You’re viewing a text-only version of this website that uses less data. View the main version of the website including all images and videos.
ਭਾਰਤ ਦੇ ਪੁਰਾਤਨ ਚਿੰਨ੍ਹ 'ਸਵਾਸਤਿਕ' ਨੂੰ ਨਾਜ਼ੀਆਂ ਨੇ ਕਿਉਂ ਅਪਣਾਇਆ ਤੇ ਇਹ ਕਿਵੇਂ ਨਫ਼ਰਤ ਦਾ ਪ੍ਰਤੀਕ ਬਣਿਆ
- ਲੇਖਕ, ਮੁਕਤੀ ਜੈਨ ਕੈਂਪੀਅਨ
- ਰੋਲ, ਕੀਵ ਤੋਂ
ਪੱਛਮੀ ਦੁਨੀਆ ਵਿੱਚ ਸਵਾਸਤਿਕ ਫਾਸੀਵਾਦ ਦਾ ਸਮਾਨਾਰਥੀ ਹੈ, ਪਰ ਹਜ਼ਾਰਾਂ ਸਾਲ ਪਹਿਲਾਂ ਦੁਨੀਆਂ ਦੇ ਲਗਭਗ ਹਰ ਸੱਭਿਆਚਾਰ ਵਿੱਚ ਇਸ ਨੂੰ ਚੰਗੀ ਕਿਸਮਤ ਦੇ ਪ੍ਰਤੀਕ ਵਜੋਂ ਵਰਤਿਆ ਗਿਆ।
ਪ੍ਰਾਚੀਨ ਭਾਰਤੀ ਭਾਸ਼ਾ ਸੰਸਕ੍ਰਿਤ ਵਿੱਚ ਸਵਾਸਤਿਕ ਦਾ ਅਰਥ ਹੈ "ਸ਼ੁੱਭ"। ਇਸ ਚਿੰਨ੍ਹ ਦਾ ਇਸਤੇਮਾਲ ਹਿੰਦੂਆਂ, ਬੋਧੀਆਂ ਅਤੇ ਜੈਨੀਆਂ ਦੁਆਰਾ ਹਜ਼ਾਰਾਂ ਸਾਲਾਂ ਤੋਂ ਕੀਤਾ ਜਾਂਦਾ ਰਿਹਾ ਹੈ ਅਤੇ ਆਮ ਤੌਰ 'ਤੇ ਇਸ ਨੂੰ ਭਾਰਤੀ ਚਿੰਨ੍ਹ ਮੰਨਿਆ ਜਾਂਦਾ ਹੈ।
ਏਸ਼ੀਆ ਦੇ ਸ਼ੁਰੂਆਤੀ ਪੱਛਮੀ ਯਾਤਰੀ ਇਸ ਦੇ ਸਕਾਰਾਤਮਕ ਅਤੇ ਪ੍ਰਾਚੀਨ ਸਬੰਧਾਂ ਤੋਂ ਪ੍ਰੇਰਿਤ ਹੋਏ ਅਤੇ ਆਪਣੇ ਦੇਸ਼ ਵਾਪਸ ਜਾ ਕੇ ਇਸ ਦੀ ਵਰਤੋਂ ਸ਼ੁਰੂ ਕਰ ਦਿੱਤੀ।
ਪੱਛਮੀ ਦੇਸਾਂ ਵਿੱਚ 20ਵੀਂ ਸਦੀ ਦੀ ਸ਼ੁਰੂਆਤ ਤੱਕ 'ਸ਼ੁਭ' ਹੋਣ ਦੇ ਪ੍ਰਤੀਕ ਦੇ ਰੂਪ ਵਿੱਚ ਸਵਾਸਤਿਕ ਪ੍ਰਤੀ ਲੋਕਾਂ ਦਾ ਬਹੁਤ ਵੱਡਾ ਰੁਝਾਨ ਸੀ।
ਆਪਣੀ ਕਿਤਾਬ 'ਦਿ ਸਵਾਸਤਿਕ: ਸਿੰਬਲ ਬਿਓਂਡ ਰੀਡੰਪਸ਼ਨ?' ਵਿੱਚ ਯੂਐੱਸ ਗ੍ਰਾਫਿਕ ਡਿਜ਼ਾਈਨ ਲੇਖਕ ਸਟੀਵਨ ਹੇਲਰ ਕਹਿੰਦੇ ਹਨ ਕਿ ਕਿਵੇਂ ਇਸ ਨੂੰ ਪੱਛਮ ਵਿੱਚ ਵਿਗਿਆਪਨ ਅਤੇ ਉਤਪਾਦ ਡਿਜ਼ਾਈਨ 'ਤੇ ਇੱਕ ਆਰਕੀਟੈਕਚਰਲ ਨਮੂਨੇ ਦੇ ਰੂਪ ਵਿੱਚ ਉਤਸ਼ਾਹ ਨਾਲ ਅਪਣਾਇਆ ਗਿਆ ਸੀ।
ਉਹ ਕਹਿੰਦੇ ਹਨ, "ਕੋਕਾ-ਕੋਲਾ ਨੇ ਇਸ ਦੀ ਵਰਤੋਂ ਕੀਤੀ। ਕਾਰਲਸਬਰਗ ਨੇ ਇਸ ਦੀ ਵਰਤੋਂ ਆਪਣੀਆਂ ਬੀਅਰ ਦੀਆਂ ਬੋਤਲਾਂ 'ਤੇ ਕੀਤੀ। ਬੌਇ ਸਕਾਊਟਸ ਨੇ ਇਸ ਨੂੰ ਅਪਣਾਇਆ ਅਤੇ ਅਮਰੀਕਾ ਦੇ ਗਰਲਜ਼ ਕਲੱਬ ਨੇ ਆਪਣੇ ਮੈਗਜ਼ੀਨ ਨੂੰ ਸਵਾਸਤਿਕ ਕਿਹਾ। ਉਹ ਆਪਣੇ ਮੈਗਜ਼ੀਨ ਦੀਆਂ ਕਾਪੀਆਂ ਵੇਚਣ ਲਈ ਇਨਾਮ ਵਜੋਂ ਆਪਣੇ ਨੌਜਵਾਨ ਪਾਠਕਾਂ ਨੂੰ ਸਵਾਸਤਿਕ ਬੈਜ ਵੀ ਭੇਜਦੇ ਸਨ।''
ਪਹਿਲੇ ਵਿਸ਼ਵ ਯੁੱਧ ਦੌਰਾਨ ਅਮਰੀਕੀ ਫੌਜੀ ਯੂਨਿਟਾਂ ਦੁਆਰਾ ਇਸ ਦੀ ਵਰਤੋਂ ਕੀਤੀ ਗਈ ਸੀ ਅਤੇ ਇਹ 1939 ਦੇ ਅਖੀਰ ਤੱਕ ਆਾਰਏਐੱਫ ਜਹਾਜ਼ਾਂ 'ਤੇ ਦੇਖਿਆ ਜਾ ਸਕਦਾ ਸੀ।
1930 ਦੇ ਦਹਾਕੇ ਵਿੱਚ ਜਰਮਨੀ ਵਿੱਚ ਨਾਜ਼ੀਆਂ ਦੇ ਸੱਤਾ ਵਿੱਚ ਆਉਣ ਦੇ ਨਾਲ ਹੀ ਇਸ ਦੀ ਜ਼ਿਆਦਾਤਰ ਸ਼ੁਭ ਚਿੰਨ੍ਹ ਵਜੋਂ ਵਰਤੋਂ ਬੰਦ ਹੋ ਗਈ ਸੀ।
ਨਾਜ਼ੀਆਂ ਨੇ ਸਵਾਸਤਿਕ ਨੂੰ ਕਿਉਂ ਅਪਣਾਇਆ
ਸਵਾਸਤਿਕ ਦੀ ਨਾਜ਼ੀਆਂ ਵੱਲੋਂ ਵਰਤੋਂ 19ਵੀਂ ਸਦੀ ਦੇ ਜਰਮਨ ਵਿਦਵਾਨਾਂ ਦੇ ਪੁਰਾਣੇ ਭਾਰਤੀ ਗ੍ਰੰਥਾਂ ਦਾ ਅਨੁਵਾਦ ਕਰਨ ਦੇ ਕੰਮ ਵੇਲੇ ਉਪਜੀ ਸੀ। ਉਨ੍ਹਾਂ ਨੇ ਆਪਣੀ ਭਾਸ਼ਾ ਅਤੇ ਸੰਸਕ੍ਰਿਤ ਵਿੱਚ ਸਮਾਨਤਾਵਾਂ ਦੇਖੀਆਂ ਸਨ।
ਉਨ੍ਹਾਂ ਨੇ ਸਿੱਟਾ ਕੱਢਿਆ ਕਿ ਭਾਰਤੀਆਂ ਅਤੇ ਜਰਮਨ ਲੋਕਾਂ ਦੇ ਸਾਂਝੇ ਵੱਡੇ-ਵਡੇਰੇ ਰਹੇ ਹੋਣਗੇ। ਉਨ੍ਹਾਂ ਨੇ ਗੋਰੇ ਦੇਵਤਾ ਵਰਗੇ ਯੋਧਿਆਂ ਦੀ ਇੱਕ ਨਸਲ ਦੀ ਕਲਪਨਾ ਕੀਤੀ, ਜਿਨ੍ਹਾਂ ਨੂੰ ਉਹ ਆਰੀਅਨ ਕਹਿੰਦੇ ਸਨ।
ਇਸ ਵਿਚਾਰ ਨੂੰ ਯਹੂਦੀ ਵਿਰੋਧੀ ਰਾਸ਼ਟਰਵਾਦੀ ਸਮੂਹਾਂ ਨੇ ਅਪਣਾ ਲਿਆ। ਉਨ੍ਹਾਂ ਨੇ ਸਵਾਸਤਿਕ ਦੇ ਇਸ ਨਿਸ਼ਾਨ ਨੂੰ ਜਰਮਨ ਲੋਕਾਂ ਦੀ ਕਥਿਤ ਪੁਰਾਤਨ ਨਸਲ ਨਾਲ ਜੋੜ ਲਿਆ ਸੀ।
ਸਵਾਸਤਿਕ ਬਾਰੇ ਮੁੱਖ ਗੱਲਾਂ
- ਸਵਾਸਤਿਕ ਨਾਜ਼ੀਆਂ ਵੱਲੋਂ ਵਰਤੇ ਜਾਣ ਕਾਰਨ ਕਈ ਲੋਕਾਂ ਲਈ ਨਫ਼ਰਤ ਦਾ ਵਿਸ਼ਾ ਹੈ।
- ਸਵਾਸਤਿਕ ਦਾ ਪੁਰਾਤਨ ਕਾਲ ਵਿੱਚ ਜ਼ਿਕਰ ਮੁੱਖ ਤੌਰ ਉੱਤੇ ਭਾਰਤ ਵਿੱਚੋਂ ਹੀ ਮਿਲਦਾ ਹੈ।
- ਯੂਰਪ ਵਿੱਚ ਵੀ ਪੱਥਰ ਯੁੱਗ ਵੇਲੇ ਦੀਆਂ ਕਲਾਕ੍ਰਿਤੀਆਂ ਵਿੱਚ ਸਵਾਸਤਿਕ ਦਾ ਨਿਸ਼ਾਨ ਮਿਲਦਾ ਹੈ।
- ਸਵਾਸਤਿਕ ਦੇ ਸਕਾਰਾਤਮਕ ਪਹਿਲੂਆਂ ਬਾਰੇ ਵੀ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
- ਨਾਜ਼ੀਆਂ ਵੱਲੋਂ ਸਵਾਸਤਿਕ ਦਾ ਇਸਤੇਮਾਲ ਖੁਦ ਨੂੰ ਆਰਿਅਨ ਲੋਕਾਂ ਦੇ ਵੰਸ਼ ਵਿੱਚੋਂ ਹੋਣ ਦੇ ਦਾਅਵੇ ਨੂੰ ਮਜ਼ਬੂਤ ਕਰਨ ਲਈ ਕੀਤਾ ਗਿਆ।
ਲਾਲ ਰੰਗ ਦਾ ਝੰਡਾ, ਜਿਸ ਵਿੱਚ ਵਿਲੱਖਣ ਚਿੱਟੇ ਚੱਕਰ ਉੱਤੇ ਕਾਲੇ ਰੰਗ ਨਾਲ ਸਵਾਸਤਿਕ ਬਣਿਆ ਸੀ।
ਉਹ 20ਵੀਂ ਸਦੀ ਦਾ ਸਭ ਤੋਂ ਨਫ਼ਰਤ ਵਾਲਾ ਪ੍ਰਤੀਕ ਬਣ ਗਿਆ ਸੀ ਕਿਉਂਕਿ ਉਸ ਨੂੰ ਨਾਜ਼ੀਆਂ ਵੱਲੋਂ ਕੀਤੇ ਤਸ਼ੱਦਦ ਨਾਲ ਜੋੜਿਆ ਗਿਆ ਸੀ।
ਹੋਲੋਕਾਸਟ ਦਾ ਦਰਦ ਝੱਲ ਚੁੱਕੇ ਫਰੈਡੀ ਨੌਲਰ ਕਹਿੰਦਾ ਸਨ, "ਯਹੂਦੀ ਲੋਕਾਂ ਲਈ ਸਵਾਸਤਿਕ ਡਰ, ਦਮਨ ਅਤੇ ਬਰਬਾਦੀ ਦਾ ਪ੍ਰਤੀਕ ਹੈ। ਇਹ ਇੱਕ ਚਿੰਨ੍ਹ ਹੈ ਕਿ ਅਸੀਂ ਕਦੇ ਵੀ ਬਦਲ ਨਹੀਂ ਸਕਾਂਗੇ।"
"ਜੇਕਰ ਉਹ ਸਵਾਸਤਿਕ ਨੂੰ ਕਬਰਾਂ ਦੇ ਪੱਥਰਾਂ ਜਾਂ ਪ੍ਰਾਰਥਨਾ ਸਥਾਨਾਂ 'ਤੇ ਲਗਾਉਂਦੇ ਹਨ, ਤਾਂ ਇਹ ਸਾਡੇ ਅੰਦਰ ਡਰ ਪੈਦਾ ਕਰਦਾ ਹੈ। ਨਿਸ਼ਚਤ ਰੂਪ ਨਾਲ ਅਜਿਹਾ ਦੁਬਾਰਾ ਨਹੀਂ ਹੋਣਾ ਚਾਹੀਦਾ।"
ਦੂਜੇ ਵਿਸ਼ਵ ਯੁੱਧ ਦੇ ਅੰਤ ਵਿੱਚ ਜਰਮਨੀ ਵਿੱਚ ਸਵਾਸਤਿਕ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਜਰਮਨੀ ਨੇ 2007 ਵਿੱਚ ਯੂਰਪੀ ਸੰਘ ਦੀ ਵਿਆਪੀ ਪਾਬੰਦੀ ਨੂੰ ਲਾਗੂ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ।
ਯੂਰਪ ਵਿੱਚ ਸਵਾਸਤਿਕ ਦੇ ਕਿਹੜੇ ਅੰਸ਼ ਮਿਲੇ
ਸਵਾਸਤਿਕ ਮੂਲ ਰੂਪ ਵਿੱਚ ਵਧੇਰੇ ਯੂਰਪੀਅਨ ਹੈ। ਪੁਰਾਤੱਤਵ ਖੋਜਾਂ ਨੇ ਲੰਬੇ ਸਮੇਂ ਤੋਂ ਦਿਖਾਇਆ ਹੈ ਕਿ ਸਵਾਸਤਿਕ ਬਹੁਤ ਪੁਰਾਣਾ ਚਿੰਨ੍ਹ ਹੈ, ਪਰ ਪ੍ਰਾਚੀਨ ਉਦਾਹਰਨਾਂ ਹਰ ਤਰ੍ਹਾਂ ਨਾਲ ਭਾਰਤ ਤੱਕ ਸੀਮਤ ਨਹੀਂ ਹਨ।
ਇਸ ਦੀ ਵਰਤੋਂ ਪ੍ਰਾਚੀਨ ਯੂਨਾਨੀਆਂ, ਸੇਲਟਸ ਅਤੇ ਐਂਗਲੋ-ਸੈਕਸਨ ਦੁਆਰਾ ਕੀਤੀ ਗਈ ਸੀ ਅਤੇ ਕੁਝ ਸਭ ਤੋਂ ਪੁਰਾਣੀਆਂ ਉਦਾਹਰਨਾਂ ਪੂਰਬੀ ਯੂਰਪ ਵਿੱਚ ਬਾਲਟਿਕ ਤੋਂ ਬਾਲਕਨ ਤੱਕ ਮਿਲੀਆਂ ਹਨ।
ਜੇ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਯੂਰਪ ਵਿੱਚ ਸਵਾਸਤਿਕ ਪੈਟਰਨ ਕਿੰਨਾ ਗਹਿਰਾ ਹੈ, ਤਾਂ ਸ਼ੁਰੂ ਕਰਨ ਲਈ ਇੱਕ ਚੰਗੀ ਜਗ੍ਹਾ ਕੀਵ ਹੈ ਜਿੱਥੇ ਯੂਕਰੇਨ ਦੇ ਇਤਿਹਾਸ ਦੇ ਰਾਸ਼ਟਰੀ ਅਜਾਇਬ ਘਰ ਵਿੱਚ ਪ੍ਰਦਰਸ਼ਨੀਆਂ ਦੀ ਇੱਕ ਪ੍ਰਭਾਵਸ਼ਾਲੀ ਰੇਂਜ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਅਜਾਇਬ ਘਰ ਦੇ ਸਭ ਤੋਂ ਕੀਮਤੀ ਖਜ਼ਾਨਿਆਂ ਵਿੱਚੋਂ ਇੱਕ ਮਾਦਾ ਪੰਛੀ ਦੀ ਛੋਟੀ ਹਾਥੀ ਦੰਦ ਨਾਲ ਬਣੀ ਮੂਰਤੀ ਹੈ। ਇੱਕ ਵਿਸ਼ਾਲ ਦੰਦ ਨਾਲ ਬਣਾਈ ਗਈ, ਇਹ ਮੂਰਤੀ 1908 ਵਿੱਚ ਰੂਸੀ ਸਰਹੱਦ ਦੇ ਨੇੜੇ ਮੇਜ਼ਿਨ ਦੀ ਸ਼ਰੂਆਤੀ ਪੱਥਰ ਯੁੱਗ ਦੀ ਬਸਤੀ ਵਿੱਚੋਂ ਮਿਲੀ ਸੀ।
ਪੰਛੀ ਦੇ ਧੜ 'ਤੇ ਸਵਾਸਤਿਕ ਦਾ ਇੱਕ ਗੁੰਝਲਦਾਰ ਪੈਟਰਨ ਉੱਕਰਿਆ ਹੋਇਆ ਹੈ। ਇਹ ਦੁਨੀਆ ਦਾ ਸਭ ਤੋਂ ਪੁਰਾਣਾ ਪਛਾਣਿਆ ਗਿਆ ਸਵਾਸਤਿਕ ਪੈਟਰਨ ਹੈ। ਰੇਡੀਓ ਕਾਰਬਨ-ਡੇਟਿੰਗ ਜ਼ਰੀਏ ਪਤਾ ਲਗਿਆ ਹੈ ਕਿ ਇਹ 15,000 ਸਾਲ ਪੁਰਾਣਾ ਹੈ।
ਪੰਛੀ ਬਹੁਤ ਸਾਰੀਆਂ ਲਿੰਗ ਸਮਾਨ ਵਸਤਾਂ ਨਾਲ ਮਿਲਿਆ ਸੀ ਜੋ ਇਸ ਵਿਚਾਰ ਦਾ ਸਮਰਥਨ ਕਰਦਾ ਹੈ ਕਿ ਸਵਾਸਤਿਕ ਪੈਟਰਨ ਨੂੰ ਪ੍ਰਜਣਨ ਸ਼ਕਤੀ ਦੇ ਪ੍ਰਤੀਕ ਵਜੋਂ ਵਰਤਿਆ ਗਿਆ ਸੀ।
ਜਰਮਨੀ ਦੇ ਲੋਕਾਂ ਨੇ ਕੀ ਤਾਰ ਲੱਭਿਆ
ਕੀ ਅਜਿਹਾ ਹੋ ਸਕਦਾ ਹੈ ਕਿ ਮੂਰਤੀ ਦੇ ਸ਼ੁਰੂਆਤੀ ਪੱਥਰ ਕਾਲ ਦੇ ਨਿਰਮਾਤਾ ਸਿਰਫ਼ ਉਹੀ ਦਿਖਾ ਰਹੇ ਸਨ ਜੋ ਉਨ੍ਹਾਂ ਨੇ ਕੁਦਰਤ ਵਿੱਚ ਦੇਖਿਆ ਸੀ - ਉਹ ਵਿਸ਼ਾਲ ਹਾਥੀ ਜੋ ਤੰਦਰੁਸਤੀ ਅਤੇ ਉਪਜਾਊ ਸ਼ਕਤੀ ਨਾਲ ਜੁੜਦੇ ਸਨ?
ਲਗਭਗ 7,000 ਸਾਲ ਪਹਿਲਾਂ ਦੱਖਣ-ਪੂਰਬੀ ਯੂਰਪ ਵਿੱਚ ਨਵ ਪੱਥਰ ਯੁੱਗ ਵਿੰਕਾ ਸੱਭਿਆਚਾਰ ਵਿੱਚ ਸਿੰਗਲ ਸਵਾਸਤਿਕ ਦਿਖਾਈ ਦੇਣ ਲੱਗੇ। ਪਰ ਇਹ ਕਾਂਸੀ ਯੁੱਗ ਵਿੱਚ ਪੂਰੇ ਯੂਰਪ ਵਿੱਚ ਵਧੇਰੇ ਵਿਆਪਕ ਹੋ ਗਏ।
ਅਜਾਇਬ ਘਰ ਦੇ ਸੰਗ੍ਰਹਿ ਵਿੱਚ ਮਿੱਟੀ ਦੇ ਬਰਤਨ ਹਨ ਜਿਨ੍ਹਾਂ ਵਿੱਚ ਸਵਾਸਤਿਕ ਨੇ ਉਨ੍ਹਾਂ ਦੇ ਉੱਪਰਲੇ ਅੱਧੇ ਹਿੱਸੇ ਨੂੰ ਘੇਰਿਆ ਹੋਇਆ ਹੈ। ਇਹ ਲਗਭਗ 4,000 ਸਾਲ ਪਹਿਲਾਂ ਦੇ ਹਨ।
ਇਹ ਵੀ ਪੜ੍ਹੋ:-
ਜਦੋਂ ਦੂਜੇ ਵਿਸ਼ਵ ਯੁੱਧ ਵਿੱਚ ਨਾਜ਼ੀਆਂ ਨੇ ਕੀਵ ਉੱਤੇ ਕਬਜ਼ਾ ਕਰ ਲਿਆ ਤਾਂ ਉਨ੍ਹਾਂ ਨੂੰ ਇੰਨਾ ਯਕੀਨ ਹੋ ਗਿਆ ਕਿ ਇਹ ਬਰਤਨ ਉਨ੍ਹਾਂ ਦੇ ਆਪਣੇ ਆਰੀਅਨ ਪੂਰਵਜਾਂ ਦੇ ਸਬੂਤ ਸਨ, ਉਹ ਉਨ੍ਹਾਂ ਨੂੰ ਵਾਪਸ ਜਰਮਨੀ ਲੈ ਗਏ। (ਉਹ ਯੁੱਧ ਤੋਂ ਬਾਅਦ ਵਾਪਸ ਕਰ ਦਿੱਤੇ ਗਏ ਸਨ।)
ਅਜਾਇਬ ਘਰ ਦੇ ਗ੍ਰੀਸੀਅਨ ਸੰਗ੍ਰਹਿ ਵਿੱਚ ਸਵਾਸਤਿਕ ਆਰਕੀਟੈਕਚਰਲ ਗਹਿਣੇ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ ਜਿਸ ਨੂੰ ਯੂਨਾਨੀ ਕੁੰਜੀ ਪੈਟਰਨ ਵਜੋਂ ਜਾਣਿਆ ਜਾਂਦਾ ਹੈ।
ਇਹ ਅੱਜ ਤੱਕ ਟਾਈਲਾਂ ਅਤੇ ਕੱਪੜਿਆਂ 'ਤੇ ਵਿਆਪਕ ਤੌਰ 'ਤੇ ਵਰਤੇ ਜਾਂਦੇ ਹਨ।
ਪ੍ਰਾਚੀਨ ਯੂਨਾਨੀਆਂ ਨੇ ਵੀ ਆਪਣੇ ਬਰਤਨ ਅਤੇ ਫੁੱਲਦਾਨਾਂ ਨੂੰ ਸਜਾਉਣ ਲਈ ਸਿੰਗਲ ਸਵਾਸਤਿਕ ਨਮੂਨੇ ਦੀ ਵਰਤੋਂ ਕੀਤੀ ਸੀ।
ਲਗਭਗ 7ਵੀਂ ਸਦੀ ਈਸਵੀ ਪੂਰਵ ਦੇ ਸੰਗ੍ਰਹਿ ਵਿੱਚ ਇੱਕ ਟੁਕੜਾ ਸਵਾਸਤਿਕ ਨੂੰ ਦਰਸਾਉਂਦਾ ਹੈ ਜਿਸ ਵਿੱਚ ਇੱਕ ਬੱਕਰੀ ਦੇ ਢਿੱਡ ਦੇ ਹੇਠਾਂ ਚਿਤਰਤ ਉੱਭਰੇ ਹੋਏ ਤੰਤੂ ਨੂੰ ਅੰਗਾਂ ਨਾਲ ਦਿਖਾਇਆ ਗਿਆ ਹੈ।
ਸ਼ਾਇਦ ਅਜਾਇਬ ਘਰ ਵਿੱਚ ਸਭ ਤੋਂ ਹੈਰਾਨੀਜਨਕ ਪ੍ਰਦਰਸ਼ਨੀ ਨਾਜ਼ੁਕ ਕੱਪੜੇ ਦੇ ਟੁਕੜੇ ਹਨ ਜੋ 12ਵੀਂ ਸਦੀ ਈਸਵੀ ਦੇ ਹਨ।
ਮੰਨਿਆ ਜਾਂਦਾ ਹੈ ਕਿ ਇਹ ਇੱਕ ਸਲਾਵ ਰਾਜਕੁਮਾਰੀ ਦੇ ਪਹਿਰਾਵੇ ਦੇ ਕਾਲਰ ਨਾਲ ਸਬੰਧਤ ਹਨ, ਜਿਸ 'ਤੇ ਬੁਰਾਈ ਤੋਂ ਬਚਣ ਲਈ ਸੋਨੇ ਦੇ ਕਰਾਸ ਅਤੇ ਸਵਾਸਤਿਕ ਨਾਲ ਕਢਾਈ ਕੀਤੀ ਗਈ ਹੈ।
‘ਸਵਾਸਤਿਕ ਦੇ ਸਕਾਰਾਤਮਕ ਪਹਿਲੂ ਉਜਾਗਰ ਕਰਨੇ ਜ਼ਰੂਰੀ’
ਸਵਾਸਤਿਕ ਦੂਜੇ ਵਿਸ਼ਵ ਯੁੱਧ ਤੱਕ ਪੂਰਬੀ ਯੂਰਪ ਅਤੇ ਰੂਸ ਵਿੱਚ ਇੱਕ ਹਰਮਨਪਿਆਰਾ ਕਢਾਈ ਦਾ ਡਿਜ਼ਾਇਨ ਰਿਹਾ ਹੈ। ਪਾਵੇਲ ਕੁਟੇਨਕੋਵ ਨਾਮਕ ਇੱਕ ਰੂਸੀ ਲੇਖਕ ਨੇ ਪੂਰੇ ਖੇਤਰ ਵਿੱਚ ਇਸ ਦੀਆਂ ਲਗਭਗ 200 ਭਿੰਨਤਾਵਾਂ ਦੀ ਪਛਾਣ ਕੀਤੀ ਹੈ।
ਪੱਛਮੀ ਯੂਰਪ ਵਿੱਚ ਸਵਦੇਸੀ ਪ੍ਰਾਚੀਨ ਸਵਾਸਤਿਕ ਦੀ ਵਰਤੋਂ ਆਧੁਨਿਕ ਯੁੱਗ ਤੋਂ ਬਹੁਤ ਪਹਿਲਾਂ ਸ਼ੁਰੂ ਹੋ ਗਈ ਸੀ, ਪਰ ਕਈ ਥਾਵਾਂ ਜਿਵੇਂ ਕਿ ਯੌਰਕਸ਼ਾਇਰ ਵਿੱਚ ਇਲਕਲੀ ਮੂਰ ਉੱਤੇ ਕਾਂਸੀ ਯੁੱਗ ਦੇ ਮਸ਼ਹੂਰ ਸਵਾਸਤਿਕ ਪੱਥਰ ਦੀਆਂ ਉਦਾਹਰਨਾਂ ਮਿਲ ਸਕਦੀਆਂ ਹਨ।
ਕੁਝ ਲੋਕ ਸੋਚਦੇ ਹਨ ਕਿ ਇਹ ਲੰਬਾ ਇਤਿਹਾਸ ਯੂਰਪ ਵਿੱਚ ਪ੍ਰਤੀਕ ਨੂੰ ਕੁਝ ਸਕਾਰਾਤਮਕ ਰੂਪ ਵਿੱਚ ਮੁੜ ਸੁਰਜੀਤ ਕਰਨ ਵਿੱਚ ਮਦਦ ਕਰ ਸਕਦਾ ਹੈ।
ਕੋਪੇਨਹੇਗਨ ਵਿੱਚ ਇੱਕ ਟੈਟੂ ਪਾਰਲਰ ਦੇ ਮਾਲਕ ਪੀਟਰ ਮੈਡਸੇਨ ਦਾ ਕਹਿਣਾ ਹੈ ਕਿ ਸਵਾਸਤਿਕ ਨੋਰਸ ਮਿਥਿਹਾਸ ਕਥਾਵਾਂ ਦਾ ਇੱਕ ਤੱਤ ਹੈ ਜੋ ਕਈ ਸਕੈਂਡੇਨੇਵੀਅਨ ਲੋਕਾਂ ਲਈ ਮਜ਼ਬੂਤ ਅਪੀਲ ਰੱਖਦਾ ਹੈ।
ਉਹ ਕਹਿੰਦੇ ਹਨ, "ਸਵਾਸਤਿਕ ਪਿਆਰ ਦਾ ਚਿੰਨ੍ਹ ਹੈ ਅਤੇ ਹਿਟਲਰ ਨੇ ਇਸ ਦਾ ਦੁਰਉਪਯੋਗ ਕੀਤਾ ਹੈ। ਅਸੀਂ ਹੈਕੇਨਕ੍ਰੇਜ਼ (ਨਾਜ਼ੀਆਂ ਵੱਲੋਂ ਇਸਤੇਮਾਲ ਕੀਤਾ ਸਵਾਸਤਿਕ) ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹਾਂ। ਇਹ ਅਸੰਭਵ ਹੋਵੇਗਾ। ਨਾ ਹੀ ਇਹ ਅਜਿਹਾ ਕੁਝ ਹੈ ਜਿਸ ਨੂੰ ਅਸੀਂ ਭੁੱਲਣਾ ਚਾਹੁੰਦੇ ਹਾਂ।"
"ਅਸੀਂ ਸਿਰਫ਼ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਵਾਸਤਿਕ ਹੋਰ ਵੀ ਕਈ ਰੂਪਾਂ ਵਿੱਚ ਆਉਂਦਾ ਹੈ, ਜਿਨ੍ਹਾਂ ਵਿੱਚੋਂ ਕੋਈ ਵੀ ਕਦੇ ਵੀ ਕਿਸੇ ਵੀ ਮਾੜੀ ਚੀਜ਼ ਲਈ ਨਹੀਂ ਵਰਤਿਆ ਗਿਆ। ਅਸੀਂ ਸੱਜੇ-ਪੱਖੀਆਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਇਸ ਚਿੰਨ੍ਹ ਦੀ ਵਰਤੋਂ ਕਰਨਾ ਗਲਤ ਹੈ।''
''ਜੇਕਰ ਅਸੀਂ ਲੋਕਾਂ ਨੂੰ ਸਵਾਸਤਿਕ ਦੇ ਸਹੀ ਅਰਥਾਂ ਬਾਰੇ ਜਾਗਰੂਕ ਕਰ ਸਕਦੇ ਹਾਂ, ਤਾਂ ਸ਼ਾਇਦ ਅਸੀਂ ਇਸ ਨੂੰ ਫਾਸੀਵਾਦੀਆਂ ਤੋਂ ਦੂਰ ਕਰ ਸਕਦੇ ਹਾਂ।"
ਪਰ ਫਰੈਡੀ ਨੌਲਰ ਵਰਗੇ ਲੋਕਾਂ ਲਈ ਜਿਨ੍ਹਾਂ ਨੇ ਫਾਸੀਵਾਦ ਦੀ ਭਿਆਨਕਤਾ ਦਾ ਅਨੁਭਵ ਕੀਤਾ ਹੈ, ਉਨ੍ਹਾਂ ਲਈ ਸਵਾਸਤਿਕ ਨੂੰ ਪਿਆਰ ਕਰਨਾ ਸਿੱਖਣ ਦੀ ਸੰਭਾਵਨਾ ਇੰਨੀ ਆਸਾਨ ਨਹੀਂ ਹੈ।
ਉਹ ਕਹਿੰਦੇ ਹਨ, "ਉਨ੍ਹਾਂ ਲੋਕਾਂ ਲਈ ਜੋ ਹੋਲੋਕਾਸਟ ਵਿੱਚੋਂ ਲੰਘੇ ਹਨ, ਅਸੀਂ ਹਮੇਸ਼ਾ ਯਾਦ ਰੱਖਾਂਗੇ ਕਿ ਸਾਡੇ ਜੀਵਨ ਵਿੱਚ ਸਵਾਸਤਿਕ ਕਿਹੋ ਜਿਹਾ ਸੀ - ਪੂਰੀ ਤਰ੍ਹਾਂ ਬੁਰਾਈ ਦਾ ਚਿੰਨ੍ਹ।"
"ਸਾਨੂੰ ਨਹੀਂ ਪਤਾ ਸੀ ਕਿ ਇਹ ਚਿੰਨ੍ਹ ਕਿੰਨੇ ਹਜ਼ਾਰਾਂ ਸਾਲ ਪਹਿਲਾਂ ਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਲੋਕਾਂ ਲਈ ਇਹ ਜਾਣਨਾ ਦਿਲਚਸਪ ਹੈ ਕਿ ਸਵਾਸਤਿਕ ਹਮੇਸ਼ਾ ਫਾਸੀਵਾਦ ਦਾ ਪ੍ਰਤੀਕ ਨਹੀਂ ਸੀ।"
ਇਹ ਵੀ ਪੜ੍ਹੋ: