'ਪੰਜਾਬ ਪੰਜਾਬੀਆਂ ਦਾ' ਨਾਅਰਾ ਦੇਣ ਵਾਲਾ ਖ਼ਿਜ਼ਰ ਹਯਾਤ ਟਿਵਾਣਾ, ਜਿਸ ਨੇ ਅੰਗਰੇਜ਼ਾਂ ਤੋਂ 'ਆਜ਼ਾਦ ਪੰਜਾਬ' ਦੀ ਮੰਗ ਕੀਤੀ ਸੀ

    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

''ਬ੍ਰਿਟਿਸ਼ ਰਾਜ ਦੌਰਾਨ ਭਾਰਤ ਦੇ ਅਮੀਰ ਅਤੇ ਵੱਡੇ ਸੂਬੇ - ਪੰਜਾਬ ਦੇ ਪ੍ਰਧਾਨ ਮੰਤਰੀ ਖ਼ਿਜ਼ਰ ਹਯਾਤ ਟਿਵਾਣਾ ਅਪ੍ਰੈਲ 1944 ਵਿੱਚ ਆਪਣੀ 22 ਕੁਈਨਜ਼ ਰੋਡ ਰਿਹਾਇਸ਼ ਦੇ ਬਗੀਚੇ ਵਿੱਚ ਬੈਠੇ ਹੋਏ ਸਨ, ਜਦੋਂ ਜਿਨਾਹ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਅਲਟੀਮੇਟਮ ਦਿੱਤਾ।''

ਖ਼ਿਜ਼ਰ ਨੇ ਯੂਨੀਅਨਿਸਟ ਪਾਰਟੀ ਨੂੰ ਮੁਸਲਿਮ ਲੀਗ਼ ਵਿੱਚ ਰਲਾਉਣ ਤੋਂ ਇਨਕਾਰ ਕਰ ਦਿੱਤਾ ਤਾਂ ‘ਕਾਇਦ-ਏ-ਆਜ਼ਮ’ ਨੇ ਫੋਨ ਕੱਟਦਿਆਂ ਧਮਕੀ ਦਿੱਤੀ ਕਿ '‘ਤੁਹਾਨੂੰ ਪੂਰੀ ਜ਼ਿੰਦਗੀ ਇਸ ਦਾ ਅਫ਼ਸੋਸ ਰਹੇਗਾ।’'

ਯੂਨੀਅਨਿਸਟ ਪਾਰਟੀ ਸਾਂਝੇ ਪੰਜਾਬ ਵਿੱਚ ਜਗੀਰਦਾਰਾਂ ਤੇ ਰਜਵਾੜਿਆਂ ਦੀ ਸਿਆਸੀ ਧਿਰ ਸੀ।

ਇਸ ਮਗਰੋਂ ਵੱਖ-ਵੱਖ ਮੌਕਿਆਂ ਤੇ ਮੁਸਲਿਮ ਲੀਗ ਦੇ ਆਗੂ ਮੁਹੰਮਦ ਅਲੀ ਜਿਨਾਹ ਖ਼ਿਜ਼ਰ ਦੀ ਆਲੋਚਨਾ ਕਰਦੇ ਰਹੇ ਉਨ੍ਹਾਂ ਉੱਤੇ ਯੂਨੀਅਨਿਸਟ ਪਾਰਟੀ ਨੂੰ ਮੁਸਲਿਮ ਲੀਗ ਮਿਲਾਉਣ ਲਈ ਦਬਾਅ ਪਾਉਂਦੇ ਰਹੇ।

ਇਸ ਤੋਂ ਬਾਅਦ ਆਪਣੇ ਇੱਕ ਭਾਸ਼ਣ ਵਿੱਚ ਜਿਨਾਹ ਨੇ ਯੂਨੀਅਨਿਸਟ ਆਗੂਆਂ ਨੂੰ ‘ਗੱਦਾਰ’ ਤੱਕ ਕਿਹਾ। ਜਿਨਾਹ ਨੇ ਉਨ੍ਹਾਂ ਉੱਤੇ ਪੰਜਾਬੀ ਮੁਸਲਮਾਨਾਂ ਨੂੰ ਵੰਡਣ ਵਾਲੇ 'ਅਪਰਾਧੀ' ਹੋਣ ਦਾ ਇਲਜ਼ਾਮ ਲਾਇਆ।

ਇਅਨ ਟਾਲਬਟ ਖ਼ਿਜ਼ਰ ਹਯਾਤ ਟਿਵਾਣਾ ਦੀ ਜੀਵਨੀ ਵਿੱਚ ਲਿਖਦੇ ਹਨ, ''ਪੰਜਾਬ ਮੁਹੰਮਦ ਅਲੀ ਜਿਨਾਹ ਦੇ ਪਾਕਿਸਤਾਨ ਦੀ ਮੁੱਖ ਬੁਨਿਆਦ ਸੀ।''

ਇਅਨ ਟਾਲਬਟ, ਯੂਨੀਵਰਸਿਟੀ ਆਫ਼ ਸਾਊਥ ਹੈਂਪਟਨ ਵਿੱਚ ਮਾਡਰਨ ਸਾਊਥ ਏਸ਼ੀਅਨ ਹਿਸਟਰੀ ਦੇ ਪ੍ਰੋਫ਼ੈਸਰ ਹਨ।

ਉਨ੍ਹਾਂ ਨੇ ਮੁਹੰਮਦ ਅਲੀ ਜਿਨਾਹ ਨਾਲ ਖ਼ਿਜ਼ਰ ਹਯਾਤ ਟਿਵਾਣਾ ਦੀ ਪਾਕਿਸਤਾਨ ਅਤੇ ਪੰਜਾਬ ਵਿੱਚ ਮੁਸਲਿਮ ਲੀਗ ਨੂੰ ਲੈ ਕੇ ਪੈਦਾ ਹੋਈ ਇਸ ਤਲਖ਼ੀ ਬਾਰੇ ਵੀ ਵਿਸਥਾਰ ਨਾਲ ਲਿਖਿਆ ਹੈ।

ਜਿੱਥੇ ਮੁਸਲਿਮ ਲੀਗ ਹੋਰ ਸੂਬਿਆਂ ਦੀ ਮੁਸਲਮਾਨ ਆਬਾਦੀ ਵਿੱਚ ਆਪਣੀ ਥਾਂ ਬਣਾਉਣ ਵਿੱਚ ਸਫ਼ਲ ਰਹੀ ਸੀ, ਪੰਜਾਬ ਵਿੱਚ ਯੂਨੀਅਨਿਸਟ ਪਾਰਟੀ ਉਸ ਲਈ ਅੜਿੱਕਾ ਬਣ ਗਈ ਸੀ।

ਇਸੇ ਲਈ ਪੰਜਾਬ ਵਿੱਚ ਯੂਨੀਅਨਿਸਟ ਪਾਰਟੀ ਦੀ ਸਿਆਸਤ ਮੁਸਲਿਮ ਲੀਗ ਦੇ ਆਗੂਆਂ ਦੇ ਨਿਸ਼ਾਨੇ ਉੱਤੇ ਰਹੀ।

ਖ਼ਿਜ਼ਰ ਹਯਾਤ ਟਿਵਾਣਾ ਪੰਜਾਬ ਵਿੱਚ ਯੂਨੀਅਨਿਸਟ ਪਾਰਟੀ ਦੀ ਸਰਕਾਰ ਦੇ ਆਖ਼ਰੀ ਪ੍ਰੀਮੀਅਰ ਜਾਂ ਦੂਜੇ ਸ਼ਬਦਾਂ ਵਿੱਚ ਪ੍ਰਧਾਨ ਮੰਤਰੀ ਸਨ।

ਭਾਵੇਂ ਕਿ ਮੁਸਲਿਮ ਲੀਗ ਦਾ ਵਿਰੋਧੀ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਸਰਕਾਰ ਦੇ ਆਖ਼ਰੀ ਸਾਲਾਂ ਵਿੱਚ ਸ਼ਰਮਿੰਦਗੀ ਅਤੇ ਸਖ਼ਤ ਵਿਰੋਧ ਦਾ ਸਾਹਮਣਾ ਕਰਨ ਮਗਰੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।

ਮਾਰਚ 1947 ਵਿੱਚ ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਵਿੱਚ ਹਿੰਸਾ ਦਾ ਅਜਿਹਾ ਦੌਰ ਸ਼ੁਰੂ ਹੋਇਆ, ਜਿਸ ਦੇ ਨਤੀਜੇ ਵਜੋਂ ਲੱਖਾਂ ਲੋਕ ਉੱਜੜੇ ਅਤੇ ਕਤਲੇਆਮ ਵਿੱਚ ਮਾਰੇ ਗਏ।

ਖਿਜ਼ਰ ਦਾ ਜਨਮ 7 ਅਗਸਤ 1900 ਵਿੱਚ ਪੰਜਾਬ ਵਿੱਚ ਅਜੋਕੇ ਸਰਗੋਧਾ ਦੇ ਚੱਕ ਮੁਜ਼ੱਫ਼ਰਾਬਾਦ ( ਹੁਣ ਪਾਕਿਸਤਾਨ) ਵਿੱਚ ਹੋਇਆ ਸੀ।

ਖ਼ਿਜ਼ਰ ਨੂੰ ਮੁਸਲਿਮ ਲੀਗ ਦੀ ‘ਫ਼ਿਰਕੂ ਸਿਆਸਤ’ ਦੇ ਖ਼ਿਲਾਫ਼ ਡਟਵਾਂ ਸਟੈਂਡ ਲੈਣ ਅਤੇ ‘ਪੰਜਾਬ ਪੰਜਾਬੀਆਂ ਲਈ’ ਦਾ ਨਾਅਰਾ ਦੇਣ ਲਈ ਵੀ ਜਾਣਿਆ ਜਾਂਦਾ ਹੈ।

ਇਸ਼ਤਿਆਕ ਅਹਿਮਦ ਦੱਸਦੇ ਹਨ ਕਿ 1947 ਵਿੱਚ ਸਰਗੋਧਾ ਵਿੱਚ ਖ਼ਿਜ਼ਰ ਦੇ ਅਸਰ ਰਸੂਖ਼ ਕਾਰਨ ਹੀ ਹਿੰਦੂ-ਸਿੱਖਾਂ 'ਤੇ ਬਹੁਤ ਘੱਟ ਹਮਲੇ ਹੋਏ ਸਨ ਅਤੇ ਉਹ ਆਪਣੀ ਜਾਨ ਬਚਾਉਣ ਵਿੱਚ ਸਫ਼ਲ ਰਹੇ ਸਨ।

ਇਸ਼ਤਿਆਕ ਅਹਿਮਦ, ਸਵੀਡਨ ਦੀ ਸਟੌਕਹੋਲਮ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਹਨ ਅਤੇ ਭਾਰਤ-ਪਾਕਿਸਤਾਨ ਵੰਡ ਨਾਲ ਸਬੰਧਤ ਮਾਮਲਿਆਂ ਦੇ ਇਤਿਹਾਸਕਾਰ ਹਨ।

ਇਸ਼ਤਿਆਕ ਦੱਸਦੇ ਕਿ ਖ਼ਿਜ਼ਰ ਹਯਾਤ ਟਿਵਾਣਾ 'ਸੱਚਾ ਪੰਜਾਬੀ' ਅਤੇ ਸਭ ਧਰਮਾਂ ਵਿੱਚ ਮਿਲਵਰਤਣ ਬਣਾ ਕੇ ਰੱਖਣ ਵਾਲਾ ਆਗੂ ਸੀ।

ਯੂਨੀਅਨਿਸਟ ਪਾਰਟੀ ਕਿਵੇਂ ਸ਼ੁਰੂ ਹੋਈ

ਭਾਰਤ-ਪਾਕ ਬਟਵਾਰੇ ਬਾਰੇ ਕਈ ਕਿਤਾਬਾਂ ਲਿਖ ਚੁੱਕੇ ਪ੍ਰੋਫ਼ੈਸਰ ਇਸ਼ਤਿਆਕ ਅਹਿਮਦ ਦੱਸਦੇ ਹਨ ਕਿ ਯੂਨੀਅਨਿਸਟ ਪਾਰਟੀ ਸਾਲ 1923 ਵਿੱਚ ਹੋਂਦ ਵਿੱਚ ਆਈ ਸੀ।

ਇਸ ਨੂੰ ਅਜੋਕੇ ਚੜ੍ਹਦੇ ਪੰਜਾਬ ਦੇ ਬਟਾਲਾ ਨਾਲ ਸਬੰਧ ਰੱਖਦੇ ਸਰ ਫ਼ਜ਼ਲੇ ਹੁਸੈਨ ਨੇ ਸ਼ੁਰੂ ਕੀਤਾ ਸੀ।

ੳਨ੍ਹਾਂ ਨੇ ਸਰ ਛੋਟੂ ਰਾਮ ਜਿਹੇ ਜਾਟ ਲੀਡਰਾਂ ਨੂੰ ਵੀ ਆਪਣੇ ਨਾਲ ਲਿਆ। ਸਰ ਛੋਟੂ ਰਾਮ ਪੰਜਾਬ ਦੀ ਅੰਬਾਲਾ ਡਵੀਜ਼ਨ (ਅਜੋਕੇ ਹਰਿਆਣਾ) ਦੇ ਸਿਰਕੱਢ ਜਾਟ ਆਗੂ ਸਨ, ਜਿਨ੍ਹਾਂ ਨੂੰ ਖੇਤੀ ਸੁਧਾਰਾਂ ਲਈ ਜਾਣਿਆਂ ਜਾਂਦਾ ਹੈ।

ਇਸ਼ਤਿਆਕ ਦੱਸਦੇ ਹਨ ਕਿ ਇਹ ਪਾਰਟੀ ਮੁੱਖ ਤੌਰ ਉੱਤੇ ਪੇਂਡੂ ਪੰਜਾਬ ਦੇ ਹਿੱਤਾਂ ਦੀ ਪੈਰਵੀ ਦਾ ਦਾਅਵਾ ਕਰਦੀ ਸੀ।

1937 ਦੀਆਂ ਚੋਣਾਂ ਮਗਰੋਂ ਪੰਜਾਬ ਵਿੱਚ ਯੂਨੀਅਨਿਸਟ ਪਾਰਟੀ ਦੀ ਜਿੱਤ ਤੋਂ ਬਾਅਦ ਸਿਕੰਦਰ ਹਯਾਤ ਖ਼ਾਨ ਦੀ ਅਗਵਾਈ ਵਿੱਚ ਨਵੀਂ ਸਰਕਾਰ ਹੋਂਦ ਵਿੱਚ ਆਈ ਸੀ।

ਸਿਕੰਦਰ ਹਯਾਤ ਖ਼ਾਨ ਪੰਜਾਬ ਦੇ ਵੱਡੇ ਜਿਮੀਂਦਾਰਾਂ ਵਿੱਚੋਂ ਇੱਕ ਸਨ ਅਤੇ ਅੰਗਰੇਜ਼ਾਂ ਦੇ ਪ੍ਰਤੀ ਵਫ਼ਾਦਾਰ ਸਨ।

ਇਸ਼ਤਿਆਕ ਦੱਸਦੇ ਹਨ, ''ਯੂਨੀਅਨਿਸਟ ਪਾਰਟੀ ਦੀ ਸੋਚ ਸੀ ਕਿ ਅੰਗਰੇਜ਼ਾਂ ਦਾ ਰਾਜ ਪੰਜਾਬ ਲਈ ਚੰਗਾ ਹੈ, ਇਸ ਦਾ ਕਾਰਨ ਇਹ ਸੀ ਕਿ ਪੰਜਾਬ ਦੇ ਲੋਕਾਂ ਨੂੰ ਫੌਜ ਵਿੱਚ ਵੱਡੇ ਪੱਧਰ ਉੱਤੇ ਨੌਕਰੀਆਂ ਦਿੱਤੀਆਂ ਗਈਆਂ ਸਨ ਤੇ ਨਹਿਰੀ ਸਿਸਟਮ ਵਿਕਸਤ ਕੀਤਾ ਗਿਆ ਸੀ।''

ਇਨ੍ਹਾਂ ਦੋਵੇਂ ਯੋਜਨਾਵਾਂ ਨੇ ਪੰਜਾਬ ਵਿੱਚ ਖੁਸ਼ਹਾਲੀ ਲਿਆਂਦੀ ਅਤੇ ਇੱਥੇ ਦੇ ਮੁੱਖ ਧੰਦੇ ਖੇਤੀ ਦਾ ਮੂੰਹ ਮੱਥਾ ਬਦਲ ਦਿੱਤਾ।

ਯੂਨੀਅਨਿਸਟ ਪਾਰਟੀ ਨੇ 1937 ਦੀਆਂ ਚੋਣਾਂ ਵਿੱਚ 175 ਵਿੱਚੋਂ ਕਰੀਬ 98 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਸੀ। ਜਦਕਿ ਕਾਂਗਰਸ ਨੂੰ ਕਰੀਬ 20 ਤੋਂ ਘੱਟ ਅਤੇ ਮੁਸਲਿਮ ਲੀਗ ਨੂੰ ਕਰੀਬ 2 ਸੀਟਾਂ ਹੀ ਮਿਲੀਆਂ ਸਨ।

ਇਸ਼ਤਿਆਕ ਦੱਸਦੇ ਹਨ ਕਿ ਇਸ ਪਾਰਟੀ ਵਿੱਚ ਹਿੰਦੂ, ਮੁਸਲਮਾਨ, ਸਿੱਖ ਤੇ ‘ਦਲਿਤ’ ਸਭ ਫ਼ਿਰਕਿਆਂ ਦੇ ਲੋਕਾਂ ਕੋਲ ਅਹੁਦੇ ਸਨ।

ਯੂਨੀਅਨਿਸਟ ਪਾਰਟੀ ਦੀਆਂ ਭਾਈਵਾਲ ਪਾਰਟੀਆਂ ਵਿੱਚ ਸੁੰਦਰ ਸਿੰਘ ਮਜੀਠੀਆ ਦੀ ਖਾਲਸਾ ਪਾਰਟੀ ਅਤੇ ਮਨੋਹਰ ਲਾਲ ਦੀ ਨੈਸ਼ਨਲ ਪ੍ਰੋਗ੍ਰੈੱਸਿਵ ਪਾਰਟੀ ਦੇ ਨੁਮਾਇੰਦੇ ਵੀ ਸ਼ਾਮਲ ਸਨ।

ਟਾਲਬਟ ਆਪਣੀ ਕਿਤਾਬ ਵਿੱਚ ਲਿਖਦੇ ਹਨ, ''ਵੱਖ-ਵੱਖ ਫ਼ਿਰਕਿਆਂ ਦੇ ਆਗੂਆਂ ਨੂੰ ਆਪਣੀ ਕੈਬਨਿਟ ਵਿੱਚ ਥਾਂ ਦੇਣ ਮਗਰੋਂ ਸਿਕੰਦਰ ਹਯਾਤ ਨੇ ਨੂਨ-ਟਿਵਾਣਾ ਗਰੁੱਪ ਵਿੱਚੋਂ ਖ਼ਿਜ਼ਰ ਹਯਾਤ ਟਿਵਾਣਾ ਦੀ ਚੋਣ ਕੀਤੀ ਸੀ।''

ਉਨ੍ਹਾਂ ਨੇ ਖ਼ਿਜ਼ਰ ਨੂੰ ਲੋਕ ਨਿਰਮਾਣ ਮੰਤਰਾਲੇ ਅਤੇ ਪੰਚਾਇਤੀ ਰਾਜ ਦੇ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ।

ਸਮਝਿਆ ਜਾਂਦਾ ਹੈ ਕਿ ਖ਼ਿਜ਼ਰ ਨੂੰ ਮੰਤਰੀ ਦਾ ਅਹੁਦਾ ਉਨ੍ਹਾਂ ਦੇ ਪਿਤਾ ਉਮਰ ਹਯਾਤ ਟਿਵਾਣਾ ਤੇ ਪਰਿਵਾਰ ਦੇ ਸਿਆਸੀ ਤੇ ਸਮਾਜਿਕ ਦਬਦਬੇ ਕਾਰਨ ਮਿਲਿਆ ਸੀ।

ਯੂਨੀਅਨਿਸਟ ਪਾਰਟੀ ਤੇ ਜਿਨਾਹ

ਇਸ਼ਤਿਆਕ ਦੱਸਦੇ ਹਨ ਕਿ ਕਾਂਗਰਸ ਨੇ ਇਹ ਫ਼ੈਸਲਾ ਲਿਆ ਸੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੱਡੀ ਜਿਮੀਂਦਾਰੀ ਖ਼ਤਮ ਕਰ ਦੇਣਗੇ।

ਇਸ ਮਗਰੋਂ ਜਿਨਾਹ ਨੇ ਸਿਕੰਦਰ ਹਯਾਤ ਖ਼ਾਨ ਨੂੰ ਕਿਹਾ ਕਿ ਜੇਕਰ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਤੁਸੀਂ ਮੁਸਲਿਮ ਲੀਗ਼ ਨਾਲ ਸਮਝੌਤਾ ਕਰੋ।

ਪਾਕਿਸਤਾਨ ਅਤੇ ਵੰਡ ਬਾਰੇ ਕਈ ਕਿਤਾਬਾਂ ਲਿਖ ਚੁੱਕੇ ਇਅਨ ਲਿਖਦੇ ਹਨ ਕਿ ‘ਆਲ ਇੰਡੀਆ ਮੁਸਲਿਮ ਲੀਗ’ ਦੇ ਅਕਤੂਬਰ 1937 ਵਿੱਚ ਹੋਏ ਲਖਨਊ ਸੈੱਸ਼ਨ ਵਿੱਚ ਸਿਕੰਦਰ ਹਯਾਤ ਖ਼ਾਨ ਅਤੇ ਜਿਨਾਹ ਨੇ ਇੱਕ ਸਮਝੌਤੇ ਉੱਤੇ ਦਸਤਖ਼ਤ ਕੀਤੇ ਸਨ।

ਇਸ਼ਤਿਆਕ ਅਹਿਮਦ ਮੁਤਾਬਕ ਇਸ ਸਮਝੌਤੇ ਮੁਤਾਬਕ ਪੰਜਾਬ ਵਿੱਚ ਯੂਨੀਅਨਿਸਟ ਪਾਰਟੀ ਦੀ ਹਕੂਮਤ ਚੱਲੇਗੀ ਤੇ ਮੁਸਲਿਮ ਲੀਗ ਉਸ ਵਿੱਚ ਦਖ਼ਲਅੰਦਾਜ਼ੀ ਨਹੀਂ ਕਰੇਗੀ।

ਪਰ ਪੰਜਾਬ ਤੋਂ ਬਾਹਰ ਜਦੋਂ ਕਾਂਗਰਸ ਨਾਲ ਜਦੋਂ ਮੁਸਲਮਾਨਾਂ ਦੀ ਗੱਲ ਹੋਵੇਗੀ ਤਾਂ ਯੂਨੀਅਨਿਸਟ ਪਾਰਟੀ ਦੇ ਮੈਂਬਰ ਪੰਜਾਬ ਤੋਂ ਬਾਹਰ ਮੁਸਲਿਮ ਲੀਗ ਦੇ ਮੈਂਬਰ ਬਣਨਗੇ।

ਇਹੀ ਸਮਝੌਤਾ ਅੱਗੇ ਜਾ ਕੇ ਮੁਸਲਿਮ ਲੀਗ ਅਤੇ ਯੂਨੀਅਨਿਸਟ ਆਗੂਆਂ ਵਿਚਾਲੇ ਰੇੜਕੇ ਦਾ ਕਾਰਨ ਬਣਿਆ ਸੀ।

ਇਸ਼ਤਿਆਕ ਦੱਸਦੇ ਹਨ ਕਿ ਇਸ ਸਮਝੌਤੇ ਦਾ ਸਰ ਛੋਟੂ ਰਾਮ ਜਿਹੇ ਲੀਡਰਾਂ ਨੇ ਵੀ ਬੁਰਾ ਮਨਾਇਆ ਸੀ।

ਸਾਲ 1942 ਵਿੱਚ ਪੰਜਾਬ ਦੇ ਪ੍ਰਧਾਨ ਮੰਤਰੀ ਸਿਕੰਦਰ ਹਯਾਤ ਖ਼ਾਨ ਦੀ 50 ਸਾਲਾਂ ਦੀ ਉਮਰ ਵਿੱਚ ਮੌਤ ਹੋ ਗਈ ਸੀ।

1942 ਵਿੱਚ ਭਾਰਤ ਦੇ ਸਿਆਸੀ ਹਾਲਾਤ ਨਾਸਾਜ਼ ਸਨ।

ਮਾਰਚ 1942 ਵਿੱਚ ਹੀ ਭਾਰਤ ਵਿੱਚ ਕ੍ਰਿਪਸ ਮਿਸ਼ਨ ਆਇਆ ਸੀ, ਕਾਂਗਰਸ ਨੇ ਇਸ ਦੇ ਵਿਰੋਧ ਵਿੱਚ ਭਾਰਤ ਛੱਡੋ ਲਹਿਰ ਵਿੱਢੀ ਸੀ।

ਹਾਲਾਂਕਿ ਸਿਕੰਦਰ ਹਯਾਤ ਖ਼ਾਨ ਜੰਗ ਵਿੱਚ ਹਿੱਸੇਦਾਰੀ ਪਾਉਣ ਦਾ ਸਮਰਥਨ ਕਰਦੇ ਸਨ ਪਰ ਜਿਨਾਹ ਨੇ ਵਾਰ-ਵਾਰ ਉਨ੍ਹਾਂ ਉੱਤੇ ਇਸ ਤੋਂ ਪਿੱਛੇ ਹਟਣ ਦਾ ਦਬਾਅ ਪਾਇਆ ਸੀ।

ਮੁਸਲਿਮ ਲੀਗ ਵਿੱਚ ਵੀ ਸਿਕੰਦਰ ਦੀ ਹਾਲਤ ਅਲੱਗ-ਥਲੱਗ ਜਿਹੀ ਹੋ ਗਈ ਸੀ ਅਤੇ ਆਖ਼ਰੀ ਸਮੇਂ ਦੌਰਾਨ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ।

ਜੂਨ 1942 ਵਿੱਚ ਸਿੱਖ ਆਗੂ ਬਲਦੇਵ ਸਿੰਘ ਅਤੇ ਸਿਕੰਦਰ ਸਿੰਘ ਵਿਚਾਲੇ ਇੱਕ ਸਮਝੌਤਾ ਹੋਇਆ ਸੀ ਇਸ ਸਮਝੌਤੇ ਵਿੱਚ ਸਿੱਖਾਂ ਨੂੰ ਉਨ੍ਹਾਂ ਮਹਿਕਮਿਆਂ ਵਿੱਚ ਨੁਮਾਇੰਦਗੀ ਦੇਣੀ ਸ਼ਾਮਲ ਸੀ, ਜਿੱਥੇ ਇਹ 20 ਫ਼ੀਸਦ ਤੋਂ ਘੱਟ ਸੀ।

ਬਲਦੇਵ ਸਿੰਘ ਪੰਜਾਬ ਦੇ ਪ੍ਰਮੁੱਖ ਸਿੱਖ ਕਾਰੋਬਾਰੀ ਸਨ। ਉਹ ਅਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਵੀ ਬਣੇ ਸਨ।

ਖ਼ਿਜ਼ਰ ਹਯਾਤ ਟਿਵਾਣਾ ਦਾ ਪਿਛੋਕੜ

ਟਿਵਾਣਾ ਕਬੀਲੇ ਦੇ ਇਤਿਹਾਸ ਬਾਰੇ ਇਅਨ ਲਿਖਦੇ ਹਨ ਕਿ ਇਹ ਸਭ ਤੋਂ ਪਹਿਲਾਂ ਸਿੰਧ ਸਾਗਰ ਦੋਆਬ ਨੇੜੇ ਵਸੇ ਸਨ।

ਜਿੱਥੋਂ ਉਹ ਜਿਹਲਮ ਦਰਿਆ ਦੇ ਕੰਢੇ ਉੱਤੇ ਲਾਹੌਰ ਵਾਲੇ ਪਾਸੇ ਸਥਿਤ ਵੱਧ ਉਪਜਾਊ ਇਲਾਕਿਆਂ ਵਿੱਚ ਰਹਿਣ ਲੱਗੇ।

ਖ਼ਿਜ਼ਰ ਇਸੇ ਥਾਂ ਉੱਤੇ ਵੱਡੇ ਹੋਏ, ਉਹ ਉਸ ਵੇਲੇ ਦੇ ਸਭ ਤੋਂ ਅਮੀਰ ਜ਼ਿਮੀਂਦਾਰਾਂ ਵਿੱਚੋਂ ਇੱਕ ਸਨ।

ਅੰਗਰੇਜ਼ਾਂ ਨੇ ਆਪਣੀ ਫੌਜ ਵਿੱਚ ਟਿਵਾਣਾ ਲੈਂਸਰਜ਼ ਨਾਮ ਦੀ ਇੱਕ ਵੱਖਰੀ ਰੈਜੀਮੈਂਟ ਵੀ ਬਣਾਈ ਸੀ।

ਉਮਰ ਅਤੇ ਖ਼ਿਜ਼ਰ ਟਿਵਾਣਾ ਨੂੰ ਫੌਜ ਦੇ ਆਨਰੇਰੀ ਕਰਨਲ ਬਣਾਇਆ ਗਿਆ ਸੀ।

ਫੌਜ ਅਤੇ ਜ਼ਮੀਨਾਂ ਤੋਂ ਹੁੰਦੀ ਆਮਦਨ ਨੇ ਉਨ੍ਹਾਂ ਦੀ ਬ੍ਰਿਟਿਸ਼ ਪੰਜਾਬ ਵਿੱਚ ਸਥਿਤੀ ਕਾਫੀ ਮਜ਼ਬੂਤ ਕਰ ਦਿੱਤੀ।

ਉਹ ਪੰਜਾਬ ਦੇ ‘ਨੈਚੂਰਲ ਲੀਡਰਜ਼ ਵਜੋਂ ਉੱਭਰੇ’ ਸਨ।

ਇਅਨ ਲਿਖਦੇ ਹਨ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1849 ਵਿੱਚ ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕਰ ਲਿਆ।

ਸਿੱਖ ਰਾਜ ’ਤੇ ਜਿੱਤ ਤੋਂ ਹਾਸਲ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖਾਂ ਵਿਰੁੱਧ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਦੇ ਪਰਿਵਾਰਾਂ ਨੂੰ ਇਨਾਮਾਂ ਤੇ ਜਗੀਰਦਾਰੀਆਂ ਨਾਲ ਨਵਾਜਿਆ ਸੀ।

1857 ਦੇ ਗ਼ਦਰ ਮੌਕੇ ਵੀ ਸ਼ਾਹਪੁਰ (ਅਜੋਕਾ ਸਰਗੋਧਾ) ਦੇ ਖ਼ਿਜਰ ਹਯਾਤ ਟਿਵਾਣਾ ਦੇ ਦਾਦਾ ਮਲਿਕ ਸਾਹਿਬ ਖ਼ਾਨ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ।

ਜਿਸ ਕਾਰਨ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਬਣਦੇ ਰੁਤਬੇ ਅਤੇ ਪ੍ਰਸ਼ਾਸਨਿਕ ਅਹੁਦੇ ਦਿੱਤੇ।

ਆਪਣੇ ਸਿਆਸੀ ਖਿਆਲਾਂ ਵਿੱਚ ਖ਼ਿਜ਼ਰ ਬਰਤਾਨਵੀ ਰਾਜ ਦੇ ਕਾਫ਼ੀ ਨੇੜੇ ਸਨ।

ਉਹ ਭਾਰਤ ਦੇ ਅਜ਼ਾਦੀ ਘੁਲਾਟੀਏ ਅਤੇ ਰਾਸ਼ਟਰਵਾਦੀ ਆਗੂਆਂ ਨੂੰ ਅਸਲ ਇੰਡੀਆ ਦੀ ਸੱਚਾਈ ਤੋਂ ਦੂਰ ਸਮਝਦੇ ਸਨ।

ਇਸ ਦੀ ਵਜ੍ਹਾ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਸੀ।

ਟਾਲਬਟ ਲਿਖਦੇ ਹਨ ਕਿ ਖਿਜ਼ਰ ਆਪ ਇੱਕ ਇਮਾਨਦਾਰ ਤੇ ਦ੍ਰਿੜ ਇਰਾਦੇ ਵਾਲੇ ਇਨਸਾਨ ਸਨ।

ਉਨ੍ਹਾਂ ਨੇ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਅੰਗਰੇਜ਼ ਆਪਣੇ ਯੂਨੀਅਨਿਸਟ ਭਾਈਵਾਲਾਂ ਦਾ ਸਾਥ ਇੰਨੀ ਜਲਦੀ ਛੱਡ ਦੇਣਗੇ, ਪਰ ਉਹ ਗ਼ਲਤ ਨਿਕਲੇ।

ਖ਼ਿਜ਼ਰ ਹਯਾਤ ਟਿਵਾਣਾ ਦੇ ਮੁਸਲਿਮ ਲੀਗ ਵਿੱਚ ਸ਼ਾਮਲ ਨਾ ਹੋਣ ਦੇ ਕਾਰਨਾਂ ਬਾਰੇ ਉਹ ਲਿਖਦੇ ਹਨ।

“ਅੰਗਰੇਜ਼ਾਂ ਪ੍ਰਤੀ ਖ਼ਿਜ਼ਰ ਦੇ ਵਫ਼ਾਦਾਰ ਹੋਣ ਦਾ ਕਾਰਨ ਉਨ੍ਹਾਂ ਦੀ ਨਿੱਜਪ੍ਰਸਤੀ ਨਹੀਂ ਸੀ..ਉਹ ਉਨ੍ਹਾਂ ਦੇ ਇਸ ਵਿਸ਼ਵਾਸ ਕਰਕੇ ਸੀ ਕਿ ਰਾਜ ਨਾਲ ਸਬੰਧ ਵਿੱਚ ਹੀ ਪੰਜਾਬ ਦੀ ਖੁਸ਼ਹਾਲੀ ਜੁੜੀ ਹੋਈ ਹੈ।”

“ਜੇਕਰ ਉਨ੍ਹਾਂ ਦਾ ਮਕਸਦ ਵਧੇਰੇ ਤਾਕਤ ਹਾਸਲ ਕਰਨਾ ਹੁੰਦਾ ਤਾਂ ਉਹ ਸਿਆਸਤ ਵਿੱਚ ਪਹਿਲਾਂ ਆਉਂਦੇ ਅਤੇ ਮੁਸਲਿਮ ਲੀਗ਼ ਵਿੱਚ ਸ਼ਾਮਲ ਹੋ ਗਏ ਹੁੰਦੇ।”

ਇਅਨ ਲਿਖਦੇ ਹਨ ਕਿ ਖ਼ਿਜ਼ਰ ਦੀ ਸ਼ਖ਼ਸੀਅਤ ਕਾਇਲ ਕਰ ਦੇਣ ਵਾਲੀ ਸੀ। ਉਨ੍ਹਾਂ ਦੀ ਪੌਸ਼ਾਕ ਅਤੇ ਤੁਰਲੇ ਵਾਲੀ ਵੱਖਰੀ ਟਿਵਾਣਿਆਂ ਵਾਲੀ ਪੱਗ ਉਨ੍ਹਾਂ ਵੱਖਰੀ ਪਛਾਣ ਸੀ।

ਉਨ੍ਹਾਂ ਨੇ ਇਹ ਅੰਦਾਜ਼ ਆਪਣੇ ਪਿਤਾ ਉਮਰ ਹਯਾਤ ਟਿਵਾਣਾ ਕੋਲੋਂ ਹਾਸਲ ਕੀਤਾ ਸੀ।

ਖ਼ਿਜ਼ਰ ਹਯਾਤ ਟਿਵਾਣਾ ਨੂੰ ਅਸਤੀਫ਼ਾ ਕਿਉਂ ਦੇਣਾ ਪਿਆ

ਜਦੋਂ 1942 ਸਿਕੰਦਰ ਦੀ ਮੌਤ ਤੋਂ ਬਾਅਦ ਖ਼ਿਜ਼ਰ ਪੰਜਾਬ ਦੇ ਪ੍ਰਧਾਨ ਮੰਤਰੀ ਬਣੇ ਤਾਂ ਲੋਕਾਂ ਵਿੱਚ ਯੂਨੀਅਨਿਸਟ ਪਾਰਟੀ ਪ੍ਰਤੀ ਸਮਰਥਨ ਬਹੁਤ ਘੱਟ ਸੀ।

ਇਸ਼ਤਿਆਕ ਦੱਸਦੇ ਹਨ ਕਿ ਖ਼ਿਜ਼ਰ ਪੰਜਾਬ ਦੇ ਪ੍ਰੀਮੀਅਰ ਬਣ ਤਾਂ ਗਏ ਪਰ ਉਨ੍ਹਾਂ ਦੇ ਕਈ ਵਿਰੋਧੀ ਵੀ ਸਨ, ਜਿਨ੍ਹਾਂ ਸਿਕੰਦਰ ਹਯਾਤ ਦੇ ਪੁੱਤਰ ਵੀ ਸ਼ੌਕਤ ਹਯਾਤ ਅਤੇ ਮਮਡੋਟ ਦੇ ਨਵਾਬ ਵੀ ਸ਼ਾਮਲ ਸਨ।

ਇਨ੍ਹਾਂ ਲੋਕਾਂ ਨੂੰ ਜਿਨਾਹ ਨੇ ਮੁਸਲਿਮ ਲੀਗ ਵਿੱਚ ਸ਼ਾਮਲ ਕਰ ਕੇ ਆਪਣੇ ਨਾਲ ਰਲਾ ਲਿਆ ਸੀ।

ਇਸ਼ਤਿਆਕ ਦੱਸਦੇ ਹਨ ਕਿ ਜਿਨਾਹ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ 'ਸਿਕੰਦਰ ਜਿਨਾਹ ਪੈਕਟ' ਦੇ ਅਸਰ ਵਜੋਂ ਯੂਨੀਅਨਿਸਟ ਪਾਰਟੀ ਖ਼ਤਮ ਹੋ ਗਈ ਹੈ।

ਖਿਜ਼ਰ ਨੇ ਸਿਆਸਤ ਵਿੱਚ ਦੂਜੇ ਭਾਈਚਾਰਿਆਂ ਨਾਲ ਮਿਲਵਰਤਨ ਜਾਰੀ ਰੱਖਿਆ। ਉਨ੍ਹਾਂ ਨੇ ਭਾਈਚਾਰਕ ਸਾਂਝਾਂ ਦੇ ਨਾਲ-ਨਾਲ ਪੇਂਡੂ ਅਤੇ ਸ਼ਹਿਰੀ ਲੋਕਾਂ ਨੂੰ ਜੋੜਿਆ।

ਇਸ਼ਤਿਆਕ ਦੱਸਦੇ ਹਨ ਕਿ 1944 ਵਿੱਚ ਜਿਨਾਹ ਪੰਜਾਬ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਖ਼ਿਜ਼ਰ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ।

ਇਸ਼ਤਿਆਕ ਦੱਸਦੇ ਹਨ ਕਿ ਕਾਂਗਰਸ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਮੁਸਲਿਮ ਲੀਗ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਜੋ ਯੂਨੀਅਨਿਸਟ ਪਾਰਟੀ ਦੇ ਨਿਘਾਰ ਦਾ ਮੁੱਖ ਕਾਰਨ ਬਣਿਆ।

ਇਸ ਦੇ ਨਾਲ ਹੀ ਕਈ ਜਿਮੀਂਦਾਰ ਆਗੂ ਜੋ ਪਹਿਲਾਂ ਯੂਨੀਅਨਿਸਟ ਪਾਰਟੀ ਨਾਲ ਸਨ, ਮੁਸਲਿਮ ਲੀਗ ਨਾਲ ਹੋ ਗਏ ਸਨ।

1946 ਦੀਆਂ ਸੂਬਾਈ ਚੋਣਾਂ ਮਗਰੋਂ ਉਨ੍ਹਾਂ ਨੇ ਕਾਂਗਰਸ ਅਤੇ ਅਕਾਲੀਆਂ ਨੂੰ ਪੰਜਾਬ ਦੀ ਫ਼ਿਰਕੂ ਸਦਭਾਵਨਾ ਨੂੰ ਕਾਇਮ ਰੱਖਣ ਦੇ ਆਖ਼ਰੀ ਯਤਨ ਵਜੋਂ ਇਕੱਠਿਆਂ ਕੀਤਾ।

ਇਅਨ ਟਾਲਬਟ ਲਿਖਦੇ ਹਨ ਕਿ ਖ਼ਿਜ਼ਰ ਕੋਲ ਕੋਈ ਤੈਅ ਸਿਆਸੀ ਨੀਤੀ ਨਹੀਂ ਸੀ ਪਰ ਇਸ ਦੇ ਬਾਵਜੂਦ ਉਹ 1940 ਵਿਆਂ ਵਿੱਚ ਪੰਜਾਬ ਵਿੱਚ ਫ਼ਿਰਕੂ ਤਵਾਜ਼ਨ ਕਾਇਮ ਰੱਖ ਸਕੇ ਸਨ।

ਇਸ ਵੇਲੇ ਤੱਕ ਅੰਗਰੇਜ਼ਾਂ ਦਾ ਮੁਸਲਿਮ ਲੀਗ ਨੂੰ ਸਮਰਥਨ ਵੱਧ ਗਿਆ ਸੀ ਅਤੇ ਯੂਨੀਅਨਿਸਟ ਪਾਰਟੀ ਦੀ ਖ਼ਿਲਾਫ਼ਤ ਕਰਨ ਵਾਲੇ ਜਿਮੀਂਦਾਰ ਵੀ ਮੁਸਲਿਮ ਲੀਗ ਦੇ ਨਾਲ ਸਨ।

ਸਾਲ 1946 ਦੀਆਂ ਚੋਣਾਂ ਵਿੱਚ ਯੂਨਿਅਨਿਸਟ ਪਾਰਟੀ ਨੂੰ ਕਰੀਬ 18 ਸੀਟਾਂ ਮਿਲੀਆਂ ਪਰ ਮੁਸਲਿਮ ਲੀਗ 175 ਵਿੱਚੋਂ ਕਰੀਬ 73 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ ਸੀ।

ਇਸ਼ਤਿਆਕ ਦੱਸਦੇ ਹਨ ਕਿ ਇਨ੍ਹਾਂ ਚੋਣਾਂ ਵਿੱਚ ਕਈ ਇਸ਼ਤਿਹਾਰ ਲੱਗੇ ਜਿਨ੍ਹਾਂ ਵਿੱਚ ਯੂਨੀਅਨਿਸਟ ਪਾਰਟੀ ਦੇ ਆਗੂਆਂ ਨੂੰ 'ਕਾਫ਼ਰ' ਤੱਕ ਕਿਹਾ ਗਿਆ।

ਪਰ ਪੰਜਾਬ ਵਿੱਚ ਕਾਂਗਰਸ, ਪੰਥਕ ਪਾਰਟੀਆਂ ਅਤੇ ‘ਦਲਿਤਾਂ’ ਦਾ ਸਹਿਯੋਗ ਨਾਲ ਮਿਲਣ ਕਰਕੇ ਲੀਗ ਸਰਕਾਰ ਨਹੀਂ ਬਣਾ ਸਕੀ।

ਫ਼ਿਰ ਸਿੱਖ, ‘ਦਲਿਤ’ ਪਾਰਟੀਆਂ ਤੇ ਕਾਂਗਰਸ ਦੇ ਸਹਿਯੋਗ ਨਾਲ ਪੰਜਾਬ ਵਿੱਚ ਸਰਕਾਰ ਬਣੀ ਜਿਸਦੀ ਅਗਵਾਈ ਖ਼ਿਜ਼ਰ ਹਯਾਤ ਟਿਵਾਣਾ ਨੇ ਕੀਤੀ।

ਇਸ ਮਗਰੋਂ 24 ਜਨਵਰੀ 1947 ਨੂੰ ਜਿਨਾਹ ਨੇ ‘ਡਾਇਰੈਕਟ ਐਕਸ਼ਨ’ ਦੀ ਕਾਲ ਦਿੱਤੀ।

ਇਸ਼ਤਿਆਕ ਅਹਿਮਦ ਦੱਸਦੇ ਹਨ ਕਿ 24 ਤੋਂ ਲੈ ਕੇ 26 ਫਰਵਰੀ 1947 ਤੱਕ ਪੰਜਾਬ ਵਿੱਚ ਇਹ ਮੁਜ਼ਾਹਰੇ ਹੁੰਦੇ ਰਹੇ ਅਤੇ ਇਸ ਦੌਰਾਨ ਖ਼ਿਜ਼ਰ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਕਾਫ਼ੀ ਮਾੜੇ ਨਾਅਰੇ ਵਰਤੇ ਗਏ।

ਇਸ਼ਤਿਆਕ ਦੱਸਦੇ ਹਨ, "ਅੰਗਰੇਜ਼ਾਂ ਦੇ ਵਾਪਸ ਜਾਣ ਦੇ ਐਲਾਨ ਨੇ ਖ਼ਿਜ਼ਰ ਦੀ ਹਿੰਮਤ ਤੋੜ ਦਿੱਤੀ ਸੀ, ਉਹ ਸਮਝਦੇ ਸਨ ਕਿ ਜਿਨ੍ਹਾਂ ਪ੍ਰਤੀ ਅਸੀਂ ਵਫ਼ਾਦਾਰ ਸੀ ਉਹ ਨਾ ਰਹੇ ਤਾਂ ਹੁਣ ਉਨ੍ਹਾਂ ਦੀ ਕੋਈ ਪੁਜੀਸ਼ਨ ਨਹੀਂ ਰਹੇਗੀ।"

ਉਹ ਅੱਗੇ ਦੱਸਦੇ ਹਨ ਕਿ 2 ਮਾਰਚ ਨੂੰ ਖ਼ਿਜ਼ਰ ਹਯਾਤ ਟਿਵਾਣਾ ਨੇ ਅਸਤੀਫ਼ਾ ਦਿੱਤਾ ਸੀ।

ਉਹ ਦੱਸਦੇ ਹਨ, ''ਮਈ 1947 ਵਿੱਚ ਖ਼ਿਜ਼ਰ ਨੇ ਅੰਗਰੇਜ਼ਾਂ ਨੂੰ ਸੁਝਾਅ ਦਿੱਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਬਣਾਉਣ ਦੇ ਨਾਲ-ਨਾਲ ਤੁਸੀਂ ਯੂਨਾਈਟਿਡ ਪੰਜਾਬ ਨੂੰ ਇੱਕ ਤੀਜਾ ਡੋਮੀਨੀਅਨ ਬਣਾ ਦਿਓ, ਜੋ ਅੰਗਰੇਜ਼ਾਂ ਨੇ ਨਹੀਂ ਮੰਨਿਆ।''

ਇਸ਼ਤਿਆਕ ਕਹਿੰਦੇ ਹਨ, "ਖ਼ਿਜ਼ਰ ਹਯਾਤ ਟਿਵਾਣਾ ਉਨ੍ਹਾਂ ਲੋਕਾਂ ਵਿੱਚੋਂ ਸਨ, ਜੋ ਪੰਜਾਬ ਦੀ ਸਾਂਝੀਵਾਲਤਾ (ਯੂਨਿਟੀ) 'ਚ ਯਕੀਨ ਰੱਖਦੇ ਸਨ ਅਤੇ ਉਸ ਦੇ ਮੁਤਾਬਕ ਹੀ ਸਿਆਸਤ ਕਰਦੇ ਸਨ।"

ਖ਼ਿਜ਼ਰ ਹਯਾਤ ਟਿਵਾਣਾ ਦਾ ਸਾਲ 1975 ਵਿੱਚ ਦੇਹਾਂਤ ਹੋ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)