ਗੋਲਗੱਪਿਆਂ ਵਿੱਚ ਪਾਈ ਜਾਂਦੀ ਕਿਹੜੀ ਚੀਜ਼ ਕੈਂਸਰ ਦਾ ਕਾਰਨ ਬਣ ਸਕਦੀ ਹੈ

    • ਲੇਖਕ, ਭਾਗਿਆਸ਼੍ਰੀ ਰਾਉਤ
    • ਰੋਲ, ਬੀਬੀਸੀ ਸਹਿਯੋਗੀ

ਭਾਰਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਗੋਲਗੱਪੇ ਸੁਆਦ ਨਾਲ ਖਾਂਦੇ ਹਨ। ਤੁਸੀਂ ਕਿਸੇ ਵੀ ਬਜ਼ਾਰ ਵਿੱਚ ਜਾਓ ਤਾਂ ਤੁਹਾਨੂੰ ਗੋਲਗੱਪਿਆਂ ਦੀ ਰੇਹੜੀ ਦੇ ਆਲੇ-ਦੁਆਲੇ ਗਾਹਕਾਂ ਦੀ ਭੀੜ ਨਜ਼ਰ ਆਏਗੀ।

ਜਦੋਂ ਕੋਰੋਨਾ ਮਹਾਮਾਰੀ ਦੌਰਾਨ ਲਾਕਡਾਊਨ ਸੀ ਅਤੇ ਬਾਹਰ ਜਾਣ 'ਤੇ ਪਾਬੰਦੀ ਸੀ, ਤਾਂ ਲੋਕਾਂ ਨੇ ਆਪਣੇ ਮਨਪਸੰਦ ਸਟ੍ਰੀਟ ਫੂਡ ਨੂੰ ਘਰ ਵਿਚ ਹੀ ਬਣਾਉਣਾ ਸ਼ੁਰੂ ਕਰ ਦਿੱਤਾ ਸੀ।

ਗੂਗਲ ਇੰਡੀਆ ਦੇ ਅੰਕੜਿਆਂ ਦੇ ਮੁਤਾਬਕ, ਲੌਕਡਾਊਨ ਦੌਰਾਨ ਗੋਲਗੱਪੇ ਬਣਾਉਣ ਦੇ ਤਰੀਕੇ ਦੀ ਸਰਚ ਵਿੱਚ 107 ਫ਼ੀਸਦ ਵਾਧਾ ਹੋਇਆ।

ਗੋਲਗੱਪਿਆਂ ਬਾਰੇ ਵੀ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ।ਗੋਲਗੱਪਿਆਂ 'ਚ ਕੁਝ ਖਤਰਨਾਕ ਤੱਤ ਪਾਏ ਗਏ ਹਨ, ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ।

ਕਰਨਾਟਕ ਦੇ ਫੂਡ ਸੇਫਟੀ ਡਿਪਾਰਟਮੈਂਟ ਦੇ ਸਰਵੇ 'ਚ ਸਾਹਮਣੇ ਆਇਆ ਹੈ ਕਿ ਗੋਲਗੱਪਿਆਂ 'ਚ ਕੁਝ ਚੀਜ਼ਾਂ ਮਿਲਾਈਆਂ ਜਾਂਦੀਆਂ ਹਨ, ਜੋ ਕੈਂਸਰ ਦਾ ਕਾਰਨ ਹੋ ਸਕਦੀਆਂ ਹਨ।

ਸਰਵੇ ਮੁਤਾਬਕ ਸਿਰਫ ਗੋਲਗੱਪੇ ਹੀ ਨਹੀਂ ਸਗੋਂ ਹੋਰ ਸਟ੍ਰੀਟ ਫੂਡ 'ਚ ਵੀ ਕੁਝ ਅਜਿਹੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਕੈਂਸਰ ਹੋਣ ਦਾ ਖ਼ਤਰਾ ਹੁੰਦਾ ਹੈ।

ਗੋਲਗੱਪਿਆਂ ਦੇ ਪਾਣੀ ਵਿੱਚ ਨਕਲੀ ਰੰਗਾਂ ਦੀ ਵਰਤੋਂ

ਕਰਨਾਟਕ ਸਰਕਾਰ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਉਨ੍ਹਾਂ ਦੇ ਫੂਡ ਸੇਫਟੀ ਵਿਭਾਗ ਨੇ ਪਿਛਲੇ ਪੰਜ ਮਹੀਨਿਆਂ ਵਿੱਚ ਹਜ਼ਾਰਾਂ ਸੈਂਪਲਾਂ ਦੀ ਜਾਂਚ ਕੀਤੀ, ਇਨ੍ਹਾਂ ਵਿੱਚ ਗੋਲਗੱਪਿਆਂ ਦੇ 260 ਸੈਂਪਲ ਸਨ।

ਇਨ੍ਹਾਂ ਵਿਚੋਂ 22 ਫੀਸਦੀ ਵਿਚ ਅਜਿਹੇ ਤੱਤ ਸਨ, ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ।

ਇਨ੍ਹਾਂ ਵਿੱਚੋਂ 41 ਨਮੂਨਿਆਂ ਵਿੱਚ ਨਕਲੀ ਰੰਗ ਅਤੇ ਕਾਸੀਨਾਜੈਨਿਕ ਤੱਤ ਪਾਏ ਗਏ। ਕਾਸੀਨਾਜੈਨਿਕ ਤੱਤ ਕੈਂਸਰ ਦਾ ਕਾਰਨ ਬਣ ਸਕਦੇ ਹਨ।

ਕਰਨਾਟਕ ਫੂਡ ਸੇਫਟੀ ਕਮਿਸ਼ਨਰ ਕੇ ਸ਼੍ਰੀਨਿਵਾਸ ਨੇ. 'ਇੰਡੀਅਨ ਐਕਸਪ੍ਰੈਸ' ਨਾਲ ਗੱਲ ਕਰਦਿਆਂ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਟ੍ਰੀਟ ਫੂਡ ਖਾਣ ਤੋਂ ਬਾਅਦ ਕੁਝ ਲੋਕਾਂ ਨੂੰ ਦਸਤ, ਉਲਟੀਆਂ ਅਤੇ ਹੋਰ ਸਿਹਤ ਸਬੰਧੀ ਦਿੱਕਤਾਂ ਹੋ ਗਈਆਂ।

ਇਸ ਤੋਂ ਬਾਅਦ ਫੂਡ ਸੇਫਟੀ ਵਿਭਾਗ ਨੇ ਨਕਲੀ ਰੰਗਾਂ ਦੀ ਵਰਤੋਂ ਕਰਨ ਵਾਲੇ ਹੋਟਲਾਂ ਅਤੇ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ।

ਕਾਰਵਾਈ ਦੌਰਾਨ ਪਤਾ ਲੱਗਾ ਕਿ ਗੋਲਗੱਪਿਆਂ ਵਿੱਚ ਵਰਤੇ ਜਾਣ ਵਾਲੇ ਪਾਣੀ ਵਿੱਚ ਨਕਲੀ ਰੰਗਾਂ ਦੀ ਵਰਤੋਂ ਕੀਤੀ ਗਈ ਸੀ।

ਇਸ ਤੋਂ ਇਲਾਵਾ ਕਬਾਬ, ਗੋਭੀ, ਮੰਚੂਰੀਅਨ, ਸ਼ਵਰਮਾ ਵਰਗੇ ਪਕਵਾਨਾਂ ਵਿਚ ਵੀ ਨਕਲੀ ਰੰਗਾਂ ਦੀ ਵਰਤੋਂ ਕੀਤੀ ਜਾਂ ਹੈ ਜੋ ਸਿਹਤ ਲਈ ਖਤਰਨਾਕ ਹੈ। ਇਸ ਤੋਂ ਬਾਅਦ ਕਰਨਾਟਕ ਵਿਚ ਇਨ੍ਹਾਂ ਪਕਵਾਨਾਂ ਵਿਚ ਨਕਲੀ ਰੰਗਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਪਰ ਜੁਲਾਈ 'ਚ ਹੋਈ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਲ਼ਗੱਪਿਆਂ 'ਚ ਕੈਂਸਰ ਨੂੰ ਸੱਦਾ ਦੇਣ ਵਾਲੇ ਖਤਰਨਾਕ ਤੱਤ ਹੁੰਦੇ ਹਨ। ਉਨ੍ਹਾਂ ਵਿੱਚ ਲੋਕਾਂ ਦੀ ਸਿਹਤ ਲਈ ਖਤਰਨਾਕ ਬੈਕਟੀਰੀਆ ਪਾਏ ਗਏ।

ਕਰਨਾਟਕ ਫੂਡ ਸੇਫਟੀ ਵਿਭਾਗ ਵੱਲੋਂ ਲਏ ਗਏ ਨਮੂਨਿਆਂ ਵਿੱਚ ਟਾਰਟਰਾਜ਼ੀਨ, ਸਨਸੈੱਟ, ਯੈਲੋ, ਰੋਡਾਮਾਇਨ ਬੀ ਅਤੇ ਚਮਕਦਾਰ ਨੀਲਾ ਰੰਗ ਪਾਇਆ ਗਿਆ। ਇਹ ਕੈਂਸਰ ਜਾਂ ਗੁਰਦੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਕੌਟਨ ਕੈਂਡੀ, ਮੰਚੂਰੀਅਨ ਅਤੇ ਕਬਾਬਾਂ ਵਿੱਚ ਨਕਲੀ ਰੰਗਾਂ ਦੀ ਵਰਤੋਂ 'ਤੇ ਪਾਬੰਦੀ ਲਗਾਈ ਗਈ ਹੈ। ਪਰ ਹੁਣ ਗੋਲਗੱਪਿਆਂ ਵਿੱਚ ਵੀ ਖਤਰਨਾਕ ਤੱਤ ਪਾਏ ਗਏ ਹਨ।

ਨਕਲੀ ਰੰਗਾਂ ਦੀ ਵਰਤੋਂ ਕਿੰਨੀ ਹਾਨੀਕਾਰਕ ਹੈ?

ਅਸੀਂ ਮਾਹਰਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਫਾਸਟ ਫੂਡ ਵਿੱਚ ਵਰਤੀ ਜਾਂਦੀ ਰੋਡਾਮਾਇਨ ਬੀ ਕੀ ਹੈ ਅਤੇ ਇਹ ਕਿੰਨਾ ਖਤਰਨਾਕ ਹੈ।

ਨਿਊਟ੍ਰੀਸ਼ਨਿਸਟ ਡਾ ਰੇਣੁਕਾ ਮਿੰਡੇ ਨੇ ਬੀਬੀਸੀ ਨੂੰ ਦੱਸਿਆ, "ਰੋਡਾਮਾਈਨ ਬੀ ਇੱਕ ਰਸਾਇਣਕ ਲਾਲ ਰੰਗ ਹੈ, ਜਿਸਨੂੰ ਉਦਯੋਗਿਕ ਰੰਗ ਵਜੋਂ ਵਰਤਿਆ ਜਾਂਦਾ ਹੈ। ਪਰ ਕਿਉਂਕਿ ਇਹ ਰੰਗ ਕੁਦਰਤੀ ਰੰਗਾਂ ਨਾਲੋਂ ਸਸਤਾ ਹੁੰਦਾ ਹੈ, ਇਸ ਲਈ ਇਹ ਕੈਂਡੀ, ਚਿਕਨ ਟਿੱਕਾ, ਪਨੀਰ ਟਿੱਕਾ ਵਿੱਚ ਵਰਤਿਆ ਜਾਂਦਾ ਹੈ। ਅਜਿਹੇ ਰੰਗਾਂ ਵਾਲੇ ਭੋਜਨਾਂ ਦਾ ਸੇਵਨ ਐਲਰਜੀ ਦਾ ਕਾਰਨ ਬਣ ਸਕਦਾ ਹੈ, ਅੰਤੜੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਦਮੇ ਦਾ ਕਾਰਨ ਵੀ ਬਣ ਸਕਦਾ ਹੈ।”

ਡਾ. ਰੇਣੂਕਾ ਪਿਛਲੇ 30 ਸਾਲਾਂ ਤੋਂ ਡਾਈਟੀਸ਼ੀਅਨ ਵਜੋਂ ਕੰਮ ਕਰ ਰਹੀ ਹੈ। ਮੁੰਬਈ, ਔਰੰਗਾਬਾਦ, ਬੜੌਦਾ 'ਚ ਕੰਮ ਕਰਨ ਤੋਂ ਬਾਅਦ ਹੁਣ ਉਹ ਨਾਗਪੁਰ 'ਚ ਕੰਮ ਕਰ ਰਹੀ ਹੈ।

ਨਾਗਪੁਰ ਯੂਨੀਵਰਸਿਟੀ ਦੀ ਫੂਡ ਟੈਕਨਾਲੋਜੀ ਮਾਹਰ ਕਲਪਨਾ ਜਾਧਵ ਕਹਿੰਦੇ ਹਨ, “ਭੋਜਨ ਦੀਆਂ ਚੀਜ਼ਾਂ ਨੂੰ ਆਕਰਸ਼ਕ ਬਣਾਉਣ ਲਈ ਕੇਸਰ ਦੀ ਵਰਤੋਂ ਕਰਨੀ ਚਾਹੀਦੀ ਹੈ। ਪਰ ਹੁਣ ਕੁਦਰਤੀ ਰੰਗਾਂ ਦੀ ਥਾਂ ਨਕਲੀ ਰੰਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਰਸ-ਮਲਾਈ ਅਤੇ ਮਠਿਆਈਆਂ ਸਮੇਤ ਕਈ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਨਕਲੀ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਕਾਸੀਨਾਜੈਨਿਕ ਤੱਤ ਹੁੰਦੇ ਹਨ। ਇਸ ਨਾਲ ਕੈਂਸਰ ਦਾ ਖਤਰਾ ਹੋ ਸਕਦਾ ਹੈ।"

ਉਹ ਕਹਿੰਦੀ ਹੈ, "ਅਜੀਨੋਮੋਟੋ ਦੀ ਵਰਤੋਂ ਭੋਜਨ ਨੂੰ ਸੁਆਦਲਾ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਵਿੱਚ ਮੋਨੋਸੋਡੀਅਮ ਗਲੂਟਾਮੇਟ ਹੁੰਦਾ ਹੈ। ਜੇਕਰ ਇਸ ਦੀ ਵਰਤੋਂ ਸੀਮਤ ਮਾਤਰਾ ਵਿੱਚ ਕੀਤੀ ਜਾਵੇ ਤਾਂ ਇਹ ਸਿਹਤ ਲਈ ਸੁਰੱਖਿਅਤ ਹੈ। ਪਰ ਜੇਕਰ ਇਸਦੀ ਜ਼ਿਆਦਾ ਵਰਤੋਂ ਕੀਤੀ ਜਾਵੇ ਤਾਂ ਇਹ ਖਤਰਨਾਕ ਹੋ ਸਕਦਾ ਹੈ। ਵੱਡੀ ਮਾਤਰਾ ਵਿੱਚ ਇਹ ਗੁਰਦਿਆਂ ਅਤੇ ਅੰਤੜੀਆਂ 'ਤੇ ਮਾੜੇ ਪ੍ਰਭਾਵ ਪੈਦਾ ਕਰ ਸਕਦੀ ਹੈ।

ਖਾਣ ਤੋਂ ਪਹਿਲਾਂ ਇਹ ਜਾਣ ਲਓ

ਰੇਣੁਕਾ ਮਿੰਡੇ ਕਹਿੰਦੀ ਹੈ, “ਗੋਲਗੱਪਿਆਂ ਦੇ ਪਾਣੀ ਦਾ ਰੰਗ ਹਰਾ ਹੁੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਹਰੇ ਰੰਗ ਦਾ ਪਾਣੀ ਬਣਾਉਣ ਲਈ ਪੁਦੀਨੇ ਅਤੇ ਧਨੀਏ ਨੂੰ ਮਿਲਾ ਦਿੱਤਾ ਜਾਂਦਾ ਹੈ। ਹਾਲਾਂਕਿ, ਇਸ ਧਨੀਆ ਅਤੇ ਪੁਦੀਨੇ ਦੀ ਘੱਟ ਵਰਤੋਂ ਹੁੰਦੀ ਹੈ ਅਤੇ ਰਸਾਇਣਕ ਹਰਾ ਰੰਗ (ਪੀਲੇ ਅਤੇ ਸੰਤਰੀ ਨਾਲ ਮਿਲਾਏ ਗਏ ਹਰੇ ਰੰਗ ਨੂੰ ਗ੍ਰੀਨ ਫਾਸਟ ਐੱਫਸੀਐੱਫ ਕਿਹਾ ਜਾਂਦਾ ਹੈ) ਰਲਾਇਆ ਜਾਂਦਾ ਹੈ।

ਉਹ ਕਹਿੰਦੇ ਹੈ, "ਅਜਿਹੇ ਗੋਲਗੱਪੇ ਖਾਣ ਨਾਲ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਅਕਸਰ ਪਾਣੀ ਨੂੰ ਉਬਾਲ ਕੇ ਨਹੀਂ ਵਰਤਿਆ ਜਾਂਦਾ। ਪਾਣੀ 'ਚ ਬਰਫ਼ ਮਿਲਾਉਣ ਨਾਲ ਉਸ 'ਚ ਖਤਰਨਾਕ ਬੈਕਟੀਰੀਆ ਪੈਦਾ ਹੋ ਸਕਦੇ ਹਨ। ਇਸ ਨਾਲ ਦਸਤ ਅਤੇ ਉਲਟੀਆਂ ਹੋ ਸਕਦੀਆਂ ਹਨ।"

ਹੱਲ ਕੀ ਹੈ?

ਇਸ ਦੇ ਬਾਵਜੂਦ ਜੇਕਰ ਤੁਸੀਂ ਗੋਲਗੱਪੇ ਖਾਣਾ ਚਾਹੁੰਦੇ ਹੋ ਤਾਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?

ਇਸ ਲਈ ਤੁਸੀਂ ਐੱਫਐੱਸਐੱਸਆਈ ਵੱਲੋਂ ਪ੍ਰਮਾਣਿਤ ਰੇਹੜੀਆਂ ਜੋ ਸਿਹਤ ਮਾਪਦੰਡਾਂ ਦਾ ਪਾਲਣ ਕਰਦੀਆਂ ਹੋਣ ਤੋਂ ਗੋਲਗੱਪੇ ਖਾ ਸਕਦੇ ਹੋ।

ਇਸ ਲਈ ਅਜਿਹੀਆਂ ਗੱਡੀਆਂ 'ਤੇ ਖਾਣਾ ਖਾਣ ਨਾਲ ਸਿਹਤ ਸਬੰਧੀ ਦਿੱਕਤਾਂ ਦਾ ਖਤਰਾ ਘੱਟ ਹੁੰਦਾ ਹੈ। ਦੂਸਰਾ, ਨਕਲੀ ਰੰਗਾਂ ਵਾਲਾ ਭੋਜਨ ਖਾਣ ਦੀ ਥਾਂ ਭੋਜਨ ਵਿਚ ਕੁਦਰਤੀ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਚੁਕੰਦਰ, ਪਾਲਕ, ਧਨੀਆ ਅਤੇ ਗਾਜਰ ਤੋਂ ਤਿਆਰ ਕੀਤੇ ਰੰਗ ਭੋਜਨ ਅਤੇ ਸਿਹਤ ਲਈ ਬਹੁਤ ਚੰਗੇ ਹਨ।

ਪਰ, ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਸਿਹਤ 'ਤੇ ਕੋਈ ਅਸਰ ਨਾ ਪਵੇ, ਤਾਂ ਸਭ ਤੋਂ ਵਧੀਆ ਹੱਲ ਹੈ ਘਰ ਵਿੱਚ ਹੀ ਗੋਲਗੱਪੇ ਬਣਾਉਣਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)