

ਇਹੀ ਨਹੀਂ ਯੂਕੇ ਵਿੱਚ ਵੀ ਇਸ ਨਵੇਂ ਸਬ-ਵੇਰੀਏਂਟ XBB.1.5 ਦੇ ਕੁਝ ਕੇਸ ਸਾਹਮਣੇ ਆਏ ਹਨ। ਅਜਿਹੇ ਵਿੱਚ ਆਓ ਜਾਣਦੇ ਹਾਂ ਇਸ ਨਵੇਂ ਵੇਰੀਏਂਟ ਬਾਰੇ...

XBB.1.5 ਵੇਰੀਏਂਟ ਕੀ ਤੇ ਕਿੰਨਾ ਖ਼ਤਰਨਾਕ

XBB.1.5 ਆਲਮੀ ਤੌਰ 'ਤੇ ਪ੍ਰਭਾਵੀ ਓਮੀਕਰੋਨ ਕੋਵਿਡ ਵੇਰੀਏਂਟ ਦੀ ਇੱਕ ਹੋਰ ਸ਼ਾਖਾ ਹੈ, ਜੋ ਖੁਦ ਪਹਿਲਾਂ ਦੇ ਅਲਫ਼ਾ, ਬੀਟਾ, ਗਾਮਾ ਅਤੇ ਡੈਲਟਾ ਵੇਰੀਏਂਟ ਦਾ ਹੀ ਅਗਲੀ ਕੜੀ ਹੈ।

XBB.1.5 ਦੇ ਲੱਛਣ ਓਮੀਕਰੋਨ ਦੇ ਬਰਾਬਰ ਸਮਝੇ ਜਾਂਦੇ ਹਨ, ਪਰ ਇਸ ਦੀ ਪੁਸ਼ਟੀ ਕਰਨਾ ਅਜੇ ਵੀ ਬਹੁਤ ਜਲਦੀ ਹੈ। ਜ਼ਿਆਦਾਤਰ ਲੋਕ ਠੰਡ ਲੱਗਣ ਵਰਗੇ ਲੱਛਣਾਂ ਦਾ ਅਨੁਭਵ ਕਰਦੇ ਹਨ।

XBB.1.5 ਖੁਦ XBB ਤੋਂ ਵਿਕਸਤ ਹੋਇਆ ਹੈ, ਜੋ ਸਤੰਬਰ 2022 ਵਿੱਚ ਯੂਕੇ ਵਿੱਚ ਆਉਣਾ ਸ਼ੁਰੂ ਹੋਇਆ ਸੀ, ਪਰ ਇਸ ਨੂੰ ਸਿਹਤ ਅਧਿਕਾਰੀਆਂ ਵੱਲੋਂ "ਚਿੰਤਾ ਦੇ ਰੂਪ" ਵਜੋਂ ਸ਼੍ਰੇਣੀਬੱਧ ਨਹੀਂ ਕੀਤਾ ਗਿਆ।

XBB ਵਿੱਚ ਇੱਕ ਬਦਲਾਅ ਸੀ, ਜਿਸ ਨੇ ਇਸ ਨੂੰ ਸਰੀਰ ਦੇ ਸੁਰੱਖਿਆ ਢਾਂਚੇ ਨੂੰ ਹਰਾਉਣ ਵਿੱਚ ਮਦਦ ਕੀਤੀ ਸੀ, ਪਰ ਇਸ ਗੁਣ ਨੇ ਮਨੁੱਖੀ ਸੈੱਲਾਂ ਨੂੰ ਲਾਗ ਲਾਉਣ ਦੀ ਸਮਰੱਥਾ ਨੂੰ ਵੀ ਘਟਾ ਦਿੱਤਾ ਸੀ।

ਇੰਪੀਰੀਅਲ ਕਾਲਜ ਲੰਡਨ ਤੋਂ ਪ੍ਰੋਫ਼ੈਸਰ ਵੈਂਡੀ ਬਾਰਕਲੇ ਨੇ ਕਿਹਾ ਕਿ XBB.1.5 ਵਿੱਚ ਇੱਕ ਬਦਲਾਅ ਸੀ, ਜਿਸ ਨੂੰ F486P ਕਿਹਾ ਜਾਂਦਾ ਹੈ।

ਜੋ ਪ੍ਰਤੀਰੋਧਕ ਸ਼ਕਤੀ ਤੋਂ ਬਚਣਾ ਜਾਰੀ ਰੱਖਦੇ ਹੋਏ ਸੈੱਲਾਂ ਨਾਲ ਬੰਨ੍ਹਣ ਦੀ ਇਸ ਯੋਗਤਾ ਨੂੰ ਬਹਾਲ ਕਰਦਾ ਹੈ। ਇਹ ਇਸ ਨੂੰ ਹੋਰ ਆਸਾਨੀ ਨਾਲ ਫੈਲਾਉਂਦਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨੀਆਂ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ XBB.1.5 ਦਾ ਹੁਣ ਤੱਕ ਦੇਖੇ ਗਏ ਹੋਰ ਸਾਰੇ ਉਪ-ਵਰਗਾਂ ਨਾਲੋਂ "ਵਿਕਾਸ ਲਾਭ" ਹੈ।

ਪਰ ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਇਹ ਪਿਛਲੇ ਓਮੀਕਰੋਨ ਵੇਰੀਏਂਟਸ ਨਾਲੋਂ ਜ਼ਿਆਦਾ ਗੰਭੀਰ ਜਾਂ ਨੁਕਸਾਨਦੇਹ ਸੀ।

ਵਿਸ਼ਵ ਸਿਹਤ ਸੰਸਥਾ ਨੇ ਕਿਹਾ ਕਿ ਉਹ ਮਰੀਜ਼ਾਂ 'ਤੇ ਇਸ ਦੇ ਪ੍ਰਭਾਵ ਬਾਰੇ ਹੋਰ ਜਾਣਨ ਲਈ ਲੈਬ ਅਧਿਐਨ, ਹਸਪਤਾਲ ਦੇ ਡੇਟਾ ਅਤੇ ਲਾਗ ਦੀਆਂ ਦਰਾਂ 'ਤੇ ਨੇੜਿਓਂ ਨਜ਼ਰ ਰੱਖੇਗਾ।

ਕਿੱਥੇ-ਕਿੱਥੇ ਫੈਲ ਰਿਹਾ ਹੈ

ਅਮਰੀਕਾ ਵਿੱਚ ਕੋਵਿਡ ਦੇ 40% ਤੋਂ ਵੱਧ ਕੇਸ XBB.1.5 ਦੇ ਕਾਰਨ ਹੋਣ ਦਾ ਅਨੁਮਾਨ ਹੈ, ਜਿਸ ਨਾਲ ਇਹ ਦੇਸ਼ ਵਿੱਚ ਪ੍ਰਮੁੱਖ ਤਣਾਅ ਬਣ ਗਿਆ ਹੈ।

ਦਸੰਬਰ 2022 ਦੀ ਸ਼ੁਰੂਆਤ ਵਿੱਚ ਅਮਰੀਕਾ ਵਿੱਚ ਸਿਰਫ 4% ਕੇਸ ਸਨ, ਇਸ ਲਈ ਇਸ ਨੇ ਓਮੀਕਰੋਨ ਦੇ ਦੂਜੇ ਸੰਸਕਰਣਾਂ ਨੂੰ ਤੇਜ਼ੀ ਨਾਲ ਪਛਾੜ ਦਿੱਤਾ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ ਪੂਰੇ ਅਮਰੀਕਾ ਵਿੱਚ ਕੋਵਿਡ ਹਸਪਤਾਲਾਂ ਵਿੱਚ ਦਾਖਲੇ ਵੱਧ ਰਹੇ ਹਨ।

ਯੂਕੇ ਵਿੱਚ 2022 ਵਿੱਚ ਪੰਜ ਓਮੀਕਰੋਨ ਲਹਿਰਾਂ ਸਨ ਅਤੇ ਮਾਮਲਿਆਂ ਵਿੱਚ ਹੋਰ ਵਾਧਾ ਲਾਜ਼ਮੀ ਹੈ।

ਕੈਮਬ੍ਰਿਜ ਵਿੱਚ ਸੈਂਗਰ ਇੰਸਟੀਚਿਊਟ ਤੋਂ ਸ਼ਨੀਵਾਰ 17 ਦਸੰਬਰ ਤੱਕ ਦੇ ਹਫ਼ਤੇ ਦੇ ਅੰਕੜਿਆਂ ਦੱਸਦੇ ਹਨ ਕਿ ਯੂਕੇ ਵਿੱਚ 25 ਕੋਵਿਡ ਕੇਸਾਂ ਵਿੱਚੋਂ ਇੱਕ XBB.1.5 ਸੀ।

ਪ੍ਰੋ. ਬਾਰਕਲੇ ਨੇ ਕਿਹਾ ਕਿ ਉਹ ਖਾਸ ਤੌਰ 'ਤੇ ਯੂਕੇ ਦੀ ਆਮ ਆਬਾਦੀ ਬਾਰੇ ਚਿੰਤਤ ਨਹੀਂ ਸਨ ਕਿਉਂਕਿ "ਕੋਈ ਸੰਕੇਤ" ਨਹੀਂ ਸੀ ਕਿ XBB.1.5 ਵੈਕਸੀਨ ਰਾਹੀਂ ਪ੍ਰਦਾਨ ਕੀਤੀ ਗਈ ਗੰਭੀਰ ਬਿਮਾਰੀ ਦੇ ਵਿਰੁੱਧ ਸੁਰੱਖਿਆ ਨੂੰ "ਸਫਲਤਾ" ਦੇਵੇਗਾ।

ਪਰ ਉਹ ਕਮਜ਼ੋਰ ਲੋਕਾਂ 'ਤੇ ਇਸ ਦੇ ਪ੍ਰਭਾਵ ਬਾਰੇ ਚਿੰਤਤ ਹਨ, ਜਿਸ ਵਿੱਚ ਇਮਯੂਨੋਕੰਪਰੋਮਾਈਜ਼ਡ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਕੋਵਿਡ ਵੈਕਸੀਨ ਤੋਂ ਘੱਟ ਲਾਭ ਮਿਲਦਾ ਹੈ।

ਇਨ੍ਹਾਂ ਤੋਂ ਕਿਸ ਤਰ੍ਹਾਂ ਬਚਿਆ ਜਾਵੇ

ਬਜ਼ੁਰਗ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ਵਿੱਚ ਇਸ ਦਾ ਖ਼ਤਰਾ ਵਧ ਸਕਦਾ ਹੈ। ਭਾਵੇਂ ਮੌਜੂਦਾ ਟੀਕੇ ਇਨ੍ਹਾਂ ਖ਼ਿਲਾਫ਼ ਪੂਰੀ ਤਰ੍ਹਾਂ ਕਾਰਗਰ ਸਾਬਤ ਨਾ ਹੋਣ ਪਰ ਫਿਰ ਵੀ ਬਿਮਾਰੀ ਤੋਂ ਕੁਝ ਹੱਦ ਤੱਕ ਬਚਾਅ ਕਰ ਸਕਦੇ ਹਨ।

ਇਸ ਤੋਂ ਪਹਿਲਾਂ ਵੀ ਟੀਕਿਆਂ ਕਾਰਨ ਅਲਫਾ, ਬੀਟਾ, ਡੈਲਟਾ ਤੇ ਗਾਮਾ ਵੇਰੀਏਂਟ ਖ਼ਿਲਾਫ਼ ਕਈ ਲੋਕਾਂ ਦੀ ਜਾਨ ਬਚੀ ਹੈ।

ਵਾਇਰਸ ਆਪਣਾ ਰੂਪ ਕਿਵੇਂ ਬਦਲਦਾ ਹੈ

ਵਾਇਰਸ ਪ੍ਰਜਣਨ ਲਈ ਆਪਣੀਆਂ ਹੋਰ ਕਾਪੀਆਂ ਬਣਾਉਂਦੇ ਹਨ ਪਰ ਕਈ ਵਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀ। ਇਹ ਨਵੀਆਂ ਕਾਪੀਆਂ ਹੀ ਨਵੇਂ ਜੈਨੇਟਿਕ ਬਦਲਾਅ ਨਾਲ ਨਵਾਂ ਵੇਰੀਏਂਟ ਪੈਦਾ ਕਰਦੀਆਂ ਹਨ।

ਜੇਕਰ ਨਵਾਂ ਵਾਇਰਸ ਹਾਲਾਤਾਂ ਵਿੱਚ ਢਲ ਜਾਂਦਾ ਹੈ ਤਾਂ ਇਹ ਬਿਮਾਰੀ ਫੈਲਾ ਸਕਦਾ ਹੈ।

ਕੋਰੋਨਾਵਾਇਰਸ ਕੋਲ ਜਿੰਨੇ ਜ਼ਿਆਦਾ ਆਪਣੇ ਆਪ ਬਦਲਾਅ ਦੇ ਮੌਕੇ ਹੋਣਗੇ, ਓਨੇ ਹੀ ਜ਼ਿਆਦਾ ਇਸ ਦੇ ਨਵੇਂ ਵੇਰੀਏਂਟ ਪੈਦਾ ਹੋ ਸਕਦੇ ਹਨ।

ਇਸ ਤੋਂ ਪਹਿਲਾਂ ਵੀ ਇਸ ਦੇ ਕਈ ਵੇਰੀਏਂਟ ਸਾਹਮਣੇ ਆਏ ਹਨ ਜਿਵੇਂ-

1. ਅਲਫ਼ਾ, ਬੀਟਾ, ਗ਼ਾਮਾ, ਡੇਲਟਾ...

ਸ਼ਾਇਦ ਤੁਸੀਂ ਵਾਰ-ਵਾਰ ਇਹ ਟਰਮ ਆਪਣੇ ਆਲੇ-ਦੁਆਲੇ ਜਾਂ ਅਖਬਾਰ-ਟੀਵੀ 'ਚ ਸੁਣ ਰਹੇ ਹੋਵੋ। ਇੱਥੇ ਗੱਲ ਕੋਰੋਨਾਵਾਇਰਸ ਦੇ ਉਨ੍ਹਾਂ ਵੱਖ-ਵੱਖ ਵੈਰੀਏਂਟਾਂ ਦੀ ਹੋ ਰਹੀ ਹੈ ਜੋ ਵੱਖ-ਵੱਖ ਦੇਸ਼ਾਂ ’ਚ ਪਾਏ ਗਏ।

ਵਿਸ਼ਵ ਸਿਹਤ ਸੰਗਠਨ ਨੇ ਇੰਨਾਂ ਵੈਰਿਅੰਟਾਂ ਨੂੰ 'ਵੈਰੀਐਂਟ ਆਫ਼ ਗਲੋਬਲ ਕਨਸਰਨ' ਅਤੇ 'ਵੈਰੀਐਂਟ ਆਫ਼ ਗਲੋਬਲ ਇੰਟਰਸਟ’ ਦੀ ਸ਼੍ਰੇਣੀ ’ਚ ਰੱਖਿਆ ਗਿਆ।

ਪਹਿਲਾਂ ਕੋਰੋਨਾਵਾਇਰਸ ਦੇ ਵੱਖ-ਵੱਖ ਰੂਪਾਂ ਨੂੰ ਉਨ੍ਹਾਂ ਦੇ ਦੇਸ਼ਾਂ ਦੇ ਨਾਮ ਨਾਲ ਜਾਣਿਆ ਜਾ ਰਿਹਾ ਸੀ, ਜਿਵੇਂ ਕਿ ਇੰਡੀਅਨ ਵੈਰੀਏਂਟ, ਯੂਕੇ ਵੈਰੀਏਂਟ, ਬ੍ਰਾਜ਼ੀਲ ਵੈਰੀਏਂਟ ਆਦਿ। ਪਰ ਹੁਣ ਅਜਿਹਾ ਨਹੀਂ ਹੈ।

ਹੁਣ ਵਿਸ਼ਵ ਸਿਹਤ ਸੰਗਠਨ ਨੇ ਇੰਨਾਂ ਨੂੰ ਗ੍ਰੀਕ ਭਾਸ਼ਾ ਦੇ ਅੱਖਰਾਂ ਵਾਲੇ ਨਾਮ ਦਿੱਤੇ ਹਨ। ਜਿਵੇਂ ਕਿ ਅਲਫ਼ਾ, ਬੀਟਾ, ਡੇਲਟਾ, ਜ਼ੀਟਾ ਆਦਿ।

ਵਿਸ਼ਵ ਸਿਹਤ ਸੰਗਠਨ ਨੇ ਗੱਲਬਾਤ ਨੂੰ ਆਸਾਨ ਬਣਾਉਣ ਅਤੇ ਕਿਸੇ ਦੇਸ਼ ਦੇ ਨਾਲ ਵੈਰੀਏਂਟ ਦੇ ਨਾਮ ਨੂੰ ਨਾ ਜੋੜਨ ਲਈ ਅਜਿਹਾ ਫੈਸਲਾ ਲਿਆ।

ਇਸ ਨਿਯਮ ਦੇ ਤਹਿਤ, ਭਾਰਤ ਵਿੱਚ ਸਭ ਤੋਂ ਪਹਿਲਾਂ ਪਾਏ ਗਏ ਵੈਰੀਏਂਟ B.1.617.1 ਨੂੰ ਕਾਪਾ ਅਤੇ B.1.617.2 ਨੂੰ ਡੇਲਟਾ ਕਿਹਾ ਗਿਆ।

ਅਲਫ਼ਾ ਵੈਰੀਏਂਟ ਨੂੰ ਪਹਿਲਾਂ ਯੂਕੇ ਵੈਰੀਏਂਟ ਕਿਹਾ ਜਾ ਰਿਹਾ ਸੀ। ਜੀ ਹਾਂ, ਇਹ ਉਹ ਹੀ ਵੈਰੀਏਂਟ ਹੈ ਜਿਸ ਦੇ ਮਾਮਲੇ ਅਚਾਨਕ ਪੰਜਾਬ ਵਿੱਚ ਵੱਧਦੇ ਨਜ਼ਰ ਆਏ ਸਨ।

ਪਰ ਬਾਅਦ ਵਿੱਚ ਇਸ ਨੂੰ ਅਲਫ਼ਾ ਵੈਰੀਏਂਟ ਕਿਹਾ ਗਿਆ। ਇਸ ਵੈਰੀਏਂਟ ਦੇ ਮਾਮਲੇ ਯੂਕੇ ਵਿੱਚ ਸਤੰਬਰ, 2020 ਦੇ ਨੇੜੇ ਆਉਣੇ ਸ਼ੁਰੂ ਹੋਏ ਸੀ। ਇਸ ਤੋਂ ਬਾਅਦ ਇਹ ਕਈ ਦੇਸ਼ਾਂ ਵਿੱਚ ਫੈਲਿਆ ਅਤੇ ਇਹ ਵੈਰੀਏਂਟ ਭਾਰਤ ਲਈ ਵੀ ਵੱਡਾ ਖਤਰਾ ਮੰਨਿਆ ਗਿਆ ਸੀ।

ਗੱਲ ਜ਼ੀਟਾ ਵੈਰੀਏਂਟ ਦੀ ਵੀ ਕਰਾਂਗੇ, ਇਸ ਵੈਰੀਏਂਟ ਦੇ ਮਾਮਲੇ ਸਭ ਤੋਂ ਪਹਿਲਾਂ ਬ੍ਰਾਜ਼ੀਲ ਵਿੱਚ ਅਪ੍ਰੈਲ, 2020 ਵਿੱਚ ਸਾਹਮਣੇ ਆਏ ਸੀ।

ਇਸ ਤੋਂ ਇਲਾਵਾ ਹੋਰ ਵੀ ਕਈ ਵੈਰੀਏਂਟ ਹਨ ਜਿਵੇਂ ਕਿ ਸਾਊਥ ਅਫਰੀਕਾ 'ਚ ਮਿਲਿਆ ਬੀਟਾ, ਬ੍ਰਾਜ਼ੀਲ 'ਚ ਮਿਲਿਆ ਗਾਮਾ, ਫਿਲੀਪਿੰਸ 'ਚ ਮਿਲਿਆ ਥੀਟਾ, ਅਮਰੀਕਾ 'ਚ ਮਿਲਿਆ ਅਓਟਾ ਅਤੇ ਐਪਸੀਲਨ ਆਦਿ।

ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਕੀਤੀ ਗਈ ਲਿਸਟ ਦੇ ਮੁਤਾਬਕ, ਇਹ ਨਾਮ ਕੁਝ ਇਸ ਤਰ੍ਹਾਂ ਹਨ -

  • ਅਲਫ਼ਾ - B.1.1.7- ਯੂਕੇ ਦੇ ਵਿੱਚ ਸਤੰਬਰ,2020 ਨੂੰ ਸਾਹਮਣੇ ਆਇਆ ਵੇਰੀਏਂਟ
  • ਬੀਟਾ - B.1.351 - ਸਾਊਥ ਅਫ਼ਰੀਕਾ ਦੇ ਵਿੱਚ ਮਈ,2020 ਨੂੰ ਸਾਹਮਣੇ ਆਇਆ ਵੇਰੀਏਂਟ
  • ਗ਼ਾਮਾ - P.1 - ਬ੍ਰਾਜ਼ੀਲ ਦੇ ਵਿੱਚ ਨਵੰਬਰ,2020 ਨੂੰ ਸਾਹਮਣੇ ਆਇਆ ਵੇਰੀਏਂਟ
  • ਡੇਲਟਾ - B.1.617.2 - ਭਾਰਤ ਦੇ ਵਿੱਚ ਅਕਤੂਬਰ,2020 ਨੂੰ ਸਾਹਮਣੇ ਆਇਆ ਵੇਰੀਏਂਟ
  • ਐਪਸੀਲਨ - B.1.427/B.1.429 - ਅਮਰੀਕਾ ਦੇ ਵਿੱਚ ਮਾਰਚ,2020 ਨੂੰ ਸਾਹਮਣੇ ਆਇਆ ਵੇਰੀਏਂਟ
  • ਜ਼ੀਟਾ - P.2 - ਬ੍ਰਾਜ਼ੀਲ ਦੇ ਵਿੱਚ ਅਪ੍ਰੈਲ,2020 ਨੂੰ ਸਾਹਮਣੇ ਆਇਆ ਵੇਰੀਏਂਟ
  • ਈਟਾ - B.1.525 - ਕਈ ਦੇਸ਼ਾਂ ਦੇ ਵਿੱਚ ਦਸੰਬਰ,2020 ਨੂੰ ਸਾਹਮਣੇ ਆਇਆ ਵੇਰੀਏਂਟ
  • ਥੀਟਾ - P.3 - ਫ਼ਿਲੀਪਿੰਸ ਦੇ ਵਿੱਚ ਜਨਵਰੀ,2021 ਨੂੰ ਸਾਹਮਣੇ ਆਇਆ ਵੇਰੀਏਂਟ
  • ਅਓਟਾ - B.1.526 - ਅਮਰੀਕਾ ਦੇ ਵਿੱਚ ਨਵੰਬਰ,2020 ਨੂੰ ਸਾਹਮਣੇ ਆਇਆ ਵੇਰੀਏਂਟ
  • ਕਾਪਾ - B.1.617.1 - ਭਾਰਤ ਦੇ ਵਿੱਚ ਅਕਤੂਬਰ,2020 ਨੂੰ ਸਾਹਮਣੇ ਆਇਆ ਵੇਰੀਏਂਟ
  • ਓਮੀਕਰੋਨ-B.1.1.529 -ਦੱਖਣੀ ਅਫ਼ਰੀਕਾ ਵਿੱਚ ਨਵੰਬਰ 2021 ਨੂੰ ਸਾਹਮਣੇ ਆਇਆ ਵੇਰੀਏਂਟ

ਓਮੀਕਰੋਨ ਦੇ BA.4 ਅਤੇ BA.5 ਵੇਰੀਅੰਟ ਵੀ ਦੱਖਣੀ ਅਫ਼ਰੀਕਾ ਤੋਂ 2022 ਵਿੱਚ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ:

2. ਮਿਊਕੋਰਮਾਇਕੋਸਿਸ ਜਾਂ 'ਕਾਲੀ ਫੰਗਲ' ਇਨਫੈਕਸ਼ਨ

ਮੁਬੰਈ ਦੇ ਡਾ. ਅਕਸ਼ੈ ਨੱਈਰ ਮੁਤਾਬ਼ਕ, ਇਹ ਇੱਕ ਖ਼ਾਸ ਤਰ੍ਹਾਂ ਦੀ ਇਨਫੈਕਸ਼ਨ ਹੈ, ਜਿਸ ਦੇ ਕਣ ਮਿੱਟੀ, ਪੌਦੇ, ਖਾਦ, ਹਵਾ ਅਤੇ ਸੜੇ ਗਲੇ ਫ਼ਲਾਂ ਅਤੇ ਸਬਜ਼ੀਆਂ ਵਿੱਚ ਹੁੰਦੇ ਹਨ। ਕਦੇ ਕਦੇ ਤਾਂ ਤੰਦਰੁਸਤ ਵਿਅਕਤੀਆਂ ਦੇ ਨੱਕ ਅਤੇ ਬਲਗਮ ਵਿੱਚ ਵੀ ਇਸ ਦੇ ਕਣ ਪਾਏ ਜਾਂਦੇ ਹਨ।

ਇਹ ਦਿਮਾਗ ਅਤੇ ਫੇਫੜਿਆਂ ਉਪਰ ਅਸਰ ਕਰਦਾ ਹੈ। ਡਾਇਬਿਟੀਜ਼, ਕੈਂਸਰ ਅਤੇ ਏਡਜ਼ ਦੇ ਮਰੀਜ਼ਾਂ ਲਈ ਤਾਂ ਇਹ ਜਾਨਲੇਵਾ ਵੀ ਹੋ ਸਕਦਾ ਹੈ ।

ਕਈ ਮਰੀਜ਼ਾਂ ਦੀਆਂ ਤਾਂ ਇਲਾਜ ਦੌਰਾਨ ਅੱਖਾਂ ਹੀ ਕੱਢਣੀਆਂ ਪਈਆਂ। ਕਈ ਮਰੀਜ਼ਾਂ ਵਿਚ ਇਹ ਬਿਮਾਰੀ ਕੋਵਿਡ-19 ਤੋਂ ਠੀਕ ਹੋਣ ਤੋਂ 12-15 ਦਿਨਾਂ ਵਿਚਕਾਰ ਆਈ।

ਪੀਜੀਆਈ ਚੰਡੀਗੜ੍ਹ 'ਚ ਕਈ ਦਹਾਕੇ ਅੱਖਾਂ ਦੇ ਵਿਭਾਗ ਦਾ ਜ਼ਿੰਮਾ ਸੰਭਾਲਣ ਵਾਲੇ ਡਾ. ਅਮੋਦ ਗੁਪਤਾ ਕਹਿੰਦੇ ਹਨ ਕਿ ਇਹ ਇਨਫੈਕਸ਼ਨ ਬਾਕੀ ਦੀਆਂ ਇਨਫੈਕਸ਼ਨਾਂ ਤੋਂ ਕਾਫ਼ੀ ਖ਼ਤਰਨਾਕ ਹੈ ਕਿਉਂਕਿ ਇਹ ਖੂਨ ਦੀਆਂ ਨਾੜੀਆਂ ’ਤੇ ਹਮਲਾ ਬੋਲਦੀ ਹੈ ਅਤੇ ਨਾੜੀਆਂ ਨੂੰ ਬਲੌਕ ਕਰ ਦਿੰਦੀ ਹੈ।

ਬਲੈਕ ਫੰਗਸ ਤੋਂ ਬਾਅਦ ਵ੍ਹਾਈਟ ਫੰਗਸ ਅਤੇ ਯੈਲੋ ਫੰਗਸ ਦੇ ਵੀ ਕਈ ਮਾਮਲੇ ਸਾਹਮਣੇ ਆਏ ਸਨ।

3. ਸੀਟੀ ਸਕੈਨ

ਸੀਟੀ ਸਕੈਨ ਉਸ ਵੇਲੇ ਖ਼ਾਸ ਤੌਰ 'ਤੇ ਚਰਚਾ 'ਚ ਆਇਆ ਜਦੋਂ ਦਿੱਲੀ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕਿਹਾ ਸੀ ਕਿ ਕੋਰੋਨਾ ਦੇ ਹਲਕੇ ਲੱਛਣ ਹੋਣ 'ਤੇ ਸੀਟੀ ਸਕੈਨ ਕਰਵਾਉਣਾ ਸਹੀ ਨਹੀਂ ਹੈ। ਇੰਨਾਂ ਹੀ ਨਹੀਂ, ਉਨ੍ਹਾਂ ਕਿਹਾ ਕਿ ਵਾਰ-ਵਾਰ ਸਿਟੀ ਸਕੈਨ ਕਰਵਾਉਣ ਨਾਲ ਕੈਂਸਰ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇੱਕ ਸੀਟੀ ਸਕੈਨ 300 ਐਕਸ-ਰੇ ਦੇ ਬਰਾਬਰ ਹੁੰਦਾ ਹੈ।

ਉਨ੍ਹਾਂ ਦੇ ਇਸ ਬਿਆਨ ਨੇ ਖ਼ੂਬ ਚਰਚਾ ਛੇੜੀ ਅਤੇ ਕਈ ਹੋਰ ਸਿਹਤ ਮਾਹਰਾਂ ਨੇ ਡਾ. ਗੁਲੇਰੀਆ ਦੇ ਇਸ ਬਿਆਨ 'ਤੇ ਸਵਾਲ ਵੀ ਖੜੇ ਕੀਤੇ।

ਇਨ੍ਹਾਂ ਖਦਸ਼ਿਆਂ ਨੂੰ ਦੂਰ ਕਰਨ ਲਈ ਬੀਬੀਸੀ ਨੇ ਹੈਲਥਕੇਅਰ ਫੈਡਰੇਸ਼ਨ ਆਫ ਇੰਡੀਆ ਦੇ ਰੇਡਿਓਲੌਜਿਸਟ ਅਤੇ ਪ੍ਰੈਜ਼ੀਡੈਂਟ ਡਾ. ਹਰਸ਼ ਮਹਾਜਨ ਨਾਲ ਗੱਲਬਾਤ ਕੀਤੀ।

ਉਨ੍ਹਾਂ ਦੱਸਿਆ ਕਿ 20-25 ਸਾਲ ਪਹਿਲਾਂ ਤਾਂ ਇਹ ਬਿਆਨ ਸਟੀਕ ਹੋ ਸਕਦਾ ਹੈ। ਪਰ ਹੁਣ ਤਾਂ ਤਕਨੀਕ ਹੀ ਬਦਲ ਚੁੱਕੀ ਹੈ। ਰੇਡੀਐਸ਼ਨ ਸੀਟੀ ਸਕੈਨ 'ਚ ਕਾਫ਼ੀ ਘੱਟ ਹੋ ਸਕਦੀ ਹੈ।

ਇਹ 300 ਐਕਸ-ਰੇ ਦੇ ਬਰਾਬਰ ਤਾਂ ਬਿਲਕੁਲ ਵੀ ਨਹੀਂ। ਹਾਂ, ਇਹ 30-40 ਐਕਸ-ਰੇ ਦੇ ਬਰਾਬਰ ਹੋ ਸਕਦੀ ਹੈ ਪਰ ਅੱਜ ਕੱਲ ਤਾਂ ਵਧੀਆਂ ਮਸ਼ੀਨਾਂ 'ਚ ਇਹ ਸਿਰਫ਼ 10 ਐਕਸ-ਰੇ ਦੇ ਬਰਾਬਰ ਹੈ। ਇਸ ਨਾਲ ਕੋਈ ਕੈਂਸਰ ਨਹੀਂ ਹੁੰਦਾ ਹੈ।

ਪਰ ਉਨ੍ਹਾਂ ਇਹ ਸਾਫ਼ ਕਿਹਾ ਕਿ ਆਪਣੀ ਮਰਜ਼ੀ ਨਾਲ ਸੀਟੀ ਸਕੈਨ ਨਾ ਕਰਾਓ, ਖ਼ਾਸ ਹਾਲਾਤਾਂ 'ਚ ਡਾਕਟਰ ਦੇ ਕਹਿਣ 'ਤੇ ਹੀ ਸੀਟੀ ਸਕੈਨ ਕਰਵਾਇਆ ਜਾਵੇ।

4. 'ਫਾਲਸ ਪੌਜ਼ੀਟਿਵ' ਜਾਂ ' ਫਾਲਸ ਨੈਗੇਟਿਵ'

False Positive ਅਤੇ False Negative ਦੀ ਵੀ ਕਾਫੀ ਚਰਚਾ ਰਹੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ False Negative ਦੀ। False Negative ਯਾਨੀ ਤੁਹਾਨੂੰ ਲਾਗ ਤਾਂ ਲੱਗੀ ਹੈ ਪਰ ਟੈਸਟ ਨੈਗੇਟਿਵ ਹੈ।

ਬੀਬੀਸੀ ਦੇ ਸਿਹਤ ਪੱਤਰਕਾਰ ਜੇਮਜ਼ ਗੈਲਾਹਰ ਦੀ ਰਿਪੋਰਟ ਮੁਤਾਬਕ ਇਸ ਦੇ ਕਈ ਕਾਰਨ ਹੋ ਸਕਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਕੋਈ ਮਰੀਜ਼ ਖੰਘ, ਜ਼ੁਕਾਮ ਅਤੇ ਬੁਖ਼ਾਰ ਨੂੰ ਕੋਰੋਨਾਵਾਇਰਸ ਸਮਝ ਰਿਹਾ ਹੋਵੇ ਕਿਉਂਕਿ ਲੱਛਣ ਕਾਫ਼ੀ ਮਿਲਦੇ-ਜੁਲਦੇ ਹਨ।

ਉਨ੍ਹਾਂ ਕਿਹਾ ਕਿ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਲਾਗ ਟੈਸਟ ਕਰਵਾਉਣ ਤੋਂ ਬਾਅਦ ਲੱਗੀ ਹੋਵੇ। ਜਾਂ ਫਿਰ ਅਜਿਹਾ ਵੀ ਹੁੰਦਾ ਹੈ ਕਿ ਪਹਿਲਾਂ ਲਾਗ ਕਾਫ਼ੀ ਸ਼ੁਰੂਆਤੀ ਦੌਰ 'ਤੇ ਹੋਵੇ ਕਿ ਇਹ ਫੜੀ ਹੀ ਨਾ ਗਈ ਹੋਵੇ।

ਇਸ ਤੋਂ ਇਲਾਵਾਂ ਟੈਸਟ ਸਹੀਂ ਤਰੀਕੇ ਨਾਲ ਨਾ ਲਿਆ ਗਿਆ ਹੋਵੇ ਜਾਂ ਸੈਂਪਲ ਸਹੀ ਤਰੀਕੇ ਨਾਲ ਨਾ ਰੱਖਿਆ ਗਿਆ ਹੋਵੇ ਤਾਂ ਵੀ ਟੈਸਟ ਗਲਤ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਹੁਣ ਗੱਲ ਕਰਦੇ ਹਾਂ False Positive ਦੀ। ਬੀਬੀਸੀ ਰੇਡਿਓ 4 ਦੇ ਪੱਤਰਕਾਰ ਸਾਈਮਨ ਮੇਬਿਨ ਅਤੇ ਜੌਸਫਾਈਨ ਕੈਸਰਲੇ ਅਨੁਸਾਰ, False Positive ਦਾ ਮਤਲਬ ਹੈ ਕਿ ਕਿਸੇ ਦਾ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਹੈ ਪਰ ਉਹ ਪੌਜ਼ੀਟਿਵ ਨਹੀਂ ਹੈ।

ਉਨ੍ਹਾਂ ਕਿਹਾ ਕਿ ਹਰ ਟੈਸਟ ਦਾ ਨਤੀਜਾ 100 ਫ਼ੀਸਦ ਠੀਕ ਨਹੀਂ ਹੋ ਸਕਦਾ। ਸਮੂਹਾਂ 'ਚ ਲਏ ਗਏ ਟੈਸਟਾਂ ਦੌਰਾਨ ਕਈ ਵਾਰ ਅਜਿਹੀਆਂ ਰਿਪੋਰਟਾਂ ਆਉਂਦੀਆਂ ਹਨ।

ਕੈਮਬ੍ਰਿਜ ਯੂਨੀਵਰਸਿਟੀ ਦੇ ਮੈਡੀਕਲ ਰਿਸਰਚ ਕਾਉਂਸਿਲ ਦੇ ਅੰਕੜਾ ਅਧਿਕਾਰੀ ਡਾ. ਪੌਲ ਬੈਰਲ ਦਾ ਕਹਿਣਾ ਹੈ ਕਿ ਇਹ ਗੱਲ ਇਸ 'ਤੇ ਵੀ ਨਿਰਧਾਰਿਤ ਹੈ ਕਿ ਟੈਸਟ ਕਿੱਥੇ ਤੇ ਕਿਵੇਂ ਲਿਆ ਗਿਆ। False Positive ਮਾਮਲਿਆਂ ਦਾ 0.5 ਫ਼ੀਸਦ ਮੰਨ ਕੇ ਹਾਲੇ ਤੱਕ ਚੱਲਿਆ ਜਾ ਰਿਹਾ ਹੈ।

5. ਹਰਡ ਇਮਉਨਿਟੀ

ਦੁਨੀਆਂ ਭਰ ਦੇ ਦੇਸ਼ਾਂ ਵਿੱਚ ਲੋਕ ਕੋਰੋਨਾ ਵੈਕਸੀਨ ਲਗਾ ਰਹੇ ਹਨ ਅਤੇ ਖ਼ੁਦ ਨੂੰ ਇਸ ਵਾਇਰਸ ਤੋਂ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਅਜਿਹੇ 'ਚ ਹਰਡ ਇਮਉਨਿਟੀ ਬਾਰੇ ਵੀ ਅਸੀਂ ਸੁਣ ਰਹੇ ਹਾਂ। ਪਰ ਇਹ ਹੈ ਕੀ?

ਹਰਡ ਇਮਉਨਿਟੀ ਦਾ ਮਤਲਬ ਹੈ ਕਿ ਆਬਾਦੀ ਦਾ ਜ਼ਿਆਦਾਤਰ ਹਿੱਸਾ ਸੁਰੱਖਿਅਤ ਹੈ ਅਤੇ ਬੀਮਾਰੀ ਨਹੀਂ ਫੈਲ ਸਕਦੀ।

ਅਜਿਹੇ ਕਈ ਦੇਸ਼ ਹਨ ਜਿਥੇ ਵੈਕਸੀਨ ਦੀ ਲੋੜੀਂਦੀ ਮਾਤਰਾ ਨਹੀਂ ਪਹੁੰਚ ਪਾ ਰਹੀ। ਅਜਿਹੇ ਕਈ ਭਾਈਚਾਰੀ ਹਨ ਜੋ ਧਾਰਮਿਕ ਪੱਖੋਂ ਵੈਕਸੀਨ ਲਗਵਾਉਣਾ ਠੀਕ ਨਹੀਂ ਸਮਝਦੇ ਜਾਂ ਅਜਿਹੀ ਥਾਵਾਂ ਜਿਥੇ ਲੋਕ ਡਰ ਕਾਰਨ ਵੈਕਸੀਨੇਸ਼ਨ ਅਭਿਆਨ ਦਾ ਹਿੱਸਾ ਨਹੀਂ ਬਣਦੀ।

ਅਜਿਹੇ ਦੇਸ਼ਾਂ ਵਿੱਚ ਹਰਡ ਇਮਉਨਿਟੀ ਕਮਜ਼ੋਰ ਹੋ ਸਕਦੀ ਹੈ।

ਹਰਡ ਇਮਉਨਿਟੀ ਪੈਦਾ ਕਰਨ ਲਈ ਆਬਾਦੀ ਦੇ ਇੱਕ ਖ਼ਾਸ ਹਿੱਸੇ ਦਾ ਵੈਕਸੀਨ ਲਗਵਾਉਣਾ ਜ਼ਰੂਰੀ ਹੈ। ਜੇ ਆਬਾਦੀ ਦੇ ਉਨ੍ਹੇਂ ਫ਼ੀਸਦ ਦਾ ਟੀਕਾਕਰਨ ਨਹੀਂ ਹੋ ਪਾਉਂਦਾ ਹੈ ਤਾਂ ਉੱਥੇ ਹਰਡ ਇਮਉਨਿਟੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)