ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪਣਡੁੱਬੀ ਦੇ ਯਾਤਰੀਆਂ ਦੀ ਆਖ਼ਰੀ ਗੱਲਬਾਤ ਅਤੇ ਮਲਬੇ ਦੀ ਨਵੀਂ ਫੁਟੇਜ ਤੋਂ ਇਹ ਖੁਲਾਸਾ ਹੋਇਆ

    • ਲੇਖਕ, ਰੇਚੇਲ ਲੂਕਰ
    • ਰੋਲ, ਬੀਬੀਸੀ ਪੱਤਰਕਾਰ, ਵਾਸ਼ਿੰਗਟਨ

ਯੂਐੱਸ ਕੋਸਟ ਗਾਰਡ ਨੇ ਟਾਈਟਨ ਪਣਡੁੱਬੀ ਦੇ ਨੇੜਲੇ ਲੋਕਾਂ ਤੋਂ ਇੱਕ ਹਫ਼ਤੇ ਦੀ ਗਵਾਹੀ ਸੁਣੀ ਹੈ ਜੋ ਪਿਛਲੇ ਜੂਨ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ਵਿੱਚ ਸਵਾਰ ਸਾਰੇ ਪੰਜ ਲੋਕ ਮਾਰੇ ਗਏ ਸਨ।

ਜਾਂਚਕਰਤਾ ਇਸ ਤ੍ਰਾਸਦੀ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਭਵਿੱਖ ਵਿੱਚ ਘਾਤਕ ਯਾਤਰਾਵਾਂ ਨੂੰ ਰੋਕਣ ਲਈ ਤਰੀਕੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।

ਓਸ਼ਨ ਗੇਟ ਵੱਲੋਂ ਦੁਆਰਾ ਸੰਚਾਲਿਤ ਟਾਈਟਨ, ਟਾਈਟੈਨਿਕ ਦੇ ਮਲਬੇ ਲਈ ਗੋਤਾ ਲਗਾਉਣ ਦੌਰਾਨ ਆਪਣੇ ਉਤਰਨ ਦੇ ਦੋ ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਹੀ ਫਟ ਗਿਆ ਸੀ।

ਇਸ ਹਾਦਸੇ ਕਾਰਨ ਪਣਡੁੱਬੀ ਦੀ ਸੁਰੱਖਿਆ ਅਤੇ ਡਿਜ਼ਾਈਨ ਤੇ ਇਸ ਦੇ ਨਿਰਮਾਣ ਵਿੱਚ ਵਰਤੀ ਗਈ ਸਮੱਗਰੀ 'ਤੇ ਸਵਾਲ ਖੜ੍ਹੇ ਵੀ ਉੱਠੇ।

ਇੱਥੇ ਦੋ ਹਫ਼ਤਿਆਂ ਦੀ ਸੁਣਵਾਈ ਦੇ ਪਹਿਲੇ ਸੈੱਟ ਤੋਂ ਪੰਜ ਗੱਲਾਂ ਉਭਰ ਕੇ ਆਉਂਦੀਆਂ ਹਨ:

1. ਚਾਲਕ ਦਲ ਦੇ ਆਖ਼ਰੀ ਸ਼ਬਦ: 'ਇੱਥੇ ਸਭ ਚੰਗਾ ਹੈ'

ਯੂਐੱਸ ਕੋਸਟ ਗਾਰਡ ਦੇ ਜਾਂਚਕਰਤਾਵਾਂ ਨੇ ਪਾਣੀ ਦੇ ਉੱਪਰ ਜਹਾਜ਼ ਨਾਲ ਸੰਪਰਕ ਟੁੱਟਣ ਤੋਂ ਪਹਿਲਾਂ ਚਾਲਕ ਦਲ ਦੇ ਆਖ਼ਰੀ ਸੰਦੇਸ਼ਾਂ ਵਿੱਚੋਂ ਇੱਕ ਦਾ ਖੁਲਾਸਾ ਕੀਤਾ, "ਇੱਥੇ ਸਭ ਠੀਕ ਹੈ।"

ਸੁਣਵਾਈ ਵਿੱਚ ਟਾਈਟਨ ਅਤੇ ਉਸ ਦੇ ਮੁੱਖ ਜਹਾਜ਼ ਵਿਚਕਾਰ ਹੋਰ ਟੈਕਸਟ ਸੁਨੇਹਿਆਂ ਦਾ ਖੁਲਾਸਾ ਹੋਇਆ ਕਿਉਂਕਿ ਡੂੰਘੇ ਸਮੁੰਦਰੀ ਵਿੱਚ ਚੱਲਣ ਵਾਲਾ ਜਹਾਜ਼ 1912 ਵਿੱਚ ਡੁੱਬਣ ਵਾਲੇ ਬ੍ਰਿਟਿਸ਼ ਸਮੁੰਦਰੀ ਜਹਾਜ਼ ਨੂੰ ਦੇਖਣ ਲਈ ਸਮੁੰਦਰੀ ਤਲ ਵੱਲ ਗਿਆ ਸੀ।

ਸਮੁੰਦਰੀ ਜਹਾਜ਼ 'ਤੇ ਸਵਾਰ ਸਹਾਇਕ ਸਟਾਫ ਨੇ ਪਣਡੁੱਬੀ ਦੀ ਡੂੰਘਾਈ ਅਤੇ ਭਾਰ ਬਾਰੇ ਪੁੱਛਿਆ।

ਜਾਂਚਕਰਤਾਵਾਂ ਦੇ ਅਨੁਸਾਰ, ਪਣਡੁੱਬੀ ਦੇ ਉਤਰਨ ਤੋਂ ਲੈ ਕੇ ਹੀ ਸੰਚਾਰ ਵਿੱਚ ਦਿੱਕਤਾਂ ਆਉਂਦੀਆਂ ਰਹੀਆਂ ਸਨ।

ਗੋਤਾ ਲਗਾਉਣ ਤੋਂ ਇੱਕ ਘੰਟੇ ਬਾਅਦ, ਟਾਈਟਨ ਨੇ 3,346 ਮੀਟਰ ਦੀ ਡੂੰਘਾਈ 'ਤੇ ਇੱਕ ਸੁਨੇਹਾ ਭੇਜਿਆ ਜੋ ਇਸਦਾ ਆਖ਼ਰੀ ਸੰਦੇਸ਼ ਸੀ। ਚਾਲਕ ਦਲ ਨੇ ਦੱਸਿਆ ਕਿ ਉਸ ਨੇ ਦੋ ਵਜ਼ਨ ਸੁੱਟੇ ਹਨ। ਫਿਰ ਸੰਚਾਰ ਟੁੱਟ ਗਿਆ।

2. ਇੱਕ ਗਵਾਹ ਨੇ ਟਾਈਟਨ ਦੇ ਚਾਲਕ ਦਲ ਨੂੰ ਆਖ਼ਰੀ ਵਾਰ ਦੇਖਿਆ: 'ਪੰਜ ਲੋਕ ਮੁਸਕਰਾ ਰਹੇ ਸਨ'

ਮਿਸ਼ਨ ਸਪੈਸ਼ਲਿਸਟ ਰੇਨਾਟਾ ਰੋਜਾਸ, ਜਿਨ੍ਹਾਂ ਨੇ ਇੱਕ ਸਵੈਸੇਵੀ ਦੇ ਤੌਰ 'ਤੇ ਬਦਕਿਸਮਤੀ ਵਾਲੇ ਸਫ਼ਰ 'ਤੇ ਮਦਦ ਕੀਤੀ, ਨੇ ਯੂਐੱਸ ਕੋਸਟ ਗਾਰਡ ਦੇ ਸਾਹਮਣੇ ਪਣਡੁੱਬੀ ਦੇ ਉਤਰਨ ਤੋਂ ਪਹਿਲਾਂ ਚਾਲਕ ਦਲ ਨਾਲ ਉਨ੍ਹਾਂ ਦੀ ਗੱਲਬਾਤ ਬਾਰੇ ਗਵਾਹੀ ਦਿੱਤੀ।

ਇੱਕ ਬਿੰਦੂ 'ਤੇ, ਸ਼੍ਰੀਮਤੀ ਰੋਜਸ ਰੋ ਪਈ ਜਦੋਂ ਉਸਨੇ ਟਾਈਟਨ 'ਤੇ ਸਵਾਰ ਹੋਣ ਅਤੇ ਪਾਣੀ ਦੇ ਹੇਠਾਂ ਜਾਣ ਤੋਂ ਪਹਿਲਾਂ "ਪੰਜ ਲੋਕਾਂ ਦੀ ਮੁਸਕਰਾਹਟ" ਨੂੰ ਯਾਦ ਕੀਤਾ।

ਉਨ੍ਹਾਂ ਨੇ ਦੱਸਿਆ, "ਉਹ ਬੱਸ ਜਾਣ ਲਈ ਖੁਸ਼ ਸਨ, ਇਹੀ ਮੈਨੂੰ ਯਾਦ ਹੈ।"

ਉਨ੍ਹਾਂ ਨੂੰ ਯਾਦ ਹੈ ਕਿ ਉਨ੍ਹਾਂ ਦਾ ਸੰਪਰਕ ਟੁੱਟ ਗਿਆ ਸੀ ਅਤੇ ਉਨ੍ਹਾਂ ਨੇ ਸਹਿਕਰਮੀਆਂ ਤੋਂ ਪੁੱਛਿਆ ਸੀ, "ਅਸੀਂ ਉਨ੍ਹਾਂ ਤੋਂ ਕੁਝ ਸੁਣਿਆ ਨਹੀਂ, ਉਹ ਕਿੱਥੇ ਹਨ।"

ਰੋਜਾਸ ਵੀ ਓਸ਼ਨਗੇਟ ਦੇ ਨਾਲ ਟਾਈਟੈਨਿਕ ਦੇ ਮਲਬੇ ਨੂੰ ਦੇਖਣ ਲਈ ਗਏ ਸਨ, ਉਨ੍ਹਾਂ ਨੇ ਸਵੀਕਾਰ ਕੀਤਾ ਕਿ ਟਾਈਟਨ ਪਣਡੁੱਬੀ ਵਰਗੀਕ੍ਰਿਤ ਜਾਂ ਰਜਿਸਟਰਡ ਨਹੀਂ ਸੀ।

ਸੁਣਵਾਈ ਦੌਰਾਨ ਉਨ੍ਹਾਂ ਨੇ ਕਿਹਾ, "ਮੈਨੂੰ ਪਤਾ ਸੀ ਟਾਈਟਨ ਰਾਹੀਂ ਗੋਤਾਖੋਰੀ ਜੋਖ਼ਮ ਭਰੀ ਹੈ ਪਰ ਕਦੇ ਅਸੁਰੱਖਿਅਤ ਮਹਿਸੂਸ ਨਹੀਂ ਹੋਈ।"

3. ਵਿਸਲਬਲੋਅਰ: ਦੁਖਾਂਤ 'ਅਟੱਲ' ਸੀ

ਓਸ਼ਨਗੇਟ ਦੇ ਸਾਬਕਾ ਓਪਰੇਸ਼ਨ ਡਾਇਰੈਕਟਰ ਡੇਵਿਡ ਲੋਚਰਿਜ ਨੇ ਯੂਐੱਸ ਕੋਸਟ ਗਾਰਡ ਦੇ ਜਾਂਚਕਰਤਾਵਾਂ ਨੂੰ ਗਵਾਹੀ ਦਿੱਤੀ ਕਿ ਉਨ੍ਹਾਂ ਨੇ 2018 ਵਿੱਚ ਬਰਖ਼ਾਸਤ ਕੀਤੇ ਜਾਣ ਤੋਂ ਪਹਿਲਾਂ ਸੰਭਾਵੀ ਸੁਰੱਖਿਆ ਮੁੱਦਿਆਂ ਬਾਰੇ ਚੇਤਾਵਨੀ ਦਿੱਤੀ ਸੀ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਗਿਆ ਸੀ।

ਲੋਚਰਿਜ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਟਾਈਟਨ ਨਾਲ ਘਾਤਕ ਘਟਨਾ "ਅਟੱਲ" ਸੀ ਕਿਉਂਕਿ ਕੰਪਨੀ ਨੇ ਮਿਆਰੀ ਨਿਯਮਾਂ ਨੂੰ "ਅੱਖੋਂ ਪਰੋਖੇ" ਕੀਤਾ ਸੀ।

ਗੁਪਤ ਜਾਣਕਾਰੀ ਦਾ ਖੁਲਾਸਾ ਕਰਨ ਲਈ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਗਿਆ ਸੀ। ਓਸ਼ਨਗੇਟ ਵੱਲੋਂ ਮੁਕੱਦਮਾ ਚਲਾਇਆ ਗਿਆ ਸੀ ਅਤੇ ਉਨ੍ਹਾਂ ਨੇ ਵੀ ਗ਼ਲਤ ਬਰਖ਼ਾਸਤਗੀ ਲਈ ਜਵਾਬੀ ਕੇਸ ਦਰਜ ਕਰਵਾਇਆ ਸੀ।

ਅਮਰੀਕੀ ਅਦਾਲਤ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਲੋਚਰਿਜ ਨੂੰ ਟਾਈਟਨ ਦੇ ਡਿਜ਼ਾਈਨ ਬਾਰੇ ਮਹੱਤਵਪੂਰਣ ਚਿੰਤਾਵਾਂ ਸਨ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਇਹ ਕਾਰਬਨ ਫਾਈਬਰ ਨਾਲ ਬਣਾਇਆ ਗਿਆ ਸੀ।

ਜਿਸ ਨੂੰ ਲੈ ਕੇ ਉਨ੍ਹਾਂ ਨੇ ਚੇਤਾਵਨੀ ਦਿੱਤੀ ਸੀ ਕਿ ਗੋਤਾ ਲਗਾਉਣ ʼਤੇ ਇਸ ਨੂੰ ਹੋਰ ਵੀ ਨੁਕਸਾਨ ਪਹੁੰਚੇਗਾ।

ਉਨ੍ਹਾਂ ਨੇ ਅਮਰੀਕੀ ਕੋਸਟ ਗਾਰਡ ਦੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਓਸ਼ਨਗੇਟ ਦਾ "ਪੂਰਾ ਵਿਚਾਰ" "ਪੈਸਾ ਕਮਾਉਣਾ" ਸੀ।

ਉਨ੍ਹਾਂ ਨੇ ਕਿਹਾ, "ਵਿਗਿਆਨ ਦੇ ਮਾਮਲੇ ਵਿੱਚ ਇਸ ਵਿੱਚ ਬਹੁਤ ਘੱਟ ਵਿਕਾਸ ਹੋਇਆ ਸੀ।"

4. ਨਵੀਂ ਫੁਟੇਜ ਟਾਈਟਨ ਦੇ ਮਲਬੇ ਦਾ ਖੁਲਾਸਾ ਕਰਦੀ ਹੈ

ਯੂਐੱਸ ਕੋਸਟ ਗਾਰਡ ਨੇ ਨਵੀਂ ਫੁਟੇਜ ਜਾਰੀ ਕੀਤੀ ਹੈ ਜੋ ਸਮੁੰਦਰ ਦੇ ਤਲ ਦੇ ਹੇਠਾਂ ਟਾਈਟਨ ਪਣਡੁੱਬੀ ਦੇ ਮਲਬੇ ਨੂੰ ਦਰਸਾਉਂਦੀ ਹੈ।

ਡੂੰਘੇ ਸਮੁੰਦਰ ਵਿੱਚ ਚੱਲਣ ਵਾਲੇ ਇਸ ਪਣਡੁੱਬੀ ਦੇ ਕੰਢੇ ʼਤੇ ʻਓਸ਼ਨਗੇਟʼ ਲੋਗੋ ਲੱਗਿਆ ਹੋਇਆ ਹੈ, ਜਦਕਿ ਇਸ ਦੇ ਚਾਰੇ ਪਾਸੇ ਮਲਬਾ ਖਿਲਰਿਆ ਹੋਇਆ ਹੈ।

ਜਹਾਜ਼ ਦੀ ਪੂੰਛ ਨੂੰ ਮਲਬੇ ਵਿਚਾਲੇ ਦੇਖਿਆ ਜਾ ਸਕਦਾ ਹੈ, ਇਸ ਦੇ ਨਾਲ ਹੀ ਪਣਡੁੱਬੀ ਦੇ ਤਾਰ, ਗੇਜ ਅਤੇ ਇਲੈਕਟ੍ਰੋਨਿਕਸ ਵੀ।

ਇੱਕ ਰਿਮੋਟ ਸੰਚਾਲਿਤ ਵਾਹਨ ਨੇ ਇਹ ਫੁਟੇਜ ਹਾਸਿਲ ਕੀਤੀ ਹੈ।

5. ਮੋਹਰੀ ਪਣਡੁੱਬੀ ਨਿਰਮਾਤਾ, ਟਾਈਟਨ 'ਪ੍ਰਾਈਮਟਾਈਮ ਲਈ ਤਿਆਰ ਨਹੀਂ ਸੀ'

ਪ੍ਰਮੁੱਖ ਪਣਡੁੱਬੀ ਨਿਰਮਾਤਾ ਟ੍ਰਾਈਟਨ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਪੈਟਰਿਕ ਲਾਹੇ ਨੇ ਜਾਂਚ ਅਫਸਰਾਂ ਨੂੰ ਦੱਸਿਆ ਕਿ ਉਹ ਟਾਈਟਨ ਪਣਡੁੱਬੀ ਤੋਂ ਪ੍ਰਭਾਵਿਤ ਨਹੀਂ ਹੋਏ ਸਨ।

ਲਾਹੇ ਮੁਤਾਬਕ ਕੰਪਨੀ ਅਜਿਹੀ ਪਣਡੁੱਬੀ ਤਿਆਰ ਕਰਦੀ ਹੈ ਜੋ ਸਮੁੰਦਰ ਦੇ ਸਭ ਤੋਂ ਡੂੰਘੇ ਬਿੰਦੂਆਂ ਤੱਕ ਉਤਰਦੀਆਂ ਹਨ।

ਹਾਲਾਂਕਿ, ਇਹ ਲਾਜ਼ਮੀ ਨਹੀਂ ਹੈ, ਪਰ ਉਨ੍ਹਾਂ ਨੇ ਆਜ਼ਾਦ ਸਮੁੰਦਰੀ ਸੰਗਠਨਾਂ ਵੱਲੋਂ ਕੀਤੇ ਗਏ ਵਿਆਪਕ ਸੁਰੱਖਿਆ ਮੁਲਾਂਕਣ ਦੇ ਰਾਹੀਂ ਪਣਡੁੱਬੀ ਜਹਾਜ਼ਾਂ ਨੂੰ ਪ੍ਰਮਾਣਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਲਾਹੇ ਨੇ ਪੈਨਲ ਨੂੰ ਦੱਸਿਆ ਕਿ ਅਜਿਹਾ ਕੋਈ ਕਾਰਨ ਨਹੀਂ ਸੀ ਕਿ ਟਾਇਟਨ ਪਣਡੁੱਬੀ ਨੂੰ ਪ੍ਰਮਾਣਿਤ ਨਾ ਕੀਤਾ ਜਾ ਸਕੇ।

ਉਨ੍ਹਾਂ ਨੇ ਟਾਈਟਨ ਪਣਡੁੱਬੀ ਦਾ ਦੌਰਾ ਕੀਤਾ ਜੋ ਬਾਅਦ ਵਿੱਚ ਬਹਾਮਾਸ ਵਿੱਚ ਛੁੱਟੀਆਂ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਕਿਹਾ ਕਿ ਉਨ੍ਹਾਂ ਨੇ ਜੋ ਦੇਖਿਆ ਉਸ ਤੋਂ ਉਹ "ਖ਼ਾਸ ਤੌਰ ʼਤੇ ਪ੍ਰਭਾਵਿਤ ਨਹੀਂ ਹੋਏ।"

ਉਨ੍ਹਾਂ ਨੇ ਕਿਹਾ, "ਮੈਨੂੰ ਅਜਿਹਾ ਲੱਗਾ ਕਿ ਬਹੁਤ ਸਾਰੀਆਂ ਚੀਜ਼ਾਂ ਪ੍ਰਾਈਮਟਾਈਮ ਲਈ ਬਿਲਕੁਲ ਤਿਆਰ ਨਹੀਂ ਸੀ।"

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਓਸ਼ਗੇਟ ਦੇ ਸਾਹਮਣੇ ਆਪਣੀਆਂ ਚਿੰਤਾਵਾਂ ਜ਼ਾਹਿਰ ਕੀਤੀਆਂ।

ਲਾਹੇ ਨੇ ਕਿਹਾ ਕਿ ਜਹਾਜ਼ "ਖ਼ਾਸ ਤੌਰ ʼਤੇ ਚੰਗੀ ਤਰ੍ਹਾਂ ਸੋਚ ਕੇ" ਬਣਾਇਆ ਹੋਇਆ ਨਹੀਂ ਲੱਗ ਰਿਹਾ ਸੀ। ਉਨ੍ਹਾਂ ਨੇ ਕਿਹਾ, "ਇਹ ਆਪਣੇ-ਆਪ ਵਿੱਚ ਸ਼ੌਂਕੀਆਂ ਤੌਰ ʼਤੇ ਤਿਆਰ ਕੀਤਾ ਹੋਇਆ ਜਾਪ ਰਿਹਾ ਸੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)