You’re viewing a text-only version of this website that uses less data. View the main version of the website including all images and videos.
ਕੈਂਸਰ ਦੇ 10 ਸ਼ੁਰੂਆਤੀ ਲੱਛਣ ਜੋ ਅਣਗੌਲੇ ਨਹੀਂ ਕਰਨੇ ਚਾਹੀਦੇ
- ਲੇਖਕ, ਰਿਡੈਸੀਓਂ
- ਰੋਲ, ਬੀਬੀਸੀ ਵਰਲਡ ਨਿਊਜ਼
ਜ਼ਿਆਦਾਤਰ ਲੋਕ, ਕੈਂਸਰ ਸ਼ਬਦ ਸੁਣਦਿਆਂ ਘਾਤਕ ਨਤੀਜਿਆਂ ਅਤੇ ਲਾ-ਇਲਾਜ ਬਿਮਾਰੀ ਨਾਲ ਇਸ ਨੂੰ ਜੋੜ ਲੈਂਦੇ ਹਨ।
ਪਰ 70 ਦੇ ਦਹਾਕੇ ਤੋਂ ਬਾਅਦ ਬਚਾਅ ਦੀ ਦਰ ਤਿੰਨ ਗੁਣਾ ਹੋ ਗਈ ਹੈ ਅਤੇ ਇਸ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਾਉਣ ਦਾ ਸਮਾਂ ਬਹੁਤ ਘਟਿਆ ਹੈ।
ਅਸਲ ਵਿੱਚ, ਜ਼ਿਆਦਾਤਰ ਕੈਂਸਰ ਮਰੀਜ਼ਾਂ ਲਈ ਇਲਾਜ ਉਦੋਂ ਲਾਹੇਵੰਦ ਹੋ ਜਾਂਦਾ ਹੈ ਜਦੋਂ ਉਨ੍ਹਾਂ ਨੂੰ ਇਸ ਦੇ ਵਿਕਸਿਤ ਹੋਣ ਤੋਂ ਪਹਿਲਾਂ ਹੀ ਇਸ ਦਾ ਪਤਾ ਲੱਗ ਜਾਂਦਾ ਹੈ।
ਸਮੱਸਿਆ ਇਹ ਹੈ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਡਾਕਟਰ ਨੂੰ ਤਰਜੀਹ ਨਹੀਂ ਦਿੰਦੇ ਹਨ ਅਤੇ ਨਾ ਹੀ ਉਸ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਤੇ ਅਸੀਂ ਕੁਝ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਜੋ ਛੇਤੀ ਬਿਮਾਰੀ ਦੇ ਪਤਾ ਲੱਗਣ ਲਈ ਮਹੱਤਵਪੂਰਨ ਹੋ ਸਕਦੇ ਹਨ।
ਕੈਂਸਰ ਰਿਸਰਚ ਸੰਸਥਾ ਯੂਕੇ ਵੱਲੋਂ ਕੀਤੇ ਗਏ ਇੱਕ ਅਧਿਐਨ ਦੇ ਅਨੁਸਾਰ, ਅੱਧੇ ਤੋਂ ਵੱਧ ਬ੍ਰਿਟੇਨ ਵਾਸੀ ਕਿਸੇ ਸਮੇਂ ਕੈਂਸਰ ਦੀ ਮੌਜੂਦਗੀ ਨੂੰ ਦਰਸਾਉਣ ਵਾਲੇ ਲੱਛਣਾਂ ਵਿੱਚੋਂ ਕਿਸੇ ਇੱਕ ਦਾ ਸ਼ਿਕਾਰ ਹੋਏ ਹਨ।
ਪਰ ਸਿਰਫ 2% ਨੇ ਸੋਚਿਆ ਕਿ ਉਹ ਇਸ ਬਿਮਾਰੀ ਤੋਂ ਪੀੜਤ ਹੋ ਸਕਦੇ ਹਨ ਅਤੇ ਤੀਜੇ ਵਿੱਚੋਂ ਕਿਸੇ ਇੱਕ ਨੇ ਅਲਾਰਮ ਨੂੰ ਪੂਰੀ ਤਰ੍ਹਾਂ ਅਣਡਿੱਠਾ ਕਰ ਦਿੱਤਾ ਅਤੇ ਡਾਕਟਰ ਕੋਲ ਨਹੀਂ ਗਏ।
ਯੂਨੀਵਰਸਿਟੀ ਕਾਲਜ ਲੰਡਨ ਦੀ ਖੋਜਕਰਤਾ ਅਤੇ ਖੋਜ ਦੀ ਪ੍ਰਮੁੱਖ ਲੇਖਕ ਕੈਟਰੀਨਾ ਵਿਟੇਕਰ ਨੇ ਕਿਹਾ, "ਲੋਕ ਸੋਚਦੇ ਹਨ ਕਿ ਸਾਨੂੰ ਲੋਕਾਂ ਨੂੰ ਹਾਈਪੋਕੌਂਡ੍ਰਿਆਕ (ਇੱਕ ਤਰ੍ਹਾਂ ਦੀ ਚਿੰਤਾ ਸਬੰਧੀ ਸਮੱਸਿਆ ਹੈ) ਹੋਣ ਲਈ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ, ਪਰ ਸਾਨੂੰ ਉਨ੍ਹਾਂ ਲੋਕਾਂ ਨਾਲ ਸਮੱਸਿਆ ਹੈ ਜੋ ਡਾਕਟਰ ਕੋਲ ਜਾਣ ਤੋਂ ਸ਼ਰਮ ਮਹਿਸੂਸ ਕਰਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਉਹ ਤੁਹਾਡਾ ਸਮਾਂ ਬਰਬਾਦ ਕਰਦੇ ਹਨ ਅਤੇ ਉਹ ਸਿਹਤ ਪ੍ਰਣਾਲੀ ਦੇ ਸਰੋਤਾਂ ਨੂੰ ਬੇਕਾਰ ਹੀ ਬਰਬਾਦ ਕਰ ਰਹੇ ਹਨ।"
ਉਨ੍ਹਾਂ ਨੇ ਕਿਹਾ, "ਸਾਨੂੰ ਦੱਸਣਾ ਚਾਹੁੰਦੇ ਹੈ ਕਿ ਜੇ ਤੁਹਾਨੂੰ ਲੱਛਣ ਹਨ ਜੋ ਦੂਰ ਨਹੀਂ ਹੋ ਰਹੇ, ਖ਼ਾਸ ਤੌਰ 'ਤੇ ਜਿਹੜੇ ਚਿਤਾਵਨੀ ਦੇ ਚਿੰਨ੍ਹ ਮੰਨੇ ਜਾਂਦੇ ਹਨ, ਤੁਹਾਨੂੰ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਅਤੇ ਮਦਦ ਲੈਣੀ ਚਾਹੀਦੀ ਹੈ।"
ਇਸ ਲੇਖ ਵਿੱਚ ਅਸੀਂ ਕੈਂਸਰ ਦੇ 10 ਆਮ ਲੱਛਣਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ , ਜੋ ਅਮਰੀਕਨ ਕੈਂਸਰ ਸੁਸਾਇਟੀ ਦੇ ਅਨੁਸਾਰ ਤੁਹਾਨੂੰ ਨਜ਼ਰਅੰਦਾਜ਼ ਨਹੀਂ ਕਰਨੇ ਚਾਹੀਦੇ।
1. ਭਾਰ ਘਟਣਾ, ਜਿਸਦਾ ਕਾਰਨ ਵੀ ਨਾ ਸਹੀ ਤਰ੍ਹਾਂ ਪਤਾ ਹੋਵੇ
ਕੈਂਸਰ ਵਾਲੇ ਜ਼ਿਆਦਾਤਰ ਲੋਕ ਕਿਸੇ ਸਮੇਂ ਭਾਰ ਘਟਣ ਦਾ ਤਜਰਬਾ ਕਰਦੇ ਹਨ।
ਜਦੋਂ ਤੁਸੀਂ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਭਾਰ ਘਟਾਉਂਦੇ ਹੋ, ਤਾਂ ਇਸ ਨੂੰ ਅਸਪੱਸ਼ਟ ਭਾਰ ਘਟਾਉਣਾ ਕਿਹਾ ਜਾਂਦਾ ਹੈ।
5 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਦਾ ਭਾਰ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਘਟਣਾ ਕੈਂਸਰ ਦਾ ਪਹਿਲਾ ਲੱਛਣ ਹੋ ਸਕਦਾ ਹੈ।
ਇਹ ਪੈਨਕ੍ਰੀਆਸ, ਪੇਟ, ਅੰਨ ਨਾਲੀ (ਖਾਣ ਵਾਲੀ) ਜਾਂ ਫੇਫੜਿਆਂ ਦੇ ਕੈਂਸਰ ਦੇ ਮਾਮਲਿਆਂ ਵਿੱਚ ਅਕਸਰ ਅਜਿਹਾ ਹੁੰਦਾ ਹੈ।
2. ਬੁਖ਼ਾਰ
ਕੈਂਸਰ ਵਾਲੇ ਮਰੀਜ਼ਾਂ ਵਿੱਚ ਬੁਖ਼ਾਰ ਬਹੁਤ ਆਮ ਹੁੰਦਾ ਹੈ, ਹਾਲਾਂਕਿ ਇਹ ਸ਼ੁਰੂਆਤੀ ਥਾਂ ਤੋਂ ਕੈਂਸਰ ਦੇ ਫੈਲਣ ਤੋਂ ਬਾਅਦ ਅਕਸਰ ਜ਼ਿਆਦਾ ਵਾਰ ਹੁੰਦਾ ਹੈ।
ਕੈਂਸਰ ਵਾਲੇ ਲਗਭਗ ਹਰ ਵਿਅਕਤੀ ਨੂੰ ਕਿਸੇ ਸਮੇਂ ਬੁਖ਼ਾਰ ਦਾ ਤਜਰਬਾ ਹੋਵੇਗਾ, ਖ਼ਾਸ ਕਰਕੇ ਜੇ ਕੈਂਸਰ ਜਾਂ ਇਸਦੇ ਇਲਾਜ ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕਰਦੇ ਹਨ।
3. ਥਕਾਵਟ
ਬਹੁਤ ਜ਼ਿਆਦਾ ਥਕਾਵਟ ਹੁੰਦੀ ਹੈ ਜੋ ਆਰਾਮ ਕਰਨ ਨਾਲ ਵੀ ਨਹੀਂ ਜਾਂਦੀ। ਕੈਂਸਰ ਦੇ ਵਧਣ ਦੇ ਨਾਲ ਇਹ ਇੱਕ ਮਹੱਤਵਪੂਰਨ ਲੱਛਣ ਹੋ ਸਕਦਾ ਹੈ।
ਹਾਲਾਂਕਿ, ਕੁਝ ਕੈਂਸਰਾਂ ਵਿੱਚ, ਜਿਵੇਂ ਕਿ ਲਿਊਕੇਮੀਆ, ਵਿੱਚ ਸ਼ੁਰੂਆਤ ਵਿੱਚ ਥਕਾਵਟ ਹੋ ਸਕਦੀ ਹੈ।
ਕੁਝ ਕੋਲਨ ਜਾਂ ਪੇਟ ਦੇ ਕੈਂਸਰ ਖ਼ੂਨ ਦੀ ਕਮੀ ਦਾ ਕਾਰਨ ਬਣ ਸਕਦੇ ਹਨ ਜੋ ਸਪੱਸ਼ਟ ਨਹੀਂ ਹਨ।
ਇਹ ਇੱਕ ਹੋਰ ਤਰੀਕਾ ਹੈ ਜਿਸ ਨਾਲ ਕੈਂਸਰ ਥਕਾਟਵ ਪੈਦਾ ਕਰਨ ਸਕਦਾ ਹੈ।
4. ਚਮੜੀ ਵਿੱਚ ਬਦਲਾਅ
ਚਮੜੀ ਦੇ ਕੈਂਸਰਾਂ ਦੇ ਨਾਲ, ਕੁਝ ਹੋਰ ਕੈਂਸਰ ਚਮੜੀ ਦੇ ਬਦਲਾਅ ਦਾ ਕਾਰਨ ਬਣ ਸਕਦੇ ਹਨ ਜੋ ਦੇਖਿਆ ਜਾ ਸਕਦਾ ਹੈ।
- ਇਹਨਾਂ ਚਿੰਨ੍ਹਾਂ ਅਤੇ ਲੱਛਣਾਂ ਵਿੱਚ ਸ਼ਾਮਲ ਹਨ-
- ਚਮੜੀ ਦਾ ਕਾਲਾ ਹੋਣਾ (ਹਾਈਪਰਪੀਗਮੈਂਟੇਸ਼ਨ)
- ਚਮੜੀ ਅਤੇ ਅੱਖਾਂ ਦਾ ਪੀਲਾ ਹੋਣਾ (ਪੀਲੀਆ)
- ਚਮੜੀ ਦੀ ਲਾਲੀ (ਏਰੀਥਿਮਾ) ਖੁਜਲੀ
- ਬਹੁਤ ਜ਼ਿਆਦਾ ਵਾਲ ਵਧਣਾ
5. ਅੰਤੜੀਆਂ ਜਾਂ ਬਲੈਡਰ ਫੰਕਸ਼ਨ ਵਿੱਚ ਬਦਲਾਅ
ਲੰਬੇ ਸਮੇਂ ਤੱਕ ਕਬਜ਼, ਦਸਤ ਜਾਂ ਮਲ ਦੇ ਆਕਾਰ ਵਿੱਚ ਬਦਲਾਅ ਕੋਲਨ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ।
ਦੂਜੇ ਪਾਸੇ, ਪਿਸ਼ਾਬ ਕਰਦੇ ਸਮੇਂ ਦਰਦ, ਪਿਸ਼ਾਬ ਵਿੱਚ ਖੂਨ, ਜਾਂ ਬਲੈਡਰ ਫੰਕਸ਼ਨ ਵਿੱਚ ਬਦਲਾਅ (ਜਿਵੇਂ ਕਿ ਜ਼ਿਆਦਾ ਜਾਂ ਘੱਟ ਵਾਰ ਪਿਸ਼ਾਬ ਕਰਨਾ) ਬਲੈਡਰ ਜਾਂ ਪ੍ਰੋਸਟੇਟ ਕੈਂਸਰ ਨਾਲ ਸਬੰਧਤ ਹੋ ਸਕਦਾ ਹੈ।
6. ਜ਼ਖ਼ਮ ਜੋ ਠੀਕ ਨਹੀਂ ਹੁੰਦੇ
ਬਹੁਤ ਲੋਕ ਜਾਣਦੇ ਹਨ ਕਿ ਤਿਲ ਜੋ ਵਧਦੇ ਹਨ, ਜਖ਼ਮ ਕਰਦੇ ਹਨ ਜਾਂ ਜਿਨ੍ਹਾਂ ਵਿੱਚੋਂ ਖੂਨ ਵਗਦਾ ਹੈ, ਚਮੜੀ ਦੇ ਕੈਂਸਰ ਦੇ ਲੱਛਣ ਹੋ ਸਕਦੇ ਹਨ, ਪਰ ਸਾਨੂੰ ਛੋਟੇ ਜਖਮਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜੋ ਚਾਰ ਹਫ਼ਤਿਆਂ ਤੋਂ ਵੱਧ ਸਮੇਂ ਵਿੱਚ ਠੀਕ ਨਹੀਂ ਹੁੰਦੇ ਹਨ।
ਮੂੰਹ ਦਾ ਦਰਦ ਜੋ ਠੀਕ ਨਹੀਂ ਹੁੰਦਾ ਮੂੰਹ ਦੇ ਕੈਂਸਰ ਕਾਰਨ ਹੋ ਸਕਦਾ ਹੈ।
ਤੁਹਾਡੇ ਮੂੰਹ ਵਿੱਚ ਕੋਈ ਵੀ ਤਬਦੀਲੀ ਜੋ ਲੰਬੇ ਸਮੇਂ ਤੱਕ ਰਹਿੰਦੀ ਹੈ, ਤੁਰੰਤ ਡਾਕਟਰ ਜਾਂ ਦੰਦਾਂ ਦੇ ਡਾਕਟਰ ਕੋਲੋਂ ਜਾਂਚ ਕੀਤੀ ਕਰਵਾਉਣੀ ਚਾਹੀਦੀ ਹੈ।
ਲਿੰਗ ਜਾਂ ਯੋਨੀ 'ਤੇ ਜਖਮ ਕਿਸੇ ਲਾਗ ਜਾਂ ਸ਼ੁਰੂਆਤੀ ਪੜਾਅ ਦੇ ਕੈਂਸਰ ਦੇ ਸੰਕੇਤ ਹੋ ਸਕਦੇ ਹਨ, ਅਤੇ ਕਿਸੇ ਸਿਹਤ ਸੰਭਾਲ ਪੇਸ਼ੇਵਰ ਦੁਆਰਾ ਜਾਂਚ ਕੀਤੀ ਜਾਣੀ ਚਾਹੀਦੀ ਹੈ।
7. ਖ਼ੂਨ ਵਗਣਾ
ਕੈਂਸਰ ਦੇ ਸ਼ੁਰੂਆਤੀ ਜਾਂ ਵਿਕਸਿਤ ਸਟੇਜਾਂ ਵਿੱਚ ਅਸਧਾਰਨ ਢੰਗ ਨਾਲ ਖ਼ੂਨ ਵਹਿ ਸਕਦਾ ਹੈ।
ਖੰਘਣ ਦੌਰਾਨ ਖ਼ੂਨ ਫੇਫੜਿਆਂ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ।
ਦੂਜੇ ਪਾਸੇ, ਜੇਕਰ ਮਲ ਵਿੱਚ ਖ਼ੂਨ ਆਉਂਦਾ ਹੈ (ਜਿਸਦਾ ਰੰਗ ਬਹੁਤ ਗੂੜਾ ਹੋ ਸਕਦਾ ਹੈ) ਤਾਂ ਇਹ ਕੋਲਨ ਕੈਂਸਰ ਜਾਂ ਰੈਕਟਲ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ।
ਐਂਡੋਮੈਟ੍ਰਿਅਮ (ਬੱਚੇਦਾਨੀ ਦੀ ਪਰਤ) ਦਾ ਸਰਵਾਈਕਲ ਕੈਂਸਰ ਅਸਧਾਰਨ ਯੋਨੀ ਖ਼ੂਨ ਵਗਣ ਦਾ ਕਾਰਨ ਬਣ ਸਕਦਾ ਹੈ।
ਇਸ ਦੇ ਨਾਲ ਹੀ, ਪਿਸ਼ਾਬ ਵਿੱਚ ਖ਼ੂਨ ਬਲੈਡਰ ਜਾਂ ਗੁਰਦੇ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ।
ਛਾਤੀ ਦੇ ਨਿੱਪਲ ਤੋਂ ਖ਼ੂਨ ਦਾ ਵਗਣਾ, ਛਾਤੀ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ।
8. ਸਰੀਰ 'ਚ ਕਿਤੇ ਵੀ ਕਠੋਰਤਾ ਜਾਂ ਗੱਠ ਦਾ ਬਣਨਾ
ਬਹੁਤ ਸਾਰੇ ਕੈਂਸਰ ਚਮੜੀ ਰਾਹੀਂ ਮਹਿਸੂਸ ਕੀਤੇ ਜਾ ਸਕਦੇ ਹਨ।
ਇਹ ਕੈਂਸਰ ਮੁੱਖ ਤੌਰ 'ਤੇ ਛਾਤੀਆਂ, ਅੰਡਕੋਸ਼ਾਂ, ਲਿੰਫ ਨੋਡਸ (ਗਲੈਂਡਜ਼) ਅਤੇ ਸਰੀਰ ਦੇ ਨਰਮ ਟਿਸ਼ੂਆਂ ਵਿੱਚ ਹੁੰਦੇ ਹਨ।
ਗੱਠ ਜਾਂ ਸਰੀਰ ਦੇ ਕਿਸੇ ਦਾ ਸਖ਼ਤ ਹੋਣਾ ਕੈਂਸਰ ਦੀ ਸ਼ੁਰੂਆਤੀ ਜਾਂ ਦੇਰ ਦੀ ਨਿਸ਼ਾਨੀ ਹੋ ਸਕਦਾ ਹੈ।
9. ਨਿਗਲਣ ਵਿੱਚ ਮੁਸ਼ਕਲ
ਲਗਾਤਾਰ ਬਦਹਜ਼ਮੀ ਜਾਂ ਖਾਣਾ ਨਿਗਲਣ ਵਿੱਚ ਮੁਸ਼ਕਲ ਅੰਨ ਨਲੀ (ਨਿਗਲਣ ਵਾਲੀ ਨਲੀ ਜੋ ਪੇਟ ਵੱਲ ਜਾਂਦੀ ਹੈ), ਪੇਟ, ਜਾਂ ਗਲੇ ਦੇ ਕੈਂਸਰ ਦੇ ਲੱਛਣ ਹੋ ਸਕਦੇ ਹਨ।
ਹਾਲਾਂਕਿ, ਇਸ ਦੇ ਜ਼ਿਆਦਾਤਰ ਲੱਛਣਾਂ ਦੀ ਤਰ੍ਹਾਂ, ਇਹ ਅਕਸਰ ਕੈਂਸਰ ਤੋਂ ਇਲਾਵਾ ਹੋਰ ਕਾਰਨਾਂ ਕਰਕੇ ਵੀ ਹੋ ਸਕਦੇ ਹਨ।
10. ਲਗਾਤਾਰ ਖੰਘਣਾ ਜਾਂ ਗਲਾ ਬੈਠਣਾ
ਲਗਾਤਾਰ ਖੰਘ ਫੇਫੜਿਆਂ ਦੇ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ।
ਜੇ ਅਸੀਂ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਇਸ ਤੋਂ ਪੀੜਤ ਹਾਂ ਤਾਂ ਸਾਨੂੰ ਡਾਕਟਰ ਨੂੰ ਮਿਲਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਦੌਰਾਨ, ਗਲੇ ਦਾ ਬੈਠਣਾ ਲੇਰੀਨਕਸ ਜਾਂ ਥਾਇਰਾਇਡ ਗਲੈਂਡ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ।