ਪ੍ਰੋਟੀਨ ਸ਼ੇਕ ਪੀਣਾ ਕਿੰਨਾ ਫ਼ਾਇਦੇਮੰਦ ਹੈ ਤੇ ਕਿੰਨਾ ਖ਼ਤਰਨਾਕ, ਮਾਹਿਰਾਂ ਦੀ ਰਾਇ ਤੁਹਾਡੇ ਕੰਮ ਆ ਸਕਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਆਦਰਸ਼ ਰਾਠੌਰ
- ਰੋਲ, ਬੀਬੀਸੀ ਸਹਿਯੋਗੀ
ਬਰਤਾਨੀਆਂ 'ਚ ਪ੍ਰੋਟੀਨ ਸ਼ੇਕ ਪੀਣ ਕਾਰਨ ਭਾਰਤੀ ਮੂਲ ਦੇ ਨੌਜਵਾਨ ਦੀ ਮੌਤ ਪਿਛਲੇ ਕਾਰਨ ਨਾਲ ਜੁੜੇ ਤੱਥਾਂ ਦੇ ਖੁਲਾਸੇ ਨੇ ਨਵੀਂ ਬਹਿਸ ਛੇੜ ਦਿੱਤੀ ਹੈ।
ਸਵਾਲ ਚੁੱਕੇ ਜਾ ਰਹੇ ਹਨ ਕਿ ਕੀ ਪ੍ਰੋਟੀਨ ਸਪਲੀਮੈਂਟਸ ਦੇ ਲੇਬਲ 'ਤੇ ਚੇਤਾਵਨੀ ਲਿਖੀ ਜਾਣੀ ਚਾਹੀਦੀ ਹੈ ਜਾਂ ਨਹੀਂ।
ਮਾਮਲਾ 15 ਅਗਸਤ 2020 ਦਾ ਹੈ, ਜਦੋਂ ਲੰਡਨ ਵਿੱਚ ਰਹਿਣ ਵਾਲੇ 16 ਸਾਲਾ ਰੋਹਨ ਦੀ ਸਿਹਤ ਅਚਾਨਕ ਵਿਗੜ ਗਈ ਸੀ ਅਤੇ ਤਿੰਨ ਦਿਨ ਬਾਅਦ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਕਰੀਬ ਪੌਣੇ ਤਿੰਨ ਸਾਲ ਤੱਕ ਚੱਲੀ ਜਾਂਚ ਤੋਂ ਬਾਅਦ ਜਾਂਚਕਰਤਾ ਇਸ ਨਤੀਜੇ 'ਤੇ ਪਹੁੰਚੇ ਹਨ ਕਿ ਰੋਹਨ ਦੀ ਮੌਤ ਉਸ ਦੇ ਪਿਤਾ ਵੱਲੋਂ ਭਾਰ ਵਧਾਉਣ ਲਈ ਦਿੱਤੇ ਗਏ ਪ੍ਰੋਟੀਨ ਸ਼ੇਕ ਕਾਰਨ ਹੋਈ ਸੀ।
ਜਾਂਚਕਰਤਾਵਾਂ ਮੁਤਾਬਕ, ਰੋਹਨ ਨੂੰ ਔਰਨੀਥੀਨ ਟ੍ਰਾਂਸਕਾਰਬਾਮਿਲੇਜ਼ (ਓਟੀਸੀ) ਦੀ ਕਮੀ ਨਾਮਕ ਇੱਕ ਜਮਾਂਦਰੂ ਸਮੱਸਿਆ ਸੀ, ਜਿਸ ਕਾਰਨ ਪ੍ਰੋਟੀਨ ਸ਼ੇਕ ਦਾ ਸੇਵਨ ਕਰਨ ਤੋਂ ਬਾਅਦ ਉਸ ਦੇ ਸਰੀਰ ਵਿੱਚ ਅਮੋਨੀਆ ਦਾ ਪੱਧਰ ਜਾਨਲੇਵਾ ਹੋ ਗਿਆ ਸੀ।
ਜਾਂਚਕਰਤਾ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਦੀ ਰਾਇ ਵਿੱਚ, ਇਹ ਚੇਤਾਵਨੀ ਪ੍ਰੋਟੀਨ ਸਪਲੀਮੈਂਟ ਦੇ ਲੇਬਲ 'ਤੇ ਛਾਪੀ ਜਾਣੀ ਚਾਹੀਦੀ ਹੈ।
ਉਨ੍ਹਾਂ ਮੁਤਾਬਕ, "ਹਾਲਾਂਕਿ ਓਟੀਸੀ ਦੀ ਕਮੀ ਇੱਕ ਆਮ ਸਮੱਸਿਆ ਨਹੀਂ ਹੈ, ਪਰ ਵਾਧੂ ਪ੍ਰੋਟੀਨ ਲੈਣਾ ਉਨ੍ਹਾਂ ਲੋਕਾਂ ਲਈ ਖਤਰਨਾਕ ਹੋ ਸਕਦਾ ਹੈ ਜਿਨ੍ਹਾਂ ਨੂੰ ਇਹ ਵਿਕਾਰ ਹੈ।"
ਇਸ ਖ਼ਬਰ ਤੋਂ ਬਾਅਦ ਨਾ ਸਿਰਫ ਬ੍ਰਿਟੇਨ ਸਗੋਂ ਪੂਰੀ ਦੁਨੀਆਂ 'ਚ ਪ੍ਰੋਟੀਨ ਸਪਲੀਮੈਂਟ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਪ੍ਰੋਟੀਨ ਸਪਲੀਮੈਂਟ ਦੇ ਲੇਬਲ 'ਤੇ ਅਜਿਹੀ ਚੇਤਾਵਨੀ ਹੋਣੀ ਚਾਹੀਦੀ ਹੈ ਕਿਉਂਕਿ ਪ੍ਰੋਟੀਨ ਸ਼ੇਕ ਨੌਜਵਾਨਾਂ ਖਾਸ ਕਰਕੇ ਜਿਮ ਜਾਣ ਵਾਲਿਆਂ 'ਚ ਬਹੁਤ ਮਸ਼ਹੂਰ ਹੈ।

ਤਸਵੀਰ ਸਰੋਤ, Getty Images
ਪ੍ਰੋਟੀਨ ਜ਼ਰੂਰੀ ਕਿਉਂ ਹੈ?
ਪ੍ਰੋਟੀਨ ਇੱਕ ਜ਼ਰੂਰੀ ਪੌਸ਼ਟਿਕ ਤੱਤ ਹੈ। ਇਹ ਮਾਸਪੇਸ਼ੀਆਂ ਦੇ ਨਿਰਮਾਣ ਅਤੇ ਮੁਰੰਮਤ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।
ਪ੍ਰੋਟੀਨ ਹੱਡੀਆਂ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਦਿਲ, ਦਿਮਾਗ ਅਤੇ ਚਮੜੀ ਨੂੰ ਸਿਹਤਮੰਦ ਰੱਖਦਾ ਹੈ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਮੁਤਾਬਕ, ਭਾਰਤੀਆਂ ਲਈ ਰੋਜ਼ਾਨਾ ਆਪਣੇ ਵਜ਼ਨ ਦੇ ਹਿਸਾਬ ਨਾਲ 0.8 ਤੋਂ 1 ਗ੍ਰਾਮ ਪ੍ਰਤੀ ਕਿਲੋ ਪ੍ਰੋਟੀਨ ਕਾਫੀ ਹੈ ਅਤੇ ਤੁਹਾਡੀ ਖੁਰਾਕ ਦਾ ਇੱਕ ਚੌਥਾਈ ਹਿੱਸਾ ਪ੍ਰੋਟੀਨ ਹੋਣਾ ਚਾਹੀਦਾ ਹੈ।
ਇਹ ਸਰੀਰ ਨੂੰ ਲੋੜੀਂਦੇ ਪ੍ਰੋਟੀਨ ਦੀ ਮਿਆਰੀ ਮਾਤਰਾ ਹੈ।
ਉਮਰ, ਸਿਹਤ, ਸਰੀਰਕ ਮਿਹਨਤ ਅਤੇ ਕਸਰਤ ਦੇ ਪੱਧਰ ਦੇ ਆਧਾਰ 'ਤੇ ਹਰ ਕਿਸੇ ਦੀ ਪ੍ਰੋਟੀਨ ਦੀ ਲੋੜ ਵੱਖੋ-ਵੱਖਰੀ ਹੁੰਦੀ ਹੈ, ਪਰ ਜ਼ਿਆਦਾਤਰ ਲੋਕਾਂ ਨੂੰ ਉਨ੍ਹਾਂ ਦੀ ਸਿਹਤ ਦੇ ਆਧਾਰ ’ਤੇ ਲੋੜੀਂਦੀ ਸਹੀ ਮਾਤਰਾ ਦਾ ਪਤਾ ਨਹੀਂ ਹੁੰਦਾ।
ਆਂਡੇ, ਦੁੱਧ, ਦਹੀਂ, ਮੱਛੀ, ਦਾਲਾਂ, ਮੀਟ, ਸੋਇਆ ਆਦਿ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ ਅਤੇ ਅਮੀਰ ਦੇਸ਼ਾਂ ਦੇ ਜ਼ਿਆਦਾਤਰ ਨੌਜਵਾਨਾਂ ਨੂੰ ਆਪਣੇ ਭੋਜਨ ਤੋਂ ਹੀ ਪ੍ਰੋਟੀਨ ਦੀ ਲੋੜੀਂਦੀ ਮਾਤਰਾ ਪ੍ਰਾਪਤ ਹੋ ਜਾਂਦੀ ਹੈ।
ਖਾਣੇ ਤੋਂ ਨਾ ਮਿਲਣ ਵਾਲੇ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਪ੍ਰੋਟੀਨ ਸਪਲੀਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ।
ਜ਼ਿਆਦਾਤਰ ਪ੍ਰੋਟੀਨ ਸਪਲੀਮੈਂਟ ਪਾਊਡਰ ਦੇ ਰੂਪ ਵਿੱਚ ਉਪਲੱਬਧ ਹਨ, ਜਿਨ੍ਹਾਂ ਦਾ ਇਤੇਮਾਲ ਮੁੱਖ ਰੂਪ ਨਾਲ ਸ਼ੇਕ ਬਣਾ ਕੇ ਕੀਤਾ ਜਾਂਦਾ ਹੈ।
ਪ੍ਰੋਟੀਨ ਪਾਊਡਰ ਵੱਖ-ਵੱਖ ਸਰੋਤਾਂ ਤੋਂ ਲਏ ਗਏ ਪ੍ਰੋਟੀਨ ਦਾ ਪਾਊਡਰ ਹੈ। ਇਹ ਪ੍ਰੋਟੀਨ ਪਾਊਡਰ ਪੌਦਿਆਂ ਜਿਵੇਂ ਕਿ ਆਲੂ, ਸੋਇਆਬੀਨ, ਚੌਲ, ਮਟਰ, ਅਤੇ ਅੰਡੇ ਜਾਂ ਦੁੱਧ ਤੋਂ ਵੀ ਲਿਆ ਜਾਂਦਾ ਹੈ।

ਤਸਵੀਰ ਸਰੋਤ, Getty Images
ਪ੍ਰੋਟੀਨ ਸਪਲੀਮੈਂਟ ਲੈਣਾ ਕਿੰਨਾ ਖਤਰਨਾਕ ਹੈ?
ਡਾਕਟਰ ਸਮੀਰ ਜਾਮਵਾਲ, ਡਾਕਟਰ ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ, ਕਾਂਗੜਾ, ਹਿਮਾਚਲ ਪ੍ਰਦੇਸ਼ ਵਿੱਚ ਬਾਇਓਕੈਮਿਸਟਰੀ ਵਿਭਾਗ ਵਿੱਚ ਐਮਡੀ ਹਨ।
ਉਹ ਦੱਸਦੇ ਹਨ, "ਜੇ ਤੁਹਾਡਾ ਵਜ਼ਨ 50 ਕਿਲੋ ਹੈ ਤਾਂ ਤਾਂ ਰੋਜ਼ਾਨਾ 50 ਗ੍ਰਾਮ ਪ੍ਰੋਟੀਨ ਲੈਣ ਵਿੱਚ ਕੋਈ ਸਮੱਸਿਆ ਨਹੀਂ ਹੈ।"
ਉਨ੍ਹਾਂ ਮੁਤਾਬਕ, ਸਰੀਰ ਪ੍ਰੋਟੀਨ ਨੂੰ ਹਜ਼ਮ ਕਰਨ ਤੋਂ ਬਾਅਦ ਪੈਦਾ ਹੋਏ ਵਾਧੂ ਅਮੋਨੀਆ ਨੂੰ ਯੂਰੀਆ ਵਿੱਚ ਬਦਲ ਦਿੰਦਾ ਹੈ, ਜੋ ਕਿ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦਾ ਹੈ।
ਪਰ ਕਈ ਲੋਕਾਂ ਦੇ ਸਰੀਰ ਵਿੱਚ ਉਹ ਐਨਜ਼ਾਈਮ ਨਹੀਂ ਹੁੰਦੇ ਹਨ ਜੋ ਅਮੋਨੀਆ ਨੂੰ ਯੂਰੀਆ ਵਿੱਚ ਬਦਲਦੇ ਹਨ, ਯਾਨੀ ਉਨ੍ਹਾਂ ਨੂੰ ਯੂਰੀਆ ਸਾਈਕਲ ਸਬੰਧੀ ਸਮੱਸਿਆ ਹੁੰਦੀ ਹੈ।
ਡਾਕਟਰ ਸਮੀਰ ਦੱਸਦੇ ਹਨ ਕਿ ਇਸ ਦਾ ਨੁਕਸਾਨ ਇਹ ਹੁੰਦਾ ਹੈ ਕਿ ਸਰੀਰ ਵਿੱਚ ਅਮੋਨੀਆ ਦਾ ਪੱਧਰ ਵੱਧ ਜਾਂਦਾ ਹੈ, ਜੋ ਦਿਮਾਗ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਯੂਰੀਆ ਵਿਕਾਰ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ ਅਤੇ ਜਿਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਲਈ ਜ਼ਿਆਦਾ ਪ੍ਰੋਟੀਨ ਲੈਣਾ ਖਤਰਨਾਕ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਨੌਜਵਾਨਾਂ ਵਿੱਚ ਪ੍ਰੋਟੀਨ ਸਪਲੀਮੈਂਟਾਂ ਦਾ ਰੁਝਾਨ
ਇਹ ਦੇਖਿਆ ਗਿਆ ਹੈ ਕਿ ਸਪਲੀਮੈਂਟ ਲੈਣ ਦਾ ਰੁਝਾਨ ਨੌਜਵਾਨਾਂ ਵਿੱਚ ਬਹੁਤ ਵਧਿਆ ਹੈ, ਖ਼ਾਸ ਤੌਰ 'ਤੇ ਜੋ ਬਾਡੀ ਬਿਲਡਿੰਗ ਅਤੇ ਖੇਡਾਂ ਵਿੱਚ ਹਿੱਸਾ ਲੈਂਦੇ ਹਨ।
ਅਜਿਹੇ ਨੌਜਵਾਨਾਂ ਵਿੱਚੋਂ ਹੀ ਇੱਕ ਹਨ- ਉਦੈ, ਜੋ ਨੋਇਡਾ ਦੇ ਇੱਕ ਪ੍ਰਾਈਵੇਟ ਇੰਸਟੀਚਿਊਟ ਤੋਂ ਪੜ੍ਹਾਈ ਕਰ ਰਹੇ ਹਨ।
ਉਹ ਬਚਪਨ ਤੋਂ ਹੀ ਬਹੁਤ ਪਤਲੇ ਸਨ। ਪਰ ਕਾਲਜ ਵਿੱਚ, ਉਹ ਆਪਣੇ ਵਜ਼ਨ ਨੂੰ ਲੈ ਕੇ ਸ਼ਰਮਿੰਦਗੀ ਮਹਿਸੂਸ ਕਰਨ ਲੱਗੇ ਸਨ, ਜਿਸ ਤੋਂ ਬਾਅਦ ਉਨ੍ਹਾਂ ਭਾਰ ਵਧਾਉਣ ਲਈ ਪ੍ਰੋਟੀਨ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਉਨ੍ਹਾਂ ਦਾ ਭਾਰ ਤਾਂ ਵਧ ਗਿਆ ਪਰ ਇਸ ਦੇ ਨਾਲ ਹੀ ਸਮੱਸਿਆਵਾਂ ਵੀ ਸ਼ੁਰੂ ਹੋ ਗਈਆਂ।
ਦਿੱਲੀ ਦੇ ਪੁਸ਼ਪਾਂਜਲੀ ਮੈਡੀਕਲ ਸੈਂਟਰ ਦੇ ਸੀਨੀਅਰ ਡਾਕਟਰ ਮਨੀਸ਼ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਨੌਜਵਾਨਾਂ ਨੇ ਬਿਨਾਂ ਸੋਚੇ ਸਮਝੇ ਪ੍ਰੋਟੀਨ ਸਪਲੀਮੈਂਟ ਲੈਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਬੀਮਾਰ ਹੋ ਗਏ।
ਉਹ ਦੱਸਦੇ ਹਨ ਕਿ "ਅਸੀਂ ਪ੍ਰੋਟੀਨ ਸ਼ੇਕ ਲੈਣ ਤੋਂ ਮਨਾਂ ਕਰਦੇ ਹਾਂ ਕਿਉਂਕਿ ਕਈ ਵਾਰ ਇਹ ਸੈੱਲਾਂ ਦੇ ਅੰਦਰ ਦੀਆਂ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਘਟਾਉਂਦਾ ਹੈ।"
ਡਾਕਟਰ ਮਨੀਸ਼ ਕਹਿੰਦੇ ਹਨ ਕਿ “ਮੈਂ ਨੌਜਵਾਨਾਂ ਦੇ ਲੀਵਰ ਦੇ ਅੰਦਰ ਰੇਸ਼ਾ ਭਰਨ ਦੇ ਕਈ ਮਾਮਲੇ ਦੇਖੇ ਹਨ। ਡੀਲ-ਡੋਲ ਚੰਗੀ ਹੋਣ ਦੇ ਬਾਵਜੂਦ ਕਿਸੇ ਨੂੰ ਨਿਮੋਨੀਆ ਹੋ ਗਿਆ ਹੈ। ਫ਼ਿਰ ਪਤਾ ਲੱਗਦਾ ਹੈ ਕਿ ਉਹ ਬਾਡੀ ਬਿਲਡਿੰਗ ਲਈ ਪ੍ਰੋਟੀਨ ਸ਼ੇਕ ਲੈ ਰਹੇ ਹਨ।”

ਪ੍ਰੋਟੀਨ ਦੇ ਕੁਦਰਤੀ ਸਾਧਨ ਬਨਾਮ ਪ੍ਰੋਟੀਨ ਸ਼ੇਕ
- ਆਂਡੇ, ਦੁੱਧ, ਦਹੀਂ, ਮੱਛੀ, ਦਾਲਾਂ, ਮੀਟ, ਸੋਇਆ ਆਦਿ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ।
- ਪ੍ਰੋਟੀਨ ਸਪਲੀਮੈਂਟ ਪਾਊਡਰ ਪੌਦਿਆਂ ਜਿਵੇਂ ਕਿ ਆਲੂ, ਸੋਇਆਬੀਨ, ਚੌਲ, ਮਟਰ, ਅਤੇ ਅੰਡੇ ਜਾਂ ਦੁੱਧ ਤੋਂ ਕੱਢਿਆ ਜਾਂਦਾ ਹੈ। ਪਰ ਇਸ ਪਾਊਡਰ ਦਾ ਰੂਪ ਦੇਣ ਤੇ ਲੰਬੇ ਸਮੇਂ ਲਈ ਚਲਾਉਣ ਲਈ ਕਈ ਹੋਰ ਸੰਥੈਟਿਕ ਪਦਾਰਥ ਵਰਤੇ ਜਾਂਦੇ ਹਨ।
- ਜੇ ਕਿਸੇ ਵਿਅਕਤੀ ਦੀ ਸਿਹਤ ਦੇ ਆਧਾਰ ’ਤੇ ਲੋੜੀਂਦਾ ਪ੍ਰੋਟੀਨ ਸ਼ੇਕ ਨਾ ਦਿੱਤਾ ਜਾਵੇ ਤਾਂ ਉਹ ਨੁਕਸਾਨਦੇਹ ਹੋ ਸਕਦਾ ਹੈ।
- ਜੇਕਰ ਕਾਰਖਾਨੇ ਵਿੱਚ ਦੇਖਭਾਲ ਨਾ ਕੀਤੀ ਜਾਵੇ, ਤਾਂ ਪ੍ਰੋਟੀਨ ਨੂੰ ਸਰੋਤ ਤੋਂ ਵੱਖ ਕਰਨ ਦੀ ਪ੍ਰਕਿਰਿਆ ਵਿੱਚ ਲਿਡ, ਆਰਸੈਨਿਕ ਅਤੇ ਪਾਰਾ ਵਰਗੀਆਂ ਭਾਰੀ ਧਾਤਾਂ ਮਿਲਣ ਦਾ ਖਤਰਾ ਰਹਿੰਦਾ ਹੈ।
- ਇਹ ਭਾਰੀ ਧਾਤਾਂ ਗੁਰਦਿਆਂ ਤੇ ਜਿਗਰ ਵਰਗੇ ਅੰਗਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
- ਮਾਹਰਾਂ ਦਾ ਕਹਿਣਾ ਹੈ ਕਿ ਉਹ ਪ੍ਰੋਟੀਨ ਸ਼ੇਕ ਲੈਣ ਤੋਂ ਮਨਾਂ ਕਰਦੇ ਹਾਂ ਕਿਉਂਕਿ ਕਈ ਵਾਰ ਇਹ ਸੈੱਲਾਂ ਦੇ ਅੰਦਰ ਦੀਆਂ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਘਟਾਉਂਦਾ ਹੈ।


ਤਸਵੀਰ ਸਰੋਤ, Getty Images
ਡਾਕਟਰ ਮਨੀਸ਼ ਦੱਸਦੇ ਹਨ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਲਾਭ ਅਤੇ ਨੁਕਸਾਨ ਨੂੰ ਜਾਣੇ ਬਿਨਾਂ ਸਪਲੀਮੈਂਟ ਲੈਣਾ ਸ਼ੁਰੂ ਕਰ ਦਿੰਦੇ ਹਨ, ਭਾਵੇਂ ਉਨ੍ਹਾਂ ਨੂੰ ਉਸ ਦੀ ਲੋੜ ਨਾ ਵੀ ਹੋਵੇ।
ਉਹ ਕਹਿੰਦੇ ਹਨ, “ਜਦੋਂ ਤੁਸੀਂ ਸਿਹਤਮੰਦ ਹੀ ਨਹੀਂ ਹੋ ਤਾਂ ਬਾਡੀ ਬਿਲਡਿੰਗ ਦਾ ਕੀ ਫ਼ਾਇਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਜਿਮ ਜਾਣ ਵਾਲੇ ਕਈ ਲੋਕਾਂ ਨੂੰ ਦਿਲ ਦਾ ਦੌਰਾ ਪੈ ਗਿਆ ਹੈ। ਚੰਗਾ ਸਰੀਰ, ਚੰਗੀ ਸਿਹਤ ਦਾ ਮਾਪਦੰਡ ਨਹੀਂ ਹੈ। ਸਭ ਤੋਂ ਅਹਿਮ ਚੀਜ਼ ਹੈ ਸੰਤੁਲਿਤ ਖੁਰਾਕ ਲੈਣਾ।
ਇਸੇ ਤਰ੍ਹਾਂ ਡਾਕਟਰ ਸਮੀਰ ਜਮਵਾਲ ਪ੍ਰੋਟੀਨ ਸਪਲੀਮੈਂਟ ਨਾਲ ਜੁੜੇ ਇੱਕ ਵੱਡੇ ਖ਼ਤਰੇ ਬਾਰੇ ਸੁਚੇਤ ਕਰਵਾਉਂਦੇ ਹਨ। ਇਹ ਖ਼ਤਰਾ ਹੈ, ਪ੍ਰੋਟੀਨ ਸਪਲੀਮੈਂਟ ਵਿੱਚ ਭਾਰੀ ਧਾਤਾਂ ਦੀ ਅਸ਼ੁੱਧਤਾ।
ਡਾਕਟਰ ਜਮਵਾਲ ਦੱਸਦੇ ਹਨ, "ਜਿੰਮ ਜਾਣ ਵਾਲੇ ਲੋਕ ਆਮ ਤੌਰ 'ਤੇ ਦੁੱਧ ਤੋਂ ਬਣੇ ਹੋਏ ਪ੍ਰੋਟੀਨ ਦੀ ਵਰਤੋਂ ਕਰਦੇ ਹਨ। ਜੇਕਰ ਕਾਰਖਾਨੇ ਵਿੱਚ ਦੇਖਭਾਲ ਨਾ ਕੀਤੀ ਜਾਵੇ, ਤਾਂ ਪ੍ਰੋਟੀਨ ਨੂੰ ਸਰੋਤ ਤੋਂ ਵੱਖ ਕਰਨ ਦੀ ਪ੍ਰਕਿਰਿਆ ਵਿੱਚ ਲਿਡ, ਆਰਸੈਨਿਕ ਅਤੇ ਪਾਰਾ ਵਰਗੀਆਂ ਭਾਰੀ ਧਾਤਾਂ ਮਿਲਣ ਦਾ ਖਤਰਾ ਰਹਿੰਦਾ ਹੈ।”
“ਸਰੀਰ ਇਨ੍ਹਾਂ ਭਾਰੀ ਧਾਤਾਂ ਨੂੰ ਬਾਹਰ ਕੱਢਣ ਵਿੱਚ ਅਸਮਰੱਥ ਹੁੰਦਾ ਹੈ ਅਤੇ ਇਸ ਨਾਲ ਗੁਰਦੇ ਤੇ ਜਿਗਰ ਵਰਗੇ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ।

ਤਸਵੀਰ ਸਰੋਤ, Getty Images
ਪ੍ਰੋਟੀਨ ਸਪਲੀਮੈਂਟ ਦਾ ਬਾਜ਼ਾਰ
ਭਾਰਤ ਵਿੱਚ ਪ੍ਰੋਟੀਨ ਅਤੇ ਹੋਰ ਸਪਲੀਮੈਂਟਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ।
ਆਈਐੱਮਏਰਸੀ ਦੇ ਮੁਤਾਬਕ, 2022 ਵਿੱਚ ਭਾਰਤ ਵਿੱਚ ਡਾਇਟਰੀ ਸਪਲੀਮੈਂਟ ਦਾ ਬਾਜ਼ਾਰ ਕਰੀਬ 436 ਅਰਬ ਰੁਪਏ ਸੀ, ਜੋ ਕਿ 2028 ਤੱਕ ਤਕਰੀਬਨ 958 ਅਰਬ ਰੁਪਏ ਹੋ ਜਾਵੇਗਾ।
ਇਸ ਦਾ ਵੱਡਾ ਹਿੱਸਾ ਪ੍ਰੋਟੀਨ ਸਪਲੀਮੈਂਟਸ ਦਾ ਹੈ।
ਅਜਿਹੇ 'ਚ ਮੁਨਾਫ਼ਾ ਕਮਾਉਣ ਲਈ ਨਕਲੀ ਅਤੇ ਮਿਲਾਵਟੀ ਪ੍ਰੋਟੀਨ ਸਪਲੀਮੈਂਟਸ ਦਾ ਕਾਰੋਬਾਰ ਵੀ ਸ਼ੁਰੂ ਹੋ ਗਿਆ ਹੈ।
ਪੱਛਮੀ ਦਿੱਲੀ ਵਿੱਚ ਸਪਲੀਮੈਂਟ ਅਤੇ ਸਿਹਤ ਸੰਭਾਲ ਉਤਪਾਦਾਂ ਦਾ ਸ਼ੋਅ ਰੂਮ ਚਲਾਉਣ ਵਾਲੇ ਅਮਨ ਚੌਹਾਨ ਦਾ ਕਹਿਣਾ ਹੈ ਕਿ ਮਿਲਾਵਟੀ ਅਤੇ ਨਕਲੀ ਉਤਪਾਦਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ।
ਉਹ ਕਹਿੰਦੇ ਹਨ, "ਸਪਲੀਮੈਂਟਸ ਸਿਰਫ ਸਥਾਪਿਤ ਕੰਪਨੀਆਂ ਦੁਆਰਾ ਅਧਿਕਾਰਤ ਸਟੋਰਾਂ ਤੋਂ ਹੀ ਖਰੀਦੇ ਜਾਣੇ ਚਾਹੀਦੇ ਹਨ। ਉਤਪਾਦ ਦੇ ਪੈਕੇਜ 'ਤੇ ਹਾਲਮਾਰਕ ਸਟੈਂਪ, ਇਮਪੋਰਟਰ ਦਾ ਟੈਗ ਜ਼ਰੂਰ ਚੈਕ ਕਰੋ ਅਤੇ ਜੀਐੱਸਟੀ ਬਿੱਲ ਜ਼ਰੂਰ ਲਓ।''

ਤਸਵੀਰ ਸਰੋਤ, Getty Images
ਕੀ ਚੇਤਾਵਨੀ ਦੇਣ ਨਾਲ ਕੁਝ ਬਦਲੇਗਾ?
ਯੂਕੇ ਵਿੱਚ ਅਜੇ ਤੱਕ ਇਹ ਫ਼ੈਸਲਾ ਨਹੀਂ ਕੀਤਾ ਗਿਆ ਹੈ ਕਿ ਕੀ ਪ੍ਰੋਟੀਨ ਸਪਲੀਮੈਂਟਾਂ ਦੇ ਲੇਬਲ 'ਤੇ ਚੇਤਾਵਨੀ ਹੋਣੀ ਚਾਹੀਦੀ ਹੈ ਜਾਂ ਨਹੀਂ।
ਪਰ ਕੀ ਸਿਰਫ਼ ਇੱਕ ਚੇਤਾਵਨੀ ਹੀ ਕਾਫ਼ੀ ਹੋਵੇਗੀ?
ਕਿਉਂਕਿ ਇਸ ਨਾਲ ਜੁੜਿਆ ਇੱਕ ਸਵਾਲ ਇਹ ਵੀ ਹੈ ਕਿ ਭਾਰਤ ਵਿੱਚ ਜੈਨੇਟਿਕ ਮੈਪਿੰਗ ਕਰਵਾਉਣ ਦੀ ਕੋਈ ਰਵਾਇਤ ਨਹੀਂ ਹੈ, ਜਿਸ ਨਾਲ ਇਹ ਪਤਾ ਲੱਗ ਸਕੇ ਕਿ ਕਿਸੇ ਨੂੰ ਕਿਹੜਾ ਜੈਨੇਟਿਕ ਡਿਸਆਰਡਰ ਹੈ ਅਤੇ ਕਿਸ ਵਿਅਕਤੀ ਨੂੰ ਕਿਹੜੀ ਚੀਜ਼ ਦੇ ਸੇਵਨ ਨਾਲ ਕਿਹੜੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ।
ਅਜਿਹੇ 'ਚ ਜ਼ਿਆਦਾਤਰ ਮਾਮਲੇ ਡਾਕਟਰਾਂ ਕੋਲ ਉਦੋਂ ਹੀ ਆਉਂਦੇ ਹਨ ਜਦੋਂ ਕਿਸੇ ਨੂੰ ਉਸ ਵਿਕਾਰ ਕਾਰਨ ਕੋਈ ਗੰਭੀਰ ਸਮੱਸਿਆ ਪੇਸ਼ ਹੋ ਜਾਂਦੀ ਹੈ।
ਅਜਿਹੇ 'ਚ ਲੇਬਲ 'ਤੇ ਚੇਤਾਵਨੀ ਲਿਖੀ ਹੋਣਾ ਸ਼ਾਇਦ ਇੰਨਾ ਕਾਰਗਰ ਸਾਬਤ ਨਾ ਹੋਵੇ।
ਡਾਕਟਰ ਦੱਸਦੇ ਹਨ ਕਿ ਲੋਕਾਂ ਨੂੰ ਸਪਲੀਮੈਂਟ ਲੈਣ ਦੀ ਬਜਾਇ ਆਪਣੀ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ।












