ਟਾਇਟਨ ਪਣਡੁੱਬੀ ਕਿਵੇਂ ਮਿਲੇਗੀ, ਅੱਗੇ ਜਾਂਚ ’ਚ ਕੀ ਹੋਵੇਗਾ ਤੇ ਕੀ ਲਾਸ਼ਾਂ ਮਿਲ ਸਕਣਗੀਆਂ

    • ਲੇਖਕ, ਕੈਥਰਿਨ ਆਰਮਸਟਰੋਂਗ ਤੇ ਜੋਨਾਥਨ ਐਮੋਸ
    • ਰੋਲ, ਵਿਗਿਆਨ ਪੱਤਰਕਾਰ, ਬੀਬੀਸੀ ਨਿਊਜ਼

ਅਮਰੀਕਾ ਦੇ ਅਧਿਕਾਰੀਆਂ ਨੇ 18 ਜੂਨ ਨੂੰ ਟਾਇਟੈਨਿਕ ਦਾ ਮਲਬਾ ਦੇਖਣ ਗਈ ਅਤੇ ਲਾਪਤਾ ਹੋਈ ਟਾਇਟਨ ਸਬਮਰਸੀਬਲ ਪਣਡੁੱਬੀ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ।

ਅਧਿਕਾਰੀਆਂ ਮੁਤਾਬਕ ਇਸ ਵਿੱਚ ਸਵਾਰ ਲੋਕ ਦੀ ਮੌਤ ‘‘ਵਿਨਾਸ਼ਕਾਰੀ ਧਮਾਕੇ’’ (ਪਣਡੁੱਬੀ ਦੇ ਅੰਦਰ) ਨਾਲ ਹੋਈ।

ਪਰ ਅਜੇ ਵੀ ਕਈ ਸਵਾਲ ਕਾਇਮ ਹਨ ਕਿ ਆਖ਼ਿਰ ਅਸਲ ਵਿੱਚ ਹੋਇਆ ਕੀ ਅਤੇ ਇਸ ਦੇ ਨਾਲ-ਨਾਲ ਪੂਰੀ ਜਾਂਚ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ।

ਇਸ ਹਾਦਸੇ ਬਾਰੇ ਸਵਾਲ ਖੜ੍ਹੇ ਕਰਨ ਵਾਲਿਆਂ ਵਿੱਚ ਪਣਡੁੱਬੀ ’ਚ ਸਵਾਰ ਬ੍ਰਿਟੇਨ ਦੇ ਕਾਰੋਬਾਰੀ ਹਾਮਿਸ਼ ਹਾਰਡਿੰਗ ਦੀ ਰਿਸ਼ਤੇਦਾਰ ਲੂਸੀ ਕੋਸਨੇਟ ਹਨ।

ਲੂਸੀ ਨੇ ਬੀਬੀਸੀ ਨੂੰ ਦੱਸਿਆ, ‘‘ਸੁਰੱਖਿਆ ਨੂੰ ਲੈ ਕੇ ਹੋਰ ਕੰਮ ਹੋਣੇ ਚਾਹੀਦੇ ਸੀ। ਓਸ਼ੀਅਨਗੇਟ ਕੰਪਨੀ ਨੂੰ ਸੁਰੱਖਿਆ ਲਈ ਹੋਰ ਕੰਮ ਕਰਨਾ ਚਾਹੀਦਾ ਸੀ।’’

‘‘ਇਸ ਮਾਮਲੇ ਦੀ ਪੂਰੀ ਤਰ੍ਹਾਂ ਪੜਤਾਲ ਹੋਣੀ ਚਾਹੀਦੀ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਕੀ ਗ਼ਲਤ ਹੋਇਆ, ਕਿਉਂ ਹੋਇਆ, ਕਿਉਂ ਉਹ ਬੱਚ ਨਹੀਂ ਸਕੇ।’’

ਕੀ ਲਾਸ਼ਾਂ ਮਿਲ ਸਕਣਗੀਆਂ?

ਯੂਐੱਸ ਕੋਸਟ ਗਾਰਡ ਦੇ ਰੀਅਰ ਐਡਮਿਰਲ ਜੋਹਨ ਮੌਗਰ ਨੇ ਵੀਰਵਾਰ (22 ਜੂਨ) ਨੂੰ ਕਿਹਾ ਕਿ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਇਹ ਮੁਮਕਿਨ ਹੋ ਸਕੇਗਾ ਕਿ ਮਰਨ ਵਾਲਿਆਂ ਦੀਆਂ ਲਾਸ਼ਾਂ ਲੱਭੀਆਂ ਜਾ ਸਕਣ।

ਉਨ੍ਹਾਂ ਕਿਹਾ, ‘‘ਇਹ ਇੱਕ ਅਵਿਸ਼ਵਾਸਯੋਗ ਤੇ ਮਾਫ਼ ਨਾ ਕਰਨ ਵਾਲਾ ਮਾਹੌਲ ਹੈ।’’

ਪਣਡੁੱਬੀ ਵਿੱਚ ਬ੍ਰਿਟੇਨ ਦੇ ਅਰਬਪਤੀ ਕਾਰੋਬਾਰੀ ਹਾਮਿਸ਼ ਹਾਰਡਿੰਗ ਅਤੇ ਸ਼ਹਿਜ਼ਾਦਾ ਦਾਊਦ ਆਪਣੇ ਪੁੱਤਰ ਸੁਲੇਮਾਨ ਨਾਲ ਸਵਾਰ ਸਨ।

ਪਣਡੁੱਬੀ ਨੂੰ ਲੈ ਕੇ ਜਾਣ ਵਾਲੀ ਕੰਪਨੀ ਓਸ਼ੀਅਨਗੇਟ ਦੇ ਸੀਈਓ ਸਟਾਕਟਨ ਰਸ਼ ਵੀ ਇਸ ਵਿੱਚ ਸਵਾਰ ਸਨ, ਇਸ ਤੋਂ ਇਲਾਵਾ ਸਾਬਕਾ ਫ੍ਰੈਂਚ ਗੋਤਾਖੋਰ ਪਾਲ ਹੈਨਰੀ ਵੀ ਇਸ ਟੂਰ ਵਿੱਚ ਸ਼ਾਮਲ ਸਨ।

ਪਣਡੁੱਬੀ ਦੇ ਲਾਪਤਾ ਹੋਣ ਤੋਂ ਲੈ ਕੇ ਮਿਲਣ ਤੱਕ ਦੀਆਂ ਮੁੱਖ ਗੱਲਾਂ

  • 18 ਜੂਨ (ਐਤਵਾਰ) ਦੀ ਦੇਰ ਸ਼ਾਮ ਕਰੀਬ ਸਾਢੇ ਅੱਠ ਵਜੇ ਟਾਇਟਨ ਸਬਮਰਸੀਬਲ ਨਾਮ ਦੀ ਪਣਡੁੱਬੀ ਲਾਪਤਾ ਹੋ ਗਈ।
  • ਇਹ ਪਣਡੁੱਬੀ ਮੱਧ ਅਟਲਾਂਟਿਕ ਮਹਾਸਾਗਰ ਵਿੱਚ ਸੈਲਾਨੀਆਂ ਨੂੰ ਟਾਇਟੈਨਿਕ ਦਾ ਮਲਬਾ ਦਿਖਾਉਣ ਗਈ ਸੀ।
  • ਓਸ਼ੀਅਨਗੇਟ ਕੰਪਨੀ ਵੱਲੋਂ ਚਲਾਈ ਜਾਣ ਵਾਲੀ ਪਣਡੁੱਬੀ ਵਿੱਚ ਪਾਇਲਟ ਸਣੇ ਚਾਰ ਲੋਕ ਸਵਾਰ ਸਨ।
  • ਯੁਐੱਸ ਕੋਸਟ ਗਾਰਡ ਮੁਤਾਬਕ ਮਹਾਸਾਗਰ ਵਿੱਚ ਜਾਣ ਦੇ ਪੌਣੇ ਦੋ ਘੰਟੇ ਬਾਅਦ ਪਣਡੁੱਬੀ ਨਾਲ ਰਾਬਤਾ ਟੁੱਟ ਗਿਆ ਸੀ।
  • ਪਣਡੁੱਬੀ ਦੀ ਭਾਲ ਵਿੱਚ ਕੈਨੇਡਾ ਤੇ ਅਮਰੀਕਾ ਦੀਆਂ ਜਾਂਚ ਏਜੰਸੀਆਂ ਦਿਨ-ਰਾਤ ਕੋਸ਼ਿਸ਼ਾਂ ਵਿੱਚ ਲੱਗੀਆਂ ਰਹੀਆਂ।
  • ਟਾਇਟੈਨੇਟਿਕ ਦੇ ਮਲਬੇ ਨੂੰ ਦੇਖਣ ਲਈ ਇਸ ਪਣਡੁੱਬੀ ਦਾ ਸਫ਼ਰ ਨਿਊਫਾਉਂਡਲੈਂਡ ਦੇ ਸੈਂਟ ਜੌਨਸ ਤੋਂ ਸ਼ੁਰੂ ਹੁੰਦਾ ਹੈ।
  • ਮੌਜੂਦਾ ਸਮੇਂ ਅੱਠ ਦਿਨਾਂ ਦੇ ਟੂਰ ਦੀ ਕੀਮਤ ਲਗਭਗ ਦੋ ਕਰੋੜ ਰੁਪਏ ਹੈ।
  • ਟੂਰ ਦੌਰਾਨ ਪਣਡੁੱਬੀ ਟਾਇਟੈਨਿਕ ਜਹਾਜ਼ ਦੇ ਮਲਬੇ ਕੋਲ ਸਮੰਦਰ ਵਿੱਚ 3800 ਮੀਟਰ ਹੇਠਾਂ ਡੁਬਕੀ ਲਗਾਉਂਦੀ ਹੈ।
  • ਇਸ ਪਣਡੁੱਬੀ ਦਾ ਭਾਰ 10,432 ਕਿੱਲੋ ਹੈ ਅਤੇ ਲੰਬਾਈ 22 ਫੁੱਟ ਹੈ। ਇਹ ਪਣਡੁੱਬੀ 96 ਘੰਟਿਆਂ ਤੱਕ ਪੰਜ ਲੋਕਾਂ ਨੂੰ ਰੱਖ ਸਕਦੀ ਹੈ।
  • 22 ਜੂਨ (ਵੀਰਵਾਰ) ਨੂੰ ਯੂਐੱਸ ਕੋਸਟ ਗਾਰਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਣਡੁੱਬੀ ਦਾ ਮਲਬਾ ਮਿਲਿਆ ਹੈ ਅਤੇ ਇਸ ਵਿੱਚ ਸਵਾਰ ਪੰਜੇ ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ:

ਭਾਲ ਬਾਰੇ ਅੱਗੇ ਕੀ ਹੋਵੇਗਾ?

ਇਸ ਬਾਰੇ ਅਜੇ ਸਾਫ਼ ਨਹੀਂ ਹੈ ਕਿ ਕਿਹੜੀ ਏਜੰਸੀ ਪੜਤਾਲ ਦੀ ਅਗਵਾਈ ਕਰੇਗੀ ਕਿਉਂਕਿ ਇਸ ਤਰ੍ਹਾਂ ਦੇ ਹਾਦਸਿਆਂ ਲਈ ਕੋਈ ਪ੍ਰੋਟੋਕੋਲ ਨਹੀਂ ਹੈ।

ਯੂਐੱਸ ਕੋਸਟ ਗਾਰਡ ਦੇ ਜੋਹਨ ਮੌਗਰ ਕਹਿੰਦੇ ਹਨ ਕਿ ਸਥਿਤੀ ਗੁੰਝਲਦਾਰ ਹੈ ਕਿਉਂਕਿ ਇਹ ਹਾਦਸਾ ਸਮੁੰਦਰ ਵਿੱਚ ਕਿਤੇ ਦੂਰ-ਦੁਰਾਡੇ ਵਾਲੇ ਹਿੱਸੇ ਵਿੱਚ ਹੋਇਆ ਹੈ ਅਤੇ ਇਸ ਵਿੱਚ ਕਈ ਮੁਲਕਾਂ ਦੇ ਲੋਕ ਸਨ।

ਪਰ ਕਿਉਂਕਿ ਹੁਣ ਤੱਕ ਇਸ ਆਪਰੇਸ਼ਨ ਦੀ ਯੂਐੱਸ ਕੋਸਟ ਗਾਰਡ ਨੇ ਅਗਵਾਈ ਕੀਤੀ ਹੈ ਤਾਂ ਉਮੀਦ ਹੈ ਕਿ ਉਨ੍ਹਾਂ ਦੀ ਭੂਮਿਕਾ ਅਹਿਮ ਰਹੇਗੀ।

ਕੋਸਟ ਗਾਰਡ ਮੁਤਾਬਕ ਉਹ ਮਲਬੇ ਵਾਲੇ ਖ਼ੇਤਰ ਵਿੱਚ ਜਾਂਚ ਜਾਰੀ ਰੱਖਣਗੇ। ਸਮੁੰਦਰੀ ਜਹਾਜ਼ ਅਤੇ ਤਕਨੀਕੀ ਲੋਕ ਉਸੇ ਖ਼ੇਤਰ ਵਿੱਚ ਰਹਿਣਗੇ। ਹੋਰ ਟੀਮਾਂ ਨੇ ਸ਼ੁੱਕਰਵਾਰ (23 ਜੂਨ) ਨੂੰ ਉਨ੍ਹਾਂ ਉਪਕਰਣਾਂ ਦੇ ਨਾਲ ਜੋ ਹੁਣ ਜ਼ਰੂਰੀ ਨਹੀਂ ਹਨ, ਉਨ੍ਹਾਂ ਸਣੇ ਵਾਪਸੀ ਵੱਲ ਸ਼ੁਰੂਆਤ ਕਰਨੀ ਸੀ।

ਰਿਮੋਟ ਨਾਲ ਚੱਲਣ ਵਾਲੇ ਵਾਹਨਾਂ (ਆਰਓਵੀ) ਨੂੰ ਵੀ ਸਮੁੰਦਰ ਵਿੱਚ ਟਾਇਟੈਨਿਕ ਜਹਾਜ਼ ਦੇ ਆਲੇ-ਦੁਆਲੇ ਭੇਜ ਦਿੱਤਾ ਗਿਆ ਹੈ।

ਮੌਗਰ ਕਹਿੰਦੇ ਹਨ, ‘‘ਮੇਰੇ ਕੋਲ ਇਸ ਵੇਲੇ ਕੋਈ ਸਮਾਂ ਸੀਮਾਂ ਨਹੀਂ ਕਿ ਅਸੀਂ ਕਦੋਂ ਸਮੁੰਦਰ ਵਿੱਚ ਚੱਲ ਰਹੇ ਰਿਮੋਟ ਆਪਰੇਸ਼ਨਾਂ ਨੂੰ ਰੋਕਾਂਗੇ।’’

ਮਲਬੇ ਦੀ ਭਾਲ ਕਰਨ ਵਾਲੇ ਆਰਓਵੀ ਵਾਲੀ ਕੰਪਨੀ ਪੇਲਾਗਿਕ ਰਿਸਰਚ ਸਰਵਿਸੀਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸਮੁੰਦਰ ਵਿੱਚ ਮੁੜ ਆਪਣੇ ਵਾਹਨ ਭੇਜ ਰਹੇ ਹਨ ਤਾਂ ਜੋ ਖ਼ੇਤਰ ਨੂੰ ਘੋਖਿਆ ਜਾ ਸਕੇ ਅਤੇ ਮਲਬੇ ਨੂੰ ਇਕੱਠਾ ਕੀਤਾ ਜਾ ਸਕੇ।

ਇਸ ਕੰਪਨੀ ਦੇ ਬੁਲਾਰੇ ਨੇ ਸੀਐੱਨਐੱਨ ਨੂੰ ਕਿਹਾ ਕਿ ਉਨ੍ਹਾਂ ਦੀ ਕੰਪਨੀ ਆਰਓਵੀ ਮਿਸ਼ਨ ਲਈ ਹੋਰ ਇੱਕ ਹਫ਼ਤਾ ਰਹੇਗੀ।

ਪਣਡੁੱਬੀ ਦੇ ਮਲਬੇ ਨੂੰ ਇੱਕਠਾ ਕਰਨਾ

ਇਹ ਜ਼ਰੂਰੀ ਹੋਵੇਗਾ ਕਿ ਜਿੰਨਾ ਮੁਮਕਿਨ ਹੋ ਸਕੇ ਮਲਬੇ ਨੂੰ ਇੱਕਠਾ ਕਰਨਾ ਹੋਵੇਗਾ, ਇਸ ਦੇ ਨਾਲ ਹੀ ਪਣਡੁੱਬੀ ਜਿਸ ਕਾਰਬਨ ਫਾਈਬਰ ਨਾਲ ਬਣੀ ਹੈ ਉਸ ਦੇ ਹਿੱਸਿਆਂ ਨੂੰ ਇਕੱਠਾ ਕਰਨਾ ਅਹਿਮ ਹੋਵੇਗਾ ਤਾਂ ਜੋ ਏਜੰਸੀਆਂ ਇੱਕ ਤਸਵੀਰ ਜਾਂ ਖਾਕਾ ਤਿਆਰ ਕਰ ਸਕਣ ਕਿ ਆਖ਼ਿਰ ਹੋਇਆ ਕੀ ਸੀ।

ਜਿਸ ਖ਼ੇਤਰ ਵਿੱਚ ਪਣਡੁੱਬੀ ਦਾ ਮਲਬਾ ਮਿਲਿਆ ਹੈ, ਉਸ ਨੂੰ ਘੋਖਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਸਮੁੰਦਰੀ ਮਾਮਲਿਆਂ ਦੇ ਮਾਹਰ ਪੌਲ ਹੰਕਿਨ ਕਹਿੰਦੇ ਹਨ ਕਿ ਹਾਲੇ ਤੱਕ ਪਣਡੁੱਬੀ ਦੇ ਪੰਜ ਟੁਕੜੇ ਮਿਲ ਸਕਦੇ ਹਨ, ਇਸ ਵਿੱਚ ਅਗਲਾ ਹਿੱਸਾ ਵੀ ਸ਼ਾਮਲ ਹੈ।

ਇਹ ਅਜੇ ਸਾਫ਼ ਨਹੀਂ ਹੈ ਕਿ ਪਣਡੁੱਬੀ ਦੇ ਬਾਕੀ ਹਿੱਸੇ ਕਿਸ ਹਾਲਤ ਵਿੱਚ ਹੋਣਗੇ।

ਇਸ ਹਾਦਸੇ ਦੀ ਜਾਂਚ ਕਿਵੇਂ ਹੋਵੇਗੀ?

ਸ਼ੁੱਕਰਵਾਰ (23 ਜੂਨ) ਨੂੰ ਕੈਨੇਡਾ ਅਤੇ ਅਮਰੀਕਾ ਦੀਆਂ ਫ਼ੈਡਰਲ ਟ੍ਰਾਂਸਪੋਰਟੇਸ਼ਨ ਏਜੰਸੀਆਂ ਨੇ ਕਿਹਾ ਕਿ ਉਹ ਇਸ ਹਾਦਸੇ ਦੀ ਜਾਂਚ ਕਰਨਗੀਆਂ।

ਅਮਰੀਕਾ ਵਿੱਚ ਇਹ ਪੜਤਾਲ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਅਤੇ ਯੂਐੱਸ ਕੋਸਟ ਗਾਰਡ ਦੀ ਅਗਵਾਈ ਵਿੱਚ ਹੋਵੇਗੀ।

ਟਾਇਟਨ ਸਬਮਰਸੀਬਲ ਪਣਡੁੱਬੀ ਦੀ ਸ਼ੁਰੂਆਤ ਕੈਨੇਡਾ ਦੇ ਪੋਲਰ ਪ੍ਰਿੰਸ ਤੋਂ ਹੋਈ ਸੀ। ਕੈਨੇਡਾ ਨੇ ਜਾਂਚ ਕਰਨ ਵਾਲਿਆਂ ਦੀ ਇੱਕ ਟੀਮ ਫ਼ੈਡਰਲ ਟ੍ਰਾਂਸਪੋਰਟੇਸ਼ਨ ਏਜੰਸੀ ਤੋਂ ਨਿਊਫਾਂਉਡਲੈਂਡ ਲਈ ਭੇਜ ਦਿੱਤੀ ਹੈ, ਜੋ ਉੱਥੇ ਇੰਟਰਵਿਊਜ਼ ਕਰੇਗੀ। ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਹੋਰ ਏਜੰਸੀਆਂ ਨਾਲ ਤਾਲਮੇਲ ਰੱਖਣਗੇ।

ਯੂਐੱਸ ਕੋਸਟ ਗਾਰਡ ਦੇ ਰੀਅਰ ਐਡਮਿਰਲ ਜੋਹਨ ਮੌਗਰ ਨੇ ਵੀਰਵਾਰ ਨੂੰ ਕਿਹਾ ਕਿ ਇਸ ਹਾਦਸੇ ਦੀ ਜਾਂਚ ਬਾਰੇ ਮੁਲਕਾਂ ਦੀਆਂ ਸਰਕਾਰਾਂ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕਰ ਰਹੀਆਂ ਹਨ।

ਕਿਸੇ ਵੀ ਜਾਂਚ ਵਿੱਚ ਸ਼ਾਮਲ ਲੋਕ ਇਸ ਸਿਧਾਂਤ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰਨਗੇ ਕਿ ਟਾਇਟਨ ਵਿੱਚ ਸਵਾਰ ਲੋਕਾਂ ਦੀ ਮੌਤ ਦਾ ਕਾਰਨ ਇੱਕ ਧਮਾਕਾ ਸੀ ਅਤੇ ਜੇ ਅਜਿਹਾ ਹੈ ਤਾਂ ਇਹ ਕਦੋਂ ਅਤੇ ਕਿਉਂ ਹੋਇਆ।

ਮੌਗਰ ਨੇ ਅੱਗੇ ਕਿਹਾ ਕਿ ਅਜਿਹੇ ਪਾਣੀ ਹੇਠਲੇ ਮਿਸ਼ਨਾਂ ਦੇ ਨਿਯਮਾਂ ਅਤੇ ਮਿਆਰਾਂ ਦੇ ਆਲੇ ਦੁਆਲੇ ਵਿਆਪਕ ਸਵਾਲ ਭਵਿੱਖ ਦੀ ਸਮੀਖਿਆ ਦਾ ਕੇਂਦਰ ਹੋਣ ਦੀ ਸੰਭਾਵਨਾ ਸੀ।

ਟਾਇਟਨ ਨਾਲ ਅਸਲ ਵਿੱਚ ਕੀ ਹੋਇਆ ਇਸ ਬਾਰੇ ਜਾਣਕਾਰੀ ਦਾ ਇੱਕ ਹੋਰ ਸੰਭਾਵੀ ਸਰੋਤ ਹਾਈਡ੍ਰੋਫੋਨ ਹੋ ਸਕਦੇ ਹਨ, ਹਾਈਡ੍ਰੋਫੋਨ ਪਾਣੀ ਦੇ ਅੰਦਰ ਕੰਮ ਕਰਨ ਵਾਲੇ ਮਾਈਕ੍ਰੋਫੋਨ ਹੁੰਦੇ ਹਨ ਜੋ ਗੈਰ-ਕਾਨੂੰਨੀ ਪਰਮਾਣੂ ਹਥਿਆਰਾਂ ਦੇ ਟੈਸਟਾਂ ਨੂੰ ਸੁਣਨ ਲਈ ਵਰਤੇ ਜਾਂਦੇ ਹਨ।

ਇਨ੍ਹਾਂ ਨੇ ਇਹ ਸਥਾਪਿਤ ਕਰਨ ਵਿੱਚ ਮਦਦ ਕੀਤੀ ਸੀ ਕਿ ਅਰਜਨਟੀਨਾ ਦੀ ਪਣਡੁੱਬੀ ਸੈਨ ਜੁਆਨ 2017 ਵਿੱਚ ਅਰਜਨਟੀਨਾ ਦੇ ਸਮੁੰਦਰ ਤੋਂ ਲਾਪਤਾ ਹੋਣ ਤੋਂ ਬਾਅਦ ਪਲਟ ਗਈ ਸੀ।

ਹਾਈਡ੍ਰੋਫੋਨਾਂ ਨੇ ਟਾਇਟਨ ਦੇ ਅੰਤ ਨੂੰ ਚੰਗੀ ਤਰ੍ਹਾਂ ਰਿਕਾਰਡ ਕੀਤਾ ਹੋ ਸਕਦਾ ਹੈ ਅਤੇ ਸਾਨੂੰ ਇੱਕ ਸਹੀ ਸਮਾਂ ਦੇ ਸਕਦੇ ਹਨ ਕਿ ਇਹ ਹਾਦਸਾ ਕਦੋਂ ਵਾਪਰਿਆ ਸੀ।

ਨੇਵੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਯੂਐੱਸ ਨੇਵੀ ਨੇ ਪਣਡੁੱਬੀ ਨਾਲ ਟੁੱਟੇ ਸੰਪਰਕ ਤੋਂ ਤੁਰੰਤ ਬਾਅਦ "ਧਮਾਕੇ ਦੇ ਨਾਲ ਇਕਸਾਰ" ਆਵਾਜ਼ਾਂ ਦਾ ਪਤਾ ਲਗਾਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)