ਸੂਰਜ ਗ੍ਰਹਿਣ: ਦਿਨ ਵਿੱਚ ਚਾਰ ਮਿੰਟ ਤੱਕ ਰਹੇਗਾ ਹਨੇਰਾ, ਆਸਮਾਨ ਵਿੱਚ ਕੀ ਤਜਰਬਾ ਕਰਨ ਜਾ ਰਹੇ ਵਿਗਿਆਨੀ

ਉੱਤਰੀ ਅਮਰੀਕਾ ਦੇ ਲੋਕ ਸੋਮਵਾਰ ਨੂੰ ਲੱਗਣ ਜਾ ਰਹੇ ਪੂਰਨ ਸੂਰਜ ਗ੍ਰਹਿਣ ਨੂੰ ਦੇਖਣ ਲਈ ਪੂਰੀ ਤਿਆਰੀ ਕਰ ਰਹੇ ਹਨ।

ਇਹ ਸੂਰਜ ਗ੍ਰਹਿਣ ਉੱਤਰੀ ਅਮਰੀਕਾ ਅਤੇ ਕੈਨੇਡਾ ਦੇ ਪੂਰਬੀ ਪਾਸੇ ਦੇ ਸ਼ਹਿਰਾਂ ਵਿੱਚ ਲੱਗਣ ਜਾ ਰਿਹਾ ਹੈ।

ਇਸ ਦੁਰਲਭ ਕੁਦਰਤੀ ਵਰਤਾਰੇ ਤੋਂ ਪਹਿਲਾਂ ਸੈਂਕੜੇ ਤਰ੍ਹਾਂ ਦੇ ਸਮਾਗਮਾਂ ਦੀ ਯੋਜਨਾ ਬਣਾਈ ਜਾ ਚੁੱਕੀ ਹੈ।

ਇਸ ਲੇਖ ਵਿੱਚ ਜਾਣਦੇ ਹਾਂ ਕਿ ਵਿਗਿਆਨੀ ਉਨ੍ਹਾਂ ਚਾਰ ਮਿੰਟਾਂ ਲਈ ਜਦੋਂ ਚੰਦ ਪੂਰੀ ਤਰ੍ਹਾਂ ਸੂਰਜ ਨੂੰ ਢੱਕ ਲਵੇਗਾ, ਉਸ ਦੌਰਾਨ ਕਿਸ ਤਰ੍ਹਾਂ ਦੇ ਅਧਿਐਨ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਰਹੱਸਾਂ ਤੋਂ ਪਰਦਾ ਉੱਠਣ ਦੀ ਉਮੀਦ ਹੈ।

ਪਰ ਇਸ ਤੋਂ ਪਹਿਲਾਂ ਜਾਣਦੇ ਹਾਂ ਕਿ ਸੂਰਜ ਗ੍ਰਹਿਣ ਕੀ ਹੁੰਦਾ ਹੈ ਅਤੇ ਪੂਰਣ ਗ੍ਰਹਿਣ ਕਿੰਨਾ ਦੁਰਲਭ ਹੈ।

ਸੂਰਜ ਚੰਦ ਦੇ ਮੁਕਾਬਲੇ ਧਰਤੀ ਤੋਂ 400 ਗੁਣਾਂ ਦੂਰ ਹੈ ਅਤੇ ਚਾਰ ਸੌ ਗੁਣਾਂ ਵੱਡਾ ਹੈ। ਜਦੋਂ ਚੰਦ ਧਰਤੀ ਅਤੇ ਸੂਰਜ ਦੇ ਬਿਲਕੁਲ ਵਿਚਕਾਰ ਆ ਕੇ ਸੂਰਜ ਦੀ ਟਿੱਕੀ ਨੂੰ ਪੂਰੀ ਤਰ੍ਹਾਂ ਢਕ ਲੈਂਦਾ ਹੈ ਤਾਂ ਪੂਰਨ ਸੂਰਜ ਗ੍ਰਹਿਣ ਲਗਦਾ ਹੈ।

ਧਰਤੀ ਉੱਤੇ ਛਾ ਜਾਣ ਵਾਲਾ ਹਨੇਰਾ ਚੰਦ ਦਾ ਪਰਛਾਵਾਂ ਹੁੰਦਾ ਹੈ।

ਪੂਰਣ ਸੂਰਜ ਗ੍ਰਹਿਣ ਕਿੰਨਾ ਦੁਰਲਭ ਵਰਤਾਰਾ?

ਸੂਰਜ ਗ੍ਰਹਿਣ ਆਪਣੇ ਆਪ ਵਿੱਚ ਦੁਰਲਭ ਨਹੀਂ ਹਨ। ਸਗੋਂ ਦੋ ਤੋਂ ਚਾਰ ਸੂਰਜ ਗ੍ਰਹਿਣ ਧਰਤੀ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਹਰ ਸਾਲ ਦੇਖੇ ਜਾਂਦੇ ਹਨ।

ਹਾਲਾਂਕਿ, ਪੂਰਨ ਸੂਰਜ ਗ੍ਰਹਿਣ ਉਸ ਦੇ ਮੁਕਾਬਲੇ ਉਸ ਤੋਂ ਦੁਰਲਭ ਹੈ। ਧਰਤੀ ਬਹੁਤ ਵੱਡੀ ਹੈ, ਇਸ ਦਾ ਬਹੁਤ ਵੱਡਾ ਹਿੱਸਾ ਸਮੁੰਦਰਾਂ ਨੇ ਢੱਕਿਆ ਹੋਇਆ ਹੈ। ਇਸ ਲਈ ਬਹੁਤੀ ਵਾਰ ਮਨੁੱਖ ਸੂਰਜ ਗ੍ਰਹਿਣ ਦੇਖਣ ਤੋਂ ਵਾਂਝੇ ਰਹਿ ਜਾਂਦੇ ਹਨ।

ਪੂਰਨ ਸੂਰਜ ਗ੍ਰਹਿਣ ਕਿੰਨਾ ਦੁਰਲੱਭ ਹੁੰਦਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸਦੀ ਵਿੱਚ ਪਹਿਲੀ ਵਾਰ ਤਿੰਨੇ ਦੇਸ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਇਕੱਠੇ ਪੂਰਨ ਸੂਰਜ ਗ੍ਰਹਿਣ ਦੇਖ ਸਕਣਗੇ।

ਨਾਸਾ ਦਾ ਕਹਿਣਾ ਹੈ ਕਿ ਇਸ ਗ੍ਰਹਿਣ ਦਾ ਅਰਸਾ ਵੱਖ-ਵੱਖ ਥਾਵਾਂ ਉੱਤੇ ਇੱਕ ਤੋਂ ਸਾਢੇ ਚਾਰ ਮਿੰਟ ਦੇ ਦਰਮਿਆਨ ਹੋਵੇਗਾ।

ਇਸ ਵਰਤਾਰੇ ਦੇ ਅਧਿਐਨ ਲਈ ਸਾਇੰਸਦਾਨਾਂ ਵੱਲੋਂ ਗੁਬਾਰੇ ਤੇ ਰਾਕਟ ਛੱਡੇ ਜਾਣਗੇ, ਹਵਾਈ ਜਹਾਜ਼ ਰਾਹੀਂ ਗ੍ਰਹਿਣ ਦਾ ਪਿੱਛਾ ਕੀਤਾ ਜਾਵੇਗਾ। ਅਣਗਿਣਤ ਸਾਇੰਸਦਾਨ ਵੱਡੇ-ਵੱਡੇ ਕੈਮਰਿਆਂ ਨਾਲ ਇਸ ਦਾ ਧਰਤੀ ਉੱਪਰ ਰਹਿ ਕੇ ਅਧਿਐਨ ਕਰਨਗੇ।

ਇਸ ਤੋਂ ਇਲਾਵਾ ਚਿੜੀਆ-ਘਰਾਂ ਵਿੱਚ ਜਾ ਕੇ ਚਿੜੀਆਂ-ਜਨੌਰਾਂ ਉੱਪਰ ਇਸ ਦੇ ਪ੍ਰਭਾਵ ਦਾ ਵੀ ਅਧਿਐਨ ਕਰਨਗੇ।

ਇਸ ਦੌਰਾਨ ਸਾਇੰਸਦਾਨ ਕੁਝ ਅਜਿਹੇ ਤਜ਼ਰਬੇ ਵੀ ਕਰਨ ਦੀ ਕੋਸ਼ਿਸ਼ ਕਰਨਗੇ ਜੋ ਸਿਰਫ਼ ਗ੍ਰਹਿਣ ਦੇ ਦੌਰਾਨ ਹੀ ਕੀਤੇ ਜਾ ਸਕਦੇ ਹਨ। ਉਨ੍ਹਾਂ ਨੂੰ ਉਮੀਦ ਹੈ ਇਹ ਪ੍ਰਯੋਗ ਬ੍ਰਹਿਮੰਡ ਦੇ ਕੁਝ ਹੋਰ ਭੇਤ ਸਾਡੇ ਸਾਹਮਣੇ ਉਜਾਗਰ ਕਰਨਗੇ।

ਹਾਲਾਂਕਿ ਇਹ ਸਭ ਤਿਆਰੀਆਂ ਧਰੀਆਂ ਰਹਿ ਸਕਦੀਆਂ ਹਨ ਕਿਉਂਕਿ ਇੱਕ ਛੋਟੀ ਜਿਹੀ ਬਦਲੀ ਇਨ੍ਹਾਂ ਤਿਆਰੀਆਂ ਦੇ ਨੱਕ ਉੱਤੇ ਮੱਖੀ ਵਾਂਗ ਬੈਠ ਸਕਦੀ ਹੈ।

ਇਕ ਨਜ਼ਰ ਮਾਰਦੇ ਹਾਂ ਇਸ ਦੌਰਾਨ ਕੀ ਕੁਝ ਦੇਖਣ ਦੀ ਕੋਸ਼ਿਸ਼ ਹੋੇਵੇਗੀ—

ਚਿੜੀਆ ਘਰਾਂ ਵਿੱਚ ਸੂਰਜ ਗ੍ਰਹਿਣ ਦਾ ਅਧਿਐਨ

ਨੌਰਥ ਕੈਰੋਲਾਈਨਾ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਐਡਮ ਹਾਰਟਸਟੋਨ ਸੋਮਵਾਰ ਦਾ ਦਿਨ ਟੈਕਸਸ ਦੇ ਫੋਰਟ ਵੌਰਥ ਚਿੜੀਆ-ਘਰ ਵਿੱਚ ਬਿਤਾਉਣਗੇ।

ਇਸ ਦੌਰਾਨ ਉਹ ਚਿੜੀਆਂ-ਜਨੌਰਾਂ ਦੇ ਵਿਹਾਰ ਵਿੱਚ ਆਉਣ ਵਾਲੀਆਂ ਤਬਦੀਲੀਆਂ ਨੂੰ ਦੇਖਣ ਦੀ ਕੋਸ਼ਿਸ਼ ਕਰਨਗੇ।

ਸਾਲ 2017 ਦੇ ਸੂਰਜ ਗ੍ਰਹਿਣ ਸਮੇਂ ਦੇਖਿਆ ਗਿਆ ਸੀ ਕਿ ਬਹੁਤ ਹੀ ਦੁਰਲਭ ਗਲੈਪਾਗੋਸ ਕੱਛੂ ਅਚਾਨਕ ਸੰਭੋਗ ਕਿਰਿਆ ਵਿੱਚ ਲੱਗ ਗਏ ਸਨ।

ਬਹੁਤ ਸਾਰੇ ਜਾਨਵਰ ਅਚਾਨਕ ਹਨੇਰੇ ਤੋਂ ਘਬਰਾ ਜਾਂਦੇ ਹਨ।

ਪ੍ਰੋਫੈਸਰ ਦੱਸਦੇ ਹਨ, “ਪਿਛਲੀ ਵਾਰ ਫਲਿਮੈਂਗੋ ਪੰਛੀਆਂ ਨੇ ਬਹੁਤ ਸੋਹਣੀ ਗੱਲ ਕੀਤੀ ਸੀ। ਜਿਵੇਂ ਹੀ ਗ੍ਰਹਿਣ ਬਣਨ ਲੱਗਿਆ ਬਾਲਗਾਂ ਨੇ ਇਕੱਠੇ ਹੋ ਕੇ ਚੂਚਿਆਂ ਨੂੰ ਆਪਣੇ ਝੁੰਡ ਦੇ ਵਿਚਕਾਰ ਕਰ ਲਿਆ। ਅਜਿਹਾ ਕਰਕੇ ਉਹ ਅਕਾਸ਼ ਵੱਲ ਦੇਖਣ ਲੱਗੇ ਜਿਵੇਂ ਉੱਪਰੋਂ ਕੋਈ ਸ਼ਿਕਾਰੀ ਪੰਛੀ ਝਪੱਟਾਂ ਮਾਰਨ ਆ ਰਿਹਾ ਹੋਵੇ।”

ਜਦਕਿ ਗੁਰੀਲੇ, ਆਪਣੀ ਸੌਣ ਵਾਲੀ ਥਾਂ ਵੱਲ ਚਲੇ ਗਏ ਸਨ।

ਇੱਕ ਨਿਸ਼ਾਚਰ ਪੰਛੀ ਤਵਾਨੀ ਫਰੌਗਮੌਥ ਜਾਗ ਪਿਆ ਸੀ। ਜਦਕਿ ਦਿਨ ਵਿੱਚ ਉਹ ਸੜ ਰਹੀ ਲੱਕੜ ਦਾ ਭੇਸ ਬਣਾ ਕੇ ਲੁਕਿਆ ਰਹਿੰਦਾ ਹੈ। ਇਸ ਨੇ ਭੋਜਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਅਤੇ ਜਦੋਂ ਅਚਾਨਕ ਦਿਨ ਦਾ ਸ਼ਹਿਨਸ਼ਾਹ ਇੱਕ ਵਾਰ ਫਿਰ ਚੰਦ ਦੀ ਚਾਦਰ ਵਿੱਚੋਂ ਬਾਹਰ ਆਇਆ ਤਾਂ ਇਹ ਪੰਛੀ ਫਿਰ ਲੱਕੜ ਬਣਕੇ ਲੁਕ ਗਿਆ।

ਉੱਤਰੀ ਕੈਰੋਲਾਈਨਾ, ਅਮਰੀਕਾ ਵਿੱਚ ਐਨਸੀ ਸਟੇਟ ਯੂਨੀਵਰਸਿਟੀ ਗ੍ਰਹਿਣ ਦੌਰਾਨ ਇਹ ਪਤਾ ਲਗਾਵੇਗੀ ਕਿ ਇਸ ਦਾ ਜੰਗਲੀ ਜੀਵਣ ਉੱਤੇ ਕੀ ਪ੍ਰਭਾਵ ਹੋਵੇਗਾ। ਇਸ ਪ੍ਰਯੋਗ ਵਿੱਚ ਟੈਕਸਾਸ ਸਟੇਟ ਚਿੜੀਆਘਰ ਦੇ 20 ਜਾਨਵਰਾਂ ਦੇ ਵਿਵਹਾਰ ਦਾ ਅਧਿਐਨ ਕੀਤਾ ਜਾਵੇਗਾ।

ਨਾਸਾ ਦਾ ਇਕਲਿਪਸ ਸਾਊਂਡਕਸੋਪ ਪ੍ਰੋਜੈਕਟ ਵੀ ਜਾਨਵਰਾਂ ਦੇ ਵਿਵਹਾਰ ਦਾ ਅਧਿਐਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।

ਇਸ ਪ੍ਰੋਜੈਕਟ ਵਿੱਚ ਗ੍ਰਹਿਣ ਦੇ ਕਾਰਨ ਹਨੇਰੇ ਦੌਰਾਨ ਜਾਨਵਰਾਂ ਦੀਆਂ ਆਵਾਜ਼ਾਂ ਅਤੇ ਜਾਨਵਰਾਂ ਦੀਆਂ ਪ੍ਰਤੀਕ੍ਰਿਆਵਾਂ ਨੂੰ ਰਿਕਾਰਡ ਕਰਨ ਲਈ ਮਾਈਕ੍ਰੋਫੋਨ ਵਰਗੇ ਛੋਟੇ ਉਪਕਰਣ ਲਗਾਉਣੇ ਸ਼ਾਮਲ ਹਨ।

ਸੂਰਜ ਦੇ ਪਲਾਜ਼ਮਾ ਦਾ ਅਧਿਐਨ

ਸੂਰਜ ਦੇ ਵਾਯੂਮੰਡਲ ਜਿਸ ਨੂੰ ਕੋਰੋਨਾ ਕਿਹਾ ਜਾਂਦਾ ਹੈ। ਜਦੋਂ ਸੂਰਜ ਦੀ ਟਿੱਕੀ ਨੂੰ ਚੰਦ ਪੂਰੀ ਤਰ੍ਹਾਂ ਢਕ ਲਵੇਗਾ ਤਾਂ ਵਿਗਿਆਨੀ ਇਸ ਦਾ ਵੀ ਅਧਿਐਨ ਕਰਨ ਦੀ ਕੋਸ਼ਿਸ਼ ਕਰਨਗੇ, ਜੋ ਉਹ ਸਦੀਆਂ ਤੋਂ ਕਰ ਰਹੇ ਹਨ।

ਸੂਰਜ ਦਾ ਇਹ ਰਹੱਸਮਈ ਹਿੱਸਾ ਚੁੰਬਕੀ ਪਲਾਜ਼ਮਾ ਦਾ ਬਣਿਆ ਹੈ ਅਤੇ ਇਸਦਾ ਤਾਪਮਾਨ ਲੱਖਾਂ ਡਿਗਰੀ ਸੈਲਸੀਅਸ ਹੈ।

ਆਮ ਤੌਰ ਉੱਤੇ ਦਿਨ ਦੇ ਸ਼ਹਿਨਸ਼ਾਹ ਦੀ ਬੇਹਾਸ਼ਾ ਚਮਕ ਕਾਰਨ ਕੋਰੋਨਾ ਨੂੰ ਦੇਖਿਆ ਨਹੀਂ ਜਾ ਸਕਦਾ। ਹਾਲਾਂਕਿ ਸੋਮਵਾਰ ਨੂੰ ਵਿਗਿਆਨੀ ਡਲਾਸ, ਟੈਕਸਸ ਵਿੱਚ ਆਪਣੇ ਉਪਕਰਣਾਂ ਨਾਲ ਇਸ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕਰਨਗੇ।

ਵੇਲਜ਼ ਦੀ ਐਬਰੀਸਵਿਥ ਯੂਨੀਵਰਸਿਟੀ ਅਤੇ ਨਾਸਾ ਦੇ ਵਿਗਿਆਨੀਆਂ ਨੂੰ ਉਮੀਦ ਹੈ ਕਿ ਇਸ ਪ੍ਰਯੋਗ ਨਾਲ ਸੂਰਜੀ ਹਵਾ, (ਜੋ ਕਿ ਅਸਲ ਵਿੱਚ ਪਲਾਜ਼ਮਾ ਹੈ ਜੋ ਸੂਰਜ ਦੀ ਸਤਹਾ ਤੋਂ ਛੁੱਟਦਾ ਹੈ) ਬਾਰੇ ਨਵੀਂ ਜਾਣਕਾਰੀ ਮਿਲੇਗੀ।

ਵਿਗਿਆਨੀਆਂ ਦੀ ਦੂਜੀ ਬੁਝਾਰਤ ਇਹ ਹੈ ਕਿ ਪਲਾਜ਼ਮਾ ਸੂਰਜ ਦੀ ਸਤਹਾ ਨਾਲੋਂ ਇੰਨਾ ਗਰਮ ਕਿਉਂ ਜਾਪਦਾ ਹੈ।

ਹੋ ਸਕਦਾ ਹੈ ਕਿ ਉਹ ਉਸ ਵਰਤਾਰੇ ਨੂੰ ਵੀ ਦੇਖ ਸਕਣ ਜਦੋਂ ਸੂਰਜ ਦੀ ਸਤਹਿ ਤੋਂ ਪਲਾਜ਼ਮਾ ਦੇ ਵਿਸ਼ਾਲ ਭਬੂਕੇ ਨਿਕਲ ਕੇ ਪੁਲਾੜ ਦਾ ਹਿੱਸਾ ਬਣ ਜਾਂਦੇ ਹਨ। ਜਿਵੇਂ ਕੋਈ ਸਿਗਰਟ ਦਾ ਧੂਆਂ ਜ਼ੋਰ ਨਾਲ ਬਾਹਰ ਸੁੱਟਦਾ ਹੈ।

ਇਹ ਭਬੂਕੇ ਸਾਡੇ ਵੱਲੋਂ ਛੱਡੇ ਗਏ ਉਪ-ਗ੍ਰਹਿਆਂ ਉੱਪਰ ਅਸਰ ਪਾ ਸਕਦੇ ਹਨ।

ਐਬਰੀਸਵਿਥ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਹੂ ਮੌਗਰਨ ਨੇ ਦੱਸਿਆ ਕਿ ਇਨ੍ਹਾਂ ਦੁਰਲਭ ਚਾਰ ਮਿੰਟਾਂ ਦੇ ਅਧਿਐਨ ਲਈ ਬਹੁਤ ਸਾਰਾ ਪੈਸਾ, ਸਮਾਂ ਅਤੇ ਉਪਕਰਣ ਲਾਏ ਗਏ ਹਨ।

ਸੂਰਜ ਗ੍ਰਹਿਣ ਦੇ ਅਧਿਐਨ ਲਈ ਨਾਸਾ ਦੀ ਤਿਆਰੀ

ਤਿੰਨ ਆਵਾਜ਼ ਵਾਲੇ ਰਾਕੇਟ ਗ੍ਰਹਿਣ ਪੱਟੀ ਤੋਂ ਦੂਰ ਅਮਰੀਕਾ ਦੇ ਵਰਜੀਨੀਆ ਵਿੱਚ ਨਾਸਾ ਦੇ ਵਾਲਪਸ ਬੇਸ ਤੋਂ ਛੱਡੇ ਜਾਣਗੇ।

ਐਮਬਰੀ ਰਿਡਲ ਏਰੋਨਾਟਿਕਲ ਯੂਨੀਵਰਸਿਟੀ ਦੇ ਆਰੋਹ ਬੜਜਾਤਿਆ ਇਸ ਪ੍ਰਯੋਗ ਦੀ ਅਗਵਾਈ ਕਰ ਰਹੇ ਹਨ। ਰਾਕੇਟ ਸੂਰਜ ਗ੍ਰਹਿਣ ਦੌਰਾਨ ਵਾਯੂਮੰਡਲ ਵਿੱਚ ਹੋਣ ਵਾਲੇ ਬਦਲਾਅ ਨੂੰ ਰਿਕਾਰਡ ਕਰੇਗਾ।

ਤਿੰਨੇਂ ਆਵਾਜ਼ ਵਾਲੇ ਰਾਕੇਟ ਧਰਤੀ ਤੋਂ 420 ਕਿਲੋਮੀਟਰ ਦੀ ਉਚਾਈ 'ਤੇ ਜਾਣਗੇ ਅਤੇ ਫਿਰ ਧਰਤੀ ਉੱਤੇ ਟਕਰਾ ਜਾਣਗੇ। ਪਹਿਲਾ ਰਾਕੇਟ ਗ੍ਰਹਿਣ ਤੋਂ 45 ਮਿੰਟ ਪਹਿਲਾਂ ਛੱਡਿਆ ਜਾਵੇਗਾ, ਦੂਜਾ ਰਾਕੇਟ ਗ੍ਰਹਿਣ ਦੌਰਾਨ ਅਤੇ ਤੀਜਾ ਰਾਕੇਟ ਗ੍ਰਹਿਣ ਤੋਂ 45 ਮਿੰਟ ਬਾਅਦ ਛੱਡਿਆ ਜਾਵੇਗਾ।

ਧਰਤੀ ਦੀ ਸਤ੍ਹਾ ਤੋਂ 80 ਕਿ.ਮੀ. ਸਿਖਰ ਤੋਂ ਸ਼ੁਰੂ ਹੋਣ ਵਾਲੀ ਵਾਯੂਮੰਡਲ ਦੀ ਪਰਤ ਨੂੰ ਆਇਨੋਸਫੀਅਰ ਕਿਹਾ ਜਾਂਦਾ ਹੈ। ਇਸ ਪਰਤ ਵਿੱਚ ਆਇਨ ਅਤੇ ਇਲੈਕਟ੍ਰੋਨ ਹੁੰਦੇ ਹਨ।

ਇਹ ਪੁਲਾੜ ਅਤੇ ਵਾਯੂਮੰਡਲ ਦੇ ਵਿਚਕਾਰ ਧਰਤੀ ਦੀ ਇੱਕ ਕਿਸਮ ਦੀ ਸੁਰੱਖਿਆ ਪਰਤ ਹੈ। ਇਹ ਇੱਕ ਪਰਤ ਹੈ ਜੋ ਰੇਡੀਓ ਤਰੰਗਾਂ ਨੂੰ ਪ੍ਰਵਰਤਿਤ ਕਰਦੀ ਹੈ। ਸਾਊਂਡਿੰਗ ਰਾਕੇਟ ਦੀ ਮਦਦ ਨਾਲ ਗ੍ਰਹਿਣ ਦੌਰਾਨ ਇਸ ਪਰਤ ਵਿੱਚ ਹੋਣ ਵਾਲੇ ਬਦਲਾਅ ਦਾ ਅਹਿਮ ਅਧਿਐਨ ਕੀਤਾ ਜਾਵੇਗਾ।

ਆਮ ਤੌਰ 'ਤੇ, ਆਈਨੋਸਫੀਅਰਿਕ ਉਤਰਾਅ-ਚੜ੍ਹਾਅ ਸੈਟੇਲਾਈਟ ਸੰਚਾਰ ਨੂੰ ਪ੍ਰਭਾਵਿਤ ਕਰਦੇ ਹਨ।

ਸੂਰਜ ਗ੍ਰਹਿਣ ਇਸ ਤਬਦੀਲੀ ਦਾ ਵਿਸਥਾਰ ਨਾਲ ਅਧਿਐਨ ਕਰਨ ਦਾ ਇੱਕ ਦੁਰਲਭ ਮੌਕਾ ਦਿੰਦਾ ਹੈ। ਕਿਉਂਕਿ ਇਸ ਅਧਿਐਨ ਤੋਂ ਪਤਾ ਲੱਗੇਗਾ ਕਿ ਕਿਹੜੀਆਂ ਚੀਜ਼ਾਂ ਸਾਡੀ ਸੰਚਾਰ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਏਆਈ ਦੀ ਮਦਦ ਨਾਲ ਹਜ਼ਾਰਾਂ ਫੋਟੋਆਂ ਜੋੜੀਆਂ ਜਾਣਗੀਆਂ

ਨਾਸਾ ਦੀ ਮਦਦ ਨਾਲ ਇਕਲਿਪਸ ਮੈਗਾ ਮੂਵੀ ਦਾ ਇਕ ਦਿਲਚਸਪ ਪ੍ਰਯੋਗ ਕੀਤਾ ਜਾਵੇਗਾ। ਇਸ ਪ੍ਰਯੋਗ ਦੇ ਤਹਿਤ ਸੂਰਜ ਗ੍ਰਹਿਣ ਦੇਖਣ ਵਾਲੇ ਲੋਕਾਂ ਨੂੰ ਇਸ ਦੀਆਂ ਤਸਵੀਰਾਂ ਲੈਣ ਲਈ ਕਿਹਾ ਗਿਆ ਹੈ।

ਮਸਨੂਈ ਬੁੱਧੀ ਦੀ ਮਦਦ ਨਾਲ ਵੱਖ-ਵੱਖ ਥਾਵਾਂ ਤੋਂ ਹਜ਼ਾਰਾਂ ਲੋਕਾਂ ਵੱਲੋਂ ਲਈਆਂ ਗਈਆਂ ਫੋਟੋਆਂ ਨੂੰ ਜੋੜ ਕੇ ਵਿਸ਼ਲੇਸ਼ਣ ਕੀਤਾ ਜਾਵੇਗਾ।

ਇਸ ਨਾਲ ਗ੍ਰਹਿਣ ਦੌਰਾਨ ਸੂਰਜ ਦੇ ਗੋਲ ਚੱਕਰ ਦੇ ਬਾਹਰ ਵੱਖ-ਵੱਖ ਗੈਸਾਂ ਨਾਲ ਬਣੇ ਵਾਯੂਮੰਡਲ ਦੀਆਂ ਵੱਖ-ਵੱਖ ਤਸਵੀਰਾਂ ਪ੍ਰਾਪਤ ਕੀਤੀਆਂ ਜਾਣਗੀਆਂ।

ਸੂਰਜ ਦੀ ਸਤ੍ਹਾ 'ਤੇ ਤੇਜ਼ ਰੌਸ਼ਨੀ ਕਾਰਨ ਇਸ ਦੇ ਆਲੇ-ਦੁਆਲੇ ਦਾ ਢੱਕਣ ਬਿਲਕੁਲ ਵੀ ਨਜ਼ਰ ਨਹੀਂ ਆਉਂਦਾ। ਇਸ ਨੂੰ ਦੇਖਣ ਲਈ ਵਿਸ਼ੇਸ਼ ਉਪਕਰਨਾਂ ਦੀ ਲੋੜ ਹੁੰਦੀ ਹੈ।

ਹਾਲਾਂਕਿ, ਇਸ ਗ੍ਰਹਿਣ ਦੌਰਾਨ ਸੂਰਜ ਦੇ ਦੁਆਲੇ ਇੱਕ ਰਿੰਗ ਦਿਖਾਈ ਦੇਵੇਗੀ ਅਤੇ ਸੂਰਜ ਦੇ ਬਹੁਤ ਨੇੜੇ ਤਾਰੇ ਵੀ ਦਿਖਾਈ ਦੇਣਗੇ ਅਤੇ ਉਨ੍ਹਾਂ ਦਾ ਅਧਿਐਨ ਕਰਨਾ ਵੀ ਇੱਕ ਟੀਚਾ ਹੈ।

ਨਾਸਾ ਲਵੇਗਾ ਹਵਾਈ ਜਹਾਜ਼ ਨਾਲ ਤਸਵੀਰਾਂ

ਨਾਸਾ ਦਾ ਹਾਈ ਅਲਟੀਟਿਊਡ ਰਿਸਰਚ ਪਲੇਨ 50,000 ਫੁੱਟ ਦੀ ਉਚਾਈ ਤੋਂ ਗ੍ਰਹਿਣ ਦੀਆਂ ਤਸਵੀਰਾਂ ਲਵੇਗਾ। ਜਿਵੇਂ-ਜਿਵੇਂ ਗ੍ਰਹਿਣ ਮੈਕਸੀਕੋ ਤੋਂ ਅੱਗੇ ਵੱਲ ਵਧੇਗਾ, ਜਹਾਜ਼ ਵੀ ਉਸ ਦਾ ਪਿੱਛਾ ਕਰੇਗਾ। ਇਨ੍ਹਾਂ ਜਹਾਜ਼ਾਂ ਵਿੱਚ ਕਈ ਹੋਰ ਕਈ ਉਪਕਰਨ ਵੀ ਲਗਾਏ ਗਏ ਹਨ।

ਇਸ ਤੋਂ ਇਲਾਵਾ, ਗ੍ਰਹਿਣ ਦੌਰਾਨ ਵਾਯੂਮੰਡਲ ਅਤੇ ਮੌਸਮੀ ਤਬਦੀਲੀਆਂ ਨੂੰ ਰਿਕਾਰਡ ਕਰਨ ਲਈ ਇੱਕ ਇਕਲਿਪਸ ਬੈਲੂਨ ਪ੍ਰੋਜੈਕਟ ਵੀ ਚਲਾਇਆ ਜਾਵੇਗਾ।

ਲਗਭਗ 600 ਗੁਬਾਰੇ ਵਾਯੂਮੰਡਲ ਵਿੱਚ ਛੱਡੇ ਜਾਣਗੇ। ਧਰਤੀ ਦੀ ਸਤ੍ਹਾ ਤੋਂ 35 ਕਿਲੋਮੀਟਰ ਤੱਕ ਉੱਡਣ ਦੇ ਸਮਰੱਥ ਇਨ੍ਹਾਂ ਗੁਬਾਰਿਆਂ ਨਾਲ ਵੱਖ-ਵੱਖ ਯੰਤਰ ਰਿਕਾਰਡ ਬਣਾਉਣਗੇ।

ਇਸ ਤੋਂ ਇਲਾਵਾ ਪਾਰਕਰ ਸੋਲਰ ਪ੍ਰੋਬ, ਯੂਰਪੀਅਨ ਸਪੇਸ ਏਜੰਸੀ ਅਤੇ ਨਾਸਾ ਦੇ ਸੋਲਰ ਆਰਬਿਟਰ ਅਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਸਵਾਰ ਪੁਲਾੜ ਯਾਤਰੀ ਵੀ ਇਸ ਗ੍ਰਹਿਣ ਦੇ ਪ੍ਰਭਾਵ ਦਾ ਅਧਿਐਨ ਕਰਨਗੇ।

ਕੈਨੇਡਾ ਵਿੱਚ ਨਿਆਗਰਾ ਫਾਲਸ ਦੇ ਨੇੜੇ ਸੂਰਜ ਗ੍ਰਹਿਣ ਨੂੰ ਦੇਖਣ ਲਈ 10 ਲੱਖ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਹੈ।

ਸੂਰਜ ਗ੍ਰਹਿਣ ਦੌਰਾਨ ਹੋਈਆਂ ਅਹਿਮ ਖੋਜਾਂ

ਅਤੀਤ ਵਿੱਚ ਵੀ, ਗ੍ਰਹਿਣ ਦੌਰਾਨ ਕੀਤੇ ਗਏ ਅਧਿਐਨਾਂ ਨੇ ਇਤਿਹਾਸ ਵਿੱਚ ਕੁਝ ਮਹੱਤਵਪੂਰਨ ਖੋਜਾਂ ਕੀਤੀਆਂ ਹਨ।

ਅਲਬਰਟ ਆਇਨਸਟਾਈਨ ਦੇ ਜਨਰਲ ਰਿਲੇਟੀਵਿਟੀ ਦੇ ਸਿਧਾਂਤ ਦੀ ਪੁਸ਼ਟੀ 19 ਮਈ, 1919 ਨੂੰ ਸੂਰਜ ਗ੍ਰਹਿਣ ਦੌਰਾਨ ਆਰਥਰ ਐਡਿੰਗਟਨ ਦੁਆਰਾ ਲਈ ਗਈ ਇੱਕ ਤਸਵੀਰ ਵਿੱਚ ਹੋਈ ਸੀ।

1866 ਵਿੱਚ ਸੂਰਜ ਗ੍ਰਹਿਣ ਦੀ ਰਿਕਾਰਡਿੰਗ ਦੌਰਾਨ ਹੀਲੀਅਮ ਦੀ ਖੋਜ ਵੀ ਕੀਤੀ ਗਈ ਸੀ।

ਅਰਸਤੂ ਨੇ ਚੰਦ ਗ੍ਰਹਿਣ ਦੌਰਾਨ ਧਰਤੀ 'ਤੇ ਪਏ ਅਰਧ ਗੋਲਾਕਾਰ ਪਰਛਾਵੇਂ ਨੂੰ ਦੇਖ ਕੇ ਹੀ ਸਾਬਤ ਕੀਤਾ ਕਿ ਧਰਤੀ ਚਪਟੀ ਨਹੀਂ, ਸਗੋਂ ਗੋਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)