ਦਿਲ ਦੇ ਦੌਰੇ ਤੇ ਸਰਜਰੀ ਤੋਂ ਬਾਅਦ ਦਾ ਇਲਾਜ ਕਿਉਂ ਜ਼ਰੂਰੀ ਹੈ, ਭਾਰਤ ਵਿੱਚ ਇਸ ਨੂੰ ਲੈ ਕੇ ਕਿੰਨੀ ਜਾਗਰੂਕਤਾ ਹੈ

ਤਸਵੀਰ ਸਰੋਤ, Getty Images
- ਲੇਖਕ, ਤਨੀਸ਼ਾ ਚੌਹਾਨ
- ਰੋਲ, ਬੀਬੀਸੀ ਪੱਤਰਕਾਰ
'ਨੱਚਦੇ-ਨੱਚਦੇ ਕੁੜੀ ਬੇਹੋਸ਼ ਹੋ ਗਈ ਅਤੇ ਉਸ ਦੀ ਮੌਤ ਹੋ ਗਈ'
'ਜਿਮ ਵਿੱਚ ਨੌਜਵਾਨ ਅਚਾਨਕ ਟ੍ਰੈਡਮਿਲ 'ਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ'
'ਇੱਕ ਸ਼ਖ਼ਸ ਗੱਲ ਕਰਦਿਆਂ-ਕਰਦਿਆਂ ਕੁਰਸੀ ਤੋਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ'
ਅਜਿਹੀਆਂ ਕਿੰਨੀਆਂ ਹੀ ਵੀਡੀਓਜ਼ ਤੁਸੀਂ ਦੇਖੀਆਂ ਹੋਣਗੀਆਂ ਅਤੇ ਚਰਚਾ ਕੀਤੀ ਹੋਵੇਗੀ ਕਿ ਅੱਜ-ਕੱਲ੍ਹ ਤਾਂ ਹਾਰਟ ਅਟੈਕ ਆਮ ਹੋ ਗਿਆ ਹੈ, ਕਿਸੇ ਨੂੰ ਵੀ ਹੋ ਜਾਂਦਾ ਹੈ। ਪਹਿਲਾਂ 50-60 ਦੀ ਉਮਰ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਸਨ ਪਰ ਹੁਣ ਤੁਸੀਂ 20-30 ਸਾਲ ਦੇ ਸ਼ਖ਼ਸ ਨੂੰ ਹਾਰਟ ਅਟੈਕ ਆਉਣ ਬਾਰੇ ਵੀ ਆਮ ਸੁਣਿਆ ਹੋਵੇਗਾ।
ਪਰ ਦਿਲ ਦੇ ਦੌਰੇ ਨਾਲ ਸਭ ਦੀ ਮੌਤ ਨਹੀਂ ਹੁੰਦੀ, ਕਾਫੀ ਲੋਕ ਉਸ ਤੋਂ ਬਾਅਦ ਵੀ ਜਿਉਂਦੇ ਹਨ। ਪਰ ਉਨ੍ਹਾਂ ਮੁਤਾਬਕ ਜ਼ਿੰਦਗੀ ਪਹਿਲਾਂ ਵਾਂਗ ਨਹੀਂ ਰਹਿੰਦੀ।
ਅਜਿਹੇ ਵਿੱਚ ਕੀ ਕਾਰਡੀਐਕ ਰਿਹੈਬਲੀਟੇਸ਼ਨ ਪ੍ਰੋਗਰਾਮ ਕਾਰਗਰ ਸਾਬਤ ਹੋ ਸਕਦਾ ਹੈ, ਭਾਰਤ ਵਿੱਚ ਇਸ ਨੂੰ ਲੈ ਕੇ ਕਿੰਨੀ ਜਾਗਰੂਕਤਾ ਹੈ, ਭਾਰਤ ਵਿੱਚ ਇਸ ਦਾ ਬਦਲ ਕੀ ਹੋ ਸਕਦਾ ਹੈ, ਇਹ ਸਭ ਜਾਣਾਂਗੇ ਇਸ ਰਿਪੋਰਟ ਵਿੱਚ...
ਹਾਰਟ ਅਟੈਕ ਜਾਂ ਸਰਜਰੀ ਤੋਂ ਬਾਅਦ ਕਿਹੜੀਆਂ ਦਿੱਕਤਾਂ ਆਉਂਦੀਆਂ ਹਨ

ਤਸਵੀਰ ਸਰੋਤ, Getty Images
ਕਾਰਡੀਐਕ ਰਿਹੈਬਲੀਟੇਸ਼ਨ ਪ੍ਰੋਗਰਾਮ ਕੀ ਹੁੰਦਾ ਹੈ, ਇਹ ਜਾਨਣ ਤੋਂ ਪਹਿਲਾਂ ਸਮਝਦੇ ਹਾਂ ਕਿ ਵਿਅਕਤੀ ਨੂੰ ਹਾਰਟ ਅਟੈਕ ਜਾਂ ਸਰਜਰੀ ਤੋਂ ਬਾਅਦ ਕਿਹੜੀਆਂ ਦਿੱਕਤਾਂ ਆਉਂਦੀਆਂ ਹਨ।
ਹਾਰਟ ਅਟੈਕ ਮਾਈਨਰ ਹੋਵੇ ਜਾਂ ਮੇਜਰ... ਮਰੀਜ਼ ਦੀ ਜ਼ਿੰਦਗੀ ਵਿੱਚ ਇਸ ਤੋਂ ਬਾਅਦ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ।
ਯੂਕੇ ਦੀ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਦੇ ਮੁਤਾਬਕ, ਹਾਰਟ ਅਟੈਕ ਜਾਂ ਹਾਰਟ ਸਰਜਰੀ ਤੋਂ ਬਾਅਦ ਵੀ ਕਿਸੇ ਸ਼ਖਸ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਵਿੱਚ ਹੇਠਾਂ ਲਿਖੀਆਂ ਦਿੱਕਤਾਂ ਪ੍ਰਮੁੱਖ ਹਨ:
- ਅਰੀਦਮੀਆ (ਅਤਾਲਤਾ)
- ਹਾਰਟ ਫੇਲ੍ਹੀਅਰ
- ਕਾਰਡੀਓਜੈਨਿਕ ਸ਼ੌਕ
- ਹਾਰਟ ਰਪਚਰ

ਤਸਵੀਰ ਸਰੋਤ, Getty Images
ਅਰੀਦਮੀਆ – ਅਰੀਦਮੀਆ ਯਾਨਿ ਦਿਲ ਦੀ ਧੜਕਨ ਦਾ ਸਮਾਨ ਨਾ ਰਹਿਣਾ। ਕਦੇ ਦਿਲ ਤੇਜ਼ੀ ਨਾਲ ਧੜਕਦਾ ਹੈ, ਕਦੇ ਬਹੁਤ ਹੌਲੀ ਅਤੇ ਕਦੇ ਵਾਰ-ਵਾਰ ਆਪਣੀ ਰਫਤਾਰ ਨੂੰ ਬਦਲਦਾ ਹੈ। ਇਸ ਨਾਲ ਦਿਲ ਵਿੱਚ ਤੁਸੀਂ ਕੰਬ ਮਹਿਸੂਸ ਕਰ ਸਕਦੇ ਹੋ, ਸੀਨੇ ਵਿੱਚ ਦਰਦ ਹੋ ਸਕਦਾ ਹੈ, ਬੇਹੋਸ਼ੀ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ ਜਾਂ ਸਾਹ ਲੈਣ ਵਿੱਚ ਦਿੱਕਤ ਆ ਸਕਦੀ ਹੈ।
ਹਾਰਟ ਫੇਲ੍ਹੀਅਰ – ਇਹ ਉਸ ਵੇਲੇ ਹੁੰਦਾ ਹੈ ਜਦੋਂ ਤੁਹਾਡਾ ਦਿਲ ਸਰੀਰ ਦੇ ਬਾਕੀ ਹਿੱਸਿਆਂ ਵਿੱਚ ਖ਼ੂਨ ਪੰਪ ਨਹੀਂ ਕਰ ਪਾਉਂਦਾ। ਸਥਿਤੀ ਗੰਭੀਰ ਹੋਣ ਉੱਤੇ ਮੁੜ ਤੋਂ ਹਾਰਟ ਅਟੈਕ ਆਉਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਸਾਹ ਲੈਣ ਵਿੱਚ ਦਿੱਕਤ, ਕਮਜ਼ੋਰੀ, ਥਕਾਨ ਅਤੇ ਬਾਂਹ ਤੇ ਲੱਤਾਂ ਵਿੱਚ ਸੋਜ ਹੋ ਸਕਦੀ ਹੈ।
ਕਾਰਡੀਓਜੇਨਿਕ ਸ਼ੌਕ – ਇਹ ਹਾਰਟ ਫੇਲੀਅਰ ਵਰਗੀ ਸਥਿਤੀ ਹੀ ਹੁੰਦੀ ਹੈ ਪਰ ਇਹ ਜ਼ਿਆਦਾ ਗੰਭੀਰ ਹੁੰਦੀ ਹੈ। ਇਸ ਦੌਰਾਨ ਮੈਂਟਲ ਕਨਫਿਊਜ਼ਨ (ਮਾਨਸਿਕ ਉਲਝਣ), ਹੱਥਾਂ-ਪੈਰਾਂ ਦਾ ਠੰਢਾ ਹੋਣਾ, ਪੇਸ਼ਾਬ ਨਾ ਕਰ ਪਾਉਣਾ, ਦਿਲ ਦੀ ਧੜਕਨ ਦਾ ਤੇਜ਼ ਹੋਣਾ, ਚਮੜੀ ਦਾ ਪੀਲਾ ਪੈਣਾ ਜਾਂ ਸਾਹ ਵਿੱਚ ਦਿੱਕਤ ਹੋ ਸਕਦੀ ਹੈ।
ਹਾਰਟ ਰਪਚਰ – ਇਹ ਕਾਫੀ ਜ਼ਿਆਦਾ ਗੰਭੀਰ ਸਥਿਤੀ ਹੁੰਦੀ ਹੈ ਪਰ ਇਸ ਦੇ ਮਾਮਲੇ ਘੱਟ ਹਨ। ਇਹ ਉਸ ਵੇਲੇ ਹੁੰਦਾ ਹੈ ਜਦੋਂ ਤੁਹਾਡਾ ਦਿਲ ਕਾਫੀ ਹੱਦ ਤੱਕ ਡੈਮੇਜ ਹੋ ਜਾਂਦਾ ਹੈ।

ਤਾਂ ਕੀ ਜ਼ਿੰਦਗੀ ਕਦੇ ਨੌਰਮਲ ਨਹੀਂ ਹੋ ਸਕਦੀ?
ਹਾਰਟ ਅਟੈਕ ਜਾਂ ਹਾਰਟ ਸਰਜਰੀ ਤੋਂ ਬਾਅਦ ਜ਼ਿੰਦਗੀ ਨੌਰਮਲ ਹੋ ਸਕਦੀ ਹੈ ਜਾਂ ਨਹੀਂ, ਇਹ ਸਵਾਲ ਸਭ ਦੇ ਜ਼ਹਿਨ ਵਿੱਚ ਰਹਿੰਦਾ ਹੈ।
ਅਜਿਹੇ ਵਿੱਚ, ਕਾਰਡੀਐਕ ਰਿਹੈਬਲੀਟੇਸ਼ਨ ਪ੍ਰੋਗਰਾਮ ਦੀ ਚਰਚਾ ਵੀ ਹੋਣੀ ਸ਼ੁਰੂ ਹੋ ਗਈ ਹੈ।
ਆਓ ਜਾਣੀਏ ਕਿ ਇਹ ਪ੍ਰੋਗਰਾਮ ਕੀ ਹੈ ਅਤੇ ਭਾਰਤ ਵਿੱਚ ਲੋਕ ਇਸ ਬਾਬਤ ਕਿੰਨੇ ਗੰਭੀਰ ਹਨ...
ਕਾਰਡੀਐਕ ਰੀਹੈਬਲੀਟੇਸ਼ਨ ਪ੍ਰੋਗਰਾਮ ਕੀ ਹੈ?

ਤਸਵੀਰ ਸਰੋਤ, Getty Images
ਅਮਰੀਕਾ ਦੀ ਹਾਰਟ ਐਸੋਸੀਏਸ਼ਨ ਦੇ ਮੁਤਾਬਕ, ਕਾਰਡੀਐਕ ਰੀਹੈਬ ਇੱਕ ਮੈਡੀਕਲੀ ਸੁਪਰਵਾਈਜ਼ਡ ਪ੍ਰੋਗਰਾਮ ਹੈ (ਯਾਨੀ ਉਹ ਪ੍ਰੋਗਰਾਮ ਜੋ ਸਿਹਤ ਮਾਹਰਾਂ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ) ਜੋ ਕਿ ਤੁਹਾਡੇ ਦਿਲ ਦੀ ਸਿਹਤ ਨੂੰ ਮੁੜ ਤੋਂ ਬਿਹਤਰ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਹਾਰਟ ਅਟੈਕ, ਹਾਰਟ ਫੇਲ੍ਹੀਅਰ, ਐਨਜੀਓਪਲਾਸਟੀ ਜਾਂ ਹਾਰਟ ਸਰਜਰੀ ਤੋਂ ਬਾਅਦ ਅਜਿਹੇ ਪ੍ਰੋਗਰਾਮ ਤੁਹਾਡੇ ਦਿਲ ਦੀ ਸਿਹਤ ਲਈ ਕਾਫੀ ਅਹਿਮ ਹੋ ਸਕਦੇ ਹਨ।
ਇਸ ਦੇ ਤਿੰਨ ਅਹਿਮ ਹਿੱਸੇ ਹੁੰਦੇ ਹਨ –
- ਕਸਰਤ ਅਤੇ ਟ੍ਰੇਨਿੰਗ
- ਦਿਲ ਸਬੰਧੀ ਸਿਹਤਮੰਦ ਲਾਈਫਸਟਾਈਲ
- ਕਾਊਂਸਲਿੰਗ

ਤਸਵੀਰ ਸਰੋਤ, Getty Images
ਕਸਰਤ ਅਤੇ ਟ੍ਰੇਨਿੰਗ – ਸ਼ੁਰੂਆਤ ਵਿੱਚ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੇ ਲਈ ਕਸਰਤ ਕਰਨੀ ਔਖੀ ਹੋ ਰਹੀ ਹੈ। ਤੁਸੀਂ ਬਹੁਤ ਜਲਦੀ ਥਕਾਨ ਮਹਿਸੂਸ ਕਰੋਗੇ। ਪਰ ਪ੍ਰੋਫੈਸ਼ਨਲ ਟ੍ਰੇਨਿੰਗ ਦੇ ਨਾਲ ਤੁਸੀਂ ਹੌਲੀ-ਹੌਲੀ ਇਸ ਵਿੱਚ ਇਜ਼ਾਫ਼ਾ ਕਰਦੇ ਹੋ। ਤੁਹਾਡਾ ਦਿਲ ਸਿਹਤਮੰਦ ਤਰੀਕੇ ਨਾਲ ਪੰਪ ਕਰਨਾ ਸ਼ੁਰੂ ਕਰਦਾ ਹੈ ਅਤੇ ਤੁਹਾਡਾ ਕਾਰਡੀਓਵਸਕੁਲਰ ਸਿਸਟਮ ਚੰਗੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਤੁਸੀਂ ਹੌਲੀ-ਹੌਲੀ ਸਿਖਦੇ ਹੋ ਕਿ ਤੁਸੀਂ ਆਪਣੇ ਸਿਹਤ ਦੇ ਮੁਤਾਬਕ ਕਸਰਤ ਕਿਵੇਂ ਕਰਨੀ ਹੈ।
ਦਿਲ ਸਬੰਧੀ ਸਿਹਤਮੰਦ ਲਾਈਫਸਟਾਈਲ – ਕਾਰਡੀਐਕ ਰੀਹੈਬ ਦਾ ਸਭ ਤੋਂ ਅਹਿਮ ਪੜਾਅ ਆਪਣੇ ਆਪ ਨੂੰ ਸਿੱਖਿਅਤ ਕਰਨਾ ਹੈ। ਤੁਸੀਂ ਕਿਵੇਂ ਆਪਣੇ ਦਿਲ ਲਈ ਜੋਖਮ ਨੂੰ ਘਟਾ ਸਕਦੇ ਹੋ ਅਤੇ ਕਿਵੇਂ ਆਪਣਾ ਧਿਆਨ ਰੱਖ ਸਕਦੇ ਹੋ, ਇਹ ਸਮਝਣਾ ਜ਼ਰੂਰੀ ਹੈ। ਇਸ ਤਹਿਤ ਮਾਹਰਾਂ ਦੀ ਨਿਗਰਾਨੀ ਹੇਠ ਡਾਈਟ ਤਿਆਰ ਕੀਤਾ ਜਾਂਦੀ ਹੈ ਅਤੇ ਉਸ ਅਨੁਸਾਰ ਚੱਲਣਾ ਪੈਂਦਾ ਹੈ। ਸਿਗਰਟਨੋਸ਼ੀ ਛੱਡਣੀ ਪੈਂਦੀ ਹੈ। ਅਲਕੋਹਲ (ਸ਼ਰਾਬ) ਦਾ ਕਿੰਨਾ ਸੇਵਨ ਕੀਤਾ ਜਾ ਸਕਦਾ ਹੈ, ਇਸ ਬਾਰੇ ਆਪਣੇ ਡਾਕਟਰ ਤੋਂ ਰਾਇ ਲੈਣੀ ਪੈਂਦੀ ਹੈ।
ਕਾਊਂਸਲਿੰਗ – ਇਸ ਰੀਹੈਬ ਪ੍ਰੋਗਰਾਮ ਦਾ ਬਹੁਤ ਅਹਿਮ ਪੜਾਅ ਕਾਊਂਸਲਿੰਗ ਹੈ। ਅਕਸਰ ਹੀ ਮਰੀਜ਼ ਹਾਰਟ ਅਟੈਕ ਜਾਂ ਸਰਜਰੀ ਤੋਂ ਬਾਅਦ ਤਣਾਅ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਖ਼ੁਦ ਹੀ ਅਜਿਹੀਆਂ ਕਈ ਧਾਰਨਾਵਾਂ ਬਣਾ ਲੈਂਦਾ ਹੈ ਕਿ ਸ਼ਾਇਦ ਉਸ ਕੋਲੋਂ ਹੁਣ ਕਈ ਕੰਮ ਨਹੀਂ ਹੋ ਪਾਉਣਗੇ।
ਅਜਿਹੇ ਵਿੱਚ ਮਾਹਰਾਂ ਦੀ ਕਾਊਂਸਲਿੰਗ ਕਾਫੀ ਕੰਮ ਆਉਂਦੀ ਹੈ। ਇਸ ਤੋਂ ਇਲਾਵਾ ਮਰੀਜ਼ ਨੂੰ ਇਸ ਪ੍ਰਤੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹ ਅਜਿਹੇ ਕਿਹੜੇ ਲੱਛਣਾਂ ਬਾਰੇ ਸੁਚੇਤ ਰਹੇ ਅਤੇ ਅਜਿਹੀ ਸਥਿਤੀ ਆਉਣ ਉੱਤੇ ਉਹ ਕਿਵੇਂ ਤੁਰੰਤ ਐਕਸ਼ਨ ਲੈ ਸਕਦਾ ਹੈ। ਮਰੀਜ਼ ਦੇ ਆਤਮਵਿਸ਼ਵਾਸ ਨੂੰ ਮੁੜ ਬਣਾਉਣ ਵਿੱਚ ਕਾਊਂਸਲਿੰਗ ਕਾਫੀ ਅਹਿਮ ਭੁਮਿਕਾ ਨਿਭਾਉਂਦੀ ਹੈ।
ਭਾਰਤ ਵਿੱਚ ਇਸ ਪ੍ਰੋਗਰਾਮ ਬਾਰੇ ਕਿੰਨੀ ਜਾਗਰੂਕਤਾ?

ਤਸਵੀਰ ਸਰੋਤ, Getty Images
ਹੁਣ ਸਵਾਲ ਇਹ ਉੱਠਦਾ ਹੈ ਕਿ ਭਾਰਤ ਵਿੱਚ ਇਸ ਪ੍ਰੋਗਰਾਮ ਬਾਰੇ ਕਿੰਨੀ ਜਾਗਰੁਕਤਾ ਹੈ।
ਇਸ ਬਾਬਤ ਅਸੀਂ ਡੀਐੱਮਸੀ ਲੁਧਿਆਣਾ ਦੇ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਬਿਸ਼ਵ ਮੋਹਨ ਨਾਲ ਗੱਲਬਾਤ ਕੀਤੀ।
ਬੀਬੀਸੀ ਨਿਊਜ਼ ਪੰਜਾਬੀ ਨਾਲ ਗੱਲਬਾਤ ਕਰਦਿਆਂ ਡਾਕਟਰ ਬਿਸ਼ਵ ਮੋਹਨ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਪੋਸਟ ਰੀਹੈਬਲੀਟੇਸ਼ਨ ਬਹੁਤ ਅਹਿਮ ਹੋ ਜਾਂਦੀ ਹੈ। ਪਰ ਇਸ ਬਾਰੇ ਜਾਗਰੂਕਤਾ ਦੀ ਵੀ ਕਮੀ ਹੈ ਅਤੇ ਜ਼ਿਆਦਾਤਰ ਲੋਕਾਂ ਲਈ ਇਸ ਉੱਤੇ ਖਰਚ ਪਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਵਿੱਚ 95 ਫ਼ੀਸਦ ਦਿਲ ਦੇ ਮਰੀਜ਼ ਜਾਗਰੂਕਤਾ ਦੀ ਘਾਟ, ਪੈਸਿਆਂ ਦੀ ਕਮੀ ਅਤੇ ਸਾਧਨਾਂ ਦੀ ਕਮੀ ਕਰਕੇ ਕਰ ਇਸ ਪ੍ਰੋਗਰਾਮ ਦਾ ਹਿੱਸਾ ਨਹੀਂ ਬਣ ਪਾਉਂਦੇ।
ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਾਰਡੀਐਕ ਰੀਹੈਬਲੀਟੇਸ਼ਨ ਪ੍ਰੋਗਰਾਮ ਤੁਹਾਡੇ ਇਲਾਜ ਵਿੱਚ ਅਹਿਮ ਭੁਮਿਕਾ ਨਿਭਾਉਂਦਾ ਹੈ। ਇਸ ਨਾਲ ਤੁਹਾਡੇ ਉੱਤੇ ਦਵਾਈਆਂ ਬਿਹਤਰ ਤਰੀਕੇ ਨਾਲ ਅਸਰ ਕਰਦੀਆਂ ਹਨ ਅਤੇ ਦੁਬਾਰਾ ਦਿਲ ਦਾ ਦੌਰਾ ਪੈਣ ਦਾ ਖਤਰਾ ਕਾਫੀ ਘਟ ਜਾਂਦਾ ਹੈ ਅਤੇ ਤੁਸੀਂ ਇੱਕ ਸਿਹਤਮੰਦ ਜ਼ਿੰਦਗੀ ਜੀਅ ਪਾਉਂਦੇ ਹੋ।
ਡਾਕਟਰ ਬਿਸ਼ਵ ਮੋਹਨ ਨੇ ਇੰਡੀਅਨ ਮੈਡੀਕਲ ਕਾਊਂਸਿਲ ਨਾਲ ਮਿਲ ਕੇ ਇਸ ਮੁੱਦੇ ਉੱਤੇ ਕਾਫੀ ਕੰਮ ਕੀਤਾ ਹੈ। ਉਹ ਕਹਿੰਦੇ ਹਨ ਕਿ ਭਾਰਤ ਵਿੱਚ ਫਿਲਹਾਲ ਇਸ ਨੂੰ ਲਾਗੂ ਕਰ ਪਾਉਣਾ ਕਾਫੀ ਔਖਾ ਹੈ, ਕਿਉਂਕਿ ਇੱਥੇ ਇਹ ਰੀਹੈਬ ਹੈਲਥ ਇੰਸ਼ੋਰੈਂਸ ਵਿੱਚ ਕਵਰ ਨਹੀਂ ਹੁੰਦਾ। ਇੱਥੇ ਹਾਲੇ ਸਾਧਨਾਂ ਦੀ ਵੀ ਕਾਫੀ ਕਮੀ ਹੈ। ਇਸ ਤੋਂ ਇਲਾਵਾ ਸਪੈਸ਼ਲਾਈਜ਼ਡ ਐਕਸਪਰਟਸ ਦੀ ਵੀ ਕਮੀ ਹੈ।
ਇਸ ਲਈ ਇੰਡੀਅਨ ਮੈਡੀਕਲ ਸਾਈਸਿੰਜ਼ ਨਾਲ ਮਿਲ ਕੇ ਉਨ੍ਹਾਂ ਨੇ ਯੋਗਾ ਰੀਹੈਬਲੀਟੇਸ਼ਨ ਬਾਰੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੈ।
ਉਹ ਕਹਿੰਦੇ ਹਨ ਕਿ ਕਾਊਂਸਿਲ ਨੇ ਕਾਰਡੀਐਕ ਰੀਹੈਬਲੀਟੇਸ਼ਨ ਅਤੇ ਯੋਗਾ ਰੀਹੈਬ ਦੇ ਨਤੀਜਿਆਂ ਦੀ ਤੁਲਨਾ ਕੀਤੀ ਹੈ ਅਤੇ ਇਹ ਕਾਫੀ ਹੱਦ ਤੱਕ ਬਰਾਬਰ ਹਨ। ਇਸ ਲਈ ਜਿਨ੍ਹਾਂ ਲਈ ਪੂਰੇ ਪ੍ਰੋਗਰਾਮ ਨੂੰ ਕਰ ਪਾਉਣਾ ਔਖਾ ਹੈ, ਉਨ੍ਹਾਂ ਲਈ ਯੋਗਾ ਰੀਹੈਬ ਵੀ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਯੋਗਾ ਰੀਹੈਬ ਯਾਨਿ ਯੋਗ ਦੇ ਜ਼ਰੀਏ ਆਪਣੀ ਸਿਹਤ ਨੂੰ ਮੁੜ ਲੀਹ ਉੱਤੇ ਲਿਆਉਣਾ ਅਤੇ ਇਸ ਲਈ ਮਾਹਰਾਂ ਦੀ ਨਿਗਰਾਨੀ ਅਹਿਮ ਹੁੰਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












