You’re viewing a text-only version of this website that uses less data. View the main version of the website including all images and videos.
ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪਣਡੁੱਬੀ ਦੇ ਹਾਦਸੇ ਤੋਂ ਬਾਅਦ ਇਨ੍ਹਾਂ 5 ਸਵਾਲਾਂ ਦੇ ਜਵਾਬ ਹਾਲੇ ਵੀ ਨਹੀਂ ਮਿਲੇ
- ਲੇਖਕ, ਰਿਬੇਕਾ ਮੌਰਲੇ ਅਤੇ ਐਲੀਸਨ ਫ੍ਰਾਂਸਿਸ
- ਰੋਲ, ਬੀਬੀਸੀ ਨਿਊਜ਼ ਸਾਇੰਸ
ਟਾਈਟਨ ਪਣਡੁੱਬੀ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ ਰਵਾਨਾ ਹੋਈ ਸੀ।
ਇਸ ਪਣ ਡੁੱਬੀ ਨੇ ਆਪਣੇ ਯਾਤਰੀਆਂ ਨੂੰ ਜੀਵਨ ਦਾ ਯਾਦਗਾਰੀ ਸਫ਼ਰ ਦਾ ਵਾਅਦਾ ਕੀਤਾ ਸੀ। ਅਟਲਾਂਟਿਕ ਮਹਾਂਸਾਗਰ ਦੀਆਂ ਡੁੰਘਾਈਆਂ ਵਿੱਚ 38,00 ਮੀਟਰ ਤੱਕ ਦਾ ਗੋਤਾ ਲਾਉਣਾ ਸੀ।
ਲੇਕਿਨ ਪਿਛਲੇ ਸਾਲ ਓਸ਼ੀਅਨ-ਗੇਟ ਦੀ ਟਾਈਟਨ ਪਣਡੁੱਬੀ ਵਿੱਚ ਗੰਭੀਰ ਨੁਕਸ ਪੈ ਗਿਆ। ਸਮੁੰਦਰ ਦੇ ਤਲ ਕੋਲ ਇਹ ਖ਼ਰਾਬ ਹੋ ਗਈ ਅਤੇ ਇਸ ਦੇ ਪੰਜੇ ਸਵਾਰ ਮਾਰੇ ਗਏ।
16 ਸਤੰਬਰ ਨੂੰ ਅਮਰੀਕੀ ਤਟ ਰਕਸ਼ਕ ਇਸ ਹਾਦਸੇ ਦੇ ਕਾਰਨਾਂ ਬਾਰੇ ਲੋਕਾਂ ਦੀ ਰਾਇ ਲੈਣ ਲਈ ਸੁਣਵਾਈ ਕਰਨ ਰਹੀ ਹੈ। ਪਣਡੁੱਬੀ ਦੇ ਗੈਰ-ਰਵਾਇਤੀ ਡਿਜ਼ਾਈਨ ਸਮੇਤ ਕਈ ਗੱਲਾਂ ਚਰਚਾ ਦਾ ਵਿਸ਼ਾ ਰਹੀਆਂ ਸਨ।
ਕਈ ਉੱਘੇ ਸਵਾਰਾਂ ਨੂੰ ਲੈ ਕੇ ਟਾਈਟਨ ਨੇ 18 ਜੂਨ 2023 ਨੂੰ ਆਪਣਾ ਸਫ਼ਰ ਸ਼ੁਰੂ ਕੀਤਾ ਸੀ।
ਉਸੇ ਦਿਨ ਜਦੋਂ ਪਣਡੁੱਬੀ ਵਾਪਸ ਉੱਪਰ ਨਹੀਂ ਆਈ ਤਾਂ ਵੱਡੇ ਪੈਮਾਨੇ ਉੱਤੇ ਇਸਦੀ ਭਾਲ ਸ਼ੁਰੂ ਕੀਤੀ ਗਈ।
ਪੂਰੀ ਦੁਨੀਆਂ ਨੇ ਗੁੰਮਸ਼ੁਦਾ ਪਣਡੁੱਬੀ ਬਾਰੇ ਕਿਸੇ ਖ਼ਬਰ ਦਾ ਇੰਤਜ਼ਾਰ ਕੀਤਾ। ਲੇਕਿਨ 22 ਜੂਨ ਨੂੰ ਟਾਈਟਨ ਤੋਂ 500 ਮੀਟਰ ਦੀ ਡੁੰਘਾਈ ਉੱਤੇ ਇਸਦਾ ਮਲਬਾ ਮਿਲ ਗਿਆ।
ਲੇਕਿਨ ਅਜੇ ਵੀ ਪੰਜ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਮਿਲਣੇ ਬਾਕੀ ਹਨ।
ਕੀ ਯਾਤਰੀਆਂ ਨੂੰ ਪਤਾ ਸੀ ਕਿ ਗੋਤਾ ਗਲਤ ਜਾ ਰਿਹਾ ਸੀ?
ਟਾਈਟਨ ਦੇ ਯਾਤਰੀ ਮਦਦ ਲਈ ਨਾਲ ਜਾ ਰਹੇ ਜਹਾਜ਼ ਨਾਲ ਟੈਕਸ ਸੁਨੇਹਿਆਂ ਰਾਹੀਂ ਜੁੜੇ ਰਹਿ ਸਕਦੇ ਸਨ। ਰਿਕਾਰਡ ਦੱਸ ਸਕਦਾ ਹੈ ਕਿ ਉਨ੍ਹਾਂ ਦਰਮਿਆਨ ਕਿਸ ਕਿਸਮ ਦੀ ਗੱਲਬਾਤ ਹੋਈ।
ਪਣਡੁੱਬੀ ਵਿੱਚ ਮਾਈਕ ਵੀ ਲੱਗੇ ਸਨ ਜਿਨ੍ਹਾਂ ਨਾਲ ਕਿ ਕਿਸੇ ਅਣਹੋਣੀ ਬਾਰੇ ਪਤਾ ਲੱਗ ਸਕੇ।
ਡੂੰਘੇ ਸਮੁੰਦਰਾਂ ਦੇ ਉੱਘੇ ਖੋਜੀ ਵਿਕਟਰ ਵੇਸਕੋਵੇ ਮੁਤਾਬਕ, “ਸਟੌਕਸਨ ਰਸ਼ ਇਸ ਬਾਰੇ ਦ੍ਰਿੜ ਸਨ ਕਿ ਪਣਡੁੱਬੀ ਵਿੱਚ ਕਿਸੇ ਅਹਿਮ ਨੁਕਸ ਦੀ ਸੂਰਤ ਵਿੱਚ ਉਨ੍ਹਾਂ ਨੂੰ ਚੇਤਾਵਨੀ ਮਿਲ ਜਾਣੀ ਸੀ।”
ਉਹ ਇਹ ਵੀ ਕਹਿੰਦੇ ਹਨ ਕਿ ਸਟੌਕਸਨ ਨੂੰ ਲਗਦਾ ਸੀ ਕਿ ਸ਼ਾਇਦ ਪਣਡੁੱਬੀ ਨੂੰ ਉੱਪਰ ਆਉਣ ਦਾ ਸਮਾਂ ਹੀ ਨਹੀਂ ਮਿਲਿਆ। ਮੁੱਦਾ ਇਹ ਹੈ ਕਿ ਕੋਈ ਚੇਤਾਵਨੀ ਪ੍ਰਣਾਲੀ ਕਿੰਨੀ ਤੇਜ਼ੀ ਨਾਲ ਕੰਮ ਕਰ ਸਕਦੀ ਹੈ।
ਗੋਤਾ ਲਾਉਣ ਸਮੇਂ ਕੋਈ ਜ਼ਾਹਰ ਸਮੱਸਿਆ ਨਹੀਂ ਸੀ। ਯਾਤਰੀਆਂ ਨੂੰ ਆਪਣੀ ਹੋਣੀ ਦਾ ਕੋਈ ਇਲਮ ਹੀ ਨਹੀਂ ਸੀ।
ਪਣਡੁੱਬੀ ਇੰਨੀ ਜਲਦੀ ਚਿਪਕ ਗਈ ਸੀ ਕਿ ਯਾਤਰੀਆਂ ਨੂੰ ਇਸ ਪਾਸੇ ਧਿਆਨ ਕਰਨ ਦਾ ਵੀ ਸਮਾਂ ਨਹੀਂ ਮਲਿਆ ਹੋਵੇਗਾ।
ਪਣਡੁੱਬੀ ਦਾ ਕਿਹੜਾ ਹਿੱਸਾ ਨਾਕਾਮ ਹੋਇਆ?
ਫੋਰੈਂਸਿਕ ਮਾਹਰ ਨੁਕਸ ਦਾ ਪਤਾ ਲਾਉਣ ਲਈ ਮਲਬੇ ਦਾ ਮੁਆਇਨਾ ਕਰ ਰਹੇ ਹਨ।
ਇਸ ਦੇ ਡਿਜ਼ਾਈਨ ਵਿੱਚ ਕਈ ਨੁਕਸ ਸਨ।
ਦੇਖਣ ਵਾਲੀ ਖਿੜਕੀ ਦੀ ਜਾਂਚ, ਨਿਰਮਾਤਾ ਵੱਲੋਂ ਸਿਰਫ਼ 13,00 ਮੀਟਰ ਤੱਕ ਕੀਤੀ ਗਈ ਸੀ। ਜਦਕਿ ਪਣਡੁੱਬੀ ਉਸਤੋਂ ਤਿੰਨ ਗੁਣਾਂ ਡੁੰਘਾਈ ਤੱਕ ਗਈ ਸੀ।
ਟਾਈਟਨ ਦਾ ਹੱਲ ਵੀ ਅਸਧਾਰਨ ਅਕਾਰ ਦਾ ਸੀ- ਵੇਲਣਾਕਾਰ, ਜਦਕਿ ਆਮ ਤੌਰ ਉੱਤੇ ਇਹ ਚੱਕਰਾਕਾਰ ਹੁੰਦਾ ਹੈ। ਡੂੰਘੇ ਸਮੁੰਦਰਾਂ ਵਿੱਚ ਜਾਣ ਵਾਲੀਆਂ ਜ਼ਿਆਦਾਤਰ ਪਣਡੁੱਬੀਆਂ ਦਾ ਹੱਲ ਵੇਲਣਾਕਾਰ ਹੁੰਦਾ ਹੈ, ਤਾਂ ਜੋ ਕੁਚਲ ਰਿਹਾ ਸਮੁੰਦਰੀ ਦਬਾ ਸਾਰੇ ਹਲ ਉੱਤੇ ਬਰਾਬਰ ਪਵੇ।
ਇਹ ਹੱਲ ਬਣਿਆ ਵੀ ਕਾਰਬਨ ਫਾਈਬਰ ਦਾ ਸੀ, ਜੋ ਕਿ ਡੂੰਘੇ ਸਮੁੰਦਰ ਦੀਆਂ ਗੋਤਾਖੋਰ ਪਣਡੁੱਬੀਆਂ ਲਈ ਅਸਧਾਰਨ ਸੀ।
ਟ੍ਰਿਟਨ ਸਬਮਰੀਨਸ ਦੇ ਸੀਈਓ ਪੈਟਰਿਕ ਲਾਹੇ ਨੇ ਦੱਸਿਆ, “ਕਾਰਬਨ ਫਾਈਬਰ ਨੂੰ ਸਮੁੰਦਰ ਦੀ ਡੁੰਘਾਈ ਵਿੱਚ ਅਨਿਸ਼ਚਿਤ ਸਮਝਿਆ ਜਾਂਦਾ ਹੈ।”
ਟ੍ਰਿਟਨ ਪਣਡੁੱਬੀ ਨਿਰਮਾਣ ਦੀ ਮੋਹਰੀ ਕੰਪਨੀਆਂ ਵਿੱਚੋਂ ਇੱਕ ਹੈ।
ਜਿੰਨੀ ਵਾਰ ਵੀ ਟਾਈਟਨ, ਟਾਈਟੈਨਕ ਦੇ ਕੋਲ ਥੱਲੇ ਗਈ। ਇਸ ਨੇ ਗੋਤੇ ਲਾਏ— ਹਰ ਵਾਰ ਕਾਰਬਨ ਫਾਈਬਰ ਪਿਚਕਦਾ ਗਿਆ ਅਤੇ ਉਸ ਨੂੰ ਨੁਕਸਾਨ ਪਹੁੰਚਦਾ ਰਿਹਾ।
ਉਨ੍ਹਾਂ ਨੇ ਕਿਹਾ, “ਇਹ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਸੀ ਤੇ ਫਾਈਬਰ ਟੁੱਟ ਰਿਹਾ ਸੀ।”
ਦੋਵਾਂ ਪਦਾਰਥਾਂ ਦਾ ਆਪਸੀ ਜੋੜ ਵੀ ਚਿੰਤਾ ਦਾ ਸਬੱਬ ਸੀ। ਕਾਰਬਨ ਫਾਈਬਰ ਟਾਈਟੇਨੀਅਮ ਦੇ ਦੋ ਛੱਲਿਆ ਨਾਲ ਜੋੜਿਆ ਗਿਆ ਸੀ। ਜਿਸ ਕਾਰਨ ਜੋੜ ਕਮਜ਼ੋਰ ਹੋਏ।
ਪੈਟਰਿਕ ਲਾਹੇ ਨੇ ਕਿਹਾ ਕਿ ਵਪਾਰਕ ਪਣਡੁੱਬੀ ਉਦਯੋਗ ਦਾ ਸੁਰੱਖਿਆ ਦੇ ਮਾਮਲੇ ਵਿੱਚ ਲੰਬਾ ਅਤੇ ਬੇਦਾਗ ਰਿਕਾਰਡ ਰਿਹਾ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ,“ਓਸ਼ੀਅਨਗੇਟ ਉਪਕਰਣ ਅਸਧਾਰਨ ਸੀ।”
ਕੀ ਸਮੁੰਦਰੀ ਅਵਾਜ਼ਾਂ ਖੋਜ ਤੋਂ ਭਟਕਾਉਂਦੀਆਂ ਹਨ?
ਜਹਾਜ਼, ਹਵਾਈ ਜਹਾਜ਼ ਅਤੇ ਰਿਮੋਟ ਨਾਲ ਚੱਲਣ ਵਾਲੇ ਵਾਹਨ ਅਟਲਾਂਟਿਕ ਵਿੱਚ ਟਾਈਟਨ ਦੀ ਭਾਲ ਕਰ ਰਹੇ ਸਨ।
ਖੋਜ ਸ਼ੁਰੂ ਹੋਣ ਤੋਂ ਕੁਝ ਦਿਨਾਂ ਬਾਅਦ ਹੀ, ਖੋਜੀ ਵਿਮਾਨਾਂ ਦੀਆਂ ਸੋਨਾਰਾਂ ਨੇ ਸਮੁੰਦਰੀ ਅਵਾਜ਼ਾਂ ਫੜਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਕਿਆਸ ਲਾਏ ਗਏ ਕਿ ਇਹ ਅਵਾਜ਼ਾਂ ਪਣਡੁੱਬੀ ਵਿੱਚੋਂ ਆ ਰਹੀਆਂ ਹਨ।
ਰਿਮੋਟ ਨਾਲ ਚੱਲਣ ਵਾਲੇ ਵਾਹਨਾਂ ਨੂੰ ਅਵਾਜ਼ ਦਾ ਕੋਈ ਸਰੋਤ ਪਤਾ ਕਰਨ ਲਈ ਭੇਜਿਆ ਗਿਆ ਪਰ ਕੁਝ ਨਹੀਂ ਮਿਲਿਆ।
ਇਹ ਵੀ ਸਪਸ਼ਟ ਨਹੀਂ ਹੈ ਕਿ ਕੀ ਇਸ ਤਰ੍ਹਾਂ ਦੀਆਂ ਸਰਗਰਮੀਆਂ ਦੌਰਾਨ ਸਮੁੰਦਰ ਦਾ ਸ਼ੋਰ ਤੇਜ਼ ਹੋ ਜਾਂਦਾ ਹੈ। ਸਭ ਤੋਂ ਸਪਸ਼ਟ ਅਵਾਜ਼ ਅਮਰੀਕੀ ਨੇਵੀ ਦੀ ਸੋਨਾਰ ਪ੍ਰਣਾਲੀ ਨੇ ਸੁਣੀ ਸੀ। ਇਹ ਅਵਾਜ਼ੀ ਸਿਗਨਲ ਪਣਡੁੱਬੀ ਦੇ ਚਿਪਕਣ ਵਰਗਾ ਹੀ ਸੀ। ਇਹ ਜਾਣਕਾਰੀ ਵੀ ਮਲਬਾ ਮਿਲਣ ਵਾਲੇ ਦਿਨ ਹੀ ਜਨਤਕ ਕੀਤੀ ਗਈ।
ਆਖਰਕਾਰ ਡੂੰਘੇ ਸਮੁੰਦਰ ਵਿੱਚ ਗਏ ਰੋਬੋਟ ਪਣਡੁੱਬੀ ਡੁੱਬਣ ਵਾਲੀ ਥਾਂ ਪਹੁੰਚੇ ਸੀ ਅਤੇ ਮਲਬਾ ਬਰਾਮਦ ਕਰ ਲਿਆ ਗਿਆ।
ਰੋਰੀ ਗੋਲਡਨ ਜੋ ਕਿ ਸੰਪਰਕ ਟੁੱਟਣ ਸਮੇਂ ਓਸ਼ੀਅਨ ਗੇਟ ਮੁਹਿੰਮ ਉੱਤੇ ਸਨ। ਉਨ੍ਹਾਂ ਨੇ ਹਾਲ ਹੀ ਵਿੱਚ ਬੀਬੀਸੀ ਨੂੰ ਦੱਸਿਆ ਕਿ ਪਣਡੁੱਬੀ ਦੇ ਲਾਪਤਾ ਹੋਣ ਤੋਂ ਬਾਅਦ ਜਹਾਜ਼ ਉੱਤੇ ਸਾਰਿਆਂ ਨੂੰ ਇੱਕ ਝੂਠੀ ਉਮੀਦ ਸੀ।
ਕੀ ਸੁਰੱਖਿਆ ਬਾਰੇ ਤੌਖਲਿਆਂ ਦੀ ਅਣਦੇਖੀ ਕੀਤੀ ਗਈ ਸੀ?
ਕਈ ਲੋਕ ਪਣਡੁੱਬੀ ਦੀ ਸੁਰੱਖਿਆ ਬਾਰੇ ਫਿਕਰਮੰਦ ਸਨ।
ਵਿਕਟਰ ਵਿਸਕੋਵੋ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੰਨੀ ਫਿਕਰ ਸੀ ਕਿ ਉਨ੍ਹਾਂ ਨੇ ਕਈ ਯਾਤਰੀਆਂ ਨੂੰ ਟਾਈਟਨ ਵਿੱਚ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਸੀ। ਇਸ ਵਿੱਚ ਉਨ੍ਹਾਂ ਦੇ ਦੋਸਤ ਹਮੀਸ਼ ਹਾਰਡਿੰਗ ਵੀ ਸ਼ਾਮਲ ਸਨ। ਉਨ੍ਹਾਂ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ ਸੀ।
ਓਸ਼ੀਅਨ ਗੇਟ ਤੱਕ ਵੀ ਇਹ ਚਿੰਤਾਵਾਂ ਪਹੁੰਚਾਈਆਂ ਗਈਆਂ ਸਨ। ਇਸ ਵਿੱਚ ਕੰਪਨੀ ਦੇ ਸਮੁੰਦਰੀ ਸਰਗਰਮੀਆਂ ਦੇ ਸਾਬਕਾ ਨਿਰਦੇਸ਼ਕ ਡੇਵਿਡ ਲੋਚਰਿਜ ਵੀ ਸ਼ਾਮਲ ਸਨ, ਜਿਨ੍ਹਾਂ ਨੇ ਪਣਡੁੱਬੀ ਦੀ ਵਿਕਾਸ ਦੌਰਾਨ ਹੀ ਜਾਂਚ ਵੀ ਕੀਤੀ ਸੀ।
ਸਾਲ 2018 ਤੋਂ ਅਮਰੀਕੀ ਅਦਾਲਤੀ ਦਸਤਾਵੇਜ਼ ਦਰਸਾਉਂਦੇ ਹਨ ਕਿ ਲੋਚਰਿਜ ਨੇ ਕਈ ਨੁਕਸਾਂ ਦੀ ਨਿਸ਼ਾਨਦੇਹੀ ਕੀਤੀ ਸੀ। ਦੇਖਿਆ ਗਿਆ ਸੀ ਕਿ ਜਾਂਚ ਦੀ ਕਮੀ ਕਾਰਨ ਇਸਦੇ ਮੁਸਾਫ਼ਰਾਂ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ।
ਮਰੀਨ ਟੈਕਨੌਲੋਜੀ ਸੁਸਾਈਟੀ ਦੇ ਇੰਜੀਨੀਅਰਾਂ ਨੇ ਵੀ ਸਟੌਕਟਨ ਰਸ਼ ਨੂੰ ਲਿਖੀ ਇੱਕ ਚਿੱਠੀ ਵਿੱਚ ਕਿਹਾ ਕਿ ਓਸ਼ੀਅਨ ਗੇਟ ਦੀ ਤਜ਼ਰਬਾਤੀ ਪਹੁੰਚ ਦੇ ਨਕਾਰਤਮਿਕ ਸਿੱਟੇ ਨਿਕਲ ਸਕਦੇ ਹਨ।
ਬੀਬੀਸੀ ਨੂੰ ਪਿਛਲੇ ਸਾਲ ਦਿਖਾਏ ਗਏ ਈ-ਮੇਲ ਵਟਾਂਦਰੇ ਤੋਂ ਪਤਾ ਚਲਦਾ ਹੈ ਕਿ ਡੂੰਘੇ ਸਮੁੰਦਰਾਂ ਦੇ ਮਾਹਰ ਰੌਬ ਮੈਕਲਮ ਨੇ ਰਸ਼ ਨੂੰ ਦੱਸਿਆ ਸੀ ਕਿ ਪਣਡੁੱਬੀ ਦੀ ਵਰਤੋਂ ਡੂੰਘੇ ਵਪਾਰਿਕ ਗੋਤਿਆਂ ਲਈ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਇਸ ਨਾਲ ਯਾਤਰੀਆਂ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ।
ਜਵਾਬ ਵਿੱਚ ਰਸ਼ ਨੇ ਕਿਹਾ ਕਿ ਉਹ “ਖੋਜ ਵਿੱਚ ਰੁਕਾਵਟ ਪਾਉਣ” ਦੇ ਇੰਡਸਟਰੀ ਦੇ ਸਰੀਕਾਂ ਤੋਂ “ਤੰਗ ਆ ਚੁੱਕੇ ਸਨ”। ਇਸ ਲਈ ਉਨ੍ਹਾਂ ਨੇ ਇਨ੍ਹਾਂ ਇਤਰਾਜ਼ਾਂ ਨੂੰ “ਬੇਬੁਨਿਆਦ” ਕਹਿ ਕੇ ਰੱਦ ਕਰ ਦਿੱਤਾ ਸੀ।
ਓਸ਼ੀਅਨ ਗੇਟ ਦੀ ਸੀਈਓ ਦੀ ਮੌਤ ਹੋ ਜਾਣ ਕਾਰਨ ਸਾਨੂੰ ਕਦੇ ਪਤਾ ਨਹੀਂ ਲੱਗ ਸਕੇਗਾ ਕਿ ਉਨ੍ਹਾਂ ਨੇ ਇਨ੍ਹਾਂ ਚਿੰਤਾਵਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ।
ਲੇਕਿਨ ਜਨਤਕ ਸੁਣਵਾਈ ਦੌਰਾਨ ਸ਼ਾਇਦ ਸਾਨੂੰ ਪਤਾ ਲੱਗ ਸਕੇ ਕਿ ਕੰਪਨੀ ਵਿੱਚ ਹੋਰ ਕੌਣ ਇਸ ਸਭ ਦਾ ਭੇਤੀ ਸੀ ਅਤੇ ਕੋਈ ਕਦਮ ਕਿਉਂ ਨਹੀਂ ਲਿਆ ਗਿਆ।
ਟਾਈਟਨ ਨੂੰ ਗੋਤੇ ਦੀ ਆਗਿਆ ਕਿਉਂ ਦਿੱਤੀ ਗਈ?
ਡੂੰਘੇ ਸਮੁੰਦਰਾਂ ਵਿੱਚ ਜਾਣ ਵਾਲੀਆਂ ਪਣਡੁੱਬੀਆਂ ਦੀ ਸੁਤੰਤਰ ਮਾਹਰਾਂ ਵੱਲੋਂ ਜਾਂਚ ਕੀਤੀ ਜਾ ਸਕਦੀ ਹੈ। ਜਿਵੇਂ ਅਮਰੀਕੀ ਬਿਊਰੋ ਆਫ਼ ਸ਼ਿਪਿੰਗ (ਏਬੀਐੱਸ) ਜਾਂ ਡੀਐੱਨਵੀ (ਜੋ ਕਿ ਮਾਪਦੰਡ ਤੈਅ ਕਰਨ ਵਾਲੀ ਨਾਰਵੇ ਦੀ ਸੰਸਥਾ ਹੈ।) ਵਰਗੇ ਮਰੀਨ ਸੰਗਠਨ ਇਹ ਜਾਂਚ ਕਰਦੇ ਹਨ।
ਓਸ਼ੀਅਨ ਗੇਟ ਨੇ ਟਾਈਟਨ ਨੂੰ ਇਸ ਪ੍ਰਕਿਰਿਆ ਵਿੱਚ ਨਹੀਂ ਪਾਇਆ।
ਇਸ ਆਂਕਲਣ ਨੇ ਪਣਡੁੱਬੀ ਦੇ ਸੁਰੱਖਿਅਤ ਜਾਂ ਅਸੁਰੱਖਿਅਤ ਹੋਣ ਦੀ ਹਰ ਲਿਹਾਜ਼ ਤੋਂ ਪੁਸ਼ਟੀ ਕਰ ਦੇਣੀ ਸੀ। ਜਿਵੇਂ ਇਸਦੀ ਬਣਤਰ, ਡਿਜ਼ਾਈਨ ਆਦਿ ਵਿੱਚ ਮਾਪਦੰਡਾਂ ਦੀ ਪਾਲਣਾ ਹੋਈ ਹੈ?
ਜ਼ਿਆਦਾਤਰ ਕੰਪਨੀਆਂ ਆਪਣੀਆਂ ਪਣਡੁੱਬੀਆਂ ਨੂੰ ਇਸ ਜਾਂਚ ਵਿੱਚ ਪਾਉਂਦੀਆਂ ਹਨ ਪਰ ਇਹ ਲਾਜ਼ਮੀ ਨਹੀਂ ਹੈ।
ਰਸ਼ ਨੇ ਆਪਣੀ ਪਣਡੁੱਬੀ ਨੂੰ ਤਜ਼ਰਬਾਤੀ ਕਿਹਾ ਸੀ ਅਤੇ 2019 ਦੀ ਇੱਕ ਬਲੌਗ ਪੋਸਟ ਵਿੱਚ ਦਲੀਲ ਦਿੱਤੀ ਸੀ ਕਿ ਪ੍ਰਮਾਣਿਤ ਕਰਨ ਦੀ “ਪ੍ਰਕਿਰਿਆ ਖੋਜ ਨੂੰ ਧੀਮਾ ਕਰ ਦਿੱਤਾ।”
ਰੌਬ ਮੈਕਲਮ ਨੂੰ ਲਿਖੀ ਇੱਕ ਈ-ਮੇਲ ਵਿੱਚ ਉਨ੍ਹਾਂ ਨੇ ਕਿਹਾ ਕਿ ਟਾਈਟਨ ਸੁਰੱਖਿਅਤ ਹੈ, ਇਹ ਦਿਖਾਉਣ ਲਈ ਉਨ੍ਹਾਂ ਨੂੰ ਕਾਗਜ਼ ਦੇ ਕਿਸੇ ਟੁਕੜੇ ਦੀ ਲੋੜ ਨਹੀਂ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਆਪਣੇ ਪ੍ਰੋਟੋਕਾਲ ਅਤੇ ਯਾਤਰੀਆਂ ਦੀ ਲਿਖਤੀ ਸਹਿਮਤੀ ਹੀ ਕਾਫ਼ੀ ਸੀ।
ਟਾਈਟਨ ਦੇ ਯਾਤਰੀਆਂ ਨੇ ਇਸ ਵਿੱਚ ਜਾਣ ਲਈ ਢਾਈ ਲੱਖ ਡਾਲਰ ਦਾ ਭੁਗਤਾਨ ਕੀਤਾ ਸੀ। ਉਨ੍ਹਾਂ ਸਾਰਿਆਂ ਨੇ ਕੰਪਨੀ ਨੂੰ ਕਿਸੇ ਵੀ ਜ਼ਿੰਮੇਵਾਰੀ ਤੋਂ ਮੁਕਤ ਕਰਨ ਦੇ ਕਾਗਜ਼ਾਂ ਉੱਤੇ ਦਸਖ਼ਤ ਕੀਤੇ ਸਨ।
ਆਇਰਲੈਂਡ ਦੇ ਕਾਰੋਬਾਰ ਓਸਿਨ ਫੈਨਿੰਗ ਨੇ ਟਾਈਟਨ ਵਿੱਚ ਸਾਲ 2022 ਦੌਰਾਨ ਦੋ ਡੁਬਕੀਆਂ ਲਾਈਆਂ ਸਨ।
ਉਨ੍ਹਾਂ ਨੇ ਕਿਹਾ ਕਿ ਓਸ਼ੀਅਨ ਗੇਟ ਦੀ ਟੀਮ ਨੇ ਸੁਰੱਖਿਆ ਨੂੰ ਗੰਭੀਰਤਾ ਨਾਲ ਲਿਆ ਸੀ। ਹਰ ਗੋਤੇ ਤੋਂ ਪਹਿਲਾਂ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਸੀ। ਲੇਕਿਨ ਟਾਈਟਨ ਨੂੰ ਸਰਟੀਫਿਕੇਟ ਮਿਲਿਆ ਹੋਇਆ ਸੀ ਜਾਂ ਨਹੀਂ ਇਸ ਬਾਰੇ ਉਨ੍ਹਾਂ ਨੂੰ ਸਪਸ਼ਟ ਨਹੀਂ ਦੱਸਿਆ ਗਿਆ ਸੀ।
“ਸਾਨੂੰ ਸਾਰਿਆਂ ਨੂੰ ਪਤਾ ਸੀ ਕਿ ਟਾਈਟਨ ਤਜ਼ਰਬਾਤੀ ਪੱਧਰ ਉੱਤੇ ਸੀ। ਸਾਨੂੰ ਬਹੁਤ ਭਰੋਸਾ ਸੀ ਕਿਉਂਕਿ ਇਸ ਤੋਂ ਪਹਿਲਾਂ ਕੁਝ ਗੋਤੇ ਲੱਗੇ ਸਨ ਅਤੇ ਸਭ ਠੀਕ ਕੰਮ ਕਰਦਾ ਲਗਦਾ ਸੀ।”
ਜਨਤਕ ਸੁਣਵਾਈ ਵਿੱਚ ਅਜੇ ਦੋ ਹਫ਼ਤੇ ਬਾਕੀ ਹਨ। ਉਮੀਦ ਹੈ ਕਿ ਇਸ ਤੋਂ ਮਿਲਣ ਵਾਲੇ ਜਵਾਬ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਵਿੱਚ ਮਦਦਗਾਰ ਹੋਣਗੇ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)