ਪੰਜਾਬ ਸਰਕਾਰ ਦੇ ਮੂੰਗੀ ਉੱਤੇ ਐੱਮਐੱਸਪੀ ਦੇ ਐਲਾਨ ਤੋਂ ਬਾਅਦ ਵੀ ਕਿਸਾਨ ਬੀਜਣ ਤੋਂ ਕਿਉਂ ਡਰ ਰਹੇ

    • ਲੇਖਕ, ਚਰਨਜੀਵ ਕੌਸ਼ਲ
    • ਰੋਲ, ਬੀਬੀਸੀ ਸਹਿਯੋਗੀ

“ਜਦੋਂ ਮੰਡੀ ਵਿੱਚ ਅਸੀਂ ਚਾਵਾਂ ਨਾਲ ਫ਼ਸਲ ਲੈ ਕੇ ਜਾਂਦੇ ਹਾਂ, ਤਾਂ ਉੱਥੇ ਪੁੱਤਾਂ ਵਰਗੀ ਫ਼ਸਲ ਨੂੰ ਠੇਡੇ ਵੱਜਦੇ ਹਨ, ਫ਼ਿਰ ਮਨ ਬਹੁਤ ਦੁਖੀ ਹੁੰਦਾ ਹੈ।”

“ਸਾਨੂੰ ਕਿਹਾ ਜਾਂਦਾ ਹੈ ਕਿ ਇਸ ਦਾ ਦਾਣਾ ਠੀਕ ਨਹੀਂ ਹੈ, ਇਸ ਦਾ ਰੰਗ ਠੀਕ ਨਹੀਂ ਹੈ, ਇਸੇ ਲਈ ਕਿਸਾਨ ਕਣਕ ਝੋਨਾ ਹੀ ਬੀਜ ਰਹੇ ਹਨ।”

ਇਹ ਉਲਾਂਭਾ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਦੇ ਪਿੰਡ ਘਰਾਚੋਂ ਦੇ ਕਿਸਾਨ ਸਤਵਿੰਦਰ ਸਿੰਘ ਦਾ ਹੈ।

ਦਰਅਸਲ ਸਤਵਿੰਦਰ ਪੰਜਾਬ ਦੇ ਉਨ੍ਹਾਂ ਕਿਸਾਨਾਂ ਵਿੱਚੋਂ ਹਨ ਜੋ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਬਾਹਰ ਤਾਂ ਨਿਕਲਣਾ ਚਾਹੁੰਦੇ ਹਨ, ਪਰ ਉਨ੍ਹਾਂ ਅੱਗੇ ਪਹਾੜ ਜਿੱਡੀਆਂ ਚੁਣੌਤੀਆਂ ਹੋਣ ਕਰਕੇ ਉਹ ਬੇਵੱਸ ਹਨ।

ਸਾਲ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪਿੰਡ ਸਤੌਜ ਵਿਖੇ ਪਹੁੰਚ ਕੇ ਪੰਜਾਬ ਦੇ ਕਿਸਾਨਾਂ ਦੇ ਲਈ ਮੁੰਗੀ ਦੀ ਫਸਲ ਦੇ ਉੱਪਰ ਐੱਮਐਸਪੀ ਦੇਣ ਦਾ ਐਲਾਨ ਕੀਤਾ ਸੀ।

ਇਸ ਮਗਰੋਂ ਕਈ ਕਿਸਾਨ ਕਣਕ ਅਤੇ ਝੋਨੇ ਦੀ ਬਦਲਵੀ ਫਸਲ ਦੇ ਨਾਲ ਨਾਲ ਮੂੰਗੀ ਦੀ ਖੇਤੀ ਕਰਨ ਲੱਗੇ ਸਨ ਪਰ ਹੁਣ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ ਸੀ।

ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਸਾਲ 2021 ਵਿੱਚ ਸੂਬੇ ਵਿੱਚ ਮੂੰਗੀ ਦੀ ਫਸਲ ਹੇਠ ਰਕਬਾ 50 ਹਜ਼ਾਰ ਏਕੜ ਸੀ। ਪਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਐੱਮਐੱਸਪੀ ਉੱਤੇ ਖਰੀਦ ਕਰਨ ਦਾ ਐਲਾਨ ਕੀਤਾ ਤਾਂ ਇੱਕ ਸਾਲ ਵਿੱਚ ਹੀ ਇਹ ਕਰੀਬ ਕਰੀਬ ਦੁੱਗਣਾ ਹੋ ਗਿਆ।

ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਮੁਤਾਬਕ ਸਾਲ 2022 ਵਿੱਚ ਮੂੰਗੀ ਹੇਠ ਰਕਬਾ 97,250 ਏਕੜ ਹੋ ਗਿਆ। ਪਰ ਇਸ ਸਾਲ ਇਹ ਰਕਬਾ ਘਟ ਕੇ ਸਿਰਫ਼ 67,000 ਏਕੜ ਹੀ ਰਹਿ ਗਿਆ।

ਪੰਜਾਬ ਦੇ ਕਿਸਾਨਾਂ ਨੇ ਮੂੰਗੀ ਦੀ ਕਾਸ਼ਤ ਤੋਂ ਮੂੰਹ ਕਿਉਂ ਮੋੜਿਆ, ਇਹ ਜਾਣਨ ਲਈ ਅਸੀਂ ਮਾਲਵੇ ਦੇ ਸੰਗਰੂਰ ਜ਼ਿਲ੍ਹੇ ਦੇ ਹੀ ਕੁਝ ਕਿਸਾਨਾਂ ਨਾਲ ਗੱਲ ਕੀਤੀ ।

ਸਤਵਿੰਦਰ ਸਿੰਘ ਕੁਲ 5 ਕਿੱਲੇ ਜ਼ਮੀਨ ਦੇ ਮਾਲਕ ਹਨ।

ਸਤਵਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਸਿਰਫ਼ ਅੱਧਾ ਕਿੱਲਾ ਜ਼ਮੀਨ ਉੱਤੇ ‘ਟ੍ਰਾਇਲ’ ਵਜੋਂ ਮੂੰਗੀ ਬੀਜੀ ਹੈ।

ਉਹ ਦੱਸਦੇ ਹਨ ਕਿ ਮੰਡੀਕਰਨ ਨਾ ਹੋਣ ਕਾਰਨ, ਨਿੱਜੀ ਕੰਪਨੀਆਂ ਦੇ ਬੀਜ ਪੂਰੀ ਤਰ੍ਹਾਂ ਪੱਕਦਾ ਨਹੀਂ ਹੈ ਤੇ ਅੱਧੀ ਫ਼ਸਲ ਕੱਚੀ ਰਹਿ ਜਾਂਦੀ ਹੈ। ਉਹ ਦੱਸਦੇ ਹਨ ਕਿ ਪਹਿਲਾਂ ਮੂੰਗੀ ਦੇ ਦੇਸੀ ਬੀਜ ਲੇਟ ਬੀਜੇ ਜਾਂਦੇ ਸਨ, ਹਾਈਬ੍ਰਿਡ ਬੀਜ ਅਪ੍ਰੈਲ ਵਿੱਚ ਬੀਜੇ ਜਾਂਦੇ ਹਨ ਅਤੇ ਜੁਲਾਈ ਵਿੱਚ ਵੱਢੇ ਜਾਂਦੇ ਹਨ।

ਮਟਰਾਂ ਤੇ ਮਿਰਚਾਂ ਵਾਂਗੂ ਇਸ ਵਿੱਚ ਲੇਬਰ ਦੀ ਵਰਤੋਂ ਕਰਨੀ ਪੈਂਦੀ ਹੈ, ਉਹ ਕਹਿੰਦੇ ਹਨ ਕਿਸਾਨਾਂ ਨੂੰ ਨਕਲੀ ਬੀਜ ਤੇ ਜਾਣਕਾਰੀ ਨਹੀਂ ਮਿਲਦੀ।

ਉਹ ਕਹਿੰਦੇ ਹਨ ਕਿ ਖੇਤੀਬਾੜੀ ਵਿਭਾਗ ਵੱਲੋਂ ਵੀ ਕੀਤੇ ਜਾਂਦੇ ਯਤਨ ਕਿਸਾਨਾਂ ਲਈ ਲਾਹੇਵੰਦ ਨਹੀਂ ਸਾਬਿਤ ਹੋ ਰਹੇ ਕਿਉਂਕਿ ਕਿਸਾਨ ਲੋੜੀਂਦੀ ਜਾਣਕਾਰੀ ਤੋਂ ਹੀ ਵਾਂਝੇ ਰਹਿ ਜਾਂਦੇ ਹਨ ਅਤੇ ਨੁਕਸਾਨ ਝੱਲਦੇ ਹਨ।

ਇਹੀ ਕਹਾਣੀ ਘਰਾਚੋਂ ਦੇ ਹੀ ਹਰਦੇਵ ਸਿੰਘ ਦੀ ਹੈ, ਜੋ ਕਦੇ 2-3 ਕਿੱਲੇ ਵਿੱਚ ਮੂੰਗੀ ਬੀਜਦੇ ਸਨ ਪਰ ਇਸ ਵਾਰ ਉਹ ਇੱਕ ਵਿੱਘੇ ਵਿੱਚ ਹੀ ਮੂੰਗੀ ਬੀਜ ਰਹੇ ਹਨ।

ਆਪਣਾ ਤਜਰਬਾ ਸਾਂਝਾ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਜਦੋਂ ਫ਼ਸਲ ਨੂੰ ਕੀੜਾ ਲੱਗ ਜਾਂਦਾ ਹੈ ਤਾਂ ਇਸ ਤੋਂ ਬਚਾਅ ਲਈ ਵੀ ਨਕਲੀ ਦਵਾਈਆਂ ਮਿਲਦੀਆਂ ਹਨ।

ਹਰਵਿੰਦਰ ਸਿੰਘ 11-12 ਏਕੜ ਰਕਬੇ ਉੱਤੇ ਖੇਤੀ ਕਰਦੇ ਹਨ। ਉਨ੍ਹਾਂ ਕੋਲ ਆਪਣੀ ਕੁਲ 4 ਏਕੜ ਜ਼ਮੀਨ ਹੈ। ਉਨ੍ਹਾਂ ਨੇ ਇਸ ਵਾਰ ਸਿਰਫ਼ ਏਕੜ ਦੇ ਪੰਜਵੇਂ ਹਿੱਸੇ ਵਿੱਚ ਮੂੰਗੀ ਲਗਾਈ ਹੈ।

ਉਹ ਦੱਸਦੇ ਹਨ ਕਿ ਜਦੋਂ ਸਰਕਾਰ ਨੇ 2-3 ਸਾਲ ਪਹਿਲਾਂ ਐੱਮਐੱਸਪੀ ਦਾ ਵਾਅਦਾ ਕੀਤਾ ਸੀ, ਉਸ ਵੇਲੇ ਉਨ੍ਹਾਂ ਨੇ 2 ਏਕੜ ਥਾਂ ਉੱਤੇ ਮੂੰਗੀ ਬੀਜੀ ਸੀ।

“ਅਸੀਂ ਫ਼ਸਲ ਲੈ ਕੇ ਮੰਡੀ ਗਏ ਪਰ ਉਹ ਐੱਮਐੱਸਪੀ ਉੱਤੇ ਨਹੀਂ ਵਿਕੀ ਅਤੇ ਪ੍ਰਾਈਵੇਟ ਡੀਲਰਾਂ ਨੂੰ ਵੇਚੀ ਜਿਸ ਤੋਂ ਸਾਨੂੰ ਕੁਲ ਮਿਲਾਕੇ ਘਾਟਾ ਹੀ ਪਿਆ।”

ਉਹ ਦੱਸਦੇ ਹਨ ਕਣਕ-ਝੋਨੇ ਦੀ ਫ਼ਸਲ ਪਿੰਡ ਦੇ ਨੇੜੇ ਹੀ ਐੱਮਐੱਸਪੀ ਉੱਤੇ ਵਿਕ ਜਾਂਦੀ ਹੈ।

ਉਹ ਦੱਸਦੇ ਹਨ ਕਿ ਇਸ ਵਾਰ ਉਨ੍ਹਾਂ ਨੇ ਇੱਕ ਵਿੱਘੇ ਵਿੱਚ ਹੀ ਮੂੰਗੀ ਬੀਜੀ ਹੈ।

ਉਨ੍ਹਾਂ ਦੱਸਿਆ, “ਜਦੋਂ ਅਸੀਂ ਮੂੰਗੀ ਦੀ ਫ਼ਸਲ ਬੀਜਣ ਮਗਰੋਂ ਮੰਡੀ ਵਿੱਚ ਲੈ ਕੇ ਗਏ ਸਨ, ਉੱਥੇ ਤਿੰਨ ਦਿਨ ਮੰਡੀ ਵਿੱਚ ਸਾਡੀ ਫ਼ਸਲ ਰੁਲੀ ਅਤੇ ਅੱਧੇ ਰੇਟ ਉੱਤੇ ਵੇਚਣੀ ਪਈ।”

ਖੇਤੀਬਾੜੀ ਵਿਭਾਗ ਦਾ ਕੀ ਪੱਖ ਹੈ

ਸੰਗਰੂਰ ਦੇ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਚਹਿਲ ਦੱਸਦੇ ਹਨ ਕਿ ਸਰਕਾਰ ਵੱਲੋਂ ਮੂੰਗੀ ਉੱਤੇ ਐੱਮਐੱਸਪੀ ਐਲਾਨੇ ਜਾਣ ਤੋਂ ਬਾਅਦ ਇਸ ਦੇ ਹੇਠ ਰਕਬਾ ਵਧਿਆ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਐੱਮਐੱਸਪੀ ਤੋਂ ਬਾਅਦ ਸੱਠੀ ਮੂੰਗੀ ਦੀ ਖੇਤੀ ਦੇ ਵਿੱਚ ਵਾਧਾ ਹੋਇਆ ਹੈ।

ਅੰਕੜੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 2150 ਹੈਕਟੇਅਰ ਏਰੀਏ ਵਿੱਚ ਮੂੰਗੀ ਦੀ ਬਿਜਾਈ ਹੋਈ ਸੀ ਜੋ ਕਿ ਮਾਰਕ ਫੈਡ ਦੇ ਵੱਲੋਂ ਐੱਮਐੱਸਪੀ ਦੇ ਉੱਪਰ ਕਿਸਾਨਾਂ ਦੇ ਇਹ ਫਸਲ ਖਰੀਦੀ ਗਈ ਸੀ, ਪਰ ਇਸ ਵਾਰ 1100 ਹੈਕਟੇਅਰ ਦੇ ਲਗਭਗ ਮੂੰਗੀ ਦੀ ਫਸਲ ਫਿਰ ਬੀਜੀ ਗਈ ਹੈ।

ਉਹ ਦੱਸਦੇ ਹਨ ਕਿ ਸੱਠੀ ਮੂੰਗੀ ਦੀ ਬਿਜਾਈ ਆਲੂਆਂ, ਸਰ੍ਹੋਂ ਜਾ ਅਗੇਤੀ ਕਣਕ ਤੋਂ ਬਾਅਦ ਹੁੰਦੀ ਹੈ।

ਕਿਸਾਨਾਂ ਨੂੰ ਆਉਣ ਵਾਲੀਆਂ ਦਿੱਕਤਾਂ ਬਾਰੇ ਉਨ੍ਹਾਂ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਮੂੰਗੀ ਦੀ ਫ਼ਸਲ ਵੱਢ ਲਈ ਜਾਂਦੀ ਹੈ ਤਾਂ ਉਸ ਦੀ ਕੁਆਲਿਟੀ ਸਹੀ ਰਹਿੰਦੀ ਹੈ ਜੋ ਕਿ ਐਮਐਸਪੀ ਦੇ ਉੱਪਰ ਵਿਕ ਜਾਂਦੀ ਹੈ।

ਪਰ ਜਿਹੜੇ ਕਿਸਾਨਾਂ ਨੇ ਮੂੰਗੀ ਦੀ ਬਿਜਾਈ ਲੇਟ ਕੀਤੀ ਹੁੰਦੀ ਹੈ ਉਨ੍ਹਾਂ ਦੀ ਫ਼ਸਲ ਬਰਸਾਤਾਂ ਤੋਂ ਪਹਿਲਾਂ ਨਹੀਂ ਪੱਕਦੀ ਅਤੇ ਮੀਂਹ ਦੇ ਕਾਰਨ ਉਹਨਾਂ ਦੀ ਮੂੰਗੀ ਦੀ ਫਸਲ ਖਰਾਬ ਹੋ ਜਾਂਦੀ ਹੈ ਜਿਸਦੀ ਗੁਣਵੱਤਾ ਸਹੀ ਨਹੀਂ ਨਿਕਲਦੀ ਅਤੇ ਜੋ ਐੱਮਐੱਸਪੀ ਦੇ 'ਤੇ ਨਹੀਂ ਵਿਕਦੀ

ਉਨ੍ਹਾਂ ਅੱਗੇ ਦੱਸਿਆ ਕਿ ਇਸ ਵਾਰ ਮੂੰਗੀ ਦੀ ਫਸਲ ਦੇ ਉੱਪਰ ਸਰਕਾਰ ਦੇ ਵੱਲੋਂ 8682 ਰੁਪਏ ਪਰ ਕੁਇੰਟਲ ਐਮਐਸਪੀ ਦੇ ਉੱਪਰ ਖਰੀਦਣ ਦਾ ਐਲਾਨ ਕੀਤਾ ਗਿਆ ਹੈ।

ੳੇੁਨ੍ਹਾਂ ਨੇ ਦੱਸਿਆ ਕਿ ਜੇਕਰ ਸਹੀ ਸਮੇਂ ਦੇ 'ਤੇ ਮੂੰਗੀ ਦੀ ਫਸਲ ਦੀ ਖੇਤੀ ਕੀਤੀ ਜਾਵੇ ਤਾਂ ਪੰਜ ਛੇ ਕੁਇੰਟਲ ਝਾੜ ਦੇ ਲਗਭਗ ਮੂੰਗੀ ਦੀ ਫਸਲ ਦਾ ਨਿਕਲ ਜਾਂਦਾ ਹੈ ਜੋ ਕਿ ਝੋਨੇ ਦੀ ਖੇਤੀ ਦੇ ਬਰਾਬਰ ਹੀ ਕਮਾਈ ਉਸ ਵਿੱਚ ਹੋ ਜਾਂਦੀ ਹੈ ਜਦੋਂ ਕਿ ਝੋਨੇ ਦੀ ਖੇਤੀ ਦੇ ਮੁਕਾਬਲੇ ਇਸਦੇ ਵਿੱਚ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ ਅਤੇ ਖਰਚੇ ਅਤੇ ਪਾਣੀ ਦੀ ਵੀ ਬਹੁਤ ਬੱਚਤ ਹੁੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਮੂੰਗੀ ਦੀ ਫ਼ਸਲ ਦਾ ਮੁੱਖ ਸੀਜ਼ਨ ਬਰਸਾਤਾਂ ਤੋਂ ਬਾਅਦ ਦਾ ਹੁੰਦਾ ਹੈ ਅਗਰ ਕਿਸਾਨ ਉਦੋਂ ਵੀ ਇਸ ਫਸਲ ਨੂੰ ਬੀਜਣ ਤਾਂ ਉਸਨੂੰ ਜਿਆਦਾ ਨੁਕਸਾਨ ਨਹੀਂ ਹੁੰਦਾ ਅਤੇ ਵਧੀਆ ਝਾੜ ਨਿਕਲ ਕੇ ਉਹ ਵੀ ਐੱਮਐੱਸਪੀ 'ਤੇ ਵਿਕ ਸਕਦੀ ਹੈ ਜਿਸ ਕਰਕੇ ਕਿਸਾਨਾਂ ਦਾ ਵੱਡਾ ਫਾਇਦਾ ਹੁੰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)