ਨਹੁੰਆਂ ਦੇ ਰੰਗ ਅਤੇ ਆਕਾਰ ਵਿੱਚ ਬਦਲਾਅ ਇਨ੍ਹਾਂ 5 ਗੰਭੀਰ ਬਿਮਾਰੀਆਂ ਦੇ ਸੰਕੇਤ ਹੋ ਸਕਦੇ ਹਨ

ਨਹੁੰਆਂ ਤੋਂ ਮਿਲਦੇ ਹਨ ਬਿਮਾਰੀਆਂ ਦੇ ਸੰਕੇਤ

ਤਸਵੀਰ ਸਰੋਤ, Getty Images

    • ਲੇਖਕ, ਉਪਾਸਨਾ
    • ਰੋਲ, ਬੀਬੀਸੀ ਪੱਤਰਕਾਰ

ਹੱਥਾਂ ਦੀ ਸੁੰਦਰਤਾ ਵਧਾਉਣ ਵਾਲੇ ਨਹੁੰਆਂ ਨੂੰ 'ਮ੍ਰਿਤ ਸੈੱਲ ਜਾਂ ਡੈੱਡ ਸੈੱਲ' ਕਿਹਾ ਜਾਂਦਾ ਹੈ। ਭਾਵ ਅਜਿਹੀਆਂ ਕੋਸ਼ਿਕਾਵਾਂ ਜਿਨ੍ਹਾਂ ਵਿੱਚ ਕੋਈ ਜੀਵਨ ਨਹੀਂ ਹੁੰਦਾ। ਪਰ ਇਹ ਬੇਜਾਨ ਨਹੁੰ ਤੁਹਾਡੀ ਸਿਹਤ ਬਾਰੇ ਬਹੁਤ ਕੁਝ ਦੱਸ ਸਕਦੇ ਹਨ।

ਕਲੀਨੀਕਲ ਡਰਮਾਟੋਲੋਜੀ ਰਿਵਿਊ ਦੀ ਇੱਕ ਖੋਜ ਰਿਪੋਰਟ ਦੱਸਦੀ ਹੈ ਕਿ ਦਿਲ ਅਤੇ ਗੁਰਦੇ ਸਮੇਤ ਕਈ ਅੰਗਾਂ ਨਾਲ ਸਬੰਧਤ ਬਿਮਾਰੀਆਂ ਦਾ ਪਤਾ ਨਹੁੰਆਂ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ।

ਕਲੀਨੀਕਲ ਡਰਮਾਟੋਲੋਜੀ ਰਿਵਿਊ ਨੇ ਕਰਨਾਟਕ ਮੈਡੀਕਲ ਕਾਲਜ ਅਤੇ ਰਿਸਰਚ ਇੰਸਟੀਚਿਊਟ ਦੇ 272 ਮਰੀਜ਼ਾਂ 'ਤੇ ਇਸ ਬਾਰੇ ਇੱਕ ਅਧਿਐਨ ਕੀਤਾ ਹੈ।

ਇਸ ਅਧਿਐਨ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਨਹੁੰਆਂ ਵਿੱਚ ਬਦਲਾਅ ਦੀ ਨਿਗਰਾਨੀ ਕੀਤੀ ਗਈ।

ਇਸ ਖੋਜ ਵਿੱਚ ਸ਼ਾਮਲ ਮਰੀਜ਼ਾਂ ਵਿੱਚੋਂ, 26 ਫੀਸਦੀ ਮਰੀਜ਼ਾਂ ਨੂੰ ਸਾਹ ਦੀਆਂ ਸਮੱਸਿਆਵਾਂ ਸਨ। 21 ਫੀਸਦੀ ਨੂੰ ਖੂਨ, 17 ਫੀਸਦੀ ਨੂੰ ਜਿਗਰ ਅਤੇ ਗੈਸਟਰੋਇੰਟੇਸਟਾਈਨਲ ਟ੍ਰੈਕਟ (ਜੀਆਈਟੀ) ਦੀ ਬਿਮਾਰੀ ਸੀ। ਜਦਕਿ 12 ਫੀਸਦੀ ਮਰੀਜ਼ਾਂ ਨੂੰ ਦਿਲ ਅਤੇ ਗੁਰਦੇ ਦੀਆਂ ਸਮੱਸਿਆਵਾਂ ਸਨ।

ਭਾਵ ਇਹ ਹੈ ਕਿ ਇਸ ਖੋਜ ਵਿੱਚ ਇਹ ਦੇਖਿਆ ਗਿਆ ਕਿ ਸਾਹ ਪ੍ਰਣਾਲੀ ਦੇ ਵਿਗੜਨ ਦੀ ਸਥਿਤੀ ਵਿੱਚ, ਸਭ ਤੋਂ ਵੱਧ ਪ੍ਰਭਾਵ ਵਿਅਕਤੀ ਦੇ ਨਹੁੰਆਂ 'ਤੇ ਦੇਖਿਆ ਜਾਂਦਾ ਹੈ। ਇਸੇ ਤਰ੍ਹਾਂ, ਜੇਕਰ ਸਰੀਰ ਵਿੱਚ ਖੂਨ ਨਾਲ ਸਬੰਧਤ ਕੋਈ ਬਿਮਾਰੀ ਹੈ, ਜਾਂ ਲਿਵਰ, ਗੈਸਟਰੋ, ਦਿਲ ਅਤੇ ਗੁਰਦੇ ਨਾਲ ਸਬੰਧਤ ਕੋਈ ਬਿਮਾਰੀ ਹੈ ਤਾਂ ਨਹੁੰਆਂ ਵਿੱਚ ਬਦਲਾਅ ਦਿਖਾਈ ਦੇਣ ਲੱਗ ਪੈਂਦੇ ਹਨ।

ਕੁੱਲ ਮਿਲਾ ਕੇ ਜੇਕਰ ਨਹੁੰਆਂ ਵਿੱਚ ਕੋਈ ਨਵੀਂ ਤਬਦੀਲੀ ਨਜ਼ਰ ਆਉਂਦੀ ਹੈ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਆਓ ਹੁਣ ਜਾਣਦੇ ਹਾਂ ਕਿ ਨਹੁੰਆਂ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਨੂੰ ਖ਼ਤਰੇ ਦੀ ਨਿਸ਼ਾਨੀ ਮੰਨਿਆ ਜਾ ਸਕਦਾ ਹੈ।

ਨਹੁੰਆਂ ਵਿੱਚ ਕਿਹੜੇ ਬਦਲਾਅ ਨਜ਼ਰ ਆਏ

ਨਹੁੰਆਂ ਤੋਂ ਮਿਲਦੇ ਹਨ ਬਿਮਾਰੀਆਂ ਦੇ ਸੰਕੇਤ

ਤਸਵੀਰ ਸਰੋਤ, Getty Images

ਹੱਥਾਂ ਅਤੇ ਪੈਰਾਂ ਦੇ ਨਹੁੰ ਇਸਦੇ ਹੇਠਾਂ ਦੀ ਚਮੜੀ ਨੂੰ ਸੱਟ ਤੋਂ ਬਚਾਉਂਦੇ ਹਨ। ਇਸ ਤੋਂ ਇਲਾਵਾ, ਨਹੁੰ ਸਰੀਰ ਨੂੰ ਖੁਰਕਣ ਅਤੇ ਕਈ ਚੀਜ਼ਾਂ ਨੂੰ ਛਿੱਲਣ ਵਿੱਚ ਵੀ ਸਾਡੀ ਮਦਦ ਕਰਦੇ ਹਨ।

ਪਰ ਕਲੀਨਿਕਲ ਡਰਮਾਟੋਲੋਜੀ ਰਿਵਿਊ ਦੀ ਖੋਜ ਵਿੱਚ ਨਹੁੰਆਂ ਦੇ ਰੰਗ ਅਤੇ ਬਦਲਦੇ ਆਕਾਰ ਨੂੰ ਕਈ ਬਿਮਾਰੀਆਂ ਨਾਲ ਜੋੜ ਕੇ ਦੇਖਿਆ ਗਿਆ ਹੈ।

ਇਸ ਖੋਜ ਵਿੱਚ ਮੁੱਖ ਰੂਪ ਨਾਲ ਨਹੁੰਆਂ ਵਿੱਚ ਸੋਜ (ਕਲੱਬਿੰਗ), ਲੰਬੀਆਂ ਧਾਰੀਆਂ ਵਾਲੀਆਂ ਲਾਈਨਾਂ (ਲਾਂਗੀਟਿਊਡਨਲ ਰੀਜਿੰਗ), ਨਹੁੰਆਂ ਦਾ ਪੀਲਾ ਹੋਣਾ, ਰੰਗੀਨ ਹੋਣਾ ਅਤੇ ਨਹੁੰਆਂ ਦਾ ਚਪਟਾ ਹੋਣਾ ਵਰਗੇ ਕਈ ਲੱਛਣ ਨੋਟ ਕੀਤੇ ਗਏ।

ਕਈ ਵਾਰ ਨਹੁੰਆਂ ਵਿੱਚ ਇੱਕੋ ਸਮੇਂ ਇੱਕ ਤੋਂ ਵੱਧ ਲੱਛਣ ਦੇਖੇ ਜਾ ਸਕਦੇ ਹਨ।

ਦਿਲ ਦੀ ਬਿਮਾਰੀ ਅਤੇ ਨਹੁੰਆਂ ਵਿੱਚ ਬਦਲਾਅ

ਨਹੁੰਆਂ ਤੋਂ ਮਿਲਦੇ ਹਨ ਬਿਮਾਰੀਆਂ ਦੇ ਸੰਕੇਤ

ਤਸਵੀਰ ਸਰੋਤ, Getty Images

ਖੋਜ ਦੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਦਿਲ ਦੀ ਬਿਮਾਰੀ ਵਾਲੇ ਮਰੀਜ਼ਾਂ ਦੇ ਨਹੁੰਆਂ ਵਿੱਚ ਕਲੱਬਿੰਗ (ਨਹੁੰਆਂ ਦਾ ਕਰਵਡ ਹੋਣਾ ਅਤੇ ਹੇਠਾਂ ਵੱਲ ਮੁੜਨਾ) ਅਤੇ ਲੰਬੀਆਂ ਲਕੀਰਾਂ ਵਰਗੇ ਲੱਛਣ ਦੇਖੇ ਗਏ ਹਨ।

ਮੈਟਰੋ ਗਰੁੱਪ ਆਫ਼ ਹਾਸਪਿਟਲਜ਼ ਦੇ ਕਾਰਡੀਓਲੋਜੀ ਵਿਭਾਗ ਦੇ ਮੁਖੀ ਡਾਕਟਰ ਸਮੀਰ ਗੁਪਤਾ ਕਹਿੰਦੇ ਹਨ, "ਮਨੁੱਖੀ ਨਹੁੰ ਆਮ ਤੌਰ 'ਤੇ ਥੋੜ੍ਹੇ ਜਿਹੇ ਗੁਲਾਬੀ ਹੁੰਦੇ ਹਨ। ਜੇਕਰ ਇਨ੍ਹਾਂ ਦਾ ਰੰਗ ਹਲਕਾ ਪੈ ਜਾਂਦਾ ਹੈ ਤਾਂ ਇਹ ਸਰੀਰ ਵਿੱਚ ਖੂਨ ਦੀ ਕਮੀ ਨੂੰ ਦਰਸਾਉਂਦਾ ਹੈ।"

"ਇਸੇ ਤਰ੍ਹਾਂ, ਜੇਕਰ ਨਹੁੰ ਨੀਲਾ ਹੋ ਜਾਣ ਤਾਂ ਇਹ ਸਾਇਨੋਸਿਸ ਬਿਮਾਰੀ ਨੂੰ ਦਰਸਾਉਂਦਾ ਹੈ, ਜੋ ਸਰੀਰ ਵਿੱਚ ਆਕਸੀਜਨ ਦੀ ਕਮੀ ਦਾ ਸੰਕੇਤ ਹੁੰਦਾ ਹੈ ਅਤੇ ਇਹ ਦਿਲ ਜਾਂ ਫੇਫੜਿਆਂ ਨਾਲ ਸਬੰਧਤ ਕਿਸੇ ਵੀ ਬਿਮਾਰੀ ਕਾਰਨ ਹੋ ਸਕਦਾ ਹੈ। ਇਹ ਜਾਣਨ ਲਈ ਕਿ ਇਹ ਬਿਮਾਰੀ ਕੀ ਹੈ, ਵਿਸ਼ੇਸ਼ ਟੈਸਟ ਕੀਤੇ ਜਾਂਦੇ ਹਨ।"

ਸਾਇਨੋਸਿਸ, ਯਾਨੀ ਕਿ ਨਹੁੰਆਂ ਦਾ ਨੀਲਾ ਰੰਗ, ਹਾਈਪੌਕਸਿਆ, ਦਮਾ, ਪਲਮੋਨਰੀ ਹਾਈਪਰਟੈਨਸ਼ਨ ਦੀ ਸੰਭਾਵਨਾ ਨੂੰ ਵੀ ਦਰਸਾਉਂਦਾ ਹੈ।

ਫੇਫੜਿਆਂ ਦੀ ਬਿਮਾਰੀ

ਨਹੁੰਆਂ ਤੋਂ ਮਿਲਦੇ ਹਨ ਬਿਮਾਰੀਆਂ ਦੇ ਸੰਕੇਤ

ਤਸਵੀਰ ਸਰੋਤ, Getty Images

ਸਾਹ ਪ੍ਰਣਾਲੀ ਨਾਲ ਸਬੰਧਤ ਬਿਮਾਰੀਆਂ ਵਾਲੇ ਮਰੀਜ਼ਾਂ ਵਿੱਚ ਕਲੱਬਿੰਗ ਸਭ ਤੋਂ ਪ੍ਰਮੁੱਖ ਲੱਛਣ ਸੀ। ਉਸ ਤੋਂ ਬਾਅਦ, ਲੰਬੀਆਂ ਧਾਰੀਦਾਰ ਲਾਈਨਾਂ, ਨਹੁੰਆਂ ਦਾ ਟੁੱਟਣਾ, ਰੰਗ ਬਦਲਣਾ ਵੀ ਦੇਖਿਆ ਗਿਆ ਹੈ। ਯਾਨੀ ਜੇਕਰ ਕਿਸੇ ਨੂੰ ਨਹੁੰਆਂ ਵਿੱਚ ਇਹ ਲੱਛਣ ਦਿਖਾਈ ਦੇ ਰਹੇ ਹਨ ਤਾਂ ਉਸਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਗ੍ਰੇਟਰ ਨੋਇਡਾ ਦੇ ਸਰਕਾਰੀ ਮੈਡੀਕਲ ਸਾਇੰਸਜ਼ ਇੰਸਟੀਚਿਊਟ ਵਿੱਚ ਪਲਮੋਨਰੀ ਮੈਡੀਸਨ ਵਿਭਾਗ ਦੀ ਮੁਖੀ ਡਾਕਟਰ ਰਸ਼ਮੀ ਉਪਾਧਿਆਏ ਨੇ ਦੱਸਿਆ ਕਿ ਫੇਫੜਿਆਂ ਨਾਲ ਸਬੰਧਤ ਬਿਮਾਰੀਆਂ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਲੱਛਣਾਂ ਵਜੋਂ ਦਿਖਾਈ ਦੇਣ ਲੱਗਦੀਆਂ ਹਨ।

ਉਨ੍ਹਾਂ ਮੁਤਾਬਕ, "ਜਿਵੇਂ - ਚਮੜੀ ਦਾ ਰੰਗ ਹਲਕਾ ਹੋ ਜਾਣਾ। ਇਸ ਵਿੱਚ, ਚਮੜੀ ਪਤਲੀ ਅਤੇ ਚਮਕਦਾਰ ਹੋ ਜਾਂਦੀ ਹੈ। ਨਹੁੰਆਂ ਵਿੱਚ ਵੀ ਕਈ ਲੱਛਣ ਦਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਅਸੀਂ ਅੰਦਾਜ਼ਾ ਲਗਾਉਂਦੇ ਹਾਂ ਕਿ ਫੇਫੜਿਆਂ ਵਿੱਚ ਕੁਝ ਗੜਬੜ ਹੈ।"

ਇਹ ਵੀ ਪੜ੍ਹੋ-

ਨਹੁੰਆਂ ਨਾਲ ਸਬੰਧਤ ਪਹਿਲਾ ਲੱਛਣ ਕਲੱਬਿੰਗ ਹੈ।

ਉਹ ਕਹਿੰਦੇ ਹਨ ਕਿ "ਹਾਲ ਹੀ ਵਿੱਚ, ਫੇਫੜਿਆਂ ਸਬੰਧੀ ਫਾਈਬਰੋਸਿਸ (ਜੋ ਫੇਫੜਿਆਂ ਦੇ ਟਿਸ਼ੂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸਾਹ ਲੈਣ ਵਿੱਚ ਮੁਸ਼ਕਲ ਦਾ ਕਾਰਨ ਬਣਦਾ ਹੈ) ਦੇ ਮਾਮਲੇ ਵਧ ਰਹੇ ਹਨ। ਲੰਬੇ ਸਮੇਂ ਤੱਕ ਖੂਨ ਵਿੱਚ ਆਕਸੀਜਨ ਦੀ ਘਾਟ ਕਾਰਨ ਨਹੁੰਆਂ ਤੱਕ ਪਹੁੰਚਣ ਵਾਲੀਆਂ ਖੂਨ ਦੀਆਂ ਨਾੜੀਆਂ ਪਤਲੀਆਂ ਹੋ ਜਾਂਦੀਆਂ ਹਨ। ਇਸ ਲਈ ਨਹੁੰਆਂ ਵਿੱਚ ਕਲੱਬਿੰਗ ਦਿਖਾਈ ਦੇਣ ਲੱਗ ਪੈਂਦੀ ਹੈ।"

ਇਸ ਤੋਂ ਇਲਾਵਾ, ਯੈਲੋ ਨੇਲ ਸਿੰਡਰੋਮ ਵਿੱਚ ਨਹੁੰ ਮੋਟੇ ਅਤੇ ਪੀਲੇ ਰੰਗ ਦੇ ਦਿਖਾਈ ਦੇਣ ਲੱਗ ਪੈਂਦੇ ਹਨ। ਨਹੁੰਆਂ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਸੋਜ ਦਿਖਾਈ ਦੇਣ ਲੱਗ ਪੈਂਦੀ ਹੈ। ਇਹ ਸਿੰਡਰੋਮ ਬ੍ਰੌਨਕਾਈਟਿਸ, ਫੇਫੜਿਆਂ ਦੇ ਫੋੜੇ ਅਤੇ ਚਾਈਲੋਥੋਰੈਕਸ ਦਾ ਸੰਕੇਤ ਹੋ ਸਕਦੇ ਹਨ। ਇਹ ਸਾਰੀਆਂ ਫੇਫੜਿਆਂ ਨਾਲ ਸਬੰਧਤ ਸਮੱਸਿਆਵਾਂ ਹਨ।

ਨਹੁੰਆਂ ਨੂੰ ਦੇਖ ਕੇ ਗੈਸਟਰੋ ਜਾਂ ਜਿਗਰ ਦੀ ਸਮੱਸਿਆ ਦਾ ਪਤਾ ਲਗਾਉਣਾ

ਇਸੇ ਤਰ੍ਹਾਂ, ਕਲੀਨਿਕਲ ਡਰਮਾਟੋਲੋਜੀ ਰਿਵਿਊ ਦੁਆਰਾ ਕੀਤੀ ਗਈ ਇੱਕ ਖੋਜ ਵਿੱਚ ਗੈਸਟ੍ਰਿਕ ਅਤੇ ਜਿਗਰ ਦੇ 46 ਮਰੀਜ਼ਾਂ ਵਿੱਚ ਪੀਲੇ ਨਹੁੰ, ਲੰਬੀਆਂ ਧਾਰੀਆਂ ਵਾਲੀਆਂ ਲਾਈਨਾਂ, ਕਲੱਬਿੰਗ ਅਤੇ ਟੈਰੀਜ਼ ਨਹੁੰ (ਨਹੁੰ ਦੇ ਹੇਠਾਂ ਵਾਲਾ ਹਿੱਸਾ ਚਿੱਟਾ ਹੋ ਜਾਂਦਾ ਹੈ) ਦੇ ਸਭ ਤੋਂ ਵੱਧ ਲੱਛਣ ਦੇਖੇ ਗਏ। ਸਭ ਤੋਂ ਪ੍ਰਭਾਵੀ ਲੱਛਣ ਟੈਰੀਜ਼ ਨੇਲ ਰਹੇ।

ਡਾਕਟਰ ਸਮੀਰ ਗੁਪਤਾ ਦੇ ਅਨੁਸਾਰ, ਕਲੱਬਿੰਗ ਨੇਲ, ਜੋ ਥੋੜ੍ਹੇ ਜਿਹੇ ਮੁੜੇ ਹੋਏ ਅਤੇ ਹੇਠਾਂ ਵੱਲ ਝੁਕੇ ਹੋਏ ਹੁੰਦੇ ਹਨ, ਕਿਸੇ ਪੁਰਾਣੀ ਬਿਮਾਰੀ ਨੂੰ ਦਰਸਾਉਂਦੇ ਹਨ।

ਨਹੁੰ ਤੋਂ ਮਿਲਦੇ ਹਨ ਗੁਰਦੇ ਨਾਲ ਸਬੰਧਤ ਬਿਮਾਰੀਆਂ ਦੇ ਸੰਕੇਤ

ਨਹੁੰਆਂ ਤੋਂ ਮਿਲਦੇ ਹਨ ਬਿਮਾਰੀਆਂ ਦੇ ਸੰਕੇਤ

ਤਸਵੀਰ ਸਰੋਤ, Getty Images

ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਗੁਰਦੇ ਦੀ ਬਿਮਾਰੀ ਵਾਲੇ ਮਰੀਜ਼ਾਂ ਵਿੱਚ ਦੇਖੇ ਜਾਣ ਵਾਲੇ ਸਭ ਤੋਂ ਆਮ ਲੱਛਣ ਪੀਲੇ ਨਹੁੰ, ਲੰਬੀਆਂ ਲਕੀਰਾਂ, ਹਾਫ਼ ਐਂਡ ਹਾਫ਼ ਨੇਲ, ਆਬਲੀਟੇਰੇਡ ਲੂਨੁਲਾ (ਭਾਵ ਨਹੁੰ ਦੇ ਨਿਚਲੇ ਹਿੱਸੇ 'ਤੇ ਮੌਜੂਦ ਅੱਧੇ-ਚੰਦ ਵਰਗੇ ਆਕਾਰ ਦਾ ਗਾਇਬ ਹੋਣਾ) ਅਤੇ ਬ੍ਰਿਟਲ ਨੇਲ (ਸੁੱਕੇ ਅਤੇ ਭੁਰਭੁਰੇ ਨਹੁੰ) ਦੇਖੇ ਗਏ ਹਨ।

ਗਾਜ਼ੀਆਬਾਦ ਦੇ ਯਸ਼ੋਦਾ ਹਸਪਤਾਲ 'ਚ ਗੁਰਦੇ ਦੇ ਮਾਹਰ ਡਾਕਟਰ ਪ੍ਰਜੀਤ ਮਜੂਮਦਾਰ ਕਹਿੰਦੇ ਹਨ, "ਲੰਬੇ ਸਮੇਂ ਦੀ ਗੁਰਦੇ ਦੀ ਬਿਮਾਰੀ ਵਾਲੇ ਮਰੀਜ਼ਾਂ ਵਿੱਚ ਹਾਫ਼ ਐਂਡ ਹਾਫ਼ ਨੇਲ ਸਭ ਤੋਂ ਆਮ ਲੱਛਣ ਹਨ।"

'ਹਾਫ਼ ਐਂਡ ਹਾਫ਼ ਨੇਲ' ਦਾ ਅਰਥ ਹੈ ਕਿ ਨਹੁੰ ਦਾ ਅੱਧਾ ਹਿੱਸਾ, ਬਾਕੀ ਦੇ ਹਿੱਸੇ ਨਾਲੋਂ ਵੱਖਰਾ ਨਜ਼ਰ ਆਉਂਦਾ ਹੈ।

ਹਾਲਾਂਕਿ, ਕਈ ਵਾਰ ਸੱਟ ਲੱਗਣ ਜਾਂ ਨਹੁੰਆਂ ਦੀ ਸੁੰਦਰਤਾ ਵਧਾਉਣ ਲਈ ਕੀਤੇ ਗਏ ਉਪਾਵਾਂ ਕਾਰਨ ਵੀ ਨਹੁੰਆਂ ਵਿੱਚ ਬਦਲਾਅ ਆਉਂਦੇ ਹਨ।

ਇਸ ਲਈ ਆਪਣੇ ਨਹੁੰਆਂ ਨੂੰ ਦੇਖਣ ਤੋਂ ਤੁਰੰਤ ਬਾਅਦ ਕਿਸੇ ਵੀ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨਾ ਸਭ ਤੋਂ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)