You’re viewing a text-only version of this website that uses less data. View the main version of the website including all images and videos.
ਬਿਪਰਜੋਏ ਤੂਫ਼ਾਨ ਕਿੰਨਾ ਖ਼ਤਰਨਾਕ ਹੈ ਤੇ ਇਸ ਦਾ ਇਹ ਨਾਮ ਕਿਵੇਂ ਪਿਆ, ਜਾਣੋ 7 ਅਹਿਮ ਸਵਾਲਾਂ ਦੇ ਜਵਾਬ
ਗੁਜਰਾਤ 'ਚ ਤੂਫ਼ਾਨ ਬਿਪਰਜੋਏ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਅਨੁਮਾਨ ਹੈ ਕਿ ਅਰਬ ਸਾਗਰ ਤੋਂ ਆ ਰਿਹਾ ਇਹ ਤੂਫ਼ਾਨ 15 ਜੂਨ ਨੂੰ ਗੁਜਰਾਤ ਵਿੱਚ ਲੈਂਡਫਾਲ ਕਰੇਗਾ।
ਇਸ ਦੌਰਾਨ, ਭਾਰਤ ਦੇ ਕਈ ਸੂਬਿਆਂ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਲੋਕਾਂ ਨੂੰ ਬੀਚ 'ਤੇ ਜਾਣ ਦੀ ਮਨਾਹੀ ਹੈ। ਮਛੇਰਿਆਂ ਨੂੰ ਵੀ ਸਮੁੰਦਰ ਵਿੱਚ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ।
ਸਰਕਾਰੀ ਏਜੰਸੀਆਂ ਨੇ ਹੁਣ ਤੱਕ ਗੁਜਰਾਤ, ਸੌਰਾਸ਼ਟਰ ਅਤੇ ਕੱਛ ਦੇ ਤੱਟਵਰਤੀ ਖੇਤਰਾਂ ਤੋਂ 30,000 ਤੋਂ ਵੱਧ ਲੋਕਾਂ ਨੂੰ ਸ਼ੈਲਟਰ ਹੋਮਜ਼ ਵਿੱਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਅਜੇ ਵੀ ਸ਼ੈਲਟਰ ਹੋਮ 'ਚ ਭੇਜਿਆ ਜਾ ਰਿਹਾ ਹੈ।
ਆਓ ਜਾਣਦੇ ਹਾਂ ਇਸ ਤੂਫ਼ਾਨ ਬਾਰੇ ਉੱਠ ਰਹੇ 7 ਅਹਿਮ ਸਵਾਲ ਅਤੇ ਉਨ੍ਹਾਂ ਦੇ ਜਵਾਬ-
1. ਇਹ ਤੂਫਾਨ ਕਿੰਨਾ ਖ਼ਤਰਨਾਕ ਹੈ?
ਮੌਸਮ ਵਿਭਾਗ ਦੇ ਅਨੁਸਾਰ, ਤੂਫਾਨ 14 ਜੂਨ ਤੱਕ ਉੱਤਰ ਵੱਲ ਵਧੇਗਾ ਅਤੇ ਫਿਰ "ਉੱਤਰ-ਉੱਤਰ ਪੂਰਬ ਵੱਲ ਵਧਦੇ ਹੋਏ, 15 ਜੂਨ ਨੂੰ ਸੌਰਾਸ਼ਟਰ, ਕੱਛ, ਮਾਂਡਵੀ (ਗੁਜਰਾਤ) ਅਤੇ ਕਰਾਚੀ (ਪਾਕਿਸਤਾਨ) ਦੇ ਵਿਚਕਾਰ ਪਹੁੰਚੇਗਾ।''
ਮੌਸਮ ਵਿਭਾਗ ਮੁਤਾਬਕ, ਤੂਫ਼ਾਨ ਦੀ ਵੱਧ ਤੋਂ ਵੱਧ ਰਫ਼ਤਾਰ 125 ਤੋਂ 135 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਹੋ ਸਕਦੀ ਹੈ।
ਇਹ ਰਫ਼ਤਾਰ 150 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੀ ਜਾ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ ਤੂਫਾਨ ''ਬਹੁਤ ਗੰਭੀਰ'' ਹੈ। ਤੂਫਾਨਾਂ ਦੇ ਵਰਗੀਕਰਨ ਦੇ ਹਿਸਾਬ ਨਾਲ ਇਹ ਗੰਭੀਰਤਾ ਦੀ ਨੰਬਰ ਦੋ ਸ਼੍ਰੇਣੀ ਵਿੱਚ ਹੈ।
ਗੁਜਰਾਤ ਦੇ ਕੱਛ, ਦਵਾਰਕਾ, ਜਾਮਨਗਰ, ਪੋਰਬੰਦਰ, ਰਾਜਕੋਟ, ਮੋਰਬੀ ਅਤੇ ਜੂਨਾਗੜ੍ਹ ਵਿੱਚ 14 ਤੋਂ 15 ਜੂਨ ਤੱਕ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।
2. ਭਾਰਤ ਵਿੱਚ ਕਿੰਨੀ ਤਬਾਹੀ ਮਚ ਸਕਦੀ ਹੈ?
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੂਫ਼ਾਨ ਨਾਲ ਕੱਚੇ ਘਰਾਂ ਦੇ ਨਾਲ-ਨਾਲ ਕੁਝ ਪੱਕੇ ਘਰ ਵੀ ਤਬਾਹ ਹੋ ਸਕਦੇ ਹਨ ਅਤੇ ਇਸ ਕਾਰਨ ਜ਼ਿਆਦਾ ਨੁਕਸਾਨ ਹੋਣ ਦਾ ਖਦਸ਼ਾ ਹੈ।
ਇਸ ਤੋਂ ਇਲਾਵਾ ਬਿਜਲੀ, ਟੈਲੀਫੋਨ ਦੀਆਂ ਲਾਈਨਾਂ ਦੇ ਖੰਭੇ ਉਖੜ ਸਕਦੇ ਹਨ, ਨਾਲ ਹੀ ਖੇਤੀ, ਪੌਦਿਆਂ ਅਤੇ ਬਗੀਚਿਆਂ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ।
15 ਜੂਨ ਦੀ ਸ਼ਾਮ ਨੂੰ ਹੀ ਤੂਫਾਨ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਮੁਖੀ ਮ੍ਰਿਤਯੂੰਜਯ ਮਹਾਪਾਤਰਾ ਨੇ ਕਿਹਾ ਹੈ ਕਿ ਚੱਕਰਵਾਤੀ ਤੂਫਾਨ ਕਾਰਨ ਸਮੁੰਦਰ ਵਿੱਚ ਛੇ ਮੀਟਰ ਉੱਚੀਆਂ ਲਹਿਰਾਂ ਦੇ ਨਾਲ-ਨਾਲ 20 ਸੈਂਟੀਮੀਟਰ ਤੱਕ ਭਾਰੀ ਮੀਂਹ ਪੈ ਸਕਦਾ ਹੈ।
ਇਹ ਬਾਰਸ਼ ਸੌਰਾਸ਼ਟਰ ਦੇ ਜ਼ਿਲ੍ਹਿਆਂ ਦੇ ਨਾਲ-ਨਾਲ ਉੱਤਰੀ ਗੁਜਰਾਤ ਖੇਤਰ ਤੱਕ ਫੈਲ ਸਕਦੀ ਹੈ। ਮਹਾਪਾਤਰਾ ਨੇ ਕਈ ਇਲਾਕਿਆਂ 'ਚ ਹੜ੍ਹ ਆਉਣ ਦੀ ਚੇਤਾਵਨੀ ਵੀ ਦਿੱਤੀ ਹੈ।
ਉਨ੍ਹਾਂ ਕਿਹਾ, “ਸਾਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਜੇਕਰ ਇਨ੍ਹਾਂ ਖੇਤਰਾਂ ਵਿੱਚ 25 ਸੈਂਟੀਮੀਟਰ ਵੀ ਮੀਂਹ ਪੈਂਦਾ ਹੈ। ਆਮ ਤੌਰ 'ਤੇ ਇਸ ਖੇਤਰ ਵਿੱਚ ਸਾਲ ਦੇ ਇਸ ਸਮੇਂ ਇੰਨੀ ਭਾਰੀ ਬਾਰਿਸ਼ ਨਹੀਂ ਹੁੰਦੀ ਹੈ। ਇਸ ਕਾਰਨ ਨੀਵੇਂ ਇਲਾਕਿਆਂ ਵਿੱਚ ਹੜ੍ਹ ਆਉਣ ਦਾ ਵੀ ਖਤਰਾ ਬਣਿਆ ਹੋਇਆ ਹੈ।''
ਮੌਸਮ ਵਿਭਾਗ ਨੇ ਗਿਰ ਨੈਸ਼ਨਲ ਪਾਰਕ ਅਤੇ ਸੋਮਨਾਥ ਮੰਦਰ ਸਮੇਤ ਪ੍ਰਸਿੱਧ ਸਥਾਨਾਂ ਦੀ ਨਿਗਰਾਨੀ ਕਰਨ ਦੀ ਵੀ ਸਲਾਹ ਦਿੱਤੀ ਹੈ।
ਪੰਜਾਬ ਵਿੱਚ ਵੀ ਕਈ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ।
3. ਸਰਕਾਰ ਦੀਆਂ ਕੀ ਤਿਆਰੀਆਂ?
ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰਾਲਾ 24 ਘੰਟੇ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ।
ਕੇਂਦਰ ਸੂਬਾ ਸਰਕਾਰ ਅਤੇ ਸਬੰਧਤ ਕੇਂਦਰੀ ਏਜੰਸੀਆਂ ਦੇ ਸੰਪਰਕ ਵਿੱਚ ਹੈ।
ਐਨਡੀਆਰਐਫ ਨੇ 12 ਟੀਮਾਂ ਤੈਨਾਤ ਕੀਤੀਆਂ ਹਨ, ਜੋ ਕਿਸ਼ਤੀਆਂ, ਦਰੱਖਤ ਕੱਟਣ ਵਾਲਿਆਂ, ਦੂਰਸੰਚਾਰ ਉਪਕਰਣਾਂ ਆਦਿ ਨਾਲ ਲੈਸ ਹਨ।
ਇਸ ਤੋਂ ਇਲਾਵਾ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ 15 ਟੀਮਾਂ ਤਿਆਰ ਰੱਖੀਆਂ ਗਈਆਂ ਹਨ।
ਭਾਰਤੀ ਤੱਟ ਰੱਖਿਅਕ ਅਤੇ ਜਲ ਸੈਨਾ ਨੇ ਰਾਹਤ, ਖੋਜ ਅਤੇ ਬਚਾਅ ਕਾਰਜਾਂ ਲਈ ਜਹਾਜ਼ ਅਤੇ ਹੈਲੀਕਾਪਟਰ ਤੈਨਾਤ ਕੀਤੇ ਹਨ।
ਫੌਜ ਦੀਆਂ ਹਵਾਈ ਫੌਜ ਅਤੇ ਇੰਜੀਨੀਅਰ ਟਾਸਕ ਫੋਰਸ ਯੂਨਿਟ, ਕਿਸ਼ਤੀਆਂ ਅਤੇ ਬਚਾਅ ਉਪਕਰਣਾਂ ਦੇ ਨਾਲ ਸਟੈਂਡਬਾਏ 'ਤੇ ਹਨ।
ਹਵਾਈ ਜਹਾਜ਼ ਅਤੇ ਹੈਲੀਕਾਪਟਰ ਲਗਾਤਾਰ ਤੱਟ 'ਤੇ ਨਜ਼ਰ ਰੱਖ ਰਹੇ ਹਨ।
ਥਲ ਸੈਨਾ, ਜਲ ਸੈਨਾ ਅਤੇ ਕੋਸਟ ਗਾਰਡ ਦੀਆਂ ਆਫ਼ਤ ਰਾਹਤ ਟੀਮਾਂ ਅਤੇ ਮੈਡੀਕਲ ਟੀਮਾਂ ਵੀ ਮਦਦ ਲਈ ਤਿਆਰ ਹਨ।
ਬਿਆਨ 'ਚ ਕਿਹਾ ਗਿਆ ਹੈ ਕਿ ਗੁਜਰਾਤ 'ਚ ਮੁੱਖ ਮੰਤਰੀ ਪੱਧਰ 'ਤੇ ਜ਼ਿਲਾ ਪ੍ਰਸ਼ਾਸਨ ਨਾਲ ਸਮੀਖਿਆ ਬੈਠਕਾਂ ਕੀਤੀਆਂ ਗਈਆਂ ਹਨ ਅਤੇ ਸੂਬੇ ਦੀ ਸਮੁੱਚਾ ਪ੍ਰਸ਼ਾਸਨਿਕ ਤੰਤਰ ਕਿਸੇ ਵੀ ਆਪਦਾ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।
ਨਾਲ ਹੀ, ਕੈਬਨਿਟ ਸਕੱਤਰ ਅਤੇ ਗ੍ਰਹਿ ਸਕੱਤਰ ਗੁਜਰਾਤ ਦੇ ਮੁੱਖ ਸਕੱਤਰ ਅਤੇ ਸਬੰਧਤ ਕੇਂਦਰੀ ਮੰਤਰਾਲਿਆਂ/ਏਜੰਸੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ।
ਪ੍ਰਧਾਨ ਮੰਤਰੀ ਨੂੰ ਚੱਕਰਵਾਤ ਨਾਲ ਨਜਿੱਠਣ ਲਈ ਗੁਜਰਾਤ ਸਰਕਾਰ ਵੱਲੋਂ ਚੁੱਕੇ ਗਏ ਉਪਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਬੈਠਕ ਵਿੱਚ ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ, ਕੈਬਨਿਟ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਪੀਐਮ ਮੋਦੀ ਨੇ ਬੈਠਕ ਤੋਂ ਬਾਅਦ ਇੱਕ ਟਵੀਟ ਵਿੱਚ ਲਿਖਿਆ, "ਸਾਡੀਆਂ ਟੀਮਾਂ ਸੰਵੇਦਨਸ਼ੀਲ ਖੇਤਰਾਂ ਤੋਂ ਸੁਰੱਖਿਅਤ ਨਿਕਾਸੀ ਅਤੇ ਜ਼ਰੂਰੀ ਸੇਵਾਵਾਂ ਦੇ ਰੱਖ-ਰਖਾਅ ਨੂੰ ਯਕੀਨੀ ਬਣਾ ਰਹੀਆਂ ਹਨ।"
ਸੂਬੇ 'ਚ ਮੌਜੂਦ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਦੱਸਿਆ ਹੈ ਕਿ ਜੰਗਲਾਤ ਵਿਭਾਗ ਨੇ ਵੱਡੇ ਦਰੱਖਤ ਕੱਟੇ ਹਨ ਤਾਂ ਜੋ ਤੂਫਾਨ 'ਚ ਉਹ ਪੁੱਟ ਕੇ ਨੁਕਸਾਨ ਨਾ ਕਰ ਸਕਣ।
4. ਇਸ ਦਾ ਨਾਮ ਬਿਪਰਜੋਏ ਕਿਉਂ ਪਿਆ?
ਬੰਗਾਲੀ ਭਾਸ਼ਾ ਵਿੱਚ ਬਿਪਰਜੋਏ ਦਾ ਅਰਥ ਹੈ- ਆਪਦਾ। ਇਹ ਨਾਮ ਬੰਗਲਾਦੇਸ਼ ਨੇ ਸੁਝਾਇਆ ਸੀ।
ਅਸਲ ਵਿੱਚ ਬਿਪਰਜੋਏ ਸੰਸਕ੍ਰਿਤ ਭਾਸ਼ਾ ਦੇ ਵਿਪਰਯਯ ਸ਼ਬਦ ਤੋਂ ਆਇਆ ਹੈ।
1953 ਤੋਂ, ਮਿਆਮੀ ਨੈਸ਼ਨਲ ਹਰੀਕੇਨ ਸੈਂਟਰ ਅਤੇ ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂਐਮਓ) ਤੂਫ਼ਾਨਾਂ ਅਤੇ ਊਸ਼ਣਕਟਿਬੰਧੀ ਚੱਕਰਵਾਤ ਦੇ ਨਾਮ ਰੱਖਦਾ ਰਿਹਾ ਹੈ।
ਡਬਲਯੂਐਮਓ, ਜਨੇਵਾ ਵਿੱਚ ਸਥਿਤ ਸੰਯੁਕਤ ਰਾਸ਼ਟਰ ਸੰਘ ਦੀ ਇੱਕ ਏਜੰਸੀ ਹੈ।
ਪਰ ਉੱਤਰੀ ਹਿੰਦ ਮਹਾਸਾਗਰ ਵਿੱਚ ਪੈਦਾ ਹੋਣ ਵਾਲੇ ਚੱਕਰਵਾਤਾਂ ਨੂੰ ਕੋਈ ਨਾਂ ਨਹੀਂ ਦਿੱਤਾ ਗਿਆ ਸੀ। ਕਾਰਨ ਇਹ ਸੀ ਕਿ ਅਜਿਹਾ ਕਰਨਾ ਬਹੁਤ ਹੀ ਵਿਵਾਦਤ ਕੰਮ ਸੀ।
ਇਸ ਦੇ ਪਿੱਛੇ ਕਾਰਨ ਇਹ ਸੀ ਕਿ ਜਾਤੀ ਵਿਭਿੰਨਤਾ ਵਾਲੇ ਇਸ ਖੇਤਰ ਵਿੱਚ ਬਹੁਤ ਸਾਵਧਾਨੀ ਅਤੇ ਨਿਰਪੱਖਤਾ ਨਾਲ ਚੱਲਣ ਦੀ ਲੋੜ ਸੀ ਤਾਂ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।
ਇਹ ਸਥਿਤੀ ਸਾਲ 2004 ਵਿੱਚ ਬਦਲ ਗਈ, ਜਦੋਂ ਡਬਲਯੂਐਮਓ ਦੀ ਅਗਵਾਈ ਵਾਲੇ ਅੰਤਰਰਾਸ਼ਟਰੀ ਪੈਨਲ ਨੂੰ ਭੰਗ ਕਰ ਦਿੱਤਾ ਗਿਆ ਅਤੇ ਸਬੰਧਤ ਦੇਸ਼ਾਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਆਉਣ ਵਾਲੇ ਚੱਕਰਵਾਤ ਦਾ ਨਾਮ ਆਪ ਹੀ ਦੇਣ ਲਈ ਕਿਹਾ ਗਿਆ।
ਇਸ ਤੋਂ ਬਾਅਦ ਭਾਰਤ, ਪਾਕਿਸਤਾਨ, ਬੰਗਲਾਦੇਸ਼, ਮਾਲਦੀਵ, ਮਿਆਂਮਾਰ, ਓਮਾਨ, ਸ੍ਰੀਲੰਕਾ ਅਤੇ ਥਾਈਲੈਂਡ ਸਮੇਤ ਕੁੱਲ ਅੱਠ ਦੇਸ਼ਾਂ ਨੇ ਇੱਕ ਬੈਠਕ ਵਿੱਚ ਹਿੱਸਾ ਲਿਆ।
ਇਨ੍ਹਾਂ ਦੇਸ਼ਾਂ ਨੇ 64 ਨਾਮਾਂ ਦੀ ਸੂਚੀ ਸੌਂਪੀ। ਹਰ ਦੇਸ਼ ਨੇ ਆਉਣ ਵਾਲੇ ਚੱਕਰਵਾਤ ਲਈ ਅੱਠ ਨਾਂ ਸੁਝਾਏ। ਇਹ ਸੂਚੀ ਹਰੇਕ ਦੇਸ਼ ਦੇ ਵਰਣ ਕ੍ਰਮ ਦੇ ਅਨੁਸਾਰ ਹੈ।
ਚੱਕਰਵਾਤ ਮਾਹਿਰਾਂ ਦਾ ਪੈਨਲ ਹਰ ਸਾਲ ਮਿਲਦਾ ਹੈ ਅਤੇ ਲੋੜ ਪੈਣ 'ਤੇ ਸੂਚੀ ਨੂੰ ਦੁਬਾਰਾ ਭਰਿਆ ਜਾਂਦਾ ਹੈ।
5. ਕੀ ਅਜੇ ਕੋਈ ਨੁਕਸਾਨ ਹੋਇਆ ਹੈ?
ਤੂਫਾਨ ਦੇ ਪ੍ਰਭਾਵ ਕਾਰਨ ਮਹਾਰਾਸ਼ਟਰ ਅਤੇ ਗੁਜਰਾਤ ਦੇ ਤੱਟਵਰਤੀ ਖੇਤਰਾਂ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ।
ਤੂਫਾਨ ਦਾ ਅਸਰ ਮੁੰਬਈ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਖ਼ਬਰ ਏਜੰਸੀ ਏਐਨਆਈ ਨੇ ਬੀਐਮਸੀ ਦੇ ਹਵਾਲੇ ਨਾਲ ਦੱਸਿਆ ਸੀ ਕਿ ਸੋਮਵਾਰ ਨੂੰ ਮੁੰਬਈ ਦੇ ਜੁਹੂ ਬੀਚ 'ਤੇ ਛੇ ਲੋਕ ਸਮੁੰਦਰ ਵਿੱਚ ਡੁੱਬ ਗਏ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ 'ਚੋਂ ਦੋ ਲੋਕਾਂ ਨੂੰ ਬਚਾਅ ਦਲ ਨੇ ਬਾਹਰ ਕੱਢ ਲਿਆ, ਪਰ ਚਾਰ ਲੋਕ ਅਜੇ ਵੀ ਲਾਪਤਾ ਸਨ।
6. ਯਾਤਾਯਾਤ 'ਤੇ ਕੀ ਅਸਰ?
ਚੱਕਰਵਾਤੀ ਤੂਫਾਨ ਦੇ ਮੱਦੇਨਜ਼ਰ, ਪੱਛਮੀ ਰੇਲਵੇ ਨੇ 15 ਜੂਨ ਤੱਕ 95 ਤੋਂ ਵੱਧ ਟਰੇਨਾਂ ਜਾਂ ਤਾਂ ਰੱਦ ਕਰ ਦਿੱਤੀਆਂ ਹਨ ਜਾਂ ਉਨ੍ਹਾਂ ਦੀ ਦੂਰੀ ਘਟਾ ਦਿੱਤੀ ਹੈ।
ਇਹ ਉਹ ਰੇਲ ਗੱਡੀਆਂ ਹਨ ਜੋ ਤੂਫ਼ਾਨ ਦੀ ਮਾਰ ਹੇਠ ਆਉਣ ਵਾਲੇ ਜ਼ਿਲ੍ਹਿਆਂ ਤੋਂ ਚੱਲਦੀਆਂ ਹਨ ਜਾਂ ਪਹੁੰਚਦੀਆਂ ਹਨ ਜਾਂ ਲੰਘਦੀਆਂ ਹਨ। ਇਨ੍ਹਾਂ ਟਰੇਨਾਂ ਵਿੱਚ ਬਾਂਦਰਾ ਟਰਮੀਨਸ-ਭੁਜ ਕੱਛ ਐਕਸਪ੍ਰੈਸ, ਪੋਰਬੰਦਰ-ਦਿੱਲੀ ਸਰਾਏ ਰੋਹਿਲਾ ਐਕਸਪ੍ਰੈਸ ਅਤੇ ਪੋਰਬੰਦਰ-ਸਿਕੰਦਰਾਬਾਦ ਐਕਸਪ੍ਰੈਸ ਵਰਗੀਆਂ ਟਰੇਨਾਂ ਸ਼ਾਮਲ ਹਨ।
ਦੂਜੇ ਪਾਸੇ ਗੁਜਰਾਤ ਸਰਕਾਰ ਨੇ ਸਾਵਧਾਨੀ ਵਰਤਦੇ ਹੋਏ ਸਕੂਲਾਂ ਨੂੰ 15 ਜੂਨ ਤੱਕ ਬੰਦ ਕਰ ਦਿੱਤਾ ਹੈ। ਕਾਂਡਲਾ ਅਤੇ ਜਾਖੋ ਸਮੇਤ ਕੱਛ ਦੀ ਖਾੜੀ ਦੀਆਂ ਬੰਦਰਗਾਹਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਗੁਜਰਾਤ ਰਾਜ ਸੜਕ ਆਵਾਜਾਈ ਨਿਗਮ ਨੇ ਕਈ ਰੂਟਾਂ 'ਤੇ ਆਪਣੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਹਨ।
ਇਸ ਦੇ ਨਾਲ ਹੀ ਮੁੰਬਈ ਏਅਰਪੋਰਟ ਦਾ ਇੱਕ ਰਨਵੇ ਬੰਦ ਕਰਨਾ ਪਿਆ।
ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ, ਕਈ ਉਡਾਣਾਂ ਦੇਰੀ ਨਾਲ ਉਡਾਣ ਭਰ ਰਹੀਆਂ ਹਨ ਅਤੇ ਕੁਝ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ।
ਸੋਸ਼ਲ ਮੀਡੀਆ ਵੈੱਬਸਾਈਟਾਂ 'ਤੇ ਲੋਕ ਇਸ ਬਾਰੇ ਲਗਾਤਾਰ ਸ਼ਿਕਾਇਤਾਂ ਕਰ ਰਹੇ ਹਨ।
7. ਪਾਕਿਸਤਾਨ 'ਚ ਕਿੰਨਾ ਹੋਵੇਗਾ ਅਸਰ
ਪਾਕਿਸਤਾਨ ਦੇ ਮੌਸਮ ਵਿਗਿਆਨ ਵਿਭਾਗ ਦੇ ਅਨੁਸਾਰ, ਸੋਮਵਾਰ ਦੁਪਹਿਰ ਨੂੰ ਚੱਕਰਵਾਤ ਕਰਾਚੀ ਤੋਂ ਲਗਭਗ 600 ਕਿਲੋਮੀਟਰ, ਥੱਟਾ ਤੋਂ 580 ਕਿਲੋਮੀਟਰ ਅਤੇ ਮਾਰਾ ਤੋਂ 710 ਕਿਲੋਮੀਟਰ ਦੂਰ ਸਥਿਤ ਸੀ ਅਤੇ ਲਗਭਗ ਸੱਤ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਸੀ।
ਇਹ ਵੀ ਦੱਸਿਆ ਗਿਆ ਹੈ ਕਿ ਤੂਫਾਨ ਦੇ ਕੇਂਦਰ 'ਚ ਉਸ ਸਮੇਂ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ, ਜਿਸ ਕਾਰਨ 35 ਤੋਂ 40 ਫੁੱਟ ਤੱਕ ਲਹਿਰਾਂ ਉੱਠ ਰਹੀਆਂ ਸਨ।
ਵਿਭਾਗ ਮੁਤਾਬਕ, ਸਮੁੰਦਰੀ ਸਤਿਹ ਦੇ ਤਾਪਮਾਨ ਸਮੇਤ ਮੌਜੂਦਾ ਮੌਸਮੀ ਹਾਲਾਤ ਤੂਫਾਨ ਦੀ ਤੀਬਰਤਾ ਨੂੰ ਬਰਕਰਾਰ ਰੱਖਣ 'ਚ ਮਦਦ ਕਰ ਰਹੇ ਹਨ।
ਸਿੰਧ ਦੇ ਮੁੱਖ ਮੰਤਰੀ ਸਈਅਦ ਮੁਰਾਦ ਅਲੀ ਸ਼ਾਹ ਨੇ ਸਿੰਧ ਦੇ ਤੱਟਵਰਤੀ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੂਫਾਨ ਕਾਰਨ ਕਰਾਚੀ 'ਚ ਅੱਧੇ ਘੰਟੇ 'ਚ 60 ਮਿਲੀਮੀਟਰ ਬਾਰਿਸ਼ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਕਰਾਚੀ ਵਿੱਚ 70 ਤੋਂ ਵੱਧ ਅਤਿ ਖ਼ਤਰਨਾਕ ਇਮਾਰਤਾਂ ਵਿੱਚੋਂ ਲੋਕਾਂ ਨੂੰ ਕੱਢਣ ਦੀ ਯੋਜਨਾ ਹੈ, ਜਦਕਿ ਸਜਵਾਲ ਜ਼ਿਲ੍ਹੇ ਦੇ ਤਿੰਨ ਇਲਾਕਿਆਂ ਵਿੱਚੋਂ 60,000 ਲੋਕਾਂ ਨੂੰ ਕੱਢਣ ਦੀ ਯੋਜਨਾ ਹੈ।
ਕਈ ਹੋਰ ਖੇਤਰਾਂ ਵਿੱਚ ਵੀ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਅਤੇ ਇਮਾਰਤਾਂ ਅਤੇ ਹੋਰ ਜ਼ਰੂਰੀ ਸਹੂਲਤਾਂ ਇਸ ਨਾਲ ਪ੍ਰਭਾਵਿਤ ਹੋਣਗੀਆਂ।
ਮੌਸਮ ਵਿਗਿਆਨੀ ਡਾਕਟਰ ਸਰਦਾਰ ਸਰਫਰਾਜ਼ ਦੇ ਅਨੁਸਾਰ, ਬਿਪਰਜੋਏ 1999 ਦੇ ਚੱਕਰਵਾਤ ਦਾ ਐਕਸ਼ਨ ਰੀਪਲੇਅ ਹੈ।
ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਇਹ ਤੂਫ਼ਾਨ ਉਸੇ ਰਸਤੇ ਤੋਂ ਲੰਘ ਰਿਹਾ ਹੈ ਜਿਸ ਰਸਤੇ ਤੋਂ 1999 ਵਿੱਚ ਆਇਆ ਸੀ ਅਤੇ ਇਸ ਦੀ ਰਫ਼ਤਾਰ ਵੀ ਉਹੀ ਹੈ।
1999 ਦੇ ਤੂਫਾਨ ਨੂੰ ਇਸ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਤੂਫਾਨ ਕਿਹਾ ਜਾਂਦਾ ਹੈ।
ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ, ਇਸ ਵਿੱਚ 189 ਲੋਕ ਮਾਰੇ ਗਏ, 150 ਲਾਪਤਾ ਹੋਏ ਅਤੇ 1,38,000 ਘਰ ਤਬਾਹ ਹੋ ਗਏ ਸਨ।
ਇਸ ਤੂਫਾਨ ਕਾਰਨ 2,56,000 ਹੈਕਟੇਅਰ ਵਾਹੀਯੋਗ ਜ਼ਮੀਨ ਤਬਾਹ ਹੋ ਗਈ ਸੀ ਅਤੇ ਪੀੜਤਾਂ ਨੂੰ ਲੰਬੇ ਸਮੇਂ ਤੱਕ ਆਰਜ਼ੀ ਰਾਹਤ ਕੈਂਪਾਂ ਵਿੱਚ ਰਹਿਣਾ ਪਿਆ ਸੀ।