ਲੁਧਿਆਣਾ ਵਿੱਚ ਕਰੋੜਾਂ ਦੀ ਲੁੱਟ ਦੀ 'ਮਾਸਟਰਮਾਈਂਡ' ਮਨਦੀਪ ਕੌਰ ਉਰਫ਼ ਮੋਨਾ ਦਾ ਕੀ ਹੈ ਪਿਛੋਕੜ

    • ਲੇਖਕ, ਨਵਕਿਰਨ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਬਰਨਾਲਾ-ਸੰਘੇੜਾ ਰੋਡ 'ਤੇ ਭਾਈ ਸਾਹਿਬ ਸਿੰਘ ਨਗਰ ਵਿੱਚ ਉਸ ਘਰ ਨੂੰ ਅੱਜ ਵੀ ਜਿੰਦਰਾ ਲੱਗਿਆ ਹੋਇਆ ਹੈ ਜਿਸ ਘਰ ਵਿੱਚ ਮਨਦੀਪ ਕੌਰ ਮੋਨਾ ਅਤੇ ਉਸਦਾ ਪਤੀ ਜਸਵਿੰਦਰ ਸਿੰਘ ਜੱਸਾ ਰਹਿੰਦੇ ਸਨ।

ਉਸਾਰੀ ਅਧੀਨ ਇਸ ਘਰ ਦੀ ਹਾਲਤ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਬਿਆਨ ਕਰ ਰਹੀ ਹੈ।

ਭਾਵੇਂ ਪੁਲਿਸ ਵੱਲੋਂ ਮਨਦੀਪ ਕੌਰ ਮੋਨਾ ਅਤੇ ਉਸਦੇ ਪਤੀ ਜਸਵਿੰਦਰ ਸਿੰਘ ਜੱਸਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਹਾਲੇ ਵੀ ਉਹਨਾਂ ਦੇ ਮਾਪੇ ਘਰ ਨਹੀਂ ਆਏ ਹਨ।

10 ਜੂਨ ਨੂੰ ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਵਿੱਚ ਕੈਸ਼ ਡਿਲੀਵਰ ਕਰਨ ਵਾਲੀ ਕੰਪਨੀ ਦੇ ਦਫ਼ਤਰ ਵਿੱਚੋਂ ਕਰੋੜਾਂ ਰੁਪਏ ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਸੀ, ਜਿਸਦੀ ਮਾਸਟਰਮਾਈਂਡ ਲੁਧਿਆਣਾ ਪੁਲਿਸ ਨੇ ਮਨਦੀਪ ਕੌਰ ਮੋਨਾ ਨੂੰ ਦੱਸਿਆ ਸੀ।

ਅਸਲ ਵਿੱਚ ਲੁਧਿਆਣਾ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਸ਼ਹਿਰ ਦੀ ਸੀਐੱਮਐੱਸ ਕੰਪਨੀ ਦੇ ਦਫਤਰ 'ਚ ਹੋਈ ਕਰੀਬ ਸਾਢੇ 8 ਕਰੋੜ ਰੁਪਏ ਦੀ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ ਮੋਨਾ ਹੈ।

ਲੁਧਿਆਣਾ ਪੁਲਿਸ ਨੇ ਇਸ ਲੁੱਟ ਦੀ ਵਾਰਦਾਤ ਨੂੰ 60 ਘੰਟਿਆਂ ਅੰਦਰ ਸੁਲਝਾਉਣ ਦਾ ਦਾਅਵਾ ਕੀਤਾ ਸੀ।

ਇਸ ਕੇਸ ਵਿੱਚ ਹੁਣ ਤੱਕ ਲਗਭਗ 7 ਕਰੋੜ ਰੁਪਏ ਬਰਾਮਦ ਕਰ ਲਏ ਗਏ ਹਨ ਅਤੇ 18 ਦੇ ਕਰੀਬ ਮੁਲਜ਼ਮ ਗ੍ਰਿਫ਼ਤਾਰ ਹੋ ਚੁਕੇ ਹਨ।

‘ਡਾਕੂ-ਹਸੀਨਾ’ ਦਾ ਤਖੱਲਸ

ਕਰੋੜਾਂ ਦੀ ਇਸ ਲੁੱਟ ਦੀ ਵਾਰਦਾਤ ਤੋਂ ਬਾਅਦ ਮਨਦੀਪ ਕੌਰ ਮੋਨਾ ਨੂੰ ‘ਡਾਕੂ-ਹਸੀਨਾ’ ਦੇ ਤਖੱਲਸ ਨਾਲ ਵੀ ਜਾਣਿਆ ਜਾਣ ਲੱਗਾ ਹੈ।

ਮੁੱਖ ਮੁਲਜ਼ਮਾਂ ਸਮੇਤ ਲੁੱਟ ਦੀ ਇਸ ਵਾਰਦਾਤ ਦੇ ਜ਼ਿਆਦਾਤਰ ਮੁਲਜ਼ਮ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਤੋਂ ਕਰੀਬ 7.14 ਕਰੋੜ ਰੁਪਏ ਬਰਾਮਦ ਹੋ ਚੁੱਕੇ ਹਨ ਪਰ ਹਰ ਕੋਈ ਮਨਦੀਪ ਕੌਰ ਮੋਨਾ ਵੱਲੋਂ ਘਟਨਾ ਨੂੰ ਅੰਜਾਮ ਦੇਣ ਦੇ ਤਰੀਕੇ ਤੋਂ ਹੈਰਾਨ ਹੈ।

‘ਜਸਵਿੰਦਰ ਸਿੰਘ ਕਹਿੰਦਾ ਸੀ ਕਿ ਪਤਨੀ ਵਕੀਲ ਹੈ’

ਜਸਵਿੰਦਰ ਸਿੰਘ ਉਰਫ ਜੱਸਾ ਸਿੰਘ ਦੇ ਪੁਰਾਣੇ ਜਾਣਕਾਰਾਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਪਿਛਲੇ ਵਰ੍ਹੇ ਮਨਦੀਪ ਕੌਰ ਮੋਨਾ ਦੀ ਸੋਸ਼ਲ ਮੀਡੀਆ ਰਾਹੀਂ ਜਸਵਿੰਦਰ ਸਿੰਘ ਉਰਫ ਜੱਸਾ ਨਾਲ ਦੋਸਤੀ ਹੋਈ ਸੀ।

ਫਰਵਰੀ 2023 ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ ਸੀ। ਜਸਵਿੰਦਰ ਸਿੰਘ ਜੱਸਾ ਦਾ ਪਰਿਵਾਰ ਮਿਹਨਤ ਮਜ਼ਦੂਰੀ ਕਰਨ ਵਾਲਾ ਆਮ ਪਰਿਵਾਰ ਹੈ। ਉਸ ਦੇ ਪਿਤਾ ਮਹਿੰਦਰ ਸਿੰਘ ਮਿਸਤਰੀ ਦਾ ਕੰਮ ਕਰਦੇ ਹਨ।

ਜਸਵਿੰਦਰ ਸਿੰਘ ਜੱਸਾ ਵੀ ਮਨਦੀਪ ਕੌਰ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਵੱਖ-ਵੱਖ ਖੇਤਰਾਂ ਵਿੱਚ ਮਜ਼ਦੂਰੀ ਕਰਦਾ ਸੀ। ਵਿਆਹ ਤੋਂ ਬਾਅਦ ਉਸ ਨੇ ਕੁਝ ਸਮਾਂ ਕੈਟਰਿੰਗ ਵਾਲਿਆਂ ਨਾਲ ਕੰਮ ਕੀਤਾ ਪਰ ਬਾਅਦ ਵਿੱਚ ਛੱਡ ਦਿੱਤਾ ਸੀ।

ਜਸਵਿੰਦਰ ਸਿੰਘ ਜੱਸਾ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਦੋ ਕੁ ਮਹੀਨਿਆਂ ਤੋਂ ਕੋਈ ਕੰਮ ਨਹੀਂ ਕਰ ਰਿਹਾ ਸੀ ਅਤੇ ਉਹ ਸਭ ਨੂੰ ਇਹੋ ਕਹਿੰਦਾ ਸੀ ਕਿ ਉਸਦੀ ਪਤਨੀ ਵਕੀਲ ਹੈ ਜਿਸਦਾ ਵਧੀਆ ਕੰਮ ਚੱਲਦਾ ਹੈ।

ਮਨਦੀਪ ਕੌਰ ਮੋਨਾ ਦਾ ਪਿਛੋਕੜ

ਮਨਦੀਪ ਕੌਰ ਮੋਨਾ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਡੇਹਲੋਂ ਕਸਬੇ ਵਿੱਚ ਇੱਕ ਗਰੀਬ ਮਜ਼ਦੂਰ ਪਰਿਵਾਰ ਵਿੱਚ ਹੋਇਆ। ਉਸਦਾ ਪਾਲਣ ਪੋਸ਼ਣ ਇੱਕ ਕੱਚੇ ਮਕਾਨ ਵਿੱਚ ਹੋਇਆ।

ਮਨਦੀਪ ਕੌਰ ਮੋਨਾ ਦੀ ਮਾਂ ਵੀ ਇੱਕ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੀ ਹੈ। ਸਾਲ 2020 ਤੱਕ ਮਨਦੀਪ ਕੌਰ ਦੀ ਜ਼ਿੰਦਗੀ ਆਮ ਘਰੇਲੂ ਕੁੜੀਆਂ ਵਾਂਗ ਚੱਲਦੀ ਰਹੀ ਸੀ ਪਰ ਲੰਘੇ ਤਿੰਨ ਸਾਲਾਂ ਵਿੱਚ ਉਸਦੀ ਜ਼ਿੰਦਗੀ 'ਚ ਵੱਡੇ ਬਦਲਾਅ ਆਏ।

ਮਨਦੀਪ ਕੌਰ ਮੋਨਾ ਬਾਰੇ ਖਾਸ ਗੱਲਾਂ :

  • ਮਨਦੀਪ ਕੌਰ ਮੋਨਾ ਦਾ ਜਨਮ ਕਸਬਾ ਡੇਹਲੋਂ ਜ਼ਿਲ੍ਹਾ ਲੁਧਿਆਣਾ ਦੇ ਸਧਾਰਨ ਪਰਿਵਾਰ ਵਿੱਚ ਹੋਇਆ
  • ਮੋਨਾ ਨੇ ਲੌਕਡਾਊਨ ਦੌਰਾਨ ਲੁਧਿਆਣਾ ਪੁਲਿਸ ਨਾਲ ‘ਪੁਲਿਸ ਵਲੰਟੀਅਰ’ ਵਜੋਂ ਕੰਮ ਕੀਤਾ ਸੀ
  • ਉਸਦੀ ਸੋਸ਼ਲ ਮੀਡੀਆ ਰਹੀਂ ਜਸਵਿੰਦਰ ਸਿੰਘ ਜੱਸਾ ਨਾਲ ਦੋਸਤੀ ਹੋਈ ਤੇ ਉਨ੍ਹਾਂ ਵਿਆਹ ਕਰਵਾ ਲਿਆ।
  • ਪੁਲਿਸ ਅਨੁਸਾਰ ਲੁਧਿਆਣਾ ਵਿਖੇ ਹੋਈ ਕਰੋੜਾਂ ਦੀ ਲੁੱਟ ਦੇ ਮਾਮਲੇ ਦੀ ਮਾਸਟਰਮਾਈਂਡ ਮਨਦੀਪ ਕੌਰ ਮੋਨਾ ਹੈ।
  • ਮਨਦੀਪ ਨੇ ਕਥਿਤ ਤੌਰ 'ਤੇ ਲੁੱਟ ਦੀ ਯੋਜਨਾ ਕੰਪਨੀ ਦੇ ਮੁਲਾਜ਼ਮ ਮਨਜਿੰਦਰ ਸਿੰਘ ਮਨੀ ਨਾਲ ਮਿਲ ਕੇ ਘੜੀ।
  • ਮਨਦੀਪ ਕੌਰ ਮੋਨਾ ਤੇ ਉਸਦੇ ਪਤੀ ਨੂੰ ਪੁਲਿਸ ਵੱਲੋਂ ਉਤਰਾਖੰਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਪੰਜਾਬ ਵਿੱਚ ਪੁਲਿਸ ਦੀ ਮਦਦ ਲਈ ਵਲੰਟੀਅਰਾਂ ਦੀ ਭਰਤੀ ਕੀਤੀ ਗਈ ਤਾਂ ਲੁਧਿਆਣਾ ਪੁਲਿਸ ਵੱਲੋਂ ਭਰਤੀ ਕੀਤੇ ਵਲੰਟੀਅਰਾਂ ਵਿੱਚ ਮਨਦੀਪ ਕੌਰ ਮੋਨਾ ਵੀ ਭਰਤੀ ਹੋ ਗਈ ਸੀ।

ਲੌਕਡਾਊਨ ਤੋਂ ਬਾਅਦ ਮਨਦੀਪ ਕੌਰ ਨੇ ਕੁਝ ਸਮਾਂ ਇੱਕ ਬੀਮਾ ਕੰਪਨੀ ਵਿੱਚ ਕੰਮ ਕੀਤਾ।

ਇਸ ਤੋਂ ਬਾਅਦ ਉਸ ਨੇ ਦੋ-ਤਿੰਨ ਕੰਮ ਹੋਰ ਕੀਤੇ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅਨੁਸਾਰ ਮਨਦੀਪ ਕੌਰ ਵੱਲੋਂ ਕਿਸੇ ‘ਤੇ ਬਲਾਤਕਾਰ ਦਾ ਕੇਸ ਵੀ ਦਰਜ ਕਰਵਾਇਆ ਹੋਇਆ ਹੈ।

ਪੁਲਿਸ ਨੇ ਕਿਵੇਂ ਕੀਤਾ ਗ੍ਰਿਫਤਾਰ

ਸੀਐੱਮਐੱਸ ਕੰਪਨੀ ਦੇ ਦਫਤਰ 'ਚ ਲੁੱਟ ਦੀ ਮੁੱਖ ਮੁਲਜ਼ਮ ਮਨਦੀਪ ਕੌਰ ਮੋਨਾ ਤੇ ਉਸਦੇ ਪਤੀ ਨੂੰ ਪੁਲਿਸ ਨੇ 6 ਦਿਨਾਂ ਪਿੱਛੋਂ ਗ੍ਰਿਫ਼ਤਾਰ ਕੀਤਾ ਸੀ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅਨੁਸਾਰ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਮਨਦੀਪ ਕੌਰ ਮੋਨਾ ਸਮੇਤ ਸਾਰੇ ਮੁਲਜ਼ਮਾਂ ਨੇ ਸੁੱਖ ਸੁੱਖੀ ਸੀ ਕਿ ਜੇਕਰ ਉਹ ਲੁੱਟ ਕਰਨ 'ਚ ਕਾਮਯਾਬ ਹੋ ਗਏ ਤਾਂ ਸ਼੍ਰੀ ਹੇਮਕੁੰਟ ਸਾਹਿਬ, ਕੇਦਾਰਨਾਥ ਅਤੇ ਹਰਿਦੁਆਰ ਮੱਥਾ ਟੇਕਣ ਲਈ ਜਾਣਗੇ।

ਪੁਲਿਸ ਨੇ ਮਨਦੀਪ ਕੌਰ ਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ ਉਤਰਾਖੰਡ ਦੇ ਸ੍ਰੀ ਹੇਮਕੁੰਟ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਹੀ ਰਸਤੇ 'ਚੋਂ ਕਾਬੂ ਕੀਤਾ ਹੈ।

ਪੁਲਿਸ ਨੇ ਮਨਦੀਪ ਕੌਰ ਮੋਨਾ ਦੀ ਗ੍ਰਿਫਤਾਰੀ ਲਈ ਵਿਸ਼ੇਸ਼ ਆਪ੍ਰੇਸ਼ਨ ਵਿੱਢਿਆ ਹੋਇਆ ਸੀ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅਨੁਸਾਰ ਇਸ ਮਾਮਲੇ ‘ਚ ਪਹਿਲਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਵੀ ਸਬੂਤ ਮਿਲੇ ਸਨ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰਿਆਂ ਨੇ ਉਤਾਰਖੰਡ ਲਈ ਰਵਾਨਾ ਹੋਣਾ ਸੀ।

ਪੁਲਿਸ ਅਨੁਸਾਰ ਮਨਦੀਪ ਕੌਰ ਮੋਨਾ ਦੀ ਸਕੂਟੀ ਦੀ ਡਿੱਗੀ ’ਚੋਂ 12 ਲੱਖ ਰੁਪਏ ਅਤੇ ਉਸ ਦੇ ਪਤੀ ਦੇ ਕਬਜ਼ੇ ’ਚੋਂ 9 ਲੱਖ ਰੁਪਏ ਬਰਾਮਦ ਕੀਤੇ ਹਨ।

ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਫੁਰਨਾ ਕਿਵੇਂ ਫੁਰਿਆ

ਮਨਦੀਪ ਕੌਰ ਲੁਧਿਆਣਾ ਅਦਾਲਤ ਕੰਪਲੈਕਸ ਵਿੱਚ ਕੰਮ ਕਰਦੀ ਸੀ ਜਿੱਥੇ ਉਸਦੀ ਮੁਲਾਕਾਤ ਮਨਜਿੰਦਰ ਸਿੰਘ ਮਨੀ ਨਾਲ ਹੋਈ।

ਜਾਣਕਾਰੀ ਮੁਤਾਬਕ ਮਨਜਿੰਦਰ ਸਿੰਘ ਮਨੀ ਸੀਐੱਮਐੱਸ ਕੰਪਨੀ ਦਾ ਮੁਲਾਜ਼ਮ ਸੀ ਜੋ ਲੁਧਿਆਣਾ ਅਦਾਲਤ ਕੰਪਲੈਕਸ ਵਿਚਲੇ ਏਟੀਐਮ ਵਿੱਚ ਪੈਸੇ ਪਾਉਣ ਲਈ ਆਉਂਦਾ ਸੀ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਨਜਿੰਦਰ ਸਿੰਘ ਮਨੀ ਅਤੇ ਮਨਦੀਪ ਕੌਰ ਮੋਨਾ ਦੀ ਕਾਫੀ ਨੇੜਤਾ ਸੀ ਤੇ ਦੋਵਾਂ ਨੇ ਅਮੀਰ ਬਣਨ ਦੇ ਚੱਕਰ ‘ਚ ਸੀਐਮਐਸ ਕੰਪਨੀ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਸੋਚਿਆ ਸੀ।

ਪੁਲਿਸ ਕਮਿਸ਼ਨਰ ਅਨੁਸਾਰ ਇਹ ਰਾਤੋ-ਰਾਤ ਅਮੀਰ ਬਣਨ ਦੇ ਚਾਹਵਾਨ ਸੀ।

ਰਾਤੋ-ਰਾਤ ਅਮੀਰ ਬਣਨਾ ਚਹੁੰਦੇ ਸੀ ਮੋਨਾ ਤੇ ਜੱਸਾ

ਮਨਦੀਪ ਕੌਰ ਮੋਨਾ ਤੇ ਉਸਦਾ ਪਤੀ ਜਸਵਿੰਦਰ ਸਿੰਘ ਜੱਸਾ ਦੇ ਜਾਣਕਾਰ ਦੱਸਦੇ ਹਨ ਕਿ ਉਹ ਦੋਵੇਂ ਪਤੀ-ਪਤਨੀ ਕਿਸੇ ‘ਸ਼ਾਰਟਕਟ’ ਰਸਤੇ ਰਾਹੀਂ ਰਾਤੋ-ਰਾਤ ਅਮੀਰ ਬਣਨ ਦੇ ਚਾਹਵਾਨ ਸਨ।

ਜਸਵਿੰਦਰ ਸਿੰਘ ਜੱਸਾ ਨੇ ਇਸੇ ਕਾਰਨ ਮਜ਼ਦੂਰੀ ਦਾ ਕੰਮ ਛੱਡਿਆ ਸੀ।

ਮਨਦੀਪ ਕੌਰ ਮੋਨਾ ਸੁੱਖ ਸਹੂਲਤਾਂ ਵਾਲੀ ਜ਼ਿੰਦਗੀ ਜਿਉਣ ਦੀ ਆਸਵੰਦ ਸੀ। ਪੁਲਿਸ ਅਨੁਸਾਰ ਇਸਨੇ ਬਾਕੀ ਮੁਲਜ਼ਮਾਂ ਨੂੰ ਵੀ ਅਮੀਰ ਬਣਾਉਣ ਦੇ ਸੁਪਨੇ ਵਿਖਾਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)