You’re viewing a text-only version of this website that uses less data. View the main version of the website including all images and videos.
ਟਾਇਟੈਨਿਕ ਨੂੰ ਲੱਭਣ ਲਈ ਗਈ ਪਣਡੁੱਬੀ ਕੋਲ ਖੋਜੀ ਦਸਤੇ ਨੂੰ ਮਿਲਿਆ ਮਲਬਾ
- ਲੇਖਕ, ਜੈਸਿਕਾ ਮਰਫੀ ਦੁਆਰਾ
- ਰੋਲ, ਬੀਬੀਸੀ ਨਿਊਜ਼
ਸਾਲ 1912 ਵਿੱਚ ਅਟਲਾਂਟਿਕ ਮਹਾਸਾਗਰ ਵਿੱਚ ਡੁੱਬੇ ਟਾਈਟੈਨਿਕ ਜਹਾਜ਼ ਨੂੰ ਦੇਖਣ ਲਈ ਪੰਜ ਲੋਕ ਨੂੰ ਲੈ ਕੇ ਗਈ ਪਣਡੁੱਬੀ ਦੀ ਭਾਲ ਜਾਰੀ ਹੈ।
ਇਸ ਦੌਰਾਨ ਅਮਰੀਕੀ ਕੋਸਟ ਗਾਰਡ ਨੇ ਕਿਹਾ ਹੈ ਕਿ ਇੱਕ ਰਿਮੋਟ ਸੰਚਾਲਿਤ ਵਾਹਨ ਆਰਓਵੀ ਨੂੰ ਟਾਈਟੈਨਿਕ ਦੇ ਨੇੜੇ ਖੋਜ ਖੇਤਰ ਵਿੱਚ ਇੱਕ ਥਾਂ 'ਤੇ ਕੁਝ ਮਲਬਾ ਮਿਲਿਆ ਹੈ।
ਹਾਲੇ ਇਸ ਬਾਰੇ ਵਧੇਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਕੋਸਟ ਗਾਰਡ ਦਾ ਕਹਿਣਾ ਹੈ ਕਿ ਮਾਹਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਕਿਸ ਦਾ ਮਲਬਾ ਹੈ।
ਇਹ ਪਣਡੁੱਬੀ ਉੱਤਰੀ ਅਟਲਾਂਟਿਕ ਮਹਾਸਾਗਰ ਵਿੱਚ ਲੰਘੇ ਐਤਵਾਰ ਨੂੰ ਲਾਪਤਾ ਹੋਈ ਸੀ ਅਤੇ ਇਸ ਵਿੱਚ ਕੁੱਲ 5 ਵਿਅਕਤੀ ਸਵਾਰ ਹਨ।
ਖੋਜੀ ਜਹਾਜ਼ ਪੋਲਰ ਪ੍ਰਿੰਸ ਦਾ, ਪਣਡੁੱਬੀ ਟਾਈਟਨ ਦੇ ਸਮੁੰਦਰ ਵਿੱਚ ਗੋਤਾ ਲਗਾਉਣ ਤੋਂ ਇੱਕ ਘੰਟਾ ਅਤੇ 45 ਮਿੰਟ ਵਿੱਚ ਹੀ ਚਾਲਕ ਦਲ ਨਾਲ ਸੰਪਰਕ ਟੁੱਟ ਗਿਆ ਸੀ।
ਹੁਣ ਤੱਕ ਕੀ-ਕੀ ਪਤਾ
ਬਚਾਅ ਯਤਨਾਂ ਬਾਰੇ ਤਾਜ਼ਾ ਜਾਣਕਾਰੀ ਕੀ ਹੈ?
ਇਸ ਲਾਪਤਾ ਪਣਡੁੱਬੀ ਤੋਂ ਕੁਝ ਘੰਟੇ ਪਹਿਲਾਂ ਆਵਾਜ਼ਾਂ ਸੁਣਨ ਦੀਆਂ ਖਬਰਾਂ ਆਈਆਂ ਸਨ, ਜਿਸ ਨੇ ਬਚਾਅ ਕਾਰਜ ਚਲਾ ਰਹੇ ਲੋਕਾਂ ਵਿਚ ਨਵੀਂ ਉਮੀਦ ਜਗਾਈ ਸੀ।
ਪਰ ਹੁਣ ਯੂਐਸ ਨੇਵੀ ਦੇ ਸਾਬਕਾ ਨਿਊਕਲੀਅਰ ਪਣਡੁੱਬੀ ਕਮਾਂਡਰ ਡੇਵਿਡ ਮਾਰਕੇਟ ਨੇ ਦੱਸਿਆ ਹੈ ਕਿ ਉਮੀਦ ਜਗਾਉਣ ਵਾਲੀਆਂ ਆਵਾਜ਼ਾਂ ਸ਼ਾਇਦ ਟਾਈਟਨ ਪਣਡੁੱਬੀ ਤੋਂ ਨਹੀਂ ਆ ਰਹੀਆਂ ਸਨ।
ਉਨ੍ਹਾਂ ਬੀਬੀਸੀ ਨੂੰ ਦੱਸਿਆ, "ਮੈਨੂੰ ਨਹੀਂ ਲੱਗਦਾ ਕਿ ਇਹ ਆਵਾਜ਼ਾਂ ਉਨ੍ਹਾਂ ਵੱਲੋਂ ਆ ਰਹੀਆਂ ਹਨ। ਇਹ ਕੁਦਰਤੀ ਆਵਾਜ਼ਾਂ ਹੋ ਸਕਦੀਆਂ ਹਨ। ਅਸੀਂ ਆਵਾਜ਼ਾਂ ਸੁਣ ਰਹੇ ਹਾਂ ਅਤੇ ਖੇਤਰ ਵਿੱਚ ਨਵੇਂ ਜਹਾਜ਼ ਆ ਰਹੇ ਹਨ ਅਤੇ ਅਸੀਂ ਨਵੀਆਂ ਆਵਾਜ਼ਾਂ ਸੁਣ ਰਹੇ ਹਾਂ। ਮੈਨੂੰ ਨਹੀਂ ਲੱਗਦਾ ਕਿ ਇਹ ਸਿਰਫ਼ ਇੱਕ ਇਤਫ਼ਾਕ ਹੈ।''
ਕੈਪਟਨ ਮਾਰਕੇਟ ਦਾ ਮੰਨਣਾ ਹੈ ਕਿ ਪਣਡੁੱਬੀ 'ਚ ਫਸੇ ਲੋਕਾਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਟਾਇਟਨ ਨੂੰ ਸਮੁੰਦਰ 'ਚੋਂ ਬਾਹਰ ਕੱਢਣ ਲਈ ਮਸ਼ੀਨ ਦੇ ਆਉਣ ਤੋਂ ਬਾਅਦ ਇਹ ਸੰਭਾਵਨਾਵਾਂ ਕੁਝ ਵੱਧ ਗਈਆਂ ਹਨ।
ਇਸ ਯਾਤਰਾ ਦਾ ਸੰਚਾਲਨ ਕਰਨ ਵਾਲੀ ਕੰਪਨੀ ਓਸ਼ਨਗੇਟ ਨੇ ਕਿਹਾ ਕਿ ਉਹ ਚਾਲਕ ਦਲ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਸਾਰੇ ਤਰੀਕਿਆਂ 'ਤੇ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਸਰਕਾਰੀ ਏਜੰਸੀਆਂ ਵੀ ਬਚਾਅ ਕਾਰਜ ਵਿੱਚ ਸ਼ਾਮਲ ਹੋ ਗਈਆਂ ਹਨ।
ਖੋਜ ਵਿੱਚ ਸ਼ਾਮਲ ਬਲਾਂ ਵਿੱਚ ਹੁਣ ਘੱਟੋ-ਘੱਟ ਇੱਕ ਰਿਮੋਟ-ਨਿਯੰਤਰਿਤ ਸਬਮਰਸੀਬਲ ਸ਼ਾਮਲ ਹੈ।
ਕੈਪਟਨ ਫਰੈਡਰਿਕ ਨੇ ਕਿਹਾ ਕਿ ਇਹ ਸਮੁੰਦਰੀ ਇਲਾਕਾ ਬਹੁਤ ਸੰਘਣਾ ਹੈ, ਜਿਸ ਕਾਰਨ ਖੋਜ "ਬਹੁਤ ਮੁਸ਼ਕਿਲ" ਸੀ ਅਤੇ ਇੱਕ "ਵਿਲੱਖਣ ਆਪ੍ਰੇਸ਼ਨ" ਬਣ ਗਿਆ ਹੈ।
ਸਮੁੰਦਰੀ ਵਿਗਿਆਨੀ ਅਤੇ ਖੋਜ ਮੁਹਿੰਮ ਦੀ ਅਗਵਾਈ ਕਰਨ ਵਾਲੇ ਡੇਵਿਡ ਮਾਰਨਜ਼ ਨੇ ਬੀਬੀਸੀ ਨੂੰ ਦੱਸਿਆ ਕਿ ਇੱਕ ਵਪਾਰਕ ਪਾਈਪ ਵਿਛਾਉਣ ਵਾਲਾ ਜਹਾਜ਼ ਵੀ ਮਦਦ ਲਈ ਇੱਥੇ ਪਹੁੰਚਿਆ ਹੈ।
ਉਨ੍ਹਾਂ ਕਿਹਾ, "ਅਸੀਂ ਬਸ ਉਮੀਦ ਕਰ ਰਹੇ ਹਾਂ ਕਿ ਇਸ ਵਿੱਚ ਇਸ ਕਿਸਮ ਦੀ ਡੂੰਘਾਈ ਯਾਨੀ 3,800 ਮੀਟਰ ਤੱਕ ਪਹੁੰਚਣ ਦੀ ਸਮਰੱਥਾ ਹੋਵੇ ਤਾਂ ਜੋ ਇਹ ਪਣਡੁੱਬੀ ਦੀ ਖੋਜ ਕਰ ਸਕੇ ਅਤੇ ਇਸ ਨੂੰ ਵਾਪਸ ਲਿਆ ਸਕੇ।
ਉਨ੍ਹਾਂ ਕਿਹਾ, ''ਕੁਝ ਉਮੀਦ ਤਾਂ ਹੈ ਕਿ ਅਜਿਹਾ ਹੋ ਸਕਦਾ ਹੈ।''
ਯੂਐਸ ਕੋਸਟ ਗਾਰਡ ਦੇ ਰੀਅਰ ਐਡਮਿਰਲ ਜੌਹਨ ਮੌਗਰ ਨੇ ਸੋਮਵਾਰ ਨੂੰ ਕਿਹਾ ਕਿ ਖੋਜ ਦੇ ਦੋ ਪਹਿਲੂ ਹਨ: ਇੱਕ ਸਤਿਹ 'ਤੇ ਖੋਜ- ਜੇਕਰ ਟਾਈਟਨ ਸਮੁੰਦਰ ਦੀ ਸਤਿਹ 'ਤੇ ਵਾਪਸ ਆ ਗਈ ਹੋਵੇ ਪਰ ਕਿਸੇ ਕਾਰਨ ਸੰਪਰਕ ਟੁੱਟ ਗਿਆ ਹੋਵੇ। ਦੂਜੇ ਪਾਣੀ ਦੇ ਅੰਦਰ ਸੋਨਾਰ ਖੋਜ।
ਤੱਟ ਰੱਖਿਅਕਾਂ ਨੇ ਪਾਣੀ ਦੀ ਸਤਿਹ 'ਤੇ ਪਣਡੁੱਬੀ ਦੀ ਖੋਜ ਲਈ ਦੋ ਸੀ-130 ਹਰਕੂਲੀਸ ਜਹਾਜ਼ ਭੇਜੇ ਹਨ ਅਤੇ ਇੱਕ ਕੈਨੇਡੀਅਨ ਸੀ-130 ਵੀ ਖੋਜ ਵੀ ਲੱਗਿਆ ਹੋਇਆ ਹੈ।
ਪਾਣੀ ਦੇ ਅੰਦਰ ਸੋਨਾਰ ਸਮਰੱਥਾ ਨਾਲ ਲੈਸ ਇੱਕ ਪੀ-8 ਜਹਾਜ਼ ਖੋਜ ਕਰ ਰਿਹਾ ਹੈ।
ਸੋਨਾਰ ਇੱਕ ਪ੍ਰਕਾਰ ਦੀ ਤਕਨੀਕ ਹੁੰਦੀ ਹੈ ਜਿਸ ਦੀ ਮਦਦ ਨਾਲ ਪਾਣੀ ਅੰਦਰਲੀਆਂ ਚੀਜ਼ਾਂ ਦਾ ਪਤਾ ਲਗਾਇਆ ਜਾ ਸਕਦਾ ਹੈ।
ਮਿਸਟਰ ਮੌਗਰ ਨੇ ਕਿਹਾ ਕਿ ਜੇ ਪਣਡੁੱਬੀ ਨੂੰ ਪਾਣੀ ਦੇ ਅੰਦਰ ਮਿਲੀ ਤਾਂ ਉਸ ਨੂੰ ਬਚਾਉਣ ਲਈ ਵਾਧੂ ਮੁਹਾਰਤ ਦੀ ਲੋੜ ਹੋਵੇਗੀ ਅਤੇ ਇਸ ਦੇ ਲਈ ਕੋਸਟ ਗਾਰਡ ਨੇ ਮਦਦ ਲਈ ਯੂਐਸ ਨੇਵੀ ਅਤੇ ਪ੍ਰਾਈਵੇਟ ਸੈਕਟਰ ਨਾਲ ਗੱਲਬਾਤ ਕੀਤੀ ਹੈ।
ਕੈਨੇਡਾ ਦੇ ਰੱਖਿਆ ਵਿਭਾਗ ਨੇ ਕਿਹਾ ਕਿ ਹਵਾਈ ਜਹਾਜ਼ ਦੇ ਨਾਲ, ਕੈਨੇਡੀਅਨ ਤੱਟ ਰੱਖਿਅਕ ਜਹਾਜ਼ ਕੋਪਿਟ ਹੌਪਸਨ ਵੀ ਖੋਜ ਵਿੱਚ ਸਹਾਇਤਾ ਕਰ ਰਿਹਾ ਹੈ।
ਸਾਬਕਾ ਅਮਰੀਕੀ ਰੱਖਿਆ ਸਕੱਤਰ ਮਾਈਕ ਮੁਲਰੋਏ ਨੇ ਬੀਬੀਸੀ ਨੂੰ ਦੱਸਿਆ ਕਿ ਵਿਸ਼ੇਸ਼ ਯੂਐਸ ਨੇਵੀ ਰਿਮੋਟ ਪਣਡੁੱਬੀਆਂ ਸੰਭਾਵਤ ਤੌਰ 'ਤੇ ਇਕੋ-ਇਕ ਸਮੁੰਦਰੀ ਜਹਾਜ਼ ਵਿੱਚ ਹੋਣਗੀਆਂ ਜੋ ਇਸ ਪਣਡੁੱਬੀ ਨਾਲ ਜੁੜਨ ਅਤੇ ਇਸ ਨੂੰ ਸਤਿਹ 'ਤੇ ਖਿੱਚਣ ਦੇ ਸਮਰੱਥ ਹਨ।
ਇਸ ਤੋਂ ਇਲਾਵਾ, ਹੋਰਾਈਜ਼ਨ ਮੈਰੀਟਾਈਮ, ਜੋ ਪੋਲਰ ਪ੍ਰਿੰਸ ਦੀ ਸਹਿ-ਮਾਲਕ ਹੈ, ਨੇ ਬੀਬੀਸੀ ਨੂੰ ਪੁਸ਼ਟੀ ਕੀਤੀ ਕਿ ਇੱਕ ਜਹਾਜ਼ ਮਦਦ ਕਰ ਰਿਹਾ ਹੈ ਅਤੇ ਇੱਕ ਦੂਜੇ ਜਹਾਜ਼, ਹੋਰਾਈਜ਼ਨ ਆਰਕਟਿਕ ਨੂੰ ਵੀ ਖੋਜ ਵਾਲੀ ਥਾਂ 'ਤੇ ਭੇਜਿਆ ਗਿਆ ਹੈ।
ਆਕਸੀਜ਼ਨ ਘਟਣ ਨਾਲ ਕੀ-ਕੀ ਹੋ ਸਕਦਾ ਹੈ
ਕੈਨੇਡਾ ਦੀ ਮੈਮੋਰੀਅਲ ਯੂਨੀਵਰਸਿਟੀ ਦੇ ਹਾਈਪਰਬਰਿਕ ਮੈਡੀਸਨ ਦੇ ਮਾਹਿਰ ਡਾਕਟਰ ਕੇਨ ਲੇਡੇਜ਼ ਨੇ ਬੀਬੀਸੀ ਨੂੰ ਦੱਸਿਆ ਕਿ ਪਣਡੁੱਬੀ 'ਤੇ ਸਵਾਰ ਲੋਕਾਂ ਲਈ ਸਿਰਫ ਆਕਸੀਜਨ ਦੀ ਤੇਜ਼ੀ ਨਾਲ ਕਮੀ ਹੀ ਖ਼ਤਰਾ ਨਹੀਂ ਹੈ।
ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਪਣਡੁੱਬੀ ਵਿੱਚ ਬਿਜਲੀ ਵੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਪਣਡੁੱਬੀ ਦੇ ਅੰਦਰ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਬਿਜਲੀ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ।
ਇਹੀ ਗੱਲ ਖਤਰੇ ਨੂੰ ਵਧਾ ਰਹੀ ਹੈ, ਕਿਉਂਕਿ ਜਿਵੇਂ-ਜਿਵੇਂ ਆਕਸੀਜਨ ਦੀ ਮਾਤਰਾ ਘਟਦੀ ਜਾਵੇਗੀ, ਹਰ ਸਾਹ ਨਾਲ ਪਣਡੁੱਬੀ ਵਿੱਚ ਲੋਕਾਂ ਦੁਆਰਾ ਛੱਡੀ ਜਾਣ ਵਾਲੀ ਕਾਰਬਨ ਡਾਈਆਕਸਾਈਡ ਦੀ ਮਾਤਰਾ, ਪਣਡੁੱਬੀ ਵਿੱਚ ਪਹਿਲਾਂ ਤੋਂ ਮੌਜੂਦ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਦੀ ਜਾਵੇਗੀ।
ਇਸ ਨਾਲ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।
ਉਹ ਕਹਿੰਦੇ ਹਨ, "ਜਿਵੇਂ-ਜਿਵੇਂ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧੇਗੀ, ਇਹ ਇੱਕ ਨਸ਼ੀਲੀ ਗੈਸ ਵਾਂਗ ਬਣ ਜਾਵੇਗੀ, ਇਹ ਬੇਹੋਸ਼ ਕਰਨ ਵਾਲੀ ਗੈਸ ਵਾਂਗ ਕੰਮ ਕਰੇਗੀ ਅਤੇ ਤੁਸੀਂ ਸੌਂ ਜਾਓਗੇ।"
ਕਿਸੇ ਵਿਅਕਤੀ ਦੇ ਖੂਨ ਵਿੱਚ ਇਸ ਗੈਸ ਦੀ ਜ਼ਿਆਦਾ ਮਾਤਰਾ ਹੋਣ ਦੀ ਸਥਿਤੀ ਨੂੰ ਹਾਈਪਰਕੈਪਨੀਆ ਕਿਹਾ ਜਾਂਦਾ ਹੈ। ਅਜਿਹੇ 'ਚ ਜੇਕਰ ਉਨ੍ਹਾਂ ਦਾ ਇਲਾਜ ਨਾ ਕਰਵਾਇਆ ਗਿਆ ਤਾਂ ਉਨ੍ਹਾਂ ਦੀ ਮੌਤ ਹੋ ਸਕਦੀ ਹੈ।
ਇਸ ਦੇ ਨਾਲ ਹੀ ਅੱਤ ਦੀ ਠੰਢ ਕਾਰਨ ਪਣਡੁੱਬੀ ਵਿੱਚ ਸਵਾਰ ਲੋਕਾਂ ਦੇ ਹਾਈਪੋਥਰਮੀਆ ਦਾ ਸ਼ਿਕਾਰ ਹੋਣ ਦਾ ਖਤਰਾ ਵੀ ਬਣਿਆ ਹੋਇਆ ਹੈ।
ਕਦੋਂ ਸ਼ੁਰੂ ਹੋਈ ਯਾਤਰਾ ਤੇ ਕਿਵੇਂ ਟੁੱਟਿਆ ਸੰਪਰਕ?
ਪਣਡੁੱਬੀ ਦਾ ਸਹਾਇਕ ਜਹਾਜ਼ ਪੋਲਰ ਪ੍ਰਿੰਸ ਸਭ ਤੋਂ ਪਹਿਲਾਂ ਐਤਵਾਰ ਦੀ ਸਵੇਰ ਨੂੰ ਟਾਈਟੈਨਿਕ ਦੇ ਮਲਬੇ ਦੇ ਨੇੜੇ ਪਹੁੰਚਿਆ ਅਤੇ ਟਾਈਟਨ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 04:00 ਵਜੇ ਆਪਣੀ ਗੋਤਾਖੋਰੀ ਸ਼ੁਰੂ ਕਰਨੀ ਸੀ।
ਸਥਾਨਕ ਸਮੇਂ ਅਨੁਸਾਰ, ਲਗਭਗ 09:45 'ਤੇ ਟਾਈਟਨ ਨੇ ਆਪਣੇ ਉਤਰਨ ਤੋਂ ਇਕ ਘੰਟਾ 45 ਮਿੰਟ ਵਿੱਚ ਸਤਿਹ ਨਾਲ ਸੰਪਰਕ ਤੋੜ ਲਿਆ।
ਪੋਲਰ ਪ੍ਰਿੰਸ ਦਾ ਪਣਡੁੱਬੀ ਨਾਲ ਸੰਪਰਕ ਟੁੱਟਣ ਅਤੇ ਯੂਐਸ ਕੋਸਟ ਗਾਰਡ ਨੂੰ ਸੂਚਿਤ ਕਰਨ ਵਿਚਕਾਰ ਦੇਰੀ ਹੋਈ ਸੀ।
ਯੂਐਸ ਕੋਸਟ ਗਾਰਡ ਨੇ ਕਿਹਾ ਕਿ ਉਨ੍ਹਾਂ ਨੂੰ ਲਗਭਗ 17:45 - ਅੱਠ ਘੰਟੇ ਬਾਅਦ ਇਸ ਬਾਰੇ ਸੂਚਿਤ ਕੀਤਾ ਗਿਆ। ਇਸ ਮਗਰੋਂ, ਬੋਸਟਨ ਵਿੱਚ ਏਜੰਸੀ ਦੇ ਕਮਾਂਡ ਸੈਂਟਰ ਨੇ ਖੋਜ ਯਤਨਾਂ ਨਾਲ ਤਾਲਮੇਲ ਸ਼ੁਰੂ ਕੀਤਾ।
ਅਨੁਮਾਨ ਹੈ ਕਿ ਟਾਈਟਨ ਪਣਡੁੱਬੀ ਸੇਂਟ ਜੌਨਸ, ਨਿਊਫਾਊਂਡਲੈਂਡ ਤੋਂ ਲਗਭਗ 900 ਮੀਲ ਪੂਰਬ ਅਤੇ 400 ਮੀਲ ਦੱਖਣ ਵਿੱਚ ਮੌਜੂਦ ਹੋ ਸਕਦੀ ਹੈ।
ਪਣਡੁੱਬੀ ਵਿੱਚ ਕੌਣ-ਕੌਣ ਸਵਾਰ ਹੈ?
ਇਸ ਪਣਡੁੱਬੀ 'ਤੇ ਸਵਾਰ ਪੰਜ ਯਾਤਰੀਆਂ 'ਚ ਪਾਕਿਸਤਾਨੀ ਮੂਲ ਦੇ ਅਰਬਪਤੀ ਕਾਰੋਬਾਰੀ ਸ਼ਹਿਜ਼ਾਦਾ ਦਾਊਦ ਅਤੇ ਉਨ੍ਹਾਂ ਦੇ ਪੁੱਤਰ ਸੁਲੇਮਾਨ ਦਾਊਦ, ਬ੍ਰਿਟਿਸ਼ ਅਰਬਪਤੀ ਕਾਰੋਬਾਰੀ ਹਾਮਿਸ਼ ਹਾਰਡਿੰਗ, ਫਰਾਂਸੀਸੀ ਖੋਜੀ ਪਾਲ ਹੈਨਰੀ ਨਰਗਲੇਟ ਅਤੇ ਯਾਤਰਾ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਦੇ ਮੁੱਖ ਕਾਰਜਕਾਰੀ ਸਟਾਕਟਨ ਰਸ਼ ਸ਼ਾਮਲ ਹਨ।
ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਹਰਮੀਸ਼ ਹਾਰਡਿੰਗ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਨ੍ਹਾਂ ਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਟਾਈਟੈਨਿਕ ਦੇ ਮਲਬੇ ਤੱਕ ਜਾਣ ਵਾਲੀ ਮੁਹਿੰਮ ਦਾ ਹਿੱਸਾ ਹੋਣਗੇ।
ਉਨ੍ਹਾਂ ਇਹ ਵੀ ਲਿਖਿਆ ਕਿ "40 ਸਾਲਾਂ ਵਿੱਚ ਪਹਿਲੀ ਵਾਰ ਨਿਊਫਾਊਂਡਲੈਂਡ ਵਿੱਚ ਇੰਨੀ ਸਰਦੀ ਕਾਰਨ ਇਹ ਸਾਲ ਦੀ ਆਖਰੀ ਮੁਹਿੰਮ ਹੋਵੇਗੀ।"
ਅੱਠ ਦਿਨਾਂ ਦੀ ਇਸ ਯਾਤਰਾ ਲਈ ਢਾਈ ਲੱਖ ਡਾਲਰ ਯਾਨੀ ਦੋ ਕਰੋੜ ਰੁਪਏ ਤੋਂ ਵੱਧ ਦੀ ਟਿਕਟ ਖਰੀਦੀ ਜਾਂਦੀ ਹੈ। ਇਸ ਯਾਤਰਾ ਦੌਰਾਨ ਟਾਈਟੈਨਿਕ ਦੇ ਮਲਬੇ ਨੂੰ ਸਮੁੰਦਰ 'ਚ 3800 ਮੀਟਰ ਹੇਠਾਂ ਜਾ ਕੇ ਦੇਖਿਆ ਜਾ ਸਕਦਾ ਹੈ।
ਇਸ ਨੂੰ ਕੀ ਹੋਇਆ ਹੋ ਸਕਦਾ ਹੈ?
ਯੂਨੀਵਰਸਿਟੀ ਕਾਲਜ ਲੰਡਨ ਦੇ ਪਣਡੁੱਬੀ ਮਾਹਿਰ ਪ੍ਰੋਫੈਸਰ ਅਲਿਸਟੇਅਰ ਗ੍ਰੇਗ ਨੇ ਕਈ ਪਹਿਲੂਆਂ 'ਤੇ ਕੰਮ ਕੀਤਾ ਹੈ ਕਿ ਲਾਪਤਾ ਪਣਡੁੱਬੀ ਕਿੱਥੇ ਹੋ ਸਕਦੀ ਹੈ।
ਉਨ੍ਹਾਂ ਨੇ ਬੀਬੀਸੀ ਦੇ ਵਿਗਿਆਨਿਕ ਮਾਮਲਿਆਂ ਦੇ ਪੱਤਰਕਾਰ ਪੱਲਬ ਘੋਸ਼ ਨੂੰ ਦੱਸਿਆ ਕਿ ਇੱਕ ਚੀਜ਼ ਇਹ ਹੈ ਕਿ ਇਸ ਨੇ ਐਮਰਜੈਂਸੀ ਤੋਂ ਬਾਅਦ ਸਤਿਹ 'ਤੇ ਆਉਣ ਲਈ ਇੱਕ "ਡ੍ਰੌਪ ਵੇਟ" ਜਾਰੀ ਕੀਤਾ ਹੋਵੇਗਾ।
"ਜੇ ਬਿਜਲੀ ਚਲੀ ਗਈ ਹੋਣੀ/ਜਾਂ ਸੰਚਾਰ 'ਚ ਕੋਈ ਸਮੱਸਿਆ ਆਈ ਹੋਣੀ, ਤਾਂ ਹੋ ਸਕਦਾ ਹੈ ਕਿ ਪਣਡੁੱਬੀ ਸਤਿਹ 'ਤੇ ਹੋਵੇ ਅਤੇ 'ਤੇ ਖੋਜੇ ਜਾਣ ਦੀ ਉਡੀਕ ਕਰ ਰਹੀ ਹੋਵੇ।''
ਉਨ੍ਹਾਂ ਕਿਹਾ ਕਿ ਸ਼ਾਇਦ ਅਜਿਹਾ ਹੀ ਹੋਇਆ ਹੋਵੇਗਾ।
ਇੱਕ ਹੋਰ ਪਹਿਲੂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿ ਇਹ ਹੈ ਕਿ ਕਿਸੇ ਪ੍ਰਕਾਰ ਦੀ ਕੋਈ ਲੀਕੇਜ ਹੋ ਗਈ ਹੋਵੇ।
ਉਨ੍ਹਾਂ ਕਿਹਾ ਕਿ ਜੇ ਇਹ ਸਮੁੰਦਰ ਦੇ ਅੰਦਰ ਤਲ 'ਤੇ ਹੇਠਾਂ ਚਲੀ ਗਈ ਹੈ ਅਤੇ ਉਸ ਕੋਲ ਵਾਪਸ ਆਉਣ ਦੀ ਊਰਜਾ ਨਹੀਂ ਹੈ ਤਾਂ ਬਹੁਤ ਘੱਟ ਰਸਤੇ ਬਚਦੇ ਹਨ।
"ਹਾਲਾਂਕਿ ਪਣਡੁੱਬੀ ਅਜੇ ਵੀ ਠੀਕ ਹੋ ਸਕਦੀ ਹੈ, ਪਰ ਜੇ ਇਹ 200 ਮੀਟਰ (656 ਫੁੱਟ) ਤੋਂ ਵੱਧ ਡੂੰਘਾਈ 'ਤੇ ਹੈ, ਤਾਂ ਬਹੁਤ ਘੱਟ ਸਮੁੰਦਰੀ ਜਹਾਜ਼ ਹਨ ਜੋ ਇਸ ਡੂੰਘਾਈ ਤੱਕ ਪਹੁੰਚ ਸਕਦੇ ਹਨ ਅਤੇ ਯਕੀਨੀ ਤੌਰ 'ਤੇ ਗੋਤਾਖੋਰ ਤਾਂ ਟਾਈਟੈਨਿਕ ਦੀ ਡੂੰਘਾਈ ਦੇ ਨੇੜੇ ਬਿਲਕੁਲ ਨਹੀਂ ਜਾ ਸਕਦੇ।''
ਇਸ ਪਣਡੁੱਬੀ ਬਾਰੇ ਕੀ ਪਤਾ ਹੈ?
- ਇਸ ਪਣਡੁੱਬੀ ਨੂੰ ਟਾਈਟਨ ਸਬਮਰਸਿਬਲ ਕਿਹਾ ਜਾਂਦਾ ਹੈ। ਆਮ ਤੌਰ ਉੱਤੇ ਇਸ ਵਿੱਚ ਇੱਕ ਪਾਇਲਟ, ਤਿੰਨ ਸੈਲਾਨੀ ਅਤੇ ਕੰਪਨੀ ਮੁਤਾਬਕ ਇੱਕ ‘ਕੰਟੈਂਟ ਐਕਸਪਰਟ’ ਸਵਾਰ ਹੁੰਦੇ ਹਨ।
- ਓਸ਼ਨਗੇਟ ਮੁਤਾਬਕ ਉਨ੍ਹਾਂ ਕੋਲ ਤਿੰਨ ਪਣਡੁੱਬੀਆਂ ਹਨ ਪਰ ਸਿਰਫ਼ ਟਾਇਟਨ ਸਬਮਰਸਿਬਲ ਦੀ ਟਾਇਟੈਨਿਕ ਦੇ ਮਲਬੇ ਤੱਕ ਪਹੁੰਚਣ ਵਿੱਚ ਸਮਰੱਥ ਹੈ।
- ਇਸ ਵੇਲੇ ਅੱਠ ਦਿਨਾਂ ਦੇ ਇਸ ਟੂਰ ਦੀ ਕੀਮਤ ਢਾਈ ਲੱਖ ਡਾਲਰ ਭਾਵ ਲਗਭਗ ਦੋ ਕਰੋੜ ਰੁਪਏ ਹੈ ਅਤੇ ਇਹ ਟੂਰ ਨਿਊਫਾਉਂਡਲੈਂਡ ਦੇ ਸੈਂਟ ਜੌਨਸ ਤੋਂ ਸ਼ੁਰੂ ਹੁੰਦਾ ਹੈ।
- ਲਾਪਤਾ ਪਣਡੁੱਬੀ ਓਸ਼ੀਅਨਗੇਟ ਕੰਪਨੀ ਦੀ ਟਾਇਟਨ ਸਬਮਰਸਿਬਲ ਹੈ ਜੋ ਇੱਕ ਟਰੱਕ ਵਾਂਗ ਵੱਡੀ ਹੈ।
- ਟੂਰ ਦੌਰਾਨ ਪਣਡੁੱਬੀ ਟਾਇਟੈਨਿਕ ਜਹਾਜ਼ ਦੇ ਮਲਬੇ ਕੋਲ ਸਮੰਦਰ ਵਿੱਚ 3800 ਮੀਟਰ ਹੇਠਾਂ ਡੁਬਕੀ ਲਗਾਉਂਦੀ ਹੈ।
- ਪਿਛਲੇ ਸਾਲ ਇੱਕ ਪੱਤਰਕਾਰ ਨੇ ਇਸ ਪਣਡੁੱਬੀ ਵਿੱਚ ਸਫ਼ਰ ਕੀਤਾ ਸੀ ਅਤੇ ਉਨ੍ਹਾਂ ਮੁਤਾਬਕ ਮਦਦ ਤੋਂ ਬਿਨਾਂ ਇਸ ਵਿੱਚੋਂ ਨਿਕਲਣਾ ਨਾਮੁਮਕਿਨ ਹੈ।
- ਸੀਬੀਸੀ ਦੇ ਪੱਤਰਕਾਰ ਡੇਵਿਡ ਪੋਗ ਨੇ ਇਸ ਪੁਣਡੁੱਬੀ ਵਿੱਚ ਪਿਛਲੇ ਸਾਲ ਸਫ਼ਰ ਕੀਤਾ ਸੀ। ਬੀਬੀਸੀ ਨਾਲ ਗੱਲਬਾਤ ਦੌਰਾਨ ਉਹ ਕਹਿੰਦੇ ਹਨ ਕਿ ਇਸ ਪਣਡੁੱਬੀ ਨੂੰ ਬਾਹਰੋਂ ਕਈ ਨੱਟਾਂ ਨਾਲ ਬੰਦ ਕੀਤਾ ਗਿਆ ਹੈ ਅਤੇ ਇਨ੍ਹਾਂ ਨੱਟਾਂ ਨੂੰ ਬਾਹਰੋਂ ਹੀ ਖੋਲ੍ਹਿਆ ਜਾ ਸਕਦਾ ਹੈ।
- ਉਨ੍ਹਾਂ ਮੁਤਾਬਕ ਇਸ ਪਣਡੁੱਬੀ ਵਿੱਚ ਸੱਤ ਵੱਖ-ਵੱਖ ਤਰ੍ਹਾਂ ਫੰਕਸ਼ਨ ਹੁੰਦੇ ਹਨ ਅਤੇ ਇਹ ਚਿੰਤਾ ਵਾਲੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਕੋਈ ਵੀ ਫੰਕਸ਼ਨ ਅਜੇ ਤੱਕ ਕੰਮ ਨਹੀਂ ਕੀਤਾ ਹੈ।
- ਉਹ ਕਹਿੰਦੇ ਹਨ, ‘‘ਕੋਈ ਵੀ ਬੈਕ ਅੱਪ ਨਹੀਂ ਹੈ, ਕੋਈ ਵੀ ਬਚਣ ਦਾ ਰਾਹ ਨਹੀਂ ਹੈ।’’
- ਟੀਵੀ ਕਾਮੇਡੀ ਲੇਖਕ ਮਾਈਕ ਰੀਸ ਨੇ ਵੀ ਪਿਛਲੇ ਸਾਲ ਇਸ ਪਣਡੁੱਬੀ ਵਿੱਚ ਸਫ਼ਰ ਕੀਤਾ ਸੀ।
- ਬੀਬੀਸੀ ਬ੍ਰੇਕਫਾਸਟ ਨਾਲ ਗੱਲ ਕਰਦਿਆਂ ਉਹ ਕਹਿੰਦੇ ਹਨ, ‘‘ਮੈਨੂੰ ਇਸ ਦੇ ਸਾਜੋ ਸਮਾਨ ਬਾਰੇ ਪਤਾ ਹੈ ਅਤੇ ਮੈਨੂੰ ਪਤਾ ਹੈ ਕਿ ਸਮੁੰਦਰ ਕਿੰਨਾ ਵਿਸ਼ਾਲ ਹੈ ਤੇ ਪਣਡੁੱਬੀ ਕਿੰਨੀ ਛੋਟੀ।’’
- ਇਸ ਪਣਡੁੱਬੀ ਦਾ ਭਾਰ 10,432 ਕਿੱਲੋ ਹੈ ਅਤੇ ਲੰਬਾਈ 22 ਫੁੱਟ ਹੈ। ਇਹ ਪਣਡੁੱਬੀ 96 ਘੰਟਿਆਂ ਤੱਕ ਪੰਜ ਲੋਕਾਂ ਨੂੰ ਰੱਖ ਸਕਦੀ ਹੈ।
ਇਹ ਆਮ ਪਣਡੁੱਬੀ ਤੋਂ ਕਿਵੇਂ ਵੱਖਰੀ ਹੈ?
ਨੈਸ਼ਨਲ ਓਸ਼ਨਿਕ ਅਤੇ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਅਨੁਸਾਰ, ਇੱਕ ਆਮ ਪਣਡੁੱਬੀ ਇੱਕ ਕਿਨਾਰੇ ਤੋਂ ਸੁਤੰਤਰ ਤੌਰ 'ਤੇ ਅੱਗੇ ਵਧ ਸਕਦੀ ਹੈ, ਜਦੋਂ ਕਿ ਇੱਕ ਸਬਮੇਰਸਿਬਲ ਪਣਡੁੱਬੀ ਦੀ ਸ਼ਕਤੀ ਬਹੁਤ ਸੀਮਤ ਹੁੰਦੀ ਹੈ ਅਤੇ ਇਸ ਨੂੰ ਹੇਠਾਂ ਅਤੇ ਉੱਪਰ ਜਾਣ ਲਈ ਇੱਕ ਜਹਾਜ਼ ਦੀ ਜ਼ਰੂਰਤ ਹੁੰਦੀ ਹੈ।
ਇਸ ਦੇ ਨਾਲ ਹੀ ਇਹ ਵੀ ਹੈ ਕਿ ਸਮੁੰਦਰ ਦੇ ਹੇਠਾਂ ਵਾਲੇ ਖੇਤਰਾਂ ਵਿੱਚ ਰੌਸ਼ਨੀ ਬਿਲਕੁਲ ਵੀ ਨਹੀਂ ਹੁੰਦੀ।
ਓਸ਼ਨਗੇਟ ਨੇ ਆਪਣੀ ਵੈੱਬਸਾਈਟ 'ਤੇ ਦੱਸਿਆ ਹੈ ਕਿ ਇਸ ਦੀਆਂ ਤਿੰਨ ਪਣਡੁੱਬੀਆਂ ਹਨ, ਜਿਨ੍ਹਾਂ 'ਚੋਂ ਸਿਰਫ ਟਾਈਟਨ ਹੀ ਟਾਈਟੈਨਿਕ ਦੇ ਮਲਬੇ ਤੱਕ ਪਹੁੰਚਣ ਦੇ ਸਮਰੱਥ ਹੈ।
ਇਹ 13 ਹਜ਼ਾਰ 100 ਫੁੱਟ ਦੀ ਡੂੰਘਾਈ ਤੱਕ ਜਾ ਸਕਦੀ ਹੈ।
ਇਹ ਇੱਕ ਕਾਰਬਨ-ਫਾਈਬਰ ਪਣਡੁੱਬੀ ਹੈ ਜੋ ਨਿਊਫਾਊਂਡਲੈਂਡ ਵਿੱਚ ਸੇਂਟ ਜੌਨਜ਼ ਤੋਂ ਰਵਾਨਾ ਹੁੰਦੀ ਹੈ ਅਤੇ ਮਲਬੇ ਤੱਕ ਜਾਂਦੀ ਹੈ। ਸਮੁੰਦਰ ਵਿੱਚ ਉਤਰਨ ਤੋਂ ਲੈ ਕੇ ਵਾਪਸ ਆਉਣ ਤੱਕ ਅੱਠ ਘੰਟੇ ਲੱਗਦੇ ਹਨ।
ਵੈੱਬਸਾਈਟ ਅਨੁਸਾਰ, ਇਸ ਸਾਲ ਇੱਕ ਯਾਤਰਾ ਚੱਲ ਰਹੀ ਹੈ ਜਦੋਂ ਕਿ ਦੋ ਹੋਰ ਯਾਤਰਾਵਾਂ ਜੂਨ 2024 ਵਿੱਚ ਹੋਣੀਆਂ ਹਨ।
ਪਣਡੁੱਬੀ ਦੀ ਸੁਰੱਖਿਆ 'ਤੇ ਸਵਾਲ ਚੁੱਕਣ ਵਾਲੇ ਨੂੰ ਨੌਕਰੀ ਤੋਂ ਕੱਢਿਆ
ਨਿਊਯਾਰਕ ਟਾਈਮਜ਼ ਨੇ ਖਬਰ ਦਿੱਤੀ ਹੈ ਕਿ ਸਾਲ 2018 'ਚ ਇਸ ਉਦਯੋਗ ਦੇ ਮਾਹਿਰਾਂ ਨੇ ਓਸ਼ਨਗੇਟ ਕੰਪਨੀ ਦੀ ਪਣਡੁੱਬੀ ਟਾਈਟਨ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਕੰਪਨੀ ਦੇ ਸੀਈਓ ਨੂੰ ਪੱਤਰ ਲਿਖਿਆ ਸੀ।
ਇਸ ਤੋਂ ਇਲਾਵਾ, ਇੱਕ ਯੂਐਸ ਅਦਾਲਤ ਦੇ ਦਸਤਾਵੇਜ਼ ਦੇ ਅਨੁਸਾਰ, ਓਸ਼ਨਗੇਟ ਨੇ 2018 ਵਿੱਚ ਇੱਕ ਪਣਡੁੱਬੀ ਮਾਹਰ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਉਸ ਨੇ ਪਣਡੁੱਬੀ ਨਾਲ ਜੁੜੇ ਸੁਰੱਖਿਆ ਮੁੱਦਿਆਂ ਵੱਲ ਧਿਆਨ ਦਿਵਾਇਆ ਸੀ।
ਸਕਾਟਲੈਂਡ ਦੇ ਪਣਡੁੱਬੀ ਮਾਹਿਰ ਡੇਵਿਡ ਲੋਖਰਿਜ ਨੇ ਸਾਲ 2017 ਵਿੱਚ ਇਸ ਕੰਪਨੀ ਵਿੱਚ ਨੌਕਰੀ ਸ਼ੁਰੂ ਕੀਤੀ ਸੀ।
ਉਨ੍ਹਾਂ ਨੇ ਪਣਡੁੱਬੀ ਦੀਆਂ ਖਾਮੀਆਂ ਬਾਰੇ ਚੇਤਾਵਨੀ ਜ਼ਾਹਰ ਕੀਤੀ ਸੀ, ਜਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਰਿਪੋਰਟ ਲਿਖੀ ਤਾਂ ਉਸ ਨੂੰ ਗੁਪਤ ਸੂਚਨਾ ਜਨਤਕ ਕਰਨ ਦੇ ਨਾਂ 'ਤੇ ਨੌਕਰੀ ਤੋਂ ਕੱਢ ਦਿੱਤਾ ਗਿਆ।
ਇਸ ਮਗਰੋਂ, ਲੋਖਰਿਜ ਨੇ ਅਦਾਲਤ ਵਿੱਚ ਕੇਸ ਦਾਇਰ ਕੀਤਾ ਅਤੇ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ।
ਕਿੱਥੇ ਹੈ ਟਾਇਟੈਨਿਕ ਦਾ ਮਲਬਾ
ਸਾਲ 1912 'ਚ ਦੁਨੀਆਂ ਦੇ ਸਭ ਤੋਂ ਵੱਡੇ ਜਹਾਜ਼ ਟਾਈਟੈਨਿਕ ਨੇ ਬ੍ਰਿਟੇਨ ਦੇ ਸਾਊਥੈਂਪਟਨ ਤੋਂ ਨਿਊਯਾਰਕ ਤੱਕ ਆਪਣੀ ਪਹਿਲੀ ਯਾਤਰਾ ਸ਼ੁਰੂ ਕੀਤੀ ਸੀ ਪਰ ਇਹ ਇਕ ਆਈਸਬਰਗ ਨਾਲ ਟਕਰਾ ਗਿਆ ਸੀ।
ਇਸ ਜਹਾਜ਼ 'ਤੇ ਸਵਾਰ 2,200 ਲੋਕਾਂ 'ਚੋਂ 1,500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਇਸ ਜਹਾਜ਼ ਦਾ ਮਲਬਾ ਪਹਿਲੀ ਵਾਰ 1985 ਵਿੱਚ ਲੱਭਿਆ ਗਿਆ ਸੀ।
ਟਾਈਟੈਨਿਕ ਦਾ ਮਲਬਾ ਉੱਤਰੀ ਅਮਰੀਕੀ ਸਾਗਰ ਦੇ ਨੇੜੇ ਕੈਨੇਡਾ ਦੇ ਨਿਊਫਾਊਂਡਲੈਂਡ ਵਿੱਚ ਸੇਂਟ ਜੌਨਸ ਤੋਂ 700 ਕਿਲੋਮੀਟਰ ਦੂਰ ਅਟਲਾਂਟਿਕ ਮਹਾਸਾਗਰ ਵਿੱਚ ਹੈ।