ਜੱਦੀ ਜਾਇਦਾਦਾਂ ਵੇਚ ਕੇ ਇਟਲੀ ਗਏ ਕੁਝ ਪੰਜਾਬੀਆਂ ਨੂੰ ਕਿਵੇਂ 'ਗੁਲਾਮਾਂ' ਵਾਂਗ ਰੱਖਿਆ ਗਿਆ, ਹੈਰਾਨੀਜਨਕ ਖ਼ੁਲਾਸੇ

    • ਲੇਖਕ, ਮੈਰਲ ਸੈਬਸਟੀਅਨ
    • ਰੋਲ, ਬੀਬੀਸੀ ਪੱਤਰਕਾਰ

ਉੱਤਰੀ ਇਟਲੀ ਵਿੱਚ ਦਰਜਨਾਂ ਭਾਰਤੀ ਖੇਤ ਮਜ਼ਦੂਰ ਜਿਨ੍ਹਾਂ ਤੋਂ ਗ਼ੁਲਾਮਾਂ ਵਾਂਗ ਕੰਮ ਕਰਵਾਇਆ ਜਾ ਰਿਹਾ ਸੀ, ਨੂੰ ਆਜ਼ਾਦ ਕਰਵਾਇਆ ਗਿਆ ਹੈ। ਇਹ ਜਾਣਕਾਰੀ ਇਟਲੀ ਦੀ ਪੁਲਿਸ ਨੇ ਦਿੱਤੀ ਹੈ।

ਪੁਲਿਸ ਮੁਤਾਬਕ ਜਿਨ੍ਹਾਂ ਹਾਲਾਤ ਵਿੱਚ ਇਨ੍ਹਾਂ ਮਜ਼ਦੂਰਾਂ ਨੂੰ ਰੱਖਿਆ ਜਾ ਰਿਹਾ ਸੀ ਉਹ ਗ਼ੁਲਾਮੀ ਭਰੇ ਸਨ।

ਪੁਲਿਸ ਦਾ ਕਹਿਣਾ ਹੈ ਕਿ ਦੋ ਭਾਰਤੀ ਨਾਗਰਿਕਾਂ ਵੱਲੋਂ ਬਿਹਤਰ ਭਵਿੱਖ ਅਤੇ ਨੌਕਰੀਆਂ ਦਾ ਲਾਰਾ ਲਾ ਕੇ 33 ਭਾਰਤੀ ਨਾਗਰਿਕਾਂ ਨੂੰ ਇਟਲੀ ਲਿਜਾਇਆ ਗਿਆ ਸੀ।

ਪਰ ਹਕੀਕਤ ਬਿਹਤਰ ਭਵਿੱਖ ਤੋਂ ਪਰ੍ਹੇ ਸੀ। ਉਨ੍ਹਾਂ ਨੂੰ ਕਥਿਤ ਤੌਰ 'ਤੇ 10 ਘੰਟੇ ਤੋਂ ਵੱਧ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਉਹ ਹਫ਼ਤੇ ਦੇ ਸੱਤ ਦਿਨ ਕੰਮ ਕਰਦੇ ਸਨ ਜਿਸ ਬਦਲੇ ਮਾਮੂਲੀ ਤਨਖ਼ਾਹ ਦਿੱਤੀ ਜਾਂਦੀ ਸੀ।

ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਉਨ੍ਹਾਂ ਕੋਲੋਂ 545,300 ਆਸਟ੍ਰੇਲੀਅਨ ਡਾਲਰ ਮਿਲੇ ਹਨ।

ਇਟਲੀ ਵਿੱਚ ਖੇਤ ਕਾਮਿਆਂ ਦੇ ਹਾਲਾਤ

ਇਟਲੀ ਵਿੱਚ ਖੇਤ ਕਾਮਿਆਂ ਦੇ ਸ਼ੋਸ਼ਣ ਦਾ ਮਾਮਲਾ ਇੱਕ ਪੁਰਾਣਾ ਮੁੱਦਾ ਹੈ । ਇਸ ਸ਼ੋਸ਼ਣ ਦਾ ਸ਼ਿਕਾਰ ਪਰਵਾਸੀ ਕਾਮੇ ਹੀ ਨਹੀਂ ਹੁੰਦੇ ਬਲਕਿ ਇਟਲੀ ਦੇ ਸਥਾਨਕ ਖੇਤ ਮਜ਼ਦੂਰ ਵੀ ਹੁੰਦੇ ਹਨ।

ਹਜ਼ਾਰਾਂ ਲੋਕ ਦੇਸ਼ ਭਰ ਵਿੱਚ ਖੇਤਾਂ ਜਾਂ ਗ੍ਰੀਨਹਾਉਸਿਜ਼ ਵਿੱਚ ਕੰਮ ਕਰਦੇ ਹਨ। ਪਰ ਅਕਸਰ ਬਿਨ੍ਹਾਂ ਕਿਸੇ ਰੋਜ਼ਗਾਰ ਇਕਰਾਰਨਾਮੇ ਦੇ ਕੰਮ ਕਰਦੇ ਹਨ ਤੇ ਇਸੇ ਕਾਰਨ ਉਹ ਖ਼ਤਰਨਾਕ ਹਾਲਾਤ ਵਿੱਚ ਕੰਮ ਕਰਨ ਨੂੰ ਮਜਬੂਰ ਹੁੰਦੇ ਹਨ।

ਪਿਛਲੇ ਮਹੀਨੇ ਹੀ ਇੱਕ ਪੰਜਾਬੀ ਜੋ ਖੇਤਾਂ ਵਿੱਚ ਫ਼ਲ ਚੁੱਕਣ ਦਾ ਕੰਮ ਕਰਦਾ ਸੀ ਦੀ ਮੌਤ ਹੋ ਗਈ। ਮੌਤ ਦਾ ਕਾਰਨ ਸੀ ਕੰਮ ਦੌਰਾਨ ਵਾਪਰੇ ਹਾਦਸੇ ਵਿੱਚ ਬਾਂਹ ਵੱਢੇ ਜਾਣਾ। ਇਸ ਮਾਮਲੇ ਵਿੱਚ ਇਲਜ਼ਾਮ ਲਾਇਆ ਗਿਆ ਸੀ ਕਿ ਖੇਤ ਦੇ ਮਾਲਕ ਨੇ ਉਸ ਨੂੰ ਮੁੱਢਲੀ ਮੈਡੀਕਲ ਸਹਾਇਤਾ ਮੁਹੱਈਆ ਨਹੀਂ ਕਰਵਾਈ ਸੀ।

ਇੰਨਾ ਹੀ ਨਹੀਂ ਹਾਦਸੇ ਤੋਂ ਬਾਅਦ ਕਥਿਤ ਤੌਰ 'ਤੇ ਵਿਅਕਤੀ ਨੂੰ ਉਸ ਦੇ ਘਰ ਦੇ ਬਾਹਰ ਛੱਡ ਦਿੱਤਾ ਗਿਆ ਸੀ, ਜਿੱਥੇ ਉਸ ਦੀਆਂ ਲੱਤਾਂ ਵੀ ਟੁੱਟ ਗਈਆਂ ਸਨ।

ਹੁਣ ਉਸ ਦੇ ਮਾਲਕ ਖ਼ਿਲਾਫ਼ ਅਪਰਾਧਿਕ ਲਾਪਰਵਾਹੀ ਅਤੇ ਕਤਲ ਦੀ ਜਾਂਚ ਚੱਲ ਰਹੀ ਹੈ।

ਇਟਲੀ ਪੁਲਿਸ ਨੇ ਕੀ ਦੱਸਿਆ

ਬੀਬੀਸੀ ਨੂੰ ਭੇਜੇ ਗਏ ਇੱਕ ਪੁਲਿਸ ਬਿਆਨ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ, ਵੇਰੋਨਾ ਸੂਬੇ ਵਿੱਚ ਪੁਲਿਸ ਵੱਲੋਂ ਬਚਾਏ ਗਏ 33 ਵਿਅਕਤੀਆਂ ਨੇ ਥੋੜ੍ਹੇ ਸਮੇਂ ਲਈ ਵਰਕ ਪਰਮਿਟ ਅਤੇ ਨੌਕਰੀਆਂ ਦੇ ਬਦਲੇ 17,000 ਯੂਰੋ ਦਿੱਤੇ ਸਨ ਯਾਨੀ 1.5 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ।

ਪੁਲਿਸ ਨੇ ਕਿਹਾ, ਭੁਗਤਾਨ ਲਈ ਪੈਸੇ ਇਕੱਠੇ ਕਰਨ ਲਈ ਕਈਆਂ ਨੇ ਆਪਣੀ ਜੱਦੀ ਜਾਇਦਾਦ ਨੂੰ ਗਿਰਵੀ ਰੱਖਿਆ ਅਤੇ ਕਈਆਂ ਨੇ ਆਪਣੇ ਮਾਲਕਾਂ ਤੋਂ ਪੈਸੇ ਉਧਾਰ ਲਿਆ ਸੀ।

ਪਰ ਹੁਣ ਆਲਾਤ ਇਹ ਹਨ ਕਿ ਉਨ੍ਹਾਂ ਨੂੰ ਹਰ ਰੋਜ਼ 10 ਤੋਂ 12-ਘੰਟਿਆਂ ਦੇ ਦਿਨਾਂ ਬਦਲੇ ਮਹਿਜ਼ 4 ਯੂਰੋ ਦਿੱਤੇ ਜਾਂਦੇ ਹਨ। ਤੇ ਇਹ ਰਕਮ ਉਹ ਲਿਆ ਹੋਇਆ ਕਰਜ਼ਾ ਲਾਉਣ ਲਈ ਇਸਤੇਮਾਲ ਕਰਦੇ ਹਨ।

ਇਟਲੀ ਪਹੁੰਚਦੇ ਹੀ ਉਨ੍ਹਾਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਗਏ ਸਨ ਅਤੇ ਉਨ੍ਹਾਂ 'ਤੇ ਆਪਣੀ ਰਿਹਾਇਸ਼ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਪੁਲਿਸ ਨੇ ਦੱਸਿਆ ਕਿ, "ਹਰ ਸਵੇਰ, ਕਰਮਚਾਰੀ ਤਰਪਾਲ ਵਿੱਚ ਢੱਕੀਆਂ ਗੱਡੀਆਂ ਵਿੱਚ ਭਰ ਕੇ ਕੰਮ ਵਾਲੀ ਥਾਂ ਤੱਕ ਲੈ ਜਾਏ ਜਾਂਦੇ ਸਨ। ਉਨ੍ਹਾਂ ਨੂੰ ਸਬਜ਼ੀਆਂ ਤੇ ਫ਼ਲ ਰੱਖਣ ਵਾਲੇ ਡੱਬਿਆਂ ਵਿੱਚ ਲੁਕਾ ਕੇ ਲੈ ਵੇਰੋਨਾ ਦੇ ਪੇਂਡੂ ਇਲਾਕੇ ਦੇ ਖੇਤਾਂ ਤੱਕ ਲੈ ਜਾਇਆ ਜਾਂਦਾ ਸੀ।"

ਉਨ੍ਹਾਂ ਦੀ ਰਿਹਾਇਸ਼ ਦੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਕਾਮਿਆਂ ਨੂੰ ‘ਅਸਥਿਰ ਅਤੇ ਘਟੀਆ ਸਥਿਤੀਆਂ ਵਿੱਚ ਰਹਿਣ ਲਈ ਮਜ਼ਬੂਰ ਕੀਤਾ ਗਿਆ ਸੀ’।

ਇੰਨਾਂ ਹੀ ਨਹੀਂ ਉਹ ਜਿੱਥੇ ਰਹਿੰਦੇ ਹਨ ਉੱਥੇ "ਸਿਹਤ ਅਤੇ ਸਫਾਈ ਨਿਯਮਾਂ ਦੀ ਮੁਕੰਮਲ ਉਲੰਘਣਾ" ਗਈ ਸੀ।

ਬਚਾਏ ਗਏ ਕਾਮਿਆਂ ਨੂੰ ਉਨ੍ਹਾਂ ਦੇ ਪਾਸਪੋਰਟ ਵਾਪਸ ਵਾਪਸ ਮਿਲ ਗਏ ਹਨ ਅਤੇ ਸੁਰੱਖਿਅਤ ਰਿਹਾਇਸ਼ ’ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਨੂੰ ਕੰਮ ਮੁਹੱਈਆ ਕਰਵਾਉਣ ਲਈ ਸਮਾਜਿਕ ਸੇਵਾਵਾਂ ਅਤੇ ਇੱਕ ਮਾਈਗ੍ਰੇਸ਼ਨ ਸੰਸਥਾ ਮਦਦ ਕਰ ਰਹੀ ਹੈ।

ਪੁਲਿਸ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਇਸ ਮਾਮਲੇ ਨਾਲ ਜੁੜੇ ਦੋ ਕਥਿਤ ਗੈਂਗਮਾਸਟਰ ਹੁਣ ਸ਼ੋਸ਼ਣ ਅਤੇ ਗ਼ੁਲਾਮੀ ਨਾਲ ਸਬੰਧਤ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ।

ਕਾਮਿਆਂ ਦੀ ਨਿਯੁਕਤੀ

ਇਟਲੀ ਭਰ ਵਿੱਚ ਗ਼ੈਰ-ਦਸਤਾਵੇਜ਼ੀ ਮਜ਼ਦੂਰ ਅਕਸਰ ‘ਕੈਪੋਰਾਲਾਟੋ’ ਵਜੋਂ ਜਾਣੀ ਜਾਂਦੀ ਇੱਕ ਪ੍ਰਣਾਲੀ ਦੇ ਅਧੀਨ ਹੁੰਦੇ ਹਨ। ਜਿਸ ਵਿੱਚ ਇੱਕ ਗੈਂਗਮਾਸਟਰ ਮਜ਼ਦੂਰ ਲਿਆਉਣ ਲਈ ਵਿਚੋਲਗੀ ਕਰਦਾ ਹੈ ਤੇ ਉਹ ਘੱਟ ਮਿਹਨਤਾਨੇ ਉੱਤੇ ਮਜ਼ਦੂਰਾਂ ਨੂੰ ਮੁਹੱਈਆ ਕਰਵਾਉਂਦਾ ਹੈ।

ਇਟਲੀ ਵਿੱਚ ਹਾਲਾਤ ਇਹ ਹਨ ਕਿ ਕਈ ਮਾਮਲਿਆਂ ਵਿੱਚ ਨਿਯਮਤ ਕਾਗਜ਼ਾਤ ਵਾਲੇ ਕਰਮਚਾਰੀਆਂ ਨੂੰ ਵੀ ਅਕਸਰ ਕਾਨੂੰਨੀ ਉਜਰਤ ਤੋਂ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ।

ਇਟਾਲੀਅਨ ਨੈਸ਼ਨਲ ਇੰਸਟੀਚਿਊਟ ਆਫ਼ ਸਟੈਟਿਸਟਿਕਸ ਵੱਲੋਂ ਕੀਤੇ ਗਏ ਇੱਕ ਅਧਿਐਨ ਮੁਤਾਬਕ, 2018 ਵਿੱਚ ਇਟਲੀ ਵਿੱਚ ਤਕਰੀਬਨ ਇੱਕ ਚੌਥਾਈ ਖੇਤੀਬਾੜੀ ਕਾਮਿਆਂ ਨੂੰ ਕੈਪੋਰਾਲਾਟੋ ਵਿਧੀ ਅਧੀਨ ਹੀ ਨਿਯੁਕਤ ਕੀਤਾ ਗਿਆ ਸੀ।

ਇਹ ਤਰੀਕਾ ਸੇਵਾ ਉਦਯੋਗ ਅਤੇ ਉਸਾਰੀ ਖੇਤਰ ਕਰਮਚਾਰੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ।

2016 ਵਿੱਚ ਇਟਲੀ ਵਿੱਚ ਇੱਕ ਇਤਾਲਵੀ ਔਰਤ ਦੀ 12-ਘੰਟੇ ਦੀਆਂ ਸ਼ਿਫਟਾਂ ਵਿੱਚ ਅੰਗੂਰ ਚੁੱਕਣ ਅਤੇ ਛਾਂਟਣ ਦਾ ਕੰਮ ਕਰਨ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਹੋ ਗਈ ਸੀ। ਇਸ ਤੋਂ ਬਾਅਦ ਇਸ ਤਰੀਕੇ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਗਿਆ ਸੀ, ਜਿਸ ਲਈ ਉਸ ਨੂੰ ਇੱਕ ਦਿਨ ਵਿੱਚ € 27 ਦਾ ਭੁਗਤਾਨ ਕੀਤਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)