ਫਲਾਇੰਗ ਅਫ਼ਸਰ ਚੁਣੀ ਗਈ ਚਰਨਪ੍ਰੀਤ ਨੇ ਕਿਵੇਂ ਆਟੋ ਡਰਾਈਵਰ ਪਿਤਾ ਦਾ ਸੁਪਨਾ ਪੂਰਾ ਕੀਤਾ

ਚਰਨਪ੍ਰੀਤ ਕੌਰ ਤੇ ਉਸ ਦੇ ਪਿਤਾ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

"ਸਾਡੀ ਧੀ ਨੇ ਪੂਰੇ ਪਿੰਡ ਦਾ ਨਾਮ ਚਮਕਾ ਦਿੱਤਾ ਹੈ, ਇਸ ਨੇ ਪਿੰਡ ਦੀਆਂ ਹੋਰ ਕੁੜੀਆਂ ਲਈ ਵੀ ਫੌਜ ਵਿੱਚ ਜਾਣ ਦੇ ਰਾਹ ਖੋਲ੍ਹ ਦਿੱਤੇ ਹਨ।"

ਇਹ ਸ਼ਬਦ ਮਹਿਲਾ ਕੈਡਿਟ ਚਰਨਪ੍ਰੀਤ ਕੌਰ ਦੇ ਘਰ ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਤੋਂ ਸੁਣਨ ਨੂੰ ਮਿਲੇ। ਉਹ ਸਵੇਰੇ ਸਵੇਰੇ ਆਪਣਾ ਕੰਮ-ਕਾਰ ਛੱਡ ਕੇ ਭਾਰਤੀ ਏਅਰ ਫੋਰਸ ਅਕੈਡਮੀ ਵਿੱਚ ਚੁਣੀ ਗਈ ਚਰਨਪ੍ਰੀਤ ਕੌਰ ਦੇ ਮਾਤਾ-ਪਿਤਾ ਨੂੰ ਵਧਾਈਆਂ ਦੇਣ ਆਏ ਸਨ।

ਖੁਸ਼ੀ ਦੇ ਮਾਹੌਲ ਵਿੱਚ ਚਰਨਪ੍ਰੀਤ ਕੌਰ ਦੇ ਮਾਤਾ ਕੁਲਵੰਤ ਕੌਰ ਭਾਵੁਕ ਸਨ।

ਵੀਡੀਓ ਕੈਪਸ਼ਨ, ਆਟੋ ਚਾਲਕ ਦੀ ਧੀ ਭਾਰਤੀ ਏਅਰ ਫੋਰਸ ਲਈ ਚੁਣੀ ਗਈ, ਮਾਂ ਦੀ ਮਿਹਨਤ ਰੰਗ ਲਿਆਈ

ਬੀਬੀਸੀ ਨਾਲ ਗੱਲ ਕਰਦਿਆਂ ਉਹ ਰੋ ਪਏ। ਉਨ੍ਹਾਂ ਦੱਸਿਆ, "ਮੈਂ ਕਿੰਨੀ ਖੁਸ਼ ਹਾਂ ਕਿ ਦੱਸ ਨਹੀਂ ਸਕਦੀ। ਮੇਰੀ ਧੀ ਨੇ ਇੱਥੋਂ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ।"

ਚਰਨਪ੍ਰੀਤ ਕੌਰ ਪੰਜਾਬ ਦੇ ਕੁਰਾਲੀ ਨੇੜਲੇ ਪਿੰਡ ਚਨਾਲੋਂ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਚੋਣ ਭਾਰਤੀ ਏਅਰ ਫੋਰਸ ਅਕੈਡਮੀ ਵਿੱਚ ਪ੍ਰੀ-ਕਮਿਸ਼ਨ ਸਿਖਲਾਈ ਲਈ ਹੋਈ ਹੈ।

ਉਨ੍ਹਾਂ ਨੇ ਭਾਰਤੀ ਏਅਰ ਫੋਰਸ ਐਕਡਮੀ ਲਈ ਹੋਈ ਐੱਫਕੈਟ 2024 ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ 192 ’ਚੋਂ ਚੌਥਾ ਰੈਂਕ ਹਾਸਲ ਕੀਤਾ ਹੈ।

ਚਰਨਪ੍ਰੀਤ ਕੌਰ ਦੇ ਪਿਤਾ ਹਰਮਿੰਦਰ ਸਿੰਘ ਆਟੋ ਡਰਾਈਵਰ ਹਨ। ਘਰ ਦਾ ਸਾਰਾ ਖਰਚਾ ਪਿਤਾ ਹਰਮਿੰਦਰ ਸਿੰਘ ਦੇ ਸਿਰ ਉੱਤੇ ਹੀ ਚਲਦਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਚਰਨਪ੍ਰੀਤ ਕੌਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ, "ਸਾਨੂੰ ਤਿੰਨਾਂ ਬੱਚਿਆਂ ਨੂੰ ਕੁਰਾਲੀ ਦੇ ਸਭ ਤੋਂ ਚੰਗੇ ਸਕੂਲਾਂ ਵਿੱਚ ਪੜ੍ਹਾਇਆ ਗਿਆ। ਵਿੱਤੀ ਤੌਰ ਉੱਤੇ ਤੰਗੀ ਸੀ ਫਿਰ ਵੀ ਮੈਂ ਏਅਰ ਫੋਰਸ ਵਿੱਚ ਜਾਣਾ ਸੀ। ਇਸ ਉੱਤੇ ਕਦੇ ਕਿਸੇ ਨੇ ਕੋਈ ਰੋਕ-ਟੋਕ ਨਹੀਂ ਕੀਤੀ। ਮੇਰੇ ਘਰਦਿਆਂ ਤੋਂ ਕਦੇ ਇਹ ਸੁਣਨ ਨੂੰ ਨਹੀਂ ਮਿਲਿਆ ਕਿ ਤੂੰ ਕੁੜੀ ਐ ਅਤੇ ਤੂੰ ਫੌਜ ਵਿੱਚ ਨਹੀਂ ਜਾ ਸਕਦੀ।"

ਮਾਂ ਦੀ ਬਿਮਾਰੀ 'ਚ ਚਰਨਪ੍ਰੀਤ ਬਣੀ ਹੌਸਲਾ

ਚਰਨਪ੍ਰੀਤ ਕੌਰ ਨੇ ਉਹ ਸਮਾਂ ਵੀ ਦੇਖਿਆ, ਜਦੋਂ ਉਨ੍ਹਾਂ ਦੇ ਮਾਤਾ ਕੁਲਵੰਤ ਕੌਰ ਕਰੰਟ ਲੱਗਣ ਕਾਰਨ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ ਸਨ।

ਮਾਤਾ ਕੁਲਵੰਤ ਕੌਰ ਕਹਿੰਦੇ ਹਨ,"ਅੱਜ ਜਦੋਂ ਮੇਰੀ ਧੀ ਦੇ ਸੁਪਨੇ ਪੂਰੇ ਹੋਏ ਹਨ ਤਾਂ ਮੈਨੂੰ ਕੋਈ ਸ਼ਿਕਵਾ ਨਹੀਂ ਹੈ ਕਿ ਮੈਂ ਆਪਣੀ ਧੀ ਲਈ ਕੁਝ ਕਰ ਨਹੀਂ ਸਕੀ। ਅੱਜ ਖੁਸ਼ੀ ਵੇਲੇ ਮੇਰੀਆਂ ਅੱਖਾਂ ਵਿੱਚੋਂ ਅੱਥਰੂ ਵੀ ਇਸੇ ਕਰਕੇ ਆ ਰਹੇ ਹਨ ਕਿ ਮੈਂ ਆਪਣੀ ਧੀ ਨੂੰ ਮੈਨੂੰ ਸੰਭਾਲਦੇ ਦੇਖਿਆ ਹੈ ਤੇ ਹੁਣ ਉਹ ਆਪਣੇ ਪੈਰਾਂ ਉੱਤੇ ਖੜ੍ਹੀ ਹੋ ਗਈ ਹੈ।''

ਉਹ ਕਹਿੰਦੇ ਹਨ, ''ਮੈਨੂੰ ਹਮੇਸ਼ਾ ਲੱਗਦਾ ਸੀ ਕਿ ਅਸੀਂ ਆਪਣੇ ਬੱਚਿਆਂ ਲਈ ਓਨਾ ਨਹੀਂ ਕਰਦੇ ਜਿੰਨਾ ਹੋਰ ਮਾਪੇ ਕਰਦੇ ਹਨ,ਪਰ ਅੱਜ ਨਤੀਜੇ ਸਾਹਮਣੇ ਹਨ।"

ਚਰਨਪ੍ਰੀਤ ਆਪਣੀ ਮਾਂ ਨਾਲ

ਤਸਵੀਰ ਸਰੋਤ, Charanpreet Kaur

ਤਸਵੀਰ ਕੈਪਸ਼ਨ, ਚਰਨਪ੍ਰੀਤ ਦੀ ਮਾਂ ਆਪਣੀ ਧੀ ਦੀ ਕਾਮਯਾਬੀ ’ਤੇ ਮਾਣ ਮਹਿਸੂਸ ਕਰਦੇ ਹਨ

ਚਰਨਪ੍ਰੀਤ ਕੌਰ ਦੀ ਏਅਰ ਫੋਰਸ ਵਿੱਚ ਜਾਣ ਦੀ ਸਾਰੀ ਟਰੇਨਿੰਗ ਮੁਹਾਲੀ ਦੇ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ ਹੋਈ ਹੈ। ਸਕੂਲੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਚਰਨਪ੍ਰੀਤ ਨੇ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦਾ ਦਾਖਲਾ ਟੈਸਟ ਪਾਸ ਕੀਤਾ ਅਤੇ ਫੇਰ ਤਿੰਨ ਸਾਲ ਮੁਹਾਲੀ ਵਿੱਚ ਹੀ ਰਹਿ ਕੇ ਟਰੇਨਿੰਗ ਕੀਤੀ।

ਮੁਹਾਲੀ ਦੀ ਮਹਿਕ ਦਹੀਆ ਦੀ ਵੀ ਹੋਈ ਚੋਣ

ਮਹਿਕ ਦਹੀਆ

ਤਸਵੀਰ ਸਰੋਤ, Mahak Dehiya

ਤਸਵੀਰ ਕੈਪਸ਼ਨ, ਏਅਰ ਫੋਰਸ ਅਕੈਡਮੀ ਲਈ ਮਹਿਕ ਦਹੀਆ ਦੀ ਵੀ ਚੋਣ ਹੋਈ ਹੈ

ਏਅਰ ਫੋਰਸ ਅਕੈਡਮੀ ਲਈ ਚੁਣੀਆਂ ਗਈਆਂ ਕੁੜੀਆਂ ਵਿੱਚ ਪੰਜਾਬ ਦੀ ਇੱਕ ਹੋਰ ਕੁੜੀ ਵੀ ਹੈ। ਮੁਹਾਲੀ ਦੇ ਨੇੜਲੇ ਸ਼ਹਿਰ ਖਰੜ ਦੀ ਰਹਿਣ ਵਾਲੀ ਮਹਿਕ ਦਹੀਆ ਨੇ ਵੀ ਇਹ ਮੱਲ੍ਹ ਮਾਰੀ ਹੈ।

ਮਹਿਕ ਦਹੀਆ ਨੇ ਐੱਫਕੈਟ ਪ੍ਰੀਖਿਆ ਵਿੱਚ 23ਵਾਂ ਰੈਂਕ ਹਾਸਲ ਕੀਤਾ ਹੈ। ਚਰਨਪ੍ਰੀਤ ਅਤੇ ਮਹਿਕ ਦੋਵੇਂ ਮੁਹਾਲੀ ਦੇ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਹਨ।

ਮਹਿਕ ਦਹੀਆ ਦਾ ਜਨਮ ਹਰਿਆਣਾ ਦੇ ਸੋਨੀਪਤ ਦਾ ਹੈ ਪਰ ਉਹ ਬਚਪਨ ਤੋਂ ਪੰਜਾਬ ਦੇ ਮੁਹਾਲੀ ਸ਼ਹਿਰ ਵਿੱਚ ਰਹਿ ਰਹੇ ਹਨ। ਉਨ੍ਹਾਂ ਦੇ ਪਿਤਾ ਅੰਬਾਲਾ ਵਿੱਚ ਅਧਿਆਪਕ ਹਨ।

ਮਹਿਕ ਦੱਸਦੇ ਹਨ, "ਤਿੰਨ ਵਾਰ ਫੇਲ੍ਹ ਹੋ ਕੇ ਪਾਸ ਹੋਣਾ ਤੁਹਾਨੂੰ ਵੱਖਰਾ ਸਕੂਨ ਦਿੰਦਾ ਹੈ। ਏਅਰ ਫੋਰਸ ਦੀ ਪ੍ਰੀਖਿਆ ਪਾਸ ਕਰਨ ਲਈ ਮੇਰੀ ਇਹ ਤੀਸਰੀ ਕੋਸ਼ਿਸ਼ ਸੀ, ਇਸ ਵਾਰ ਦਿਨ ਰਾਤ ਦੀ ਸਖ਼ਤ ਮਿਹਨਤ ਤੋਂ ਬਾਅਦ ਮੈਂ ਪ੍ਰੀਖਿਆ ਪਾਸ ਕਰਨ ਵਿੱਚ ਸਫਲ ਹੋਈ ਹਾਂ।"

ਮਹਿਕ
ਤਸਵੀਰ ਕੈਪਸ਼ਨ, ਮਹਿਕ ਦੀ ਮਾਤਾ ਨੇ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਵਾਈ ਹੈ

ਏਅਰ ਫੋਰਸ ਲਈ 12 ਕਿਲੋ ਵਜ਼ਨ ਘਟਾਇਆ

ਮਹਿਕ ਦੱਸਦੇ ਹਨ, "ਭਾਰਤੀ ਏਅਰ ਫੋਰਸ ਵਿੱਚ ਚੋਣ ਲਈ ਮਾਨਸਿਕ ਅਤੇ ਸਰੀਰਕ ਸਿਖਲਾਈ ਦੋਵੇਂ ਬਹੁਤ ਜ਼ਰੂਰੀ ਹਨ। ਮੈਨੂੰ ਪੜ੍ਹਨ ਦਾ ਸ਼ੌਕ ਸੀ ਤਾਂ ਮੇਰੇ ਲਈ ਪੜ੍ਹਾਈ ਔਖਾ ਕੰਮ ਨਹੀਂ ਸੀ, ਔਖਾ ਸੀ ਤਾਂ ਵਜ਼ਨ ਘਟਾਉਣਾ। ਪੜ੍ਹਾਈ ਦੇ ਨਾਲ-ਨਾਲ ਸਰੀਰਕ ਤੌਰ ਉੱਤੇ ਫਿੱਟ ਹੋਣ ਲਈ ਮੈਂ 12 ਕਿਲੋ ਵਜ਼ਨ ਘਟਾਇਆ।"

ਮਹਿਕ ਕਹਿੰਦੇ ਹਨ, “ਮੈਨੂੰ ਹਰ ਪੱਖ ਤੋਂ ਮਜ਼ਬੂਤ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਮੇਰੀ ਮਾਂ ਮਧੂ ਬਾਲਾ ਦਾ ਰਿਹਾ, ਉਨ੍ਹਾਂ ਦੀ ਸਖ਼ਤ ਸਿਖਲਾਈ ਨੇ ਮੈਨੂੰ ਅੱਜ ਇਸ ਮੁਕਾਮ ਤੱਕ ਪਹੁੰਚਾਇਆ ਹੈ।”

ਮਹਿਕ ਆਪਣੀ ਮਾਤਾ ਨਾਲ
ਤਸਵੀਰ ਕੈਪਸ਼ਨ, ਮਹਿਕ ਦਾ ਕਹਿਣਾ ਹੈ ਕਿ ਕੁੜੀਆਂ ਲਈ ਹੁਣ ਕੋਈ ਵੀ ਖੇਤਰ ਮੁਸ਼ਕਲ ਨਹੀਂ ਹੈ।

ਮਹਿਕ ਦੀ ਮਾਤਾ ਮਧੂ ਬਾਲਾ ਕਹਿੰਦੇ ਹਨ, "ਮੈਂ ਆਪਣੀ ਬੇਟੀ ਨੂੰ ਇਸ ਮੰਜ਼ਿਲ ਉੱਤੇ ਦੇਖਣਾ ਚਾਹੁੰਦੀ ਸੀ। ਮੈਨੂੰ ਪਤਾ ਸੀ ਕਿ ਕਦੇ-ਕਦੇ ਮੈਂ ਉਸਦੇ ਨਾਲ ਬਹੁਤ ਸਖ਼ਤੀ ਵਰਤਦੀ ਸੀ ਪਰ ਉਹ ਜ਼ਰੂਰੀ ਸੀ। ਆਪਣੀ ਧੀ ਨੂੰ ਹਰ ਮੁਸ਼ਕਲ ਲਈ ਤਿਆਰ ਕਰਨਾ ਮੇਰਾ ਪਹਿਲਾ ਫਰਜ਼ ਸੀ, ਜਿਸਨੂੰ ਨਿਭਾਉਣ ਲਈ ਮੈਨੂੰ ਕਦੇ ਮਾਂ ਅਤੇ ਕਦੇ ਟਰੇਨਰ ਬਣਨਾ ਪਿਆ। ਆਪਣੀ ਬੇਟੀ ਨੂੰ ਜਿਮ ਕਰਵਾਉਣ ਲਈ ਮੈਂ ਖੁਦ ਵੀ ਉਸਦੇ ਨਾਲ ਜਿਮ ਜਾਣਾ ਸ਼ੁਰੂ ਕਰ ਦਿੱਤਾ ਸੀ।"

ਪੰਜਾਬ ਵਿੱਚ ਏਅਰ ਫੋਰਸ ਦੀ ਸਿਖਲਾਈ ਕਿਵੇਂ ਸੰਭਵ ਹੋਈ?

ਦੋਵਾਂ ਮਹਿਲਾ ਕੈਡਿਟਾਂ ਨੇ ਬੀਬੀਸੀ ਨੂੰ ਦੱਸਿਆ ਕਿ ਤਿੰਨ ਸਾਲ ਦੀ ਟਰੇਨਿੰਗ ਦੌਰਾਨ ਸਾਡਾ ਕੋਈ ਖਰਚਾ ਨਹੀਂ ਹੋਇਆ। ਸਾਡੀ ਟਰੇਨਿੰਗ ਦਾ ਸਾਰਾ ਖਰਚਾ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਕੀਤਾ ਗਿਆ।

ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ ਟਰੇਨਿੰਗ ਦੌਰਾਨ ਸਿਖਿਆਰਥਣਾਂ
ਤਸਵੀਰ ਕੈਪਸ਼ਨ, ਟਰੇਨਿੰਗ ਦੌਰਾਨ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਸਾਰਾ ਖਰਚਾ ਕੀਤਾ ਜਾਂਦਾ ਹੈ

ਚਰਨਪ੍ਰੀਤ ਦੱਸਦੇ ਹਨ, "ਸਕੂਲ ਸਮੇਂ ਤੱਕ ਮੈਨੂੰ ਨਹੀਂ ਪਤਾ ਸੀ ਕਿ ਮੈਂ ਏਅਰ ਫੋਰਸ ਵਿੱਚ ਜਾਵਾਂਗੀ ਪਰ ਬਾਰ੍ਹਵੀਂ ਤੋਂ ਬਾਅਦ ਕਿਸੇ ਦੇ ਕਹਿਣ ਉੱਤੇ ਮੈਂ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਵਿੱਚ ਦਾਖਲੇ ਲਈ ਪ੍ਰੀਖਿਆ ਦਿੱਤੀ, ਮੇਰੀ ਚੋਣ ਹੋਈ ਤਾਂ ਤਿੰਨ ਸਾਲ ਸਾਡਾ ਇੱਥੇ ਰਹਿਣਾ, ਖਾਣਾ-ਪੀਣਾ, ਟਰੇਨਿੰਗ ਹਰ ਕੰਮ ਮੁਫ਼ਤ ਹੋਇਆ।”

“ਇਹ ਅਦਾਰਾ ਨਾ ਹੁੰਦਾ ਤਾਂ ਸ਼ਾਇਦ ਅੱਜ ਮੈਂ ਵੀ ਆਪਣਾ ਸੁਪਨਾ ਪੂਰਾ ਨਾ ਕਰ ਪਾਉਂਦੀ। ਹੁਣ ਮੈਂ ਆਪਣੇ ਤਿੰਨ ਸਾਲ ਟਰੇਨਿੰਗ ਦੇ ਪੂਰੇ ਕਰਨ ਮਗਰੋਂ ਇੱਥੇ ਹੋਰ ਵਿਦਿਆਰਥਣਾਂ ਨੂੰ ਟਰੇਨਿੰਗ ਵੀ ਦੇ ਰਹੀ ਹਾਂ।"

ਮਹਿਕ ਨੇ ਬੀਬੀਸੀ ਨੂੰ ਦੱਸਿਆ, "ਮੈਂ ਕਾਮਰਸ ਦੀ ਵਿਦਿਆਰਥਣ ਸੀ ਪਰ ਅੰਬਾਲਾ ਰਹਿੰਦੇ ਹੋਏ ਮੈਂ ਏਅਰ ਬੇਸ ਉੱਤੋਂ ਮਿੱਗ-24, ਰਾਫ਼ੇਲ, ਜੈਗੂਆਰ ਵਰਗੇ ਹਵਾਈ ਸੈਨਾ ਦੇ ਜਹਾਜ਼ਾਂ ਨੂੰ ਦੇਖਦੀ ਰਹਿੰਦੀ ਸੀ। ਮੇਰੇ ਮਨ ਵਿੱਚ ਸੀ ਕਿ ਮੈਂ ਅਜਿਹਾ ਕੁਝ ਕਰਨਾ ਹੈ ਪਰ ਰਾਹ ਨਹੀਂ ਸੀ ਮਿਲ ਰਿਹਾ।”

“ਫੇਰ ਇੱਕ ਦਿਨ ਅਚਾਨਕ ਮਾਈ ਭਾਗੋ ਇੰਸਟੀਚਿਊਟ ਤੋਂ ਫੋਨ ਆਇਆ ਤਾਂ ਮੈਂ ਦਾਖਲੇ ਲਈ ਅਪਲਾਈ ਕਰ ਦਿੱਤਾ। ਮੈਂ ਦਾਖਲਾ ਟੈਸਟ ਪਾਸ ਕੀਤਾ ਤੇ ਮੇਰਾ ਦਾਖਲਾ ਹੋ ਗਿਆ।"

ਗੱਲਬਾਤ ਦੌਰਾਨ ਮਹਿਕ ਹੱਸਦੇ ਹੋਏ ਕਹਿੰਦੇ ਹਨ, “ਹੁਣ ਮੈਂ ਸੋਚਦੀ ਹਾਂ ਕਿ ਮੈਂ ਇੱਕ ਦਿਨ ਦੇਸ਼ ਦੀ ਰਾਸ਼ਟਰਪਤੀ ਬਣਨਾ ਹੈ, ਪਰਮਾਤਮਾ ਦੀ ਕਿਰਪਾ ਹੋਈ ਤਾਂ ਮੇਰਾ ਇਹ ਸੁਪਨਾ ਵੀ ਪੂਰਾ ਹੋ ਜਾਵੇਗਾ।"

ਕੁੜੀਆਂ ਲਈ ਏਅਰ ਫੋਰਸ ਵਿੱਚ ਜਾਣਾ ਕਿੰਨਾ ਮੁਸ਼ਕਲ

ਮਹਿਕ ਅਤੇ ਚਰਨ ਦੋਵਾਂ ਦਾ ਕਹਿਣਾ ਹੈ ਕਿ ਕੁੜੀਆਂ ਲਈ ਹੁਣ ਕੋਈ ਵੀ ਖੇਤਰ ਮੁਸ਼ਕਲ ਨਹੀਂ ਹੈ। ਬੱਸ ਤੁਹਾਡੇ ਵਿੱਚ ਅੱਗੇ ਵਧਣ ਦੀ ਲਗਨ ਹੋਣੀ ਚਾਹੀਦੀ ਹੈ। ਉਹਨਾਂ ਨੂੰ ਕਦੇ ਵੀ ਨਹੀਂ ਲੱਗਿਆ ਕਿ ਇਹ ਕੰਮ ਉਹਨਾਂ ਦਾ ਨਹੀਂ ਬਲਕਿ ਮੁੰਡਿਆਂ ਦਾ ਹੈ।

ਉਹ ਕਹਿੰਦੀਆਂ ਹਨ, ''ਹੁਣ ਸਮਾਂ ਬਦਲ ਰਿਹਾ ਹੈ।"

ਧੀਆਂ ਦੀਆਂ ਫੋਟੋਆਂ ਦੇਖ ਕੇ ਖੁਸ਼ ਹੁੰਦੇ ਮਾਪੇ

ਚਰਨਪ੍ਰੀਤ ਕੌਰ ਦੇ ਮਾਪੇ
ਤਸਵੀਰ ਕੈਪਸ਼ਨ, ਮਾਪਿਆਂ ਨੂੰ ਪਿੰਡ ਵਾਲਿਆਂ ਤੋਂ ਆਪਣੀ ਧੀ ਦੀ ਪ੍ਰਾਪਤੀ ਬਾਰੇ ਪਤਾ ਲੱਗਿਆ

ਚਰਨਪ੍ਰੀਤ ਕੌਰ ਦੇ ਮਾਤਾ ਕੁਲਵੰਤ ਕੌਰ ਦੱਸਦੇ ਹਨ,"ਮੈਨੂੰ ਮੇਰੇ ਪਿੰਡ ਵਾਲਿਆਂ ਦੇ ਹੀ ਫੋਨ ਆਏ ਸਨ ਕਿ ਤੁਹਾਡੀ ਬੇਟੀ ਦੀ ਫੋਟੋ ਸੋਸ਼ਲ ਮੀਡੀਆ ’ਤੇ ਆਈ ਹੈ, ਮੈਨੂੰ ਯਕੀਨ ਨਹੀਂ ਸੀ ਹੋ ਰਿਹਾ। ਮੈਂ ਕਿਹਾ ਮੈਨੂੰ ਫੋਟੋ ਭੇਜੋ।”

ਉਹ ਭਾਵੁਕ ਹੋ ਕੇ ਕਹਿੰਦੇ ਹਨ, "ਸਾਨੂੰ ਨਹੀਂ ਪਤਾ ਸੀ ਕਿ ਸਾਡੀ ਧੀ ਸਾਡਾ ਇੰਨਾ ਮਾਣ ਵਧਾਏਗੀ, ਉਸ ਦੀਆਂ ਫੋਟੋਆਂ ਅਖ਼ਬਾਰਾਂ ਵਿੱਚ ਲੱਗਣੀਆਂ। ਸੋਸ਼ਲ ਮੀਡੀਆ ਉੱਤੇ ਉਸ ਦੀਆਂ ਫੋਟੋਆਂ ਹੋਣਗੀਆਂ।"

ਮਹਿਕ ਦੇ ਮਾਤਾ ਮਧੂ ਬਾਲਾ ਕਹਿੰਦੇ ਹਨ, "ਜਿਸ ਦਿਨ ਐੱਫਕੈਟ ਦਾ ਨਤੀਜਾ ਆਇਆ ਤਾਂ ਸਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮਹਿਕ ਨੇ 23ਵਾਂ ਰੈਂਕ ਹਾਸਲ ਕੀਤਾ ਹੈ। ਅਸੀਂ ਵਾਰ-ਵਾਰ ਚੈੱਕ ਕਰ ਰਹੇ ਸੀ ਕਿ ਇਹ ਮਹਿਕ ਦਾ ਹੀ ਨਾਮ ਹੈ ਜਾਂ ਕਿਸੇ ਹੋਰ ਦਾ। ਲਗਾਤਾਰ ਚੈੱਕ ਕਰਨ ਤੋਂ ਬਾਅਦ ਸਾਨੂੰ ਯਕੀਨ ਆਇਆ ਕਿ ਮੇਰੀ ਬੇਟੀ ਨੇ ਆਪਣਾ ਸੁਪਨਾ ਪੂਰਾ ਕਰ ਲਿਆ ਹੈ।"

ਪੰਜਾਬ ਦੇ ਸਿਆਸਤਦਾਨਾਂ ਨੇ ਦਿੱਤੀ ਵਧਾਈ

ਚਰਨਪ੍ਰੀਤ ਅਤੇ ਮਹਿਕ ਦੀ ਇਸ ਪ੍ਰਾਪਤੀ ਉੱਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਅਕਾਲੀ ਆਗੂ ਬਿਕਰਮ ਮਜੀਠੀਆ ਅਤੇ ਐੱਮਪੀ ਹਰਸਿਮਰਤ ਬਾਦਲ ਨੇ ਵੀ ਉਨ੍ਹਾਂ ਦੇ ਪਰਿਵਾਰਾਂ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਵਧਾਈਆਂ ਦਿੱਤੀਆਂ।

ਚਰਨਪ੍ਰੀਤ ਕੌਰ ਅਤੇ ਮਹਿਕ ਦਹੀਆ ਅਗਲੇ ਸਾਲ ਜਨਵਰੀ 2025 ਤੋਂ ਏਅਰ ਫੋਰਸ ਅਕੈਡਮੀ , ਡੁੰਡੀਗਲ ਤੇਲੰਗਾਨਾ ਵਿਖੇ ਪ੍ਰੀ-ਕਮਿਸ਼ਨ ਸਿਖਲਾਈ ਸ਼ੁਰੂ ਕਰਨਗੇ।

ਇੱਕ ਸਾਲ ਦੀ ਸਿਖਲਾਈ ਤੋਂ ਬਾਅਦ ਉਹ ਭਾਰਤੀ ਏਅਰ ਫੋਰਸ ਦੇ ਅਕਾਊਂਟ ਵਿਭਾਗ ਵਿੱਚ ਕਮਿਸ਼ਨਡ ਅਫ਼ਸਰ ਦੀਆਂ ਸੇਵਾਵਾਂ ਨਿਭਾਉਣ ਲਈ ਤਿਆਰ ਹੋਣਗੇ।

ਕਿਵੇਂ ਮਿਲਦਾ ਹੈ ਮਾਈ ਭਾਗੋ ਇਨਸਟੀਟਿਊਟ ਵਿੱਚ ਦਾਖਲਾ?

ਮਾਈ ਭਾਗੋ ਇਨਸਟੀਟਿਊਟ

ਤਸਵੀਰ ਸਰੋਤ, Mahak Dehiya

ਤਸਵੀਰ ਕੈਪਸ਼ਨ, ਟਰੇਨਿੰਗ ਲੈ ਰਹੇ ਵਿਦਿਆਰਥੀਆਂ ਨੂੰ ਸਾਲਾਨਾ ਟਿਊਸ਼ਨ ਫੀਸ ਭਰਨੀ ਪੈਂਦੀ ਹੈ ਪਰ ਬਾਕੀ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ।

ਇਸ ਅਦਾਰੇ ਵਿੱਚ ਦਾਖਲੇ ਲਈ ਦਾਖਲਾ ਟੈਸਟ ਅਤੇ ਇੰਟਰਵਿਊ ਪਾਸ ਕਰਨਾ ਲਾਜ਼ਮੀ ਹੈ।

ਐੱਨਡੀਏ ਪ੍ਰੈਪਰੇਟਰੀ ਵਿੰਗ ਵਾਲੇ ਬੱਚਿਆਂ ਦਾ ਟੈਸਟ ਜਨਵਰੀ ਮਹੀਨੇ ਅਤੇ ਗ੍ਰੈਜੂਏਟ ਐਂਟਰੀ ਵਾਲਿਆਂ ਦਾ ਟੈਸਟ ਮਈ ਮਹੀਨੇ ਵਿੱਚ ਹੁੰਦਾ ਹੈ।

ਦਾਖਲਾ ਟੈਸਟ ਪਾਸ ਕਰਨ ਵਾਲੇ ਬੱਚਿਆਂ ਦੀ ਇੰਟਰਵਿਊ, ਮੈਡੀਕਲ ਟੈਸਟ ਅਤੇ ਫਿਜ਼ੀਕਲ ਟੈਸਟ ਦੇ ਆਧਾਰ ਉੱਤੇ ਮੈਰਿਟ ਲਿਸਟ ਤਿਆਰ ਕੀਤੀ ਜਾਂਦੀ ਹੈ।

ਟਰੇਨਿੰਗ ਲੈ ਰਹੇ ਵਿਦਿਆਰਥੀਆਂ ਨੂੰ ਸਾਲਾਨਾ ਟਿਊਸ਼ਨ ਫੀਸ ਭਰਨੀ ਪੈਂਦੀ ਹੈ ਪਰ ਬਾਕੀ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ।

ਅਦਾਰੇ ਦੇ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਦੱਸਿਆ,“ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਹਰ ਸਾਲ 370 ਲੜਕਿਆਂ ਦੀ ਚੋਣ ਹੁੰਦੀ ਹੈ, ਜਦੋਂਕਿ ਲੜਕੀਆਂ ਦੀ ਗਿਣਤੀ 30 ਦੇ ਕਰੀਬ ਹੀ ਹੁੰਦੀ ਹੈ। ਕੁੜੀਆਂ ਲਈ ਮੌਕੇ ਘੱਟ ਹਨ ਪਰ ਫਿਰ ਵੀ ਸਾਡੇ ਅਦਾਰੇ ਵਿੱਚੋਂ ਹਰ ਸਾਲ ਕੁੜੀਆਂ ਦੀ ਚੋਣ ਏਅਰ ਫੋਰਸ ਅਕੈਡਮੀ ਵਿੱਚ ਹੁੰਦੀ ਹੈ।”

ਉਨ੍ਹਾਂ ਦੱਸਿਆ ਕਿ ਹੁਣ ਤੱਕ ਮਾਈ ਭਾਗੋ ਇੰਸਟੀਚਿਊਟ ਦੀਆਂ 34 ਲੜਕੀਆਂ ਵੱਖ-ਵੱਖ ਆਰਮਡ ਫੋਰਸ ਅਕੈਡਮੀ ਵਿੱਚ ਜਾ ਚੁੱਕੀਆਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)