ਪੰਜਾਬ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖਲੇ ਦੀ ਗਿਣਤੀ ਵਿੱਚ ਵਾਧਾ- 'ਪੜ੍ਹਾਈ ਜਦੋਂ ਆਨਲਾਈਨ ਹੀ ਹੋ ਰਹੀ ਹੈ ਤਾਂ ਐਨੀਆਂ ਫੀਸਾਂ ਦੇਣ ਦਾ ਜੀਅ ਨਹੀਂ ਕਰਦਾ'

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਪੱਤਰਕਾਰ

ਮਹਾਂਮਾਰੀ ਕੋਵਿਡ ਨੇ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਬਹੁਤ ਬਦਲਾਅ ਲਿਆਂਦੇ ਹਨ। ਇਸ ਕਾਰਨ ਆਏ ਵੱਡੇ ਬਦਲਾਵਾਂ ਵਿੱਚੋਂ ਇੱਕ ਹੈ ਸਿੱਖਿਆ ਦਾ ਬਦਲਿਆ ਰੂਪ।

ਸਕੂਲ-ਕਾਲਜ ਬੰਦ ਹੋਣ ਕਾਰਨ ਪੜ੍ਹਾਈ ਆਨਲਾਈਨ ਹੋ ਰਹੀ ਹੈ। ਪੰਜਾਬ ਵਿੱਚ ਵੀ ਪਿਛਲੇ ਅਕਾਦਮਿਕ ਸਾਲ ਵਿੱਚ ਤਕਰੀਬਨ ਸਾਰਾ ਸਾਲ ਸਕੂਲ ਨਹੀਂ ਖੁੱਲ੍ਹੇ ਅਤੇ ਘਰਾਂ ਵਿੱਚ ਬੈਠੇ ਬੱਚੇ ਆਨਲਾਈਨ ਤਰੀਕਿਆਂ ਨਾਲ ਪੜ੍ਹਦੇ ਰਹੇ ਅਤੇ ਇਸ ਸਾਲ ਵੀ ਫਿਲਹਾਲ ਸਕੂਲ ਖੁੱਲ੍ਹੇ ਨਹੀਂ ਹਨ।

ਇਸ ਸਭ ਦਰਮਿਆਨ ਨਿੱਜੀ ਸਕੂਲਾਂ ਵਿੱਚੋਂ ਵਿਦਿਆਰਥੀਆਂ ਦਾ ਸਰਕਾਰੀ ਸਕੂਲਾਂ ਵਿੱਚ ਸ਼ਿਫਟ ਹੋਣ ਦਾ ਰੁਝਾਨ ਵੀ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ-

ਕਈ ਸਾਰੇ ਮਾਪੇ ਸਕੂਲ ਨਾ ਖੁੱਲ੍ਹਣ ਕਾਰਨ ਨਿੱਜੀ ਸਕੂਲਾਂ ਨੂੰ ਵੱਧ ਫੀਸਾਂ ਦੇਣ ਦੀ ਬਜਾਏ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਵਾ ਰਹੇ ਹਨ।

ਇਸ ਸਾਲ ਦੋ ਲੱਖ ਤੋਂ ਵੱਧ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਸ਼ਿਫਟ ਹੋਏ ਹਨ।

ਇਸ ਰੁਝਾਨ ਦੇ ਕਾਰਨਾਂ ਵਿੱਚੋਂ ਇੱਕ ਕਾਰਨ ਕੋਰੋਨਾ ਕਾਰਨ ਸਕੂਲਾਂ ਵਿੱਚ ਪੜ੍ਹਾਈ ਨਾ ਹੋਣਾ ਅਤੇ ਮਾਪਿਆਂ ਦੀ ਆਰਥਿਕਤਾ ਕਮਜੋਰ ਹੋਣਾ ਵੀ ਸਾਹਮਣੇ ਆ ਰਿਹਾ ਹੈ।

'ਘੱਟੋ-ਘੱਟ ਫੀਸਾਂ ਤੇ ਮਹਿੰਗੀਆਂ ਕਿਤਾਬਾਂ ਦਾ ਖਰਚ ਤਾਂ ਬਚੇ'

ਮੁਹਾਲੀ ਦੀ ਰਹਿਣ ਅਮਨਪ੍ਰੀਤ ਕੌਰ ਘਰਾਂ ਵਿੱਚ ਸਾਫ਼-ਸਫਾਈ ਅਤੇ ਖਾਣਾ ਬਣਾਉਣ ਦਾ ਕੰਮ ਕਰਦੀ ਹੈ। ਉਸ ਦਾ ਪਤੀ ਇੱਕ ਫੈਕਟਰੀ ਵਿੱਚ ਮਜ਼ਦੂਰ ਹੈ।

ਅਮਨਪ੍ਰੀਤ ਨੇ ਦੱਸਿਆ, "ਮੇਰੇ ਦੋ ਬੇਟੇ ਹਨ, ਦੋਹਾਂ ਨੂੰ ਅਸੀਂ ਇੱਕ ਨੇੜਲੇ ਪ੍ਰਾਈਵੇਟ ਸਕੂਲ ਵਿੱਚ ਭੇਜਦੇ ਸੀ ਤਾਂ ਕਿ ਉਨ੍ਹਾਂ ਦੀ ਪੜ੍ਹਾਈ ਚੰਗੀ ਹੋਵੇ ਅਤੇ ਜ਼ਿੰਦਗੀ ਵਿੱਚ ਅੱਗੇ ਵਧ ਸਕਣ। ਸਰਕਾਰੀ ਸਕੂਲਾਂ ਦੀ ਪੜ੍ਹਾਈ ਬਾਰੇ ਸ਼ੱਕ ਹੋਣ ਕਾਰਨ ਅਸੀਂ ਪ੍ਰਾਈਵੇਟ ਸਕੂਲ ਦੀ ਫੀਸ ਦਾ ਔਖੇ-ਸੌਖੇ ਇੰਤਜਾਮ ਕਰਦੇ ਸੀ।"

"ਪਰ ਪਿਛਲੇ ਸਾਲ ਲੌਕਡਾਊਨ ਦੌਰਾਨ ਮੇਰਾ ਅਤੇ ਮੇਰੇ ਪਤੀ ਦਾ ਕੰਮ ਛੁੱਟ ਗਿਆ ਸੀ। ਆਰਥਿਕ ਹਾਲਤ ਬਹੁਤ ਕਮਜ਼ੋਰ ਰਹੀ ਪਰ ਜਿਸ ਪ੍ਰਾਈਵੇਟ ਸਕੂਲ ਵਿੱਚ ਬੱਚੇ ਪੜ੍ਹਦੇ ਸੀ, ਉੱਥੇ ਇੱਕ ਮਹੀਨੇ ਦੀ ਵੀ ਫੀਸ ਮਾਫ਼ ਨਹੀਂ ਹੋਈ।"

ਅਮਨਪ੍ਰੀਤ ਨੇ ਦੱਸਿਆ ਕਿ ਜਿੰਨ੍ਹਾਂ ਘਰਾਂ ਵਿੱਚ ਕੰਮ ਕਰਦੀ ਸੀ ਉਨ੍ਹਾਂ ਤੋਂ ਪੈਸੇ ਫੜ ਕੇ ਬੱਚਿਆਂ ਦੀ ਫੀਸ ਭਰਦੀ ਰਹੀ।

ਕਈ ਘਰਾਂ ਨੇ ਲੌਕਡਾਊਨ ਦੌਰਾਨ ਕੰਮ ਨਾ ਹੋਣ ਕਾਰਨ ਪੈਸੇ ਨਹੀਂ ਦਿੱਤੇ ਸੀ।

ਉਸ ਨੇ ਦੱਸਿਆ ਕਿ ਦਾਖ਼ਲਾ ਫੀਸ, ਕਿਤਾਬਾਂ ਦਾ ਖਰਚਾ, ਹਰ ਮਹੀਨੇ ਦੀ ਫੀਸ ਅਤੇ ਪੇਪਰਾਂ ਤੱਕ ਦੀ ਫੀਸ ਵੀ ਉਹ ਭਰਦੇ ਰਹੇ ਜਦ ਕਿ ਪੇਪਰ ਬੱਚਿਆਂ ਨੇ ਘਰੋਂ ਹੀ ਲਿਖ ਕੇ ਤਸਵੀਰਾਂ ਭੇਜੀਆਂ ਸੀ। ਸਕੂਲ ਵਿੱਚ ਫੀਸ ਮਾਫੀ ਦੀ ਲਗਾਈ ਗੁਹਾਰ ਵੀ ਕੰਮ ਨਾ ਆਈ।

ਅਮਨਪ੍ਰੀਤ ਨੇ ਅੱਗੇ ਕਿਹਾ, "ਪਿਛਲੇ ਸਾਲ ਤਾਂ ਸਾਨੂੰ ਪਤਾ ਨਹੀਂ ਸੀ ਕਿ ਇੰਨਾ ਲੰਬਾ ਸਮਾਂ ਬਿਮਾਰੀ ਚੱਲੇਗੀ ਅਤੇ ਸਕੂਲ ਨਹੀਂ ਖੁੱਲ੍ਹਣਗੇ ਪਰ ਇਸ ਸਾਲ ਅਸੀਂ ਇਹੀ ਮੰਨ ਕੇ ਚੱਲ ਰਹੇ ਹਾਂ ਕਿ ਸਕੂਲ ਜਲਦੀ ਨਹੀਂ ਖੁੱਲ੍ਹਣਗੇ ਇਸ ਲਈ ਅਸੀਂ ਨਿੱਜੀ ਸਕੂਲ ਦੀ ਵਾਧੂ ਫੀਸ ਦਾ ਬੋਝ ਨਹੀਂ ਚੁੱਕ ਸਕਦੇ।"

"ਇਸ ਸਾਲ ਤਾਂ ਫਿਲਹਾਲ ਸਾਡਾ ਕੰਮ ਵੀ ਚੱਲ ਰਿਹਾ ਹੈ ਪਰ ਡਰ ਲਗਦਾ ਹੈ ਕਿਤੇ ਹਾਲਾਤ ਪਿਛਲੇ ਸਾਲ ਜਿਹੀ ਨਾ ਹੋ ਜਾਵੇ। ਇਸ ਸਭ ਸੋਚਦਿਆਂ ਅਸੀਂ ਆਪਣੇ ਇੱਕ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ ਹੈ ਜੋ ਕਿ ਛੇਵੀਂ ਜਮਾਤ ਵਿੱਚ ਪੜ੍ਹਦਾ ਹੈ, ਤਾਂ ਜੋ ਘੱਟੋ ਘੱਟ ਫੀਸਾਂ ਅਤੇ ਕਿਤਾਬਾਂ ਦਾ ਖਰਚ ਤਾਂ ਬਚੇ।"

"ਛੋਟਾ ਬੇਟਾ ਹਾਲੇ ਵੀ ਪ੍ਰਾਈਵੇਟ ਸਕੂਲ ਵਿੱਚ ਹੈ ਪਰ ਅਸੀਂ ਹਾਲੇ ਤੱਕ ਉਸ ਦਾ ਦਾਖ਼ਲਾ ਨਹੀਂ ਕਰਵਾਇਆ ਹੈ ਤਾਂ ਕਿ ਸਕੂਲ ਵਾਲੇ ਹੋਰ ਖਰਚੇ ਨਾ ਪਾਉਣ। ਸਕੂਲ ਖੁੱਲ੍ਹਣ 'ਤੇ ਉਸ ਦਾ ਦਾਖਲਾ ਭਰਾਂਗੇ।"

ਉਨ੍ਹਾਂ ਨੇ ਅੱਗੇ ਕਿਹਾ, "ਚਾਹੁੰਦੇ ਤਾਂ ਅਸੀਂ ਇਹੀ ਸੀ ਕਿ ਪ੍ਰਾਈਵੇਟ ਸਕੂਲ ਵਿੱਚ ਬੱਚੇ ਪੜ੍ਹਦੇ ਰਹਿਣ ਪਰ ਅਸੀਂ ਹਾਲਾਤ ਹੱਥੋਂ ਮਜਬੂਰ ਹੋ ਗਏ। ਪਰ ਫਿਲਹਾਲ ਇਸ ਸਾਲ ਵਿੱਚ ਸਾਨੂੰ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਦੀ ਪੜ੍ਹਾਈ ਵਿੱਚ ਬਹੁਤਾ ਫਰਕ ਨਹੀਂ ਲੱਗ ਰਿਹਾ ਕਿਉਂਕਿ ਉੱਥੋਂ ਵੀ ਫੋਨ 'ਤੇ ਹੀ ਕੰਮ ਆਉਂਦਾ ਹੈ ਅਤੇ ਸਰਕਾਰੀ ਸਕੂਲ ਵਿੱਚੋਂ ਵੀ ਉਸੇ ਤਰ੍ਹਾਂ ਹੀ ਆ ਰਿਹਾ ਹੈ।"

'ਸਕੂਲ ਲੱਗੇ ਬਿਨ੍ਹਾਂ ਫੀਸਾਂ ਭਰਨੀਆਂ ਬਹੁਤ ਔਖੀਆਂ ਲਗਦੀਆਂ'

ਇਸੇ ਤਰ੍ਹਾਂ ਬਠਿੰਡਾ ਜਿਲ੍ਹੇ ਦੇ ਭਗਤਾ ਭਾਈ ਕਾ ਵਿੱਚ ਰਹਿਣ ਵਾਲੇ ਪਰਿਵਾਰ ਨੇ ਵੀ ਆਪਣੇ ਦੋ ਬੱਚਿਆਂ ਨੂੰ ਨਿੱਜੀ ਸਕੂਲ ਵਿੱਚੋਂ ਹਟਾ ਕੇ ਸਰਕਾਰੀ ਸਕੂਲ ਵਿੱਚ ਦਾਖ਼ਲ ਕਰਵਾਉਣ ਬਾਰੇ ਦੱਸਿਆ।

ਭਗਤਾ ਭਾਈ ਕਾ ਵਿੱਚ ਵੈਲਡਿੰਗ ਦੀ ਦੁਕਾਨ ਚਲਾਉਣ ਵਾਲੇ ਸ਼ਿਵਕੰਤਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਚਾਰ ਬੱਚਿਆਂ ਵਿੱਚੋਂ ਵੱਡੇ ਬੇਟੀਆਂ ਪਹਿਲਾਂ ਹੀ ਨਵੋਦਿਆ ਵਿਦਿਆਲਯ ਵਿੱਚ ਪੜ੍ਹਦੀਆਂ ਹਨ।

ਇੱਕ ਬੇਟੀ ਅਤੇ ਬੇਟਾ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਸੀ, ਜਿਨ੍ਹਾਂ ਨੂੰ ਹੁਣ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਹੈ।

ਇਹ ਵੀ ਪੜ੍ਹਾਈ-

ਸ਼ਿਵਕੰਤਾ ਸਿੰਘ ਨੇ ਕਿਹਾ, "ਪਹਿਲਾਂ ਨੋਟਬੰਦੀ, ਫਿਰ ਜੀਐਸਟੀ ਅਤੇ ਹੁਣ ਕੋਰੋਨਾ ਨੇ ਸਾਡਾ ਕੰਮ ਕਾਰ ਬਹੁਤ ਹੀ ਪ੍ਰਭਾਵਿਤ ਕੀਤਾ ਹੈ। ਕੋਰੋਨਾ ਕਾਰਨ ਲੱਗੇ ਲੌਕਡਾਊਨ ਵਿੱਚ ਆਰਥਿਕਤਾ 'ਤੇ ਬਹੁਤ ਫਰਕ ਪਿਆ।"

"ਹੁਣ ਜਦੋਂ ਸਕੂਲ ਲੱਗ ਹੀ ਨਹੀਂ ਰਹੇ, ਤਾਂ ਇੰਨੀਂਆਂ ਜਿਆਦਾ ਫੀਸਾਂ ਬਿਨ੍ਹਾਂ ਕਾਰਨ ਦੇਣ ਨੂੰ ਜੀਅ ਨਹੀਂ ਕਰਦਾ। ਸਾਡੇ ਦੋਹਾਂ ਬੱਚਿਆਂ ਦੀ ਇੱਕ ਸਾਲ ਦੀ ਕਰੀਬ ਚਾਲੀ ਹਜ਼ਾਰ ਫੀਸ ਬਣਦੀ ਸੀ। ਹੁਣ ਜਦੋਂ ਪੜ੍ਹਾਈ ਹੋ ਹੀ ਆਨਲਾਈਨ ਰਹੀ ਹੈ ਤਾਂ ਅਸੀਂ ਸਰਕਾਰੀ ਸਕੂਲ ਵਿੱਚ ਦਾਖ਼ਲਾ ਕਰਵਾਉਣਾ ਬਿਹਤਰ ਬਦਲ ਸਮਝਿਆ।"

"ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਯੋਗਤਾ ਬਾਰੇ ਸਾਨੂੰ ਪੂਰਾ ਭਰੋਸਾ ਹੈ ਕਿਉਂਕਿ ਉਹ ਮਿਹਨਤ ਨਾਲ ਟੈਸਟ ਪਾਸ ਕਰਕੇ ਭਰਤੀ ਹੁੰਦੇ ਹਨ। ਸਾਨੂੰ ਹੁਣ ਤੱਕ ਬੱਸ ਇੱਕੋ ਫ਼ਰਕ ਲੱਗਾ ਹੈ ਕਿ ਪ੍ਰਾਈਵੇਟ ਸਕੂਲ ਵਾਲੇ ਵਧੇਰੇ ਜ਼ਿੰਮੇਵਾਰੀ ਨਾਲ ਪਤਾ ਕਰਦੇ ਸੀ ਕਿ ਬੱਚਾ ਘਰੇ ਪੜ੍ਹ ਰਿਹਾ ਹੈ ਜਾਂ ਨਹੀਂ ਅਤੇ ਸਰਕਾਰੀ ਵਿੱਚ ਜ਼ਿੰਮੇਵਾਰੀ ਥੋੜ੍ਹੀ ਘੱਟ ਲਈ ਜਾਂਦੀ ਹੈ। ਪਰ ਸਾਡੇ ਬੱਚੇ ਪੜ੍ਹਣ ਵਿੱਚ ਹੁਸ਼ਿਆਰ ਹਨ ਅਤੇ ਖੁਦ ਰੁਚੀ ਲੈਂਦੇ ਹਨ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸ਼ਿਵਕੰਤਾ ਸਿੰਘ ਦੀ ਪਤਨੀ ਪ੍ਰਵੀਨ ਕੌਰ ਨੇ ਕਿਹਾ, "ਸਰਕਾਰੀ ਨੌਕਰੀ ਹੁੰਦੀ ਤਾਂ ਤਨਖਾਹ ਆਉਂਦੀ ਰਹਿੰਦੀ, ਪਰ ਦੁਕਾਨਦਾਰੀ ਦਾ ਕੰਮ ਰਿਸਕ ਵਾਲਾ ਹੁੰਦਾ ਹੈ। ਇਸ ਵਾਰ ਕੰਮ-ਕਾਰ ਚੰਗਾ ਨਹੀਂ ਰਿਹਾ।"

"ਖਰਚੇ ਵਧ ਗਏ ਕਿਉਂਕਿ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਲਈ ਸਮਾਰਟ ਫੋਨ ਖਰੀਦ ਕੇ ਦਿੱਤੇ, ਫਿਰ ਹਰ ਮਹੀਨੇ ਉਹਨਾਂ ਨੂੰ ਰਿਚਾਰਜ ਵੀ ਕਰਵਾਉਣਾ ਪੈਂਦਾ ਹੈ। ਉੱਤੋਂ ਬਿਨ੍ਹਾਂ ਸਕੂਲ ਗਏ, ਸਕੂਲਾਂ ਦੀਆਂ ਫੀਸਾਂ। ਜੇ ਸਕੂਲ ਲਗਦੇ ਤਾਂ ਕਿਵੇਂ ਨਾ ਕਿਵੇਂ ਫੀਸ ਭਰਦੇ ਰਹਿੰਦੇ ਪਰ ਜਦੋਂ ਬੱਚੇ ਘਰ ਬੈਠੇ ਨੇ ਤਾਂ ਫੀਸ ਭਰਨੀ ਬਹੁਤ ਔਖੀ ਲਗਦੀ ਹੈ। ਪ੍ਰਾਈਵੇਟ ਤੇ ਸਰਕਾਰੀ ਸਕੂਲ ਦੀ ਪੜ੍ਹਾਈ ਵਿੱਚ ਤਾਂ ਫਰਕ ਹੋ ਸਕਦਾ ਹੈ ਪਰ ਹੁਣ ਆਨਲਾਈਨ ਪੜ੍ਹਾਈ ਵਿੱਚ ਕੋਈ ਫਰਕ ਨਹੀਂ ਦਿਸਦਾ।"

ਪਿਛਲੇ ਸਾਲ ਦੇ ਮੁਕਾਬਲੇ ਕਰੀਬ 11 ਫੀਸਦੀ ਵਿਦਿਆਰਥੀ ਵਧੇ

ਪੰਜਾਬ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਫਤਰ ਤੋਂ ਮਿਲੇ ਅੰਕੜਿਆਂ ਮੁਤਾਬਕ ਮੌਜੂਦਾ ਅਕਾਦਮਿਕ ਸਾਲ ਵਿੱਚ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ ਮੁਕਾਬਲੇ ਕਰੀਬ 11 ਫੀਸਦੀ ਵਧੀ ਹੈ।

2020-21 ਦੌਰਾਨ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 26,72,607 ਸੀ। 2021-22 ਯਾਨੀ ਇਸ ਸਾਲ 4 ਜੂਨ ਤੱਕ ਇਹ ਗਿਣਤੀ 30,06,981 ਹੈ।

ਇਸ ਸਾਲ ਪ੍ਰਾਈਵੇਟ ਸਕੂਲਾਂ ਵਿੱਚੋਂ ਸ਼ਿਫਟ ਹੋ ਕੇ ਆਏ ਵਿਦਿਆਰਥੀਆਂ ਦੀ ਗਿਣਤੀ 2,04,362 ਹੈ। ਪਿਛਲੇ ਸਾਲ ਵੀ 1,90,423 ਵਿਦਿਆਰਥੀ ਪ੍ਰਾਈਵੇਟ ਤੋਂ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਏ ਸੀ।

ਪ੍ਰਾਈਵੇਟ ਸਕੂਲਾਂ ਵਿੱਚੋ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸ਼ਿਫਟ ਹੋਣ ਦਾ ਰੁਝਾਨ ਇਸ ਤੋਂ ਪਹਿਲੇ ਸਾਲਾਂ ਵਿੱਚ ਵੀ ਦੇਖਣ ਨੂੰ ਮਿਲਿਆ ਹਾਲਾਂਕਿ ਇਸ ਸਾਲ ਦੀ ਗਿਣਤੀ ਪਿਛਲੇ ਪੰਜ ਸਾਲ ਵਿੱਚ ਸਭ ਤੋਂ ਵੱਧ ਹੈ। ਸਾਲ 2017-18 ਦੌਰਾਨ 66,198 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਸ਼ਿਫਟ ਹੋਏ। 2018-19 ਵਿੱਚ 73,779 ਵਿਦਿਆਰਥੀ ਅਤੇ 2019-20 ਦੌਰਾਨ 95,242 ਵਿਦਿਆਰਥੀ ਨਿੱਜੀ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਆਏ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)