You’re viewing a text-only version of this website that uses less data. View the main version of the website including all images and videos.
ਜਦੋਂ ਖੇਤ ਮਜ਼ਦੂਰ ਦੀ ਲਾਟਰੀ ਨਿਕਲੀ ਤਾਂ ਕਰਜ਼ਾ ਯਾਦ ਆਇਆ
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੰਗਲੁਰੂ ਤੋਂ ਬੀਬੀਸੀ ਲਈ
ਬੜੀ ਘਬਰਾਹਟ ਵਿੱਚ ਉਨ੍ਹਾਂ ਨੇ ਕਿਹਾ, "ਮੈਨੂੰ ਅਜੇ ਪੈਸੇ ਨਹੀਂ ਮਿਲੇ।" ਇਹ ਸ਼ਬਦ ਤੁਸੀਂ ਕਿਸੇ ਵੀ ਅਜਿਹੇ ਵਿਅਕਤੀ ਤੋਂ ਸੁਣ ਸਕਦੇ ਹੋ ਜਿਸ ਦੇ ਖਾਤੇ ਵਿੱਚ ਪੈਸੇ ਆਉਣੇ ਹੋਣ।
ਪਰ ਇੱਥੇ ਕੋਈ ਛੋਟੀ-ਮੋਟੀ ਰਕਮ ਦੀ ਗੱਲ ਨਹੀਂ ਹੋ ਰਹੀ।
ਗੱਲ ਹੋ ਰਹੀ ਹੈ ਪੂਰੇ 7 ਕਰੋੜ 20 ਲੱਖ ਦੀ।
ਕੇਰਲ ਦੇ ਕੁੰਨੂਰ ਜ਼ਿਲ੍ਹੇ ਵਿੱਚ 58 ਸਾਲ ਦੇ ਪੇਰੂਨਨ ਰਾਜਨ ਨੂੰ ਇੰਨੇ ਹੀ ਪੈਸੇ ਆਪਣੇ ਖਾਤੇ ਵਿੱਚ ਆਉਣ ਦੀ ਉਡੀਕ ਹੈ। ਖੇਤਾਂ ਵਿੱਚ ਮਜ਼ਦੂਰੀ ਕਰਨ ਵਾਲੇ ਰਾਜਨ ਨੇ ਕੇਰਲ ਸਰਕਾਰ ਦੀ ਲਾਟਰੀ ਸਕੀਮ ਕਾ ਟਿਕਟ ਖਰੀਦਿਆ ਸੀ ਅਤੇ ਕ੍ਰਿਸਮਸ ਦੀ ਲਾਟਰੀ ਵਿੱਚ ਉਨ੍ਹਾਂ ਨੇ 12 ਕਰੋੜ ਰੁਪਏ ਜਿੱਤੇ। ਟੈਕਸ ਕੱਟਣ ਤੋਂ ਬਾਅਦ 7.20 ਕਰੋੜ ਰੁਪਏ ਮਿਲਣਗੇ।
ਇੰਨੀ ਹੀ ਵੱਡੀ ਰਕਮ ਜਿੱਤ ਕੇ ਰਾਜਨ ਇੰਨੇ ਉਤਸ਼ਾਹਿਤ ਹਨ ਕਿ ਉਹ ਬੈਂਕ ਤੋਂ ਲਿਆ ਕਰਜ਼ਾ ਵੀ ਯਾਦ ਨਹੀਂ ਕਰ ਪਾ ਰਹੇ।
ਬੀਬੀਸੀ ਨਾਲ ਗੱਲਬਾਤ ਦੌਰਾਨ ਰਾਜਨ ਸਪਸ਼ਟ ਤੌਰ 'ਤੇ ਕਹਿੰਦੇ ਹਨ, “ਇੱਕ ਬੈਂਕ ਦਾ ਪੰਜ ਲੱਖ ਬਕਾਇਆ ਹੈ। ਇੱਕ ਹੋਰ ਲੋਨ ਵੀ ਹੈ। ਮੈਂ ਅਜੇ ਤੱਕ ਕੋਈ ਲੋਨ ਨਹੀਂ ਉਤਾਰਿਆ ਪਰ ਮੈਂ ਸਭ ਤੋਂ ਪਹਿਲਾਂ ਲੋਨ ਹੀ ਚੁਕਾਊਂਗਾ।”
ਇੰਨੇ ਪੈਸਿਆਂ ਦਾ ਕੀ ਕਰਨਗੇ
ਜਦੋਂ ਅਸੀਂ ਰਾਜਨ ਨੂੰ ਪੁੱਛਿਆ ਕਿ ਉਹ ਇੰਨੇ ਪੈਸਿਆਂ ਦਾ ਕੀ ਕਰਨਗੇ ਤਾਂ ਉਨ੍ਹਾਂ ਨੇ ਕਿਹਾ, "ਮੈਂ ਅਜੇ ਕੁਝ ਸੋਚਿਆ ਨਹੀਂ। ਸਭ ਤੋਂ ਪਹਿਲਾਂ ਮੈਂ ਕਰਜ਼ਾ ਉਤਾਰਾਂਗਾ। ਉਸ ਤੋਂ ਬਾਅਦ ਸੋਚਾਂਗਾ।"
ਰਾਜਨ ਮਾਲੂਰ ਦੇ ਥੋਲਾਂਬਾ ਇਲਾਕੇ ’ਚ ਖੇਤਾਂ ਵਿੱਚ ਮਜਦੂਰੀ ਕਰਦੇ ਹਨ। ਇਹ ਇੱਕ ਆਦਿਵਾਸੀ ਇਲਾਕਾ ਹੈ।
ਇਹ ਵੀ ਪੜ੍ਹੋ:
ਲਾਟਰੀ ਲੱਗਣ ਤੋਂ ਬਾਅਦ ਦੇ ਪਲਾਨ ਬਾਰੇ ਰਾਜਨ ਦੱਸਦੇ ਹਨ, "ਜਦੋਂ ਸਾਨੂੰ ਪਤਾ ਲੱਗਿਆ ਕਿ ਮੇਰੀ ਲਾਟਰੀ ਲੱਗੀ ਹੈ ਤਾਂ ਅਸੀਂ ਸਾਰੇ ਬਹੁਤ ਖੁੱਸ਼ ਹੋਏ। ਸਭ ਤੋਂ ਪਹਿਲਾਂ ਤਾਂ ਅਸੀਂ ਬੈਂਕ ਵਿੱਚ ਇਹ ਤਸਦੀਕ ਕਰਨ ਗਏ ਕਿ ਕੀ ਵਾਕਈ ਸਾਡੀ ਲਾਟਰੀ ਲੱਗੀ ਹੈ।"
ਰਾਜਨ ਨਾਲ ਉਨ੍ਹਾਂ ਦੀ ਪਤਨੀ ਰਜਨੀ, ਧੀ ਅਕਸ਼ਰਾ ਅਤੇ ਪੁੱਤ ਰਿਜਿਲ ਵੀ ਬੈਂਕ ਗਏ ਸਨ।
ਰਾਜਨ ਦਾ ਸਥਾਨਕ ਕੋ-ਆਪਰੇਟਿਵ ਬੈਂਕ ਵਿੱਚ ਖਾਤਾ ਹੈ। ਉਨ੍ਹਾਂ ਨੇ ਲਾਟਰੀ ਦਾ ਟਿਕਟ ਉਸੇ ਬੈਂਕ ਵਿੱਚ ਜਮ੍ਹਾ ਕੀਤਾ ਸੀ। ਉੱਥੋਂ ਉਨ੍ਹਾਂ ਨੂੰ ਕੁੰਨੂਰ ਜ਼ਿਲ੍ਹੇ ਦੀ ਕੋ-ਆਪਰੇਟਿਵ ਬ੍ਰਾਂਚ ਵਿੱਚ ਜਾਣ ਲਈ ਕਿਹਾ ਗਿਆ। ਜਦੋਂ ਅਸੀਂ ਰਾਜਨ ਨਾਲ ਗੱਲ ਕੀਤੀ ਉਹ ਕੁੰਨੂਰ ਦੀ ਬ੍ਰਾਂਚ ਵਿੱਚ ਹੀ ਜਾ ਰਹੇ ਸਨ।
ਰੋਜ਼ਾਨਾ ਖਰੀਦਦੇ ਸੀ 5 ਟਿਕਟਾਂ
ਥੋਲਾਂਬਰਾ ਸਰਵਿਸ ਕੋ-ਆਪਰੇਟਿਵ ਸੋਸਾਇਟੀ ਬੈਂਕ ਦੇ ਸਕੱਤਰ ਦਾਮੋਦਰਨ ਦੱਸਦੇ ਹਨ, "ਜਦੋਂ ਉਹ ਸਾਡੇ ਕੋਲ ਆਏ ਸਨ ਤਾਂ ਉਹ ਹੈਰਾਨ ਤਾਂ ਨਹੀਂ ਲੱਗ ਰਹੇ ਸਨ ਪਰ ਕੁਝ ਘਬਰਾਏ ਹੋਏ ਸਨ। ਅਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਸੀ। ਉਹ ਇੱਥੇ ਰੈਗੁਲਰ ਆਉਂਦੇ ਰਹੇ ਹਨ। 50,000 ਰੁਪਏ ਦਾ ਖੇਤੀਬਾੜੀ ਕਰਜ਼ਾ ਅਤੇ 25,000 ਰੁਪਏ ਦਾ ਇੱਕ ਹੋਰ ਕਰਜ਼ਾ ਲਿਆ ਹੋਇਆ ਹੈ। ਉਹ ਹਮੇਸ਼ਾ ਵਿਆਜ ਦੇ ਪੈਸੇ ਅਦਾ ਕਰਨ ਲਈ ਆਉਂਦੇ ਹਨ ਪਰ ਮੂਲ ਰਕਮ ਹਾਲੇ ਵੀ ਬਕਾਇਆ ਹੈ।"
ਰਾਜਨ ਦੱਸਦੇ ਹਨ ਕਿ ਉਹ ਭਾਰੀ ਰਕਮ ਜਿੱਤਣ ਦੀ ਉਮੀਦ ਵਿੱਚ ਹਰ ਰੋਜ਼ ਪੰਜ ਟਿਕਟਾਂ ਖਰੀਦਦੇ ਸਨ। ਹੁਣ ਲੱਗਦਾ ਹੈ ਕਿ ਉਨ੍ਹਾਂ ਦੀ ਸਾਰੀ ਤਪੱਸਿਆ ਸਫ਼ਲ ਹੋ ਗਈ।
500 ਰੁਪਏ ਦੀ ਰਕਮ ਤਿੰਨ ਵਾਰ ਜਿੱਤਣ ਦੇ ਬਾਵਜੂਦ, ਰਾਜਨ ਕਈ ਸਾਲਾਂ ਤੱਕ ਆਪਣੀ ਦਿਹਾੜੀ ਦਾ ਇੱਕ ਹਿੱਸਾ ਲਾਟਰੀ ਟਿਕਟਾਂ 'ਤੇ ਖਰਚਦੇ ਰਹੇ।
ਕੇਰਲ ਵਿੱਚ ਖੇਤਾਂ ਵਿੱਚ ਮਜ਼ਦੂਰੀ ਕਰਨ ਵਾਲਿਆਂ ਨੂੰ 800 ਰੁਪਏ ਦੀ ਦਿਹਾੜੀ ਮਿਲਦੀ ਹੈ।
ਇਹ ਵੀ ਪੜ੍ਹੋ:
ਰਾਜਨ ਦੀ ਪਤਨੀ ਰਜਨੀ ਘਰਾਂ ਵਿੱਚ ਕੰਮ ਕਰਦੀ ਹੈ। ਉਨ੍ਹਾਂ ਨੇ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕਰਵਾਈ ਹੈ। ਉਨ੍ਹਾਂ ਦੀ ਵੱਡੀ ਧੀ ਵਿਆਹ ਤੋਂ ਬਾਅਦ ਕਿਤੇ ਹੋਰ ਵੱਸ ਗਈ ਹੈ। ਛੋਟੀ ਧੀ ਅਕਸ਼ਰਾ ਹਾਈ ਸਕੂਲ ਵਿੱਚ ਪੜ੍ਹਦੀ ਹੈ।
ਪੁੱਤ ਰਿਜਿਲ ਖੇਤਾਂ ਵਿੱਚ ਦਿਹਾੜੀ ਕਰਦਾ ਹੈ।
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡਿਓ: ਐੱਨਆਰਆਈ ਨਾਲ ਵਿਆਹ ਤੇ ਫਿਰ ਤੋੜ-ਵਿਛੋੜਾ
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ