ਨੂੰਹ ਹਿੰਸਾ ਤੋਂ ਬਾਅਦ ਸਿੱਖਾਂ ਨੇ ਸੋਹਨਾ ਦੀ ਮਸਜਿਦ ਤੇ ਮੁਸਲਮਾਨ, ਦੰਗਾਕਾਰੀਆਂ ਤੋਂ ਕਿਵੇਂ ਬਚਾਏ -ਗਰਾਊਂਡ ਰਿਪੋਰਟ

ਸਿੱਖ ਮੁਸਲਿਮ
ਤਸਵੀਰ ਕੈਪਸ਼ਨ, ਪੁਰਾਣੀਆਂ ਮਸਜਿਦਾਂ ਵਿੱਚੋਂ ਇੱਕ ਸ਼ਾਹੀ ਜਾਮਾ ਮਸਜਿਦ ਦੇ ਇਮਾਮ ਕਲੀਮ ਕਾਸ਼ਫੀ ਨੂੰ ਕੁਝ ਹੋਣ ਦਾ ਸ਼ੱਕ ਸੀ
    • ਲੇਖਕ, ਦਿਲਨਵਾਜ਼ ਪਾਸ਼ਾ
    • ਰੋਲ, ਬੀਬੀਸੀ ਪੱਤਰਕਾਰ, ਸੋਹਨਾ ਤੋਂ

31 ਜੁਲਾਈ ਨੂੰ ਨੂੰਹ ਵਿੱਚ ਹੋਈ ਫਿਰਕੂ ਹਿੰਸਾ ਤੋਂ ਬਾਅਦ ਆਸ-ਪਾਸ ਦੇ ਇਲਾਕਿਆਂ ਵਿੱਚ ਤਣਾਅ ਸੀ।

ਇੱਥੋਂ ਕਰੀਬ 20 ਕਿਲੋਮੀਟਰ ਦੂਰ ਸੋਹਨਾ ਵਿੱਚ ਵੀ ਹਾਲਾਤ ਤਣਾਅਪੂਰਨ ਹੋ ਰਹੇ ਸਨ।

ਸ਼ਹਿਰ ਦੀ ਸਭ ਤੋਂ ਵੱਡੀ ਮਸਜਿਦ ਅਤੇ ਇਲਾਕੇ ਦੀਆਂ ਸਭ ਤੋਂ ਪੁਰਾਣੀਆਂ ਮਸਜਿਦਾਂ ਵਿੱਚੋਂ ਇੱਕ ਸ਼ਾਹੀ ਜਾਮਾ ਮਸਜਿਦ ਦੇ ਇਮਾਮ ਕਲੀਮ ਕਾਸ਼ਫੀ ਨੂੰ ਕੁਝ ਹੋਣ ਦਾ ਸ਼ੱਕ ਸੀ।

ਪਰ ਉਨ੍ਹਾਂ ਦਾ ਦਿਲ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਜਿਸ ਇਲਾਕੇ ਵਿਚ ਉਨ੍ਹਾਂ ਦਾ ਪਰਿਵਾਰ ਦਹਾਕਿਆਂ ਤੋਂ ਰਹਿ ਰਿਹਾ ਹੈ, ਉੱਥੇ ਉਨ੍ਹਾਂ ਨਾਲ ਕੁਝ ਮਾੜਾ ਹੋ ਸਕਦਾ ਹੈ।

ਮਸਜਿਦ
ਤਸਵੀਰ ਕੈਪਸ਼ਨ, ਇਮਾਮ ਕਲੀਮ ਕਸ਼ਫੀ ਮੁਤਾਬਕ, ਇਹ ਮਸਜਿਦ ਅਲਾਉਦੀਨ ਖਿਲਜੀ ਦੇ ਆਦੇਸ਼ 'ਤੇ ਬਣਾਈ ਗਈ ਸੀ

ਨੂੰਹ ਦੇ ਘਟਨਾਕ੍ਰਮ ਤੋਂ ਬਾਅਦ ਕਲੀਮ ਕਾਸ਼ਫੀ ਸੁਚੇਤ ਹੋ ਗਏ ਸਨ। ਆਲੇ-ਦੁਆਲੇ ਦੇ ਲੋਕਾਂ ਨੇ ਵੀ ਉਨ੍ਹਾਂ ਨੂੰ ਕੁਝ ਦਿਨਾਂ ਲਈ ਸੁਰੱਖਿਅਤ ਥਾਂ 'ਤੇ ਜਾਣ ਦੀ ਸਲਾਹ ਦਿੱਤੀ ਸੀ।

ਪਰ 1 ਅਗਸਤ ਨੂੰ ਸੋਹਨਾ ਵਿੱਚ ਸ਼ਾਂਤੀ ਕਮੇਟੀ (ਵੱਖ-ਵੱਖ ਧਰਮਾਂ ਦੇ ਆਗੂਆਂ ਅਤੇ ਪੁਲਿਸ ਪ੍ਰਸ਼ਾਸਨ) ਦੀ ਮੀਟਿੰਗ ਹੋਈ ਅਤੇ ਸ਼ਹਿਰ ਵਿੱਚ ਭਾਈਚਾਰਕ ਸਾਂਝ ਪੈਦਾ ਕਰਨ ਲਈ ਮਿਲ ਕੇ ਕੰਮ ਕਰਨ ਦਾ ਫ਼ੈਸਲਾ ਕੀਤਾ ਗਿਆ।

ਇਸ ਮੀਟਿੰਗ ਵਿੱਚ ਸ਼ਾਮਲ ਹੋਏ ਖੇਤਰੀ ਕੌਂਸਲਰ ਦੇ ਪਤੀ ਗੁਰਬਚਨ ਸਿੰਘ ਨੇ ਮੀਟਿੰਗ ਤੋਂ ਪਹਿਲਾਂ ਇਮਾਮ ਕਲੀਮ ਕਾਸ਼ਫੀ ਨੂੰ ਉਸ ਦੇ ਪਰਿਵਾਰ ਨੂੰ ਸੁਰੱਖਿਅਤ ਥਾਂ ’ਤੇ ਭੇਜਣ ਦੀ ਅਪੀਲ ਕੀਤੀ ਸੀ।

ਪਰ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਕਲੀਮ ਕਾਸ਼ਫੀ ਨੂੰ ਕਿਹਾ ਕਿ ‘ਹੁਣ ਠੀਕ ਹੋਣ ਦੇ ਸੰਕੇਤ ਹਨ’।

ਇਮਾਮ
ਤਸਵੀਰ ਕੈਪਸ਼ਨ, ਕਲੀਮ ਕਸ਼ਫੀ ਕਹਿੰਦੇ ਹਨ, “ਪ੍ਰਸ਼ਾਸਨ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਸਾਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਸੀ

ਇਮਾਮ ਅਤੇ ਉਨ੍ਹਾਂ ਦੇ ਭਰਾਵਾਂ ਦੇ ਪਰਿਵਾਰ ਸ਼ਾਹੀ ਮਸਜਿਦ ਦੇ ਵਿਹੜੇ ਦੇ ਇੱਕ ਹਿੱਸੇ ਵਿੱਚ ਰਹਿੰਦੇ ਹਨ।

ਨੂੰਹ ਵਿੱਚ ਵਾਪਰੀ ਘਟਨਾ ਤੋਂ ਬਾਅਦ ਮਸਜਿਦ ਦੀ ਸੁਰੱਖਿਆ ਲਈ ਪੁਲੀਸ ਤੈਨਾਤ ਕੀਤੀ ਗਈ ਸੀ।

ਕਲੀਮ ਕਸ਼ਫੀ ਕਹਿੰਦੇ ਹਨ, “ਪ੍ਰਸ਼ਾਸਨ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਸਾਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਸੀ। ਪੁਲਿਸ ਵੀ ਮੌਜੂਦ ਸੀ, ਇਸ ਲਈ ਡਰ ਦੇ ਬਾਵਜੂਦ ਅਸੀਂ ਪਰਿਵਾਰ ਸਮੇਤ ਇੱਥੇ ਰੁਕੇ ਰਹੇ।"

ਸੋਹਨਾ ਵਿੱਚ ਮੁਸਲਮਾਨਾਂ ਦੀ ਸੀਮਤ ਆਬਾਦੀ ਹੈ। ਸ਼ਾਹੀ ਜਾਮਾ ਮਸਜਿਦ ਦੇ ਆਲੇ-ਦੁਆਲੇ ਮੁਸਲਮਾਨਾਂ ਦੇ ਕੁਝ ਕੁ ਘਰ ਹੀ ਹਨ ਅਤੇ ਮਸਜਿਦ ਦੇ ਇਮਾਮ ਦੇ ਸਾਂਝੇ ਪਰਿਵਾਰ ਦੇ 40 ਦੇ ਕਰੀਬ ਲੋਕਾਂ ਤੋਂ ਇਲਾਵਾ ਇੱਥੇ ਆਸ-ਪਾਸ ਕੁਝ ਕੁ ਹੀ ਮੁਸਲਮਾਨ ਹਨ।

ਸ਼ਾਹੀ ਜਾਮਾ ਮਸਜਿਦ ਦਾ ਸਹੀ-ਸਹੀ ਇਤਿਹਾਸ ਤਾਂ ਨਹੀਂ ਮਿਲਿਆ ਪਰ ਇਮਾਰਤ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਮਸਜਿਦ ਸਦੀਆਂ ਪੁਰਾਣੀ ਹੈ।

ਬੀਬੀਸੀ

ਨੂੰਹ ਹਿੰਸਾ ਬਾਰੇ ਮੁੱਖ ਗੱਲਾਂ

  • 31 ਜੁਲਾਈ ਨੂੰ ਹਰਿਆਣਾ ਦੇ ਮੇਵਾਤ ਦੇ ਨੂੰਹ ਜ਼ਿਲ੍ਹੇ 'ਚ ਹਿੰਸਾ ਭੜਕ ਗਈ
  • ਇਹ ਹਿੰਸਾ ਇੱਕ ਧਾਰਮਿਕ ਯਾਤਰਾ ਦੌਰਾਨ ਭੜਕੀ
  • ਇਹ ਯਾਤਰਾ ਹਿੰਦੂ ਵਿਸ਼ਵ ਪ੍ਰੀਸ਼ਦ ਤੇ ਬਜਰੰਗ ਦਲ ਨੇ ਕੱਢੀ ਸੀ
  • ਇਸ ਦੌਰਾਨ ਕਾਫੀ ਪੱਥਰਬਾਜ਼ੀ ਹੋਈ ਅਤੇ ਕਈ ਵਾਹਨ ਵੀ ਫੂਕੇ ਗਏ
  • ਪੁਲਿਸ ਮੁਤਾਬਕ, ਹਿੰਸਾ ਵਿੱਚ 6 ਮੌਤਾਂ ਤੇ ਘੱਟੋ-ਘੱਟ 60 ਲੋਕ ਜ਼ਖ਼ਮੀ ਹੋਏ ਸਨ
  • ਇਸ ਦੌਰਾਨ ਗੁਰੂਗ੍ਰਾਮ ਵਿੱਚ ਵੀ ਇੱਕ ਮਸਜਿਦ ਨੂੰ ਸਾੜਿਆ ਗਿਆ
  • ਇਸ ਘਟਨਾ ਵਿੱਚ ਮਸਜਿਦ ਦੇ ਇਮਾਮ ਦਾ ਵੀ ਕਤਲ ਕਰ ਦਿੱਤਾ ਗਿਆ
  • ਇਸ ਪੂਰੇ ਮਾਮਲੇ 'ਚ ਮੋਨੂੰ ਮਾਨੇਸਰ ਦਾ ਵੀ ਨਾਮ ਆ ਰਿਹਾ ਹੈ
  • ਕਿਹਾ ਜਾ ਰਿਹਾ ਹੈ ਕਿ ਉਸ ਦੇ ਯਾਤਰਾ 'ਚ ਸ਼ਾਮਲ ਹੋਣ ਨੂੰ ਲੈ ਕੇ ਬਵਾਲ ਹੋਇਆ
ਬੀਬੀਸੀ

ਹਮਲਾ ਕਰੀਬ ਦੁਪਹਿਰੇ ਇੱਕ ਵਜੇ ਹੋਇਆ

ਇਮਾਮ ਕਲੀਮ ਕਸ਼ਫੀ ਮੁਤਾਬਕ, ਇਹ ਮਸਜਿਦ ਅਲਾਉਦੀਨ ਖਿਲਜੀ ਦੇ ਆਦੇਸ਼ 'ਤੇ ਬਣਾਈ ਗਈ ਸੀ।

ਤਿੰਨ ਵੱਡੇ ਗੁੰਬਦਾਂ ਵਾਲੀ ਇਹ ਮਸਜਿਦ ਉਚਾਈ 'ਤੇ ਬਣੀ ਹੋਈ ਹੈ। ਇਸਦੇ ਇੱਕ ਪਾਸੇ ਬਾਰਾਂ ਥੰਮਾਂ ਵਾਲਾ ਇੱਕ ਵਿਸ਼ਾਲ ਗੁੰਬਦ ਹੈ ਅਤੇ ਇਸਦੇ ਨਾਲ ਲੱਗਦੀ ਇੱਕ ਮਕਬਰੇ ਵਰਗੀ ਇਮਾਰਤ ਹੈ। ਜਿਸ ਵਿੱਚ ਹੁਣ ਇਮਾਮ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਰਹਿੰਦੇ ਹਨ।

ਮੰਗਲਵਾਰ ਦੁਪਹਿਰ ਕਰੀਬ ਇਕ ਵਜੇ ਇਮਾਮ ਕਾਸ਼ਫੀ ਨੂੰ ਸੂਚਨਾ ਮਿਲਣ ਲੱਗੀ ਕਿ ਮਸਜਿਦ 'ਤੇ ਹਮਲਾ ਹੋ ਸਕਦਾ ਹੈ।

ਸਥਾਨਕ ਕੌਂਸਲਰ

ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਕਮਰਿਆਂ ਵਿੱਚ ਬੰਦ ਕਰ ਦਿੱਤਾ। ਦੁਪਹਿਰ ਇੱਕ ਵਜੇ ਦੇ ਕਰੀਬ ਕੁਝ ਨੌਜਵਾਨਾਂ ਨੇ ਮਸਜਿਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਭਜਾ ਦਿੱਤਾ।

ਕਲੀਮ ਕਾਸ਼ਫੀ ਦੱਸਦੇ ਹਨ, “ਜਦੋਂ ਦੋ-ਤਿੰਨ ਨੌਜਵਾਨ ਮਸਜਿਦ ਦੀ ਕੰਧ ਟੱਪ ਕੇ ਅੰਦਰ ਆਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਭਜਾ ਦਿੱਤਾ। ਅਸੀਂ ਤੁਰੰਤ ਇਸ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ। ਐੱਸਐੱਚਓ ਨੇ ਮੌਕੇ 'ਤੇ ਪਹੁੰਚ ਕੇ ਮਸਜਿਦ 'ਤੇ ਹਮਲਾ ਕਰਨ ਆਏ ਨੌਜਵਾਨਾਂ ਦੇ ਛੋਟੇ ਸਮੂਹ ਨੂੰ ਖਦੇੜ ਦਿੱਤਾ।"

ਕਾਸ਼ਫੀ ਕਹਿੰਦੇ ਹਨ, "ਪਰ ਕੁਝ ਮਿੰਟਾਂ ਬਾਅਦ, ਇੱਕ ਵੱਡੀ ਭੀੜ ਨੇ ਦੂਜੇ ਪਾਸਿਓਂ ਮਸਜਿਦ 'ਤੇ ਹਮਲਾ ਕਰ ਦਿੱਤਾ। ਪੁਲਿਸ ਵੀ ਉਨ੍ਹਾਂ ਦੇ ਸਾਹਮਣੇ ਬੇਵੱਸ ਹੋ ਗਈ।"

ਜਦੋਂ ਨੌਜਵਾਨਾਂ ਦੀ ਭੀੜ ਅੱਗੇ ਵਧੀ ਤਾਂ ਕਾਸ਼ਫੀ ਦਾ ਭਤੀਜਾ ਸਾਦਿਕ ਮਸਜਿਦ ਦੇ ਵਿਹੜੇ ਵਿੱਚ ਮੌਜੂਦ ਸੀ।

ਭੀੜ ਨੂੰ ਦੇਖ ਕੇ ਉਨ੍ਹਾਂ ਨੇ ਰਿਹਾਇਸ਼ੀ ਇਲਾਕੇ ਦਾ ਦਰਵਾਜ਼ਾ ਬੰਦ ਕਰ ਲਿਆ। ਆਪਣੇ ਘਰ ਦੀ ਰਸੋਈ ਦੇ ਜਾਲ ਤੋਂ ਉਹ ਭੀੜ ਦੇ ਹਮਲੇ ਨੂੰ ਦੇਖ ਰਹੇ ਸੀ।

ਗੁਰਚਰਨ ਸਿੰਘ
ਤਸਵੀਰ ਕੈਪਸ਼ਨ, ਸਾਦਿਕ ਨੇ ਮਸਜਿਦ 'ਤੇ ਹਮਲੇ ਦੀ ਇਕ ਛੋਟੀ ਜਿਹੀ ਵੀਡੀਓ ਵੀ ਘਰ 'ਚ ਲੱਗੀ ਇੱਕ ਜਾਲੀ ਤੋਂ ਬਣਾਈ ਸੀ

ਸਾਦਿਕ ਦੱਸਦੇ ਹਨ, “ਸਾਨੂੰ ਘਰ ਦੀਆਂ ਔਰਤਾਂ ਅਤੇ ਬੱਚਿਆਂ ਦੀ ਚਿੰਤਾ ਸੀ। ਅੰਦਰੋਂ ਦਰਵਾਜ਼ਾ ਬੰਦ ਕਰਕੇ, ਅਸੀਂ ਉਨ੍ਹਾਂ ਨੂੰ ਗੁੰਬਦ ਦੇ ਉੱਪਰ ਚੜਾ ਦਿੱਤਾ ਤਾਂ ਜੋ ਹਮਲਾਵਰ ਉਨ੍ਹਾਂ ਨੂੰ ਦੇਖ ਨਾ ਸਕਣ। ਅਸੀਂ ਬਾਹਰੋਂ ਤਾਲਾ ਲਗਾ ਦਿੱਤਾ ਸੀ ਤਾਂ ਜੋ ਭੀੜ ਇਹ ਸੋਚੇ ਕਿ ਕੋਈ ਅੰਦਰ ਨਹੀਂ ਹੈ।"

ਸਾਦਿਕ ਨੇ ਮਸਜਿਦ 'ਤੇ ਹਮਲੇ ਦੀ ਇਕ ਛੋਟੀ ਜਿਹੀ ਵੀਡੀਓ ਵੀ ਘਰ 'ਚ ਲੱਗੀ ਇੱਕ ਜਾਲੀ ਤੋਂ ਬਣਾਈ ਸੀ। ਇਸ ਵੀਡੀਓ 'ਚ ਹੱਥਾਂ 'ਚ ਹਥਿਆਰ ਲੈ ਕੇ ਹਮਲਾਵਰ ਮਸਜਿਦ 'ਚ ਭੰਨਤੋੜ ਕਰਦੇ ਨਜ਼ਰ ਆ ਰਹੇ ਹਨ।

ਇਸ ਦੌਰਾਨ ਮਸਜਿਦ ਵਿੱਚ ਇਮਾਮ ਅਤੇ ਉਨ੍ਹਾਂ ਦੇ ਪਰਿਵਾਰ ਦੇ ਫ਼ਸੇ ਹੋਣ ਦੀ ਖ਼ਬਰ ਸਥਾਨਕ ਕੌਂਸਲਰ ਗੁਰਬਚਨ ਸਿੰਘ ਕੋਲ ਪਹੁੰਚੀ। ਉਨ੍ਹਾਂ ਨੇ ਤੁਰੰਤ ਨੇ ਨੇੜਲੇ ਸਿੱਖ ਨੌਜਵਾਨਾਂ ਨੂੰ ਇਕੱਠਾ ਕੀਤਾ ਅਤੇ ਮਸਜਿਦ ਵੱਲ ਵਧੇ।

ਗੁਰਦੁਆਰਾ
ਤਸਵੀਰ ਕੈਪਸ਼ਨ, ਖ਼ਬਰ ਸਥਾਨਕ ਕੌਂਸਲਰ ਗੁਰਬਚਨ ਸਿੰਘ ਕੋਲ ਪਹੁੰਚੀ। ਉਨ੍ਹਾਂ ਨੇ ਤੁਰੰਤ ਨੇ ਨੇੜਲੇ ਸਿੱਖ ਨੌਜਵਾਨਾਂ ਨੂੰ ਇਕੱਠਾ ਕੀਤਾ ਅਤੇ ਮਸਜਿਦ ਵੱਲ ਵਧੇ
ਇਹ ਵੀ ਪੜ੍ਹੋ-

'ਅਸੀਂ ਆਪਣੇ ਧਰਮ ਦਾ ਪਾਲਣ ਕਰ ਰਹੇ ਸੀ'

ਗੁਰਬਚਨ ਦੱਸਦੇ ਹਨ, “ਸਥਾਨਕ ਪੁਲਿਸ ਦੰਗਾਕਾਰੀਆਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਨ੍ਹਾਂ ਦੀ ਗਿਣਤੀ ਘੱਟ ਸੀ। ਸਾਨੂੰ ਅੱਗੇ ਵਧਦਾ ਦੇਖ ਕੇ ਪੁਲਿਸ ਵਾਲਿਆਂ ਦੇ ਵੀ ਹੌਸਲੇ ਬੁਲੰਦ ਹੋ ਗਏ। ਜਦੋਂ ਤੱਕ ਅਸੀਂ ਮਸਜਿਦ ਦੇ ਅੰਦਰ ਦਾਖ਼ਲ ਹੋਏ, ਦੰਗਾਕਾਰੀ ਭੱਜ ਚੁੱਕੇ ਸਨ।"

ਗੁਰਬਚਨ ਸਿੰਘ ਦਾ ਕਹਿਣਾ ਹੈ, “ਅਸੀਂ ਪੁਲਿਸ ਦੇ ਨਾਲ ਮਿਲ ਕੇ ਇਮਾਮ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਚਾਇਆ ਅਤੇ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਇਆ। ਅਸੀਂ ਇਮਾਮ ਸਾਹਿਬ ਨੂੰ ਕਿਹਾ ਕਿ ਜੇਕਰ ਉਹ ਸਾਡੇ ਕੋਲ ਰਹਿਣਾ ਚਾਹੁੰਦੇ ਹਨ ਤਾਂ ਉਹ ਰਹਿ ਸਕਦੇ ਹਨ।"

ਕੀ ਇਸ ਦੌਰਾਨ ਗੁਰਬਚਨ ਸਿੰਘ ਨੂੰ ਡਰ ਲੱਗ ਰਿਹਾ ਸੀ? ਇਸ ਸਵਾਲ 'ਤੇ ਉਹ ਕਹਿੰਦੇ ਹਨ, "ਅਸੀਂ ਸਿਰਫ਼ ਇਹ ਜਾਣਦੇ ਸੀ ਕਿ ਜਾਨ ਬਚਾਉਣਾ ਸਾਡਾ ਸਭ ਤੋਂ ਵੱਡਾ ਫਰਜ਼ ਹੈ। ਅਸੀਂ ਇਮਾਮ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਚਪਨ ਤੋਂ ਜਾਣਦੇ ਹਾਂ। ਅਸੀਂ ਸਿਰਫ਼ ਆਪਣੇ ਧਰਮ ਦਾ ਪਾਲਣ ਕਰ ਰਹੇ ਸੀ।"

ਮਸਜਿਦ
ਤਸਵੀਰ ਕੈਪਸ਼ਨ, "ਅਸੀਂ ਸਿਰਫ਼ ਇਹ ਜਾਣਦੇ ਸੀ ਕਿ ਜਾਨ ਬਚਾਉਣਾ ਸਾਡਾ ਸਭ ਤੋਂ ਵੱਡਾ ਫਰਜ਼ ਹੈ - ਗੁਰਬਚਨ ਸਿੰਘ

ਮਸਜਿਦ ਤੋਂ ਕਰੀਬ ਦੋ ਸੌ ਮੀਟਰ ਦੀ ਦੂਰੀ 'ਤੇ ਸਿੱਖਾਂ ਦੀ ਕਾਫੀ ਆਬਾਦੀ ਰਹਿੰਦੀ ਹੈ। ਇੱਥੇ ਤਿੰਨ ਸੌ ਦੇ ਕਰੀਬ ਸਿੱਖ ਪਰਿਵਾਰ ਅਤੇ ਇੱਕ ਵੱਡਾ ਗੁਰਦੁਆਰਾ ਹੈ।

ਗੁਰਦੁਆਰਾ ਸਿੰਘ ਸਭਾ ਦੇ ਨੇੜੇ ਮਿਲੇ ਇੱਕ ਸਿੱਖ ਵਿਅਕਤੀ ਨੇ ਆਪਣਾ ਨਾਮ ਨਾ ਦੱਸਦੇ ਹੋਏ ਕਿਹਾ, “ਇੱਥੇ ਸਿੱਖ ਮੁਸਲਮਾਨ ਭਰਾਵਾਂ ਦੀ ਮਦਦ ਲਈ ਆਏ ਸਨ ਕਿਉਂਕਿ ਉਹ ਫਸ ਗਏ ਸਨ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਨ੍ਹਾਂ ਦਾ ਧਰਮ ਕੀ ਹੈ, ਮਾਇਨੇ ਇਹ ਰੱਖਦਾ ਹੈ ਕਿ ਉਨ੍ਹਾਂ ਦੀ ਜਾਨ ਬਚਾਉਣੀ ਸੀ।"

ਇਸ ਘਟਨਾ ਦੀ ਪੁਸ਼ਟੀ ਕਰਦਿਆਂ ਸਾਦਿਕ ਕਹਿੰਦੇ ਹਨ, “ਜਦੋਂ ਪੁਲਿਸ ਦੰਗਾਕਾਰੀਆਂ ਨੂੰ ਖਦੇੜ ਰਹੀ ਸੀ ਤਾਂ ਆਸ-ਪਾਸ ਰਹਿੰਦੇ ਸਿੱਖ ਇੱਥੇ ਪਹੁੰਚੇ ਅਤੇ ਸਾਡਾ ਹਾਲ-ਚਾਲ ਪੁੱਛਿਆ ਤੇ ਕਿਹਾ ਕਿ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।"

ਬੀਬੀਸੀ
ਤਸਵੀਰ ਕੈਪਸ਼ਨ, ਪਤਾ ਨਹੀਂ ਕਿੰਨੀ ਵਾਰ ਸਥਿਤੀ ਤਣਾਅਪੂਰਨ ਬਣੀ ਪਰ ਮਸਜਿਦ 'ਤੇ ਕਦੇ ਹਮਲਾ ਨਹੀਂ ਹੋਇਆ

"ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਿਤੇ ਜਾਣਾ ਚਾਹੁੰਦੇ ਹਾਂ ਤਾਂ ਉਨ੍ਹਾਂ ਦੀਆਂ ਗੱਡੀਆਂ ਉਪਲੱਬਧ ਹਨ। ਪਰ ਫਿਰ ਪ੍ਰਸ਼ਾਸਨ ਨੇ ਬੱਸ ਦਾ ਇੰਤਜ਼ਾਮ ਕੀਤਾ, ਤਾਂ ਉਹ ਪੁਲਿਸ ਦੀ ਮਦਦ ਨਾਲ ਸਾਡੇ ਪਰਿਵਾਰ ਨੂੰ ਸੁਰੱਖਿਅਤ ਲੈ ਕੇ ਆਏ।”

ਇਮਾਮ ਕਲੀਮ ਕਾਸ਼ਫੀ ਕਹਿੰਦੇ ਹਨ, “ਸਾਨੂੰ ਯਕੀਨ ਸੀ ਕਿ ਸਾਡੇ ਗੁਆਂਢੀ ਸਾਡੇ ਨਾਲ ਹਨ। ਹਮਲੇ ਸਮੇਂ ਸਿੱਖ ਭਰਾ ਇੱਥੇ ਆਏ ਸਨ, ਗੁਆਂਢ ਵਿੱਚ ਸੈਣੀ ਹਸਪਤਾਲ ਹੈ ਅਤੇ ਉੱਥੋਂ ਦੇ ਲੋਕ ਵੀ ਸਾਡੇ ਕੋਲ ਆਏ ਅਤੇ ਸਾਡਾ ਹਾਲ ਚਾਲ ਪੁੱਛਿਆ।"

ਕਲੀਮ ਕਾਸ਼ਫੀ ਕਹਿੰਦੇ ਹਨ, “ਸਾਡਾ ਪਰਿਵਾਰ ਪਿਛਲੇ ਪੰਜਾਹ ਸਾਲਾਂ ਤੋਂ ਇੱਥੇ ਰਹਿ ਰਿਹਾ ਹੈ। ਇਹ ਮਸਜਿਦ 1947 ਦੀ ਵੰਡ ਤੋਂ ਬਾਅਦ ਬੰਦ ਪਈ ਸੀ। ਸਾਡੇ ਦਾਦਾ ਜੀ ਨੇ ਆ ਕੇ ਇਸ ਨੂੰ ਖੋਲ੍ਹਿਆ ਅਤੇ ਇਸ ਨੂੰ ਅਬਾਦ ਕੀਤਾ।"

"92 ਦਾ ਦੰਗਾ ਹੋਇਆ ਪਰ ਇੱਥੇ ਕੁਝ ਨਹੀਂ ਹੋਇਆ। ਪਤਾ ਨਹੀਂ ਕਿੰਨੀ ਵਾਰ ਸਥਿਤੀ ਤਣਾਅਪੂਰਨ ਬਣੀ ਪਰ ਮਸਜਿਦ 'ਤੇ ਕਦੇ ਹਮਲਾ ਨਹੀਂ ਹੋਇਆ।"

ਮਸਜਿਦ
ਤਸਵੀਰ ਕੈਪਸ਼ਨ, ਹਮਲੇ ਤੋਂ ਬਾਅਦ ਮਸਜਿਦ ਦੀ ਸਫ਼ਾਈ ਕਰ ਦਿੱਤੀ ਗਈ ਹੈ ਪਰ ਹਰ ਪਾਸੇ ਹਮਲੇ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ।

ਮਸਜਿਦ ਦੀ ਤੋੜ-ਭੰਨ

ਇਸ ਹਮਲੇ ਦੌਰਾਨ ਦੰਗਾਕਾਰੀਆਂ ਨੇ ਮਸਜਿਦ ਨੇੜੇ ਖੜ੍ਹੀ ਕਾਰ ਅਤੇ ਹੋਰ ਵਾਹਨਾਂ ਦੀ ਭੰਨ-ਤੋੜ ਕੀਤੀ। ਮਸਜਿਦ ਵਿੱਚ ਰੱਖੇ ਵਾਟਰ ਕੂਲਰ, ਕੁਰਸੀਆਂ ਅਤੇ ਪੱਖਿਆਂ ਨੂੰ ਵੀ ਤੋੜ ਦਿੱਤਾ ਗਿਆ।

ਹਮਲੇ ਤੋਂ ਬਾਅਦ ਮਸਜਿਦ ਦੀ ਸਫ਼ਾਈ ਕਰ ਦਿੱਤੀ ਗਈ ਹੈ ਪਰ ਹਰ ਪਾਸੇ ਹਮਲੇ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ।

ਮਿੰਬਰ (ਉਹ ਜਗ੍ਹਾ ਜਿੱਥੇ ਇਮਾਮ ਖੜ੍ਹੇ ਹੋ ਕੇ ਉਪਦੇਸ਼ ਦਿੰਦੇ ਹਨ) ਨੂੰ ਢਾਹ ਦਿੱਤਾ ਗਿਆ ਹੈ। ਬਿਜਲੀ ਬੋਰਡ ਉਖੜੇ ਹੋਏ ਹਨ। ਮਜਬੂਤ ਦਰਵਾਜ਼ਿਆਂ ਵਿੱਚ ਵੀ ਤਰੇੜਾਂ ਆਈਆਂ ਹਨ। ਮਸਜਿਦ ਵਿਚਲੀ ਘੜੀ ਉਸੇ ਸਮੇਂ ਰੁਕ ਗਈ ਜਦੋਂ ਉਸ ਨੂੰ ਡੰਡੇ ਨਾਲ ਮਾਰਿਆ ਗਿਆ। ਇਹ ਅਜੇ ਵੀ ਦੁਪਹਿਰ 1:30 ਵਜੇ ਦਾ ਸਮਾਂ ਹੀ ਦਿਖਾ ਰਹੀ ਹੈ।

ਸਾਦਿਕ ਕਹਿੰਦੇ ਹਨ, “ਹਮਲਾਵਰ ਜੋ ਕਰ ਸਕਦੇ ਸਨ ਉਨ੍ਹਾਂ ਨੇ ਉਹ ਕੀਤਾ। ਸਾਡੇ ਘਰ ਦੀਆਂ ਔਰਤਾਂ ਫਸੀਆਂ ਹੋਈਆਂ ਸਨ। ਸਾਰਿਆਂ ਦੇ ਸਾਹ ਰੁਕੇ ਹੋਏ ਸਨ। ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਅਸੀਂ ਅੰਦਰ ਹਾਂ, ਤਾਂ ਉਹ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਵੀ ਕਰਦੇ।”

ਮੁਸਲਿਮ
ਤਸਵੀਰ ਕੈਪਸ਼ਨ, ਸੁਹੇਲ ਕਹਿੰਦੇ ਹਨ, “ਸਾਡੇ ਲਈ ਇਸ ਘਟਨਾ ਨੂੰ ਭੁੱਲਣਾ ਆਸਾਨ ਨਹੀਂ ਹੋਵੇਗਾ।

ਸਾਦਿਕ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਹਨ ਅਤੇ ਹਿੰਸਾ ਦੇ ਬਾਅਦ ਤੋਂ ਦਫਤਰ ਨਹੀਂ ਜਾ ਰਹੇ ਹਨ। ਉਹ ਹੁਣ ਘਰੋਂ ਕੰਮ ਕਰ ਰਹੇ ਹਨ।

ਸਾਦਿਕ ਕਹਿੰਦੇ ਹਨ, "ਇਸ ਹਮਲੇ ਨਾਲ ਹੋਏ ਆਰਥਿਕ ਨੁਕਸਾਨ ਦੀ ਤਾਂ ਭਰਪਾਈ ਹੋ ਜਾਵੇਗੀ, ਪਰ ਸਾਡੇ ਮਨਾਂ 'ਤੇ ਪਏ ਨਿਸ਼ਾਨ ਮਿਟਾਉਣਾ ਸੌਖਾ ਨਹੀਂ ਹੈ।"

ਸਾਦਿਕ ਦੀ ਭੂਆ ਦਾ ਬੇਟਾ ਸੁਹੇਲ ਵੀ ਉਸੇ ਵਿਹੜੇ ਵਿੱਚ ਰਹਿੰਦਾ ਹੈ ਅਤੇ ਗੁਰੂਗ੍ਰਾਮ ਵਿੱਚ ਕੰਮ ਕਰਦਾ ਹੈ। ਹਮਲੇ ਵੇਲੇ ਸੁਹੇਲ ਵੀ ਇੱਥੇ ਮੌਜੂਦ ਸੀ ਅਤੇ ਇਸ ਸਮੇਂ ਉਹ ਘਰੋਂ ਕੰਮ ਵੀ ਕਰ ਰਿਹਾ ਹੈ।

ਸੁਹੇਲ ਕਹਿੰਦੇ ਹਨ, “ਸਾਡੇ ਲਈ ਇਸ ਘਟਨਾ ਨੂੰ ਭੁੱਲਣਾ ਆਸਾਨ ਨਹੀਂ ਹੋਵੇਗਾ। ਜੇਕਰ ਪੁਲਿਸ ਨੇ ਗੋਲੀ ਨਾ ਚਲਾਈ ਹੁੰਦੀ ਤਾਂ ਇੱਥੇ ਕੁਝ ਵੀ ਹੋ ਸਕਦਾ ਸੀ।"

ਸੁਹੇਲ ਆਖਦੇ ਹਨ, "ਮੇਰੇ ਬਹੁਤ ਸਾਰੇ ਮੁਸਲਮਾਨ ਦੋਸਤ ਹਨ, ਜੋ ਹੁਣ ਇਸ ਗੁਰੂਗ੍ਰਾਮ ਤੋਂ ਵਾਪਸ ਚਲੇ ਗਏ ਹਨ।"

ਮਸਜਿਦ

ਫਿਲਹਾਲ ਜਾਮਾ ਮਸਜਿਦ 'ਚ ਪੁਲਿਸ ਤੈਨਾਤ ਹੈ। ਇੱਥੇ ਹੁਣ ਤਣਾਅਪੂਰਨ ਸ਼ਾਂਤੀ ਹੈ।

ਇਮਾਮ ਦੇ ਪਰਿਵਾਰ ਦੀਆਂ ਔਰਤਾਂ ਨੇ ਇੱਥੋਂ ਕਰੀਬ ਅੱਠ ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਸ਼ਰਨ ਲਈ ਹੈ। ਉਹ ਇੱਕ ਵਿਦਿਅਕ ਸੰਸਥਾ ਵਿੱਚ ਰਹਿ ਰਹੀਆਂ ਹਨ।

ਕਲੀਮ ਕਾਸ਼ਫੀ ਕਹਿੰਦੇ ਹਨ, “ਅਸੀਂ ਜਲਦੀ ਤੋਂ ਜਲਦੀ ਆਪਣੇ ਪਰਿਵਾਰਾਂ ਨਾਲ ਘਰ ਪਰਤਣਾ ਚਾਹੁੰਦੇ ਹਾਂ।"

ਪਰ ਕੀ ਡਰ ਉਨ੍ਹਾਂ ਦੇ ਦਿਲ ਵਿੱਚੋਂ ਨਿਕਲ ਸਕੇਗਾ? ਕਲੀਮ ਕਹਿੰਦੇ ਹਨ, “ਇਹ ਹਮਲਾ ਸਾਡੀ ਸੋਚ ਤੋਂ ਬਾਹਰ ਦੀ ਗੱਲ ਹੈ। ਜਦੋਂ ਮੌਤ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ ਤਾਂ ਡਰ ਲੱਗਦਾ ਹੀ ਹੈ, ਪਰ ਮਸਜਿਦ ਛੱਡ ਕੇ ਅਸੀਂ ਕਿੱਥੇ ਜਾਵਾਂਗੇ ਅਤੇ ਇਹ ਵਿਰਾਸਤ ਕਿਸ ਦੇ ਆਸਰੇ ਛੱਡ ਕੇ ਜਾਵਾਂਗੇ?"

ਗੁਰੂਗ੍ਰਾਮ ਪੁਲਿਸ ਨੇ ਅਜੇ ਤੱਕ ਇਸ ਹਮਲੇ ਦੇ ਸਬੰਧ ਵਿੱਚ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਹੈ। ਸੋਹਨਾ ਦੇ ਏਸੀਪੀ ਨਵੀਨ ਸਿੰਧੂ ਦਾ ਕਹਿਣਾ ਹੈ, “ਅਜੇ ਅਸੀਂ ਜਾਂਚ ਕਰ ਰਹੇ ਹਾਂ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)