You’re viewing a text-only version of this website that uses less data. View the main version of the website including all images and videos.
ਕੇਬੀਸੀ: 4 ਸਾਲਾਂ ਤੱਕ ਤਿਆਰੀ ਕਰਕੇ ਕਰੋੜਪਤੀ ਬਣੇ ਖਾਲੜਾ ਪਿੰਡ ਦੇ ਜਸਕਰਨ ਹੁਣ ਇਸ ਟੀਚੇ ਦੀ ਤਿਆਰੀ ਵਿੱਚ ਹਨ
"ਮੇਰਾ ਟੀਚਾ ਸੀ ਕਿ ਮੈਂ ਉਸ ਹੌਟ ਸੀਟ 'ਤੇ ਬੈਠਾ ਤੇ 7 ਕਰੋੜ ਜਿੱਤ ਕੇ ਹੀ ਆਵਾਂ। ਇਹੋ ਜਿਹਾ ਕੁਝ ਵੀ ਨਹੀਂ ਆਇਆ ਸੀ ਜਿਸ ਨੂੰ ਦੇਖ ਕੇ ਲੱਗਾ ਹੋਵੇ ਕਿ ਮੇਰੀ ਗੇਮ ਖ਼ਤਮ ਹੋ ਗਈ। ਜਿੱਥੇ ਮੇਰਾ ਨਾਮ ਨਹੀਂ ਪਹੁੰਚਿਆ ਉੱਥੇ ਖਾਲੜੇ ਦਾ ਨਾਮ ਪਹੁੰਚਿਆ ਹੈ।"
ਇਹ ਜਜ਼ਬਾ ਹੈ ਜਸਕਰਨ ਸਿੰਘ ਦਾ, ਜੋ ਹਾਲ ਹੀ ਵਿੱਚ ਸੋਨੀ ਟੀਵੀ ਦੇ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਵਿੱਚ ਇੱਕ ਕਰੋੜ ਰੁਪਏ ਜਿੱਤ ਕੇ ਆਪਣੇ ਘਰ ਪਰਤੇ ਹਨ।
ਜਸਕਰਨ ਸਿੰਘ ਜਦੋਂ ਆਪਣੇ ਪਿੰਡ ਪਰਤੇ ਤਾਂ ਉਨ੍ਹਾਂ ਦਾ ਪਿੰਡ ਵਾਲਿਆਂ ਨੇ ਢੋਲ ਦੇ ਡਗੇ ਨਾਲ ਭਰਵਾਂ ਸੁਆਗਤ ਕੀਤਾ।
ਜਸਕਰਨ ਸਿੰਘ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਖਾਲੜਾ ਦੇ ਰਹਿਣ ਵਾਲੇ ਹਨ ਅਤੇ ਇੱਕ ਸਧਾਰਨ ਪਰਿਵਾਰ ਨਾਲ ਸਬੰਧਤ ਹਨ।
21 ਸਾਲਾ ਜਸਕਰਨ ਸਿੰਘ ਅਦਾਕਾਰ ਅਮਿਤਾਬ ਬਚਨ ਵੱਲੋਂ ਹੋਸਟ ਕੀਤੇ ਜਾਦੇ ਸ਼ੋਅ ਵਿੱਚ ਜਾਣ ਲਈ ਪਿਛਲੇ 4 ਸਾਲਾਂ ਤੋਂ ਮਿਹਨਤ ਕਰ ਰਹੇ ਸਨ।
ਉਨ੍ਹਾਂ ਦਾ ਕਹਿਣਾ ਹੈ, "ਮੈਂ ਪਿਛਲੇ 4 ਸਾਲਾਂ ਤੋਂ ਮਿਹਨਤ ਕਰ ਰਿਹਾ ਸੀ ਅਤੇ ਇਹ ਮੇਰੇ ਜ਼ਿੰਦਗੀ ਨੂੰ ਬਦਲਣ ਵਾਲਾ ਤਜਰਬਾ ਹੈ। ਹਰ ਇਨਸਾਨ ਦੇ ਵੱਖ-ਵੱਖਰੇ ਸੁਪਨੇ ਹੁੰਦੇ ਹਨ, ਜਿਵੇਂ ਕਿਸੇ ਦਾ ਅਮਿਤਾਭ ਸਰ ਨੂੰ ਦੇਖਣਾ ਅਤੇ ਕਿਸੇ ਦਾ ਪੈਸੇ ਜਿੱਤਣਾ ਅਤੇ ਮੇਰੇ ਇਹ ਦੋਵੇਂ ਸੁਪਨੇ ਸਨ।"
ਪੈਸੇ ਜਿੱਤਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਇਸ ਪੈਸੇ ਨਾਲ ਕੀ ਕਰਨਗੇ ਤਾਂ ਉਨ੍ਹਾਂ ਨੇ ਕਿਹਾ, "ਮੇਰੇ ਲਈ ਮੇਰਾ ਘਰ ਅਤੇ ਪਰਿਵਾਰ ਦੋਵੇਂ ਪਹਿਲਾਂ ਹਨ ਅਤੇ ਇਸ ਪੈਸੇ ਦੀ ਵਰਤੋਂ ਉਸੇ ਮੁਤਾਬਕ ਹੀ ਹੋਵੇਗੀ।"
- ਜਸਕਰਨ ਸਿੰਘ ਨੇ ਕੌਣ ਬਣੇਗਾ ਕਰੋੜਪਤੀ ਵਿੱਚ ਇੱਕ ਕਰੋੜ ਦੀ ਰਾਸ਼ੀ ਜਿੱਤੀ ਹੈ।
- 21 ਸਾਲਾ ਜਸਕਰਨ ਤਰਨਤਾਰਨ ਦੇ ਪਿੰਡ ਖਾਲੜਾ ਹਨ।
- ਜਸਕਰਨ ਸਿੰਘ ਅਦਾਕਾਰ ਅਮਿਤਾਬ ਬਚਨ ਵੱਲੋਂ ਹੋਸਟ ਕੀਤੇ ਜਾਦੇ ਸ਼ੋਅ ਵਿੱਚ ਜਾਣ ਲਈ ਪਿਛਲੇ 4 ਸਾਲਾਂ ਤੋਂ ਦਿਨ ਰਾਤ ਮਿਹਨਤ ਕਰ ਰਹੇ ਸਨ।
- ਪਿੰਡ ਦੇ ਲੋਕਾਂ ਮੁਤਾਬਕ ਜਸਕਰਨ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ।
- ਪਿੰਡ ਆਉਣ ਉੱਤੇ ਪਿੰਡਵਾਲਿਆਂ ਨੇ ਜਸਕਰਨ ਦਾ ਭਰਵਾਂ ਸੁਆਗਤ ਕੀਤਾ।
ਕੇਬੀਸੀ 'ਚ ਜਾਣ ਲਈ ਕਿਵੇਂ ਕੀਤੀ ਤਿਆਰੀ
ਜਸਕਰਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਨਿਸ਼ਾਨਾ ਸੀ ਕਿ ਉਹ ਇਸ ਵਾਰ ਕਰੋੜਪਤੀ ਬਣ ਕੇ ਹੀ ਘਰ ਪਰਤਗੇ। ਉਹ ਆਪਣੀ ਤਿਆਰੀ ਬਾਰੇ ਕਹਿੰਦੇ ਨੇ ਕਿ ਉਨ੍ਹਾਂ ਲਈ ਕੋਈ ਵੀ ਸਵਾਲ ਚੁਣੌਤੀ ਨਹੀਂ ਸੀ।
ਉਹ ਕਹਿੰਦੇ ਹਨ, "ਮੈਂ ਅਜਿਹਾ ਕੋਈ ਵੀ ਸਵਾਲ ਨਹੀਂ ਛੱਡਣਾ ਚਾਹੁੰਦਾ ਸੀ ਕਿ ਜਿਹੜਾ ਮੈਨੂੰ ਦੇਖ ਕੇ ਲੱਗੇ ਕਿ ਇਹ ਤਾਂ ਮੈਨੂੰ ਆਉਂਦਾ ਹੀ ਨਹੀਂ ਹੈ। ਉਨ੍ਹਾਂ 16 ਸਵਾਲਾਂ ਵਿੱਚੋਂ ਇੱਕ ਸਵਾਲ ਹੀ ਅਜਿਹਾ ਆਇਆ ਸੀ ਕਿ ਜੋ ਮੈਂ ਇਮਾਨਦਾਰੀ ਨਾਲ ਕਹਿ ਸਕਦਾ ਹਾਂ ਕਿ ਮੈਨੂੰ ਨਹੀਂ ਆਉਂਦਾ ਸੀ ਤੇ ਉਹ ਸੀ 7 ਕਰੋੜ ਰੁਪਏ ਲਈ ਪੁੱਛਿਆ ਗਿਆ ਸਵਾਲ।"
"ਪਰ ਪਹਿਲੇ 15 ਸਵਾਲ ਅਜਿਹੇ ਸੀ ਕਿ ਜਿਸ ਨੂੰ ਦੇਖ ਮੈਂ ਕਹਿ ਸਕਦਾ ਸੀ ਕਿ ਇਹਨਾਂ ਦੇ ਜਵਾਬ ਮੈਨੂੰ ਆਉਂਦੇ ਸਨ ਭਾਵੇਂ ਉਹ ਲਾਈਫ ਲਾਈਨ ਦੀ ਮਦਦ ਨਾਲ ਹੀ ਕਿਉਂ ਨਾ ਸਹੀ ਹੋਏ ਹੋਣ। ਪਰ ਅਜਿਹਾ ਕੋਈ ਸਵਾਲ ਨਹੀਂ ਆਇਆ ਸੀ ਜਿਸ ਨੂੰ ਦੇਖ ਮੈਨੂੰ ਲੱਗਿਆ ਹੋਵੇ ਕਿ ਮੇਰੀ ਗੇਮ ਖ਼ਤਮ ਹੋ ਗਈ।"
ਜਸਕਰਨ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਹੁਤ ਗਰੀਬੀ ਹੰਢਾਈ ਹੈ ਪਰ ਉਨ੍ਹਾਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ 'ਤੇ ਪੂਰਾ ਧਿਆਨ ਦਿੱਤਾ।
ਜਸਕਰਨ ਦੇ ਪਿਤਾ ਚਰਨਜੀਤ ਸਿੰਘ ਆਖਦੇ ਹਨ, "ਮੈਂ ਬਹੁਤ ਜ਼ਿਆਦਾ ਗਰੀਬੀ ਦੇਖੀ ਹੈ। ਇਸ ਦੀ ਕਿਤਾਬਾਂ ਦੋ-ਦੋ ਹਜ਼ਾਰ ਰੁਪਏ ਦੀਆਂ ਆਉਂਦੀਆਂ ਸਨ। ਮੈਂ ਕਦੇ ਆਪਣੇ ਕੱਪੜੇ ਵੱਲ ਧਿਆਨ ਵੀ ਨਹੀਂ ਦਿੱਤਾ ਸੀ। ਬਸ, ਮੈਂ ਹਮੇਸ਼ਾ ਇਸ ਦੇ ਬਾਰੇ ਹੀ ਸੋਚਿਆ ਸੀ।"
ਉਧਰ ਜਸਕਰਨ ਦੀ ਮਾਂ ਕੁਲਵਿੰਦਰ ਕੌਰ ਦਾ ਕਹਿਣਾ ਹੈ, "ਅਸੀਂ ਕਦੇ ਸੁਪਨਾ ਵੀ ਨਹੀਂ ਦੇਖਿਆ ਸੀ ਕਿ ਸਾਡਾ ਬੱਚਾ ਸਾਨੂੰ ਇੱਥੋਂ ਤੱਕ ਪਹੁੰਚਾਏਗਾ, ਇੰਨੀ ਤਰੱਕੀ ਕਰੇਗਾ। ਹੁਣ ਇੰਨੀ ਸੋਭਾ ਹੋ ਰਹੀ ਹੈ ਪੰਜਾਬ ਵਿੱਚ, ਵਧਾਈਆਂ ਦੇਖ ਕੇ ਖੁਸ਼ ਹੋ ਰਹੇ ਹਾਂ।"
"ਅੱਧੀ-ਅੱਧੀ ਰਾਤ ਤੱਕ ਸੌਣਾ, ਅੱਖਾਂ ਨੀਂਦ ਨਾਲ ਭਰੀਆਂ ਹੋਣੀਆਂ। ਮੈਂ ਸਵੇਰੇ ਫਿਰ ਇਸ ਨੂੰ 5 ਵਜੇ ਉਠਾਉਣਾ, ਰੋਟੀ ਬਣਾ ਕੇ ਦੇਣੀ ਫਿਰ ਇਸ ਨੇ ਸਾਢੇ 6 ਵਾਲੀ ਬੱਸ ਘਰੋਂ ਚਲੇ ਜਾਣਾ।"
ਜਸਕਰਨ ਦੇ ਘਰਦਿਆਂ ਨੂੰ ਮਾਣ
ਜਸਕਰਨ ਦੀ ਭੈਣ ਸਿਮਰਨ ਕੌਰ ਦੱਸਦੇ ਹਨ ਕਿ ਦਾਦਾ ਜੀ ਛੋਲੇ-ਕੁਲਚੇ ਦੀ ਰੇੜ੍ਹੀ ਲਗਾਉਂਦੇ ਹੁੰਦੇ ਸਨ।
"ਇਸ ਤਰ੍ਹਾਂ ਫਿਰ ਪੈਸੇ ਇਕੱਠੇ ਕਰ ਕੇ ਮੈਨੂੰ ਮੇਰੇ ਛੋਟੇ ਭਰਾ ਨੂੰ ਤੇ ਮੇਰੇ ਵੱਡੇ ਭਰਾ ਨੂੰ ਪੜ੍ਹਾਇਆ। ਇਸੇ ਤਰ੍ਹਾਂ ਅਸੀਂ ਇਸ ਮੁਕਾਮ 'ਤੇ ਪਹੁੰਚੇ ਹਾਂ। ਅੱਜ ਉਹ ਵੀ ਸਾਡੇ ਘਰੇ ਆਏ ਜਿਹੜੇ ਨਹੀਂ ਆਉਂਦੇ ਹੁੰਦੇ ਸਨ।”
ਉਹ ਅੱਗੇ ਆਖਦੇ ਹਨ ਕਿ ਸਾਰਿਆਂ ਨੂੰ ਬਹੁਤ ਚਾਅ ਹੈ ਅਤੇ ਪੂਰਾ ਪੰਜਾਬ ਨੂੰ ਜਸਕਰਨ 'ਤੇ ਬਹੁਤ ਮਾਣ ਹੈ।
ਪਾਕਿਸਤਾਨ ਨਾਲ ਲੱਗਦੀ ਸੀਮਾ ਵਾਲੇ ਇਸ ਇਲਾਕੇ ਦੇ ਲੋਕਾਂ ਨੂੰ ਨਸ਼ੇ ਕਾਰਨ ਆਪਣੇ ਬੱਚਿਆਂ ਦੀ ਚਿੰਤਾ ਰਹਿੰਦੀ ਹੈ ਪਰ ਖਾਲੜਾ ਪਿੰਡ ਦੇ ਲੋਕਾਂ ਨੂੰ ਜਸਕਰਨ ’ਤੇ ਮਾਣ ਹੈ।
ਜਸਕਰਨ ਦੇ ਗੁਆਂਢ ਵਿੱਚ ਰਹਿਣ ਵਾਲੀ ਸੰਜੋਗਿਤ ਰਾਣੀ ਦਾ ਕਹਿਣਾ ਹੈ, "ਸਾਨੂੰ ਮਾਣ ਹੈ ਕਿ ਸਾਡੇ ਪਿੰਡ ਦਾ ਬੱਚਾ ਅੱਜ ਇੱਥੋਂ ਤੱਕ ਪਹੁੰਚਿਆ। ਬੜੀ ਮਿਹਨਤ ਕੀਤੀ ਹੈ ਅਤੇ ਬੜਾ ਹੀ ਗਰੀਬ ਪਰਿਵਾਰ ਸੀ।"
"ਬਹੁਤ ਮਿਹਨਤ ਨਾਲ ਇੱਥੋਂ ਤੱਕ ਪਹੁੰਚੇ ਹਨ ਅਤੇ ਸਾਨੂੰ ਸਾਰਿਆਂ ਨੂੰ ਹੀ ਬੜੀ ਖੁਸ਼ੀ ਹੋਈ ਹੈ। ਅਸੀਂ ਕਹਿੰਦੇ ਹਾਂ ਮਾਲਕ ਸਾਰਿਆਂ ਦੇ ਬੱਚੇ ਇਸ ਤਰ੍ਹਾਂ ਦੇ ਹੀ ਬਣਾਏ।"
ਉਹ ਅੱਗੇ ਦੱਸਦੇ ਹਨ ਕਿ ਉਨ੍ਹਾਂ ਸਾਰਾ ਤੱਤਾ-ਠੰਢਾ ਸਰੀਰ 'ਤੇ ਹੰਢਾਇਆ ਹੈ। "ਅਸੀਂ ਸਾਰੇ ਬਾਰਡਰ ਏਰੀਆ ਵਿੱਚ ਬੈਠੇ ਹਾਂ। ਸਾਡੇ ਬੱਚੇ ਬੜੇ ਮਿਹਨਤੀ ਹਨ, ਨਸ਼ਾ ਹੈ ਪਰ ਇਨ੍ਹਾਂ 'ਤੇ ਕੋਈ ਖ਼ਾਸ ਅਸਰ ਨਹੀਂ ਹੈ।"
ਇਸ ਤੋਂ ਇਲਾਵਾ ਪਿੰਡ ਵਾਸੀ ਹਰਦੇਵ ਸਿੰਘ ਆਖਦੇ ਹਨ ਕਿ ਛੋਟੇ ਜਿਹੇ ਘਰ ਵਿੱਚੋਂ ਪੜ੍ਹ ਕੇ ਇਸ ਨੇ ਵਧੀਆ ਕਾਮਯਾਬੀ ਹਾਸਿਲ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੀ ਵਧੀਆ ਕਾਮਯਾਬੀ ਹਾਸਿਲ ਕਰੇਗਾ।
ਜਸਕਰਨ ਦਾ ਅਗਲਾ ਟੀਚਾ
ਜਸਕਰਨ ਨੌਜਵਾਨਾਂ ਨੂੰ ਜ਼ਿੰਦਗੀ ਵਿੱਚ ਇੱਕ ਨਿਸ਼ਚਾ ਮਿੱਥਣ ਦਾ ਸੁਨੇਹਾ ਦਿੰਦੇ। ਕਰੋੜਪਤੀ ਬਣਨ ਤੋਂ ਬਾਅਦ ਉਨ੍ਹਾਂ ਦਾ ਆਪਣਾ ਵੀ ਇੱਕ ਨਵਾਂ ਸੁਪਨਾ ਹੈ।
ਉਹ ਆਖਦੇ ਹਨ, "ਮੈਂ ਕਹਾਂਗਾ ਕਿ ਇੱਕ ਗੋਲ ਬਣਾ ਕੇ ਰੱਖੋ, ਬੇਸ਼ੱਕ ਉਹ ਛੋਟਾ ਹੀ ਕਿਉਂ ਨਾ ਹੋਵੇ। ਜਿੰਨੀ ਤੁਹਾਡੀ ਸਮਰੱਥਾ ਓਨਾਂ ਹੀ ਬਣਾਓ ਪਰ ਉਸ 'ਤੇ ਮਿਹਨਤ ਕਰੋ। ਜਦੋਂ ਇਨਸਾਨ ਮਿਹਨਤ ਕਰਦਾ ਹੈ ਤਾਂ ਘੱਟੋ-ਘੱਟ ਉਨ੍ਹਾਂ ਲੋਕਾਂ ਨਾਲੋਂ ਤਾਂ ਚੰਗਾ ਹੈ ਕਿ ਜੋ ਕੁਝ ਨਹੀਂ ਕਰ ਰਿਹਾ।"
ਜਸਕਰਨ ਪਿਛਲੇ ਕੁਝ ਸਾਲਾਂ ਤੋਂ ਯੂਪੀਐੱਸਸੀ ਦੇ ਪੇਪਰ ਦੀ ਤਿਆਰੀ ਕਰ ਰਹੇ ਹਨ।
ਉਹ ਕਹਿੰਦੇ ਹਨ, "ਮੇਰੇ ਅਗਲੇ ਟੀਚੇ ਮੁਤਾਬਕ, ਮੈਂ ਯੂਪੀਐੱਸਸੀ ਦਾ ਪਹਿਲੀ ਵਾਰ ਪੇਪਰ 2024 ਦੇਣਾ ਹੈ। ਹੁਣ ਮੈਂ ਉਸ ਇਮਤਿਹਾਨ ਦੀ ਤਿਆਰੀ ਕਰਨੀ ਹੈ।"