You’re viewing a text-only version of this website that uses less data. View the main version of the website including all images and videos.
ਟਾਈਟੈਨਿਕ ਫ਼ਿਲਮ ਹਿਟਲਰ ਸਰਕਾਰ ਨੇ ਵੀ ਬਣਾਈ ਸੀ, ਫ਼ਿਰ ਖੁਦ ਹੀ ਬੈਨ ਕਰ ਦਿੱਤੀ, ਕੀ ਵਾਪਰਿਆ ਉਸ ਫ਼ਿਲਮ ਨਾਲ
- ਲੇਖਕ, ਫਰਨਾਂਡੋ ਡੁਰੇਟ
- ਰੋਲ, ਬੀਬੀਸੀ ਵਰਲਡ ਸਰਵਿਸ
ਟਾਇਟੈਨਿਕ ਡੁੱਬਣ ਦਾ ਫ਼ਿਲਮੀ ਸੀਨ ਅੱਜ ਵੀ ਲੋਕਾਂ ਨੂੰ ਯਾਦ ਹੋਵੇਗਾ। ਉਸ ਹਾਦਸੇ ਉੱਤੇ ਬਣਾਈ ਗਈ ਜੇਮਸ ਕੈਮਰੂਨ ਦੀ ਉਹ ਫ਼ਿਲਮ 1997 ਵਿੱਚ ਰਿਲੀਜ਼ ਹੋਈ ਸੀ।
ਲਿਓਨਾਰਡੋ ਡੀ ਕੈਪਰੀਓ ਤੇ ਕੇਟ ਵਿੰਸਲੇਟ ਦੀਆਂ ਮੁੱਖ ਭੂਮਿਕਾਵਾਂ ਵਾਲੀ ਉਸ ਫ਼ਿਲਮ ਨੇ ਕਈ ਆਸਕਰ ਅਵਾਰਡ ਜਿੱਤੇ ਸਨ।
ਪਰ ਸਮੁੰਦਰ ਵਿੱਚ 80 ਸਾਲ ਪਹਿਲਾਂ ਹੋਏ ਉਸ ਹਾਦਸੇ ਨੇ ਨਾਜ਼ੀ ਸੱਤਾ ਨੂੰ ਵੀ ਇੱਕ ਵੱਡੀ ਫ਼ਿਲਮ ਬਣਾਉਣ ਲਈ ਪ੍ਰੇਰਿਤ ਕੀਤਾ ਸੀ।
ਨਾਜ਼ੀਆਂ ਦੀ ਉਹ ਫ਼ਿਲਮ ਬਣ ਤਾਂ ਗਈ ਪਰ ਕੁਝ ਲੋਕਾਂ ਨੇ ਹੀ ਉਸ ਨੂੰ ਵੇਖਿਆ ਅਤੇ ਦਿਲਚਸਪ ਗੱਲ ਤਾਂ ਇਹ ਸੀ ਕਿ ਫ਼ਿਲਮ ਵਿੱਚ ਡੁੱਬਦੇ ਟਾਇਟੈਨਿਕ ਦੀ ਥਾਂ ਜਿਸ ਜਹਾਜ਼ ਦਾ ਇਸਤੇਮਾਲ ਕੀਤਾ ਗਿਆ ਸੀ ।
ਉਹ ਅਸਲੀ ਟਾਇਟੈਨਿਕ ਹਾਦਸੇ ਤੋਂ ਵੀ ਕਿਤੇ ਵੱਧ ਤ੍ਰਾਸਦ ਘਟਨਾ ਦਾ ਸ਼ਿਕਾਰ ਹੋਇਆ ਸੀ।
ਉਹ ਸ਼ਾਨਦਾਰ ਅਤੇ ਤਮਾਮ ਐਸ਼ੋ-ਆਰਾਮ ਦੀਆਂ ਸਹੂਲਤਾਂ ਨਾਲ ਲੈੱਸ ਜਹਾਜ਼ ਸੀ ‘ਐੱਸਐੱਸ ਕੈਪ ਅਕਰੋਨਾ - 1942 ਦੀ ਸ਼ੁਰੂਆਤ ਤੱਕ ਇਸ ਨੂੰ ਕਵੀਨ ਆਫ਼ ਸਾਊਥ ਅਟਲਾਂਟਿਕ ਕਿਹਾ ਜਾਂਦਾ ਸੀ।
ਉਹ ਜਹਾਜ਼ ਬਾਲਟਿਕ ਸੀ, ਜੋ ਜਰਮਨੀ ਦੇ ਨੇਵਲ ਬੇਸ ਵਿੱਚ ਬੇਕਾਰ ਪਿਆ ਜੰਗ ਖਾ ਰਿਹਾ ਸੀ।
ਦੋ ਸਾਲ ਪਹਿਲਾਂ ਉਸ ਜਹਾਜ਼ ਨੂੰ ਹਿਟਲਰ ਦੀ ਸਮੁੰਦਰੀ ਫੌਜ ਦੇ ਬੈਰਕ ਵਿੱਚ ਤਬਦੀਲ ਕਰ ਦਿੱਤਾ ਸੀ।
ਪਰ ਉਸੇ ਸਾਲ ਅਜਿਹਾ ਕੁਝ ਹੋਇਆ ਕਿ ਕੈਪ ਐਕਰੋਨਾ ਨੂੰ ਲੈ ਕੇ ਪੂਰੀ ਸੁਰਖ਼ੀਆਂ ਬਦਲ ਗਈਆਂ।
ਇਤਫ਼ਾਕ ਨਾਲ ਉਸ ਦਾ ਆਕਾਰ ਉਸ ‘ਆਰਐੱਮਐੱਸ ਟਾਇਟੈਨਿਕ’ ਨਾਲ ਮਿਲਦਾ-ਜੁਲਦਾ ਹੈ। ਜੋ 1912 ਵਿੱਚ ਸਮੁੰਦਰ ਵਿੱਚ ਡੁੱਬ ਗਿਆ ਸੀ।
ਕਿਵੇਂ ਬਣੀ ਨਾਜ਼ੀਆਂ ਦੀ ਫਿਲਮ ?
- ਟਾਇਟੈਨਿਕ ਹਾਦਸੇ ਨੇ ਨਾਜ਼ੀ ਸੱਤਾ ਨੂੰ ਵੀ ਇੱਕ ਵੱਡੀ ਫ਼ਿਲਮ ਬਣਾਉਣ ਲਈ ਪ੍ਰੇਰਿਤ ਕੀਤਾ ਸੀ।
- ਹਿਟਲਰ ਦੀ ਸਰਕਾਰ ਨੇ ਉਸੇ ਟਾਇਟੈਨਿਕ ਹਾਦਸੇ ਉੱਤੇ ਇੱਕ ਫਿਲਮ ਬਣਾਉਣ ਦਾ ਫੈਸਲਾ ਕੀਤਾ ਸੀ।
- ਕਹਾਣੀ ਵਿੱਚ ਦਿਖਾਇਆ ਕਿ ਕਿਵੇਂ ਦਰਦਨਾਕ ਹਾਦਸਾ ਬ੍ਰਿਟੇਨ ਅਤੇ ਅਮਰੀਕਾ ਦੇ ‘ਲਾਲਚ’ ਕਾਰਨ ਹੋਇਆ ਸੀ।
- ਫ਼ਿਲਮ ਵਿੱਚ ਕੰਮ ਕਰਨ ਲਈ ਸੈਂਕੜੇ ਜਰਮਨ ਫੌਜੀਆਂ ਨੂੰ ਜੰਗ ਤੋਂ ਹਟਾ ਕੇ ਸ਼ੂਟਿੰਗ ਵਿੱਚ ਲਗਾਇਆ ਗਿਆ ਸੀ।
ਫ਼ਿਲਮ ਉੱਤੇ ਪਾਣੀ ਵਾਂਗ ਪੈਸਾ ਬਹਾਇਆ
ਹਾਲਾਂਕਿ ਟਾਈਟੈਨਿਕ ਹਾਦਸੇ ਉੱਤੇ ਇੱਕ ਫਿਲਮ 1912 ਵਿੱਚ ਹੀ ਬਣ ਚੁੱਕੀ ਸੀ।
ਇਸੇ ਸਾਲ ਟਾਇਟੈਨਿਕ ਆਪਣੀ ਪਹਿਲੀ ਸਮੁੰਦਰੀ ਯਾਤਰਾ ਵਿੱਚ ਹੀ ਉੱਤਰੀ ਅਟਲਾਂਟਿਕ ਦੇ ਬਰਫ਼ੀਲੇ ਇਲਾਕੇ ਵਿੱਚ ਇੱਕ ਹਿਮਖੰਡ ਨਾਲ ਟਕਰਾ ਕੇ ਡੁੱਬ ਗਿਆ ਸੀ।
ਇਸ ਲਈ ਉਸ ਹਾਦਸੇ ਉੱਤੇ 30 ਸਾਲ ਬਾਅਦ ਫਿਲਮ ਬਣਾਉਣਾ ਕੋਈ ਚੰਗਾ ਆਈਡੀਆ ਨਹੀਂ ਕਿਹਾ ਜਾ ਸਕਦਾ ਸੀ।
ਪਰ ਹਿਟਲਰ ਦੇ ਪ੍ਰਚਾਰ ਮੰਤਰੀ ਜੋਸੇਫ ਗੋਏਬਲਜ਼ ਨੂੰ ਟਾਇਟੈਨਿਕ ਹਾਦਸੇ ਨੂੰ ਲੈ ਕੇ ਇੱਕ ਅਜਿਹੀ ਕਹਾਣੀ ਹੱਥ ਲੱਗੀ ਜਿਸ ਵਿੱਚ ਹਾਦਸੇ ਦੇ ਨਵੇਂ ਪਹਿਲੂਆਂ ਬਾਰੇ ਗੱਲ ਕੀਤੀ ਗਈ ਸੀ।
ਇਸ ਕਹਾਣੀ ਵਿੱਚ ਦਿਖਾਇਆ ਗਿਆ ਸੀ ਕਿ ਕਿਵੇਂ ਇਹ ਦਰਦਨਾਕ ਹਾਦਸਾ ਬ੍ਰਿਟੇਨ ਅਤੇ ਅਮਰੀਕਾ ਦੇ ‘ਲਾਲਚ’ ਕਾਰਨ ਹੋਇਆ ਸੀ।
‘ਨਾਜ਼ੀ ਟਾਇਟੈਨਿਕ’ ਨਾਂ ਦੀ ਕਿਤਾਬ ਲਿਖਣ ਵਾਲੇ ਅਮਰੀਕੀ ਇਤਿਹਾਸਕਾਰ ਪ੍ਰੋਫੈਸਰ ਰੌਬਰਟ ਵਾਟਸਨ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, ‘ਗੋਏਬਲਜ਼ ਦੀ ਨਿਗਰਾਨੀ ਵਿੱਚ ਨਾਜ਼ੀ ਸਰਕਾਰ ਹੁਣ ਤੱਕ ਸੈਂਕੜੇ ਪ੍ਰਾਪੇਗੰਡਾ ਫਿਲਮਾਂ ਬਣਾ ਚੁੱਕੀ ਸੀ। ਇਸ ਵਾਰ ਉਹ ਕੁਝ ਵੱਖਰਾ ਕਰਨਾ ਚਾਹੁੰਦੀ ਸੀ।’
ਪ੍ਰੋਫੈਸਰ ਵਾਟਸਨ ਦੱਸਦੇ ਹਨ, “1942 ਵਿੱਚ ਦੂਜੀ ਵਿਸ਼ਵ ਜੰਗ ਦੌਰਾਨ ਜਰਮਨੀ ਨੂੰ ਕਈ ਮੋਰਚਿਆਂ ਉੱਤੇ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਉਸ ਵੇਲੇ ਗੋਏਬਲਜ਼ ਨੇ ਸੋਚਿਆ ਕਿ ਬਿਹਤਰ ਹੈ ਕਿ ਪ੍ਰਚਾਰ ਦੇ ਮੋਰਚੇ ਉੱਤੇ ਹੀ ਕੁਝ ਵੱਡਾ ਕੀਤਾ ਜਾਵੇ।”
1942 ਦੇ ਉਸ ਸਾਲ ਵਿੱਚ ਹਾਲੀਵੁੱਡ ਦੀ ਇੱਕ ਨਵੀਂ ਫਿਲਮ ਆਈ ਸੀ – ਕਾਸਾਬਲੈਂਕਾ।
ਨਾਜ਼ੀ ਵਿਰੋਧੀ ਬ੍ਰਿਤਾਂਤ ਉੱਤੇ ਬਣੀ ਉਹ ਰੋਮਾਂਟਿਕ ਫਿਲਮ ਇੰਨੀ ਮਸ਼ਹੂਰ ਹੋਈ ਕਿ ਉਸ ਨੂੰ ਵੇਖ ਕੇ ਹਿਟਲਰ ਦੇ ਅਧਿਕਾਰੀ ਵੀ ਦੰਗ ਰਹਿ ਗਏ ਸੀ।
ਇਸੇ ਫ਼ਿਲਮ ਦੀ ਕਾਮਯਾਬੀ ਨੇ ਉਨ੍ਹਾਂ ਨੂੰ ਇੱਕ ਵੱਡੀ ਪ੍ਰਾਪੇਗੰਡਾ ਫਿਲਮ ਬਣਾਉਣ ਲਈ ਉਕਸਾਇਆ ਸੀ।
ਗੋਏਬਲਜ਼ ਦਾ ਮਕਸਦ ਸੀ, ਟਾਇਟੈਨਿਕ ਹਾਦਸੇ ਉੱਤੇ ਇੱਕ ਵੱਡੀ ਫਿਲਮ ਬਣਾ ਕੇ ਪੱਛਮੀ ਦੇਸਾਂ ਨੂੰ ਉਨ੍ਹਾਂ ਦੇ ਅੰਦਾਜ਼ ਵਿੱਚ ਹੀ ਜਵਾਬ ਦਿੱਤਾ ਜਾਵੇ।
ਪ੍ਰੋਫੈਸਰ ਵਾਟਸਨ ਦੱਸਦੇ ਹਨ, “ਨਾਜ਼ੀ ਵਿਰੋਧੀ ‘ਕਾਸਾਬਲੈਂਕਾ’ ਦੇ ਜਵਾਬ ਵਿੱਚ ਬਣਾਈ ਜਾਣ ਵਾਲੀ ਫ਼ਿਲਮ ਵਿੱਚ ਗੋਏਬਲਜ਼ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਸੀ। ਇਸ ਵਿੱਚ ਉਹ ਜਹਾਜ਼ ਵੀ ਸ਼ਾਮਿਲ ਸੀ, ਜਿਸ ਨੂੰ ਜਰਮਨੀ ਨੇ ਬਿਲਕੁੱਲ ਟਾਇਟੈਨਿਕ ਵਰਗਾ ਬਣਾਇਆ ਸੀ।”
ਦੋਵੇਂ ਜਹਾਜ਼ਾਂ ਵਿੱਚ ਸਮਾਨਤਾ ਬਾਰੇ ਪ੍ਰੋਫੈਸਰ ਵਾਟਸਨ ਕਹਿੰਦੇ ਹਨ, “ਟਾਇਟੈਨਿਕ ਤੇ ਕੈਪ ਐਕਰੋਨਾ ਵਿੱਚ ਕੇਵਲ ਇੱਕ ਚਿਮਨੀ ਦਾ ਫਰਕ ਸੀ। ਟਾਇਟੈਨਿਕ ਵਿੱਚ ਚਾਰ ਚਿਮਨੀਆਂ ਸਨ, ਜਦਕਿ ਕੈਂਪ ਐਕਰੋਨਾ ਵਿੱਚ ਤਿੰਨ, ਬਾਕੀ ਦੋਵੇਂ ਜਹਾਜ਼ ਇੱਕ ਤਰ੍ਹਾਂ ਦੇ ਹੀ ਸਨ ਪਰ ਫ਼ਿਲਮ ਦੀ ਸ਼ੂਟਿੰਗ ਵਿੱਚ ਕੈਪ ਐਕਰੋਨਾ ਦੀ ਚਰਚਾ ਨਕਲੀ ਟਾਇਟੈਨਿਕ ਵਾਂਗ ਹੋਈ ਸੀ।”
ਇਹ ਉਹ ਸਮਾਂ ਸੀ ਜਦੋਂ ਜਰਮਨੀ ਨੂੰ ਜੰਗ ਦੇ ਮੋਰਚੇ ਉੱਤੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਟਾਇਟੈਨਿਕ ਉੱਤੇ ਬਣਨ ਵਾਲੀ ਫ਼ਿਲਮ ਲਈ ਗੋਏਬਲਜ਼ ਨੇ ਭਾਰੀ ਰਕਮ ਜਾਰੀ ਕੀਤੀ ਸੀ।
ਪ੍ਰੋਫੈਸਰ ਵਾਟਸਨ ਆਪਣੀ ਕਿਤਾਬ ਵਿੱਚ ਲਿਖਦੇ ਹਨ, “ਉਸ ਵੇਲੇ 40 ਲੱਖ ( ਉਦੋਂ ਦੀ ਜਰਮਨ ਮੁਦਰਾ ਵਿੱਚ) ਦਾ ਬਜਟ ਰੱਖਿਆ ਗਿਆ। ਜੋ ਹੁਣ ਦੇ ਅਮਰੀਕੀ ਡਾਲਰਾਂ ਵਿੱਚ 18 ਕਰੋੜ ਦੇ ਬਰਾਬਰ ਹੈ। ਇਸ ਲਿਹਾਜ਼ ਨਾਲ ਇਸ ਦੁਨੀਆਂ ਦੀ ਸਭ ਤੋਂ ਮਹਿੰਗੀ ਫਿਲਮਾਂ ਵਿੱਚੋਂ ਇੱਕ ਹੈ।”
ਇਸ ਫ਼ਿਲਮ ਵਿੱਚ ਕੰਮ ਕਰਨ ਲਈ ਸੈਂਕੜੇ ਜਰਮਨ ਫੌਜੀਆਂ ਨੂੰ ਜੰਗ ਦੇ ਮੋਰਚੇ ਤੋਂ ਹਟਾ ਕੇ ਫਿਲਮ ਦੀ ਸ਼ੂਟਿੰਗ ਵਿੱਚ ਲਗਾਇਆ ਗਿਆ ਸੀ।
ਇਸ ਦੇ ਨਾਲ ਹੀ ‘ਸਿਬਿਲ ਸ਼ਿਮਟ’ ਵਰਗੇ ਉਸ ਵੇਲੇ ਦੇ ਮਸ਼ਹੂਰ ਜਰਮਨ ਅਦਾਕਾਰਾਂ ਨੂੰ ਫਿਲਮ ਨਾਲ ਜੋੜਿਆ ਗਿਆ ਸੀ।
ਹਾਲਾਂਕਿ ਫ਼ਿਲਮ ਦੇ ਨਿਰਮਾਣ ਵੇਲੇ ਤਮਾਮ ਤਰੀਕੇ ਦੀਆਂ ਗੜਬੜੀਆਂ ਅਤੇ ਦਿੱਕਤਾਂ ਸਾਹਮਣੇ ਆਈਆਂ ਸਨ।
ਸ਼ੂਟਿੰਗ ਵਿੱਚ ਫੌਜੀਆਂ ਵੱਲੋਂ ਔਰਤ ਕਲਾਕਾਰਾਂ ਦੇ ਸ਼ੋਸ਼ਣ ਦੀਆਂ ਖ਼ਬਰਾਂ ਆਈਆਂ ਸਨ।
ਇੱਕ ਖੌਫ਼ ਇਸ ਗੱਲ ਦਾ ਵੀ ਬਣਿਆ ਰਿਹਾ ਕਿ ਫ਼ਿਲਮ ਦੇ ਲਿਸ਼ਕਦੇ ਸੈਟਾਂ ਨੂੰ ਵੇਖ ਕੇ ਦੁਸ਼ਮਣ ਦੇਸ਼ ਦੀਆਂ ਫੌਜਾਂ ਉੱਥੇ ਬੰਬਾਰੀ ਕਰ ਸਕਦੀਆਂ ਸਨ।
ਇਸ ਤੋਂ ਇਲਾਵਾ ਹੋਰ ਵੀ ਘਟਨਾਵਾਂ ਸਾਹਮਣੇ ਆਈਆਂ। ਫਿਲਮ ਦੇ ਡਾਇਰੈਕਟਰ ਹਰਬਰਟ ਸੈਲੀਪਨ ਦੀ ਗ੍ਰਿਫ਼ਤਾਰੀ, ਹਰਬਰਟ ਫਿਲਮ ਦੀ ਸ਼ੂਟਿੰਗ ਵਿੱਚ ਨਾਜ਼ੀ ਅਧਿਕਾਰੀਆਂ ਦੀ ਦਖਲਅੰਦਾਜ਼ੀ ਨਾਲ ਖੁਸ਼ ਨਹੀਂ ਸਨ।
ਉਨ੍ਹਾਂ ਨੇ ਇਸ ਗੱਲ ਬਾਰੇ ਨਾਰਾਜ਼ਗੀ ਜ਼ਾਹਰ ਕੀਤੀ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਖੁਦ ਗੋਏਬਲਜ਼ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ।
ਕੁਝ ਦਿਨਾਂ ਬਾਅਦ ਹਰਬਰਟ ਜੇਲ੍ਹ ਦੇ ਕਮਰੇ ਵਿੱਚ ਫਾਂਸੀ ਦੇ ਫੰਦੇ ਉੱਤੇ ਲਟਕੇ ਮਿਲੇ ਸੀ।
ਮੂਲ ਕਹਾਣੀ ਨਾਲ ਛੇੜਛਾੜ
ਫ਼ਿਲਮ ਤਾਂ ਖੈਰ ਕਿਸੇ ਤਰੀਕੇ ਨਾਲ ਬਣ ਗਈ ਪਰ ਕਹਾਣੀ ਨੂੰ ਪੂਰੇ ਤਰੀਕੇ ਨਾਲ ਬਦਲ ਦਿੱਤਾ ਗਿਆ ਸੀ।
ਨਾਜ਼ੀਆਂ ਨੇ ਫ਼ਿਲਮ ਦੀ ਕੇਂਦਰੀ ਘਟਨਾ ਟਾਇਟੈਨਿਕ ਦੇ ਡੁੱਬਣ ਨੂੰ ਜਹਾਜ਼ ਦੇ ਬ੍ਰਿਟਿਸ਼ ਮਾਲਕਾਂ ਦੇ ਲਾਲਚ ਦਾ ਨਤੀਜਾ ਦਿਖਾਇਆ ਸੀ।
ਜਦਕਿ ਅਸਲੀ ਕਹਾਣੀ ਵਿੱਚ ਜਿਸ ਕਰੂ ਮੈਂਬਰ ਨੇ ਅਟਲਾਂਟਿਕ ਦੇ ਬਰਫੀਲੇ ਇਲਾਕੇ ਵਿੱਚ ਟਾਇਟੈਨਿਕ ਦੀ ਰਫ਼ਤਾਰ ਘੱਟ ਕਰਨ ਦੀ ਗੱਲ ਕੀਤੀ ਸੀ, ਉਹ ਜਰਮਨ ਸੀ।
ਫ਼ਿਲਮ ਦੇ ਆਖਰ ਵਿੱਚ ਇੱਕ ਸੰਦੇਸ਼ ਅਜਿਹਾ ਰੱਖਿਆ ਗਿਆ ਸੀ ਜਿਸ ਵਿੱਚ ਲਿਖਿਆ ਸੀ, ‘ਟਾਇਟੈਨਿਕ ਜਹਾਜ਼ ਹਾਦਸੇ ਵਿੱਚ 1500 ਤੋਂ ਵੱਧ ਲੋਕਾਂ ਦੀ ਮੌਤ ਦਾ ਕਾਰਨ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦੀ ਬਰਤਾਨਵੀ ਨੀਤੀ ਹੈ, ਜੋ ਨਿੰਦਣਯੋਗ ਹੈ।”
ਜਰਮਨ ਇਤਿਹਾਸਕਾਰ ਐਲੈਕਸ ਵੀ.ਲੁਨੇਨ ਦੱਸਦੇ ਹਨ, “ਨਾਜ਼ੀ ਪ੍ਰਚਾਰ ਵਾਲੇ ਅਜਿਹੇ ਸੰਦੇਸ਼ਾਂ ਤੋਂ ਭਰੀਆਂ ਕਈ ਫਿਲਮਾਂ ਇੱਥੇ ਬਣੀਆਂ ਹਨ।”
ਐਲੇਕਸ ਕਹਿੰਦੇ ਹਨ, “ਨਾਜ਼ੀਆਂ ਦੀ ਟਾਇਟੈਨਿਕ ਫ਼ਿਲਮ ਇਹ ਦਿਖਾਉਂਦੀ ਹੈ ਕਿ ਉਹ ਪ੍ਰਾਪੇਗੈਂਡਾ ਨੂੰ ਲੈ ਕੇ ਕਿੰਨੇ ਵੱਡੇ ਵਹਿਮ ਵਿੱਚ ਸੀ। ਉਦੋਂ ਤੱਕ ਉਹ ਇਹ ਸੋਚ ਰਹੇ ਸੀ ਕਿ ਅਸੀਂ ਲੋਕਾਂ ਨੂੰ ਇਸ ਤਰੀਕੇ ਨਾਲ ਆਪਣੇ ਵੱਲ ਖਿੱਚ ਕੇ ਜੰਗ ਜਿੱਤਣ ਵਿੱਚ ਕਾਮਯਾਬ ਹੋ ਜਾਵਾਂਗੇ। ਇਸ ਮਗਰੋਂ ਜੋ ਫਿਲਮ ਨਾਲ ਹੋਇਆ, ਉਹ ਇਸ ਨੂੰ ਹੋਰ ਵੀ ਦਿਲਚਸਪ ਬਣਾਉਂਦਾ ਹੈ।”
ਇਹ ਕਹਿੰਦੇ ਹੋਏ ਐਲੇਕਸ ਉਸ ਘਟਨਾ ਵੱਲ ਇਸ਼ਾਰਾ ਕਰਦੇ ਹਨ ਜਦੋਂ ਫ਼ਿਲਮ ਨੂੰ ਹਰੀ ਝੰਡੀ ਦੇਣ ਵਾਲੇ ਅਤੇ ਇਸ ਉੱਤੇ ਪਾਣੀ ਵਾਂਗ ਪੈਸਾ ਵਹਾਉਣ ਵਾਲੇ ਗੋਏਬਲਜ਼ ਨੇ ਇਸ ਫਿਲਮ ਨੂੰ ਵੇਖ ਕੇ ਆਪਣਾ ਮੱਥੇ ਪਿਟ ਲਿਆ ਸੀ।
ਇਸ ਤਰ੍ਹਾਂ ਇਹ ਫ਼ਿਲਮ ਜਰਮਨੀ ਵਿੱਚ ਹੀ ਬੈਨ ਕਰ ਦਿੱਤੀ ਗਈ ਸੀ।
ਫਿਲਮ ਵੇਖਣ ਤੋਂ ਬਾਅਦ ਨਾਜ਼ੀ ਅਧਿਕਾਰੀਆਂ ਨੂੰ ਲੱਗਿਆ ਕਿ ਇਸ ਵਿੱਚ ਜਹਾਜ਼ ਡੁੱਬਣ ਦਾ ਸੀਨ ਇੰਨਾ ਜ਼ਿਆਦਾ ਅਸਲੀ ਲਗ ਰਿਹਾ ਹੈ ਕਿ ਇਸ ਨੂੰ ਵੇਖਣ ਤੋਂ ਬਾਅਦ ਹਵਾਈ ਹਮਲਿਆਂ ਤੋਂ ਪਹਿਲਾਂ ਹੀ ਡਰੇ ਜਰਮਨ ਲੋਕ ਹੋਰ ਘਬਰਾ ਜਾਣਗੇ।
ਫ਼ਿਲਮ ਬਾਰੇ ਦੱਸਦੇ ਹੋਏ ਐਲੇਕਸ ਕਹਿੰਦੇ ਹਨ, “ਇੱਕ ਸਮੱਸਿਆ ਹੋਰ ਵੀ ਸੀ। ਟਾਇਟੈਨਿਕ ਦੇ ਕਰੂ ਮੈਂਬਰਜ਼ ਵਿੱਚ ਜਿਸ ਤਰੀਕੇ ਨਾਲ ਜਰਮਨ ਅਧਿਕਾਰੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਗਲਤ ਦੱਸਦੇ ਹੋਏ ਹੁਕਮ ਮੰਨਣ ਤੋਂ ਇਨਕਾਰ ਕਰਦਾ ਹੈ, ਇਸ ਤਰ੍ਹਾਂ ਦਾ ਕੋਈ ਸੰਦੇਸ਼ ਨਾਜ਼ੀ ਅਧਿਕਾਰੀ ਆਪਣੇ ਫੌਜੀਆਂ ਤੱਕ ਨਹੀਂ ਪਹੁੰਚਾਉਣਾ ਚਾਹੁੰਦੇ ਸੀ।”
ਆਪਣੀ ਕਿਤਾਬ ਵਿੱਚ ਪ੍ਰੋਫੈਸਰ ਵਾਟਸਨ ਲਿਖਦੇ ਹਨ ਕਿ ਇਹ ਫ਼ਿਲਮ ਸ਼ੁਰੂ ਵਿੱਚ ਜਰਮਨੀ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਹੀ ਦਿਖਾਈ ਗਈ ਸੀ।
ਜਰਮਨੀ ਵਿੱਚ ਇਹ ਫਿਲਮ 1949 ਤੋਂ ਬਾਅਦ ਦਿਖਾਈ ਗਈ ਸੀ, ਜਦੋਂ ਨਾਜ਼ੀ ਆਰਕਾਈਵਜ਼ ਤੋਂ ਫਿਲਮ ਦੇ ਪ੍ਰਿੰਟ ਬਰਾਮਦ ਹੋਏ ਸੀ।
ਪ੍ਰੋਫੈਸਰ ਵਾਟਨ ਕਹਿੰਦੇ ਸਨ, “ਆਪਣੇ ਸਿਆਸੀ ਸੰਦੇਸ਼ ਦੇ ਬਾਵਜੂਦ ਇਹ ਫਿਲਮ ਤਕਨੀਕ ਦੇ ਲਿਹਾਜ਼ ਨਾਲ ਬੇਹੱਦ ਸ਼ਾਨਦਾਰ ਹੈ। ਇਸ ਦਾ ਇੱਕ ਸਬੂਤ ਹੈ ਕਿ 1958 ਵਿੱਚ ਰਿਲੀਜ਼ ਹੋਈ ਫ਼ਿਲਮ ‘ਆ ਨਾਈਟ ਟੂ ਰਿਮੈਂਬਰ’ ਇਸ ਫ਼ਿਲਮ ਵਿੱਚ ਕਈ ਸੀਨ ਤਕਨੀਕੀ ਰੂਪ ਤੋਂ ਬਿਹਤਰ ਹੋਣ ਦੇ ਕਾਰਨ ਨਾਜ਼ੀਆਂ ਵਾਲੀ ਟਾਇਟੈਨਿਕ ਤੋਂ ਚੁੱਕੇ ਗਏ ਸਨ।”
ਨਾਜ਼ੀ ਜਹਾਜ਼ ਦੀ ਅਸਲੀ ਤਰਾਸਦੀ
ਉਂਝ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਵੇਂ ਫ਼ਿਲਮ ਫਲਾਪ ਹੋਈ, ਉਸੇ ਤਰ੍ਹਾਂ ਇਸ ਵਿੱਚ ਇਸਤੇਮਾਲ ਕੀਤੇ ਗਏ ਜਹਾਜ਼ ਕੈਪ ਐਕਰੋਨਾ ਨੂੰ ਆਪਣੀ ਗੁੰਮਨਾਮੀ ਵਿੱਚ ਵਾਪਸ ਚਲੇ ਜਾਣਾ ਚਾਹੀਦਾ ਸੀ।
ਪਰ ਇਹ ਜਹਾਜ਼ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਜ਼ਿਆਦਾ ਚਰਚਿਤ ਹੋਇਆ।
ਜਿਸ ਜਹਾਜ਼ ਨੂੰ ਜੰਗ ਦੇ ਪੂਰਬੀ ਮੋਰਚੇ ਉੱਤੇ ਵਧਦੀ ਰੂਸੀ ਫੌਜ ਤੋਂ ਬਚਾਉਣ ਲਈ 25 ਹਜ਼ਾਰ ਜਰਮਨ ਫੌਜੀਆਂ ਤੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਇਸਤੇਮਾਲ ਕੀਤਾ ਗਿਆ ਸੀ।
ਉਹ ਜਹਾਜ਼ 1945 ਤੱਕ ਹਜ਼ਾਰਾਂ ਕੈਦੀਆਂ ਲਈ ਇੱਕ ‘ਤਸ਼ੱਦਦ ਦੇਣ ਵਾਲਾ ਕੈਂਪ’ ਬਣ ਗਿਆ ਸੀ।
ਨਾਜ਼ੀ ਅਧਿਕਾਰੀਆਂ ਨੇ ਆਪਣਾ ਅਪਰਾਧ ਦੁਨੀਆਂ ਤੋਂ ਲੁਕਾਉਣ ਲਈ ਦੂਜੇ ਕੈਂਪਾਂ ਤੋਂ ਹਜ਼ਾਰਾਂ ਕੈਦੀਆਂ ਨੂੰ ਲੈ ਕੇ ਇਸ ਜਹਾਜ਼ ਵਿੱਚ ਲੁਕਾਇਆ ਸੀ।
ਪ੍ਰੋਫੈਸਰ ਵਾਟਸਨ ਅਨੁਸਾਰ ਦੋਵੇਂ ਪਾਸੇ ਦੇ ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ 3 ਮਈ 1945 ਨੂੰ ਜਦੋਂ ਬਰਤਾਨਵੀ ਹਵਾਈ ਫੌਜ ਨੇ ਜਹਾਜ਼ ਉੱਤੇ ਬੰਬਾਰੀ ਕੀਤੀ ਸੀ ਤਾਂ ਉਸ ਵੇਲੇ ਜਹਾਜ਼ ਵਿੱਚ ਪੰਜ ਹਜ਼ਾਰ ਲੋਕ ਮੌਜੂਦ ਸਨ।
ਇਹ ਬੰਬਾਰੀ ਇੱਕ ਖੂਫੀਆ ਸੂਚਨਾ ਦੇ ਆਧਾਰ ਉੱਤੇ ਕੀਤੀ ਗਈ ਸੀ ਕਿ ਕੈਂਪ ਅਕਰੋਨਾ ਅਤੇ ਆਲੇ-ਦੁਆਲੇ ਦੇ ਜਹਾਜ਼ਾਂ ਉੱਤੇ ਲੁਕੇ ਹਿਟਲਰ ਦੀ ਵਿਸ਼ੇਸ਼ ਫੌਜ ਦੇ ਅਧਿਕਾਰੀ ਗ੍ਰਿਫ਼ਤਾਰੀ ਤੋਂ ਬਚਣ ਲਈ ਭੱਜਣ ਦੀ ਫਿਰਾਕ ਵਿੱਚ ਹਨ।
ਪ੍ਰੋਫੈਸਰ ਵਾਟਸਨ ਦੱਸਦੇ ਹਨ, “ਉਨ੍ਹਾਂ ਪੰਜ ਹਜ਼ਾਰ ਲੋਕਾਂ ਵਿੱਚ ਕੇਵਲ ਤਿੰਨ ਸੋ ਲੋਕ ਹੀ ਜ਼ਿੰਦਾ ਬਚੇ ਸਨ। ਇਹ ਘਟਨਾ ਜੰਗ ਦੇ ਇਤਿਹਾਸ ਵਿੱਚ ਬੰਬਾਰੀ ਦੀਆਂ ਸਭ ਤੋਂ ਭਿਆਨਕ ਘਟਨਾਵਾਂ ਵਿੱਚੋਂ ਇੱਕ ਹੈ।”
ਇਸੇ ਮਕਸਦ ਤੋਂ ਦੂਜੇ ਜਹਾਜ਼ਾਂ ਉੱਤੇ ਵੀ ਬੰਬਾਰੀ ਕੀਤੀ ਗਈ ਸੀ। ਇਨ੍ਹਾਂ ਵਿੱਚ ਸਾਰਿਆਂ ਨੂੰ ਮਿਲਾ ਕੇ ਮਰਨ ਵਾਲਿਆ ਦੀ ਗਿਣਤੀ 7000 ਹੋ ਗਈ ਸੀ।
ਇਸ ਤੋਂ ਵੀ ਦੁਖਦ ਇਹ ਸੀ ਕਿ ਕੈਂਪ ਅਕਰੋਨਾ ਉੱਤੇ ਬੰਬਾਰੀ ਜਰਮਨੀ ਦੇ ਆਤਮ ਸਮਰਪਣ ਕਰਨ ਤੋਂ ਕੇਵਲ 4 ਦਿਨ ਪਹਿਲਾਂ ਹੀ ਕੀਤੀ ਗਈ ਸੀ। ਇਸ ਤੋਂ ਬਾਅਦ ਯੂਰਪ ਦੀ ਜੰਗ ਖ਼ਤਮ ਹੋ ਗਈ ਸੀ।
ਇਸ ਤਰੀਕੇ ਨਾਲ ਜਿੰਨੇ ਲੋਕ ਕੈਪ ਅਕਰੋਨਾ ਵਿੱਚ ਮਾਰੇ ਗਏ ਉਨ੍ਹਾਂ ਦੀ ਤਦਾਦ ਅਸਲੀ ਟਾਇਟੈਨਿਕ ਦੇ ਹਾਦਸੇ ਵਿੱਚ ਮਰਨ ਵਾਲਿਆਂ ਦੇ ਦੋਗਣੇ ਤੋਂ ਵੀ ਵੱਧ ਹੋ ਗਈ ਸੀ।