ਕੀ ਤੁਸੀਂ ਪ੍ਰੋਟੀਨ ਪ੍ਰਤੀ ਜਨੂੰਨੀ ਤਾਂ ਨਹੀਂ ਹੋ, ਜਾਣੋ ਲੋੜ ਤੋਂ ਵੱਧ ਪ੍ਰੋਟੀਨ ਦਾ ਸੇਵਨ ਗੁਰਦੇ ਦੀਆਂ ਕਿਹੜੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ

ਤਸਵੀਰ ਸਰੋਤ, Getty Images
ਪ੍ਰੋਟੀਨ ਇਸ ਸਮੇਂ ਬਹੁਤ ਚਰਚਾ ਵਿੱਚ ਹੈ। ਇਹ ਸ਼ੇਕ, ਬਾਰ, ਪਾਊਡਰ ਅਤੇ ਚਾਹ ਤੇ ਕੌਫੀ ਵਿੱਚ ਵੀ ਪਾਇਆ ਜਾਂਦਾ ਹੈ।
ਸੁਪਰ ਮਾਰਕੀਟ ਦੀਆਂ ਸ਼ੈਲਫਾਂ 'ਤੇ ਇੱਕ ਨਜ਼ਰ ਮਾਰਨ ਨਾਲ "ਉੱਚ-ਪ੍ਰੋਟੀਨ" ਵਾਲੇ ਭੋਜਨਾਂ ਦੇ ਵੱਖ-ਵੱਖ ਬਦਲਾਂ ਬਾਰੇ ਪਤਾ ਲੱਗਦਾ ਹੈ, ਉੱਥੇ ਹੀ ਟਿਕਟੌਕ ʼਤੇ ਇਨਫਲੂਐਂਸਰ ਵਧੇਰੇ ਪ੍ਰੋਟੀਨ ਲੈਣ ਦੇ ਸੁਝਾਅ ਅਤੇ ਜੁਗਤਾਂ ਸਾਂਝੀਆਂ ਕਰ ਰਹੇ ਹੁੰਦੇ ਹਨ।
ਇਹ ਸਾਡੀ ਸਿਹਤ ਲਈ ਇੱਕ ਮਹੱਤਵਪੂਰਨ ਪੌਸ਼ਟਿਕ ਤੱਤ ਹੈ। ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ, ਸਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਵਾਉਂਦਾ ਹੈ ਅਤੇ ਭਾਰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
ਪਰ ਕੀ ਪ੍ਰੋਟੀਨ ਪ੍ਰਤੀ ਸਾਡਾ ਜਨੂੰਨ ਲੋੜ ਤੋਂ ਜ਼ਿਆਦਾ ਵਧ ਗਿਆ ਹੈ? ਅਤੇ ਕੀ ਇਸ ਕਾਰਨ ਅਸੀਂ ਇੱਕ ਹੋਰ ਜ਼ਰੂਰੀ ਪੋਸ਼ਕ ਤੱਤ ਫਾਈਬਰ ਨੂੰ ਨਜ਼ਰਅੰਦਾਜ਼ ਕਰ ਰਹੇ ਹਾਂ?
ਪ੍ਰੋਟੀਨ ਕੀ ਹੈ?

ਤਸਵੀਰ ਸਰੋਤ, Getty Images
ਸਾਊਥ ਵੇਲਜ਼ ਯੂਨੀਵਰਸਿਟੀ ਵਿੱਚ ਪੋਸ਼ਣ ਦੇ ਪ੍ਰੋਫੈਸਰ ਡਾ. ਐਮਾ ਬੇਕੇਟ ਕਹਿੰਦੇ ਹਨ, "ਪ੍ਰੋਟੀਨ ਇੱਕ ਮੈਕਰੋਨਿਊਟ੍ਰੀਐਂਟ ਹੈ ਅਤੇ ਬੇਹੱਦ ਜ਼ਰੂਰੀ ਵੀ। ਇਹ ਸਰੀਰ ਦੀ ਬਣਤਰ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ।"
"ਜਦੋਂ ਅਸੀਂ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਂਦੇ ਹਾਂ, ਤਾਂ ਸਾਡੀ ਪਾਚਨ ਪ੍ਰਣਾਲੀ ਵਿੱਚ ਐਨਜ਼ਾਈਮ ਪ੍ਰੋਟੀਨ ਨੂੰ ਅਮੀਨੋ ਐਸਿਡ ਵਿੱਚ ਤੋੜ ਦਿੰਦੇ ਹਨ। ਇਹ ਅਮੀਨੋ ਐਸਿਡ ਸਰੀਰ ਵਿੱਚ ਦੁਬਾਰਾ ਜੁੜ ਕੇ ਅਜਿਹੇ ਵਿਸ਼ੇਸ਼ ਪ੍ਰੋਟੀਨ ਬਣਾਉਂਦੇ ਹਨ, ਜੋ ਮਾਸਪੇਸ਼ੀਆਂ ਦੀ ਮੁਰੰਮਤ ਕਰਨ ਅਤੇ ਨਵੇਂ ਟਿਸ਼ੂ ਬਣਾਉਣ ਵਿੱਚ ਮਦਦ ਕਰਦੇ ਹਨ।"
"ਮਨੁੱਖੀ ਸਰੀਰ ਵਿੱਚ 20,000 ਤੋਂ ਵੱਧ ਪ੍ਰੋਟੀਨ ਹੁੰਦੇ ਹਨ। ਇਹ ਸਰੀਰ ਵਿੱਚ ਕਈ ਤਰ੍ਹਾਂ ਦੇ ਕੰਮ ਕਰਦੇ ਹਨ। ਇਹ ਹੀਮੋਗਲੋਬਿਨ ਬਣਾਉਂਦੇ ਹਨ, ਲਾਲ ਖੂਨ ਦੇ ਸੈੱਲਾਂ ਵਿੱਚ ਪਾਇਆ ਜਾਣ ਵਾਲਾ ਪ੍ਰੋਟੀਨ, ਪੂਰੇ ਸਰੀਰ ਵਿੱਚ ਆਕਸੀਜਨ ਪਹੁੰਚਾਉਂਦਾ ਹੈ।"
"ਇਹ ਐਂਜ਼ਾਇਮ ਦੇ ਰੂਪ ਵਿੱਚ ਰਸਾਇਣਕ ਕ੍ਰਿਆਵਾਂ ਦੀ ਗਤੀ ਨੂੰ ਤੇਜ਼ ਕਰਨ ਦਾ ਕੰਮ ਕਰਦਾ ਹੈ, ਮਾਸਪੇਸ਼ੀਆਂ ਬਣਾਉਣ ਅਤੇ ਮੁਰੰਮਤ ਕਰਨ ਵਿੱਚ ਸਹਾਇਕ ਹੁੰਦੇ ਹਨ ਅਤੇ ਸਾਡੀ ਚਮੜੀ ਤੇ ਵਾਲਾਂ ਵਿੱਚ ਪਾਏ ਜਾਣ ਵਾਲੇ ਕੇਰਾਟਿਨ ਦਾ ਉਤਪਾਦਨ ਕਰਦੇ ਹਨ।"

ਡਾ. ਬੇਕੇਟ ਦਾ ਕਹਿਣਾ ਹੈ, "ਪ੍ਰੋਟੀਨ ਦੀ ਵਿਲੱਖਣਤਾ ਇਹ ਹੈ ਕਿ ਅਸੀਂ ਇਸਨੂੰ ਆਪਣੇ ਸਰੀਰ ਦੇ ਉਨ੍ਹਾਂ ਹਿੱਸਿਆਂ ਵਿੱਚ ਸਟੋਰ ਕਰਦੇ ਹਾਂ ਜੋ ਨਿਯਮਿਤ ਤੌਰ 'ਤੇ ਵਰਤੇ ਜਾਂਦੇ ਹਨ। ਇਸ ਲਈ, ਜੇਕਰ ਸਾਨੂੰ ਲੋੜੀਂਦਾ ਪ੍ਰੋਟੀਨ ਨਹੀਂ ਮਿਲਦਾ, ਤਾਂ ਸਾਡਾ ਸਰੀਰ ਮਾਸਪੇਸ਼ੀਆਂ ਤੋਂ ਇਸ ਦੀ ਭਰਪਾਈ ਲਈ ਮਜਬੂਰ ਹੁੰਦਾ ਹੈ।"
ਅਸੀਂ ਕਈ ਤਰ੍ਹਾਂ ਦੇ ਭੋਜਨਾਂ ਤੋਂ ਪ੍ਰੋਟੀਨ ਪ੍ਰਾਪਤ ਕਰਦੇ ਹਾਂ, ਜਿਵੇਂ ਕਿ ਚਰਬੀ ਵਾਲਾ ਮਾਸ, ਅੰਡੇ, ਸੇਮ, ਦਾਲਾਂ, ਗਿਰੀਆਂ, ਮਟਰ ਅਤੇ ਦੁੱਧ ਅਤੇ ਦਹੀ ਵਰਗੇ ਡੇਅਰੀ ਉਤਪਾਦ।
ਬ੍ਰਿਟਿਸ਼ ਹਾਰਟ ਫਾਊਂਡੇਸ਼ਨ ਦੇ ਅਨੁਸਾਰ, ਨੌਜਵਾਨਾਂ ਲਈ ਸਿਫਾਰਸ਼ ਕੀਤਾ ਗਿਆ ਰੋਜ਼ਾਨਾ ਪ੍ਰੋਟੀਨ ਦਾ ਸੇਵਨ ਸਰੀਰ ਦੇ ਭਾਰ ਦੇ ਪ੍ਰਤੀ ਕਿਲੋਗ੍ਰਾਮ 0.75 ਗ੍ਰਾਮ ਹੈ। ਔਸਤਨ, ਇਹ ਔਰਤਾਂ ਲਈ ਲਗਭਗ 45 ਗ੍ਰਾਮ ਅਤੇ ਮਰਦਾਂ ਲਈ 55 ਗ੍ਰਾਮ ਹੈ।
ਹਾਲਾਂਕਿ, ਮਾਹਰ ਚੇਤਾਵਨੀ ਦਿੰਦੇ ਹਨ ਕਿ ਪ੍ਰੋਟੀਨ ਦੇ ਨਾਲ ਹੋਰ ਜ਼ਰੂਰੀ ਪੌਸ਼ਟਿਕ ਤੱਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਇਹ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।
ਫਾਈਬਰ ਕਿੰਨਾ ਜ਼ਰੂਰੀ ਹੈ?

ਤਸਵੀਰ ਸਰੋਤ, Getty Images
ਫਾਈਬਰ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਸੋਸ਼ਲ ਮੀਡੀਆ 'ਤੇ ਸਿਹਤ ਅਤੇ ਖੁਰਾਕ ਸੰਬੰਧੀ ਸਲਾਹ ਦੇਣ ਵਾਲੀ ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਦੇ ਸਰਜਨ ਡਾ. ਕਰਨ ਰਾਜਨ ਦੱਸਦੇ ਹਨ, "ਇਸ ਦਾ ਇੱਕ ਕੰਮ ਇਹ ਵੀ ਹੈ ਕਿ ਇਹ ਲੈਕਸਟਿਵ ਵਾਂਗ ਕੰਮ ਕਰਦਾ ਹੈ। ਇਹ ਅੰਤੜੀਆਂ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ।"
ਫਾਈਬਰ ਨਿਯਮਤ ਅੰਤੜੀਆਂ ਦੀ ਸਫਾਈ ਨੂੰ ਯਕੀਨੀ ਬਣਾਉਂਦਾ ਹੈ ਅਤੇ ਕਬਜ਼ ਨੂੰ ਰੋਕਦਾ ਹੈ। ਅੰਤੜੀਆਂ ਵਿੱਚ ਮੌਜੂਦ ਬੈਕਟੀਰੀਆ ਫਾਈਬਰ ਨੂੰ ਹਜ਼ਮ ਕਰ ਕੇ ਕੰਪਾਊਂਡ ਬਣਾਉਂਦੇ ਹਨ, ਜੋ ਪੂਰੇ ਸਰੀਰ ਵਿੱਚ ਸੋਜਸ਼ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।
ਉੱਚ-ਫਾਈਬਰ ਖੁਰਾਕ ਦਿਲ ਦੀ ਬਿਮਾਰੀ, ਸਟ੍ਰੋਕ ਅਤੇ ਟਾਈਪ 2 ਸ਼ੂਗਰ ਦੇ ਜੋਖ਼ਮ ਨੂੰ ਵੀ ਘਟਾਉਂਦਾ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਲੋਕ ਫਿਰ ਵੀ ਇਸ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਕਰਦੇ ਹਨ।
ਡਾ. ਰਾਜਨ ਕਹਿੰਦੇ ਹਨ, "ਲੋਕ ਹੁਣ ਵੀ ਲੋੜੀਂਦੀ ਮਾਤਰਾ ਵਿੱਚ ਫਾਈਬਰ ਨਹੀਂ ਲੈਂਦੇ। ਇਹ ਆਦਤ ਪਾਉਣ ਵਿੱਚ ਅਜੇ ਵਕਤ ਲੱਗੇਗਾ।"
ਬ੍ਰਿਟੇਨ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ, ਸੰਤੁਲਿਤ ਆਹਾਰ ਵਿੱਚ ਹਰੇਕ ਵਿਅਕਤੀ ਨੂੰ ਰੋਜ਼ਾਨਾ 30 ਗ੍ਰਾਮ ਫਾਈਬਰ ਲੈਣਾ ਚਾਹੀਦਾ ਹੈ।
ਪ੍ਰੋਟੀਨ ਇੰਨਾ ਮਸ਼ਹੂਰ ਕਿਉਂ ਹੈ?

ਤਸਵੀਰ ਸਰੋਤ, Getty Images
ਕੁਝ ਮਾਹਰਾਂ ਦਾ ਮੰਨਣਾ ਹੈ ਕਿ ਪ੍ਰੋਟੀਨ ਵਿੱਚ ਵਧਦੀ ਦਿਲਚਸਪੀ ਦਾ ਕਾਰਨ ਇਹ ਵੀ ਹੈ ਕਿ ਇਸ ਦੇ ਨਤੀਜੇ ਜਲਦੀ ਅਤੇ ਸਾਫ ਨਜ਼ਰ ਆਉਂਦੇ ਹਨ।
ਅਮਰੀਕਾ ਵਿੱਚ ਮੈਨਜ਼ ਹੈਲਥ ਮੈਗਜ਼ੀਨ ਦੇ ਡਿਪਟੀ ਐਡੀਟਰ, ਪਾਲ ਕੀਟਾ ਕਹਿੰਦੇ ਹਨ, "ਸੁਹੱਪਣ ਦੀ ਨਜ਼ਰ ਤੋਂ, ਪ੍ਰੋਟੀਨ ਮਰਦਾਂ ਨੂੰ ਉਹ ਮਾਸਪੇਸ਼ੀਆਂ ਬਣਾਉਣ ਵਿੱਚ ਮਦਦ ਕਰਦਾ ਹੈ ਜੋ ਉਹ ਚਾਹੁੰਦੇ ਹਨ।"
ਉਹ ਦੱਸਦੇ ਹਨ, "ਫਾਈਬਰ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੈ। ਮਰਦ ਆਪਣੇ ਦਿਲ ਨੂੰ ਸ਼ੀਸ਼ੇ ਵਿੱਚ ਨਹੀਂ ਦੇਖ ਸਕਦੇ ਜਾਂ ਇਸਦੀ ਤੁਲਨਾ ਦੂਜਿਆਂ ਨਾਲ ਨਹੀਂ ਕਰ ਸਕਦੇ। ਤੁਹਾਡੇ ਦਿਲ ਦੀ ਸ਼ਕਲ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਲਈ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਉਤਪਾਦਾਂ ਵਿੱਚ ʻਵੈਨਿਟੀ ਫੈਕਟਰʼ ਯਾਨੀ ਦਿਖਾਵੇ ਦੀ ਚਾਹ ਵੀ ਸ਼ਾਮਲ ਹੈ।"
ਔਰਤਾਂ ਕੁਦਰਤੀ ਤੌਰ 'ਤੇ ਉਮਰ ਦੇ ਨਾਲ-ਨਾਲ ਮਾਸਪੇਸ਼ੀਆਂ ਦੇ ਨੁਕਸਾਨ (ਸਾਰਕੋਪੇਨੀਆ) ਦਾ ਅਨੁਭਵ ਕਰਦੀਆਂ ਹਨ। ਇਹ ਪ੍ਰਕਿਰਿਆ ਮਰਦਾਂ ਅਤੇ ਔਰਤਾਂ ਦੋਵਾਂ ਵਿੱਚ ਦੇਖੀ ਜਾਂਦੀ ਹੈ, ਪਰ ਮੀਨੋਪੌਜ਼ ਦੌਰਾਨ ਐਸਟ੍ਰੋਜਨ ਵਿੱਚ ਤੇਜ਼ ਗਿਰਾਵਟ ਇਸ ਨੂੰ ਔਰਤਾਂ ਲਈ ਵਧੇਰੇ ਗੰਭੀਰ ਬਣਾ ਦਿੰਦਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਮੀਨੋਪੌਜ਼ ਤੋਂ ਬਾਅਦ ਔਰਤਾਂ ਨੂੰ ਹੱਡੀਆਂ ਦੀ ਕਮਜ਼ੋਰੀ (ਓਸਟੀਓਪੋਰੋਸਿਸ) ਦਾ ਵਧੇਰੇ ਜੋਖ਼ਮ ਹੁੰਦਾ ਹੈ, ਕਿਉਂਕਿ ਹਾਰਮੋਨਲ ਬਦਲਾਅ ਸਿੱਧੇ ਤੌਰ 'ਤੇ ਹੱਡੀਆਂ ਦੀ ਤਾਕਤ ਨੂੰ ਪ੍ਰਭਾਵਤ ਕਰਦੇ ਹਨ।

ਤਸਵੀਰ ਸਰੋਤ, Getty Images
ਪ੍ਰੋਟੀਨ ਹੱਡੀਆਂ ਦੀ ਸਿਹਤ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰ ਸਕਦਾ ਹੈ, ਪਰ ਯੂਕੇ ਵਿੱਚ ਸਰੀ ਯੂਨੀਵਰਸਿਟੀ ਦੁਆਰਾ 2019 ਵਿੱਚ ਕੀਤੇ ਗਏ 127 ਅਧਿਐਨਾਂ ਦੇ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਸਿਫ਼ਾਰਸ਼ ਕੀਤੀ ਮਾਤਰਾ ਤੋਂ ਵੱਧ ਪ੍ਰੋਟੀਨ ਦਾ ਸੇਵਨ ਕਰਨ ਨਾਲ ਕੋਈ ਮਹੱਤਵਪੂਰਨ ਲਾਭ ਨਹੀਂ ਮਿਲਦਾ।
ਕੰਜ਼ਿਉਮਰ ਮਾਰਕਿਟ ਰਿਸਰਚ ਕੰਪਨੀ ਸਪਿਨਸ ਦੇ ਸੀਨੀਅਰ ਡਾਇਰੈਕਟਰ ਸਕੌਟ ਡਿਕਰ ਕਹਿੰਦੇ ਹਨ ਕਿ ਬਹੁਤ ਸਾਰੇ 'ਉੱਚ-ਪ੍ਰੋਟੀਨ' ਉਤਪਾਦ ਗੁੰਮਰਾਹਕੁੰਨ ਹੋ ਸਕਦੇ ਹਨ।
ਉਹ ਦੱਸਦੇ ਹਨ, "ਇਹ ਬਹੁਤ ਦਿਲਚਸਪ ਹੈ ਕਿ ਜਿਨ੍ਹਾਂ ਉਤਪਾਦਾਂ ਨੂੰ ਪਹਿਲਾਂ ਉੱਚ-ਕਾਰਬ ਜਾਂ ਜੰਕ ਫੂਡ ਮੰਨਿਆ ਜਾਂਦਾ ਸੀ, ਉਨ੍ਹਾਂ ਨੂੰ ਅਚਾਨਕ ਸਿਰਫ਼ ਇੱਕ ਚਮਚ ਪ੍ਰੋਟੀਨ ਪਾਊਡਰ ਪਾ ਕੇ 'ਹੈਲਥ ਫੂਡ' ਵਜੋਂ ਪੇਸ਼ ਕੀਤਾ ਜਾ ਰਿਹਾ ਹੈ।"
ਪੈਸਾ ਵੀ ਇੱਕ ਵੱਡਾ ਕਾਰਕ ਹੈ।
2021 ਵਿੱਚ ਦੁਨੀਆਂ ਭਰ ਦੇ ਬਾਜ਼ਾਰ ਵਿੱਚ ਪ੍ਰੋਟੀਨ ਪਾਊਡਰ ਦੀ ਖਪਤ 4.4 ਅਰਬ ਡਾਲਰ (ਲਗਭਗ 3.6 ਬਿਲੀਅਨ ਪੌਂਡ) ਅੰਦਾਜ਼ਾ ਲਗਾਇਆ ਗਿਆ ਸੀ ਅਤੇ 2030 ਤੱਕ 19.3 ਅਰਬ ਡਾਲਰ (ਲਗਭਗ 15.6 ਬਿਲੀਅਨ ਪੌਂਡ) ਤੱਕ ਪਹੁੰਚਣ ਦਾ ਅਨੁਮਾਨ ਹੈ। ਇਹ ਕੰਪਨੀਆਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਿਹਾ ਹੈ।
"ਪ੍ਰੋਟੀਨ ਮੈਕਸਿੰਗ" ਸੋਸ਼ਲ ਮੀਡੀਆ ਰੁਝਾਨ ਵੀ ਇਸ ਬਹਿਸ ਨੂੰ ਹਵਾ ਦੇ ਰਹੇ ਹਨ। ਇਸ ਵਿੱਚ, ਲੋਕ ਹਰ ਭੋਜਨ ਵਿੱਚ ਪ੍ਰੋਟੀਨ ਸ਼ਾਮਲ ਕਰਦੇ ਹਨ।
ਕੀ ਤੁਸੀਂ ਬਹੁਤ ਜ਼ਿਆਦਾ ਪ੍ਰੋਟੀਨ ਲੈ ਸਕਦੇ ਹਨ?

ਤਸਵੀਰ ਸਰੋਤ, Getty Images
ਬਾਜ਼ਾਰ ਵਿੱਚ ਪ੍ਰੋਟੀਨ ਨਾਲ ਭਰਪੂਰ ਉਤਪਾਦਾਂ ਦੀ ਵੱਧਦੀ ਪ੍ਰਸਿੱਧੀ ਸਾਨੂੰ ਲੋੜ ਤੋਂ ਵੱਧ ਪ੍ਰੋਟੀਨ ਵੱਲ ਪ੍ਰੇਰਿਤ ਕਰ ਸਕਦੀ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੂੰ ਕਿੰਨੀ ਪ੍ਰੋਟੀਨ ਦੀ ਲੋੜ ਹੁੰਦੀ ਹੈ ਇਹ ਉਸ ਦੀ ਉਮਰ, ਲਿੰਗ, ਸਰੀਰ ਦੇ ਆਕਾਰ ਅਤੇ ਕਸਰਤ ਦੀ ਮਾਤਰਾ 'ਤੇ ਨਿਰਭਰ ਕਰਦਾ ਹੈ।
ਮੈਨਜ਼ ਹੈਲਥ ਮੈਗਜ਼ੀਨ ਦੇ ਪਾਲ ਕੀਟਾ ਨੇ ਦੇਖਿਆ ਕਿ ਸਟੋਰਾਂ ਵਿੱਚ ਨਵੇਂ ਉੱਚ-ਪ੍ਰੋਟੀਨ ਉਤਪਾਦ ਲਗਾਤਾਰ ਆ ਰਹੇ ਸਨ।
ਇਹ ਪਤਾ ਲਗਾਉਣ ਲਈ, ਉਨ੍ਹਾਂ ਨੇ ਤਿੰਨ ਹਫ਼ਤਿਆਂ ਲਈ ਇਨ੍ਹਾਂ ਪੈਕ ਕੀਤੇ ਭੋਜਨਾਂ 'ਤੇ ਖਾਧੇ।
ਇਸ ਸਮੇਂ ਦੌਰਾਨ ਉਨ੍ਹਾਂ ਦੀ ਖੁਰਾਕ ਵਿੱਚ ਉੱਚ-ਪ੍ਰੋਟੀਨ ਓਟਮੀਲ, ਉੱਚ-ਪ੍ਰੋਟੀਨ ਦਹੀ, ਉੱਚ-ਪ੍ਰੋਟੀਨ ਮੈਕਰੋਨੀ ਅਤੇ ਪਨੀਰ, ਅਤੇ ਇੱਥੋਂ ਤੱਕ ਕਿ ਉੱਚ-ਪ੍ਰੋਟੀਨ ਵਾਲਾ ਪਾਣੀ ਵੀ ਸ਼ਾਮਲ ਸੀ।
ਕੀਟਾ ਕਹਿੰਦੇ ਹਨ, "ਮੈਂ ਸੁਆਦ ਤੋਂ ਹੈਰਾਨ ਰਹਿ ਗਿਆ ਸੀ।"
ਇਨ੍ਹਾਂ ਉਤਪਾਦਾਂ ਦਾ ਸੁਆਦ ਬਹੁਤ ਮਿੱਠਾ ਸੀ। ਦਰਅਸਲ, ਇਨ੍ਹਾਂ ਉੱਚ-ਪ੍ਰੋਟੀਨ ਵਾਲੇ ਪੈਕ ਕੀਤੇ ਭੋਜਨਾਂ ਵਿੱਚ ਪ੍ਰੋਟੀਨ ਪਾਊਡਰ ਵਿੱਚ ਅਮੀਨੋ ਐਸਿਡ ਦੇ ਕੌੜੇ ਸੁਆਦ ਨੂੰ ਛੁਪਾਉਣ ਲਈ ਖੰਡ ਸ਼ਾਮਲ ਕੀਤੀ ਗਈ ਸੀ।
ਕੀਟਾ ਦੱਸਦੇ ਹਨ ਕਿ ਇੰਨਾ ਜ਼ਿਆਦਾ ਪ੍ਰੋਟੀਨ ਖਾਣ ਤੋਂ ਬਾਅਦ, ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ ਇਸ ਨਾਲ "ਕੁਝ" ਕਰਨ ਦੀ ਜ਼ਰੂਰਤ ਹੈ।
ਨਤੀਜੇ ਵਜੋਂ, ਉਨ੍ਹਾਂ ਨੇ ਆਪਣੀ ਆਮ ਰੁਟੀਨ ਨਾਲੋਂ ਜ਼ਿਆਦਾ ਕਸਰਤ ਕਰਨੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਨੇ ਇਸ ਪ੍ਰਯੋਗ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਸਰੀਰ ਨੂੰ ਮਾਪਿਆ। ਨਤੀਜਾ ਇਹ ਹੋਇਆ ਕਿ ਉਨ੍ਹਾਂ ਦਾ ਭਾਰ ਨਹੀਂ ਵਧਿਆ, ਪਰ ਉਨ੍ਹਾਂ ਦੀ ਛਾਤੀ ਦਾ ਆਕਾਰ ਥੋੜ੍ਹਾ ਵਧ ਗਿਆ।
ਕੀਟਾ ਕਹਿੰਦੇ ਹਨ, "ਇਹ ਸ਼ਾਇਦ ਇਸ ਲਈ ਹੈ ਕਿਉਂਕਿ ਮੈਂ ਜ਼ਿਆਦਾ ਪ੍ਰੋਟੀਨ ਖਾ ਰਿਹਾ ਸੀ ਅਤੇ ਭਾਰੀ ਵਜ਼ਨ ਵੀ ਚੁੱਕ ਰਿਹਾ ਸੀ ਅਤੇ ਵਿਗਿਆਨ ਇਸ ਨੂੰ ਸਹੀ ਠਹਿਰਾਉਂਦਾ ਹੈ।"
ਪਰ ਕੀ ਇਹ ਉਨ੍ਹਾਂ ਲਾਭਦਾਇਕ ਸਾਬਤ ਹੋਇਆ? ਉਹ ਹੱਸਦੇ ਹੋਏ ਕਹਿੰਦੇ ਹਨ, "ਨਹੀਂ, ਮੈਂ ਇਸ ਪ੍ਰਯੋਗ ਦੌਰਾਨ ਲਗਭਰ ਹਰ ਸਮੇਂ ਪਰੇਸ਼ਾਨ ਹੀ ਰਿਹਾ।"

ਤਸਵੀਰ ਸਰੋਤ, Getty Images
ਕੀਟਾ ਇਸ ਪ੍ਰਯੋਗ ਤੋਂ ਨਿਰਾਸ਼ ਸੀ। ਮਾਹਰ ਇਹ ਵੀ ਚੇਤਾਵਨੀ ਦਿੰਦੇ ਹਨ ਕਿ ਜ਼ਿਆਦਾ ਪ੍ਰੋਟੀਨ ਨੂੰ ਹਜ਼ਮ ਕਰਨ ਨਾਲ ਗੁਰਦਿਆਂ 'ਤੇ ਦਬਾਅ ਪੈ ਸਕਦਾ ਹੈ।
ਜਾਨਵਰਾਂ ਤੋਂ ਆਉਣ ਵਾਲੇ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਦਾ ਸੇਵਨ ਗੁਰਦੇ ਦੀ ਪੱਥਰੀ ਦੇ ਜੋਖ਼ਮ ਨੂੰ ਵਧਾ ਸਕਦਾ ਹੈ ਅਤੇ ਪਹਿਲਾਂ ਤੋਂ ਮੌਜੂਦ ਗੁਰਦੇ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ, ਇਹ ਗੁਰਦੇ ਦੀ ਬਿਮਾਰੀ ਦੇ ਜੋਖ਼ਮ ਨੂੰ ਵਧਾ ਸਕਦਾ ਹੈ।
ਬਹੁਤ ਜ਼ਿਆਦਾ ਪ੍ਰੋਟੀਨ ਹੱਡੀਆਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਬ੍ਰਿਟਿਸ਼ ਡਾਇਟੈਟਿਕ ਐਸੋਸੀਏਸ਼ਨ ਦੇ ਅਨੁਸਾਰ, ਬਹੁਤ ਜ਼ਿਆਦਾ ਪ੍ਰੋਟੀਨ ਦਾ ਸੇਵਨ ਜੀਅ ਘਬਰਾਉਣ ਵਰਗੇ ਮਾੜੇ ਪ੍ਰਭਾਵਾਂ ਦਾ ਕਾਰਨ ਵੀ ਬਣ ਸਕਦਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਪ੍ਰੋਟੀਨ ਕਿੱਥੋਂ ਆ ਰਿਹਾ ਹੈ। ਕੀ ਇਹ ਕੁਦਰਤੀ ਸਰੋਤਾਂ ਤੋਂ ਹੈ ਜਾਂ ਪ੍ਰੋਸੈਸਡ ਪੈਕ ਕੀਤੇ ਭੋਜਨਾਂ ਤੋਂ?
ਡਾ. ਬੇਕੇਟ ਦੱਸਦੇ ਹਨ, "ਸਾਡੇ ਮੈਕਰੋਨਿਊਟ੍ਰੀਐਂਟਸ ਯਾਨੀ ਕਾਰਬੋਹਾਈਡ੍ਰੇਟ, ਪ੍ਰੋਟੀਨ ਅਤੇ ਚਰਬੀ ਲਈ ਸਿਫ਼ਾਰਸ਼ਾਂ ਸਿਰਫ਼ ਇਸ ਗੱਲ 'ਤੇ ਅਧਾਰਤ ਨਹੀਂ ਹਨ ਕਿ ਸਾਨੂੰ ਕਿੰਨੀ ਲੋੜ ਹੈ।"
"ਇਹ ਇਸ ਗੱਲ 'ਤੇ ਅਧਾਰਤ ਹੈ ਕਿ ਇਹ ਪੌਸ਼ਟਿਕ ਤੱਤ ਉਨ੍ਹਾਂ ਭੋਜਨਾਂ ਵਿੱਚ ਹੋਰ ਪੌਸ਼ਟਿਕ ਤੱਤਾਂ ਨਾਲ ਕਿਵੇਂ ਸੰਤੁਲਿਤ ਹੁੰਦੇ ਹਨ। ਹਾਲਾਂਕਿ, ਬਾਜ਼ਾਰ ਵਿੱਚ ਬਹੁਤ ਜ਼ਿਆਦਾ ਪ੍ਰੋਸੈਸਡ ਪ੍ਰੋਟੀਨ ਉਤਪਾਦ ਹਮੇਸ਼ਾ ਇਸ ਸੰਤੁਲਨ ਨਾਲ ਮੇਲ ਨਹੀਂ ਖਾਂਦੇ।"
ਡਾ. ਬੇਕੇਟ ਚੇਤਾਵਨੀ ਦਿੰਦੇ ਹਨ ਕਿ ਸਿਰਫ਼ ਪ੍ਰੋਟੀਨ 'ਤੇ ਬਹੁਤ ਜ਼ਿਆਦਾ ਧਿਆਨ ਕੇਂਦਰਿਤ ਕਰਨ ਨਾਲ ਸਿਹਤ ਲਈ "ਮਹੱਤਵਪੂਰਨ ਜੋਖ਼ਮ" ਪੈਦਾ ਹੋ ਸਕਦਾ ਹੈ ਅਤੇ ਲੋਕਾਂ ਨੂੰ ਫਾਈਬਰ ਸਮੇਤ ਸੰਪੂਰਨ ਪੋਸ਼ਣ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਉਹ ਕਹਿੰਦੀ ਹੈ, "ਅਸੀਂ ਇੰਜਣਾਂ ਵਾਂਗ ਨਹੀਂ ਹਾਂ। ਸਾਡੇ ਸਰੀਰ ਸਿਰਫ਼ ਇੱਕ ਕਿਸਮ ਦੇ ਬਾਲਣ 'ਤੇ ਨਹੀਂ ਚੱਲਦੇ। ਸਾਨੂੰ ਆਪਣੀ ਸਿਹਤ ਅਤੇ ਬਚਾਅ ਲਈ ਕਈ ਤਰ੍ਹਾਂ ਦੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












