ਚਿਨਮਯ ਕ੍ਰਿਸ਼ਨ ਦਾਸ ਤੋਂ ਬੰਗਲਾਦੇਸ਼ ਇਸਕਾਨ ਨੇ ਕਿਉਂ ਬਣਾਈ ਦੂਰੀ

 ਚਿਨਮਯ ਕ੍ਰਿਸ਼ਨ ਦਾਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸਕਾਨ ਬੰਗਲਾਦੇਸ਼ ਦਾ ਚਿਹਰਾ ਰਹੇ ਚਿਨਮਯ ਕ੍ਰਿਸ਼ਨ ਦਾਸ ਨੂੰ ਰਾਜਧ੍ਰੋਹ ਦੇ ਮਾਮਲੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ
    • ਲੇਖਕ, ਮੁਕੀਮੁਲ ਅਹਿਸਾਨ ਤੇ ਸੁਮੇਧਾ ਪਾਲ
    • ਰੋਲ, ਬੀਬੀਸੀ ਨਿਊਜ਼

ਬੰਗਲਾਦੇਸ਼ ਵਿੱਚ ਰਾਜਧ੍ਰੋਹ ਦੇ ਇਲਜ਼ਾਮਾਂ ਹੇਠ ਜੇਲ੍ਹ ਭੇਜੇ ਗਏ ਚਿਨਮਯ ਕ੍ਰਿਸ਼ਨ ਦਾਸ ਤੋਂ ਇਸਕਾਨ ਬੰਗਲਾਦੇਸ਼ ਨੇ ਦੂਰੀ ਬਣਾ ਲਈ ਹੈ।

26 ਨਵੰਬਰ ਨੂੰ ਚਿਨਮਯ ਕ੍ਰਿਸ਼ਨ ਦਾਸ ਨੂੰ ਚਟਗਾਂਵ ਦੇ ਕੋਤਵਾਲੀ ਥਾਣੇ ਵਿੱਚ ਦਰਜ ਰਾਜਧ੍ਰੋਹ ਦੇ ਮਾਮਲੇ ਵਿੱਚ ਕੋਰਟ ’ਚ ਪੇਸ਼ ਕੀਤਾ ਗਿਆ ਸੀ।

ਜੇਲ੍ਹ ਭੇਜੇ ਜਾਣ ਦੇ ਵਿਰੋਧ ਵਿੱਚ ਉਨ੍ਹਾਂ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ’ਚ ਇੱਕ ਵਕੀਲ ਦੀ ਮੌਤ ਹੋ ਗਈ ਸੀ।

ਭਾਰਤ ਨੇ ਚਿਨਮਯ ਕ੍ਰਿਸ਼ਨ ਦਾਸੀ ਗ੍ਰਿਫ਼ਤਾਰੀ ’ਤੇ ਡੂੰਘੀ ਚਿੰਤਾ ਜਤਾਈ ਹੈ। ਉਥੇ ਹੀ ਬੰਗਲਾਦੇਸ਼ ਵਿੱਚ ਇਸਕਾਨ ’ਤੇ ਪਾਬੰਦੀ ਲਗਾਏ ਜਾਣ ਦੀ ਮੰਗ ਹੋ ਰਹੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਹਾਲਾਂਕਿ, ਬੰਗਲਾਦੇਸ਼ ਦੀ ਅਦਾਲਤ ਨੇ ਅਜਿਹੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।

ਕੁਝ ਦਿਨ ਪਹਿਲਾਂ ਬੰਗਲਾਦੇਸ਼ ਇਸਕਾਨ ਨੇ ਦਾਅਵਾ ਕੀਤਾ ਸੀ ਕਿ ਚਿਨਮਯ ਕ੍ਰਿਸ਼ਨ ਦਾਸ ਨੂੰ ਸੰਗਠਨ ਤੋਂ ਕੱਢ ਦਿੱਤਾ ਗਿਆ ਹੈ। ਹਾਲਾਂਕਿ ਚਿਨਮਯ ਹੁਣ ਵੀ ਸ਼੍ਰੀ ਪੁੰਡਰੀਕ ਧਾਮ ਦੇ ਮੁਖੀ ਬਣੇ ਹੋਏ ਹਨ। ਪਰ ਦੂਜੇ ਪਾਸੇ ਇਸਕਾਨ ਇੰਕ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ।

ਚਿਨਮਯ ਕ੍ਰਿਸ਼ਨ ਦਾਸ ਨੂੰ ਲੈ ਕੇ ਕੀ ਹੈ ਵਿਵਾਦ?

ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਈ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਹੋਏ ਸਨ

ਤਸਵੀਰ ਸਰੋਤ, KAMOL DAS

ਤਸਵੀਰ ਕੈਪਸ਼ਨ, ਬੰਗਲਾਦੇਸ਼ ਵਿੱਚ ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਈ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਹੋਏ ਸਨ

ਪੰਜ ਅਗਸਤ ਨੂੰ ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਸਰਕਾਰ ਦੇ ਪਤਨ ਮਗਰੋਂ ਹੀ ਇਲਜ਼ਾਮ ਲੱਗ ਰਹੇ ਹਨ ਕਿ ਉਥੇ ਘੱਟ-ਗਿਣਤੀਆਂ ਉਪਰ ਹਮਲੇ ਵਧ ਰਹੇ ਹਨ।

ਘੱਟ-ਗਿਣਤੀਆਂ ’ਤੇ ਕਥਿਤ ਹਮਲੇ ਦੇ ਖ਼ਿਲਾਫ਼ ਚਿਨਮਯ ਕ੍ਰਿਸ਼ਨ ਦਾਸ ਕਈ ਵਿਰੋਧ-ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਨ।

ਇਹ ਪ੍ਰਦਰਸ਼ਨ ਸਨਾਤਨੀ ਜਾਗਰਣ ਜੋਤ ਸੰਗਠਨ ਦੇ ਬੈਨਰ ਹੇਠ ਹੋ ਰਹੇ ਸਨ ਅਤੇ ਇਸ ਦੇ ਬੁਲਾਰੇ ਚਿਨਮਯ ਕ੍ਰਿਸ਼ਨ ਦਾਸ ਹਨ।

ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਚਿਨਮਯ ਕ੍ਰਿਸ਼ਨ ਦਾਸ ਸਣੇ 19 ਲੋਕਾਂ ਖ਼ਿਲਾਫ਼ ਚਟਗਾਂਵ ਕੋਤਵਾਲੀ ਥਾਣੇ ਵਿੱਚ ਰਾਜਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਉਨ੍ਹਾਂ ’ਤੇ ਇਲਜ਼ਾਮ ਲੱਗਿਆ ਕਿ 25 ਅਕਤੂਬਰ ਨੂੰ ਚਟਗਾਂਵ ਦੇ ਨਿਊ ਮਾਰਕਿਟ ਇਲਾਕੇ ਵਿੱਚ ਬੰਗਲਾਦੇਸ਼ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਗਿਆ।

ਦਾਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਸੜਕਾਂ ’ਤੇ ਉਤਰ ਆਏ। ਰਾਜਧਾਨੀ ਢਾਕਾ ਅਤੇ ਚਟਗਾਂਵ ਸਣੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ ਹੋਏ।

ਇਸ ਤੋਂ ਬਾਅਦ ਬੰਗਲਾਦੇਸ਼ ਦੇ ਕਈ ਸੰਗਠਨਾਂ ਨੇ ਇਸਕਾਨ ਉਪਰ ਪਾਬੰਦੀ ਲਗਾਉਣ ਦੀ ਮੰਗ ਕੀਤੀ ਅਤੇ ਇਕ ਪਟੀਸ਼ਨ ਵੀ ਦਾਇਰ ਕੀਤੀ ਗਈ। ਹਾਲਾਂਕਿ ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ-

ਬੰਗਲਾਦੇਸ਼ ਇਸਕਾਨ ਦੀ ਕੇਂਦਰੀ ਕਮੇਟੀ ਦੇ ਮੈਂਬਰ ਬਿਮਲ ਕੁਮਾਰ ਘੋਸ਼ ਨੇ ਬੀਬੀਸੀ ਨੂੰ ਦੱਸਿਆ,“ਚਿਨਮਯ ਕ੍ਰਿਸ਼ਨ ਦਾਸ ਨੂੰ ਇਸਕਾਨ ਤੋਂ ਕੱਢ ਦਿੱਤਾ ਗਿਆ ਹੈ। ਸਰਕਾਰ ਦੇ ਖ਼ਿਲਾਫ਼ ਉਹ ਜੋ ਕੁਝ ਵੀ ਕਰਦੇ ਹਨ, ਉਸ ਦੀ ਜ਼ਿੰਮੇਵਾਰੀ ਸਾਡੀ ਨਹੀਂ ਹੈ।”

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਸੂਚਨਾ ਸਲਾਹਕਾਰ ਨਾਹਿਦ ਇਸਲਾਮ ਨੇ ਬੀਬੀਸੀ ਨੂੰ ਕਿਹਾ,“ਚਿਨਮਯ ਕ੍ਰਿਸ਼ਨ ਦਾਸ ਦੇਸ਼ ਨੂੰ ਅਸਥਿਰ ਕਰਨ ਦੀ ਯੋਜਨਾ ਲਈ ਆਪਣੇ ਅੰਦੋਲਨ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਸਨ।”

ਇਸ ਪੂਰੇ ਘਟਨਾਕ੍ਰਮ ਨੇ ਬੰਗਲਾਦੇਸ਼ ਵਿੱਚ ਧਾਰਮਿਕ ਅਤੇ ਰਾਜਨੀਤਿਕ ਤਣਾਅ ਨੂੰ ਵਧਾ ਦਿੱਤਾ ਹੈ ਅਤੇ ਇਸਕਾਨ ਨੂੰ ਲੈ ਕੇ ਇਹ ਨਵਾਂ ਵਿਵਾਦ ਹੋਰ ਵੀ ਗੁੰਝਲਦਾਰ ਹੋ ਗਿਆ ਹੈ।

ਇਸਕਾਨ ਨਾਲ ਚਿਨਮਯ ਕ੍ਰਿਸ਼ਨ ਦਾਸ ਦਾ ਰਿਸ਼ਤਾ

ਬੰਗਲਾਦੇਸ਼ ਵਿੱਚ ਇਸਕਾਨ ’ਤੇ ਪਾਬੰਦੀ ਲਗਾਉਣ ਦੀ ਮੰਗ ਹੋ ਰਹੀ ਹੈ
ਤਸਵੀਰ ਕੈਪਸ਼ਨ, ਬੰਗਲਾਦੇਸ਼ ਵਿੱਚ ਇਸਕਾਨ ’ਤੇ ਪਾਬੰਦੀ ਲਗਾਉਣ ਦੀ ਮੰਗ ਹੋ ਰਹੀ ਹੈ

ਚਿਨਮਯ ਕ੍ਰਿਸ਼ਨ ਦਾਸ ਇਸਕਾਨ ਚਟਗਾਂਵ ਦੇ ਪੁੰਡਰੀਕ ਧਾਮ ਦੇ ਪ੍ਰਧਾਨ ਹਨ। ਉਨ੍ਹਾਂ ਦਾ ਅਸਲੀ ਨਾਮ ਚੰਦਨ ਕੁਮਾਰ ਧਰ ਹੈ ਅਤੇ ਭਗਤ ਉਨ੍ਹਾਂ ਨੂੰ ‘ਚਿਨਮਯ ਪ੍ਰਭੂ’ ਕਹਿ ਕੇ ਸੰਬੋਧਨ ਕਰਦੇ ਹਨ।

ਘੱਟ-ਗਿਣਤੀਆਂ ਦੇ ਅਧਿਕਾਰਾਂ ਲਈ ਹਾਲ ਹੀ ਵਿੱਚ ਬਣੇ ਬੰਗਲਾਦੇਸ਼ ਸੰਮਲਿਤ ਸਨਾਤਨੀ ਜਾਗਰਣ ਜੋਤ ਸੰਗਠਨ ਦੇ ਉਹ ਬੁਲਾਰੇ ਹਨ।

ਇਸਕਾਨ ਬੰਗਲਾਦੇਸ਼ ਦੇ ਕੇਂਦਰੀ ਪ੍ਰਧਾਨ ਸੱਤਿਆ ਰੰਜਨ ਬਰਾਈ ਨੇ 13 ਜੁਲਾਈ ਨੂੰ ਇਸਕਾਨ ਦੇ ਖਿਲਾਫ ਕੰਮ ਕਰਨ ਨੂੰ ਲੈ ਕੇ ਉਨ੍ਹਾਂ ਨੂੰ ਚਿਤਾਵਨੀ ਪੱਤਰ ਭੇਜਿਆ ਸੀ। ਉਸ 'ਤੇ ਪੰਜ ਇਲਜ਼ਾਮ ਲਾਏ ਗਏ ਹਨ।

ਬਾਅਦ ਵਿੱਚ, 9 ਨਵੰਬਰ 2024 ਨੂੰ ਇਸਕਾਨ ਬੰਗਲਾਦੇਸ਼ ਨੇ ਇੱਕ ਪ੍ਰੈਸ ਕਾਨਫਰੰਸ ਕਰ ਕੇ ਸੰਗਠਨ ਤੋਂ ਉਨ੍ਹਾਂ ਨੂੰ ਕੱਢਣ ਬਾਰੇ ਜਾਣਕਾਰੀ ਦਿੱਤੀ ਸੀ।

ਇਸਕਾਨ ਬੰਗਲਾਦੇਸ਼ ਦੀ ਕੇਂਦਰੀ ਕਮੇਟੀ ਦੇ ਮੈਂਬਰ ਬਿਮਲ ਕੁਮਾਰ ਘੋਸ਼ ਨੇ ਬੀਬੀਸੀ ਨੂੰ ਦੱਸਿਆ ਸੀ,“ ਚਿਨਮਯ ਕ੍ਰਿਸ਼ਨ ਦਾਸ ਨੂੰ ਕੱਢ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਚਿਤਾਵਨੀਆਂ ਉਪਰ ਧਿਆਨ ਨਹੀਂ ਦਿੱਤਾ। ਬਾਅਦ ਵਿੱਚ ਉਨ੍ਹਾਂ ਨੇ ਸੰਗਠਨ ਦੇ ਪ੍ਰਧਾਨ ਅਤੇ ਸਕੱਤਰ ਖਿਲਾਫ਼ ਮੁਕੱਦਮਾ ਵੀ ਦਰਜ ਕੀਤਾ ਸੀ।”

ਕਮੇਟੀ ਨੇ ਕਿਹਾ ਕਿ ਚਿਨਮਯ ਕ੍ਰਿਸ਼ਨ ਦਾਸ ਇਸਕਾਨ ਵੱਲੋਂ ਕੋਈ ਵੀ ਜਨਤਕ ਬਿਆਨਬਾਜ਼ੀ ਨਹੀਂ ਕਰਨਗੇ ਅਤੇ ਨਾ ਹੀ ਕੋਈ ਧਾਰਮਿਕ ਗਤੀਵਿਧੀ ਕਰਨਗੇ।

ਹਾਲਾਂਕਿ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਅਜੇ ਵੀ ਪੁੰਡਰਿਕ ਧਾਮ ਦੇ ਪ੍ਰਧਾਨ ਹਨ, ਕਮੇਟੀ ਨੇ ਕਿਹਾ, "ਅਸੀਂ ਉਨ੍ਹਾਂ ਨੂੰ ਅਹੁਦੇ ਤੋਂ ਕੱਢ ਦਿੱਤਾ ਹੈ ਪਰ ਸਾਨੂੰ ਉਨ੍ਹਾਂ ਨੂੰ ਧਾਰਮਿਕ ਸਿੱਖਿਆ ਦੇਣ ਤੋਂ ਰੋਕਣ ਦਾ ਅਧਿਕਾਰ ਨਹੀਂ ਹੈ।"

ਹਾਲਾਂਕਿ ਕਮੇਟੀ ਨੇ ਕਿਹਾ ਕਿ ਨਵੇਂ ਹਾਲਾਤਾਂ 'ਚ ਇਸਕਾਨ ਤੋਂ ਉਸ ਦੇ ਖਿਲਾਫ ਕੋਈ ਨਵਾਂ ਫੈਸਲਾ ਆ ਸਕਦਾ ਹੈ।

ਵੀਰਵਾਰ ਨੂੰ ਇਸਕਾਨ ਬੰਗਲਾਦੇਸ਼ ਦੇ ਜਨਰਲ ਸਕੱਤਰ ਚਾਰੂਚੰਦਰ ਦਾਸ ਨੇ ਵੀ ਚਿਨਮਯ ਅਤੇ ਹੋਰਾਂ ਨੂੰ ਕੱਢੇ ਜਾਣ ਦੀ ਜਾਣਕਾਰੀ ਦਿੱਤੀ।

ਚਾਰਚੰਦਰ ਦਾਸ ਨੇ ਕਿਹਾ, “ਸ਼੍ਰੀ ਕ੍ਰਿਸ਼ਨਾ ਮੰਦਰ ਦੇ ਪ੍ਰਧਾਨ ਲੀਲਾਰਾਜ ਗੌਰ ਦਾਸ, ਮੈਂਬਰ ਗੌਰਾਂਗ ਦਾਸ ਅਤੇ ਚਟਗਾਂਵ ਦੇ ਪੁੰਡਰਿਕ ਧਾਮ ਦੇ ਪ੍ਰਧਾਨ ਚਿਨਮੋਏ ਕ੍ਰਿਸ਼ਨ ਦਾਸ ਨੂੰ ਸੰਗਠਨ ਦੇ ਅਨੁਸ਼ਾਸਨ ਦੀ ਉਲੰਘਣਾ ਕਰਨ ’ਤੇ ਸੰਗਠਨਾਤਮਕ ਅਹੁਦਿਆਂ ਸਮੇਤ ਸਾਰੀਆਂ ਗਤੀਵਿਧੀਆਂ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੇ ਜੋ ਵੀ ਕੀਤਾ ਹੈ, ਉਸ ਦਾ ਇਸਕਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।”

ਚਾਰੂਚੰਦਰ ਦਾਸ ਨੇ ਇਹ ਵੀ ਕਿਹਾ ਕਿ ਪਿਛਲੇ 13 ਅਕਤੂਬਰ ਨੂੰ ਹੀ ਇਕ ਅਧਿਕਾਰਤ ਬਿਆਨ ਵਿੱਚ ਇਹ ਕਿਹਾ ਗਿਆ ਸੀ ਕਿ ਚਿਨਮਯ ਕ੍ਰਿਸ਼ਨ ਦਾਸ ਹੁਣ ਇਸਕਾਨ ਬੰਗਲਾਦੇਸ਼ ਦੇ ਬੁਲਾਰੇ ਨਹੀਂ ਹਨ। ਇਸ ਲਈ ਉਨ੍ਹਾਂ ਦਾ ਬਿਆਨ ਪੂਰੀ ਤਰ੍ਹਾਂ ਨਾਲ ਨਿੱਜੀ ਹੈ।

ਸੰਮਲਿਤ ਸਨਾਤਨੀ ਜਾਗਰਣ ਜੋਤ ਨਾਲ ਰਿਸ਼ਤਾ

ਚਿਨਮਯ ਕ੍ਰਿਸ਼ਨ ਦਾਸ ਦੇ ਹਮਾਇਤੀਆਂ ਨੇ ਅਦਾਲਤ ਬਾਹਰ ਪ੍ਰਦਰਸ਼ਨ ਕੀਤਾ ਸੀ

ਤਸਵੀਰ ਸਰੋਤ, KAMOL DAS

ਤਸਵੀਰ ਕੈਪਸ਼ਨ, ਚਿਨਮਯ ਕ੍ਰਿਸ਼ਨ ਦਾਸ ਦੇ ਹਮਾਇਤੀਆਂ ਨੇ ਅਦਾਲਤ ਬਾਹਰ ਪ੍ਰਦਰਸ਼ਨ ਕੀਤਾ ਸੀ

17 ਕਰੋੜ ਦੀ ਆਬਾਦੀ ਵਾਲੇ ਮੁਸਲਿਮ ਬਹੁਗਿਣਤੀ ਵਾਲੇ ਬੰਗਲਾਦੇਸ਼ ਵਿੱਚ ਲੰਬੇ ਸਮੇਂ ਤੋਂ ਘੱਟ-ਗਿਣਤੀ ਹਿੰਦੂ ਆਬਾਦੀ ਦੇ ਖ਼ਿਲਾਫ਼ ਹਿੰਸਾ ਅਤੇ ਅੱਤਿਆਚਾਰ ਦੇ ਇਲਜ਼ਾਮ ਲੱਗਦੇ ਰਹੇ ਹਨ।

ਪਰ ਸ਼ੇਖ ਹਸੀਨਾ ਦੇ ਸੱਤਾ ਤੋਂ ਬੇਦਖਲ ਹੋਣ ਤੋਂ ਬਾਅਦ ਬੰਗਲਾਦੇਸ਼ ਵਿੱਚ ਹਿੰਦੂਆਂ ’ਤੇ ਹਮਲੇ ਦੇ ਕੁਝ ਮਾਮਲੇ ਸਾਹਮਣੇ ਆਏ ਹਨ।

ਪੰਜ ਅਗਸਤ ਨੂੰ ਸ਼ੇਖ ਹਸੀਨਾ ਬੰਗਲਾਦੇਸ਼ ਛੱਡ ਭਾਰਤ ਆ ਗਏ ਸਨ।

ਬੰਗਲਾਦੇਸ਼ ਵਿੱਚ ਘੱਟ-ਗਿਣਤੀ ਦੇਸ਼ ਦੀ ਕੁੱਲ ਆਬਾਦੀ ਦਾ ਅੱਠ ਫ਼ੀਸਦੀ ਹੈ।

ਪਿਛਲੇ ਤਿੰਨ ਮਹੀਨਿਆਂ ਤੋਂ ਦੇਸ਼ ਵਿੱਚ ਘੱਟ-ਗਿਣਤੀਆਂ ’ਤੇ ਹਮਲਿਆਂ ਦੇ ਖ਼ਿਲਾਫ਼ ਸੰਮਲਿਤ ਸਨਾਤਨੀ ਜਾਗਰਣ ਜੋਤ ਦੇ ਬੈਨਰ ਹੇਠ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ।

ਇਨ੍ਹਾਂ ਪ੍ਰਦਰਸ਼ਨਾਂ ਅਤੇ ਰੈਲੀਆਂ ਦੀ ਅਗਵਾਈ ਚਿਨਮਯ ਕ੍ਰਿਸ਼ਨ ਦਾਸ ਨੇ ਕੀਤੀ। ਇਸੇ ਤਰ੍ਹਾਂ ਦਾ ਇੱਕ ਪ੍ਰਦਰਸ਼ਨ ਚਟਗਾਂਵ ਦੇ ਰੰਗਪੁਰ ਵਿੱਚ ਹੋਇਆ ਸੀ।

ਇਸ 'ਚ ਇਸਕਾਨ ਦੇ ਕੱਢੇ ਗਏ ਨੇਤਾ ਚਿਨਮਯ ਕ੍ਰਿਸ਼ਨ ਦਾਸ ਭਾਸ਼ਣ ਦਿੰਦੇ ਨਜ਼ਰ ਆਏ। ਉਨ੍ਹਾਂ ਨੇ ਆਪਣੇ ਭਾਸ਼ਣਾਂ ਵਿੱਚ ਹਿੰਦੂਆਂ ’ਤੇ ਅੱਤਿਆਚਾਰਾਂ ਦਾ ਇਲਜ਼ਾਮ ਲਗਾਉਂਦੇ ਹੋਏ ਸਰਕਾਰ ’ਤੇ ਹਮਲਾ ਕੀਤਾ।

ਇਸਕਾਨ ਬੰਗਲਾਦੇਸ਼ ਦੀ ਕੇਂਦਰੀ ਕਮੇਟੀ ਦੇ ਮੈਂਬਰ ਬਿਮਲ ਕੁਮਾਰ ਘੋਸ਼ ਨੇ ਬੀਬੀਸੀ ਨੂੰ ਕਿਹਾ,“ਵੱਖ-ਵੱਖ ਥਾਵਾਂ ’ਤੇ ਚਿਨਮਯ ਜੋ ਭਾਸ਼ਣ ਦੇ ਰਹੇ ਹਨ, ਉਹ ਉਨ੍ਹਾਂ ਦਾ ਨਿੱਜੀ ਬਿਆਨ ਹੈ। ਇਸਕਾਨ ਇਸਦੀ ਜ਼ਿੰਮੇਦਾਰੀ ਨਹੀਂ ਲੈਂਦਾ।”

ਇਸਕਾਨ ਤੋਂ ਕੱਢੇ ਜਾਣ ਬਾਰੇ ਸੰਮਲਿਤ ਸਨਾਤਨੀ ਜਾਗਰਣ ਜੋਤ ਸੰਗਠਨ ਨੇ ਕਿਹਾ,“ਅੰਦਰੂਨੀ ਰਾਜਨੀਤੀ ਕਾਰਨ, ਉਨ੍ਹਾਂ ਨੂੰ ਝੂਠੇ ਇਲਜ਼ਾਮ ਲਗਾ ਕੇ ਕੱਢਿਆ ਗਿਆ ਸੀ।"

ਜਦੋਂ ਢਾਕਾ ਮੈਟਰੋਪੋਲਿਟਨ ਪੁਲਿਸ ਦੀ ਜਾਸੂਸੀ ਸ਼ਾਖਾ ਨੇ 25 ਨਵੰਬਰ ਨੂੰ ਚਿਨਮਯ ਕ੍ਰਿਸ਼ਨ ਦਾਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਦੂਜੇ ਦਿਨ ਚਟਗਾਂਵ ਕੋਰਟ ਵਿੱਚ ਪੇਸ਼ ਕੀਤਾ ਤਾਂ ਉਨ੍ਹਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਇਸਕਾਨ ਨਾਲ ਜੁੜੇ ਮੈਂਬਰਾਂ ਨੇ ਕੋਰਟ ਵਿੱਚ ਪ੍ਰਦਰਸ਼ਨ ਕੀਤਾ ਸੀ।

ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਇਸਕਾਨ ਨਾਲ ਜੁੜੇ ਇਕ ਵਿਅਕਤੀ ਨੇ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ ’ਤੇ ਬੀਬੀਸੀ ਨੂੰ ਦੱਸਿਆ,“ਇਸ ਦੀ ਜ਼ਿੰਮੇਦਾਰੀ ਸਾਡੇ ਉਪਰ ਪਾਉਣਾ ਰਾਜਨੀਤੀ ਤੋਂ ਪ੍ਰੇਰਿਤ ਹੈ, ਜਦਕਿ ਇਸਕਾਨ ਦੇ ਲੋਕ ਅਹਿੰਸਕ ਪ੍ਰਦਰਸ਼ਨ ਕਰ ਰਹੇ ਸਨ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)