You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਆਨਲਾਈਨ ਪੜ੍ਹਾਈ ਲਈ ਸਮਾਰਟਫੋਨ ਵਰਤਣ ਦੀ 'ਮਜਬੂਰੀ' ਵੇਲੇ ਬੱਚਿਆਂ ਦੀ ਸਿਹਤ ਲਈ ਜ਼ਰੂਰੀ ਨੁਕਤੇ
- ਲੇਖਕ, ਕਮਲੇਸ਼
- ਰੋਲ, ਬੀਬੀਸੀ ਪੱਤਰਕਾਰ
ਮੇਰੇ ਬੱਚੇ ਨੂੰ ਐਂਟੀ ਗਲੇਅਰ ਐਨਕ ਲੱਗਣੀ ਚਾਹੀਦੀ ਹੈ ਜਾਂ ਨਹੀਂ?
ਮੇਰੇ ਬੱਚੇ ਦੀਆਂ ਅੱਖਾਂ ’ਚ ਲਾਲੀ ਅਤੇ ਜਲਨ ਰਹਿੰਦੀ ਹੈ
ਬੱਚਿਆਂ ਨੂੰ ਅੱਜ-ਕੱਲ੍ਹ ਸਿਰ ਪੀੜ ਰਹਿਣ ਲੱਗਿਆ ਹੈ
ਇਹ ਕੁਝ ਅਜਿਹੇ ਸਵਾਲ ਤੇ ਚਿੰਤਾਵਾਂ ਹਨ ਜਿਨ੍ਹਾਂ ਦਾ ਸਾਹਮਣਾ ਅੱਜ-ਕੱਲ੍ਹ ਬਹੁਤੇ ਮਾਪੇ ਕਰ ਰਹੇ ਹਨ।
ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲੱਗਣ ਕਰਕੇ ਮੋਬਾਈਲ ਅਤੇ ਲੈਪਟੌਪ ਦੀ ਵਰਤੋਂ ਵੱਧ ਗਈ ਹੈ ਅਤੇ ਬੱਚੇ ਸਕਰੀਨ ’ਤੇ ਵੱਧ ਸਮਾਂ ਬਿਤਾਉਣ ਲੱਗੇ ਹਨ।
ਇਸ ਦਾ ਅਸਰ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਉੱਤੇ ਵੀ ਪੈ ਰਿਹਾ ਹੈ।
ਦਿੱਲੀ ਦੀ ਰਹਿਣ ਵਾਲੀ ਸ਼ਰਮੀਲਾ ਦੀ ਧੀ ਆਯੂਸ਼ੀ ਛੇਵੀਂ ਜਮਾਤ ’ਚ ਪੜ੍ਹਦੀ ਹੈ।
ਆਨਲਾਈਨ ਕਲਾਸਾਂ ਸ਼ੁਰੂ ਹੋਣ ਤੋਂ ਬਾਅਦ ਆਯੂਸ਼ੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲੈਪਟੌਪ ਦੇ ਸਾਹਮਣੇ ਹੀ ਬੈਠੀ ਰਹਿੰਦੀ ਸੀ। ਇਸ ਨਾਲ ਆਯੂਸ਼ੀ ਨੂੰ ਮੋਢੇ, ਪਿੱਠ ਅਤੇ ਅੱਖਾਂ ਵਿੱਚ ਦਰਦ ਰਹਿਣ ਲੱਗਿਆ।
ਸ਼ਰਮੀਲਾ ਮੁਤਾਬਕ, ’’ਜਿਸ ਫੋਨ ਅਤੇ ਲੈਪਟੌਪ ਦੇ ਲਈ ਅਸੀਂ ਬੱਚਿਆਂ ਨੂੰ ਰੋਕਦੇ ਸੀ। ਹੁਣ ਉਹ ਖੁਦ ਬੱਚਿਆਂ ਨੂੰ ਦੇਣੇ ਪੈਂਦੇ ਹਨ। ਕਲਾਸ ਵੇਲੇ ਉਹ ਕੁਰਸੀ ’ਤੇ ਬੈਠਦੀ ਹੈ ਅਤੇ ਉਸ ਤੋਂ ਬਾਅਦ ਬੈੱਡ ਉੱਤੇ ਲੇਟ ਕੇ ਜਾਂ ਬੈਠ ਕੇ ਲੈਪਟੌਪ ਚਲਾਉਂਦੀ ਹੈ।’’
ਕਲਾਸ ਖ਼ਤਮ ਹੋਣ ਤੋਂ ਬਾਅਦ ਥੋੜ੍ਹਾ ਰਿਲੈਕਸ ਹੋਣ ਲਈ ਵੀ ਲੈਪਟੌਪ ’ਤੇ ਹੀ ਕੁਝ ਦੇਖਦੀ ਹੈ। ਇਸ ਨਾਲ ਜੂਨ ਮਹੀਨੇ ਵਿੱਚ ਮੇਰੀ ਧੀ ਆਯੂਸ਼ੀ ਨੂੰ ਪਿੱਠ, ਮੋਢਿਆਂ, ਅੱਖਾਂ ਵਿੱਚ ਦਰਦ ਅਤੇ ਥਕਾਨ ਹੋਣ ਲੱਗੀ ਸੀ। ਫਿਰ ਮੈਨੂੰ ਉਸ ਦੇ ਰੂਟੀਨ ’ਚ ਬਦਲਾਅ ਕਰਨਾ ਪਿਆ।’’
ਸਰਕਾਰ ਵੀ ਗੰਭੀਰ ਹੋਈ?
ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਨੇ ਬੱਚਿਆਂ ’ਤੇ ਡਿਜੀਟਲ ਪੜ੍ਹਾਈ ਦੇ ਸਰੀਰਕ ਅਤੇ ਮਾਨਸਿਕ ਪ੍ਰਭਾਵ ਨੂੰ ਦੇਖਦਿਆਂ ’’ਪ੍ਰਗਿਆਤਾ’’ ਨਾਮ ਤੋਂ ਡਿਜੀਟਲ ਸਿੱਖਿਆ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਇਸ ’ਚ ਆਨਲਾਈਨ ਕਲਾਸਾਂ ਦੀ ਗਿਣਤੀ ਅਤੇ ਸਮੇਂ ਨੂੰ ਸੀਮਤ ਕਰਨ ਲਈ ਸੁਝਾਅ ਦਿੱਤੇ ਗਏ ਹਨ।
ਪ੍ਰੀ ਪ੍ਰਾਇਮਰੀ – ਮਾਂ-ਬਾਪ ਨਾਲ ਗੱਲਬਾਤ ਅਤੇ ਉਨ੍ਹਾਂ ਦੇ ਮਾਰਗ ਦਰਸ਼ਨ ਲਈ 30 ਮਿੰਟ ਦਾ ਸੈਸ਼ਨ
ਪਹਿਲੀ ਤੋਂ 8ਵੀਂ – ਹਰ ਰੋਜ਼ 30 ਤੋਂ 45 ਮਿੰਟ ਦੀਆਂ ਦੋ ਕਲਾਸਾਂ
ਨੌਵੀਂ ਤੋਂ 12ਵੀਂ – ਹਰ ਰੋਜ਼ 30 ਤੋਂ 45 ਮਿੰਟ ਦੀਆਂ ਚਾਰ ਕਲਾਸਾਂ
ਇਸ ’ਚ ਬੱਚਿਆਂ ਲਈ ਫਿਜੀਕਲ ਐਕਟੀਵਿਟੀ ਅਤੇ ਇੰਟਰਨੈੱਟ ਦੀ ਵਰਤੋਂ ਨਾਲ ਜੁੜੀ ਸਲਾਹ ਵੀ ਦਿੱਤੀ ਗਈ ਹੈ।
ਮਾਪਿਆਂ ਦੇ ਲਈ ਇਨ੍ਹਾਂ ਨਵੇਂ ਹਾਲਾਤਾਂ ਦੇ ਹਿਸਾਬ ਨਾਲ ਤਾਲਮੇਲ ਬਣਾਉਣ ਲਈ ਤਰੀਕੇ ਵੀ ਦੱਸੇ ਗਏ ਹਨ।
ਇਸ ’ਚ ਸਮੇਂ-ਸਮੇਂ ’ਤੇ ਬ੍ਰੇਕ ਲੈਣ, ਆਫ਼ਲਾਈਨ ਖੇਡ ਖੇਡਣ ਅਤੇ ਮਾਪਿਆਂ ਦੀ ਨਿਗਰਾਨੀ ’ਚ ਕਲਾਸ ਲੈਣ ਦੀ ਸਲਾਹ ਦਿੱਤੀ ਗਈ ਹੈ।
ਬੱਚਿਆਂ ਦਾ ਸਕਰੀਨ ਟਾਈਮ ਵਧਣ ਨੂੰ ਲੈ ਕੇ ਪਹਿਲਾਂ ਤੋਂ ਚਿੰਤਾ ਜ਼ਾਹਿਰ ਕੀਤੀ ਜਾਂਦੀ ਰਹੀ ਹੈ।
ਹੁਣ ਮੰਤਰਾਲੇ ਵੱਲੋਂ ਦਿਸ਼ਾ-ਨਿਰਦੇਸ਼ ਆਉਣ ਨਾਲ ਇਸ ’ਤੇ ਚਰਚਾ ਹੋਰ ਵੱਧ ਗਈ ਹੈ।
ਅਜਿਹ ਵਿੱਚ ਜਾਣਦੇ ਹਾਂ ਕਿ ਸਕਰੀਨ ਟਾਈਮ ਨੂੰ ਸੀਮਤ ਕਰਨ ਕਿਉਂ ਜ਼ਰੂਰੀ ਹੈ ਅਤੇ ਆਨਲਾਈਨ ਕਲਾਸਾਂ ਦੇ ਦੌਰਾਨ ਦੂਜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਸਕਰੀਨ ਟਾਈਮ ਕੀ ਹੁੰਦਾ ਹੈ?
ਸਕਰੀਨ ਟਾਈਮ ਦਾ ਮਤਲਬ ਹੁੰਦਾ ਹੈ ਕਿ ਬੱਚਾ 24 ਘੰਟਿਆਂ ਵਿੱਚ ਕਿੰਨਾ ਸਮਾਂ ਮੋਬਾਈਲ, ਟੀਵੀ, ਲੈਪਟੌਪ ਅਤੇ ਟੈਬਲੇਟ ਵਰਗੇ ਗੈਜੇਟ ਦੀ ਵਰਤੋਂ ਕਰਨ ਵਿੱਚ ਬਿਤਾਉਂਦਾ ਹੈ।
ਅਮੇਰੀਕਨ ਅਕੈਡਮੀ ਆਫ਼ ਪੀਡੀਆਟ੍ਰਿਕਸ ਨੇ ਬੱਚਿਆਂ ਦੇ ਸਕਰੀਨ ਟਾਈਮ ਸਬੰਧੀ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਮੁਤਾਬਕ –
· 18 ਮਹੀਨੇ ਤੋਂ ਘੱਟ ਉਮਰ ਦੇ ਬੱਚੇ ਸਕਰੀਨ ਦੀ ਵਰਤੋਂ ਨਾ ਕਰਨ
· 18 ਤੋਂ 24 ਮਹੀਨੇ ਦੇ ਬੱਚੇ ਨੂੰ ਮਾਪੇ ਚੰਗੀ ਕੁਆਲਿਟੀ ਵਾਲੇ ਪ੍ਰੋਗਰਾਮ ਦਿਖਾਉਣ
· 2 ਤੋਂ 5 ਸਾਲ ਦੇ ਬੱਚੇ ਇੱਕ ਘੰਟੇ ਤੋਂ ਜਿਆਦਾ ਸਕੀਨ ਦਾ ਇਸਤੇਮਾਲ ਨਾ ਕਰਨ
· 6 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਦੇ ਸਕਰੀਨ ਦੇਖਣ ਦਾ ਸਮਾਂ ਸੀਮਤ ਹੋਵੇ। ਤੈਅ ਕਰੋ ਕਿ ਬੱਚੇ ਕੋਲ ਸੌਣ, ਫਿਜੀਕਲ ਐਕਟੀਵਿਟੀ ਅਤੇ ਹੋਰ ਜ਼ਰੂਰੀ ਕੰਮਾਂ ਲਈ ਸਮਾਂ ਹੋਵੇ
ਪਰ ਫਿਲਹਾਲ ਹਾਲਾਤ ਅਲਹਿਦਾ ਹਨ। ਬੱਚੇ ਕਲਾਸ ਤੋਂ ਇਲਾਵਾ ਅਸਾਈਨਮੈਂਟ, ਰਿਸਰਚ ਅਤੇ ਮਨੋਰੰਜਨ ਲਈ ਵੀ ਮੋਬਾਈਲ ਅਤੇ ਲੈਪਟੌਪ ਦਾ ਹੀ ਇਸਤੇਮਾਲ ਕਰ ਰਹੇ ਹਨ। ਇਸ ਨਾਲ ਉਨ੍ਹਾਂ ਦਾ ਸਕੀਨ ਟਾਈਮ ਕਿਤੇ ਜਿਆਦਾ ਵੱਧ ਗਿਆ ਹੈ।
ਸਕਰੀਨ ਟਾਈਮ ਦਾ ਬੱਚਿਆਂ ਉੱਤੇ ਅਸਰ
ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ’ਚ ਨੇਤਰ ਵਿਗਿਆਨ ਵਿਭਾਗ ਦੀ ਡਾਇਰੈਕਟਰ ਡਾ. ਅਨੀਤਾ ਸੇਠੀ ਦੱਸਦੇ ਹਨ ਕਿ ਅੱਜ-ਕੱਲ੍ਹ ਕਈ ਮਾਪੇ ਉਨ੍ਹਾਂ ਤੋਂ ਐਂਟੀ ਗਲੇਅਰ ਐਨਕਾਂ ਅਤੇ ਅੱਖਾਂ ਦੀਆਂ ਪਰੇਸ਼ਾਨੀਆਂ ਨੂੰ ਲੈ ਕੇ ਸਲਾਹ ਲੈ ਰਹੇ ਹਨ।
ਅਜਿਹੇ ’ਚ ਸਕਰੀਨ ਟਾਈਮ ਘੱਟ ਕਰਨਾ ਚੰਗਾ ਫੈਸਲਾ ਹੈ। ਜ਼ਿਆਦਾ ਸਕਰੀਨ ਦੇਖਣ ਨਾਲ ਬੱਚਿਆਂ ’ਚ ਕਈ ਪਰੇਸ਼ਾਨੀਆਂ ਹੋ ਜਾਂਦੀਆਂ ਹਨ, ਜਿਵੇਂ –
- ਕਦੇ-ਕਦੇ ਸਿਰ ’ਚ ਪੀੜ
- ਟੀਵੀ ਜਾਂ ਲੈਪਟੌਪ ਦੀ ਸਕਰੀਨ ਨੂੰ ਕੋਲ ਜਾ ਕੇ ਜਾਂ ਅੱਖਾਂ ਛੋਟੀਆਂ ਕਰਕੇ ਦੇਖਣਾ
- ਅੱਖਾਂ ’ਚ ਲਾਲੀ ਆਉਣਾ
- ਅੱਖਾਂ ਨੂੰ ਸੁੱਖੇਪਨ ਕਰਕੇ ਰਗੜਨਾ
- ਅੱਖਾਂ ’ਚ ਜਲਨ ਹੋਣਾ
- ਨਜ਼ਰ ਕਮਜ਼ੋਰ ਹੋ ਸਕਦੀ ਹੈ। ਪਹਿਲਾਂ ਜਿਨ੍ਹਾਂ ਨੂੰ ਐਨਕ ਲੱਗੀ ਹੈ ਉਨ੍ਹਾਂ ਦਾ ਨੰਬਰ ਵੱਧ ਸਕਦਾ ਹੈ
ਡਾਕਟਰ ਅਨੀਤਾ ਦੇ ਮੁਤਾਬਕ ਕੁਝ ਹੋਰ ਗੱਲਾਂ ਦਾ ਵੀ ਧਿਆਨ ਰੱਖਣਾ ਲਾਜ਼ਮੀ ਹੈ ਤਾਂ ਹੀ ਸਕਰੀਨ ਟਾਈਮ ਘੱਟ ਕਰਨ ਨਾਲ ਫਾਇਦਾ ਹੋਵੇਗਾ। ਇਹ ਜ਼ਰੂਰੀ ਗੱਲਾਂ ਹਨ –
ਬੈਠਣ ਦੀ ਪੁਜੀਸ਼ਨ – ਲੈਪਟੌਪ ਜਾਂ ਫੋਨ ਲੇਟ ਕੇ ਨਾ ਦੇਖੋ, ਕੁਰਸੀ ਅਤੇ ਟੇਬਲ ਦੀ ਵਰਤੋਂ ਕਰੋ। ਲੈਪਟੌਪ ਜਾਂ ਫੋਨ ਤੁਹਾਡੀ ਅੱਖਾਂ ਦੇ ਲੈਵਲ ’ਤੇ ਹੋਣਾ ਚਾਹੀਦਾ ਹੈ।
ਸਕਰੀਨ ਨੂੰ 33 ਸੈਂਟੀਮੀਟਰ ਤੱਕ ਦੀ ਦੂਰੀ ਉੱਤੇ ਰੱਖੋ। ਮੋਬਾਈਲ ਅਤੇ ਲੈਪਟੌਪ ਦੀ ਸਕਰੀਨ ਦੇ ਅਸਰ ’ਚ ਕੋਈ ਖਾਸ ਫਰਕ ਨਹੀਂ ਹੈ। ਦੋਵਾਂ ਨੂੰ ਇੱਕ ਸਟੈਂਡ ’ਤੇ ਰੱਖੋ ਜਿਸ ਨਾਲ ਆਈ ਲੈਵਲ ਬਣਾਇਆ ਰਹੇ।
ਰੌਸ਼ਨੀ – ਕਈ ਵਾਰ ਬੱਚੇ ਹਨੇਰੇ ਕਮਰੇ ’ਚ ਸਿਰਫ਼ ਲੈਪਟੌਪ ਜਾਂ ਫੋਨ ਦੀ ਰੌਸ਼ਨੀ ’ਚ ਹੀ ਪੜ੍ਹਨ ਲਗਦੇ ਹਨ। ਪਰ ਇਹ ਧਿਆਨ ਰੱਖੋ ਕਿ ਕਮਰੇ ਵਿੱਚ ਲੋੜੀਂਦੀ ਰੌਸ਼ਨੀ ਹੋਵੇ।
ਬ੍ਰੇਕ ਲੈਂਦੇ ਰਹੋ – ਵੱਡੇ ਬੱਚਿਆਂ ਨੂੰ ਕਲਾਸ ਤੋਂ ਇਲਾਵਾ ਵੀ ਪੜ੍ਹਨ ਲਈ ਮੋਬਾਈਲ ਅਤੇ ਲੈਪਟੌਪ ਦੀ ਲੋੜ ਹੁੰਦੀ ਹੈ। ਅਜਿਹੇ ’ਚ ਛੋਟੇ ਅਤੇ ਵੱਡੇ ਸਾਰੇ ਬੱਚੇ ਵਿੱਚ-ਵਿੱਚ ਬ੍ਰੇਕ ਲੈਂਦੇ ਰਹਿਣ। ਪਲਕਾਂ ਨੂੰ ਝਪਕਾਓ ਅਤੇ ਕੋਈ ਦੂਰ ਦੀ ਚੀਜ਼ ਨੂੰ ਦੇਖੋ। ਇਸ ਨਾਲ ਅੱਖਾਂ ਦੀ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ।
ਐਂਟੀ ਗਲੇਅਰ ਐਨਕ – ਜਿਨ੍ਹਾਂ ਬੱਚਿਆਂ ਦਾ ਸਕਰੀਨ ਟਾਈਮ ਵੱਧ ਹੈ ਉਹ ਐਂਟੀ ਗਲੇਅਰ ਐਨਕ ਦੀ ਵਰਤੋਂ ਕਰਨ। ਪਰ ਇਹ ਬਿਲਕੁਲ ਵੀ ਨਾ ਸੋਚੋ ਕਿ ਇਸ ਦੇ ਇਸਤੇਮਾਲ ਨਾਲ ਜਿੰਨਾ ਚਾਹੋ ਉਨੀਂ ਸਕਰੀਨ ਦੇਖ ਸਕਦੇ ਹੋ। ਇਹ ਸੁਰੱਖਿਆ ਦਾ ਇੱਕ ਤਰੀਕਾ ਹੈ ਪਰ ਸੀਮਤ ਸਕਰੀਨ ਟਾਈਮ ਦੇ ਨਾਲ।
ਡਾਕਟਰ ਅਨੀਤਾ ਕਹਿੰਦੇ ਹਨ ਕਿ ਜੇ ਤੁਸੀਂ ਬੈਠਣ ਦੇ ਤਰੀਕੇ ’ਤੇ ਗੌਰ ਨਹੀਂ ਕਰਦੇ ਤਾਂ ਪਿੱਠ, ਗਰਦਨ ਅਤੇ ਮੋਢੇ ’ਚ ਦਰਦ ਹੋ ਸਕਦੀ ਹੈ। ਫਿਜੀਕਲ ਐਕਟੀਵਿਟੀ ਨਾ ਹੋਣ ਕਾਰਨ ਭਾਰ ਵੱਧ ਸਕਦਾ ਹੈ ਅਤੇ ਢਿੱਲਾਪਨ ਆ ਸਕਦਾ ਹੈ।
ਬੱਚਿਆਂ ਉੱਤੇ ਮਾਨਸਿਕ ਪ੍ਰਭਾਵ
ਸਕਰੀਨ ਟਾਈਮ ਵਧਣ ਦੇ ਮਾਨਸਿਕ ਪ੍ਰਭਾਵ ਬਾਰੇ ਸਫ਼ਦਰਜੰਗ ਹਸਪਤਾਲ ’ਚ ਮਨੋਰੋਗ ਮਾਹਿਰ ਡਾਕਟਰ ਪੰਕਜ ਕੁਮਾਰ ਕਹਿੰਦੇ ਹਨ, ’’ਕੁਝ ਸਟਡੀਜ਼ ਮੁਤਾਬਕ ਜੇ ਬੱਚੇ ਜਾਂ ਨਾਬਾਲਗ 6 ਜਾਂ 7 ਘੰਟੇ ਤੋਂ ਵੱਧ ਸਕਰੀਨ ’ਤੇ ਬਿਤਾਉਂਦੇ ਹਨ ਤਾਂ ਉਨ੍ਹਾਂ ਉੱਤੇ ਮਨੋਵਿਗਿਆਨੀ ਅਸਰ ਹੋ ਸਕਦਾ ਹੈ। ਇਸ ਨਾਲ ਉਨ੍ਹਾਂ ਵਿੱਚ ਸਵੈ-ਸੰਜਮ ਦੀ ਕਮੀ, ਜਿਗਿਆਸਾ ਦੀ ਕਮੀ, ਭਾਵਨਾਤਮਕ ਸਥਿਰਤਾ ਨਾ ਹੋਣਾ, ਧਿਆਨ ਕੇਂਦਰਿਤ ਨਾ ਕਰ ਪਾਉਣਾ, ਆਸਾਨੀ ਨਾਲ ਦੋਸਤ ਨਹੀਂ ਬਣਨਾ, ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।’’
’’ਹਾਲਾਂਕਿ, ਇਹ ਸਭ ਇਸ ’ਤੇ ਨਿਰਭਰ ਕਰਦਾ ਹੈ ਕਿ ਉਹ ਸਕਰੀਨ ਉੱਤੇ ਕੀ ਦੇਖ ਰਹੇ ਹਨ, ਫਿਲਮ, ਵੀਡੀਓ, ਗੇਮ, ਸੋਸ਼ਲ ਮੀਡੀਆ ਦੇਖ ਰਹੇ ਹਨ ਜਾਂ ਕੁਝ ਪੜ੍ਹ ਰਹੇ ਹਨ। ਇਨ੍ਹਾਂ ਦਾ ਅਸਰ ਬੱਚੇ ਅਨੁਸਾਰ ਵੱਖ-ਵੱਖ ਹੋ ਸਕਦਾ ਹੈ।’’
ਮੋਬਾਈਲ ਅਤੇ ਲੌਪਟੌਪ ਦੇ ਜ਼ਿਆਦਾ ਇਸਤੇਮਾਲ ਨਾਲ ਬੱਚਿਆਂ ਦੀ ਆਦਤ ਵਿੱਚ ਵੀ ਬਦਲਾਅ ਆ ਰਿਹਾ ਹੈ। ਸਿੱਖਿਅਕ ਵੀਡੀਓਜ਼ ਅਤੇ ਵ੍ਹਟਸਐਪ ’ਚ ਗੱਲਬਾਤ ਨੂੰ ਲੈ ਕੇ ਉਨ੍ਹਾਂ ਦੀ ਸਰਗਰਮੀ ਵੱਧ ਗਈ ਹੈ।
ਸ਼ਰਮੀਲਾ ਦੱਸਦੇ ਹਨ ਕਿ ਉਨ੍ਹਾਂ ਦੀ ਧੀ, ’’ਆਯੂਸ਼ੀ ਨੇ ਬਿਨਾਂ ਦੱਸੇ ਬੱਚਿਆਂ ਦੇ ਕਈ ਯੂ-ਟਿਊਬ ਚੈਨਲ ਸਬਸਕ੍ਰਾਈਬ ਕਰ ਲਏ ਅਤੇ ਵੀਡੀਓਜ਼ ਦੇਖਣ ਲੱਗੀ। ਉਸ ਨੇ ਈਅਰਫੋਨ ਲਗਾਉਣ ਦੀ ਜ਼ਿੱਦ ਵੀ ਕੀਤੀ ਜਿਸ ਨਾਲ ਉਸ ਨੂੰ ਤੇਜ਼ ਸੁਣਨ ਦੀ ਆਦਤ ਹੋ ਗਈ। ਪਰ, ਫਿਰ ਮੈਂ ਉਸ ਨੂੰ ਸਪੀਕਰ ਉੱਤੇ ਸੁਣਨ ’ਤੇ ਜ਼ੋਰ ਦਿੱਤਾ। ਉਸ ਦਾ ਰੂਟੀਨ ਬਦਲਿਆ ਅਤੇ ਯੋਗ ਤੇ ਸਾਈਕਲ ਚਲਾਉਣ ਲਈ ਜਾਣ ਲੱਗੀ। ਨਾਲ ਹੀ ਮੈਂ ਸਕੂਲ ਵਿੱਚ ਘੱਟ ਵ੍ਹਟਸਐਪ ਗਰੁੱਪ ਬਣਾਉਣ ਲਈ ਅਰਜ਼ ਕੀਤੀ। ਇਸ ਸਭ ਨਾਲ ਆਯੂਸ਼ੀ ਨੂੰ ਕਾਫੀ ਫਾਇਦਾ ਹੋਇਆ।’’
ਫੋਨ ਅਤੇ ਲੈਪਟੌਪ ਦੀ ਆਦਤ ਉੱਤੇ ਡਾ. ਪੰਕਜ ਕਹਿੰਦੇ ਹਨ ਕਿ ਅੱਗੇ ਚੱਲ ਕੇ ਇਹ ਆਦਤ ਵੱਡੀ ਸਮੱਸਿਆ ਬਣ ਸਕਦੀ ਹੈ। ਜਦੋਂ ਸਕੂਲ ਸ਼ੁਰੂ ਹੋ ਜਾਣਗੇ ਤਾਂ ਬੱਚਿਆਂ ਦੀ ਆਦਤ ਬਦਲਣ ਵਿੱਚ ਮਸ਼ੱਕਤ ਕਰਨੀ ਪੈ ਸਕਦੀ ਹੈ। ਆਮ ਤੌਰ ਬੱਚੇ ਅਤੇ ਖਾਸ ਤੌਰ ’ਤੇ ਡਿਪਰੈਸ਼ਨ, ਸੋਸ਼ਲ ਐਂਗਜ਼ਾਇਟੀ ਜਾਂ ਹਾਈਪਰਐਕਟਿਵ ਡਿਸਆਰਡਰ ਨਾਲ ਗ੍ਰਸਤ ਬੱਚੇ, ਸਕਰੀਨ ਨੂੰ ਲੈ ਕੇ ਜਿਆਦਾ ਆਕਰਸ਼ਿਤ ਹੁੰਦੇ ਹਨ।
ਜਿਨ੍ਹਾਂ ਬੱਚਿਆਂ ’ਚ ਸੋਸ਼ਲ ਐਂਗਜਾਇਟੀ ਹੁੰਦੀ ਹੈ, ਉਨ੍ਹਾਂ ਨੂੰ ਸੋਸ਼ਲ ਮੀਡੀਓ ’ਤੇ ਲੋਕਾਂ ਨਾਲ ਜੁੜਨਾ ਵੱਧ ਪਸੰਦ ਆਉਂਦਾ ਹੈ ਕਿਉਂਕਿ ਕੋਈ ਤੁਹਾਨੂੰ ਦੇਖ ਨਹੀਂ ਸਕਦਾ।
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ –
- ਕੰਪਿਊਟਰ ਅਜਿਹੀ ਥਾਂ ਉੱਤੇ ਰੱਖੋ ਜਿੱਥੋਂ ਮਾਪੇ ਨਜ਼ਰ ਰੱਖ ਸਕਣ ਕਿ ਬੱਚਾ ਕੀ ਕਰ ਰਿਹਾ ਹੈ। ਕੋਸ਼ਿਸ਼ ਕਰੋ ਕਿ ਬੱਚਾ ਈਅਰਫੋਨ ਦੀ ਥਾਂ ਸਪੀਕਰ ਵਰਤੇ
- ਬੱਚੇ ਸਪਸ਼ਟ ਨਿਰਦੇਸ਼ਾਂ ਨੂੰ ਜਿਆਦਾ ਸਮਝਦੇ ਹਨ, ਜਿਵੇਂ ਕਦੋਂ ਅਤੇ ਕਿੰਨੇ ਸਮੇਂ ਲਈ ਉਨ੍ਹਾਂ ਨੂੰ ਲੈਪਟੌਪ ਜਾਂ ਮੋਬਾਈਲ ਮਿਲੇਗਾ। ਸਕੂਲ ਦੇ ਕੰਮ ਤੋਂ ਇਲਾਵਾ ਲੈਪਟੌਪ ਜਾਂ ਮੋਬਾਈਲ ਦੇਖਣੇ ਦੇ ਕੀ ਨਿਯਮ ਹੋਣਗੇ, ਇਹ ਪਹਿਲਾਂ ਤੈਅ ਕਰ ਲਓ
- ਬੱਚਿਆਂ ਨੂੰ ਫਿਜੀਕਲ ਐਕਟੀਵਿਟੀ ਜਿਵੇਂ ਕਸਰਤ, ਸਾਈਕਲ ਚਲਾਉਣਾ ਜਾਂ ਦੌੜਨ-ਚੱਲਣ ਵਾਲੇ ਖੇਡ ਖਿਡਾਓ
- ਕਈ ਐਪ ਦੱਸਦੇ ਹਨ ਕਿ ਮੋਬਾਈਲ ਵਿੱਚ ਕਿਸ ਐਪ ਉੱਤੇ ਕਿੰਨਾ ਸਮਾਂ ਬਿਤਾਇਆ ਗਿਆ ਹੈ। ਇਸ ਨਾਲ ਤੁਸੀਂ ਦੇਖ ਸਕਦੇ ਹੋ ਕਿ ਬੱਚਾ ਜਿਆਦਾਤਰ ਕੀ ਦੇਖ ਰਿਹਾ ਹੈ
ਬੱਚਿਆਂ ਦਾ ਸਿਹਤ ਅਤੇ ਸਿਲੇਬਸ
ਸਕੂਲਾਂ ਦੇ ਸਾਹਮਣੇ ਦੋਹਰੀ ਚੁਣੌਤੀ ਹੈ। ਇੱਕ ਪਾਸੇ ਉਨ੍ਹਾਂ ਨੇ ਬੱਚਿਆਂ ਨੂੰ ਪੜ੍ਹਾਉਣਾ ਵੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੀ ਸਿਹਤ ਦਾ ਵੀ ਧਿਆਨ ਰੱਖਣਾ ਹੈ। ਅਜਿਹੇ ’ਚ ਸਕੂਲ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਕਾਫੀ ਫਾਇਦੇਮੰਦ ਮੰਨ ਰਹੇ ਹਨ।
ਦਿੱਲੀ ਦੇ ਜਹਾਂਗੀਰਪੁਰ ਵਿੱਚ ’ਕੇ ਬਲਾਕ’ ਦੇ ਸਰਕਾਰੀ ਕੁੜੀਆਂ ਦੇ ਸੀਨੀਅਰ ਸੈਕੇਂਡਰੀ ਸਕੂਲ ਦੀ ਮੁਖੀ ਬੇਲਾ ਜੈਨ ਕਹਿੰਦੇ ਹਨ, ’’ਸਕਰੀਨ ਟਾਈਮ ਘੱਟ ਕਰਨ ਦੀ ਲੋੜ ਦੋ-ਤਿੰਨ ਕਾਰਨਾਂ ਕਰਕੇ ਸੀ।’’
’’ਪਹਿਲਾ, ਉਨ੍ਹਾਂ ਦੇ ਕੋਲ ਮਾਪਿਆਂ ਦੇ ਫੋਨ ਆ ਰਹੇ ਸਨ ਕਿ ਬੱਚੇ ਫੋਨ ਅਤੇ ਲੈਪਟੌਪ ਦਾ ਬਹੁਤ ਜਿਆਦਾ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਦਾ ਘਰ ਵਿੱਚ ਘੁਲਣਾ-ਮਿਲਣਾ ਬਹੁਤ ਘੱਟ ਗਿਆ ਹੈ। ਦੂਜੀ, ਕਈ ਬੱਚੇ ਅਜਿਹੇ ਹਨ ਜਿਨ੍ਹਾਂ ਦੇ ਭਰਾ-ਭੈਣ ਵੀ ਸਕੂਲ ’ਚ ਪੜ੍ਹਦੇ ਹਨ ਪਰ ਉਨ੍ਹਾਂ ਦੇ ਘਰ ਵਿੱਚ ਇੱਕ ਹੀ ਮੋਬਾਈਲ ਹੈ। ਹੁਣ ਕਲਾਸਾਂ ਘੱਟ ਹੋਣ ਨਾਲ ਸਾਰੇ ਬੱਚਿਆਂ ਨੂੰ ਕਲਾਸ ਲਗਾਉਣ ਦੇ ਵੱਧ ਮੌਕੇ ਮਿਲ ਜਾਣਗੇ।’’
ਬੇਲਾ ਜੈਨ ਕਹਿੰਦੇ ਹਨ ਕਿ ਇਸ ਨਾਲ ਅਧਿਆਪਕਾਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਉਨ੍ਹਾਂ ਦਾ ਵੀ ਸਕਰੀਨ ਟਾਈਮ ਅਤੇ ਮਸਰੂਫੀਅਤ ਵੱਧ ਗਈ ਹੈ। ਉਹ ਘੱਟ ਕਲਾਸਾਂ ਦੇਣਗੇ ਤਾਂ ਹੀ ਕਲਾਸ ਨੂੰ ਬਿਹਤਰ ਬਣਾਉਣ ਬਾਰੇ ਸੋਚ ਸਕਣਗੇ।
ਗ੍ਰੇਟਰ ਨੋਇਡਾ ਵੈਸਟ ਦੇ ਸਰਵੋਤਮ ਇੰਟਰਨੈਸ਼ਨਲ ਸਕੂਲ ਦੀ ਡਾਇਰਕੈਟਰ ਪ੍ਰਿੰਸੀਪਲ ਡਾ. ਪ੍ਰਿਅੰਕਾ ਮਹਿਤਾ ਦਾ ਕਹਿਣਾ ਹੈ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨਾਲ ਸਪਸ਼ਟਤਾ ਆਈ ਹੈ। ਇਸ ਨਾਲ ਪਹਿਲਾਂ ਸਭ ਕੁਝ ਕਰਨ ਦੀ ਕੋਸ਼ਿਸ਼ ’ਚ ਜ਼ਰੂਰਤ ਤੋਂ ਵੱਧ ਜਾਂ ਘੱਟ ਕੰਮ ਹੋ ਰਿਹਾ ਸੀ।
ਪਰ, ਸਿਲੇਬਸ ਪੂਰਾ ਕਰਨ ਦੀ ਚੁਣੌਤੀ ਨਾਲ ਸਕੂਲ ਕਿਵੇਂ ਨਜਿੱਠਣਗੇ, ਇਸ ਬਾਰੇ ਡਾ. ਪ੍ਰਿਅੰਕਾ ਕਹਿੰਦੇ ਹਨ, ’’ਸਾਰਿਆਂ ਨੂੰ ਇਹ ਸਮਝਣਾ ਹੋਵੇਗਾ ਕਿ ਇਸ ਔਖੇ ਸਮੇਂ ’ਚ ਸਿੱਖਿਆ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜ਼ਰੂਰੀ ਚੀਜਾਂ ਨਾ ਰਹਿ ਜਾਣ। ਅਸੀਂ ਘਰ ਤੋਂ ਸਕੂਲ ਨਹੀਂ ਚਲਾ ਰਹੇ। ਅਸੀਂ ਦੇਖਣਾ ਹੈ ਕਿ ਕਿਸ ਉਮਰ ਦੇ ਬੱਚੇ ਨੂੰ ਅਸੀਂ ਕੀ ਪੜ੍ਹਾਉਣਾ ਹੈ ਅਤੇ ਘਰ ਵਿੱਚ ਮਾਪਿਆਂ ਕੋਲ ਕਿੰਨੀਆਂ ਸਹੂਲਤਾਂ ਹਨ।’’
ਉਨ੍ਹਾਂ ਨੇ ਦੱਸਿਆ, ’’ਸੀਬੀਐਸਸੀ ਸਕੂਲ ਵਿੱਚ ਪੰਜਵੀਂ ਕਲਾਸ ਤੱਕ ਦਾ ਸਿਲੇਬਸ ਨਿੱਜੀ ਸਕੂਲ ਨਿਰਧਾਰਿਤ ਕਰ ਸਕਦੇ ਹਨ। ਇਸ ਤੋਂ ਇਲਾਵਾ ਵਿਕਲਪਿਕ ਕੈਲੰਡਰ ਵੀ ਫੋਲੋ ਕਰਨ ਨੂੰ ਕਿਹਾ ਜਾ ਰਿਹਾ ਹੈ। ਨੈਸ਼ਨਲ ਕਰਿਕੁਲਮ ਫਰੇਮਵਰਕ ਵਿੱਚ ਦੱਸਿਆ ਗਿਆ ਹੈ ਕਿ ਕਿਸ ਪੱਧਰ ’ਤੇ ਬੱਚੇ ਨੂੰ ਕਿੰਨਾ ਪਤਾ ਹੋਣਾ ਚਾਹੀਦਾ ਹੈ। ਜ਼ਰੂਰੀ ਨਹੀਂ ਹੈ ਕਿ ਕਿਸੇ ਵਿਸ਼ੇ ਲਈ 10-12 ਸਫਿਆਂ ਨੂੰ ਪੜ੍ਹਾਇਆ ਜਾਵੇ। ਟੀਚਰ ਉਸ ਨੂੰ ਛੋਟਾ ਕਰਕੇ ਟੌਪਿਕ ਸਮਝਾ ਸਕਦਾ ਹੈ। ਟੀਚਰ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ।’’
ਇਹ ਵੀਡੀਓ ਵੀ ਦੇਖੋ