ਬ੍ਰਿਟੇਨ ਦੇ 100 MPs ਨੇ ਬੌਰਿਸ ਜੌਨਸਨ ਨੂੰ ਕਿਹਾ, ‘ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖ਼ਿਲਾਫ ਤਾਕਤ ਦੀ ਵਰਤੋਂ ਵੇਖ ਫ਼ਿਕਰਮੰਦ ਹਾਂ’

ਬ੍ਰਿਟੇਨ ਦੇ ਸੌ ਮੈਂਬਰ ਪਾਰਲੀਮੈਂਟ ਨੇ ਆਪਣੇ ਪ੍ਰਧਾਨ ਮੰਤਰੀ ਬੋਰਸ ਜੌਨਸਨ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਕਿਹਾ ਹੈ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਅਗਲੀ ਮੁਲਾਕਾਤ ਵਿੱਚ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਪੁਰ ਅਮਨ ਹੱਲ ਕੱਢਣ ਲਈ ਕਹਿਣ।

ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ ਰਾਹੀਂ ਇਹ ਸੌ ਸਾਂਸਦਾਂ ਦੇ ਦਸਤਖ਼ਤਾਂ ਵਾਲੀ ਚਿੱਠੀ ਸਾਂਝੀ ਕੀਤੀ ਅਤੇ ਸਥਿਤੀ ਬਾਰੇ ਇੱਕ ਵੀਡੀਓ ਬਿਆਨ ਵੀ ਜਾਰੀ ਕੀਤਾ।

ਉਨ੍ਹਾਂ ਨੇ ਕਿਹਾ,“ਬਹੁਤ ਸਾਰੇ ਲੋਕ, ਨਾ ਸਿਰਫ਼ ਭਾਰਤ ਤੇ ਬ੍ਰਿਟੇਨ ਸਗੋਂ ਪੂਰੀ ਦੁਨੀਆਂ ਵਿੱਚ ਭਾਰਤ ਅੰਦਰ ਚੱਲ ਰਹੇ ਸ਼ਾਂਤਮਈ ਕਿਸਾਨ ਪ੍ਰਦਰਸ਼ਨ ਬਾਰੇ ਫ਼ਿਕਰਮੰਦ ਹਨ। ਹਲਕਿਆਂ ਦੇ ਕਈ ਲੋਕਾਂ ਨੇ ਮੇਰੇ ਵਰਗੇ ਐੱਮਪੀਆਂ ਕੋਲ ਆਪਣੇ ਫ਼ਿਕਰਮੰਦੀ ਜ਼ਾਹਰ ਕਰਨ ਲਈ ਪਹੁੰਚ ਕੀਤੀ ਹੈ। ਇਸ ਲਈ ਮੈਂ ਇਹ ਦੱਸਦੇ ਹੋਏ ਬਹੁਤ ਖ਼ੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਸੌ ਤੋਂ ਵਧੇਰੇ ਬ੍ਰਿਟਿਸ਼ ਸਾਂਸਦਾਂ ਨੇ ਬ੍ਰਟਿਸ਼ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੂੰ ਲਿਖੀ ਕਰਾਸ ਪਾਰਟੀ ਚਿੱਠੀ ਉੱਪਰ ਦਸਖ਼ਤ ਕੀਤੇ ਹਨ।"

ਤਨ ਢੇਸੀ ਇਸ ਤੋਂ ਪਹਿਲਾਂ ਵੀ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨਾਂ ਦੇ ਅੰਦੋਲਨ ਦੇ ਹੱਕ ਵਿੱਚ ਬੋਲਦੇ ਰਹੇ ਹਨ। ਉਨ੍ਹਾਂ ਨੇ ਇਹ ਮੁੱਦਾ ਬ੍ਰਿਟਿਸ਼ ਪਾਰਲੀਮੈਂਟ ਵਿੱਚ ਵੀ ਚੁੱਕਿਆ ਸੀ।

ਇਹ ਵੀ ਪੜ੍ਹੋ:

"ਉਨ੍ਹਾਂ ਨੂੰ ਹਾਲ ਹੀ ਵਿੱਚ ਸੰਸਦ ਵਿੱਚ ਇਸ ਮੁੱਦੇ ਬਾਰੇ ਪੁੱਛਿਆ ਗਿਆ ਸੀ ਪਰ ਬਦਕਿਸਮਤੀ ਨਾਲ ਸ਼ਾਇਦ ਉਨ੍ਹਾਂ ਨੇ ਗ਼ਲਤ ਸਮਝ ਲਿਆ। ਇਸ ਲਈ ਅਸੀਂ ਉਨ੍ਹਾਂ ਨੂੰ ਇਸ ਅਹਿਮ ਮਸਲੇ ਬਾਰੇ ਉਨ੍ਹਾਂ ਦੀ ਸਮਝ ਬਾਰੇ ਪੁੱਛਿਆ ਹੈ।"

"ਅਸੀਂ ਕਿਹਾ ਹੈ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੇ ਹਰ ਕਿਸੇ ਨੂੰ ਬੁਨਿਆਦੀ ਅਤੇ ਲੋਕਤੰਤਰੀ ਹੱਕ ਹੋਣ ਬਾਰੇ ਆਪਣੀ ਸਹਿਮਤੀ ਦੀ ਪੁਸ਼ਟੀ ਕਰਨ।"

“ਅਸੀਂ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਾਲ ਆਪਣੀ ਅਗਲੀ ਮੁਲਾਕਾਤ ਦੌਰਾਰ ਸਾਡੀਆਂ ਦਿਲੀ ਸੰਵੇਦਨਾਵਾਂ ਪਹੁੰਚਾਉਣ। ਕਿਉਂਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਅਣਗਿਣਤ ਕਿਸਾਨਾਂ ਖ਼ਿਲਾਫ਼ ਜਲ ਤੋਪਾਂ, ਅਥਰੂ ਗੈਸ ਅਤੇ ਤਾਕਤ ਦੀ ਵਰਤੋਂ ਦੀਆਂ ਤਾਜ਼ਾ ਫੁਟੇਜ ਦੇਖ ਕੇ ਫ਼ਿਕਰਮੰਦ ਸੀ।"

“ਅਸੀਂ ਇਹ ਵੀ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਮੈਜੂਦਾ ਤਣਾਅ ਦੇ ਜਲਦ ਸੁਲਝਣ ਦੀ ਉਮੀਦ ਹੈ ਅਤੇ ਉਹ ਸਾਡੀਆਂ ਉਮੀਦਾਂ ਵੀ ਪਹੁੰਚਾਉਣਗੇ।"

ਤਨ ਢੇਸੀ ਕਿਸਾਨ ਅੰਦੋਲਨ ਬਾਰੇ ਕਦੋਂ-ਕਦੋਂ ਬੋਲੇ

ਇਸ ਤੋਂ ਪਹਿਲਾਂ ਬ੍ਰਟੇਨ ਦੇ ਸਾਂਸਦਾਂ ਨੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਅਤੇ ਕਾਮਨਵੈਲਥ ਮਾਮਲਿਆਂ ਦੇ ਮੰਤਰੀ ਡੌਮਨਿਕ ਰਾਬ ਨੂੰ ਵੀ ਪੱਤਰ ਲਿਖਿਆ ਸੀ ਅਤੇ ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਨਾਲ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਵੀ ਬ੍ਰਿਟਿਸ਼ ਸਾਂਸਦਾਂ ਦੀਆਂ ਭਾਵਨਾਵਾਂ ਤੋਂ ਜਾਣੂੰ ਕਰਵਾਉਣ ਦੀ ਅਪੀਲ ਕੀਤੀ ਗਈ ਸੀ।

ਉਸ ਤੋਂ ਬਾਅਦ ਤਨ ਢੇਸੀ ਨੇ ਬ੍ਰਟਿਸ਼ ਸੰਸਦ ਵਿੱਚ ਬੌਰਿਸ ਜਾਨਸਨ ਨੂੰ ਇਸ ਬਾਰੇ ਸਥਿਤੀ ਸਪਸ਼ਟ ਕਰਨ ਲਈ ਪੁੱਛਿਆ। ਬੌਰਿਸ ਜਾਨਸਨ ਨੇ ਉਸ ਸਮੇਂ ਇਸ ਮਾਮਲੇ ਨੂੰ ਭਾਰਤ ਪਾਕਿਸਤਾਨ ਨਾਲ ਜੁੜਿਆ ਸਵਾਲ ਸਮਝ ਲਿਆ ਅਤੇ ਉਸੇ ਤਰ੍ਹਾਂ ਇਸ ਦਾ ਜਵਾਬ ਦੇ ਦਿੱਤਾ ਸੀ।

ਕਿਸਾਨ ਅੰਦੋਲਨ ਬਾਰੇ ਤਨ ਢੇਸੀ ਦੇ ਬੋਲਣ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਪਰ ਟਰੋਲਿੰਗ ਦਾ ਵੀ ਸਾਹਮਣਾ ਕਰਨਾ ਪਿਆ। ਜਿਸ ਬਾਰੇ ਤਨ ਨੇ ਕਿਹਾ ਕਿ ਇਹ ਟਰੋਲਿੰਗ ਉਨ੍ਹਾਂ ਨੂੰ ਸੱਚ ਬਾਰੇ ਬੋਲਣ ਤੋਂ ਨਹੀਂ ਰੋਕ ਸਕਦੇ।

ਬੀਬੀਸੀ ਪੱਤਰਕਾਰ ਗਗਨ ਸਭੱਰਵਾਲ ਨੇ ਇਸ ਬਾਰੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਵੀਰੇਂਦਰ ਸ਼ਰਮਾ ਨਾਲ ਗੱਲ ਕੀਤੀ ਸੀ।

ਵੀਰੇਂਦਰ ਸ਼ਰਮਾ ਈਲਿੰਗ ਸਾਊਥਹਾਲ ਤੋਂ ਸੰਸਦ ਮੈਂਬਰ (ਐੱਮਪੀ) ਹਨ, ਜਿੱਥੇ ਲਗਭਗ 31 ਫੀਸਦੀ ਭਾਰਤੀ ਮੂਲ ਦੇ ਲੋਕ ਹਨ ਅਤੇ ਪੰਜਾਬੀ, ਅੰਗਰੇਜ਼ੀ ਤੋਂ ਬਾਅਦ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ।

ਉਸ ਚਿੱਠੀ ਦਾ ਖਰੜਾ ਤਿਆਰ ਕਰਨ ਵਿੱਚ ਵੀ ਢੇਸੀ ਦੀ ਮੋਹਰੀ ਭੂਮਿਕਾ ਰਹੀ ਸੀ।

ਵੀਰੇਂਦਰ ਸ਼ਰਮਾ ਅਤੇ ਤਨਮਨਜੀਤ ਢੇਸੀ ਦੇ ਇਲਾਵਾ ਹੋਰ ਭਾਰਤੀ ਮੂਲ ਦੇ ਲੇਬਰ ਸੰਸਦ ਮੈਂਬਰਾਂ ਜਿਵੇਂ ਸੀਮਾ ਮਲਹੋਤਰਾ ਅਤੇ ਬੈਲਰੀ ਵਾਜ਼ ਅਤੇ ਲਿਬਰਲ ਡੈਮੋਕਰੇਟਸ ਦੇ ਸੰਸਦ ਮੈਂਬਰ ਮੁਨੀਰਾ ਵਿਲਸਨ ਅਤੇ ਸਾਬਕਾ ਲੇਬਰ ਲੀਡਰ ਜੇਰੇਮੀ ਕਾਰਬਿਨ ਨੇ ਵੀ ਇਸ ਪੱਤਰ 'ਤੇ ਹਸਤਾਖ਼ਰ ਕੀਤੇ ਸਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)