You’re viewing a text-only version of this website that uses less data. View the main version of the website including all images and videos.
ਜਦੋਂ ਗੁਰਚੇਤ ਚਿੱਤਰਕਾਰ ਦੀ ਫ਼ਿਲਮ ਜ਼ਰੀਏ ਵੰਡ ਵੇਲੇ ਵਿੱਛੜੀ ਭੈਣ ਆਪਣੇ ਭਰਾਵਾਂ ਨੂੰ ਮਿਲੀ
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਗੁਰਚੇਤ ਚਿੱਤਰਕਾਰ, ਉਹ ਕਲਾਕਾਰ ਹਨ ਜੋ ਵਿਅੰਗਮਈ ਰੂਪ ਵਿੱਚ ਸਮਾਜਿਕ ਮਸਲਿਆਂ ਨੂੰ ਚੁੱਕਦੇ ਹਨ। ਹਾਸ-ਰਸ ਤਰੀਕੇ ਨਾਲ ਲੋਕਾਂ ਦਾ ਮਨੋਰੰਜਨ ਵੀ ਕਰਦੇ ਹਨ ਅਤੇ ਸੁਨੇਹਾ ਵੀ ਦਿੰਦੇ ਹਨ ।
ਗੁਰਚੇਤ ਚਿੱਤਰਕਾਰ ਦੇ ਨਾਟਕ ਅਤੇ ਫ਼ਿਲਮਾਂ ਉਨ੍ਹਾਂ ਦੀ ਠੇਠ ਪੇਂਡੂ ਭਾਸ਼ਾ ਵਿੱਚ ਹੁੰਦੇ ਹਨ ,ਜਿਸ ਨਾਲ ਹਰ ਆਮ ਇਨਸਾਨ ਜੁੜਿਆ ਮਹਿਸੂਸ ਕਰਦਾ ਹੈ।
ਗੁਰਚੇਤ ਚਿੱਤਰਕਾਰ, ਇੱਕ ਐਕਟਰ ਹੋਣ ਦੇ ਨਾਲ-ਨਾਲ ਖ਼ੁਦ ਹੀ ਕਹਾਣੀਆਂ ਵੀ ਲਿਖਦੇ ਹਨ ਅਤੇ ਉਨ੍ਹਾਂ ਦਾ ਨਿਰਦੇਸ਼ਨ ਤੇ ਨਿਰਮਾਣ ਵੀ ਕਰਦੇ ਹਨ।
ਜ਼ਿੰਦਗੀਨਾਮਾ ਲੜੀ ਤਹਿਤ ਉਨ੍ਹਾਂ ਨਾਲ ਮੁਲਾਕਾਤ ਮੁਹਾਲੀ ਵਿੱਚ ਪੈਂਦੇ ਖਰੜ ਨੇੜੇ ਉਨ੍ਹਾਂ ਦੇ ਫਾਰਮ ਵਿੱਚ ਹੋਈ।
ਜਿੱਥੇ ਉਨ੍ਹਾਂ ਨੇ ਫ਼ਿਲਮਾਂ ਦੀ ਸ਼ੂਟਿੰਗਜ਼ ਲਈ ਸੈੱਟ ਵੀ ਬਣਾਏ ਹੋਏ ਹਨ ਅਤੇ ਘਰ ਵਿੱਚ ਵਰਤਣ ਲਈ ਜੈਵਿਕ ਫਲ ਸਬਜ਼ੀਆਂ ਵੀ ਉਗਾਉਂਦੇ ਹਨ।
“ਪਹਿਲਾਂ ਲਾਂਭੇ ਆਉਂਦੇ ਸੀ, ਹੁਣ ਧਮਕੀਆਂ ਆਉਂਦੀਆਂ”
ਕਿਸਾਨੀ ਪਿਛੋਕੜ ਵਾਲੇ ਗੁਰਚੇਤ ਚਿੱਤਰਕਾਰ ਦਾ ਪਿੰਡ ਈਲਵਾਲ, ਪੰਜਾਬ ਦੇ ਜ਼ਿਲ੍ਹੇ ਸੰਗਰੂਰ ਵਿੱਚ ਪੈਂਦਾ ਹੈ। ਉਨ੍ਹਾਂ ਦੇ ਪਿਤਾ ਕਰਨੈਲ ਸਿੰਘ ਅਤੇ ਮਾਤਾ ਦਾ ਨਾਮ ਬਲਵੀਰ ਕੌਰ ਹੈ।
ਗੁਰਚੇਤ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਦੀ ਰੰਗ ਮੰਚ ਵਿੱਚ ਰੁਚੀ ਤੋਂ ਖੁਸ਼ ਨਹੀਂ ਸਨ ਅਤੇ ਚਾਹੁੰਦੇ ਸਨ ਕਿ ਉਹ ਵੀ ਖੇਤੀਬਾੜੀ ਹੀ ਕਰਨ ਪਰ ਮਾਤਾ ਰੰਗ ਮੰਚ ਲਈ ਜਾਣ ਵਾਲੀ ਗੱਲ ਲਕੋ ਲੈਂਦੇ ਸਨ ।
ਆਪਣੇ ਬਚਪਨ ਬਾਰੇ ਗੁਰਚੇਤ ਦੱਸਦੇ ਹਨ ਕਿ ਉਸ ਪੀੜ੍ਹੀ ਦੇ ਆਮ ਪੇਂਡੂ ਬੱਚਿਆਂ ਦੀ ਤਰ੍ਹਾਂ ਹੀ ਸਨ ਜੋ ਡੰਗਰਾਂ ਪਿੱਛੇ ਘੁੰਮਦੇ ਅਤੇ ਛੱਪੜਾਂ ਵਿੱਚ ਤਾਰੀਆਂ ਲਾਉਂਦੇ ਸਨ।
ਗੁਰਚੇਤ ਹੱਸਦਿਆਂ ਕਹਿੰਦੇ ਹਨ ਕਿ ਜਦੋਂ ਉਹ ਛੋਟੇ ਸੀ ਤਾਂ ਸ਼ਰਾਰਤਾਂ ਕਾਰਨ ਘਰੇ ਉਲਾਂਭੇ ਆਉਂਦੇ ਸੀ, ਜਦੋਂ ਵੱਡੇ ਹੋਏ ਤਾਂ ਸਰਕਾਰਾਂ ਜਾਂ ਅਖੌਤੀ ਬਾਬਿਆਂ ‘ਤੇ ਵਿਅੰਗ ਕਸਣ ਕਾਰਨ ਧਮਕੀਆਂ ਆਉਣ ਲੱਗੀਆਂ ਸਨ।
ਗੁਰਚੇਤ ਦੱਸਦੇ ਹਨ ਕਿ ‘ਬੇਬੇ ਜੀ ਮੈਂ ਸੰਤ ਬਣ ਗਿਆ’, ਨਾਟਕ ਜ਼ਰੀਏ ਉਨ੍ਹਾਂ ਨੇ ਅਖੌਤੀ ਬਾਬਿਆਂ ’ਤੇ ਵਿਅੰਗ ਕਸਿਆ ਸੀ। ਇਸ ਨਾਟਕ ਤੋਂ ਬਾਅਦ ਉਨ੍ਹਾਂ ਨੂੰ ਕਈ ਧਮਕੀਆਂ ਮਿਲੀਆਂ।
ਗੁਰਚੇਤ ਕਹਿੰਦੇ ਹਨ, "ਧਮਕੀਆਂ ਦੇਣ ਵਾਲੇ ਇਹ ਵੀ ਕਹਿ ਦਿੰਦੇ ਸੀ ਕਿ ਤੇਰਾ ਘਰ ਫੂਕ ਦੇਵਾਂਗੇ, ਪਰ ਮੈਂ ਕਦੇ ਪਰਵਾਹ ਨਹੀਂ ਕੀਤੀ।"
ਬੁੱਤ ਦੀ ਭੂਮਿਕਾ ਨਿਭਾਉਣ ਤੋਂ ਸ਼ੌਹਰਤ ਹਾਸਿਲ ਕਰਨ ਤੱਕ
ਗੁਰਚੇਤ ਚਿੱਤਰਕਾਰ ਕਾਲਜ ਦੇ ਦਿਨਾਂ ਤੋਂ ਹੀ ਭੰਗੜੇ ਅਤੇ ਐਕਟਿੰਗ ਦਾ ਸ਼ੌਕ ਸੀ। ਫਿਰ ਉਹ ਆਪਣੇ ਇੱਕ ਦੋਸਤ ਜ਼ਰੀਏ ਮਸ਼ਹੂਰ ਨਾਟਕਕਾਰ ਗੁਰਸ਼ਰਨ ਸਿੰਘ ਹੁਰਾਂ ਨੂੰ ਮਿਲੇ ਸਨ ਅਤੇ ਕਾਫ਼ੀ ਸਮਾਂ ਉਨ੍ਹਾਂ ਦੀ ਟੀਮ ਦਾ ਹਿੱਸਾ ਬਣ ਕੇ ਪੰਜਾਬ ਦੇ ਪਿੰਡ-ਪਿੰਡ ਨਾਟਕ ਖੇਡੇ।
ਗੁਰਚੇਤ ਦੱਸਦੇ ਹਨ ਕਿ ਪਹਿਲਾਂ ਉਹ ‘ਬੁੱਤ ਜਾਗ ਪਿਆ’ ਨਾਟਕ ਵਿੱਚ ਭਗਤ ਸਿੰਘ ਦੇ ਬੁੱਤ ਦੀ ਭੂਮਿਕਾ ਹੀ ਨਿਭਾਉਂਦੇ ਰਹੇ, ਫਿਰ ਇੱਕ ਅਦਾਕਾਰ ਦੀ ਗੈਰ-ਮੌਜੂਦਗੀ ਨੇ ਉਨ੍ਹਾਂ ਨੂੰ ‘ਇਨਾਮ’ ਨਾਟਕ ਵਿੱਚ ਮੀਰਜ਼ਾਦੇ ਦੀ ਭੂਮਿਕਾ ਨਿਭਾਉਣ ਦਾ ਮੌਕਾ ਦਿੱਤਾ ਜਿੱਥੋਂ ਗੁਰਸ਼ਰਨ ਸਿੰਘ ਨੂੰ ਗੁਰਚੇਤ ਦੀ ਅਦਾਕਾਰੀ ਵਿੱਚ ਕਾਬਲੀਅਤ ਮਹਿਸੂਸ ਹੋਈ।
ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਉਨ੍ਹਾਂ ਨੇ ਆਪਣੀ ਟੀਮ ਬਣਾ ਲਈ ਅਤੇ ਉਨ੍ਹਾਂ ਦੇ ਨਾਟਕ ਆਮ ਲੋਕਾਂ ਦੀ ਭਾਸ਼ਾ ਵਿੱਚ ਹੁੰਦੇ ਸਨ। ਇਨ੍ਹਾਂ ਦੀਆਂ ਫ਼ਿਲਮਾਂ ਅਤੇ ਨਾਟਕਾਂ ਵਿੱਚ ਮਾਲਵੇ ਦੀ ਠੇਠ ਬੋਲੀ ਅਤੇ ਪੇਂਡੂ ਰਹਿਣ-ਸਹਿਣ ਦੇਖਣ ਨੂੰ ਮਿਲਦਾ ਹੈ।
ਗੁਰਚੇਤ ਚਿੱਤਰਕਾਰ ਨੇ ਦੱਸਿਆ, “ਮੈਂ ਹੀ ਸੀ ਜੋ ਆਪਣੇ ਕਲਾਕਾਰਾਂ ਨੂੰ ਪੰਜ-ਪੰਜ ਹਜ਼ਾਰ ਰੁਪਏ ਅਤੇ ਆਉਣ ਜਾਣ ਦਾ ਖ਼ਰਚਾ ਵੀ ਦਿੰਦਾ ਸੀ, ਕਿਉਂਕਿ ਮੈਨੂੰ ਪੈਸੇ ਮਿਲਦੇ ਸੀ। ”
“ਕਈ ਨਾਟਕਕਾਰ ਅਜਿਹੇ ਔਖੇ-ਔਖੇ ਨਾਟਕ ਤਿਆਰ ਕਰਦੇ ਸੀ ਜੋ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੇ, ਪਰ ਅਸੀਂ ਲੋਕਾਂ ਦੀ ਗੱਲ ਕਰਦੇ ਸੀ ਜਿਸ ਵਿੱਚ ਉਹ ਹੱਸਦੇ ਵੀ ਸੀ ਤੇ ਅਖੀਰ ਵਿੱਚ ਰੋਂਦੇ ਵੀ ਸੀ।”
ਜਦੋਂ ਸੀਡੀ ਦਾ ਦੌਰ ਆਇਆ ਤਾਂ ਗੁਰਚੇਤ ਚਿੱਤਰਕਾਰ ਨੇ ਨਾਟਕਾਂ ਨੂੰ ਲਘੂ ਫ਼ਿਲਮਾਂ ਵਜੋਂ ਵੀ ਬਣਾਉਣਾ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਉਸ ਦੌਰ ਵਿੱਚ ਪੰਜਾਬੀ ਫ਼ਿਲਮਾਂ ਦਰਸ਼ਕਾਂ ਨੂੰ ਸਿਨੇਮਿਆਂ ਵੱਲ ਖਿੱਚਣ ਵਿੱਚ ਕਾਮਯਾਬ ਨਹੀਂ ਹੋ ਰਹੀਆਂ ਸਨ।
ਸੀਡੀ ਦੇ ਮਾਧਿਅਮ ਨਾਲ ਰਿਲੀਜ਼ ਹੋਈ ‘ਫ਼ੌਜੀ ਦੀ ਫੈਮਲੀ’ ਅਤੇ ਫੈਮਲੀ 420 ਜਿਹੀਆਂ ਫ਼ਿਲਮਾਂ ਜ਼ਰੀਏ ਹੀ ਗੁਰਚੇਤ ਚਿੱਤਰਕਾਰ ਨੇ ਸ਼ੌਹਰਤ ਹਾਸਿਲ ਕੀਤੀ।
ਗੁਰਚੇਤ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਵੀਡੀਓਗ੍ਰਾਫੀ ਸ਼ੁਰੂ ਕੀਤੀ ਤਾਂ ਸ਼ੂਟਿੰਗ ਜਾਂ ਮਾਰਕਿੰਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਲਈ ਸ਼ੁਰੂਆਤ ਵਿੱਚ ਧੋਖੇ ਵੀ ਖਾਧੇ ਪਰ ਉਨ੍ਹਾਂ ਦੀ ਲਗਨ ਨੇ ਸਫਲਤਾ ਦੀ ਮੰਜ਼ਿਲ ਤੱਕ ਪਹੁੰਚਾ ਦਿੱਤਾ।
ਗੁਰਚੇਤ ਚਿੱਤਰਕਾਰ ਦੱਸਦੇ ਹਨ ਕਿ ਜਦੋਂ ਉਹ ਪਹਿਲੀ ਵਾਰ ਪਾਕਿਸਤਾਨ ਗਏ ਤਾਂ ਜਥੇ ਨਾਲ ਗਏ ਸਨ। ਉਸ ਵੇਲੇ ਉਨ੍ਹਾਂ ਦੀਆਂ ਕੁਝ ਸੀਡੀਜ਼ ਰਿਲੀਜ਼ ਹੋ ਚੁੱਕੀਆਂ ਸੀ।
ਉਨ੍ਹਾਂ ਦੱਸਿਆ ਕਿ ਉੱਥੇ ਪਹੁੰਚਦਿਆਂ ਹੀ ਸਾਰਾ ਮੀਡੀਆ ਉਨ੍ਹਾਂ ਵੱਲ ਆ ਗਿਆ ਕਿਉਂਕਿ ਪਾਕਿਸਤਾਨ ਵਿੱਚ ਉਨ੍ਹਾਂ ਦੀ ਫ਼ਿਲਮ 'ਫੈਮਿਲੀ' ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਸੀ।
ਉਹ ਕਹਿੰਦੇ ਹਨ ਕਿ ਜਿੰਨੇ ਦਿਨ ਉਹ ਪਾਕਿਸਤਾਨ ਰਹੇ, ਹਰ ਦਿਨ ਕਿਸੇ ਇੰਟਰਵਿਊ ਅਤੇ ਕਦੇ ਮਿਲਣੀ ਵਿੱਚ ਰੁੱਝੇ ਰਹਿੰਦੇ । ਉਸ ਵੇਲੇ ਉਨ੍ਹਾਂ ਨੂੰ ਪਹਿਲੀ ਵਾਰ ਆਪਣੀ ਸ਼ੌਹਰਤ ਦਾ ਅਹਿਸਾਸ ਹੋਇਆ।
ਗੁਰਚੇਤ ਚਿੱਤਰਕਾਰ ਨੇ ਦੱਸਿਆ ਕਿ ਭਾਵੇਂ ਅਜੋਕੇ ਮੀਡੀਆ ਜ਼ਰੀਏ ਕਹਾਣੀਆਂ ਦੱਸਦੇ ਹਨ, ਪਰ ਰੰਗ ਮੰਚ ਨਾਲ ਹੁਣ ਵੀ ਜੁੜੇ ਹੋਏ ਹਨ ਅਤੇ ਵਿਦੇਸ਼ਾਂ ਵਿੱਚ ਵੀ ਨਾਟਕ ਖੇਡ ਕੇ ਆਉਂਦੇ ਹਨ। ਜਿੱਥੇ ਤਿੰਨ-ਤਿੰਨ ਪੀੜ੍ਹੀਆਂ ਉਨ੍ਹਾਂ ਨੂੰ ਵੇਖਣ ਆਉਂਦੀਆਂ ਹਨ।
"ਮੇਰਾ ਪਰਿਵਾਰ ਮੇਰਾ ਸੈਂਸਰ ਹੈ"
ਗੁਰਚੇਤ ਚਿੱਤਰਕਾਰ ਨੇ ਦੱਸਿਆ ਕਿ ਕੋਈ ਵੀ ਫ਼ਿਲਮ ਰਿਲੀਜ਼ ਕਰਨ ਤੋਂ ਪਹਿਲਾਂ ਉਹ ਹਮੇਸ਼ਾ ਆਪਣੀ ਮਾਂ, ਪਤਨੀ ਅਤੇ ਬੇਟੀਆਂ ਨੂੰ ਦਿਖਾਉਂਦੇ ਹਨ ਅਤੇ ਯਕੀਨੀ ਬਣਾਉਂਦੇ ਹਨ ਕਿ ਕੋਈ ਇਤਰਾਜ਼ਯੋਗ ਕੰਟੈਂਟ ਨਾ ਹੋਵੇ ਜੋ ਪਰਿਵਾਰ ਵਿੱਚ ਬਹਿ ਕੇ ਦੇਖਿਆ ਨਾ ਜਾ ਸਕੇ।
ਚਿੱਤਰਕਾਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀਆਂ ਫ਼ਿਲਮਾਂ ਲਈ ਪਹਿਲਾਂ ਸੈਂਸਰ ਹੈ।
ਗੁਰਚੇਤ ਚਿੱਤਰਕਾਰ ਨੇ ਇਹ ਵੀ ਦੱਸਿਆ ਕਿ ਜਦੋਂ ਵੀ ਉਨ੍ਹਾਂ ਦੀ ਕਿਸੇ ਫ਼ਿਲਮ ਦੀ ਸ਼ੂਟਿੰਗ ਉਨ੍ਹਾਂ ਦੇ ਘਰ ਨੇੜੇ ਰੱਖੀ ਜਾਂਦੀ ਸੀ ਤਾਂ ਸਾਰੇ ਕਲਾਕਾਰ ਉਨ੍ਹਾਂ ਦੀ ਮਾਂ ਅਤੇ ਪਤਨੀ ਦੇ ਹੱਥ ਦੀਆਂ ਪੱਕੀਆਂ ਰੋਟੀਆਂ ਖਾਂਦੇ ਸੀ ਅਤੇ ਸ਼ੂਟਿੰਗ ਤੋਂ ਪਹਿਲਾਂ ਅਤੇ ਬਾਅਦ ਦੇ ਕਈ ਦਿਨ ਵਿਆਹ ਵਰਗਾ ਮਹੌਲ ਰਹਿੰਦਾ ਸੀ।
ਗੁਰਚੇਤ ਚਿੱਤਰਕਾਰ ਇਹ ਦੱਸਦਿਆਂ ਬੇਹੱਦ ਮਾਣ ਮਹਿਸੂਸ ਕਰਦੇ ਹਨ ਕਿ ਕਿਵੇਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦਾ ਸਾਥ ਦਿੰਦਾ ਹੈ। ਉਨ੍ਹਾਂ ਦਾ ਇੱਕ ਬੇਟਾ ਅਤੇ ਦੋ ਬੇਟੀਆਂ ਹਨ।
ਗੁਰਚੇਤ ਦੱਸਦੇ ਹਨ ਕਿ ਵਿਦੇਸ਼ਾਂ ਵਿੱਚ ਵਿਆਹੀਆਂ ਉਨ੍ਹਾਂ ਦੀਆਂ ਬੇਟੀਆਂ ਅਕਸਰ ਫ਼ਿਕਰ ਕਰਦਿਆਂ ਸਿਹਤ ਦਾ ਵੱਧ ਤੋਂ ਵੱਧ ਧਿਆਨ ਰੱਖਣ ਲਈ ਕਹਿੰਦੀਆਂ ਰਹਿੰਦੀਆਂ ਹਨ।
ਚਿੱਤਰਕਾਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਵਿਆਹ ਛੋਟੀ ਉਮਰ ਵਿੱਚ ਹੋ ਗਿਆ ਸੀ। ਉਨ੍ਹਾਂ ਨੇ ਗ੍ਰੈਜੁਏਸ਼ਨ ਦੀ ਪੜ੍ਹਾਈ ਅਤੇ ਰੰਗ ਮੰਚ ਵਿਆਹ ਤੋਂ ਬਾਅਦ ਹੀ ਸ਼ੁਰੂ ਕੀਤਾ ਅਤੇ ਸਹੁਰੇ ਪਰਿਵਾਰ ਅਤੇ ਪਤਨੀ ਤੋਂ ਵੀ ਉਨ੍ਹਾਂ ਨੂੰ ਸਹਿਯੋਗ ਮਿਲਿਆ।
ਅਦਾਕਾਰ ਗੁਰਚੇਤ ਕਿਵੇਂ ਬਣੇ ਚਿੱਤਰਕਾਰ
ਅਦਾਕਾਰੀ ਵਿੱਚ ਆਉਣ ਤੋਂ ਪਹਿਲਾਂ ਗੁਰਚੇਤ ਦੀ ਰੁਚੀ ਚਿੱਤਰਕਾਰੀ ਵਿੱਚ ਵੀ ਸੀ। ਉਹ ਪੇਟਿੰਗਜ਼ ਬਣਾਉਂਦੇ ਸਨ। ਇਸ ਕਰਕੇ ਉਨ੍ਹਾਂ ਨੇ ਆਪਣੇ ਨਾਮ ਪਿੱਛੇ ਵੀ ਚਿੱਤਰਕਾਰ ਜੋੜ ਲਿਆ।
ਉਹ ਦੱਸਦੇ ਹਨ ਕਿ ਉਹ ਪੰਜ ਹਜ਼ਾਰ ਤੋਂ ਵੱਧ ਪੇਟਿੰਗਜ਼ ਬਣਾ ਚੁੱਕੇ ਹਨ। ਕਈ ਗੁਰਦੁਆਰਾ ਸਾਹਿਬਾਨ ਦੇ ਅਜਾਇਬ ਘਰਾਂ ਲਈ ਕੰਮ ਕੀਤਾ। ਪੰਜਾਬੀ ਸੱਭਿਆਚਾਰ ਨੂੰ ਕੈਨਵਸ ‘ਤੇ ਉਤਾਰਿਆ।
ਉਹ 1995 ਦੇ ਦੌਰ ਨੂੰ ਯਾਦ ਕਰਦਿਆਂ ਦੱਸਦੇ ਹਨ ਕਿ ਉਨ੍ਹਾਂ ਦੀ ਇੱਕ ਪੇਂਟਿੰਗ ਵੀਹ-ਪੱਚੀ ਹਜ਼ਾਰ ਰੁਪਏ ਦੀ ਵਿਕਦੀ ਸੀ ਅਤੇ ਇੱਕ ਪੋਰਟਰੇਟ ਬਣਾਉਣ ਦੇ ਉਹ ਕਰੀਬ ਪੰਜ ਹਜ਼ਾਰ ਰੁਪਏ ਲੈਂਦੇ ਸਨ।
ਉਨ੍ਹਾਂ ਦੱਸਿਆ ਕਿ ਵੀਹ ਸਾਲ ਬਾਅਦ ਉਨ੍ਹਾਂ ਨੇ ਦੁਬਾਰਾ ਇੱਕ ਪੇਂਟਿੰਗ ਬਣਾਈ ਸੀ ਜੋ ਕਿ ਵੀਜ਼ਾ ਲੱਗਣ ’ਤੇ ਪਾਕਿਸਤਾਨ ਅੰਬੈਸੀ ਦੇ ਅੰਬੈਸਡਰ ਨੂੰ ਤੋਹਫ਼ੇ ਵਜੋਂ ਭੇਂਟ ਕੀਤੀ ਸੀ।
ਗੁਰਚੇਤ ਚਿੱਤਰਕਾਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਚਿੱਤਰਕਾਰੀ ਕਿਤੋਂ ਸਿੱਖੀ ਨਹੀਂ, ਬਲਕਿ ਕੁਦਰਤ ਨੇ ਹੀ ਇਹ ਕਲਾ ਵੀ ਉਨ੍ਹਾਂ ਨੂੰ ਬਖ਼ਸ਼ੀ।
ਵੰਡ ਵੇਲੇ ਵਿੱਛੜੇ ਭੈਣ-ਭਰਾ ਕਿਵੇਂ ਗੁਰਚੇਤ ਦੀ ਫ਼ਿਲਮ ਨੇ ਮਿਲਾਏ
ਗੁਰਚੇਤ ਚਿੱਤਰਕਾਰ ਦੀ ਇੱਕ ਫ਼ਿਲਮ ਜ਼ਰੀਏ ਪਾਕਿਸਤਾਨ ਰਹਿੰਦੀ ਇੱਕ ਭੈਣ ਦਾ ਭਾਰਤ ਰਹਿੰਦੇ ਭਰਾਵਾਂ ਨਾਲ ਮੇਲ ਦਾ ਕਿੱਸਾ ਬਹੁਤ ਚਰਚਿਤ ਰਿਹਾ ਹੈ। ਇਸ ਮੁਲਾਕਾਤ ਤੋਂ ਬਾਅਦ ਵੰਡ ਦੌਰਾਨ ਵਿੱਛੜੇ ਹੋਰ ਵੀ ਕਈ ਪਰਿਵਾਰਾਂ ਨੂੰ ਆਪਣੇ ਜੀਆਂ ਬਾਰੇ ਪਤਾ ਲੱਗਿਆ ਸੀ।
ਚਿੱਤਰਕਾਰ ਨੇ 1947 ਦੀ ਭਾਰਤ-ਪਾਕਿਸਤਾਨ ਵੰਡ ਦੇ ਵੇਲੇ ਦਾ ਕਿੱਸਾ ਦੱਸਿਆ ਕਿ ਉਨ੍ਹਾਂ ਦੇ ਪਿੰਡ ਈਲਵਾਲ ਦੀ ਇੱਕ ਬੀਬੀ ਨਾਭੇ ਕੋਲ ਇੱਕ ਪਿੰਡ ਵਿੱਚ ਵਿਆਹੀ ਸੀ, ਜਦੋਂ ਰੌਲਾ ਪਿਆ ਤਾਂ ਈਲਵਾਲ ਰਹਿੰਦੇ ਉਸ ਦੇ ਪੇਕਿਆਂ ਨੂੰ ਸਹੁਰਿਆਂ ਵੱਲੋਂ ਮਲੇਰਕੋਟਲਾ ਕੈਂਪ ਵਿੱਚ ਇਕੱਠੇ ਹੋਣ ਦਾ ਸੁਨੇਹਾ ਆਇਆ ।
ਉਸ ਬੀਬੀ ਦਾ ਸਹੁਰਾ ਪਰਿਵਾਰ ਪਿੰਡੋਂ ਤੁਰ ਪਿਆ, ਪਰ ਪੇਕਿਆਂ ਨੂੰ ਪਿੰਡ ਵਾਲਿਆਂ ਨੇ ਜਾਣ ਨਾ ਦਿੱਤਾ ਅਤੇ ਇੱਥੇ ਹੀ ਸੁਰੱਖਿਅਤ ਰੱਖ ਲਿਆ। ਰਾਹ ਵਿੱਚ ਮੁਸਲਮਾਨਾਂ ਉੱਤੇ ਹਮਲਾ ਹੋ ਗਿਆ। ਪਰ ਉਸ ਤੋਂ ਪਹਿਲਾਂ ਉਹ ਬੀਬੀ ਸਹੁਰੇ ਪਰਿਵਾਰ ਨਾਲ ਸਰਹੱਦ ਪਾਰ ਪਹੁੰਚ ਗਈ ਸੀ।
ਰਾਹ ਵਿੱਚ ਹੋਏ ਹਮਲੇ ਕਾਰਨ ਪੇਕਿਆਂ ਨੂੰ ਲੱਗਿਆ ਕਿ ਧੀ ਮਾਰੀ ਗਈ ਅਤੇ ਧੀ ਨੂੰ ਲੱਗਿਆ ਕਿ ਪੇਕੇ ਮਾਰੇ ਗਏ। ਸਾਰੀ ਉਮਰ ਉਹ ਬੀਬੀ ਆਪਣੇ ਆਪ ਨੂੰ ਭਰਾਵਾਂ ਤੋਂ ਸੱਖਣੀ ਸਮਝਦੀ ਰਹੀ ਅਤੇ ਭਰਾ ਆਪਣੀ ਭੈਣ ਨੂੰ ਖੋਹ ਦੇਣ ਦਾ ਦਰਦ ਸਮੋਈ ਜਿਉਂਦੇ ਰਹੇ।
2000ਵਿਆਂ ਦੀ ਸ਼ੁਰੂਆਤ ਵਿੱਚ ਗੁਰਚੇਤ ਚਿੱਤਰਕਾਰ ਦੀ ਫ਼ਿਲਮ ਫੈਮਲੀ 420 ਰਿਲੀਜ਼ ਹੋਈ ਸੀ। ਜਿਸ ਵਿੱਚ ਉਨ੍ਹਾਂ ਨੇ ਆਪਣੇ ਪਿੰਡ ਦੇ ਹੀ ਪੁਰਾਣੇ ਬਜ਼ੁਰਗਾਂ ਦੇ ਨਾਮ ਸ਼ਾਮਲ ਕੀਤੇ ਸਨ ਜਿਵੇਂ ਕਿ ਚਾਨਣ ਚਲਾਕਾ, ਨਾਜਰ ਵੈਲੀਆਂ ਦਾ, ਮੈਗਲ, ਬਚਨ ਮੋਘੇਦਾਰ ਆਦਿ।
ਪਾਕਿਸਤਾਨ ਰਹਿੰਦੀ ਉਸ ਬੀਬੀ ਨੇ ਵੀ ਇਹ ਫ਼ਿਲਮ ਦੇਖੀ ਤਾਂ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਉਸ ਦੇ ਪੇਕੇ ਪਿੰਡ ਦੀ ਬੋਲੀ ਹੈ ਅਤੇ ਉਸੇ ਪਿੰਡ ਦੇ ਆਦਮੀਆਂ ਦੇ ਨਾਮ ਹਨ।
ਇਨ੍ਹਾਂ ਫ਼ਿਲਮਾਂ ਵਿੱਚ ਦਿੱਤੇ ਗੁਰਚੇਤ ਚਿੱਤਰਕਾਰ ਦੇ ਫ਼ੋਨ ਨੰਬਰ ‘ਤੇ ਉਸ ਬੀਬੀ ਦੇ ਪੋਤਿਆਂ ਨੇ ਫ਼ੋਨ ਕੀਤਾ ਅਤੇ ਪਿੰਡ ਦਾ ਨਾਮ ਪੁੱਛਿਆ। ਜਦੋਂ ਚਿੱਤਰਕਾਰ ਨੇ ਦੱਸਿਆ ਕਿ ਉਸ ਦਾ ਪਿੰਡ ਈਲਵਾਲ ਹੈ ਤਾਂ ਬੀਬੀ ਨਾਲ ਉਨ੍ਹਾਂ ਦੀ ਗੱਲ ਕਰਵਾਈ ਗਈ।
ਚਿੱਤਰਕਾਰ ਨੇ ਆਪਣੇ ਦਾਦਾ-ਦਾਦੀ ਦਾ ਨਾਮ ਦੱਸਿਆ ਤਾਂ ਪਾਕਿਸਤਾਨ ਰਹਿੰਦੀ ਬੀਬੀ ਤੇਜੋ ਉਨ੍ਹਾਂ ਨੂੰ ਪਛਾਣ ਗਈ ਅਤੇ ਫਿਰ ਆਪਣੇ ਭਰਾਵਾਂ ਦੇ ਨਾਮ ਦੱਸ ਕੇ ਉਨ੍ਹਾਂ ਬਾਰੇ ਪੁੱਛਿਆ।
ਬੀਬੀ ਤੇਜੋ ਨੂੰ ਜਦੋਂ ਆਪਣੇ ਭਰਾਵਾਂ ਦੇ ਜਿਉਂਦੇ ਹੋਣ ਬਾਰੇ ਪਤਾ ਲੱਗਿਆ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਫਿਰ ਗੁਰਚੇਤ ਚਿੱਤਰਕਾਰ ਨੇ ਬੀਬੀ ਤੇਜੋ ਦੀ ਈਲਵਾਲ ਰਹਿੰਦੇ ਉਸ ਦੇ ਭਰਾਵਾਂ ਨਾਲ ਗੱਲ ਕਰਵਾਈ।
ਗੁਰਚੇਤ ਦੱਸਦੇ ਹਨ ਕਿ ਕਿੰਨਾ ਹੀ ਸਮਾਂ ਭੈਣ-ਭਰਾ ਫ਼ੋਨ ‘ਤੇ ਗੱਲ ਕਰਦਿਆਂ ਰੋਂਦੇ ਰਹੇ। ਕੋਲ ਬੈਠੇ ਗੁਰਚੇਤ ਸਮੇਤ ਹੋਰਾਂ ਦੀਆਂ ਅੱਖਾਂ ਵਿੱਚ ਵੀ ਪਾਣੀ ਸੀ।
ਫਿਰ ਗੁਰਚੇਤ ਹੁਰਾਂ ਨੇ ਪਾਕਿਸਤਾਨ ਜਾਣ ਦਾ ਮਨ ਬਣਾਇਆ ਅਤੇ ਫੈਸਲਾਬਾਦ ਕੋਲ ਉਨ੍ਹਾਂ ਦੇ ਪਿੰਡ ਗਏ। ਬੀਬੀ ਤੇਜੋ ਲਈ ਪੇਕਿਆਂ ਵੱਲੋਂ ਕੁਝ ਸਮਾਨ ਵੀ ਲੈ ਕੇ ਗਏ। ਗੁਰਚੇਤ ਨੇ ਦੱਸਿਆ, “ਭੂਆ ਤੇਜੋ ਕਹਿੰਦੀ ਮੈਨੂੰ ਤਾਂ ਮੌਤ ਵੀ ਨਹੀਂ ਸੀ ਆਉਂਦੀ ਕਿ ਪੇਕਿਆਂ ਦੇ ਕਫ਼ਨ ਤੋਂ ਬਿਨ੍ਹਾਂ ਦੁਨੀਆ ਤੋਂ ਕਿਵੇਂ ਜਾਵਾਂਗੀ। ਅੱਜ ਮੇਰੇ ਪੇਕੇ ਮਿਲ ਗਏ, ਹੁਣ ਭਾਵੇਂ ਮੈਨੂੰ ਮੌਤ ਵੀ ਲੈ ਜਾਵੇ ਕੋਈ ਪਰਵਾਹ ਨਹੀਂ।“
ਇਸ ਤੋਂ ਬਾਅਦ ਉਸ ਬੀਬੀ ਦੇ ਭਰਾ ਵੀ ਉਸ ਨੂੰ ਮਿਲ ਕੇ ਆਏ ਅਤੇ ਜਦੋਂ ਬੀਬੀ ਤੇਜੋ ਫ਼ੌਤ ਹੋਈ, ਤਾਂ ਵੀ ਉਸ ਦੇ ਪੇਕੇ ਰਸਮਾਂ ਨਿਭਾ ਕੇ ਆਏ।
ਫਿਲਮਾਂ ਜ਼ਰੀਏ ਨਸ਼ਿਆਂ ਖ਼ਿਲਾਫ ਸੁਨੇਹੇ
ਗੁਰਚੇਤ ਚਿੱਤਰਕਾਰ ਨੇ ਕਈ ਨਾਟਕਾਂ ਅਤੇ ਫ਼ਿਲਮਾਂ ਜ਼ਰੀਏ ਨਸ਼ਿਆਂ ਖ਼ਿਲਾਫ਼ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਦੱਸਦੇ ਹਨ ਕਿ ਨਿੱਜੀ ਜ਼ਿੰਦਗੀ ਵਿੱਚ ਵੀ ਨਸ਼ਿਆਂ ਦੇ ਖ਼ਿਲਾਫ਼ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੇ ਦੋ ਰਿਸ਼ਤੇਦਾਰ ਛੋਟੀ ਉਮਰੇ ਨਸ਼ੇ ਕਰਕੇ ਦੁਨੀਆਂ ਤੋਂ ਚਲੇ ਗਏ ਸਨ।
ਚਿੱਤਰਕਾਰ ਮਹਿਸੂਸ ਕਰਦੇ ਹਨ ਕਿ ਨਸ਼ੇ ਬੰਦ ਕਰਵਾਉਣਾ ਸਰਕਾਰ ਲਈ ਕੋਈ ਨਾਮੁਮਕਿਨ ਕੰਮ ਨਹੀਂ ਜੇ ਸਰਕਾਰ ਚਾਹਵੇ ਤਾਂ।
ਉਹ ਕਹਿੰਦੇ ਹਨ, “ਇਸੇ ਕਰਕੇ ਮੈਂ ਸਿਆਸਤ ਤੋਂ ਦੂਰੀ ਬਣਾ ਲਈ ਕਿਉਂਕਿ ਵੱਡੇ-ਵੱਡੇ ਲੀਡਰ ਵੀ ਨਸ਼ੇ ਦੇ ਵਪਾਰੀ ਹਨ। ਮੈਂ ਸਿਰਫ਼ ਬੀਬੀ ਖਾਲੜਾ ਅਤੇ ਸਿਮਰਨਜੀਤ ਮਾਨ ਦੀ ਸਪੋਰਟ ਕੀਤੀ ਹੈ। ਜੇ ਅਕਾਲੀ ਜਾਂ ਕਾਂਗਰਸੀ ਚੰਗਾ ਕਰਨਗੇ ਤਾਂ ਉਨ੍ਹਾਂ ਦੀ ਵੀ ਸਪੋਰਟ ਕਰਾਂਗੇ।”
“ਆਮ ਆਦਮੀ ਪਾਰਟੀ ਬਾਰੇ ਉਹ ਕਹਿੰਦੇ ਹਨ ਕਿ ਸਾਰੇ ਪੰਜਾਬੀਆਂ ਦੀ ਤਰ੍ਹਾਂ ਉਹ ਵੀ ਪੰਜਾਬ ਬਚਾਉਣ ਲਈ ਇਨ੍ਹਾਂ ਦੇ ਸਾਥ ਵਿੱਚ ਆਏ ਸੀ, ਪਰ ਹਾਲੇ ਤੱਕ ਇਹ ਪਾਰਟੀ ਵੀ ਲੋਕਾਂ ਦੀ ਉਮੀਦ ‘ਤੇ ਖ਼ਰੀ ਨਹੀਂ ਉਤਰੀ। ”
ਉਨ੍ਹਾਂ ਨੂੰ ਕਿਹਾ, “ਆਮ ਲੋਕਾਂ ਦੀ ਸਰਕਾਰ ਹੈ ਤਾਂ ਆਮ ਲੋਕਾਂ ਦੀ ਸਰਕਾਰ ਦੀ ਤਰ੍ਹਾਂ ਕੰਮ ਕਰੇ।”
‘ਬਿਰਧ ਆਸ਼ਰਮ ਲਈ ਕਰ ਰਿਹਾ ਹਾਂ ਕਮਾਈ’
ਗੁਰਚੇਤ ਚਿੱਤਰਕਾਰ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਅਸਫਲਤਾ ਨਹੀਂ ਦੇਖੀ ਅਤੇ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹਨ। ਹੁਣ ਉਨ੍ਹਾਂ ਦਾ ਸਿਰਫ਼ ਇੱਕੋ ਸੁਪਨਾ ਹੈ ਜਿਸ ਨੂੰ ਉਹ ਪੂਰਾ ਕਰਨਾ ਚਾਹੁੰਦੇ ਹਨ।
ਚਿੱਤਰਕਾਰ ਕਹਿੰਦੇ ਹਨ ਕਿ ਉਹ ਇੱਕ ਬਿਰਧ ਆਸ਼ਰਮ ਬਣਾਉਣਾ ਚਾਹੁੰਦੇ ਹਨ, ਜਿੱਥੇ ਬਜ਼ੁਰਗਾਂ ਨੂੰ ਐਸ਼ੋ-ਅਰਾਮ ਦੀ ਹਰ ਸਹੂਲਤ ਮਿਲੇ।
ਉਹ ਕਹਿੰਦੇ ਹਨ, “ਬਿਰਧ ਆਸ਼ਰਮਾਂ ਵਿੱਚ ਜ਼ਿਆਦਾਤਰ ਅਮੀਰ ਘਰਾਂ ਦੇ ਬਜ਼ੁਰਗਾਂ ਨੂੰ ਰਹਿਣਾ ਪੈਂਦਾ ਹੈ, ਇਸ ਲਈ ਮੈਂ ਉਨ੍ਹਾਂ ਦੇ ਆਖ਼ਰੀ ਸਮੇਂ ਅਮੀਰਾਂ ਵਾਲੀਆਂ ਹੀ ਸਹੂਲਤਾਂ ਦੇਣਾ ਚਾਹੁੰਦਾ ਹਾਂ।”