You’re viewing a text-only version of this website that uses less data. View the main version of the website including all images and videos.
ਯੂਕੇ ਤੋਂ ਵਾਪਸ ਪਰਤਿਆ ਗੁਰਦਾਸਪੁਰ ਦਾ ਕਿਸਾਨ ਜੋ ਬਣਾਉਣਾ ਚਾਹੁੰਦਾ ਕਿਸਾਨਾਂ ਦਾ ਬਰਾਂਡ
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
“ਮੈਂ ਜ਼ਹਿਰ ਬੀਜ ਰਿਹਾ ਸੀ, ਖਾ ਰਿਹਾ ਸੀ ਤੇ ਵੇਚ ਵੀ ਰਿਹਾ ਸੀ, ਫ਼ਿਰ ਮੈਂ ਇਸ ਨੂੰ ਬਦਲਣ ਦਾ ਫ਼ੈਸਲਾ ਲਿਆ।”
ਇਹ ਸ਼ਬਦ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੱਲੂ ਸੋਹਲ ਦੇ ਕਿਸਾਨ ਸੁਖਵਿੰਦਰ ਪਾਲ ਸਿੰਘ ਦੇ ਹਨ।
ਸੁਖਵਿੰਦਰ ਪਾਲ ਸਿੰਘ ਕੁਝ ਸਾਲ ਇੰਗਲੈਂਡ ਵਿੱਚ ਵੀ ਕੰਮ ਕਰ ਚੁੱਕੇ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਦਾ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ।
ਸੁਖਵਿੰਦਰ ਪਾਲ ਸਿੰਘ ਕੁਲ 15 ਏਕੜ ਰਕਬੇ ਵਿੱਚ ਖੇਤੀ ਕਰਦੇ ਹਨ, ਉਹ ਇਸ ਵਿੱਚੋਂ 4 ਏਕੜ ਵਿੱਚ ਆਰਗੈਨਿਕ ਖੇਤੀ ਕਰਦੇ ਹਨ।
ਹੋਰਨਾਂ ਕਿਸਾਨਾਂ ਨਾਲੋਂ ਕਿਵੇਂ ਵੱਖ
ਸੁਖਵਿੰਦਰ ਪਾਲ ਸਿੰਘ ਨੇ ਆਪਣੇ ਘਰ ਵਿੱਚ ਹੀ ਸਰ੍ਹੋਂ ਦਾ ਤੇਲ ਕੱਢਣ ਲਈ ਆਧੁਨਿਕ ਕੋਹਲੂ ਵੀ ਲਗਾਇਆ ਹੋਇਆ ਹੈ। ਉਹ ਇਸ ਤੇਲ ਨੂੰ ਬੋਤਲਾਂ ਵਿੱਚ ਪੈਕ ਕਰਕੇ ਬਜ਼ਾਰ ਵਿੱਚ ਕਿਤੇ ਚੰਗੇ ਮੁਨਾਫ਼ੇ ਨਾਲ ਵੇਚਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਣਕ ਸਾਫ ਕਰਨ ਲਈ ਮਸ਼ੀਨ ਅਤੇ ਕਣਕ ਪੀਸਣ ਲਈ ਚੱਕੀ ਵੀ ਲਗਾਈ ਹੋਈ ਹੈ। ਇਸ ਦੇ ਨਾਲ ਹੀ ਉਹ ਵੱਖ-ਵੱਖ ਦਾਲਾਂ ਵੇਚਣ ਸਣੇ ਹੋਰ ਉਤਪਾਦ ਵੀ ਵੇਚਦੇ ਹਨ।
ਸੁਖਵਿੰਦਰ ਪਾਲ ਦੱਸਦੇ ਹਨ ਕਿ ਉਨ੍ਹਾਂ ਨੇ ਇਹ ਕੋਹਲੂ ਲਗਾਉਣ ਵਿੱਚ ਖੇਤੀਬਾੜੀ ਵਿਭਾਗ ਤੋਂ ਵੀ ਸਲਾਹ ਲਈ ਸੀ।
ਸੁਖਵਿੰਦਰਪਾਲ ਸਿੰਘ ਨੇ ਬਿਜਲੀ ਦਾ ਖਰਚਾ ਬਚਾਉਣ ਲਈ ਸੋਲਰ ਪਲਾਂਟ ਵੀ ਲਗਵਾਇਆ ਹੈ। ਉਹ ਜੈਵਿਕ ਖੇਤੀ ਲਈ ਵਰਮੀ ਕੰਪੋਸਟ ਰਾਹੀਂ ਖਾਦ ਵੀ ਘਰ ਹੀ ਤਿਆਰ ਕਰਦੇ ਹਨ।
ਕਦੋਂ ਸ਼ੁਰੂ ਕੀਤੀ ਆਰਗੈਨਿਕ ਖੇਤੀ
ਸੁਖਵਿੰਦਰ ਪਾਲ ਸਿੰਘ ਨੇ ਕਰੀਬ 4 ਸਾਲ ਪਹਿਲਾਂ ਆਰਗੈਨਿਕ ਖੇਤੀ ਦੀ ਸ਼ੁਰੂਆਤ ਕੀਤੀ। ਉਹ ਦੱਸਦੇ ਹਨ ਕਿ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ ਖੇਤੀ ਵਿੱਚ ਕੀਟਨਾਸ਼ਕਾਂ ਅਤੇ ਗ਼ੈਰ-ਰਵਾਇਤੀ ਖਾਦਾਂ ਦੀ ਵੱਧ ਵਰਤੋਂ ਹੋਣ ਕਰਕੇ ਇੱਕ ਕਿਸਮ ਦਾ ਜ਼ਹਿਰ ਉਗਾ ਰਹੇ ਹਨ।
ਉਹ ਦੱਸਦੇ ਹਨ ਕਿ ਉਨ੍ਹਾਂ ਨੇ ਸੋਚਿਆ ਕਿ ਉਹ ਘੱਟੋ-ਘੱਟ ਆਪਣੇ ਪਰਿਵਾਰ ਦੇ ਖਾਣ ਲਈ ਇੱਕ ਏਕੜ ਵਿੱਚ ਆਰਗੈਨਿਕ ਖੇਤੀ ਕਰਨੀ ਸ਼ੁਰੂ ਕੀਤੀ ਸੀ। ਉਹ ਦੱਸਦੇ ਹਨ ਕਿ ਹੁਣ ਉਹ ਕਰੀਬ 4 ਏਕੜ ਜ਼ਮੀਨ ਉੱਤੇ ਖੇਤੀ ਕਰ ਰਹੇ ਹਨ।
ਸੁਖਵਿੰਦਰ ਪਾਲ ਸਿੰਘ ਦੱਸਦੇ ਹਨ ਕਿ ਖੇਤੀ ਵਿੱਚੋ ਹੋ ਰਹੇ ਮੁਨਾਫ਼ੇ ਨੇ ਕਦੇ ਉਨ੍ਹਾਂ ਦੇ ਦਿਮਾਗ ਵਿੱਚ ਬਾਹਰ ਜਾ ਕੇ ਵੱਸਣ ਦਾ ਖਿਆਲ ਨਹੀਂ ਆਉਣ ਦਿੱਤਾ , ਉਹ ਦੱਸਦੇ ਹਨ ਕਿ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦਾ ਕੈਨੇਡਾ ਦਾ ਵੀਜ਼ਾ ਹੈ ਪਰ ਉਹ ਪੰਜਾਬ ਵਿੱਚ ਰਹਿਣਾ ਹੀ ਬਿਹਤਰ ਸਮਝਦੇ ਹਨ।
ਸੁਖਵਿੰਦਰ ਪਾਲ ਸਿੰਘ ਦੱਸਦੇ ਹਨ ਕਿ ਇਸ ਕੰਮ ਵਿੱਚ ਉਨ੍ਹਾਂ ਦੇ ਬੱਚੇ ਅਤੇ ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦਾ ਹੱਥ ਵੰਡਾਉਂਦੇ ਹਨ।
ਸੁਖਵਿੰਦਰਪਾਲ ਹੁਰਾਂ ਨੇ ਆਪਣੇ ਖੇਤ ਵਿੱਚ ਹਲਦੀ ਵੀ ਬੀਜੀ ਹੋਈ ਹੈ ਜਿਸ ਦੀ ਪਿਸਾਈ ਵੀ ਉਹ ਆਪਣੇ ਘਰ ਲੱਗੀਆਂ ਮਸ਼ੀਨਾਂ ਵਿੱਚ ਹੀ ਕਰਦੇ ਹਨ।
ਸੁਖਵਿੰਦਰ ਪਾਲ ਦੱਸਦੇ ਹਨ ਕਿ ਜਦੋਂ ਵੀ ਕੋਈ ਗਾਹਕ ਉਨ੍ਹਾਂ ਕੋਲੋਂ ਸਮਾਨ ਲੈ ਕੇ ਜਾਂਦਾ ਹੈ ਤਾਂ ਉਹ ਉਨ੍ਹਾਂ ਨੂੰ ਅਜਿਹੇ ਹੀ ਹੋਰ ਉਤਪਾਦ ਬਣਾਉਣ ਦੀ ਮੰਗ ਕਰਦਾ ਹੈ।ਉਹ ਦੱਸਦੇ ਹਨ, “ਇਸੇ ਤਰ੍ਹਾਂ ਉਹ ਇੱਕ ਤੋਂ ਬਾਅਦ ਇੱਕ ਉਤਪਾਦ ਜੋੜਦੇ ਰਹੇ ਤੇ ਅੱਜ ਉਨ੍ਹਾਂ ਕੋਲ ਕਰੀਬ 10 ਉਤਪਾਦ ਹਨ।”
ਕੀ ਹੈ ਟੀਚਾ
ਸੁਖਵਿੰਦਰ ਪਾਲ ਦੱਸਦੇ ਹਨ ਕਿ ਉਹ ਆਲੇ-ਦੁਆਲੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਆਪਣੇ ਨਾਲ ਜੋੜ ਰਹੇ ਹਨ। ਉਹ ਦੱਸਦੇ ਹਨ ਕਿ ਕਰੀਬ 20 ਤੋਂ 25 ਕਿਸਾਨ ਪਰਿਵਾਰ ਉਨ੍ਹਾਂ ਨਾਲ ਜੁੜ ਵੀ ਚੁੱਕੇ ਹਨ।
ਸੁਖਵਿੰਦਰ ਪਾਲ ਸਿੰਘ ਦੱਸਦੇ ਹਨ ਕਿ ਉਹ ਹੋਰਨਾਂ ਕਿਸਾਨਾਂ ਨੂੰ ਆਪਣੇ ਨਾਲ ਜੋੜ ਕੇ ਇੱਕ ਫਾਰਮਰਜ਼ ਪ੍ਰਡਿਊਸਰ ਆਰਗਨਾਈਜ਼ੇਸ਼ਨ ਰਜਿਸਟਰ ਕਰਵਾਉਣਾ ਚਾਹੁੰਦੇ ਹਨ।
ਉਹ ਦੱਸਦੇ ਹਨ ਕਿ ਰਜਿਸਟ੍ਰੇਸ਼ਨ ਤੋਂ ਬਾਅਦ ਉਹ ਆਪਣੇ ਨਾਲ ਜੁੜੇ ਕਿਸਾਨਾਂ ਨਾਲ ਰਲਕੇ ਕਈ ਵਸਤਾਂ ਬਜ਼ਾਰ ਵਿੱਚ ਜਾਂ ਕੰਪਨੀਆਂ ਨੂੰ ਵੀ ਵੇਚ ਸਕਣਗੇ। ਉਹ ਦੱਸਦੇ ਹਨ ਕਿ ਇਸ ਨਾਲ ਉਹ ਕੀਟਨਾਸ਼ਕਾਂ ਤੇ ਬੀਜਾਂ ਦਾ ਵੀ ਵਪਾਰ ਕਰ ਸਕਣਗੇ।
ਸ਼ੁਰੂਆਤ ਵਿੱਚ ਸਹਿਣੇ ਪਏ ਮਿਹਣੇ
ਸੁਖਵਿੰਦਰ ਪਾਲ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਜੈਵਿਕ ਖੇਤੀ ਵੱਲ ਆਉਣਾ ਉਨ੍ਹਾਂ ਲਈ ਔਕੜਾਂ ਭਰਿਆ ਸੀ।
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੱਕ ਨੇ ਵੀ ਉਨ੍ਹਾਂ ਨੂੰ ਕੰਮ ਬਾਰੇ ਟਿੱਚਰਾਂ ਕੀਤੀਆਂ ਪਰ ਉਨ੍ਹਾਂ ਨੇ ਆਪਣੇ ਰਾਹ ਨਹੀਂ ਬਦਲਿਆ।
ਸੁਖਵਿੰਦਰ ਦੱਸਦੇ ਹਨ ਕਿ ਹਾਲਾਂਕਿ ਉਨ੍ਹਾਂ ਨੇ ਆਪਣੇ ਘਰ ਵਿੱਚ ਵਰਤਣ ਲਈ ਹੀ ਜੈਵਿਕ ਖੇਤੀ ਸ਼ੁਰੂ ਕੀਤੀ ਸੀ, ਪਰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਣ 'ਤੇ ਉਨ੍ਹਾਂ ਨੇ ਇਹ ਕੰਮ ਹੌਲੀ-ਹੌਲੀ ਵਧਾ ਲਿਆ।
ਉਹ ਦੱਸਦੇ ਹਨ ਕਿ ਉਨ੍ਹਾਂ ਨੇ ਸ਼ੁਰੂਆਤ ਵਿੱਚ ਸਰ੍ਹੋਂ ਦਾ ਤੇਲ ਵੇਚਣਾ ਸ਼ੁਰੂ ਕੀਤਾ ਸੀ, ਪਰ ਲੋਕਾਂ ਨੇ ਨਾਰੀਅਲ ਦੇ ਤੇਲ ਦੀ ਵੀ ਮੰਗ ਕੀਤੀ ਜਿਸ ਮਗਰੋਂ ਉਨ੍ਹਾਂ ਨੇ ਨਾਰੀਅਲ ਖਰੀਦਕੇ, ਇਸ ਦਾ ਤੇਲ ਕੱਢ ਕੇ ਬੋਤਲਾਂ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ।
ਉਹ ਦੱਸਦੇ ਹਨ ਕਿ ਉਹ ਮਲਟੀਗ੍ਰੇਨ ਆਟਾ ਤੇ ਆਰਗੈਨਿਕ ਆਟਾ ਵੀ ਵੇਚ ਰਹੇ ਹਨ, ਉਹ ਅਤੇ ਹੋਰਨਾਂ ਕਿਸਾਨ ਵੀ ਇਕ ਬੈਨਰ ਹੇਠ ਆਪਣੀ ਫ਼ਸਲ ਨੂੰ ਤਿਆਰ ਕਰ ਆਪ ਪ੍ਰੋਸੈੱਸ ਕਰਕੇ ਇਕ ਬ੍ਰਾਂਡ ਨਾਂਅ ਆਪਣੇ ਜ਼ਿਲ੍ਹੇ ਅਤੇ ਸੂਬੇ ਦੇ ਨਾਲ-ਨਾਲ ਹੋਰਨਾਂ ਸੂਬਿਆਂ ਵਿੱਚ ਵੀ ਵੇਚਣਗੇ।
ਸੁਖਵਿੰਦਰ ਪਾਲ ਸਿੰਘ ਦਾ 22 ਸਾਲਾ ਪੁੱਤਰ ਸੁਖਰਾਜ ਸਿੰਘ ਬਾਰ੍ਹਵੀਂ ਦੀ ਪੜ੍ਹਾਈ ਤੋਂ ਬਾਅਦ ਹੀ ਆਪਣੇ ਪਿਤਾ ਨਾਲ ਜੁੜ ਕੇ ਖੇਤੀਬਾੜੀ ਕਰ ਰਹੇ ਹਨ।
ਇਸੇ ਇਲਾਕੇ ਦੇ ਹੀ ਰਹਿਣ ਵਾਲੇ ਗੁਰਜੀਤ ਸਿੰਘ ਅਤੇ ਗੁਰਨੰਦਨ ਸਿੰਘ ਦੱਸਦੇ ਹਨ ਕਿ ਉਹ ਸੁਖਵਿੰਦਰ ਪਾਲ ਸਿੰਘ ਨੂੰ ਇੱਕ ਮਿਸਾਲ ਸਮਝਦੇ ਹਨ।