ਟਾਇਟੈਨਿਕ ਵੇਖਣ ਗਈ ਪਣਡੁੱਬੀ ਹੋਈ ਲਾਪਤਾ, ਕਰੋੜਾਂ ਰੁਪਏ ਦੀ ਲਾਗਤ ਨਾਲ ਕਿਵੇਂ ਇਸ ਵਿੱਚ ਸਫ਼ਰ ਹੁੰਦਾ ਹੈ

ਮੱਧ ਅਟਲਾਂਟਿਕ ਮਹਾਸਾਗਰ ਵਿੱਚ ਸੈਲਾਨੀਆਂ ਨੂੰ ਲੈ ਕੇ ਗਈ ਇੱਕ ਪਣਡੁੱਬੀ ਡੁੱਬ ਗਈ ਹੈ। ਐਤਵਾਰ ਨੂੰ ਲਾਪਤਾ ਹੋਈ ਇਸ ਪਣਡੁੱਬੀ ਨਾਲ ਰਾਬਤਾ ਟੁੱਟ ਚੁੱਕਿਆ ਹੈ। ਦਰਅਸਲ ਇਹ ਪਣਡੁੱਬੀ ਸੈਲਾਨੀਆਂ ਨੂੰ ਟਾਇਟੈਨਿਕ ਜਹਾਜ਼ ਦੇ ਮਲਬੇ ਨੂੰ ਦਿਖਾਉਣ ਲਈ ਗਈ ਸੀ।

ਆਮ ਤੌਰ ਉੱਤੇ ਇਸ ਪਣਡੁੱਬੀ ਵਿੱਚ ਐਮਰਜੈਂਸੀ ਹਾਲਾਤ ਵਿੱਚ ਚਾਰ ਦਿਨਾਂ ਦੀ ਆਕਸੀਜਨ ਹੁੰਦੀ ਹੈ।

ਅਮਰੀਕੀ ਕੋਸਟ ਗਾਰਡ ਮੁਤਾਬਕ ਇਸ ਪਨਡੁੱਬੀ ਵਿੱਚ ਪੰਜ ਲੋਕ ਸਵਾਰ ਸਨ। ਇਨ੍ਹਾਂ ਵਿੱਚ ਇੱਕ ਪਾਇਲਟ ਅਤੇ ਚਾਰ ‘‘ਮਿਸ਼ਨ ਆਪਰੇਟਰ’’ ਸਨ। ਇਨ੍ਹਾਂ ਪੰਜਾਂ ਨੂੰ ਲੱਭਣ ਲਈ ਟੀਮਾਂ ਲੱਗੀਆਂ ਹੋਈਆਂ ਹਨ।

ਯੂਐੱਸ ਕੋਸਟ ਗਾਰਡ ਮੁਤਾਬਕ ਇਸ ਪਣਡੁੱਬੀ ਦੇ ਮਹਾਸਾਗਰ ਵਿੱਚ ਜਾਣ ਦੇ ਪੌਣੇ ਦੋ ਘੰਟੇ ਬਾਅਦ ਉਸ ਨਾਲ ਰਾਬਤਾ ਟੁੱਟ ਗਿਆ ਸੀ। ਟਾਇਟੈਨਿਕ ਦਾ ਮਲਬਾ ਉੱਤਰੀ ਅਮਰੀਕਾ ਦੇ ਸਮੰਦਰ ਨੇੜੇ ਕੈਨੇਡਾ ਦੇ ਨਿਊਫਾਉਂਡਲੈਂਡ ਦੇ ਸੈਂਟ ਜੌਨਸ ਤੋਂ 700 ਕਿਲੋਮੀਟਰ ਦੂਰ ਅਟਲਾਂਟਿਕ ਮਹਾਸਾਗਰ ਵਿੱਚ ਹੈ।

ਇਸ ਪਣਡੁੱਬੀ ਨੂੰ ਓਸ਼ੀਅਨਗੇਟ ਕੰਪਨੀ ਵੱਲੋਂ ਲਿਜਾਇਆ ਜਾ ਰਿਹਾ ਸੀ।

ਬਚਾਅ ਕਾਰਜਾਂ ਬਾਰੇ ਤਾਜ਼ਾ ਜਾਣਕਾਰੀ ਕੀ ਹੈ?

ਐਤਵਾਰ ਨੂੰ ਲਾਪਤਾ ਹੋਈ ਪਣਡੁੱਬੀ ਦੀ ਭਾਲ ਲਈ ਅਮਰੀਕਾ ਅਤੇ ਕੈਨੇਡਾ ਦੀਆਂ ਟੀਮਾਂ ਦਿਨ-ਰਾਤ ਪੁਰਜ਼ੋਰ ਕੋਸ਼ਿਸ਼ਾਂ ਵਿੱਚ ਲੱਗੀਆਂ ਹਨ। ਅਮਰੀਕੀ ਕੋਸਟ ਗਾਰਡ ਦੇ ਰੀਅਰ ਐਡਮਿਰਲ ਜੋਹਨ ਮੋਗਰ ਨੇ ਸੋਮਵਾਰ ਨੂੰ ਕਿਹਾ ਕਿ ਦੂਰ ਦੁਰਾਡੇ ਵਾਲੇ ਖ਼ੇਤਰ ਵਿੱਚ ਭਾਲ ਕਰਨਾ ਚੁਣੌਤੀ ਹੈ।

ਜੋਹਨ ਮੋਗਰ ਨੇ ਕਿਹਾ ਸੀ, ‘‘ਅਸੀਂ ਅੰਦਾਜ਼ਾ ਲਗਾ ਰਹੇ ਹਾਂ ਕਿ ਪਨਡੁੱਬੀ ਨੂੰ ਲੱਭਣ ਲਈ ਸਾਡੇ ਕੋਲ 70 ਤੋਂ 96 ਘੰਟਿਆਂ ਤੱਕ ਦਾ ਸਮਾਂ ਹੈ।’’

ਉਨ੍ਹਾਂ ਮੁਤਾਬਕ ਪਣਡੁੱਬੀ ਦੀ ਭਾਲ ਵਿੱਚ ਦੋ ਜਹਾਜ਼ ਅਤੇ ਇੱਕ ਪਨਡੁੱਬੀ ਤੇ ਸੋਨਾਰ ਨਾਲ ਲੈਸ ਤੈਰਦੇ ਬੰਨ੍ਹ ਲਗਾਏ ਗਏ ਹਨ।

ਉਨ੍ਹਾਂ ਮੁਤਾਬਕ ਪਣਡੁੱਬੀ ਵਿੱਚ ਸਵਾਰ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਓਸ਼ੀਅਨਗੇਟ ਕੰਪਨੀ ਮੁਤਾਬਕ ਉਹ ਪਣਡੁੱਬੀ ਨੂੰ ਲੱਭਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕੰਪਨੀ ਨੇ ਕਿਹਾ ਹੈ ਕਿ ਉਹ ਸਰਕਾਰੀ ਏਜੰਸੀਆਂ ਵੱਲੋਂ ਮਿਲ ਰਹੀ ਮਦਦ ਲਈ ਸ਼ੁਕਰਗੁਜ਼ਾਰ ਹਨ।

ਇਸ ਪਣਡੁੱਬੀ ਦੀ ਭਾਲ ਲਈ ਮੁਹਿੰਮ ਅਮਰੀਕਾ ਦੇ ਬੋਸਟਨ ਤੋਂ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ:

ਨਾਮੀਂ ਲੋਕ ਪਣਡੁੱਬੀ ਵਿੱਚ ਸਵਾਰ, ਪਾਕਿਸਤਾਨੀ ਵੀ ਸ਼ਾਮਲ

ਬ੍ਰਿਟੇਨ ਦੇ ਅਰਬਪਤੀ ਕਾਰੋਬਾਰੀ ਹਾਮਿਸ਼ ਹਾਰਡਿੰਗ ਦੇ ਪਰਿਵਾਰ ਮੁਤਾਬਕ ਉਹ ਵੀ ਇਸ ਪਣਡੁੱਬੀ ਵਿੱਚ ਸਵਾਲ ਹਨ।

58 ਸਾਲ ਦੇ ਹਾਮਿਸ਼ ਨੇ ਲੰਘੇ ਹਫ਼ਤੇ ਦੇ ਅਖ਼ੀਰ ਵਿੱਚ ਸੋਸ਼ਲ ਮੀਡੀਆ ਉੱਤੇ ਕਿਹਾ ਸੀ, ‘‘ਮੈਨੂੰ ਇਹ ਦੱਸਦਿਆਂ ਮਾਣ ਹੋ ਰਿਹਾ ਹੈ ਕਿ ਮੈਂ ਟਾਇਟੈਨਿਕ ਦੇ ਮਲਬੇ ਤੱਕ ਜਾਣ ਵਾਲੀ ਮੁਹਿੰਮ ਵਿੱਚ ਸ਼ਾਮਲ ਹਾਂ।’’

ਇਸ ਪਣਡੁੱਬੀ ਵਿੱਚ ਪਾਕਿਸਤਾਨ ਦੇ ਅਰਬਪਤੀ ਕਾਰੋਬਾਰੀ ਸ਼ਹਿਜ਼ਾਦਾ ਦਾਊਦ ਅਤੇ ਉਨ੍ਹਾਂ ਦੇ ਪੁੱਤਰ ਸੁਲੇਮਾਨ ਵੀ ਸਵਾਰ ਹਨ।

ਸ਼ਹਿਜ਼ਾਦਾ ਦਾਊਦ ਪਾਕਿਸਤਾਨ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚੋਂ ਇੱਕ ਹਨ। ਦਾਊਦ 48 ਸਾਲ ਦੇ ਹਨ ਅਤੇ ਉਨ੍ਹਾਂ ਦੇ ਪੁੱਤਰ ਦੀ ਉਮਰ 19 ਸਾਲ ਹੈ।

ਪਾਕਿਸਤਾਨ ਮੂਲ ਦੇ ਸ਼ਹਿਜ਼ਾਦਾ ਦਾਊਦ ਅੱਜ ਕੱਲ ਬ੍ਰਿਟੇਨ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਪਰਿਵਾਰ ਬ੍ਰਿਟੇਨ ਦੇ ਸਰੇ ਇਲਾਕੇ ਵਿੱਚ ਰਹਿੰਦਾ ਹੈ।

ਉਨ੍ਹਾਂ ਦੇ ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘‘ਸਾਡੇ ਪੁੱਤ ਸ਼ਹਿਜ਼ਾਦਾ ਦਾਊਦ ਅਤੇ ਉਨ੍ਹਾਂ ਦੇ ਪੁੱਤ ਸੁਲੇਮਾਨ ਅਟਲਾਂਟਿਕ ਮਹਾਸਾਗਰ ਵਿੱਚ ਟਾਇਟੈਨਿਕ ਦਾ ਮਲਬਾ ਦੇਖਣ ਯਾਤਰਾ ਉੱਤੇ ਗਏ ਸਨ। ਹੁਣ ਉਸ ਪਣਡੁੱਬੀ ਨਾਲ ਰਾਬਤਾ ਟੁੱਟ ਗਿਆ ਹੈ ਅਤੇ ਇਸ ਬਾਰੇ ਘੱਟ ਹੀ ਜਾਣਕਾਰੀ ਮੌਜੂਦ ਹੈ।’’

ਇਸ ਪਣਡੁੱਬੀ ਬਾਰੇ ਕੀ ਪਤਾ ਹੈ?

ਇਸ ਪਣਡੁੱਬੀ ਨੂੰ ਟਾਈਟਨ ਸਬਮਰਸਿਬਲ ਕਿਹਾ ਜਾਂਦਾ ਹੈ। ਆਮ ਤੌਰ ਉੱਤੇ ਇਸ ਵਿੱਚ ਇੱਕ ਪਾਇਲਟ, ਤਿੰਨ ਸੈਲਾਨੀ ਅਤੇ ਕੰਪਨੀ ਮੁਤਾਬਕ ਇੱਕ ‘ਕੰਟੈਂਟ ਐਕਸਪਰਟ’ ਸਵਾਰ ਹੁੰਦੇ ਹਨ।

ਇਹ ਟੂਰ ਨਿਊਫਾਉਂਡਲੈਂਡ ਦੇ ਸੈਂਟ ਜੌਨਸ ਤੋਂ ਸ਼ੁਰੂ ਹੁੰਦਾ ਹੈ।

ਓਸ਼ੀਅਨਗੇਟ ਮੁਤਾਬਕ ਉਨ੍ਹਾਂ ਕੋਲ ਤਿੰਨ ਪਣਡੁੱਬੀਆਂ ਹਨ ਪਰ ਸਿਰਫ਼ ਟਾਇਟਨ ਸਬਮਰਸਿਬਲ ਦੀ ਟਾਇਟੈਨਿਕ ਦੇ ਮਲਬੇ ਤੱਕ ਪਹੁੰਚਣ ਵਿੱਚ ਸਮਰੱਥ ਹੈ।

ਬੀਬੀਸੀ ਦੀ ਬਿਜ਼ਨਸ ਰਿਪੋਰਟਰ ਬੇਥ ਟਿਮਿਨਸ ਨੇ ਓਸ਼ੀਅਨਗੇਟ ਕੰਪਨੀ ਦੇ ਸਾਬਕਾ ਐਰੋਸਪੇਸ ਇੰਜੀਨੀਅਰ ਅਤੇ ਚੀਫ਼ ਐਗਜ਼ਿਕਿਊਟਿਵ ਸਟੋਕਟੋਨ ਰਸ਼ ਨਾਲ 2017 ਵਿੱਚ ਗੱਲਬਾਤ ਕੀਤੀ ਸੀ।

ਉਸ ਵੇਲੇ ਰਸ਼ ਨੇ ਬੇਥ ਨੂੰ ਦੱਸਿਆ ਸੀ ਕਿ ਅੱਠ ਦਿਨਾਂ ਦੇ ਇਸ ਟੂਰ ਲਈ ਉਸ ਵੇਲੇ ਕੀਮਤ 1 ਲੱਖ ਪੰਜ ਹਜ਼ਾਰ ਡਾਲਰ ਦੇ ਕਰੀਬ ਸੀ ਅਤੇ ਉਦੋਂ ਹੀ ਇਸ ਟੂਰ ਨੂੰ ਸੈਲਾਨੀਆਂ ਲਈ ਖੋਲ੍ਹਿਆ ਗਿਆ ਸੀ।

ਇਸ ਵੇਲੇ ਅੱਠ ਦਿਨਾਂ ਦੇ ਇਸ ਟੂਰ ਦੀ ਕੀਮਤ ਢਾਈ ਲੱਖ ਡਾਲਰ ਭਾਵ ਲਗਭਗ ਦੋ ਕਰੋੜ ਰੁਪਏ ਹੈ।

ਲਾਪਤਾ ਪਣਡੁੱਬੀ ਓਸ਼ੀਅਨਗੇਟ ਕੰਪਨੀ ਦੀ ਟਾਇਟਨ ਸਬਮਰਸਿਬਲ ਹੈ ਜੋ ਇੱਕ ਟਰੱਕ ਵਾਂਗ ਵੱਡੀ ਹੈ।

ਟੂਰ ਦੌਰਾਨ ਪਣਡੁੱਬੀ ਟਾਇਟੈਨਿਕ ਜਹਾਜ਼ ਦੇ ਮਲਬੇ ਕੋਲ ਸਮੰਦਰ ਵਿੱਚ 3800 ਮੀਟਰ ਹੇਠਾਂ ਡੁਬਕੀ ਲਗਾਉਂਦੀ ਹੈ।

ਇਸ ਪਣਡੁੱਬੀ ਦਾ ਭਾਰ 10,432 ਕਿੱਲੋ ਹੈ ਅਤੇ ਲੰਬਾਈ 22 ਫੁੱਟ ਹੈ। ਇਹ ਪਣਡੁੱਬੀ 96 ਘੰਟਿਆਂ ਤੱਕ ਪੰਜ ਲੋਕਾਂ ਨੂੰ ਰੱਖ ਸਕਦੀ ਹੈ।

‘‘ਪਣਡੁੱਬੀ ਨੂੰ ਬਾਹਰੋਂ ਨੱਟਾਂ ਨਾਲ ਬੰਦ ਕੀਤਾ ਗਿਆ ਹੈ ਤੇ ਇਨ੍ਹਾਂ ਨੂੰ ਬਾਹਰੋਂ ਹੀ ਖੋਲ੍ਹਿਆ ਜਾ ਸਕਦਾ ਹੈ’’

ਪਿਛਲੇ ਸਾਲ ਇੱਕ ਪੱਤਰਕਾਰ ਨੇ ਇਸ ਪਣਡੁੱਬੀ ਵਿੱਚ ਸਫ਼ਰ ਕੀਤਾ ਸੀ ਅਤੇ ਉਨ੍ਹਾਂ ਮੁਤਾਬਕ ਮਦਦ ਤੋਂ ਬਿਨਾਂ ਇਸ ਵਿੱਚੋਂ ਨਿਕਲਣਾ ਨਾਮੁਮਕਿਨ ਹੈ।

ਉਨ੍ਹਾਂ ਮੁਤਾਬਕ ਸਮੇਂ ਸਿਰ ਇਸ ਪਣਡੁੱਬੀ ਨੂੰ ਲੱਭਣਾ ਵੀ ਬਚਾਅ ਕਰਮੀਆਂ ਲਈ ਇੱਕ ਚੁਣੌਤੀ ਹੋਵੇਗੀ।

ਸੀਬੀਸੀ ਦੇ ਪੱਤਰਕਾਰ ਡੇਵਿਡ ਪੋਗ ਨੇ ਇਸ ਪੁਣਡੁੱਬੀ ਵਿੱਚ ਪਿਛਲੇ ਸਾਲ ਸਫ਼ਰ ਕੀਤਾ ਸੀ। ਬੀਬੀਸੀ ਨਾਲ ਗੱਲਬਾਤ ਦੌਰਾਨ ਉਹ ਕਹਿੰਦੇ ਹਨ ਕਿ ਇਸ ਪਣਡੁੱਬੀ ਨੂੰ ਬਾਹਰੋਂ ਕਈ ਨੱਟਾਂ ਨਾਲ ਬੰਦ ਕੀਤਾ ਗਿਆ ਹੈ ਅਤੇ ਇਨ੍ਹਾਂ ਨੱਟਾਂ ਨੂੰ ਬਾਹਰੋਂ ਹੀ ਖੋਲ੍ਹਿਆ ਜਾ ਸਕਦਾ ਹੈ।

ਉਨ੍ਹਾਂ ਮੁਤਾਬਕ ਇਸ ਪਣਡੁੱਬੀ ਵਿੱਚ ਸੱਤ ਵੱਖ-ਵੱਖ ਤਰ੍ਹਾਂ ਫੰਕਸ਼ਨ ਹੁੰਦੇ ਹਨ ਅਤੇ ਇਹ ਚਿੰਤਾ ਵਾਲੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਕੋਈ ਵੀ ਫੰਕਸ਼ਨ ਅਜੇ ਤੱਕ ਕੰਮ ਨਹੀਂ ਕੀਤਾ ਹੈ।

ਉਹ ਕਹਿੰਦੇ ਹਨ, ‘‘ਕੋਈ ਵੀ ਬੈਕ ਅੱਪ ਨਹੀਂ ਹੈ, ਕੋਈ ਵੀ ਬਚਣ ਦਾ ਰਾਹ ਨਹੀਂ ਹੈ।’’

ਟੀਵੀ ਕਾਮੇਡੀ ਲੇਖਕ ਮਾਈਕ ਰੀਸ ਨੇ ਵੀ ਪਿਛਲੇ ਸਾਲ ਇਸ ਪਣਡੁੱਬੀ ਵਿੱਚ ਸਫ਼ਰ ਕੀਤਾ ਸੀ।

ਬੀਬੀਸੀ ਬ੍ਰੇਕਫਾਸਟ ਨਾਲ ਗੱਲ ਕਰਦਿਆਂ ਉਹ ਕਹਿੰਦੇ ਹਨ, ‘‘ਮੈਨੂੰ ਇਸ ਦੇ ਸਾਜੋ ਸਮਾਨ ਬਾਰੇ ਪਤਾ ਹੈ ਅਤੇ ਮੈਨੂੰ ਪਤਾ ਹੈ ਕਿ ਸਮੰਦਰ ਕਿੰਨਾ ਵਿਸ਼ਾਲ ਹੈ ਤੇ ਪਣਡੁੱਬੀ ਕਿੰਨੀ ਛੋਟੀ।’’

‘‘ਜੇ ਬਿਲਕੁਲ ਹੇਠਾਂ ਹੈ ਤਾਂ ਮੈਨੂੰ ਨਹੀਂ ਪਤਾ ਕਿ ਕੋਈ ਕਿਵੇਂ ਇਸ ਤੱਕ ਪਹੁੰਚੇਗਾ, ਬਹੁਤ ਘੱਟ ਉਮੀਦ ਹੈ ਕਿ ਇਸ ਨੂੰ ਵਾਪਸ ਲਿਆਇਆ ਜਾ ਸਕੇ।’’

ਟਾਇਟੈਨਿਕ ਪਹਿਲੀ ਯਾਤਰਾ ਦੌਰਾਨ ਹੀ ਡੁੱਬ ਗਿਆ ਸੀ

ਟਾਇਟੈਨਿਕ ਆਪਣੇ ਦੌਰ ਦਾ ਸਭ ਤੋਂ ਵੱਡਾ ਜਹਾਜ਼ ਸੀ ਜੋ ਪਹਿਲੀ ਯਾਤਰਾ ਦੌਰਾਨ ਹੀ ਡੁੱਬ ਗਿਆ ਸੀ।

1912 ਵਿੱਚ ਬ੍ਰਿਟੇਨ ਤੋਂ ਅਮਰੀਕਾ ਜਾ ਰਿਹਾ ਇਹ ਜਹਾਜ਼ ਰਾਹ ਵਿੱਚ ਇੱਕ ਆਇਸਬਰਗ ਨਾਲ ਟਕਰਾ ਗਿਆ ਸੀ। ਇਸ ਜਹਾਜ ਵਿੱਚ 2200 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ ਲਗਭਗ 1500 ਲੋਕ ਮਾਰੇ ਗਏ ਸਨ।

1985 ਵਿੱਚ ਟਾਇਟੈਨਿਕ ਜਹਾਜ਼ ਦਾ ਮਲਬਾ ਮਿਲ ਗਿਆ ਸੀ ਅਤੇ ਉਦੋਂ ਤੋਂ ਹੀ ਇਸ ਦੇ ਮਲਬੇ ਨੂੰ ਦੇਖਣ ਲਈ ਖੋਜੀ ਮੁਹਿੰਮ ਚਲਦੀਆਂ ਰਹਿਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)