ਟਾਇਟੈਨਿਕ ਜਹਾਜ਼ ਜੋ ‘ਕਦੇ ਡੁੱਬ ਨਹੀਂ ਸਕਦਾ’ ਸੀ, ਉਸ ਦੇ ਡੁੱਬਣ ਦੀ ਕਹਾਣੀ ਇਨ੍ਹਾਂ ਪੰਜ ਨੁਕਤਿਆਂ ਰਾਹੀਂ ਸਮਝੋ

1912 ਵਿੱਚ ਇੱਕ ਬਹੁਤ ਹੀ ਵੱਡਾ ਸਮੁੰਦਰੀ ਜਹਾਜ਼ ਬਣਾਇਆ ਗਿਆ ਸੀ ਜਿਸ ਦੇ ਬਾਰੇ ਵਿੱਚ ਕਿਹਾ ਜਾਂਦਾ ਸੀ ਕਿ ਇਸ ਨੂੰ ਤਾਂ ਰੱਬ ਵੀ ਨਹੀਂ ਡੁੱਬਾ ਸਕਦਾ ਹੈ।

ਟਾਇਟੈਨਿਕ ਨਾਮ ਦਾ ਇਹ ਜਹਾਜ਼ 269 ਮੀਟਰ ਲੰਬਾ ਸੀ ਅਤੇ ਉਸ ਵਕਤ ਸਟੀਲ ਨਾਲ ਬਣਾਇਆ ਗਿਆ ਸੀ। ਡਰਾਇਵਰ ਦਾ ਕਰੂ ਅਤੇ ਯਾਤਰੀਆਂ ਨੂੰ ਮਿਲਾ ਕੇ ਇਸ ਉੱਤੇ ਕਰੀਬ 3300 ਲੋਕਾਂ ਨੂੰ ਠਹਿਰਾਉਣ ਦੀ ਸਹੂਲਤ ਸੀ।

ਪਰ ਬ੍ਰਿਟੇਨ ਤੋਂ ਅਮਰੀਕਾ ਜਾਂਦੇ ਵਕਤ ਅਟਲਾਂਟਿਕ ਸਾਗਰ ਵਿੱਚ ਇੱਕ ਰਾਤ ਹੋਏ ਹਾਦਸੇ ਤੋਂ ਬਾਅਦ ਇਹ ਜਹਾਜ਼ ਕੁਝ ਘੰਟਿਆਂ ਵਿੱਚ ਹੀ ਡੁੱਬ ਗਿਆ।

ਇਸ ਦਾ ਮਲਬਾ ਅੱਜ ਤੱਕ ਉੱਥੇ ਹੀ ਪਿਆ ਹੈ। ਇਸ ਨੂੰ ਅੱਜ ਤੱਕ ਕੱਢਿਆ ਨਹੀਂ ਜਾ ਸਕਿਆ ਹੈ।

ਜਾਣਕਾਰਾਂ ਦਾ ਕਹਿਣਾ ਸੀ ਕਿ ਇੰਜੀਨੀਅਰਿੰਗ ਦੇ ਲਿਹਾਜ਼ ਨਾਲ ਇਹ ਡਿਜ਼ਾਈਨ ਦੇ ਆਧਾਰ ’ਤੇ ਵਿਕਸਿਤ ਪਹਿਲਾ ਜਹਾਜ਼ ਸੀ ਜਿਸ ਵਿੱਚ ਕਈ ਵਾਟਰਟਾਈਟ ਕੰਪਾਰਟਮੈਂਟ ਬਣਾਏ ਗਏ ਸੀ।

ਜਹਾਜ਼ ਦਾ ਡਿਜ਼ਾਈਨ ਕੁਝ ਅਜਿਹਾ ਸੀ ਕਿ ਜੇ ਜਹਾਜ਼ ਦਾ ਇੱਕ ਕਮਰਾ ਪਾਣੀ ਨਾਲ ਭਰ ਜਾਵੇ ਤਾਂ ਉਹ ਦੂਜੇ ਕਮਰੇ ਨੂੰ ਡੁੱਬਾ ਨਹੀਂ ਸਕਦਾ ਸੀ।

ਜਹਾਜ਼ ਬਣਾਉਣ ਅਤੇ ਨੈਵੀਗੇਟਰ ਸਿਵਿਲ ਇੰਜੀਨੀਅਰ ਥਿਓਰੀ ਦੇ ਅਨੁਸਾਰ ‘ਟਾਇਟੈਨਿਕ ਦਾ ਪ੍ਰਚਾਰ ਇਸ ਤਰ੍ਹਾ ਕੀਤਾ ਗਿਆ ਸੀ ਕਿ ਜਹਾਜ਼ ਡੁੱਬ ਹੀ ਨਹੀਂ ਸਕਦਾ ਹੈ।’

‘ਇਸ ਦਾ ਇਹ ਕਾਰਨ ਸੀ ਕਿ ਇਸ ਵਿੱਚ ਬਹੁਤ ਸਾਰੇ ਤਹਿਖ਼ਾਨੇ ਬਣਾਏ ਸੀ ਜੋ ਵਾਟਰਟਾਈਟ ਦੀਵਾਰਾਂ ਨਾਲ ਬਣੇ ਸੀ। ਤਹਿਖਾਨੇ ਦੀਆਂ ਦੋ ਕਤਾਰਾਂ ਵਿੱਚ ਪਾਣੀ ਭਰਨ ਦੇ ਹਾਲਾਤ ਵਿੱਚ ਵੀ ਜਹਾਜ਼ ਡੁੱਬਣ ਵਾਲਾ ਨਹੀਂ ਸੀ।’

ਆਉ ਨਜ਼ਰ ਪਾਉਂਦੇ ਹਾਂ ਇਸ ਬਹੁਤ ਹੀ ਵੱਡੇ ਜਹਾਜ਼ ਦੇ ਡੁੱਬਣ ਦੀ ਕਹਾਣੀ ਉੱਤੇ, ਇਨ੍ਹਾਂ ਪੰਜ ਸਵਾਲਾਂ ਜ਼ਰੀਏ-

ਟਾਇਟੈਨਿਕ ਕਿੰਨਾ ਵੱਡਾ ਸੀ?

ਟਾਇਟੈਨਿਕ ਦਾ ਅਸਲੀ ਨਾਂ ਆਰਐੱਮਐੱਸ ਟਾਇਟੈਨਿਕ ਸੀ ਕਿਉਂਕਿ ਇਹ ਰੌਇਲ ਮੇਲ ਸ਼ਿਪ ਸੀ ਜੋ 3500 ਬਸਤੇ ਭਰ ਕੇ ਚਿੱਠੀਆਂ ਲੈ ਕੇ ਜਾ ਰਿਹਾ ਸੀ। ਇਨ੍ਹਾਂ ਚਿੱਠੀਆਂ ਵਿੱਚ ਹੋਰ ਪੈਕਟ ਸ਼ਾਮਿਲ ਸਨ।

ਆਇਰਲੈਂਡ ਦੇ ਬੈਲਫਾਸਟ ਵਿੱਚ ਹਾਲੈਂਡ ਐਂਡ ਵੂਲਫ ਨਾਂ ਦੀ ਕੰਪਨੀ ਦਾ ਬਣਾਇਆ ਇਹ ਜਹਾਜ਼ 269 ਮੀਟਰ ਲੰਬਾ, 28 ਮੀਟਰ ਚੌੜਾ ਅਤੇ 53 ਮੀਟਰ ਉੱਚਾ ਸੀ।

ਇਨ੍ਹਾਂ ਵਿੱਚ ਤਿੰਨ ਇੰਜਨ ਸੀ ਅਤੇ ਇਸ ਦੀਆਂ ਭੱਟੀਆਂ ਵਿੱਚ 600 ਟਨ ਤੱਕ ਕੋਇਲਾ ਲਗਦਾ ਸੀ।

ਇਸ ਨੂੰ ਬਣਾਉਣ ਵਿੱਚ ਉਸ ਵਕਤ 15 ਲੱਖ ਬਰਤਾਨਵੀ ਪਾਊਂਡ ਦਾ ਖਰਚ ਆਇਆ ਸੀ ਅਤੇ ਇਸ ਨੂੰ ਬਣਾਉਣ ਵਿੱਚ ਤਿੰਨ ਸਾਲ ਦਾ ਵਕਤ ਲੱਗ ਗਿਆ।

ਇਸ ਵਿੱਚ 3300 ਲੋਕਾਂ ਲਈ ਥਾਂ ਸੀ। ਪਹਿਲੀ ਵਾਰ ਜਦੋਂ ਟਾਇਟੈਨਿਕ ਸਫਰ ਉੱਤੇ ਨਿਕਲਿਆ ਤਾਂ ਉਸ ਉੱਤੇ 1300 ਯਾਤਰੀ ਅਤੇ 900 ਡਰਾਇਵਰਾਂ ਦੀ ਟੀਮ ਦੇ ਮੈਂਬਰ ਸੀ।

ਟਇਟੈਨਿਕ ਲਗਜ਼ਰੀ ਜਹਾਜ਼ ਸੀ ਅਤੇ ਇਸ ਦੀਆਂ ਟਿਕਟਾਂ ਵੀ ਮਹਿੰਗੀਆਂ ਸਨ। ਇਸ ਦੀ ਥਰਡ ਕਲਾਸ ਦੀ ਟਿਕਟ ਸੱਤ ਪਾਊਂਡ ਦੀ ਸੀ। ਸੈਕਿੰਡ ਕਲਾਸ ਦੀ ਟਿਕਟ ਕਰੀਬ 13 ਪਾਊਂਡ ਦੀ ਅਤੇ ਫਰਸਟ ਕਲਾਸ ਦੀ ਟਿਕਟ ਦੀ ਕੀਮਤ 30 ਪਾਊਂਡ ਸੀ।

2. ਟਾਈਟੈਨਿਕ ਕਦੋਂ ਅਤੇ ਕਿੱਥੇ ਡੁੱਬਿਆ?

ਸਾਲ 1911 ਵਿਚ, ਟਾਈਟੈਨਿਕ ਦੇ ਡੁੱਬਣ ਤੋਂ ਕੁਝ ਮਹੀਨੇ ਪਹਿਲਾਂ, ਗ੍ਰੀਨਲੈਂਡ ਦੇ ਦੱਖਣ-ਪੱਛਮੀ ਹਿੱਸੇ ਵਿਚ ਇਕ ਗਲੇਸ਼ੀਅਰ ਦਾ 500 ਮੀਟਰ ਦਾ ਵੱਡਾ ਟੁਕੜਾ ਇਸ ਤੋਂ ਵੱਖ ਹੋ ਗਿਆ ਸੀ।

ਹਵਾ ਅਤੇ ਸਮੁੰਦਰੀ ਲਹਿਰਾਂ ਨਾਲ ਇਹ ਆਈਸਬਰਗ ਦੱਖਣ ਵੱਲ ਤੈਰਨਾ ਸ਼ੁਰੂ ਹੋ ਗਿਆ।

14 ਅਪ੍ਰੈਲ ਦੀ ਰਾਤ ਨੂੰ ਇਹ ਆਈਸਬਰਗ, ਜੋ ਹੁਣ ਸਿਰਫ 125 ਮੀਟਰ ਬਚਿਆ ਸੀ, ਟਾਈਟੈਨਿਕ ਨਾਲ ਟਕਰਾ ਗਿਆ।

ਟਾਈਟੈਨਿਕ ਆਈਸਬਰਗ ਨਾਲ ਟਕਰਾਉਣ ਤੋਂ ਬਾਅਦ ਸਿਰਫ ਚਾਰ ਘੰਟਿਆਂ ਵਿੱਚ ਡੁੱਬ ਗਿਆ।

ਹਾਦਸੇ ਦੇ ਸਮੇਂ ਟਾਈਟੈਨਿਕ 41 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਇੰਗਲੈਂਡ ਦੇ ਸਾਊਥੈਂਪਟਨ ਤੋਂ ਅਮਰੀਕਾ ਦੇ ਨਿਊਯਾਰਕ ਵੱਲ ਜਾ ਰਿਹਾ ਸੀ।

ਹਾਦਸੇ ਦੇ ਸਮੇਂ ਟਾਈਟੈਨਿਕ ਵਿੱਚ ਯਾਤਰੀਆਂ ਅਤੇ ਚਾਲਕ ਦਲ ਸਮੇਤ ਕੁੱਲ 2200 ਲੋਕ ਸਵਾਰ ਸਨ। ਇਸ ਹਾਦਸੇ ਵਿੱਚ 1500 ਦੇ ਕਰੀਬ ਲੋਕ ਮਾਰੇ ਗਏ ਸਨ। 111 ਸਾਲ ਬਾਅਦ ਵੀ ਇਸ ਨੂੰ ਸਭ ਤੋਂ ਵੱਡਾ ਸਮੁੰਦਰੀ ਹਾਦਸਾ ਮੰਨਿਆ ਜਾ ਰਿਹਾ ਹੈ।

ਟਾਇਟੈਨਿਕ ਬਾਰੇ ਖਾਸ ਗੱਲਾਂ:

  • ਟਾਇਟੈਨਿਕ ਨਾਮ ਦਾ ਇਹ ਜਹਾਜ਼ 269 ਮੀਟਰ ਲੰਬਾ ਸੀ ਅਤੇ ਉਸ ਵਕਤ ਸਟੀਲ ਨਾਲ ਬਣਾਇਆ ਗਿਆ ਸੀ।
  • ਪਾਣੀ ਵਿੱਚ ਡੁੱਬੇ ਇਸ ਜਹਾਜ਼ ਦਾ ਮਲਬਾ ਅੱਜ ਤੱਕ ਉੱਥੇ ਹੀ ਪਿਆ ਹੈ। ਇਸ ਨੂੰ ਹਾਲੇ ਤੱਕ ਕੱਢਿਆ ਨਹੀਂ ਜਾ ਸਕਿਆ ਹੈ।
  • ਟਾਈਟੈਨਿਕ ਨੂੰ ਬਣਾਉਣ ਵਾਲੀ ਕੰਪਨੀ ਵ੍ਹਾਈਟ ਸਟਾਰ ਲਾਈਨ ਦੇ ਮੈਨੇਜਿੰਗ ਡਾਇਰੈਕਟਰ ਜੇ ਬਰੂਸ ਇਸਮੇ ਇਸ ਵਿੱਚ ਸਫ਼ਰ ਕਰ ਰਹੇ ਸਨ।
  • ਬਰੂਸ ਆਖਰੀ ਲਾਈਫਬੋਟ ਰਾਹੀਂ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਏ ਸਨ।

ਨਾ ਸਿਰਫ਼ ਬਰਤਾਨਵੀ ਸਰਕਾਰ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਸਗੋਂ ਅਮਰੀਕਨ ਸਰਕਾਰ ਨੇ ਵੀ ਇਸ ਦੀ ਡੂੰਘਾਈ ਨਾਲ ਜਾਂਚ ਕਰਵਾਈ।

ਬ੍ਰਿਟਿਸ਼ ਕਮਿਸ਼ਨਰ ਦੀ ਰਿਪੋਰਟ ਮੁਤਾਬਕ ਜਹਾਜ਼ ਬਹੁਤ ਤੇਜ਼ੀ ਨਾਲ ਜਾ ਰਿਹਾ ਸੀ ਅਤੇ ਇੱਕ ਬਰਫ਼ ਨਾਲ ਟਕਰਾ ਗਿਆ, ਜਿਸ ਕਾਰਨ ਇਹ ਡੁੱਬ ਗਿਆ।

ਇਸ ਹਾਦਸੇ 'ਚ ਜਾਨ ਗਵਾਉਣ ਵਾਲੇ ਕਈ ਲੋਕਾਂ ਦੇ ਰਿਸ਼ਤੇਦਾਰਾਂ ਦਾ ਮੰਨਣਾ ਹੈ ਕਿ ਸਮੁੰਦਰੀ ਕੰਢੇ 'ਤੇ ਇਹ ਜਗ੍ਹਾ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਦਫ਼ਨਾਇਆ ਗਿਆ, ਉਸ ਥਾਂ ਨਾਲ ਛੇੜਛਾੜ ਪਰੇਸ਼ਾਨ ਕਰਨ ਵਾਲੀ ਗੱਲ ਹੈ ਜੋ ਹੋਣਾ ਨਹੀਂ ਚਾਹੀਦਾ।

ਹਾਦਸੇ 'ਚ ਬਚੀ ਈਵਾ ਹਾਰਟ ਦਾ ਕਹਿਣਾ ਹੈ, "ਮੈਨੂੰ ਲੱਗਦਾ ਹੈ ਕਿ ਇਹ ਮੇਰੇ ਪਿਤਾ ਸਮੇਤ 1500 ਹੋਰ ਲੋਕਾਂ ਦੀ ਕਬਰ ਹੈ, ਇਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ।"

3.ਕਿੱਥੇ ਮਿਲਿਆ ਸੀ ਟਾਈਟੈਨਿਕ ਦਾ ਮਲਬਾ?

ਟਾਈਟੈਨਿਕ ਦਾ ਮਲਬਾ 1 ਸਤੰਬਰ, 1985 ਨੂੰ ਐਟਲਾਂਟਿਕ ਸਾਗਰ ਦੇ ਸਮੁੰਦਰੀ ਤਲ ਤੋਂ 2,600 ਫੁੱਟ ਹੇਠਾਂ ਮਿਲਿਆ ਸੀ।

ਇਸ ਦੀ ਖੋਜ ਅਮਰੀਕਾ ਅਤੇ ਫਰਾਂਸ ਦੀ ਸਾਂਝੀ ਮੁਹਿੰਮ ਨਾਲ ਕੀਤੀ ਗਈ ਸੀ, ਜਿਸ ਦੀ ਅਗਵਾਈ ਡਾ ਰਾਬਰਟ ਬੈਲਾਰਡ ਨੇ ਕੀਤੀ ਸੀ। ਅਮਰੀਕੀ ਜਲ ਸੈਨਾ ਦੀ ਮਦਦ ਨਾਲ ਕੀਤੀ ਗਈ ਇਸ ਖੋਜ ਵਿੱਚ ਦੋ ਜਹਾਜ਼ਾਂ ਦੀ ਮਦਦ ਲਈ ਗਈ ਸੀ।

ਸਭ ਤੋਂ ਪਹਿਲਾਂ ਇਸ ਦੀਆਂ ਤਸਵੀਰਾਂ ਅਰਗੋ ਨਾਂ ਦੀ ਮਨੁੱਖ ਰਹਿਤ ਪਣਡੁੱਬੀ ਨੇ ਲਈਆਂ ਸਨ।

ਟਾਈਟੈਨਿਕ ਦਾ ਮਲਬਾ ਕੈਨੇਡਾ ਦੇ ਨਿਊਫਾਊਂਡਲੈਂਡ 'ਚ ਸੇਂਟ ਜੌਨਜ਼ ਤੋਂ 700 ਕਿਲੋਮੀਟਰ ਦੱਖਣ 'ਚ ਮਿਲਿਆ।

ਇਹ ਸਥਾਨ ਹੈਲੀਫੈਕਸ, ਨੋਵਾ ਸਕੋਸ਼ੀਆ, ਅਮਰੀਕਾ ਤੋਂ ਲਗਭਗ 595 ਕਿਲੋਮੀਟਰ ਦੱਖਣ-ਪੂਰਬ ਵਿੱਚ ਹੈ।

ਜਹਾਜ਼ ਦੋ ਹਿੱਸਿਆਂ ਵਿਚ ਵੰਡਿਆ ਗਿਆ ਅਤੇ ਦੋਵੇਂ ਟੁਕੜੇ ਇਕ ਦੂਜੇ ਤੋਂ 800 ਮੀਟਰ ਦੂਰ ਸਮੁੰਦਰ ਦੇ ਤਲ ਵਿਚ ਡਿੱਗ ਗਏ ਸਨ।

ਜਹਾਜ਼ ਦੇ ਆਲੇ-ਦੁਆਲੇ ਵੱਡੀ ਮਾਤਰਾ 'ਚ ਮਲਬਾ ਇਕੱਠਾ ਹੋ ਗਿਆ।

4.ਟਾਈਟੈਨਿਕ ਕਿਉਂ ਡੁੱਬਿਆ ਸੀ?

ਅਟਲਾਂਟਿਕ ਮਹਾਸਾਗਰ ਨੂੰ ਪਾਰ ਕਰਦੇ ਸਮੇਂ ਇੰਗਲੈਂਡ ਦੇ ਸਾਊਥੈਂਪਟਨ ਤੋਂ ਅਮਰੀਕਾ ਜਾਣ ਵਾਲਾ ਇਹ ਜਹਾਜ਼ ਇਕ ਵੱਡੀ ਬਰਫ਼ ਨਾਲ ਟਕਰਾ ਗਿਆ।

ਫੈਡਰਲ ਯੂਨੀਵਰਸਿਟੀ ਆਫ ਰੀਓ ਡੀ ਜੇਨੇਰੀਓ ਦੇ ਜਲ ਸੈਨਾ ਅਤੇ ਸਮੁੰਦਰੀ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਅਲੈਗਜ਼ੈਂਡਰ ਡੀ ਪਿਨਹੋ ਅਲਹੋ ਦਾ ਕਹਿਣਾ ਹੈ ਕਿ ''ਟੱਕਰ ਇੰਨੀ ਜ਼ਬਰਦਸਤ ਸੀ ਕਿ ਜਹਾਜ਼ ਦੇ ਮੁੱਖ ਹਿੱਸੇ ਦੀ ਅੱਧੀ ਲੰਬਾਈ ਤੱਕ ਮੋਰੀਆਂ ਹੋ ਗਈਆਂ ਸਨ। ਅਜਿਹੀ ਸਥਿਤੀ ਵਿੱਚ ਪਾਣੀ ਛੱਤ ਤੱਕ ਪਹੁੰਚ ਗਿਆ ਸੀ।"

ਆਈਸਬਰਗ ਨਾਲ ਟਕਰਾਉਣ ਨਾਲ ਜਹਾਜ਼ ਨੂੰ ਕਾਫੀ ਨੁਕਸਾਨ ਪਹੁੰਚਿਆ ਅਤੇ ਵਾਟਰਟਾਈਟ ਕੰਪਾਰਟਮੈਂਟਸ ਦੀਆਂ ਕਈ ਕੰਧਾਂ ਨਸ਼ਟ ਹੋ ਗਈਆਂ, ਜਿਸ ਕਾਰਨ ਪਾਣੀ ਬਹੁਤ ਤੇਜ਼ੀ ਨਾਲ ਜਹਾਜ਼ ਵਿਚ ਦਾਖਲ ਹੋਣ ਲੱਗਾ।

ਕੁਝ ਹੋਰ ਰਿਪੋਰਟਾਂ ਅਨੁਸਾਰ ਪੰਜ ਦੇ ਕਰੀਬ ਵਾਟਰਟਾਈਟ ਕਮਰਿਆਂ ਵਿੱਚ ਪਾਣੀ ਭਰ ਗਿਆ।

ਫਲੂਮਿਨੈਂਸ ਫੈਡਰਲ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਅਤੇ ਟਰਾਂਸਪੋਰਟ ਇੰਜੀਨੀਅਰ ਔਰੀਲੋ ਸੋਆਰਸ ਮੁਰਤਾ ਦਾ ਕਹਿਣਾ ਹੈ ਕਿ ਇੱਕ ਸਮੱਸਿਆ ਉਸ ਸਮੇਂ ਦੇ ਸਟੀਲ ਦੀ ਸੀ ਜੋ ਕਿ ਇੰਨੀ ਮਜ਼ਬੂਤ ਨਹੀਂ ਸੀ।

ਮੁਰਤਾ ਮੁਤਾਬਕ, "ਟਕਰਾਉਣ ਤੋਂ ਬਾਅਦ ਜਹਾਜ਼ ਦੀ ਬਣਤਰ ਵਿੱਚ ਬਦਲਾਅ ਆਇਆ। ਦਰਵਾਜ਼ੇ ਬੰਦ ਨਹੀਂ ਹੋ ਰਹੇ ਸਨ। ਉਸ ਸਮੇਂ ਵੀ ਟਾਈਟੈਨਿਕ ਸ਼ੁੱਧ ਸਟੀਲ ਦਾ ਬਣਿਆ ਹੋਇਆ ਸੀ ਪਰ ਉਸ ਸਮੇਂ ਦਾ ਸਟੀਲ ਅੱਜ ਦੇ ਸਟੀਲ ਵਰਗਾ ਮਜ਼ਬੂਤ ਨਹੀਂ ਸੀ।"

5. ਟਾਈਟੈਨਿਕ ਨੂੰ ਕਿਉਂ ਨਹੀਂ ਬਚਾਇਆ ਜਾ ਸਕਿਆ?

ਜਿਸ ਦਿਨ ਟਾਈਟੈਨਿਕ ਨੇ ਆਪਣੀ ਯਾਤਰਾ ਸ਼ੁਰੂ ਕੀਤੀ, ਉਸ ਤੋਂ ਕੁਝ ਦਿਨ ਪਹਿਲਾਂ ਇਕ ਹੋਰ ਜਹਾਜ਼ ਅਟਲਾਂਟਿਕ ਪਾਰ ਕਰ ਰਿਹਾ ਸੀ, ਇਸ ਜਹਾਜ਼ ਨੇ ਟਾਈਟੈਨਿਕ ਨੂੰ ਚੇਤਾਵਨੀ ਦਿੱਤੀ ਸੀ।

12 ਅਪ੍ਰੈਲ ਨੂੰ ਐੱਸਐੱਸ ਮਸਾਬਾ ਨਾਮ ਦੇ ਇਸ ਜਹਾਜ਼ ਨੇ ਟਾਈਟੈਨਿਕ ਨੂੰ ਆਈਸਬਰਗ ਬਾਰੇ ਇੱਕ ਵਾਇਰਲੈੱਸ ਸੰਦੇਸ਼ ਭੇਜਿਆ ਸੀ। ਪਰ ਇਸਦਾ ਸੰਦੇਸ਼ ਸ਼ਾਇਦ ਕਦੇ ਵੀ ਟਾਈਟੈਨਿਕ ਤੱਕ ਨਹੀਂ ਪਹੁੰਚਿਆ ਸੀ।

ਬਾਅਦ ਵਿੱਚ ਮਸਾਬਾ ਪਹਿਲੇ ਵਿਸ਼ਵ ਯੁੱਧ ਦੌਰਾਨ 1918 ਵਿੱਚ ਪਾਣੀ ਵਿੱਚ ਡੁੱਬ ਗਈ।

ਟਾਈਟੈਨਿਕ ਨੂੰ ਬਣਾਉਣ ਵਾਲੀ ਕੰਪਨੀ ਵ੍ਹਾਈਟ ਸਟਾਰ ਲਾਈਨ ਦੇ ਮੈਨੇਜਿੰਗ ਡਾਇਰੈਕਟਰ ਜੇ ਬਰੂਸ ਇਸਮੇ ਸਫ਼ਰ ਦੌਰਾਨ ਜਹਾਜ਼ 'ਤੇ ਸਵਾਰ ਸਨ। ਉਹ ਟਾਇਟੈਨਿਕ ਤੋਂ ਛੱਡੀ ਗਈ ਆਖਰੀ ਲਾਈਫਬੋਟ ਰਾਹੀਂ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਹੇ ਸਨ।

ਬਾਅਦ ਵਿੱਚ ਜਾਂਚ ਦੌਰਾਨ ਉਹਨਾਂ ਨੇ ਅਮਰੀਕੀ ਸੈਨੇਟ ਨੂੰ ਦੱਸਿਆ ਸੀ ਕਿ ਜਦੋਂ ਜਹਾਜ਼ ਟਕਰਾਇਆ ਸੀ ਤਾਂ ਉਹ ਸੌਂ ਰਹੇ ਸਨ। ਉਹਨਾਂ ਨੂੰ ਕੈਪਟਨ ਸਮਿਥ ਤੋਂ ਪਤਾ ਲੱਗਾ ਕਿ ਜਹਾਜ਼ ਦਾ ਡੁੱਬਣਾ ਲਗਭਗ ਤੈਅ ਹੈ।

ਉਹਨਾਂ ਦੱਸਿਆ ਸੀ ਕਿ ਕੈਪਟਨ ਸਮਿਥ ਨੇ ਉਹਨਾਂ ਨੂੰ ਇਕ ਹੋਰ ਜਹਾਜ਼ ਤੋਂ ਮਿਲੀ ਤਾਰ ਦਿਖਾਈ ਸੀ, ਜਿਸ ਵਿਚ ਅੱਗੇ ਰਸਤੇ ਵਿਚ ਆਈਸਬਰਗ ਦੀ ਚੇਤਾਵਨੀ ਸੀ।

ਬੀਬੀਸੀ ਪੱਤਰਕਾਰ ਨੀਲ ਪ੍ਰਾਇਰ ਦੀ ਰਿਪੋਰਟ ਅਨੁਸਾਰ ਜਦੋਂ ਟਾਈਟੈਨਿਕ ਆਈਸਬਰਗ ਨਾਲ ਟਕਰਾਇਆ ਤਾਂ ਜਹਾਜ਼ ਵਿੱਚ ਮੌਜੂਦ ਟੈਲੀਗ੍ਰਾਫਰਾਂ ਨੇ ਪ੍ਰੇਸ਼ਾਨੀ ਦੇ ਸੰਕੇਤ ਭੇਜਣੇ ਸ਼ੁਰੂ ਕਰ ਦਿੱਤੇ।

ਸਿਗਨਲ ਨੂੰ ਫੜਨ ਵਾਲੇ ਪਹਿਲੇ ਲੋਕਾਂ ਵਿੱਚੋਂ ਇੱਕ ਆਰਥਰ ਮੂਰ ਸੀ, ਜੋ 4,800 ਕਿਲੋਮੀਟਰ ਦੂਰ ਸਾਊਥ ਵੇਲਜ਼ ਵਿੱਚ ਇੱਕ ਰੇਡੀਓ ਆਪਰੇਟਰ ਸੀ।

ਆਰਥਰ ਇੱਕ ਸ਼ੁਕੀਨ ਰੇਡੀਓ ਆਪਰੇਟਰ ਸੀ ਅਤੇ ਕਾਉਂਟੀ ਕੈਰਫਿਲੀ ਵਿੱਚ ਆਪਣੇ ਘਰੇਲੂ ਰੇਡੀਓ ਸਟੇਸ਼ਨ ਤੋਂ ਸਿਗਨਲ ਸਮਝੇ ਸਨ।

ਉਹ 15 ਅਪ੍ਰੈਲ 1912 ਦੀ ਸਵੇਰ ਸਥਾਨਕ ਪੁਲਿਸ ਸਟੇਸ਼ਨ ਗਏ ਪਰ ਕਿਸੇ ਨੇ ਉਹਨਾਂ ਦੀ ਗੱਲ 'ਤੇ ਵਿਸ਼ਵਾਸ ਨਹੀਂ ਕੀਤਾ।

ਉਹ ਡੁੱਬ ਰਹੇ ਟਾਈਟੈਨਿਕ ਨੂੰ ਨਹੀਂ ਬਚਾ ਸਕੇ ਪਰ ਬਾਅਦ ਵਿੱਚ ਉਹਨਾਂ ਨੇ ਸੋਨਾਰ ਤਕਨੀਕ 'ਤੇ ਕੰਮ ਕੀਤਾ ਅਤੇ ਉਹ ਪਹਿਲੇ ਕੁਝ ਲੋਕਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਬਾਅਦ ਵਿੱਚ ਟਾਈਟੈਨਿਕ ਦੇ ਮਲਬੇ ਦੀ ਖੋਜ ਕੀਤੀ।

ਜਿਸ ਥਾਂ 'ਤੇ ਟਾਈਟੈਨਿਕ ਸਮੁੰਦਰ ਦੇ ਅੰਦਰ ਹੈ, ਉਸ ਦੇ ਮਲਬੇ ਨੂੰ ਜੰਗਾਲ ਲੱਗ ਗਿਆ ਹੈ ਅਤੇ ਬੈਕਟੀਰੀਆ ਅਤੇ ਹੋਰ ਕੀਟਾਣੂ ਇਸ ਨੂੰ ਤੇਜ਼ੀ ਨਾਲ ਨਸ਼ਟ ਕਰ ਰਹੇ ਹਨ।

ਮਾਹਿਰਾਂ ਦੀ ਮੰਨੀਏ ਤਾਂ ਅਗਲੇ 20 ਸਾਲਾਂ ਵਿੱਚ ਇਸ ਵਿਸ਼ਾਲ ਜਹਾਜ਼ ਦੀ ਹੋਂਦ ਸ਼ਾਇਦ ਇਤਿਹਾਸ ਬਣ ਜਾਵੇਗੀ।

ਹਾਲ ਹੀ ਦੇ ਦਿਨਾਂ ਵਿਚ ਇਸ 1000 ਟਨ ਦੇ ਜਹਾਜ਼ ਤੋਂ ਲਿਆਂਦੇ ਗਏ ਕੁਝ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ ਸੀ। ਪਰ ਇਸ ਵਿਸ਼ਾਲ ਜਹਾਜ਼ ਨੂੰ ਸਮੁੰਦਰ ਤੋਂ ਬਾਹਰ ਲਿਜਾਣਾ ਅਸੰਭਵ ਹੈ।

ਕੁਝ ਸਾਲ ਪਹਿਲਾਂ, ਬਚਾਅ ਮਾਹਿਰ ਕੈਂਡਲ ਮੈਕਡੋਨਲਡ ਨੇ ਕਿਹਾ ਸੀ, "ਇਸ ਨੂੰ ਸਮੁੰਦਰੀ ਤੱਟ ਤੋਂ ਉੱਚਾ ਚੁੱਕਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ, ਇਸ ਹਾਲਤ ਵਿੱਚ ਮਲਬੇ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਟੁੱਟ ਜਾਵੇਗਾ।"

ਇਹੀ ਕਾਰਨ ਹੈ ਕਿ ਓਸ਼ਨਗੇਟ ਵਰਗੀ ਕੰਪਨੀ ਇਸ ਨੂੰ ਦੇਖਣ ਲਈ ਇਕ ਵਿਸ਼ੇਸ਼ ਟੂਰ ਦਾ ਆਯੋਜਨ ਕਰਦੀ ਹੈ, ਜਿਸ ਵਿਚ ਇਸ ਜਹਾਜ਼ ਨੂੰ ਪਣਡੁੱਬੀ ਵਿਚ ਬੈਠ ਕੇ ਸਮੁੰਦਰ ਦੀ ਡੂੰਘਾਈ ਵਿਚ ਉਤਰਦੇ ਦੇਖਿਆ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)